ਅਨੁਵਾਦ:ਗਰੀਸ਼ਾ
ਦੋ ਸਾਲ ਅਤੇ ਅੱਠ ਮਹੀਨੇ ਪਹਿਲਾਂ ਪੈਦਾ ਹੋਇਆ ਗਰੀਸ਼ਾ ਨਾਮ ਦਾ ਇੱਕ ਛੋਟਾ ਅਤੇ ਮੋਟਾ ਜਿਹਾ ਮੁੰਡਾ ਆਪਣੀ ਨਰਸ ਦੇ ਨਾਲ ਬਾਹਰ ਸੜਕ ਤੇ ਸੈਰ ਕਰ ਰਿਹਾ ਹੈ। ਉਸਦੇ ਗਲੇ ਵਿੱਚ ਮਫਲਰ ਹੈ, ਸਿਰ ਉੱਤੇ ਇੱਕ ਫੂੰਦੇ ਵਾਲੀ ਵੱਡੀ ਸਾਰੀ ਟੋਪੀ ਅਤੇ ਪੈਰਾਂ ਵਿੱਚ ਗਰਮ ਓਵਰ-ਬੂਟ। ਐਪਰ ਇਨ੍ਹਾਂ ਕੱਪੜਿਆਂ ਵਿੱਚ ਉਸਦਾ ਦਮ ਘੁੱਟ ਰਿਹਾ ਹੈ ਅਤੇ ਉਸਨੂੰ ਬੇਹੱਦ ਗਰਮੀ ਲੱਗ ਰਹੀ ਹੈ। ਅਪਰੈਲ ਦਾ ਸੂਰਜ ਬੜਾ ਤਿੱਖਾ ਚਮਕ ਰਿਹਾ ਹੈ ਅਤੇ ਉਸਦੀ ਚਮਕ ਸਿੱਧੀ ਉਸਦੀਆਂ ਅੱਖਾਂ ਦੀਆਂ ਪਲਕਾਂ ਤੇ ਚੁਭ ਰਹੀ ਹੈ।
ਡਾਵਾਂਡੋਲ, ਡਰਦੇ ਅਤੇ ਅਨਿਸਚਿਤ ਕਦਮ ਪੁੱਟਦਾ ਨਿੱਕਾ ਜਿਹਾ ਗਰੀਸ਼ਾ ਕਿਸੇ ਵੀ ਨਵੀਂ ਚੀਜ਼ ਨੂੰ ਵੇਖਕੇ ਬੇਹੱਦ ਅਚਰਜ ਨਾਲ ਭਰ ਜਾਂਦਾ ਹੈ।
ਗਰੀਸ਼ਾ ਨੇ ਬਾਹਰ ਦੀ ਦੁਨੀਆ ਵਿੱਚ ਪਹਿਲੀ ਵਾਰ ਕਦਮ ਰੱਖਿਆ ਹੈ। ਹੁਣ ਤੱਕ ਉਸਦੀ ਦੁਨੀਆ ਸਿਰਫ ਚਾਰ ਖੂੰਜਿਆਂ ਵਾਲੇ ਇੱਕ ਕਮਰੇ ਤੱਕ ਹੀ ਸੀਮਿਤ ਸੀ, ਜਿੱਥੇ ਇੱਕ ਕੋਨੇ ਵਿੱਚ ਉਸਦਾ ਪੰਘੂੜਾ ਪਿਆ ਹੈ ਅਤੇ ਦੂਜੇ ਕੋਨੇ ਵਿੱਚ ਉਸਦੀ ਨਰਸ ਦਾ ਸੰਦੂਕ। ਤੀਸਰੇ ਕੋਨੇ ਵਿੱਚ ਇੱਕ ਕੁਰਸੀ ਰੱਖੀ ਹੋਈ ਹੈ ਅਤੇ ਚੌਥੇ ਕੋਨੇ ਵਿੱਚ ਇੱਕ ਨਿੱਕਾ ਜਿਹਾ ਲੈਂਪ ਬਲਦਾ ਹੈ। ਉਸਦੇ ਪੰਘੂੜੇ ਦੇ ਹੇਠੋਂ ਟੁੱਟੀ ਬਾਂਹ ਵਾਲੀ ਇੱਕ ਗੁੱਡੀ ਝਾਕ ਰਹੀ ਸੀ। ਉਥੇ ਹੀ ਕੋਨੇ ਵਿੱਚ ਪੰਘੂੜੇ ਦੇ ਹੇਠਾਂ ਇੱਕ ਢੋਲਨੁਮਾ ਖਿਡੌਣਾ ਪਿਆ ਹੋਇਆ ਹੈ। ਨਰਸ ਦੇ ਸੰਦੂਕ ਦੇ ਪਿੱਛੇ ਵੀ ਤਰ੍ਹਾਂ ਤਰ੍ਹਾਂ ਦੀਆਂ ਚੀਜਾਂ ਪਈਆਂ ਹਨ: ਸੂਤੀ ਧਾਗੇ ਦੀ ਇੱਕ ਰੀਲ੍ਹ, ਇੱਕ ਬਿਨ-ਢੱਕਣ ਵਾਲਾ ਡੱਬਾ ਅਤੇ ਇੱਕ ਟੁੱਟਿਆ ਹੋਇਆ ਜੈਕ-ਏ-ਡੈਂਡੀ ਖਿਡੌਣਾ। ਉਹ ਸਿਰਫ ਆਪਣੀ ਮਾਂ, ਆਪਣੀ ਨਰਸ ਅਤੇ ਆਪਣੀ ਬਿੱਲੀ ਨੂੰ ਹੀ ਜਾਣਦਾ ਹੈ। ਮਾਂ ਉਸਨੂੰ ਗੁੱਡੀ ਵਰਗੀ ਲੱਗਦੀ ਹੈ ਅਤੇ ਬਿੱਲੀ ਪਾਪਾ ਦੇ ਫਰ ਦੇ ਕੋਟ ਵਰਗੀ। ਲੇਕਿਨ ਕੋਟ ਵਿੱਚ ਨਾ ਤਾਂ ਪੂੰਛ ਹੀ ਹੈ ਅਤੇ ਨਾ ਅੱਖਾਂ ਹੀ। ਗਰੀਸ਼ਾ ਦੀ ਨਰਸਰੀ ਅਖਵਾਉਂਦੀ ਇਸ ਦੁਨੀਆਂ ਦਾ ਇੱਕ ਬੂਹਾ ਖੁੱਲ੍ਹੇ ਜਿਹੇ ਕਮਰੇ ਵਿੱਚ ਖੁਲ੍ਹਦਾ ਹੈ ਜਿਥੇ ਘਰ ਵਾਲੇ ਰੋਟੀ ਟੁੱਕ ਖਾਂਦੇ ਅਤੇ ਚਾਹ ਪੀਂਦੇ ਹਨ। ਇਸ ਕਮਰੇ ਵਿੱਚ ਗਰੀਸ਼ਾ ਦੀ ਉੱਚੀ ਜਿਹੀ ਕੁਰਸੀ ਰੱਖੀ ਹੋਈ ਹੈ ਅਤੇ ਕਮਰੇ ਦੀ ਕੰਧ ਉੱਤੇ ਇੱਕ ਘੜੀ ਲੱਗੀ ਹੋਈ ਹੈ, ਜਿਸਦਾ ਵਜੂਦ ਪੈਂਡੂਲਮ ਦੇ ਹਿਲਦੇ ਰਹਿਣ ਅਤੇ ਵੱਜਣ ਲਈ ਹੀ ਲੱਗਦਾ ਹੈ। ਭੋਜਨ ਕਮਰੇ ਦੇ ਬਰਾਬਰ ਵਾਲਾ ਕਮਰਾ ਬੈਠਕ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਵਿੱਚ ਲਾਲ ਰੰਗ ਦੀਆਂ ਆਰਾਮ ਕੁਰਸੀਆਂ ਪਈਆਂ ਹਨ। ਬੈਠਕ ਵਿੱਚ ਵਿੱਛੀ ਕਾਲੀਨ ਉੱਤੇ ਇੱਕ ਗੂੜ੍ਹਾ ਧੱਬਾ ਵਿਖਾਈ ਦਿੰਦਾ ਹੈ, ਜਿਸਦੇ ਲਈ ਗਰੀਸ਼ਾ ਨੂੰ ਅੱਜ ਵੀ ਝਿੜਕਾਂ ਪੈਂਦੀਆਂ ਹਨ। ਬੈਠਕ ਦੇ ਅੱਗੇ ਘਰ ਦਾ ਇੱਕ ਹੋਰ ਕਮਰਾ ਵੀ ਹੈ, ਜਿਸ ਵਿੱਚ ਗਰੀਸ਼ਾ ਨੂੰ ਵੜਨਾ ਵਰਜਿਤ ਹੈ। ਉਸ ਕਮਰੇ ਵਿੱਚ ਅਕਸਰ ਪਾਪਾ ਆਉਂਦੇ ਜਾਂਦੇ ਵਿਖਾਈ ਪੈਂਦੇ ਹਨ। ਪਾਪਾ ਵੀ ਬੱਸ ਇੱਕ ਬੁਝਾਰਤ ਹੀ ਹਨ। ਉਸਦੀ ਮਾਂ ਅਤੇ ਨਰਸ ਤਾਂ ਉਸ ਨੂੰ ਕੱਪੜੇ ਪੁਆਉਂਦੀਆਂ ਹਨ, ਖਾਣਾ ਖਿਲਾਉਂਦੀਆਂ ਹਨ ਅਤੇ ਸੁਲਾਉਂਦੀਆਂ ਹਨ। ਪ੍ਰੰਤੂ ਇਹ ਪਾਪਾ ਕਿਸ ਲਈ ਹੁੰਦੇ ਹਨ, ਇਹ ਗਰੀਸ਼ਾ ਨੂੰ ਪਤਾ ਨਹੀਂ ਹੈ। ਗਰੀਸ਼ਾ ਲਈ ਇੱਕ ਹੋਰ ਬੁਝਾਰਤ ਹੈ: ਉਸਦੀ ਆਂਟੀ। ਉਹੀ ਆਂਟੀ, ਜਿਸ ਨੇ ਉਸਨੂੰ ਉਹ ਢੋਲ ਉਪਹਾਰ ਵਿੱਚ ਦਿੱਤਾ ਸੀ। ਇਹ ਆਂਟੀ ਕਦੇ ਵਿਖਾਈ ਦਿੰਦੀ ਹੈ, ਕਦੇ ਗਾਇਬ ਹੋ ਜਾਂਦੀ ਹੈ। ਆਖ਼ਰ ਗਾਇਬ ਕਿੱਥੇ ਹੋ ਜਾਂਦੀ ਹੈ? ਗਰੀਸ਼ਾ ਪਲੰਘ ਦੇ ਹੇਠਾਂ, ਸੰਦੂਕ ਦੇ ਪਿੱਛੇ ਅਤੇ ਸੋਫੇ ਦੇ ਹੇਠਾਂ ਝਾਤ ਮਾਰ ਵੇਖ ਚੁੱਕਿਆ ਹੈ, ਪਰ ਆਂਟੀ ਉਸਨੂੰ ਕਿਤੇ ਨਹੀਂ ਮਿਲੀ।
ਇਸ ਨਵੀਂ ਦੁਨੀਆਂ ਵਿੱਚ ਜਿੱਥੇ ਸੂਰਜ ਦੀ ਧੁੱਪ ਅੱਖਾਂ ਨੂੰ ਚੁਭ ਰਹੀ ਹੈ, ਇੰਨੇ ਸਾਰੇ ਪਾਪੇ, ਇੰਨੀਆਂ ਜ਼ਿਆਦਾ ਮਾਂਵਾਂ ਅਤੇ ਆਂਟੀਆਂ ਹਨ ਕਿ ਪਤਾ ਨਹੀਂ ਉਹ ਕਿਸਦੀ ਗੋਦ ਵਿੱਚ ਜਾਵੇ? ਮਗਰ ਸਭ ਤੋਂ ਅਜੀਬ ਹਨ, ਘੋੜੇ। ਗਰੀਸ਼ਾ ਉਨ੍ਹਾਂ ਦੀਆਂ ਲੰਬੀਆਂ ਲੰਬੀਆਂ ਲੱਤਾਂ ਨੂੰ ਵੇਖ ਰਿਹਾ ਹੈ ਅਤੇ ਕੁੱਝ ਸਮਝ ਨਹੀਂ ਪੈ ਰਿਹਾ। ਉਹ ਨਰਸ ਦੇ ਵੱਲ ਵੇਖਦਾ ਹੈ ਕਿ ਸ਼ਾਇਦ ਉਹ ਉਸਨੂੰ ਕੁੱਝ ਦੱਸੇਗੀ। ਪਰ ਨਰਸ ਵੀ ਚੁੱਪ ਹੈ।
ਅਚਾਨਕ ਕਦਮਾਂ ਦੀ ਦਗੜ ਦਗੜ ਅਤੇ ਡਰਾਉਣੀ ਅਵਾਜ਼ ਸੁਣਾਈ ਪੈਂਦੀ ਹੈ। ਸੜਕ ਉੱਤੇ ਲਾਲ ਚਿਹਰੇ ਵਾਲੇ ਸਿਪਾਹੀਆਂ ਦਾ ਇੱਕ ਦਸਤਾ ਵਿਖਾਈ ਦਿੰਦਾ ਹੈ, ਜੋ ਹੌਲੀ ਹੌਲੀ ਉਸਦੀ ਵੱਲ ਵੱਧ ਰਿਹਾ ਹੈ। ਸਿਪਾਹੀਆਂ ਨੇ ਕੱਛਾਂ ਵਿੱਚ ਬਾਥ-ਬਰੂਮ ਫੜੇ ਹੋਏ ਹਨ। ਉਹ ਸ਼ਾਇਦ ਨਹਾ ਕੇ ਪਰਤੇ ਹਨ। ਗਰੀਸ਼ਾ ਉਨ੍ਹਾਂ ਨੂੰ ਵੇਖਕੇ ਡਰ ਗਿਆ ਅਤੇ ਕੰਬਣ ਲੱਗ ਪਿਆ ਹੈ। ਉਸਨੇ ਨਰਸ ਦੀ ਤਰਫ ਸਵਾਲੀਆ ਨਿਗਾਹਾਂ ਨਾਲ ਵੇਖਿਆ..ਕਿਤੇ ਕੋਈ ਖ਼ਤਰਾ ਤਾਂ ਨਹੀਂ ਹੈ? ਪਰ ਨਰਸ ਨਾ ਰੋਂਦੀ ਅਤੇ ਨਾ ਭੱਜਦੀ ਹੈ। ਗਰੀਸ਼ਾ ਨੇ ਸਿਪਾਹੀਆਂ ਨੂੰ ਅੱਖਾਂ ਹੀ ਅੱਖਾਂ ਵਿੱਚ ਵਿਦਾ ਕੀਤਾ ਅਤੇ ਉਨ੍ਹਾਂ ਦੀ ਤਰ੍ਹਾਂ ਕਦਮਤਾਲ ਕਰਨ ਲਗਾ। ਸੜਕ ਦੇ ਉਸ ਪਾਰ ਲੰਬੀਆਂ ਬੂਥੀਆਂ ਵਾਲੀਆਂ ਦੋ ਬਿੱਲੀਆਂ ਇੱਕ ਦੂਜੀ ਦੇ ਪਿੱਛੇ ਭੱਜ ਰਹੀਆਂ ਹਨ। ਉਨ੍ਹਾਂ ਦੀਆਂ ਜੀਭਾਂ ਬਾਹਰ ਨਿਕਲੀਆਂ ਹੋਈਆਂ ਹਨ ਅਤੇ ਪੂੰਛਾਂ ਉੱਪਰ ਨੂੰ ਖੜੀਆਂ ਹੋਈਆਂ। ਗਰੀਸ਼ਾ ਸੋਚਦਾ ਹੈ ਕਿ ਉਸਨੂੰ ਵੀ ਭੱਜਣਾ ਚਾਹੀਦਾ ਹੈ ਅਤੇ ਉਹ ਬਿੱਲੀਆਂ ਦੇ ਪਿੱਛੇ ਪਿੱਛੇ ਦੌੜਨ ਲੱਗਦਾ ਹੈ।
“ਠਹਿਰ!” .. ਉਦੋਂ ਨਰਸ ਨੇ ਉਸਨੂੰ ਮੋਢਿਆਂ ਤੋਂ ਫੜਦਿਆਂ ਚੀਖ ਕੇ ਕਿਹਾ। “ਕਿੱਥੇ ਜਾ ਰਿਹਾ ਹੈਂ? ਤੈਨੂੰ ਕਿਹਾ ਸੀ ਨਾ ਕਿ ਸ਼ਰਾਰਤ ਨਹੀਂ ਕਰਨੀ।”
ਉਥੇ ਹੀ ਸੜਕ ਉੱਤੇ ਇੱਕ ਔਰਤ ਟੋਕਰੀ ਵਿੱਚ ਸੰਤਰੇ ਲੈ ਕੇ ਬੈਠੀ ਹੈ। ਉਸਦੇ ਕੋਲੋਂ ਲੰਘਦੇ ਹੋਏ ਗਰੀਸ਼ਾ ਨੇ ਚੁੱਪਚਾਪ ਇੱਕ ਸੰਤਰਾ ਚੁੱਕ ਲਿਆ। “ਇਹ ਕੀ ਬਦਤਮੀਜ਼ੀ ਹੈ?” ਨਰਸ ਉਸਦੇ ਹੱਥ ਉਤੇ ਮਾਰਦੀ ਹੋਈ, ਸੰਤਰਾ ਉਸ ਕੋਲੋਂ ਖੋਹ ਕੇ ਚੀਖਦੀ ਹੈ। ਤੂੰ ਇਹ ਸੰਤਰਾ ਕਿਉਂ ਚੁੱਕਿਆ?
ਉਦੋਂ ਗਰੀਸ਼ਾ ਦੀ ਨਜ਼ਰ ਕੱਚ ਦੇ ਇੱਕ ਟੁਕੜੇ ਉੱਤੇ ਪੈਂਦੀ ਹੈ, ਜੋ ਬਲਦੀ ਹੋਈ ਮੋਮਬੱਤੀ ਦੀ ਤਰ੍ਹਾਂ ਚਮਕ ਰਿਹਾ ਹੈ। ਉਹ ਉਸ ਕੱਚ ਨੂੰ ਵੀ ਚੁੱਕਣਾ ਚਾਹੁੰਦਾ ਹੈ, ਮਗਰ ਡਰਦਾ ਹੈ ਕਿ ਉਸਨੂੰ ਫਿਰ ਮਾਰ ਪੈ ਸਕਦੀ ਹੈ।
“ਨਮਸਕਾਰ, ਭੈਣ ਜੀ।” ਅਚਾਨਕ ਗਰੀਸ਼ਾ ਨੂੰ ਆਪਣੇ ਕੰਨਾਂ ਦੇ ਐਨ ਉੱਪਰ ਕੋਈ ਭਾਰੀ ਆਵਾਜ਼ ਸੁਣਾਈ ਦਿੰਦੀ ਹੈ। ਉਸਨੇ ਵੇਖਿਆ ਕਿ ਭਾਰੀ ਡੀਲ-ਡੌਲ ਵਾਲਾ ਇੱਕ ਆਦਮੀ ਹੈ, ਜਿਸਦੇ ਕੋਟ ਦੇ ਬਟਨ ਚਮਕ ਰਹੇ ਹਨ। ਉਹ ਆਦਮੀ ਕੋਲ ਆਕੇ ਨਰਸ ਨਾਲ ਹੱਥ ਮਿਲਾਉਂਦਾ ਹੈ ਅਤੇ ਉਥੇ ਹੀ ਖੜਾ ਉਸ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ। ਗਰੀਸ਼ਾ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਸੂਰਜ ਦੀ ਧੁੱਪ, ਬੱਘੀਆਂ ਦਾ ਰੌਲਾ, ਘੋੜੇ ਦੌੜਨ ਦੀਆਂ ਆਵਾਜ਼ਾਂ ਅਤੇ ਚਮਕੀਲੇ ਬਟਨ - ਇਹ ਸਭ ਵੇਖਕੇ ਉਹ ਬੇਹੱਦ ਖ਼ੁਸ਼ ਹੈ। ਇਹ ਸਭ ਨਜ਼ਾਰੇ ਗਰੀਸ਼ਾ ਲਈ ਨਵੇਂ ਹਨ ਅਤੇ ਉਸਦਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਉਹ ਜ਼ੋਰ ਜ਼ੋਰ ਨਾਲ ਹੱਸਦਾ ਹੈ। “ਚੱਲੋ! ਚੱਲੋ!” ਉਸ ਚਮਕੀਲੇ ਬਟਨਾਂ ਵਾਲੇ ਆਦਮੀ ਦੇ ਕੋਟ ਦਾ ਇੱਕ ਪੱਲਾ ਫੜਕੇ ਗਰੀਸ਼ਾ ਚੀਖਦਾ ਹੈ।
“ਕਿੱਥੇ ਚੱਲੀਏ? ਉਹ ਆਦਮੀ ਪੁੱਛਦਾ ਹੈ। “ਚੱਲੋ!” ਗਰੀਸ਼ਾ ਫਿਰ ਜ਼ੋਰ ਨਾਲ ਕਹਿੰਦਾ ਹੈ। ਉਹ ਕਹਿਣਾ ਚਾਹੁੰਦਾ ਹੈ ਕਿ ਕਿੰਨਾ ਅੱਛਾ ਹੋਵੇ ਜੇਕਰ ਅਸੀਂ ਆਪਣੇ ਨਾਲ ਮੰਮੀ, ਪਾਪਾ ਅਤੇ ਬਿੱਲੀ ਨੂੰ ਵੀ ਲੈ ਲਈਏ। ਮਗਰ ਉਹ ਅਜੇ ਚੰਗੀ ਤਰ੍ਹਾਂ ਬੋਲਣ ਨਹੀਂ ਸਿਖਿਆ ਹੈ।
ਕੁੱਝ ਦੇਰ ਬਾਅਦ ਨਰਸ ਸੜਕ ਤੋਂ ਗਰੀਸ਼ਾ ਨੂੰ ਲੈ ਕੇ ਇੱਕ ਇਮਾਰਤ ਦੇ ਅਹਾਤੇ ਵਿੱਚ ਵੜਦੀ ਹੈ। ਅਹਾਤੇ ਵਿੱਚ ਬਰਫ਼ ਅਜੇ ਵੀ ਪਈ ਹੋਈ ਹੈ। ਚਮਕੀਲੇ ਬਟਨਾਂ ਵਾਲਾ ਉਹ ਆਦਮੀ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਿਹਾ ਹੈ। ਬਰਫ਼ ਦੇ ਢੇਰਾਂ ਅਤੇ ਅਹਾਤੇ ਵਿੱਚ ਜਮ੍ਹਾਂ ਹੋ ਗਏ ਪਾਣੀ ਦੇ ਚਲ੍ਹਿਆਂ ਨੂੰ ਬੜੇ ਧਿਆਨ ਨਾਲ ਪਾਰ ਕਰਦੇ ਹੋਏ ਉਹ ਇਮਾਰਤ ਦੀਆਂ ਗੰਦੀਆਂ ਅਤੇ ਹਨੇਰੀਆਂ ਪੌੜੀਆਂ ਉੱਤੇ ਚੜ੍ਹਕੇ ਉੱਪਰ ਇੱਕ ਕਮਰੇ ਵਿੱਚ ਪਹੁੰਚ ਜਾਂਦੇ ਹਨ।
ਕਮਰੇ ਵਿੱਚ ਧੂੰਆਂ ਹੀ ਧੂੰਆਂ ਹੈ। ਭੁੰਨੇ ਮੀਟ ਦੀ ਗੰਧ ਆ ਰਹੀ ਹੈ। ਗਰੀਸ਼ਾ ਵੇਖਦਾ ਹੈ ਕਿ ਅੰਗੀਠੀ ਦੇ ਕੋਲ ਖੜੀ ਇੱਕ ਔਰਤ ਟਿੱਕੀਆਂ ਬਣਾ ਰਹੀ ਹੈ। ਕੁੱਕ ਅਤੇ ਨਰਸ ਇਕ ਦੂਜੇ ਨੂੰ ਚੁੰਮਦੇ ਹਨ, ਅਤੇ ਆਦਮੀ ਸਮੇਤ ਉਹ ਬੈਂਚ ਤੇ ਬੈਠ ਜਾਂਦੇ ਹਨ, ਅਤੇ ਧੀਮੀ ਆਵਾਜ਼ ਵਿੱਚ ਗੱਲਾਂ ਕਰਨ ਲੱਗ ਪੈਂਦੇ ਹਨ। ਗਰਮ ਕੱਪੜਿਆਂ ਨਾਲ ਲੱਦੇ ਗਰੀਸ਼ਾ ਨੂੰ ਗਰਮੀ ਲੱਗਦੀ ਹੈ। ਉਸਨੇ ਆਪਣੇ ਆਲੇ ਦੁਆਲੇ ਵੇਖਿਆ ਅਤੇ ਸੋਚਿਆ ਕਿ ਇੰਨੀ ਗਰਮੀ ਕਿਉਂ ਹੈ। ਫਿਰ ਕੁੱਝ ਦੇਰ ਉਹ ਰਸੋਈ ਦੀ ਕਾਲੀ ਹੋ ਗਈ ਛੱਤ ਨੂੰ ਦੇਖਦਾ ਰਿਹਾ ਅਤੇ ਫਿਰ ਤੰਦੂਰ ਵਾਲੇ ਚਿਮਟੇ ਅਤੇ ਕਾਲੇ ਛੇਕ ਵਰਗੀ ਲੱਗਦੀ ਅੰਗੀਠੀ ਵੱਲ ਦੇਖਣ ਲੱਗ ਪੈਂਦਾ ਹੈ।
“ਮਾਂ,” ਉਹ ਕਹਿੰਦਾ ਹੈ।
“ਓਏ ... ਓਏ ... ਠਹਿਰ ਬਈ !” ਨਰਸ ਚੀਖ ਕੇ ਉਸ ਨੂੰ ਕਹਿੰਦੀ ਹੈ। ਠਹਿਰ ਜਾ ਥੋੜਾ ਚਿਰ!
ਉਦੋਂ ਤੱਕ ਕੁੱਕ ਨੇ ਸ਼ਰਾਬ ਦੀ ਇੱਕ ਬੋਤਲ, ਤਿੰਨ ਕਚ ਦੀਆਂ ਗਲਾਸੀਆਂ ਅਤੇ ਟਿੱਕੀਆਂ ਦੀ ਪਲੇਟ ਮੇਜ਼ ਤੇ ਰੱਖ ਦਿੱਤੇ। ਦੋਨੋਂ ਔਰਤਾਂ ਅਤੇ ਚਮਕੀਲੇ ਬਟਨਾਂ ਵਾਲਾ ਆਦਮੀ ਆਪਣੇ ਆਪਣੇ ਜਾਮ ਚੁੱਕ ਕੇ ਟਕਰਾਉਂਦੇ ਅਤੇ ਪੀਣ ਲੱਗਦੇ ਹਨ। ਉਸਦੇ ਬਾਅਦ ਉਹ ਆਦਮੀ ਪਹਿਲਾਂ ਕੁੱਕ ਨੂੰ ਅਤੇ ਫਿਰ ਨਰਸ ਨੂੰ ਕਲਾਵੇ ਵਿੱਚ ਲੈਂਦਾ ਹੈ। ਫਿਰ ਤਿੰਨੋਂ ਧੀਮੀ ਆਵਾਜ਼ ਵਿੱਚ ਕੋਈ ਗੀਤ ਗਾਉਣ ਲੱਗਦੇ ਹਨ।
ਗਰੀਸ਼ਾ ਆਪਣਾ ਇੱਕ ਹੱਥ ਟਿੱਕੀਆਂ ਦੀ ਪਲੇਟ ਵੱਲ ਵਧਾਉਂਦਾ ਹੈ। ਨਰਸ ਇੱਕ ਟਿੱਕੀ ਦਾ ਇੱਕ ਟੁਕੜਾ ਤੋੜ ਕੇ ਗਰੀਸ਼ਾ ਨੂੰ ਫੜਾਉਂਦੀ ਹੈ। ਗਰੀਸ਼ਾ ਟਿੱਕੀ ਖਾਣ ਲਗਦਾ ਹੈ। ਉਦੋਂ ਉਹ ਵੇਖਦਾ ਹੈ ਕਿ ਨਰਸ ਤਾਂ ਕੁੱਝ ਪੀ ਵੀ ਰਹੀ ਹੈ। ਉਸ ਦਾ ਵੀ ਪੀਣ ਨੂੰ ਮਨ ਕਰਦਾ ਹੈ। ਮੈਨੂੰ ਵੀ ਦਿਓ ਥੋੜੀ,” ਉਹ ਨਰਸ ਕੋਲੋਂ ਮੰਗਦਾ ਹੈ। ਕੁੱਕ ਆਪਣੇ ਜਾਮ ਵਿੱਚੋਂ ਉਸਨੂੰ ਇੱਕ ਚੁਸਕੀ ਭਰਨ ਦਿੰਦੀ ਹੈ। ਚੁਸਕੀ ਭਰਨ ਦੇ ਬਾਅਦ ਉਹ ਭੈੜਾ ਜਿਹਾ ਮੂੰਹ ਬਣਾਉਂਦਾ ਹੈ ਅਤੇ ਘੂਰ ਘੂਰ ਕੇ ਸਭ ਦੀ ਵੱਲ ਦੇਖਣ ਲੱਗਦਾ ਹੈ। ਫਿਰ ਉਹ ਹੌਲੀ-ਹੌਲੀ ਖੰਘਦਾ ਹੈ ਅਤੇ ਜ਼ੋਰ ਜ਼ੋਰ ਨਾਲ ਆਪਣੇ ਹੱਥ ਹਿਲਾਉਣ ਲੱਗਦਾ ਹੈ। ਕੁੱਕ ਉਸਨੂੰ ਵੇਖਕੇ ਹੱਸਣ ਲੱਗਦੀ ਹੈ।
ਵਾਪਸ ਆਪਣੇ ਘਰ ਪਰਤ ਕੇ ਗਰੀਸ਼ਾ ਆਪਣੀ ਮਾਂ ਨੂੰ, ਕੰਧਾਂ ਨੂੰ ਅਤੇ ਆਪਣੇ ਪੰਘੂੜੇ ਨੂੰ ਇਹ ਦੱਸਣ ਲੱਗਦਾ ਹੈ ਕਿ ਅੱਜ ਉਹ ਕਿੱਥੇ ਕਿੱਥੇ ਗਿਆ ਸੀ ਅਤੇ ਉਸਨੇ ਕੀ ਕੀ ਵੇਖਿਆ। ਇਸਦੇ ਲਈ ਉਹ ਸਿਰਫ ਆਪਣੀ ਜੀਭ ਦਾ ਹੀ ਇਸਤੇਮਾਲ ਨਹੀਂ ਕਰਦਾ, ਸਗੋਂ ਆਪਣੇ ਚਿਹਰੇ ਦੇ ਹਾਵ-ਭਾਵਾਂ ਅਤੇ ਹੱਥਾਂ ਦਾ ਵੀ ਇਸਤੇਮਾਲ ਕਰਦਾ ਹੈ। ਉਹ ਦਿਖਾਂਦਾ ਹੈ ਕਿ ਸੂਰਜ ਕਿਵੇਂ ਚਮਕ ਰਿਹਾ ਸੀ, ਘੋੜੇ ਕਿਵੇਂ ਭੱਜ ਰਹੇ ਸਨ, ਅੰਗੀਠੀ ਕਿਵੇਂ ਬਲ਼ ਰਹੀ ਸੀ ਅਤੇ ਕੁੱਕ ਕਿਵੇਂ ਪੀ ਰਹੀ ਸੀ।
ਫਿਰ ਸ਼ਾਮ ਨੂੰ ਉਸਨੂੰ ਨੀਂਦ ਨਹੀਂ ਆਉਂਦੀ। ਬਾਥ-ਬਰੂਮਾਂ ਵਾਲੇ ਸਿਪਾਹੀ, ਵੱਡੀਆਂ ਵੱਡੀਆਂ ਬਿੱਲੀਆਂ, ਘੋੜੇ, ਕੱਚ ਦਾ ਉਹ ਚਮਕਦਾ ਹੋਇਆ ਟੁਕੜਾ, ਸੰਤਰਿਆਂ ਦੀ ਟੋਕਰੀ, ਚਮਕੀਲੇ ਬਟਨ, ਇਹ ਸਾਰੀਆਂ ਚੀਜ਼ਾਂ ਗੱਡਮੱਡ ਉਸਦੇ ਦਿਮਾਗ਼ ਵਿੱਚ ਚੱਕਰ ਤੇ ਚੱਕਰ ਕੱਟ ਰਹੀਆਂ ਹਨ। ਉਹ ਕਰਵਟਾਂ ਬਦਲਣ ਲੱਗਦਾ ਹੈ ਅਤੇ ਆਪਣੇ ਪੰਘੂੜੇ ਉੱਤੇ ਹੀ ਇੱਕ ਕੋਨੇ ਵਲੋਂ ਦੂਜੇ ਕੋਨੇ ਦੇ ਵੱਲ ਰਿੜ੍ਹਨ ਲੱਗਦਾ ਹੈ ... ਅਤੇ ਆਖ਼ਰ ਆਪਣੀ ਉਤੇਜਨਾ ਬਰਦਾਸ਼ਤ ਨਾ ਕਰ ਸਕਣ ਦੇ ਕਾਰਨ ਰੋਣ ਲੱਗਦਾ ਹੈ।
ਓਹੋ, ਤੈਨੂੰ ਤਾਂ ਬੁਖਾਰ ਹੈ! ਮਾਂ ਉਸਦੇ ਮੱਥੇ ਨੂੰ ਛੂਹਕੇ ਕਹਿੰਦੀ ਹੈ। ਇਹ ਬੁਖਾਰ ਕਿਵੇਂ ਹੋ ਗਿਆ?
ਅੰਗੀਠੀ,” ਗਰੀਸ਼ਾ ਰੋ ਰਿਹਾ ਹੈ ਅਤੇ ਚੀਖ਼ ਰਿਹਾ ਹੈ। ਜਾ ਜਾ ਅੰਗੀਠੀ, ਦਫ਼ਾ ਹੋ!
ਸ਼ਾਇਦ ਇਸਨੇ ਅੱਜ ਜ਼ਰੂਰਤ ਨਾਲੋਂ ਜ਼ਿਆਦਾ ਖਾ ਲਿਆ ਹੈ, ਮਾਂ ਸੋਚਦੀ ਹੈ ਅਤੇ ਗਰੀਸ਼ਾ ਨੂੰ, ਜੋ ਨਵੇਂ ਨਜ਼ਾਰਿਆਂ ਦੇ ਪ੍ਰਭਾਵ ਸਦਕਾ ਉਤੇਜਿਤ ਸੀ, ਉਸ ਨੂੰ ਇੱਕ ਚਮਚ ਅਰਿੰਡੀ ਦਾ ਤੇਲ ਪਿਲਾਇਆ ਜਾਂਦਾ ਹੈ।