ਅਨੁਵਾਦ:ਗਾਉਣ ਵਾਲੀ ਕੁੜੀ
ਜਿਸ ਜ਼ਮਾਨੇ ਵਿੱਚ ਉਹ ਜਵਾਨ ਅਤੇ ਸੁਹਣੀ ਸੀ ਅਤੇ ਉਸ ਦੀ ਆਵਾਜ਼ ਚੰਗੀ ਦਮਦਾਰ ਸੀ, ਇੱਕ ਦਿਨ ਉਸਦੀ ਗਰਮੀਆਂ ਵਾਲੀ ਕੋਠੀ ਦੇ ਬਾਹਰੀ ਬਰਾਂਡੇ ਵਿੱਚ ਉਸ ਕੋਲ ਉਸ ਦਾ ਦੀਵਾਨਾ ਨਿਕੋਲਾਈ ਪੇਤਰੋਵਿਚ ਕੋਲਪਾਕੋਵ ਬੈਠਾ ਸੀ। ਲੋਹੜੇ ਦੀ ਗਰਮੀ ਅਤੇ ਘੁਟਣ ਸੀ। ਕੋਲਪਾਕੋਵ ਖਾਣਾ ਖਾ ਕੇ ਹੱਟਿਆ ਸੀ ਅਤੇ ਉਸਨੇ ਘਟੀਆ ਸ਼ਰਾਬ ਦੀ ਇੱਕ ਪੂਰੀ ਬੋਤਲ ਚਾੜ੍ਹੀ ਹੋਈ ਸੀ। ਉਸ ਦਾ ਮੂਡ ਖਰਾਬ ਸੀ ਅਤੇ ਤਬੀਅਤ ਕੁੱਝ ਪਸਤ ਸੀ। ਦੋਨੋਂ ਅੱਕੇ ਬੈਠੇ ਸਨ ਅਤੇ ਉਡੀਕ ਕਰ ਰਹੇ ਸਨ, ਕਿ ਗਰਮੀ ਘੱਟ ਹੋਵੇ ਤਾਂ ਹਵਾਖ਼ੋਰੀ ਲਈ ਨਿਕਲਣ।
ਅਚਾਨਕ ਦਰਵਾਜੇ ਤੇ ਘੰਟੀ ਬਜੀ, ਕੋਲਪਾਕੋਵ, ਜੋ ਕੋਟ ਉਤਾਰ ਕੇ, ਸਲੀਪਰ ਪਹਿਨ ਬੈਠਾ ਸੀ, ਉਛਲ ਪਿਆ ਅਤੇ ਸਵਾਲੀਆ ਲਹਿਜੇ ਵਿੱਚ ਪਾਸ਼ਾ ਵੱਲ ਵੇਖਣ ਲੱਗਿਆ।
"ਡਾਕੀਆ ਹੋਵੇਗਾ ਜਾਂ ਮੇਰੇ ਨਾਲ ਦੀਆਂ ਲੜਕੀਆਂ ਵਿੱਚੋਂ ਕੋਈ ਹੋਵੇਗੀ,” ਗਾਉਣ ਵਾਲੀ ਨੇ ਕਿਹਾ।
ਕੋਲਪਾਕੋਵ ਨੂੰ ਇਸ ਗੱਲ ਦੀ ਪਰਵਾਹ ਨਹੀਂ ਸੀ, ਕਿ ਡਾਕੀਆ ਜਾਂ ਪਾਸ਼ਾ ਦੀ ਮੰਡਲੀ ਦੀਆਂ ਲੜਕੀਆਂ ਉਸਨੂੰ ਉੱਥੇ ਵੇਖ ਲੈਣ। ਤਾਂ ਵੀ ਇਹਤਿਆਤ ਵਜੋਂ ਉਸਨੇ ਆਪਣੇ ਕੱਪੜੇ ਸਮੇਟੇ ਅਤੇ ਨਾਲ ਦੇ ਕਮਰੇ ਵਿੱਚ ਚਲਾ ਗਿਆ। ਪਾਸ਼ਾ ਦਰਵਾਜਾ ਖੋਲ੍ਹਣ ਲਈ ਦੌੜੀ। ਉਹ ਬੜੀ ਹੈਰਾਨ ਹੋਈ ਕਿ ਦਰਵਾਜੇ ਤੇ ਨਾ ਡਾਕੀਆ ਸੀ ਨਾ ਕੋਈ ਮੰਡਲੀ ਦੀ ਲੜਕੀ, ਸਗੋਂ ਇੱਕ ਅਜਨਬੀ ਜਵਾਨ ਅਤੇ ਹੁਸੀਨ ਔਰਤ ਖੜੀ ਸੀ, ਜੋ ਆਪਣੇ ਲਿਬਾਸ ਅਤੇ ਦੇਖਣ ਪਾਖਣ ਤੋਂ ਕੋਈ ਸ਼ਰੀਫ ਔਰਤ ਲੱਗਦੀ ਸੀ।
ਪੀਲਾ ਜਿਹਾ ਰੰਗ ਅਤੇ ਸਾਹ ਚੜ੍ਹਿਆ ਹੋਇਆ ਸੀ ਜਿਵੇਂ ਕੋਈ ਖੜਵੀਂ ਪੌੜੀ ਤੇਜ਼ੀ ਨਾਲ ਚੜ੍ਹ ਕੇ ਆਇਆ ਹੋਵੇ।
"ਕੀ ਹੈ?" ਪਾਸ਼ਾ ਨੇ ਪੁੱਛਿਆ।
ਅਜਨਬੀ ਔਰਤ ਨੇ ਜਵਾਬ ਦੇਣ ਦੀ ਬਜਾਏ ਇੱਕ ਕਦਮ ਅੱਗੇ ਵਧਾਇਆ। ਤਸੱਲੀ ਨਾਲ ਕਮਰੇ ਦਾ ਜਾਇਜ਼ਾ ਲਿਆ ਅਤੇ ਇਸ ਅੰਦਾਜ਼ ਨਾਲ ਬੈਠ ਗਈ, ਜਿਵੇਂ ਥਕਾਣ ਜਾਂ ਸ਼ਾਇਦ ਬਿਮਾਰੀ ਦੀ ਵਜ੍ਹਾ ਨਾਲ ਖੜੀ ਨਾ ਰਹਿ ਸਕਦੀ ਹੋਵੇ। ਫਿਰ ਦੇਰ ਤੱਕ ਬੋਲਣ ਦੀ ਨਾਕਾਮ ਕੋਸ਼ਿਸ਼ ਵਿੱਚ ਉਸ ਦੇ ਜ਼ਰਦ ਹੋਠ ਕੰਬਦੇ ਰਹੇ।
ਆਖਿਰ ਉਸ ਨੇ ਪਾਸ਼ਾ ਦੀ ਤਰਫ਼ ਆਪਣੀਆਂ ਵੱਡੀਆਂ ਵੱਡੀਆਂ ਲਾਲ ਅਥਰੂ-ਭਿੱਜੀਆਂ ਪਲਕਾਂ ਉਠਾ ਕੇ ਪੁੱਛਿਆ।
"ਮੇਰਾ ਪਤੀ ਇੱਥੇ ਹੈ?"
"ਪਤੀ?" ਪਾਸ਼ਾ ਨੇ ਆਹਿਸਤਾ ਜਿਹੇ ਕਿਹਾ ਅਤੇ ਅਚਾਨਕ ਏਨਾ ਡਰ ਗਈ ਕਿ ਹੱਥ ਪੈਰ ਠੰਡੇ ਪੈ ਗਏ ਅਤੇ ਕੰਬਦੇ ਹੋਏ ਉਸਨੇ ਦੁਹਰਾਇਆ, "ਕੌਣ ਪਤੀ?”
”ਮੇਰਾ ਪਤੀ, … ਨਿਕੋਲਾਈ ਪੇਤਰੋਵਿਚ ਕੋਲਪਾਕੋਵ।"
"ਨ ..ਨ … ਨਹੀਂ ਮੈਡਮ … ਮੈਂ … ਮੈਂ ਕਿਸੇ ਪਤੀ ਨੂੰ ਨਹੀਂ ਜਾਣਦੀ।"
ਇੱਕ ਪਲ ਖ਼ਾਮੋਸ਼ੀ ਵਿੱਚ ਗੁਜ਼ਰਿਆ। ਅਜਨਬੀ ਔਰਤ ਨੇ ਕਈ ਵਾਰ ਆਪਣੇ ਪੀਲੇ ਬੁੱਲ੍ਹਾਂ ਉੱਤੇ ਰੁਮਾਲ ਫੇਰਿਆ ਅਤੇ ਅੰਦਰਲਾ ਕਾਂਬਾ ਦਬਾਉਣ ਲਈ ਸਾਹ ਰੋਕੀ ਰੱਖਿਆ। ਪਾਸ਼ਾ ਉਸ ਦੇ ਸਾਹਮਣੇ ਬੁੱਤ ਦੀ ਤਰ੍ਹਾਂ ਅਹਿੱਲ ਖੜੀ ਹੈਰਤ ਅਤੇ ਦਹਿਸ਼ਤ ਨਾਲ ਉਸ ਦਾ ਮੂੰਹ ਦੇਖ ਰਹੀ ਸੀ।
"ਤਾਂ ਤੇਰਾ ਕਹਿਣਾ ਹੈ ਕਿ ਉਹ ਇੱਥੇ ਨਹੀਂ ਹੈ?" ਔਰਤ ਨੇ ਸਖ਼ਤ ਆਵਾਜ਼ ਨਾਲ ਇੱਕ ਖਾਸ ਤਰ੍ਹਾਂ ਮੁਸਕਰਾ ਕੇ ਪੁੱਛਿਆ।
"ਮੈਂ…ਮੈਂ ਨਹੀਂ ਜਾਣਦੀ ਤੂੰ ਕਿਸ ਦੇ ਬਾਰੇ ਪੁੱਛ ਰਹੀ ਹੈਂ।"
"ਤੂੰ ਘਿਣਾਉਣੀ, ਘਟੀਆ, ਨੀਚ ਹੈਂ...” ਅਜਨਬੀ ਪਾਸ਼ਾ ਵੱਲ ਨਫਰਤ ਅਤੇ ਹਿਕਾਰਤ ਦੀ ਨਜ਼ਰ ਨਾਲ ਦੇਖਦੀ ਹੋਈ ਬੜਬੜਾਈ, "ਹਾਂ, ਹਾਂ … ਤੂੰ ਘਿਣਾਉਣੀ ਹੈਂ। ਸ਼ੁਕਰ ਹੈ ਕਿ ਆਖ਼ਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ।"
ਇਹ ਮਹਿਸੂਸ ਕਰਕੇ ਕਿ ਇਸ ਗੁੱਸੇ ਭਰੀਆਂ ਅੱਖਾਂ, ਗੋਰੀਆਂ ਨਾਜ਼ੁਕ ਉਂਗਲਾਂ ਵਾਲੀ ਸਿਆਹਪੋਸ਼ ਔਰਤ ਨੂੰ ਮੈਂ ਘਿਣਾਉਣੀ ਅਤੇ ਭੈੜੀ ਨਜ਼ਰ ਆਉਂਦੀ ਹਾਂ, ਪਾਸ਼ਾ ਨੂੰ ਆਪਣੀਆਂ ਭਰੀਆਂ ਭਰੀਆਂ ਲਾਲ ਗੱਲ੍ਹਾਂ, ਨੱਕ ਦੇ ਦਾਗ, ਅਤੇ ਮੱਥੇ ਤੇ ਬਿਖਰੀਆਂ ਹੋਈਆਂ ਲਿਟਾਂ, ਜੋ ਕੰਘੀ ਨਾਲ ਵੀ ਕਾਬੂ ਵਿੱਚ ਨਹੀਂ ਆਉਂਦੀਆਂ ਸਨ, ਉੱਤੇ ਸ਼ਰਮ ਆਉਣ ਲੱਗੀ। ਉਸਨੂੰ ਖ਼ਿਆਲ ਆਇਆ ਕਿ ਜੇਕਰ ਮੈਂ ਪਤਲੀ ਹੁੰਦੀ ਅਤੇ ਮੇਰੇ ਚਿਹਰੇ ਤੇ ਪਾਊਡਰ ਅਤੇ ਮੱਥੇ ਤੇ ਵਾਲਾਂ ਦੀ ਝਾਲਰ ਨਾ ਹੁੰਦੀ, ਤਾਂ ਇਹ ਗੱਲ ਲੁੱਕ ਜਾਂਦੀ, ਕਿ ਮੈਂ ਸ਼ਰੀਫ ਨਹੀਂ ਹਾਂ, ਅਤੇ ਇਸ ਅਜਨਬੀ, ਰਹੱਸਮਈ ਔਰਤ ਦੇ ਸਾਹਮਣੇ ਇੰਨੀ ਡਰੀ ਡਰੀ ਅਤੇ ਸ਼ਰਮਸਾਰ ਨਾ ਹੁੰਦੀ।
ਔਰਤ ਨੇ ਅੱਗੇ ਕਿਹਾ, "ਮੇਰਾ ਪਤੀ ਕਿੱਥੇ ਹੈ? ਉਹ ਇੱਥੇ ਹੋਵੇ ਨਾ ਹੋਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਗ਼ਬਨ ਦਾ ਪਤਾ ਚੱਲ ਗਿਆ ਅਤੇ ਉਸ ਦੀ ਤਲਾਸ਼ ਹੋ ਰਹੀ ਹੈ। ਪੁਲਿਸ ਉਸਨੂੰ ਗਿਰਫਤਾਰ ਕਰਨਾ ਚਾਹੁੰਦੀ ਹੈ। ਇਹ ਸਭ ਤੇਰੀ ਕਾਰਸਤਾਨੀ ਹੈ!"
ਔਰਤ ਉੱਠੀ ਅਤੇ ਬੇਚੈਨੀ ਦੇ ਮਾਰੇ ਕਮਰੇ ਵਿੱਚ ਟਹਿਲਣ ਲੱਗੀ। ਪਾਸ਼ਾ ਉਸਨੂੰ ਦੇਖ ਰਹੀ ਸੀ ਅਤੇ ਇਸ ਕਦਰ ਡਰੀ ਹੋਈ ਸੀ ਕਿ ਉਸ ਦੀ ਸਮਝ ਵਿੱਚ ਕੁੱਝ ਨਹੀਂ ਆ ਰਿਹਾ ਸੀ।
"ਉਸ ਦੀ ਉਘ-ਸੁਘ ਮਿਲ ਜਾਵੇਗੀ ਅਤੇ ਉਹ ਅੱਜ ਗਿਰਫਤਾਰ ਹੋ ਜਾਵੇਗਾ, ”ਔਰਤ ਨੇ ਹਿਚਕੀ ਲੈ ਕੇ ਕਿਹਾ ਜਿਸ ਵਿੱਚੋਂ ਗ਼ਮ ਅਤੇ ਗੁੱਸਾ ਟਪਕਦਾ ਸੀ। "ਮੈਂ ਖ਼ੂਬ ਜਾਣਦੀ ਹਾਂ ਇਹ ਸਭ ਕਿਸ ਦੇ ਲੱਛਣ ਨੇ। ਕਮੀਨੀ, ਗੰਦ, ਕਮਜ਼ਾਤ, ਵੇਸਵਾ !" ਔਰਤ ਦੇ ਬੁੱਲ੍ਹਾਂ ਤੇ ਤਣਾਉ ਸੀ ਅਤੇ ਉਸ ਦਾ ਨੱਕ ਹਿਕਾਰਤ ਨਾਲ ਚੜ੍ਹਿਆ ਹੋਇਆ ਸੀ। "ਮੈਂ ਬੇਬਸ ਹਾਂ ਐ ਬੇਸ਼ਰਮ ਔਰਤ, ਸੁਣਦੀ ਹੈਂ? … ਮੈਂ ਬੇਬਸ ਹਾਂ ਤੂੰ ਮੇਰੇ ਨਾਲੋਂ ਤਕੜੀ ਹੈਂ, ਪਰ ਮੇਰੀ ਅਤੇ ਬੱਚਿਆਂ ਦੀ ਹਿਫ਼ਾਜ਼ਤ ਕਰਨ ਵਾਲਾ ਹੈ, ਉੱਪਰ ਵਾਲਾ, ਖ਼ੁਦਾ ਸਭ ਕੁੱਝ ਵੇਖਦਾ ਹੈ। ਉਹ ਇਨਸਾਫ਼-ਪਸੰਦ ਹੈ, ਇੱਕ ਇੱਕ ਅੱਥਰੂ ਜੋ ਮੈਂ ਬਹਾਇਆ ਹੈ, ਰਾਤਾਂ ਜੋ ਮੈਂ ਜਾਗ ਜਾਗ ਕੇ ਕੱਟੀਆਂ ਹਨ, ਉਹ ਇਸ ਸਭ ਦਾ ਹਿਸਾਬ ਤੇਰੇ ਕੋਲੋਂ ਲਵੇਗਾ? ਵਕਤ ਆਵੇਗਾ ਕਿ ਤੂੰ ਮੈਨੂੰ ਯਾਦ ਕਰੇਂਗੀ।"
ਫਿਰ ਉਹ ਚੁੱਪ ਹੋ ਗਈ ਅਤੇ ਕਮਰੇ ਵਿੱਚ ਟਹਿਲ ਟਹਿਲ ਕੇ ਹੱਥ ਮਲ਼ ਰਹੀ ਸੀ। ਪਾਸ਼ਾ ਹੈਰਾਨ ਪਰੇਸ਼ਾਨ ਉਸ ਦਾ ਮੂੰਹ ਦੇਖ ਰਹੀ ਸੀ। ਉਸਨੂੰ ਧੁੜਕੂ ਸੀ ਕਿ ਜ਼ਰੂਰ ਕੋਈ ਮੁਸੀਬਤ ਢਹਿਣ ਵਾਲੀ ਹੈ।
"ਮੈਡਮ, ਮੈਨੂੰ ਕੁੱਝ ਨਹੀਂ ਪਤਾ,” ਇਹ ਕਹਿੰਦੇ ਵਕਤ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗ ਪਏ।
ਔਰਤ ਨੇ ਚੀਖ਼ ਕੇ ਜਵਾਬ ਦਿੱਤਾ, "ਤੂੰ ਝੂਠ ਬੋਲਦੀ ਹੈਂ!" ਉਸ ਦੀਆਂ ਅੱਖਾਂ ਪਾਸ਼ਾ ਉੱਤੇ ਚੰਗਿਆੜੇ ਬਰਸਾ ਰਹੀਆਂ ਸਨ। "ਮੈਨੂੰ ਸਭ ਪਤਾ ਹੈ, ਮੈਂ ਤੈਨੂੰ ਬਹੁਤ ਚਿਰਾਂ ਤੋਂ ਜਾਣਦੀ ਹਾਂ। ਮੈਨੂੰ ਪਤਾ ਹੈ, ਉਹ ਮਹੀਨਾ ਭਰ ਤੋਂ ਰੋਜ਼ਾਨਾ ਤੇਰੇ ਕੋਲ ਆਉਂਦਾ ਹੈ।"
"ਅੱਛਾ ਚੱਲ ਠੀਕ। ਫਿਰ ਦੱਸ? ਮੇਰੇ ਕੋਲ ਤਾਂ ਬਹੁਤ ਸਾਰੇ ਮੁਲਾਕਾਤੀ ਆਉਂਦੇ ਹਨ। ਪਰ ਮੈਂ ਕਿਸੇ ਨੂੰ ਮਜਬੂਰ ਨਹੀਂ ਕਰਦੀ। ਉਹ ਵੀ ਆਪਣੀ ਮਰਜ਼ੀ ਦਾ ਮਾਲਕ ਹੈ।"
"ਮੈਂ ਕਹਿੰਦੀ ਹਾਂ ਗ਼ਬਨ ਦਾ ਪਤਾ ਚੱਲ ਗਿਆ। ਉਸਨੇ ਦਫਤਰ ਵਿੱਚ ਗ਼ਬਨ ਕੀਤਾ। ਤੇਰੇ ਵਰਗੀ ਗਈ ਗੁਜ਼ਰੀ ਹੋਈ ਚੀਜ਼ ਦੀ ਖਾਤਰ, ਤੇਰੇ ਕਾਰਨ ਉਸਨੇ ਇਹ ਜੁਰਮ ਕੀਤਾ। ਔਰਤ ਇੱਕਲਖਤ ਰੁਕ ਗਈ ਫਿਰ ਕੜਕ ਕੇ ਬੋਲੀ, "ਜਾਣਦੀ ਹਾਂ ਕਿ ਤੈਨੂੰ ਅਸੂਲਾਂ ਨਾਲ ਕੀ ਸਰੋਕਾਰ, ਤੇਰਾ ਕੰਮ ਤਾਂ ਮੇਰੇ ਤੇ ਆਫ਼ਤ ਢਾਹੁਣਾ ਹੈ, ਪਰ ਫਿਰ ਸੋਚਦੀ ਹਾਂ ਕਿ ਤੂੰ ਏਨੀ ਗਿਰੀ ਹੋਈ ਕਿਵੇਂ ਹੋ ਸਕਦੀ ਹੈ ਕਿ ਤੇਰੇ ਕੋਲ ਮਾਨਵੀ ਭਾਵਨਾ ਉੱਕਾ ਕੋਈ ਨਾ ਬਚੀ ਹੋਵੇ! ਉਸਦੀ ਪਤਨੀ ਹੈ, ਬੱਚੇ ਹਨ … ਜੇਕਰ ਉਸਨੂੰ ਸਜ਼ਾ ਹੋ ਗਈ ਅਤੇ ਜਲਾਵਤਨ ਕਰ ਦਿੱਤਾ ਗਿਆ ਤਾਂ ਅਸੀਂ ਭੁੱਖੇ ਮਰਾਂਗੇ, ਬੱਚੇ ਅਤੇ ਮੈਂ … ਸਮਝ ਪਈ, ਅਜੇ ਵੀ ਮੌਕਾ ਹੈ ਕਿ ਉਹ ਅਤੇ ਅਸੀਂ ਕੰਗਾਲੀ ਅਤੇ ਜ਼ਿੱਲਤ ਤੋਂ ਬਚ ਜਾਈਏ। ਜੇਕਰ ਉਨ੍ਹਾਂ ਨੂੰ ਨੌਂ ਸੌ ਰੂਬਲ ਦੇ ਦਿੱਤੇ ਜਾਣ, ਤਾਂ ਉਹ ਇਸ ਦਾ ਪਿੱਛਾ ਛੱਡ ਦੇਣਗੇ। ਸਿਰਫ ਨੌਂ ਸੌ ਰੂਬਲ ਦੀ ਗੱਲ ਹੈ!"
ਪਾਸ਼ਾ ਨੇ ਨਰਮਾਈ ਨਾਲ ਪੁੱਛਿਆ, "ਕਿਹੜੇ ਨੌਂ ਸੌ ਰੂਬਲ? ਮੈਂ ਨਹੀਂ ਜਾਣਦੀ … ਮੈਂ ਨਹੀਂ ਲਏ।"
"ਮੈਂ ਤੇਰੇ ਤੋਂ ਨੌਂ ਸੌ ਰੂਬਲ ਕਦੋਂ ਮੰਗਦੀ ਹਾਂ? … ਨਾ ਤੇਰੇ ਕੋਲ ਇੰਨੀ ਰਕਮ ਹੈ, ਨਾ ਮੈਨੂੰ ਤੇਰੇ ਰੁਪਿਆਂ ਦੀ ਜ਼ਰੂਰਤ ਹੈ। ਮੈਂ ਤੇਰੇ ਤੋਂ ਕੁੱਝ ਹੋਰ ਮੰਗਦੀ ਹਾਂ … ਮਰਦ ਆਮ ਤੌਰ ਤੇ ਤੇਰੇ ਵਰਗੀਆਂ ਔਰਤਾਂ ਨੂੰ ਬਹੁਤ ਕੀਮਤੀ ਤੋਹਫ਼ੇ ਦਿੰਦੇ ਹਨ। ਮੈਨੂੰ ਸਿਰਫ ਉਹ ਚੀਜ਼ਾਂ ਦੇ ਦੋ ਜੋ ਮੇਰੇ ਪਤੀ ਨੇ ਤੈਨੂੰ ਦਿੱਤੀਆਂ ਹਨ।"
"ਮੈਡਮ, ਉਸਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ!" ਹੌਲੀ ਹੌਲੀ ਔਰਤ ਦਾ ਮਤਲਬ ਸਮਝ ਕੇ ਪਾਸ਼ਾ ਨੇ ਵਾਵੇਲਾ ਕਰਨਾ ਸ਼ੁਰੂ ਕੀਤਾ।
”ਆਖ਼ਰ ਰੁਪਿਆ ਗਿਆ ਕਿੱਥੇ?" ਉਸਨੇ ਜੋ ਆਪਣੀ ਅਤੇ ਮੇਰੀ ਅਤੇ ਦੂਸਰਿਆਂ ਦੀ ਦੌਲਤ ਲੁਟਾਈ … ਉਹ ਸਭ ਕਿਥੇ ਗਈ? ਸੁਣ, ਮੈਂ ਬੇਨਤੀ ਕਰਦੀ ਹਾਂ। ਮੈਂ ਗੁੱਸੇ ਚ ਬੇਕਾਬੂ ਹੋ ਕੇ ਤੈਨੂੰ ਬਹੁਤ ਗੰਦੀਆਂ ਗੱਲਾਂ ਕਹੀਆਂ, ਉਨ੍ਹਾਂ ਦੀ ਮੁਆਫ਼ੀ ਮੰਗਦੀ ਹਾਂ। ਮੈਂ ਜਾਣਦੀ ਹਾਂ, ਤੈਨੂੰ ਮੇਰੇ ਨਾਲ ਨਫ਼ਰਤ ਹੋਵੇਗੀ, ਲੇਕਿਨ ਜੇਕਰ ਤੇਰੇ ਵਿੱਚ ਹਮਦਰਦੀ ਦੀ ਥੋੜੀ ਜਿਹੀ ਵੀ ਸਮਰੱਥਾ ਹੈ ਤਾਂ ਮੇਰੀ ਹਾਲਤ ਦੀ ਕਲਪਨਾ ਕਰ, ਮੈਂ ਮਿੰਨਤ ਕਰਦੀ ਹਾਂ, ਉਹ ਸਭ ਚੀਜ਼ਾਂ ਮੈਨੂੰ ਵਾਪਸ ਦੇ ਦੇ।"
ਕੁੱਝ ਸੋਚ ਕੇ ਪਾਸ਼ਾ ਨੇ ਮੋਢੇ ਹਿਲਾਏ ਤੇ ਕਿਹਾ, "ਮੈਂ ਖ਼ੁਸ਼ੀ ਖ਼ੁਸ਼ੀ ਦੇ ਦਿੰਦੀ, ਪਰ ਖ਼ੁਦਾ ਗਵਾਹ ਹੈ, ਉਸ ਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ। ਸਹੁੰ ਖਾ ਕੇ ਕਹਿੰਦੀ ਹਾਂ। ਮੇਰਾ ਯਕੀਨ ਮੰਨ। ਬੇਸ਼ੱਕ, ਤੂੰ ਸੱਚ ਕਹਿੰਦੀ ਹੈਂ, ਮੈਨੂੰ ਹੁਣੇ ਖ਼ਿਆਲ ਆਇਆ,” ਗਾਉਣ ਵਾਲੀ ਨੇ ਘਬਰਾ ਕੇ ਕਿਹਾ। "ਉਸਨੇ ਮੈਨੂੰ ਦੋ ਮਾਮੂਲੀ ਚੀਜ਼ਾਂ ਦਿੱਤੀਆਂ ਸਨ, ਕਹੇਂ ਤਾਂ ਉਹ ਦੇ ਦੇਵਾਂ?”
ਪਾਸ਼ਾ ਨੇ ਸ਼ਿੰਗਾਰ ਮੇਜ਼ ਦਾ ਇੱਕ ਖ਼ਾਨਾ ਖੋਲ੍ਹਿਆ ਅਤੇ ਇਸ ਵਿੱਚੋਂ ਇੱਕ ਖੋਖਲੀ ਸੋਨੇ ਦੀ ਚੂੜੀ ਅਤੇ ਇੱਕ ਹਲਕੀ ਯਾਕੂਤੀ ਅੰਗੂਠੀ ਕੱਢੀ।
"ਆਹ ਲੈ ਲਾ, ਮੈਡਮ!"
ਔਰਤ ਦਾ ਚਿਹਰਾ ਤਮਤਮਾ ਉਠਿਆ ਅਤੇ ਗੁੱਸੇ ਨਾਲ ਕੰਬਣ ਲੱਗਿਆ। ਉਸਨੂੰ ਇਹ ਹਰਕਤ ਚੰਗੀ ਨਾ ਲੱਗੀ।
"ਇਹ ਕੀ ਦੇ ਰਹੀ ਹੈਂ? ਮੈਂ ਖ਼ੈਰਾਤ ਨਹੀਂ ਮੰਗਦੀ, ਉਹ ਚੀਜ਼ਾਂ ਮੰਗਦੀ ਹਾਂ, ਜੋ ਤੇਰੀਆਂ ਨਹੀਂ… ਜੋ ਤੂੰ ਮੇਰੇ ਕਮਜ਼ੋਰ, ਨਾਖ਼ੁਸ਼ ਪਤੀ ਨੂੰ ਬੇਵਕੂਫ਼ ਬਣਾ ਕੇ ਹਥਿਆਈਆਂ ਨੇ … ਵੀਰਵਾਰ ਦੀ ਰਾਤ ਨੂੰ ਮੈਂ ਤੈਨੂੰ ਬੰਦਰਗਾਹ ਤੇ ਉਸ ਦੇ ਨਾਲ ਵੇਖਿਆ ਸੀ, ਤਾਂ ਤੂੰ ਕੀਮਤੀ ਬਰੋਸ਼ ਅਤੇ ਚੂੜੀਆਂ ਪਹਿਨੀਆਂ ਹੋਈਆਂ ਸਨ। ਮਾਸੂਮ ਬਣਨ ਦਾ ਕੋਈ ਫ਼ਾਇਦਾ ਨਹੀਂ। ਆਖ਼ਰੀ ਵਾਰ ਪੁੱਛਦੀ ਹਾਂ ਚੀਜ਼ਾਂ ਦੇਵੇਂਗੀ ਕਿ ਨਹੀਂ'?”
ਪਾਸ਼ਾ ਨੇ ਨਾਰਾਜ਼ਗੀ ਮਹਿਸੂਸ ਕਰਦਿਆਂ ਕਿਹਾ, "ਤੂੰ ਵੀ ਕਮਾਲ ਕਰਦੀ ਹੈਂ, ਮੈਂ ਤੈਨੂੰ ਭਰੋਸਾ ਦਵਾਉਂਦੀ ਹਾਂ ਇਸ ਚੂੜੀ ਅਤੇ ਅੰਗੂਠੀ ਦੇ ਇਲਾਵਾ ਮੈਂ ਤੇਰੇ ਨਿਕੋਲਾਈ ਪੇਤਰੋਵਿਚ ਦੀ ਕਿਸੇ ਚੀਜ਼ ਦੀ ਸ਼ਕਲ ਨਹੀਂ ਵੇਖੀ, ਮੇਰੇ ਲਈ ਉਹ ਸਿਰਫ ਮਿੱਠੇ ਕੇਕ ਲਿਆਇਆ ਕਰਦਾ ਹੈ।"
ਅਜਨਬੀ ਔਰਤ ਹੱਸੀ, "ਮਿੱਠੇ ਕੇਕ! ਘਰ ਬੱਚੇ ਰੋਟੀ ਦੀ ਬੁਰਕੀ ਨੂੰ ਤਰਸਦੇ ਨੇ ਅਤੇ ਤੇਰੇ ਲਈ ਮਿੱਠੇ ਕੇਕ ਲਿਆਏ ਜਾਂਦੇ ਨੇ। ਤਾਂ ਚੀਜ਼ਾਂ ਵਾਪਸ ਕਰਨ ਤੋਂ ਇਨਕਾਰ ਕਰਦੀ ਹੈਂ ਤੂੰ?”
ਜਵਾਬ ਨਾ ਮਿਲਣ ਤੇ ਔਰਤ ਬੈਠ ਗਈ ਅਤੇ ਹਵਾ ਵਿੱਚ ਨਜ਼ਰ ਗੱਡ ਕੇ ਸੋਚਣ ਲੱਗੀ।
"ਹੁਣ ਕੀ – ਕੀਤਾ ਜਾਵੇ? ਜੇਕਰ ਨੌਂ ਸੌ ਰੂਬਲ ਨਾ ਮਿਲੇ, ਤਾਂ ਉਹ ਬਰਬਾਦ ਹੋ ਜਾਵੇਗਾ ਅਤੇ ਬੱਚੇ ਅਤੇ ਮੈਂ ਵੀ ਬਰਬਾਦ ਹੋ ਜਾਵਾਂਗੀ। ਇਸ ਜ਼ਲੀਲ ਔਰਤ ਨੂੰ ਮਾਰ ਸੁੱਟਾਂ ਜਾਂ ਇਸ ਦੇ ਅੱਗੇ ਗੋਡੇ ਟੇਕ ਦੇਵਾਂ?”
ਔਰਤ ਨੇ ਰੁਮਾਲ ਮੂੰਹ ਤੇ ਰੱਖਿਆ ਅਤੇ ਹੌਕੇ ਲੈਣ ਲੱਗੀ?
"ਮੈਂ ਮਿੰਨਤ ਕਰਦੀ ਹਾਂ !" ਉਹ ਹੌਕੇ ਲੈਂਦੀ ਕਹਿ ਰਹੀ ਸੀ। "ਤੂੰ ਮੇਰੇ ਪਤੀ ਨੂੰ ਲੁੱਟਿਆ, ਬਰਬਾਦ ਕੀਤਾ, ਹੁਣ ਉਸ ਦਾ ਬਚਾਓ ਕਰ... ਚੱਲ ਉਸ ਦਾ ਖ਼ਿਆਲ ਨਹੀਂ ਕਰਨਾ ਨਾ ਕਰ। ਪਰ ਬੱਚੇ … ਬੱਚੇ … ਬੱਚਿਆਂ ਨੇ ਤੇਰਾ ਕੀ ਬਿਗਾੜਿਆ ਹੈ?”
ਪਾਸ਼ਾ ਦੀਆਂ ਨਜ਼ਰਾਂ ਵਿੱਚ ਭੁੱਖ ਨਾਲ ਬੇਹਾਲ, ਸੜਕ ਉੱਤੇ ਖੜੇ ਹੋਏ ਬੱਚਿਆਂ ਦੀ ਤਸਵੀਰ ਘੁੰਮ ਗਈ, ਅਤੇ ਉਸ ਦਾ ਵੀ ਮਨ ਭਰ ਆਇਆ।
”ਮੈਡਮ, ਦੱਸ, ਮੈਂ ਕੀ ਕਰਾਂ? ਤੂੰ ਕਹਿੰਦੀ ਹੈਂ, ਤੂੰ ਜ਼ਲੀਲ ਹੈਂ, ਤੂੰ ਪੇਤਰੋਵਿਚ ਨੂੰ ਬਰਬਾਦ ਕੀਤਾ, ਪਰ ਮੈਂ ਭਰੋਸਾ ਦਿਵਾਉਂਦੀ ਹਾਂ ਕਿ …. ਰੱਬ ਦੀ ਸਹੁੰ, ਮੈਨੂੰ ਉਸ ਕੋਲੋਂ ਕਦੇ ਕੁੱਝ ਨਹੀਂ ਮਿਲਿਆ … ਸਾਡੇ ਵਿੱਚ ਸਿਰਫ ਇੱਕ ਕੁੜੀ ਹੈ ਜਿਸਦਾ ਚਾਹੁਣ ਵਾਲਾ ਮਾਲਦਾਰ ਹੈ, ਬਾਕੀ ਸਭ ਰੋਟੀ ਅਤੇ ਕਵਾਸ ਉੱਤੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੀਆਂ ਹਨ, ਨਿਕੋਲਾਈ ਪੇਤਰੋਵਿਚ ਬੜਾ ਵਿਦਵਾਨ ਅਤੇ ਵਧੀਆ ਆਦਮੀ ਹੈ, ਇਸ ਲਈ ਮੈਂ ਉਸ ਦੀ ਆਓਭਗਤ ਕੀਤੀ। ਸ਼ਰੀਫ ਆਦਮੀਆਂ ਦੀ ਖ਼ਾਤਰਦਾਰੀ ਕਰਨਾ ਸਾਡਾ ਫ਼ਰਜ਼ ਹੈ।"
”ਮੈਂ ਉਹ ਚੀਜ਼ਾਂ ਮੰਗਦੀ ਹਾਂ, ਚੀਜ਼ਾਂ ਮੇਰੇ ਹਵਾਲੇ ਕਰ ਦੇ। ਮੈਂ ਰੋ ਰੋ ਤਰਲੇ ਪਾ ਰਹੀ ਹਾਂ … ਆਪਣੇ ਤਾਈਂ ਜ਼ਲੀਲ ਕਰ ਰਹੀ ਹਾਂ … ਕਹੇਂ ਤਾਂ ਗੋਡਿਆਂ ਪਰਨੇ ਹੋ ਝੁੱਕ ਜਾਵਾਂ, ਜੇਕਰ ਤੇਰਾ ਇਹੀ ਜੀ ਕਰਦਾ ਹੈ!"
ਪਾਸ਼ਾ ਨੇ ਹੌਲ ਕੇ ਚੀਖ਼ ਮਾਰੀ ਅਤੇ ਹੱਥ ਹਿਲਾਏ। ਉਸਨੂੰ ਖ਼ਿਆਲ ਆਇਆ ਕਿ ਕੀ ਸਚਮੁਚ ਇਹ ਪੀਲੀ ਰੰਗਤ ਵਾਲੀ ਹੁਸੀਨ ਔਰਤ ਜੋ ਅਜਿਹੇ ਉੱਤਮ ਅੰਦਾਜ਼ ਨਾਲ ਗੱਲਾਂ ਕਰ ਰਹੀ ਹੈ, ਜਿਵੇਂ ਸਟੇਜ ਤੇ ਅਦਾਕਾਰੀ ਕਰ ਰਹੀ ਹੋਵੇ, ਦਰਅਸਲ ਸ਼ਾਨ ਵਿਖਾਉਣ, ਆਪਣੇ ਤਾਈਂ ਉਚਾ ਕਰਨ, ਤਵਾਇਫ਼ ਕੁੜੀ ਨੂੰ ਜ਼ਲੀਲ ਕਰਨ ਦੀ ਨੀਅਤ ਨਾਲ ਉਸ ਦੇ ਅੱਗੇ ਗੋਡਿਆਂ ਪਰਨੇ ਝੁੱਕ ਜਾਏਗੀ।
ਪਾਸ਼ਾ ਨੇ ਅੱਖਾਂ ਪੂੰਝ ਕੇ ਕਿਹਾ, "ਬਹੁਤ ਅੱਛਾ, ਚੀਜ਼ਾਂ ਦੇ ਦਿੰਦੀ ਹਾਂ, ਸ਼ੌਕ ਨਾਲ ਲੈ। ਪਰ ਇਹ ਨਿਕੋਲਾਈ ਪੇਤਰੋਵਿਚ ਦੀਆਂ ਦਿੱਤੀਆਂ ਹੋਈਆਂ ਨਹੀਂ ਹਨ … ਹੋਰ ਸਾਹਿਬਾਨ ਨੇ ਦਿੱਤੀਆਂ ਸਨ। ਜਿਵੇਂ ਤੇਰਾ ਜੀਅ ਚਾਹੇ ….”
ਫਿਰ ਅਲਮਾਰੀ ਦਾ ਉੱਪਰਲਾ ਖ਼ਾਨਾ ਖੋਲ੍ਹਿਆ, ਇੱਕ ਹੀਰੇ ਦਾ ਬਰੋਸ਼, ਇੱਕ ਮੂੰਗਿਆਂ ਦਾ ਹਾਰ, ਕੁੱਝ ਅੰਗੂਠੀਆਂ ਅਤੇ ਚੂੜੀਆਂ ਕੱਢੀਆਂ ਅਤੇ ਸਭ ਔਰਤ ਦੇ ਹਵਾਲੇ ਕਰ ਦਿੱਤੀਆਂ।
”ਜੀ ਚਾਹੇ ਤਾਂ ਇਨ੍ਹਾਂ ਨੂੰ ਲੈ ਲੈ, ਮਗਰ ਤੇਰੇ ਪਤੀ ਨੇ ਮੈਨੂੰ ਕਦੇ ਕੁੱਝ ਨਹੀਂ ਦਿੱਤਾ, ਇਨ੍ਹਾਂ ਨੂੰ ਲੈ ਕੇ ਅਮੀਰ ਬਣ ਜਾ।" ਗੋਡਿਆਂ ਪਰਨੇ ਝੁੱਕਣ ਦੀ ਧਮਕੀ ਤੋਂ ਪੀੜਿਤ ਪਾਸ਼ਾ ਕਹਿੰਦੀ ਰਹੀ। “ਜੇਕਰ ਤੂੰ ਸਚਮੁਚ ਕੋਈ ਸ਼ਰੀਫ ਔਰਤ … ਉਸ ਦੀ ਪਤਨੀ ਹੈਂ, ਤਾਂ ਉਸਨੂੰ ਆਪਣੇ ਕੋਲ ਰੱਖ, ਜੀ ਹਾਂ ਮੈਂ ਉਸਨੂੰ ਬੁਲਾਣ ਨਹੀਂ ਸੀ ਗਈ। ਉਹ ਆਪਣੇ ਆਪ ਆਇਆ ਸੀ।"
ਅੱਥਰੂਆਂ ਵਿੱਚੋਂ ਸਭ ਚੀਜ਼ਾਂ ਦਾ ਜਾਇਜ਼ਾ ਲੈ ਕੇ ਉਹ ਔਰਤ ਬੋਲੀ:
"ਇਹ ਕਾਫ਼ੀ ਨਹੀਂ ਹਨ … ਇਨ੍ਹਾਂ ਦੇ ਤਾਂ ਪੰਜ ਸੌ ਰੂਬਲ ਵੀ ਨਹੀਂ ਮਿਲਣੇ।"
ਪਾਸ਼ਾ ਨੇ ਜੋਸ਼ ਵਿੱਚ ਆਕੇ ਖ਼ਾਨੇ ਵਿੱਚੋਂ ਇੱਕ ਸੋਨੇ ਦੀ ਘੜੀ, ਇੱਕ ਸਿਗਾਰ ਕੇਸ ਅਤੇ ਹੱਥ ਦੇ ਬਟਨ ਕੱਢ ਕੇ ਸੁੱਟ ਦਿੱਤੇ ਅਤੇ ਫਿਰ ਹੱਥ ਉਠਾ ਕੇ ਕਿਹਾ:
"ਹੁਣ ਮੇਰੇ ਕੋਲ ਕੁੱਝ ਨਹੀਂ ਰਿਹਾ … ਚਾਹੇਂ, ਤਾਂ ਤਲਾਸ਼ੀ ਲੈ ਲਾ!"
ਔਰਤ ਨੇ ਠੰਡਾ ਸਾਹ ਭਰਿਆ। ਕੰਬਦੇ ਹੋਏ ਹੱਥਾਂ ਨਾਲ ਸਭ ਚੀਜ਼ਾਂ ਇੱਕ ਰੁਮਾਲ ਵਿੱਚ ਬੰਨ੍ਹੀਆਂ ਅਤੇ ਚੁਪ-ਚਾਪ ਉੱਠਕੇ ਚੱਲੀ ਗਈ, ਸ਼ੁਕਰਾਨੇ ਦਾ ਕੋਈ ਸੰਕੇਤ ਤੱਕ ਵੀ ਨਾ ਕਰਦੀ ਹੋਈ।
ਨਾਲ ਦੇ ਕਮਰੇ ਦਾ ਦਰਵਾਜਾ ਖੁਲ੍ਹਿਆ ਅਤੇ ਕੋਲਪਾਕੋਵ ਦਾਖ਼ਲ ਹੋਇਆ। ਉਸ ਦਾ ਚਿਹਰਾ ਉਤਰਿਆ ਹੋਇਆ ਸੀ ਅਤੇ ਸਿਰ ਘਬਰਾਹਟ ਨਾਲ ਹਿਲ ਰਿਹਾ ਸੀ, ਜਿਵੇਂ ਉਸਨੇ ਕੋਈ ਬਹੁਤ ਕੌੜੀ ਚੀਜ਼ ਖਾ ਲਈ ਹੋਵੇ, ਅੱਖਾਂ ਵਿੱਚ ਅੱਥਰੂ ਝਲਕ ਰਹੇ ਸਨ।
ਪਾਸ਼ਾ ਨੇ ਉਸ ਵੱਲ ਝਪਟ ਕੇ ਪੁੱਛਿਆ, "ਤੁਸੀਂ ਮੈਨੂੰ ਕਿਹੜੇ ਤੋਹਫ਼ੇ ਦਿੱਤੇ? ਕਦੋਂ ਦਿੱਤੇ, ਜਰਾ ਦੱਸੋ ਤਾਂ ਸਹੀ?”
ਕੋਲਪਾਕੋਵ ਨੇ ਸਿਰ ਹਿਲਾ ਕੇ ਜਵਾਬ ਦਿੱਤਾ, "ਤੋਹਫ਼ੇ … ਇਨ੍ਹਾਂ ਦੀ ਗੱਲ ਛੱਡ। ਅੱਲ੍ਹਾ ਅੱਲ੍ਹਾ ਉਹ ਤੇਰੇ ਅੱਗੇ ਰੋਈ, ਆਪਣੇ ਤਾਈਂ ਜ਼ਲੀਲ ਕੀਤਾ ….”
ਪਾਸ਼ਾ ਨੇ ਫਿਰ ਚੀਖ਼ ਕੇ ਕਿਹਾ, "ਮੈਂ ਪੁੱਛਦੀ ਹਾਂ ਤੁਸੀਂ ਮੈਨੂੰ ਕਿਹੜੇ ਤੋਹਫ਼ੇ ਦਿੱਤੇ ਸੀ?”
”ਗ਼ਜ਼ਬ ਖ਼ੁਦਾ ਦਾ, ਉਹ, ਇੱਕ ਸ਼ਰੀਫ ਔਰਤ, ਇੰਨੀ ਖ਼ੁਦਦਾਰ, ਅਜਿਹੀ ਪਾਕ … ਉਹ ਇਸ ਕੋਠੇ ਦੀ ਔਰਤ ਦੇ ਅੱਗੇ ਗੋਡਿਆਂ ਪਰਨੇ ਝੁਕਣ ਤੇ ਉਤਾਰੂ ਸੀ ਅਤੇ ਇਹ ਸਭ ਮੇਰੇ ਕਰਕੇ ਤੇ ਉਸ ਦਾ ਇਹ ਹਾਲ ਮੈਂ ਕੀਤਾ!"
ਆਪਣਾ ਸਿਰ ਹੱਥ ਵਿੱਚ ਲੈ ਕੇ ਉਹ ਬੂਕਣ ਲੱਗ ਪਿਆ।
”ਆਪਣਾ ਇਹ ਕਸੂਰ ਕਦੇ ਨਹੀਂ ਭੁੱਲ ਸਕਾਂਗਾ। ਆਪਣੀ ਇਹ ਖ਼ਤਾ ਕਦੇ ਮੁਆਫ਼ ਨਹੀਂ ਕਰ ਸਕਾਂਗਾ। ਮੇਰੇ ਕੋਲੋਂ ਦੂਰ ਹੋ ਜਾ.. ਨੀਚ ਜਾਤ! ਉਸਨੇ ਨਫਰਤ ਭਰੇ ਤਰੀਕੇ ਨਾਲ, ਪਾਸ਼ਾ ਦੇ ਕੋਲੋਂ ਹੱਟ ਕੇ, ਅਤੇ ਕੰਬਦੇ ਹੋਏ ਹੱਥਾਂ ਨਾਲ ਉਸਨੂੰ ਧੱਕਾ ਦੇਕੇ ਕਿਹਾ, "ਗ਼ਜ਼ਬ ਖ਼ੁਦਾ ਦਾ, ਉਹ ਗੋਡਿਆਂ ਪਰਨੇ ਝੁਕਣ ਨੂੰ ਉਤਾਰੂ ਸੀ, ਅਤੇ … ਅਤੇ ਤੇਰੇ ਅੱਗੇ।"
ਉਸਨੇ ਜਲਦੀ ਨਾਲ ਕੱਪੜੇ ਪਹਿਨੇ ਅਤੇ ਹਿਕਾਰਤ ਨਾਲ ਪਾਸ਼ਾ ਨੂੰ ਧੱਕਾ ਦੇ ਕੇ ਦਰਵਾਜੇ ਵੱਲ ਵਧਿਆ ਅਤੇ ਬਾਹਰ ਨਿਕਲ ਗਿਆ।
ਪਾਸ਼ਾ ਲੇਟ ਗਈ ਅਤੇ ਜ਼ੋਰ ਜ਼ੋਰ ਨਾਲ ਵਿਰਲਾਪ ਕਰਨ ਲੱਗੀ। ਉਸਨੂੰ ਅਫ਼ਸੋਸ ਹੋ ਰਿਹਾ ਸੀ ਕਿ ਉਸਨੇ ਭਾਵਨਾਵਾਂ ਵਿੱਚ ਵਹਿ ਕੇ ਆਪਣੀਆਂ ਚੀਜ਼ਾਂ ਕਿਉਂ ਦੇ ਦਿੱਤੀਆਂ ਅਤੇ ਉਸ ਦੀਆਂ ਜਖ਼ਮੀ ਭਾਵਨਾਵਾਂ ਤੜਪ ਰਹੀਆਂ ਸਨ। ਉਸਨੂੰ ਖ਼ਿਆਲ ਆਇਆ ਕਿ ਕਿਸ ਤਰ੍ਹਾਂ ਤਿੰਨ ਸਾਲ ਹੋਏ ਇੱਕ ਸੌਦਾਗਰ ਨੇ ਉਸਨੂੰ ਅਕਾਰਨ, ਹਾਂ ਉੱਕਾ ਹੀ ਬਿਨਾਂ ਕਿਸੇ ਕਾਰਨ ਉਸਨੂੰ ਕੁੱਟਿਆ ਸੀ, ਅਤੇ ਉਹ ਪਹਿਲਾਂ ਕਦੇ ਵੀ ਨਾਲੋਂ ਵੱਧ ਫੁੱਟ ਫੁੱਟ ਕੇ ਰੋਣ ਲੱਗੀ।