ਸਮੱਗਰੀ 'ਤੇ ਜਾਓ

ਅਨੁਵਾਦ:ਇੱਕ ਘੰਟੇ ਦੀ ਕਹਾਣੀ

ਵਿਕੀਸਰੋਤ ਤੋਂ
ਇੱਕ ਘੰਟੇ ਦੀ ਕਹਾਣੀ
ਕੇਟ ਸ਼ੋਪਨ, ਅਨੁਵਾਦਕ ਚਰਨ ਗਿੱਲ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਇਹ ਜਾਣਦੇ ਹੋਏ ਕਿ ਮਿਸਿਜ ਮਾਲਾਰਡ ਦਿਲ ਦੀ ਰੋਗਣ ਹੈ, ਉਸਨੂੰ ਉਸ ਦੇ ਜੀਵਨ ਸਾਥੀ ਦੀ ਮੌਤ ਦੀ ਖ਼ਬਰ ਦੇਣ ਵਿੱਚ ਬਹੁਤ ਸਾਵਧਾਨੀ ਤੋਂ ਕੰਮ ਲਿਆ ਗਿਆ।

ਉਸ ਦੀ ਭੈਣ ਜੋਜ਼ਫੀਨ ਨੇ ਟੁੱਟੇ ਫੁੱਟੇ ਸ਼ਬਦਾਂ ਵਿੱਚ, ਅੱਧ ਅਧੂਰੀ ਗੱਲ ਦੱਸ ਰਹੇ ਗੁਝੇ ਇਸ਼ਾਰਿਆਂ ਨਾਲ ਉਸਨੂੰ ਖ਼ਬਰ ਸੁਣਾਈ। ਉਸ ਦੇ ਜੀਵਨ ਸਾਥੀ ਦਾ ਦੋਸਤ ਰਿਚਰਡ ਵੀ ਕੋਲ ਸੀ। ਉਹ ਉਸ ਸਮੇਂ ਅਖ਼ਬਾਰ ਦੇ ਦਫਤਰ ਵਿੱਚ ਮੌਜੂਦ ਸੀ, ਜਦੋਂ ਰੇਲ-ਗੱਡੀ ਦੁਰਘਟਨਾ ਦੀ ਖ਼ਬਰ ਮਿਲੀ, ਜਿਸ ਵਿੱਚ ਬਰੈਂਟਲੀ ਮਾਲਾਰਡ ਦਾ ਨਾਮ "ਮਰ ਜਾਣ ਵਾਲਿਆਂ" ਦੀ ਸੂਚੀ ਵਿੱਚ ਸਭ ਤੋਂ ਉੱਪਰ ਸੀ। ਉਸਨੇ ਬਸ ਇੰਨਾ ਹੀ ਸਮਾਂ ਲਿਆ ਕਿ ਉਹ ਇੱਕ ਦੂਜੀ ਤਾਰ ਦੀ ਵਸੂਲੀ ਦੇ ਜ਼ਰੀਏ ਖ਼ੁਦ ਨੂੰ ਇਸ ਖ਼ਬਰ ਦੀ ਸੱਚਾਈ ਦਾ ਭਰੋਸਾ ਦਿਵਾ ਸਕੇ। ਇਸ ਦੇ ਬਾਅਦ ਉਸਨੇ ਬਹੁਤ ਤੇਜ਼ੀ ਕੀਤੀ ਤਾਂ ਕਿ ਇਹ ਦੁੱਖ ਭਰਿਆ ਸੁਨੇਹਾ ਕਿਸੇ ਗ਼ੈਰ ਜ਼ਿੰਮੇਦਾਰ ਅਤੇ ਸਖ਼ਤ ਦਿਲ ਦੋਸਤ ਦੇ ਰਾਹੀਂ ਨਾ ਪਹੁੰਚ ਜਾਵੇ।

ਉਸਨੇ ਇਹ ਕਹਾਣੀ ਦੂਜੀ ਔਰਤਾਂ ਵਾਂਗ ਨਹੀਂ ਸੁਣੀ, ਜੋ ਇਸ ਕਦਰ ਸਦਮੇ ਨਾਲ ਸੁੰਨ ਹੋ ਜਾਂਦੀਆਂ ਹਨ ਕਿ ਇਸ ਦੀ ਹਕੀਕਤ ਨੂੰ ਧਾਰਨ ਕਰਨ ਲਈ ਤਿਆਰ ਹੀ ਨਹੀਂ ਹੁੰਦੀਆਂ। ਉਹ ਅਚਾਨਕ, ਸਭ ਕੁੱਝ ਭੁੱਲ ਕੇ ਭੈਣ ਦੀ ਗਲ਼ ਬਾਹਾਂ ਪਾ ਧਾਹਾਂ ਮਾਰ ਕੇ ਰੋਣ ਲੱਗ ਪਈ। ਜਦੋਂ ਗ਼ਮ ਦਾ ਇਹ ਤੂਫਾਨ ਥੋੜਾ ਹੰਭਿਆ, ਤਾਂ ਉਹ ਇਕੱਲੀ ਪੌੜੀਆਂ ਚੜ੍ਹ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਕਿਸੇ ਨੂੰ ਆਪਣੇ ਪਿੱਛੇ ਨਹੀਂ ਆਉਣ ਦਿੱਤਾ।

ਉੱਥੇ ਖੁੱਲੀ ਖਿੜਕੀ ਦੇ ਸਾਹਮਣੇ ਇੱਕ ਵੱਡੀ ਅਰਾਮ-ਕੁਰਸੀ ਰੱਖੀ ਸੀ। ਉਹ ਉਸ ਵਿੱਚ ਢੇਰੀ ਹੋ ਗਈ। ਜਿਸਮਾਨੀ ਥਕਾਵਟ ਦੇ ਬੋਝ ਨੇ ਉਸਨੂੰ ਦਬੋਚ ਰੱਖਿਆ ਸੀ ਅਤੇ ਇਹ ਹੁਣ ਉਸ ਦੀ ਰੂਹ ਤਕ ਪਹੁੰਚ ਰਹੀ ਜਾਪਦੀ ਸੀ।

ਉਸ ਨੂੰ ਆਪਣੇ ਘਰ ਦੇ ਸਾਹਮਣੇ ਚੁਰਾਹੇ `ਤੇ ਨਵੀਂ ਬਹਾਰ ਵਿੱਚ ਝੂਮਦੀਆਂ ਰੁੱਖਾਂ ਦੀਆਂ ਛਤਰੀਆਂ ਨਜ਼ਰ ਆਈਆਂ। ਮੀਂਹ ਦੀ ਮਹਿਕ ਅਜੇ ਹਵਾ ਵਿੱਚ ਮੌਜੂਦ ਸੀ। ਹੇਠਾਂ ਗਲੀ ਵਿੱਚ ਫੇਰੀ ਵਾਲਾ ਆਪਣੇ ਸਾਮਾਨ ਦਾ ਹੋਕਾ ਲਾ ਰਿਹਾ ਸੀ। ਦੂਰੋਂ ਕਿਸੇ ਦੇ ਗੀਤ ਦੇ ਮੰਦ ਮੰਦ ਬੋਲ ਸੁਣਾਈ ਦੇ ਰਹੇ ਸਨ, ਅਤੇ ਕੰਧਾਂ ਦੇ ਵਾਧਰਿਆਂ `ਤੇ, ਟਾਂਡਾਂ ਤੇ ਆਲਿਆਂ ਵਿੱਚ ਬੈਠੀਆਂ ਬੇਸ਼ੁਮਾਰ ਚਿੜੀਆਂ ਚਹਿਚਹਾ ਰਹੀਆਂ ਸਨ।

ਖਿੜਕੀ ਵਿੱਚੋਂ ਦਿੱਸਦੇ ਪੱਛਮ ਵਾਲੇ ਪਾਸੇ ਇੱਕ ਦੂਜੇ ਤੇ ਚੜ੍ਹੇ ਬੱਦਲਾਂ ਵਿੱਚੋਂ ਕਿਤੇ ਕਿਤੇ ਨੀਲੇ ਅਸਮਾਨ ਦੀਆਂ ਟਾਕੀਆਂ ਝਾਤੀਆਂ ਮਾਰ ਰਹੀਆਂ ਸਨ।

ਉਹ ਆਪਣਾ ਸਿਰ ਕੁਰਸੀ ਦੀ ਗੱਦੀ ਤੇ ਸੁੱਟ ਸ਼ਾਂਤ ਅਹਿੱਲ ਬੈਠੀ ਸੀ, ਸਿਵਾਏ ਉਸ ਪਲ ਦੇ ਜਦੋਂ ਕੋਈ ਸਿਸਕੀ ਉਸ ਦੇ ਹਲਕ ਤੱਕ ਪੁੱਜ ਜਾਂਦੀ ਅਤੇ ਉਸਨੂੰ ਝੰਜੋੜ ਦਿੰਦੀ, ਜਿਵੇਂ ਕੋਈ ਬੱਚਾ ਰੋਂਦੇ ਰੋਂਦੇ ਸੌਂ ਗਿਆ ਹੋਵੇ ਅਤੇ ਸੁਪਨਿਆਂ ਵਿੱਚ ਵੀ ਸਿਸਕੀਆਂ ਲੈਂਦਾ ਰਹਿੰਦਾ ਹੈ।

ਉਹ ਜਵਾਨ ਔਰਤ ਸੀ, ਚਿਹਰਾ ਸਾਫ਼ ਸਾਫ਼ ਅਤੇ ਸ਼ਾਂਤ ਜਿਸ ਦੀਆਂ ਲਕੀਰਾਂ ਜਬਰ-ਜ਼ੁਲਮ ਅਤੇ ਇੱਕ ਹੱਦ ਤੱਕ ਉਸਦੀ ਆਪਣੀ ਤਾਕਤ ਦੀ ਵੀ ਬਾਤ ਪਾਉਂਦੀਆਂ ਸਨ। ਪਰ ਹੁਣ ਉਸ ਦੀਆਂ ਅੱਖਾਂ ਬੁਝੀਆਂ ਬੁਝੀਆਂ ਸਨ। ਉਸ ਦੀ ਨਿਗਾਹ ਦੂਰ ਮੌਜੂਦ ਅਸਮਾਨ ਦੀਆਂ ਉਨ੍ਹਾਂ ਟਾਕੀਆਂ ਵਿੱਚੋਂ ਇੱਕ ਉੱਪਰ ਜਮੀ ਹੋਈ ਸੀ। ਉਸ ਦੀ ਨਜ਼ਰ ਵਿੱਚ ਬੀਤੇ ਦੀਆਂ ਸੋਚਾਂ ਨਹੀਂ ਸੀ, ਸਗੋਂ ਜ਼ਹੀਨ ਸੋਚ ਦੀ ਮੜਕ ਦੀ ਲਰਜ਼ ਸੀ।

ਕੋਈ ਚੀਜ਼ ਉਸ ਵੱਲ ਆ ਰਹੀ ਸੀ ਅਤੇ ਉਹ ਡਰਦੀ ਡਰਦੀ ਉਸ ਦਾ ਇੰਤਜ਼ਾਰ ਕਰ ਰਹੀ ਸੀ। ਇਹ ਕੀ ਸੀ ਉਹ ਨਹੀਂ ਜਾਣਦੀ ਸੀ, ਇਹ ਬੜਾ ਚੰਚਲ ਅਤੇ ਜਗਦਾ ਬੁਝਦਾ ਜਿਹਾ ਕੁਝ ਸੀ ਜਿਸ ਨੂੰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ ਸੀ, ਪਰ ਉਸਨੇ ਉਸਨੂੰ ਹਵਾ ਵਿੱਚ ਪਸਰੀਆਂ ਅਵਾਜ਼ਾਂ, ਖੁਸ਼ਬੂਆਂ, ਰੰਗਾਂ ਵਿੱਚੀਂ ਅਸਮਾਨ ਵਲੋਂ ਉਸ ਵੱਲ ਆਉਂਦਾ ਹੋਇਆ ਮਹਿਸੂਸ ਕੀਤਾ।

ਹੁਣ ਉਸ ਦੀ ਹਿੱਕ ਜ਼ੋਰ ਜ਼ੋਰ ਨਾਲ ਧੜਕ ਰਹੀ ਸੀ, ਉਹ ਉਸ ਨੂੰ ਦਬੋਚ ਲੈਣ ਲਈ ਆਉਣ ਵਾਲੀ ਚੀਜ਼ ਦੀ ਪਛਾਣ ਕਰਨ ਲੱਗ ਪਈ ਸੀ, ਅਤੇ ਆਪਣੇ ਇਰਾਦੇ ਨਾਲ ਉਸਨੂੰ ਪਛਾੜਨ ਦੀ ਕੋਸ਼ਿਸ਼ ਕਰ ਰਹੀ ਸੀ...ਕੋਸ਼ਿਸ਼ ਵੀ ਓਨੀ ਹੀ ਨਿਤਾਣੀ ਸੀ ਜਿੰਨੇ ਉਸ ਦੇ ਦੋ ਬੱਗੇ ਪੈ ਚੁੱਕੇ ਮਲੂਕ ਹੱਥ ਸਨ। ਜਦੋਂ ਉਸਨੇ ਆਪਣੇ ਆਪ ਨੂੰ ਢਿੱਲਾ ਛੱਡ ਦਿੱਤਾ, ਉਸ ਦੇ ਅੱਧ ਕੁ ਖੁੱਲ੍ਹੇ ਬੁੱਲ੍ਹਾਂ ਵਿੱਚੋਂ ਇੱਕ ਛੋਟਾ ਜਿਹਾ ਸ਼ਬਦ ਕਿਰ ਗਿਆ। ਉਸਨੇ ਮੂੰਹ ਵਿੱਚ ਹੀ ਇਹ ਸ਼ਬਦ ਕਈ ਵਾਰ ਦੁਹਰਾਇਆ: "ਆਜ਼ਾਦ, ਆਜ਼ਾਦ, ਆਜ਼ਾਦ!" ਉਹਦੀਆਂ ਨਿਗਾਹਾਂ ਦਾ ਖ਼ਾਲੀਪਣ ਅਤੇ ਉਸ ਦੇ ਬਾਅਦ ਆਉਣ ਵਾਲੀ ਡਰ ਦੀ ਤਰੰਗ ਉਸ ਦੀਆਂ ਅੱਖਾਂ ਵਿੱਚੋਂ ਉਡ ਚੁੱਕੀ ਸੀ। ਉਸ ਦੀਆਂ ਅੱਖਾਂ ਰੌਸ਼ਨ ਅਤੇ ਤੀਖਣ ਸਨ। ਉਸ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ ਅਤੇ ਰਗਾਂ ਵਿੱਚ ਵਹਿ ਰਿਹਾ ਖ਼ੂਨ ਗਰਮੀ ਫੜ ਰਿਹਾ ਸੀ ਉਸ ਦੇ ਰੋਮ ਰੋਮ ਨੂੰ ਤਣਾਉ ਤੋਂ ਰਿਹਾ ਕਰਵਾ ਰਿਹਾ ਸੀ।

ਉਸਨੇ ਰੁਕ ਕੇ ਪੁੱਛਿਆ ਤੱਕ ਨਹੀਂ ਕਿ ਉਸ `ਤੇ ਸਵਾਰ ਇਹ ਕੋਈ ਬਹੁਤ ਵੱਡੀ ਖ਼ੁਸ਼ੀ ਸੀ ਜਾਂ ਨਹੀਂ। ਇੱਕ ਨਿਰਮਲ ਅਤੇ ਅਜ਼ੀਮ ਅਹਿਸਾਸ ਨੇ ਉਸਨੂੰ ਇਹ ਮਸ਼ਵਰਾ ਗ਼ੈਰ ਜ਼ਰੂਰੀ ਸਮਝ ਕੇ ਠੁਕਰਾ ਦੇਣ ਦੀ ਸਮਰੱਥਾ ਬਖ਼ਸ਼ੀ। ਉਹ ਜਾਣਦੀ ਸੀ ਕਿ ਉਸ ਨੇ ਫੇਰ ਰੋਣਾ ਸੀ ਜਦੋਂ ਉਹ ਉਨ੍ਹਾਂ ਰਹਿਮਦਿਲ, ਕੋਮਲ ਹੱਥਾਂ ਨੂੰ ਮੌਤ ਦੇ ਕਲਾਵੇ ਵਿੱਚ ਸਿਮਟੇ ਹੋਏ ਦੇਖੇਗੀ। ਉਸ ਚਿਹਰੇ ਨੂੰ, ਜਿਸ ਨੇ ਉਸਨੂੰ ਮੁਹੱਬਤ ਦੇ ਸਿਵਾ ਕਦੇ ਕਿਸੇ ਹੋਰ ਨਜ਼ਰ ਨਾਲ ਨਹੀਂ ਦੇਖਿਆ ਸੀ, ਠੰਡਾ, ਬੇਰੰਗ ਅਤੇ ਮੁਰਦਾ ਦੇਖੇਗੀ। ਪਰ ਉਸਨੇ ਉਨ੍ਹਾਂ ਤਲਖ਼ ਪਲਾਂ ਦੇ ਉਸ ਪਾਰ ਉਨ੍ਹਾਂ ਸਾਲਾਂ ਦੀ ਲੰਮੀ ਕਤਾਰ ਦੇਖੀ, ਜੋ ਹੁਣ ਸਿਰਫ਼ ਤੇ ਸਿਰਫ਼ ਉਸ ਦੇ ਹੋਣਗੇ। ਉਸਨੇ ਉਨ੍ਹਾਂ ਨੂੰ ਖ਼ੁਸ਼-ਆਮਦੀਦ ਕਹਿਣ ਲਈ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ ਅਤੇ ਫੈਲਾ ਦਿੱਤੀਆਂ।

ਆਉਣ ਵਾਲੇ ਸਾਲਾਂ ਵਿੱਚ ਉਸ ਨੇ ਹੁਣ ਕਿਸੇ ਦੀ ਖਾਤਰ ਨਹੀਂ ਜਿਉਣਾ ਹੋਵੇਗਾ, ਉਹ ਨਿਰੋਲ ਆਪਣੇ ਲਈ ਜੀਏਗੀ। ਹੁਣ ਕੋਈ ਮਜ਼ਬੂਤ ਇਰਾਦਾ, ਉਸ ਅੰਨ੍ਹੀ ਅੜੀ ਦੇ ਤਹਿਤ ਜਿੱਥੇ ਮਰਦ ਅਤੇ ਔਰਤਾਂ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਕੋਲ ਆਪਣੀ ਮਰਜ਼ੀ ਆਪਣੇ ਸਾਥੀ `ਤੇ ਮੜ੍ਹਨ ਦਾ ਅਧਿਕਾਰ ਹੈ, ਉਸ ਦੇ ਇਰਾਦੇ ਨੂੰ ਨਹੀਂ ਮੋੜ ਸਕੇਗਾ। ਜਦੋਂ ਰੌਸ਼ਨਖ਼ਿਆਲੀ ਦੇ ਸੰਖੇਪ ਜਿਹੇ ਛਿਣਾਂ ਵਿੱਚ ਉਸਨੇ ਇਸ ਮਸਲੇ ਤੇ ਵਿਚਾਰ ਕੀਤੀ ਤਾਂ ਉਸਨੂੰ ਇਹ ਸਮਝ ਪਈ ਕਿ ਦੂਜੇ `ਤੇ ਆਪਣੀ ਮਰਜ਼ੀ ਮੜ੍ਹਨ ਦਾ ਇਹ ਅਮਲ ਰਹਿਮ ਦੇ ਇਰਾਦੇ ਨਾਲ ਹੋਵੇ ਜਾਂ ਜ਼ਾਲਮ ਇਰਾਦੇ ਨਾਲ, ਹਰ ਸੂਰਤ ਵਿੱਚ ਹੈ ਤਾਂ ਜੁਰਮ ਹੀ ਸੀ।

ਹਾਂ, ਉਹ ਕਦੇ-ਕਦੇ ਉਸ ਨਾਲ ਮੁਹੱਬਤ ਕਰਦੀ ਸੀ, ਅਕਸਰ ਨਹੀਂ। ਇਸ ਨਾਲ ਕੀ ਫ਼ਰਕ ਪੈਂਦਾ ਸੀ! ਮੁਹੱਬਤ ਵਰਗੇ ਅਣਸੁਲਝੇ ਰਹੱਸ ਦੀ ਖ਼ੁਦ-ਮੁਖ਼ਤਿਆਰੀ ਦੇ ਸਾਹਮਣੇ ਕੀ ਅਹਿਮੀਅਤ ਸੀ ਜਿਸ ਨੂੰ ਉਸਨੇ ਅਚਾਨਕ ਹੀ ਆਪਣੀ ਹੋਂਦ ਦੇ ਸਭ ਤੋਂ ਮਜ਼ਬੂਤ ਪ੍ਰੇਰਕ ਵਜੋਂ ਪਛਾਣ ਲਿਆ ਸੀ!

"ਆਜ਼ਾਦ ਤਨ ਅਤੇ ਆਜ਼ਾਦ ਆਤਮਾ," ਇਹ ਸ਼ਬਦ ਉਸਦੇ ਬੁੱਲ੍ਹਾਂ `ਚੋਂ ਕਿਰਦੇ ਰਹੇ।

ਜੋਜ਼ਫੀਨ ਬੰਦ ਦਰਵਾਜੇ ਦੇ ਸਾਹਮਣੇ ਗੋਡਿਆਂ ਪਰਨੇ ਬੈਠੀ ਸੀ ਅਤੇ ਕੁੰਜੀ ਵਾਲੀ ਮੋਰੀ ਉੱਤੇ ਬੁੱਲ੍ਹ ਲਾਈ ਅੰਦਰ ਆਉਣ ਦੀ ਇਜਾਜ਼ਤ ਮੰਗ ਰਹੀ ਸੀ! "ਲੋਇਜ਼ੇ, ਦਰਵਾਜ਼ਾ ਖੋਲ੍ਹ, ਦਰਵਾਜ਼ਾ ਖੋਲ੍ਹ। ਤੂੰ ਬੀਮਾਰ ਪੈ ਜਾਏਂਗੀ। ਕੀ ਕਰ ਰਹੀ ਹੈਂ, ਲੂਈਸ਼? ਰੱਬ ਦੇ ਵਾਸਤੇ ਦਰਵਾਜ਼ਾ ਖੋਲ੍ਹ।"

"ਚੱਲੀ ਜਾ। ਮੈਂ ਬੀਮਾਰ ਨਹੀਂ ਹੋ ਰਹੀ।" ਨਹੀਂ। ਉਹ ਤਾਂ ਖੁੱਲ੍ਹੀ ਖਿੜਕੀ ਰਾਹੀਂ ਜ਼ਿੰਦਗੀ ਦਾ ਅੰਮ੍ਰਿਤ ਪੀ ਰਹੀ ਸੀ।

ਉਸ ਦੀ ਕਲਪਨਾ ਆਉਣ ਵਾਲੇ ਦਿਨਾਂ ਦੇ ਪੀੜ ਵਿੱਚ ਧਮਾਲਾਂ ਪਾ ਰਹੀ ਸੀ। ਬਹਾਰ ਦੇ ਦਿਨ ਅਤੇ ਹੁਨਾਲ ਦੇ ਦਿਨ ਅਤੇ ਹਰ ਤਰ੍ਹਾਂ ਦੇ ਦਿਨ ਜੋ ਸਿਰਫ਼ ਤੇ ਸਿਰਫ਼ ਉਸ ਦੇ ਆਪਣੇ ਹੋਣਗੇ। ਉਸ ਦੇ ਦਿਲ `ਚੋਂ ਜ਼ਿੰਦਗੀ ਦੇ ਲੰਬੀ ਹੋਣ ਦੀ ਤੜਪ ਜਾਗ ਪਈ। ਅਜੇ ਕੱਲ੍ਹ ਦੀ ਗੱਲ ਸੀ ਜਦੋਂ ਉਸਨੂੰ ਜ਼ਿੰਦਗੀ ਦੇ ਲੰਬੀ ਹੋਣ ਦੀ ਸੋਚ ਨੇ ਕਾਂਬਾ ਛੇੜ ਦਿੱਤਾ ਸੀ।

ਅੰਤ ਉਹ ਉਠ ਖੜੀ ਅਤੇ ਆਪਣੀ ਭੈਣ ਦੀਆਂ ਮਿਨਤਾਂ ਸੁਣ ਕੇ ਦਰਵਾਜ਼ਾ ਖੋਲ੍ਹ ਦਿੱਤਾ। ਉਸ ਦੀਆਂ ਅੱਖਾਂ ਵਿੱਚ ਇੱਕ ਮਘਦੀ ਫ਼ਤਹਿ ਸੀ ਅਤੇ ਉਹ ਆਪਣੇ ਆਪ ਨੂੰ ਸੁੱਤੇ-ਸਿੱਧ ਹੀ ਫ਼ਤਹਿ ਦੀ ਦੇਵੀ ਦੀ ਤਰ੍ਹਾਂ ਸਮਝ ਰਹੀ ਸੀ। ਉਸਨੇ ਆਪਣੀ ਬਾਂਹ ਨਾਲ ਭੈਣ ਦਾ ਲੱਕ ਵਲ਼ ਲਿਆ ਅਤੇ ਦੋਨੋਂ ਪੌੜੀਆਂ ਉੱਤਰ ਗਈਆਂ। ਰਿਚਰਡਜ਼ ਹੇਠਾਂ ਖੜਾ ਇੰਤਜ਼ਾਰ ਕਰ ਰਿਹਾ ਸੀ।

ਕੋਈ ਕੁੰਜੀ ਨਾਲ ਸਾਹਮਣੇ ਦਾ ਦਰਵਾਜ਼ਾ ਖੋਲ੍ਹ ਰਿਹਾ ਸੀ। ਇਹ ਬਰੈਂਟਲੇ ਮਾਲਾਰਡ ਸੀ ਜੋ ਸਫ਼ਰ ਦੀ ਥਕਾਵਟ ਨਾਲ ਚੂਰ, ਸੂਟਕੇਸ ਅਤੇ ਛਤਰੀ ਸੰਭਾਲੇ ਹੋਏ ਅੰਦਰ ਆ ਗਿਆ। ਉਹ ਦੁਰਘਟਨਾ ਦੇ ਸਥਾਨ ਤੋਂ ਬਹੁਤ ਦੂਰ ਸੀ ਅਤੇ ਉਸਨੂੰ ਉਸ ਦੀ ਖ਼ਬਰ ਵੀ ਨਹੀਂ ਸੀ। ਉਹ ...ਜੋਜ਼ਫੀਨ ਦੀ ਤੇਜ਼ ਚੀਖ਼ ਅਤੇ ਰਿਚਰਡ ਦੀ ਉਸਨੂੰ ਉਸ ਦੀ ਪਤਨੀ ਦੀਆਂ ਨਜ਼ਰਾਂ ਤੋਂ ਓਹਲੇ ਕਰਨ ਦੀ ਹਰਕਤ `ਤੇ ਹੈਰਾਨ ਖੜਾ ਸੀ।

ਰਿਚਰਡ ਕੁਝ ਜ਼ਿਆਦਾ ਹੀ ਲੇਟ ਸੀ।

ਜਦੋਂ ਡਾਕਟਰ ਆਏ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਦਿਲ ਦਾ ਦੌਰਾ ਪੈਣ ਨਾਲ ਮਰ ਗਈ ਹੈ... ਅਜਿਹੀ ਖੁਸ਼ੀ ਘਾਤਕ ਹੁੰਦੀ ਹੈ।