ਸਮੱਗਰੀ 'ਤੇ ਜਾਓ

ਅਨੁਵਾਦ:ਚੂਹਿਆਂ ਦੀ ਸਭਾ (ਕਹਾਣੀ)

ਵਿਕੀਸਰੋਤ ਤੋਂ
ਚੂਹਿਆਂ ਦੀ ਸਭਾ
ਈਸਪ, ਅਨੁਵਾਦਕ ਚਰਨ ਗਿੱਲ

ਚੂਹੇ, ਬਿੱਲੀ ਦੇ ਨਿਰੰਤਰ ਖ਼ਤਰੇ ਤੋਂ ਨਿਰਾਸ਼ ਹੋ ਗਏ, ਤਾਂ ਉਨ੍ਹਾਂ ਨੇ ਚੁਣੌਤੀ ਦੇ ਹੱਲ ਲਈ ਕਾਨਫਰੰਸ ਬੁਲਾ ਲਈ। ਉਨ੍ਹਾਂ ਨੇ ਬੜੇ ਵਿਚਾਰ-ਵਟਾਂਦਰੇ ਕੀਤੇ, ਅਨੇਕਾਂ ਸੁਝਾਅ ਆਏ ਪਰ ਸਾਰੇ ਠੁਕਰਾ ਦਿੱਤੇ ਗਏ। ਅੰਤ ਵਿੱਚ, ਇੱਕ ਜੁਆਨੀ ਦੀ ਦੇਹਲੀ ਪੈਰ ਰੱਖ ਰਿਹਾ ਇੱਕ ਚੂਹਾ ਖੜ੍ਹਾ ਹੋਇਆ, ਅਤੇ ਸੁਝਾਅ ਦਿੱਤਾ ਕਿ ਬਿੱਲੀ ਦੇ ਗਲੇ ਵਿੱਚ ਇੱਕ ਘੰਟੀ ਲਟਕਾਈ ਜਾਵੇ।

"ਕਿੰਨਾ ਸ਼ਾਨਦਾਰ ਵਿਚਾਰ!" ਉਹ ਬੋਲ ਪਏ।

"ਸ਼ਾਨਦਾਰ ਸੁਝਾਅ!"

"ਓ ਹਾਂ, ਇਹਦੇ ਨਾਲ ਬਿੱਲੀ ਦੀ ਮੌਜੂਦਗੀ ਦੀ ਠੀਕ ਸਮੇਂ ਤੇ ਚੇਤਾਵਨੀ ਮਿਲ ਜਾਇਆ ਕਰੇਗੀ!"

ਉਹ ਸਾਰੇ ਪ੍ਰਸਤਾਵ ਨੂੰ ਬੜੇ ਉਤਸ਼ਾਹ ਅਤੇ ਤਾੜੀਆਂ ਨਾਲ ਸਹਿਮਤੀ ਦੇ ਰਹੇ ਸਨ, ਕਿ ਇੱਕ ਹੁਣ ਤੱਕ ਚੁੱਪ ਚਾਪ ਬੈਠਾ ਰਿਹਾ ਬਜ਼ੁਰਗ ਚੂਹਾ ਬੋਲਣ ਲਈ ਖੜਾ ਹੋਇਆ।

"ਸਚਮੁਚ ਬਹੁਤ ਵਧੀਆ ਸੁਝਾਅ ਹੈ ਅਤੇ ਬਿਨਾਂ ਸ਼ੱਕ ਸਾਡੀਆਂ ਮੁਸ਼ਕਲਾਂ ਦਾ ਹੱਲ ਕੱਢੇਗਾ," ਉਸਨੇ ਕਿਹਾ। "ਹੁਣ, ਇਹ ਦੱਸੋ ਬਈ ਸਾਡੇ ਵਿੱਚੋਂ ਕੌਣ ਬਿੱਲੀ ਦੇ ਗਲ ਵਿੱਚ ਘੰਟੀ ਬੰਨ੍ਹੇਗਾ?"

ਪ੍ਰਸਤਾਵ ਦੇਣਾ ਇਕ ਗੱਲ ਹੈ, ਇਸ ਨੂੰ ਅਮਲ ਵਿੱਚ ਸਾਕਾਰ ਕਰਨਾ ਹੋਰ ਗੱਲ।