ਅਨੁਵਾਦ:ਡਾਰਲਿੰਗ

ਵਿਕੀਸਰੋਤ ਤੋਂ
Jump to navigation Jump to search

ਰਿਟਾਇਰ ਕਾਲਜੀਏਟ ਅਸੈਸਰ ਪਲੀਨੀਨੇਕੋਵ ਦੀ ਬੇਟੀ ਓਲੇਂਕਾ ਆਪਣੇ ਘਰ ਦੇ ਵਰਾਂਡੇ ਵਿੱਚ ਬੈਠੀ ਸੀ। ਹਾਲਾਂਕਿ ਉਸਨੂੰ ਮੱਖੀਆਂ ਬਹੁਤ ਸਤਾ ਰਹੀਆਂ ਸਨ ਫਿਰ ਵੀ ਇਹ ਸੋਚਕੇ ਕਿ ਸ਼ਾਮ ਤਾਂ ਹੋ ਹੀ ਗਈ ਉਹ ਬੜੀ ਖੁਸ਼ ਹੋ ਰਹੀ ਸੀ। ਪੂਰਬ ਵੱਲੋਂ ਘਣੇ ਕਾਲੇ ਬੱਦਲ ਘੋਰਦੇ ਆ ਰਹੇ ਸਨ।

ਕੁਕੀਨ, ਜੋ ਓਲੇਂਕਾ ਦੇ ਮਕਾਨ ਵਿੱਚ ਹੀ ਇੱਕ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਸੀ, ਬਾਹਰ ਖੜਾ ਅਕਾਸ਼ ਦੇ ਵੱਲ ਵੇਖ ਰਿਹਾ ਸੀ। ਉਹ ਤਿਵੋਲੀ ਮਨੋਰੰਜਨ ਕੰਪਨੀ ਦਾ ਮੈਨੇਜਰ ਸੀ। “ਹੂੰ, ਮੀਂਹ, ਨਿੱਤ ਪੈ ਜਾਂਦਾ ਇਹ ਕੁਲਹਿਣਾ ਮੀਂਹ! ਨੱਕ ਵਿੱਚ ਦਮ ਹੋ ਗਿਆ।” ਕੁਕੀਨ ਆਪਣੇ ਆਪ ਨੂੰ ਕਹਿ ਰਿਹਾ ਸੀ – “ਹਰ ਰੋਜ ਕੰਪਨੀ ਦਾ ਨੁਕਸਾਨ ਹੁੰਦਾ ਹੈ। ਬਰਬਾਦ ਹੋ ਗਿਆ ਮੈਂ।” ਫਿਰ ਓਲੇਂਕਾ ਵੱਲ ਮੁੜ ਕੇ ਬੋਲਿਆ, “ਮੇਰੀ ਜ਼ਿੰਦਗੀ ਕਿੰਨੀ ਬੁਰੀ ਹੈ! ਬਿਨਾਂ ਖਾਧੇ ਪੀਤੇ ਰਾਤ ਭਰ ਲੱਗੇ ਰਹਿੰਦੇ ਹਾਂ ਤਾਂ ਜੋ ਨਾਟਕ, ਓਪੇਰੇ ਜਾਂ ਹੋਰ ਕਿਸੇ ਪੇਸ਼ਕਾਰੀ ਵਿੱਚ ਜਰਾ ਜਿੰਨੀ ਕਸਰ ਨਾ ਰਹਿ ਜਾਵੇ। ਸੋਚਦੇ ਸੋਚਦੇ ਮਰ ਜਾਂਦਾ ਹਾਂ ਪਰ ਤੈਨੂੰ ਪਤਾ ਸਿੱਟਾ ਕੀ ਨਿਕਲਦਾ ਹੈ? ਇੰਨੇ ਉੱਚੇ ਦਰਜੇ ਦੀ ਚੀਜ ਕਿਸੇ ਦੇ ਵੀ ਸਮਝ ਨਹੀਂ ਪੈਂਦੀ। ਜਨਤਾ ਬੇਵਕੂਫ਼ੀ ਦੀਆਂ ਗੱਲਾਂ ਨੂੰ, ਖੱਪਖਾਨੇ ਨੂੰ ਬਹੁਤ ਪਸੰਦ ਕਰਦੀ ਹੈ। ਅਤੇ ਫਿਰ ਮੌਸਮ ਦਾ ਇਹ ਹਾਲ ਹੈ! ਵੇਖ ਨਾ ਰੋਜ ਸ਼ਾਮ ਨੂੰ ਪਾਣੀ ਬਰਸਣ ਲੱਗਦਾ ਹੈ। ਮਈ ਦੀ ਦਸ ਤਾਰੀਖ ਤੋਂ ਪਾਣੀ ਸ਼ੁਰੂ ਹੋਇਆ, ਅਤੇ ਸਾਰਾ ਜੂਨ ਬਰਸਦਾ ਰਿਹਾ। ਜੋ ਪਹਿਲਾਂ ਨਾਟਕ ਦੇਖਣ ਆਉਂਦੇ ਵੀ ਸਨ, ਉਹ ਹੁਣ ਇਸ ਪਾਣੀ ਦੇ ਮਾਰੇ ਨਹੀਂ ਆਉਂਦੇ। ਕੁੱਝ ਵੀ ਨਹੀਂ ਮਿਲਦਾ, ਐਕਟਰਾਂ ਨੂੰ ਦੇਣ ਲਈ ਰੁਪਿਆ ਕਿੱਥੋ ਲਿਆਵਾਂ, ਕੁੱਝ ਵੀ ਸਮਝ ਨਹੀਂ ਪੈਂਦਾ।”

ਦੂਜੇ ਦਿਨ ਸ਼ਾਮ ਨੂੰ ਠੀਕ ਸਮੇਂ ਤੇ ਆਕਾਸ਼ ਵਿੱਚ ਫਿਰ ਬੱਦਲ ਘਿਰਨ ਲੱਗੇ। ਕੁਕੀਨ ਲਾਪਰਵਾਹੀ ਨਾਲ ਹਸ ਕੇ ਬੋਲਿਆ – “ਹੂੰ। ਜਾਣ ਵੀ ਦੇ ਭਲੇਮਾਣਸ! ਚਾਹੇ ਮੈਨੂੰ ਅਤੇ ਮੇਰੀ ਕੰਪਨੀ ਨੂੰ ਡੋਬ ਦੇ, ਮੈਨੂੰ ਕੋਈ ਪਰਵਾਹ ਨਹੀਂ। ਕੀ ਹੋਜੂ ਜੇ ਇਸ ਜੀਵਨ ਵਿੱਚ ਮੈਂ ਅਭਾਗਾ ਹੀ ਰਹਾਂ, ਤੇ ਅਗਲੀ ਚ ਵੀ। ਜੇਕਰ ਸਭ ਐਕਟਰ ਮਿਲ ਕੇ ਮੇਰੇ ਉੱਤੇ ਮੁਕੱਦਮਾ ਚਲਾ ਦੇਣ…। ਹਾ… ਹਾ..ਹਾ ..!” ਤੀਸਰੇ ਦਿਨ ਫਿਰ ਉਹੀ ਪਾਣੀ! ਬੇਚਾਰੇ ਕੁਕੀਨ ਦਾ ਦਿਲ ਰੋ ਰਿਹਾ ਸੀ।

ਓਲੇਂਕਾ ਨੇ ਚੁਪਚਾਪ ਬਹੁਤ ਧਿਆਨ ਨਾਲ ਕੁਕੀਨ ਦੀਆਂ ਗੱਲਾਂ ਸੁਣੀਆਂ। ਕਦੇ ਕਦੇ ਉਸਦੀਆਂ ਅੱਖਾਂ ਵਿੱਚ ਦੋ ਬੂੰਦ ਅੱਥਰੂ ਵੀ ਟਪਕ ਪੈਂਦੇ ਸਨ। ਓਲੇਂਕਾ ਨੂੰ ਕੁਕੀਨ ਨਾਲ ਬਹੁਤ ਹਮਦਰਦੀ ਹੋਣ ਲੱਗੀ ਸੀ। ਕੁਕੀਨ ਇੱਕ ਨਿਕਚੂ ਜਿਹਾ ਪਤਲਾ ਜਿਹਾ ਆਦਮੀ ਸੀ, ਚਿਹਰਾ ਪੀਲਾ ਅਤੇ ਲੰਬੇ ਵਾਲ ਅੱਗੇ ਨੂੰ ਮੱਥੇ ਤੇ ਵਾਹ ਕੇ ਰੱਖਦਾ ਸੀ। ਜਦੋਂ ਉਹ ਗੱਲ ਕਰਦਾ ਤਾਂ ਉਸਦਾ ਮੂੰਹ ਇਕ ਪਾਸੇ ਨੂੰ ਢਿਲਕ ਜਾਂਦਾ ਸੀ ਅਤੇ ਉਸਦੇ ਹਾਵ ਭਾਵ ਉਦਾਸ ਹੁੰਦੇ ਸੀ। ਉਸਦੀ ਅਵਾਜ਼ ਬਹੁਤ ਪਤਲੀ ਅਤੇ ਤਿੱਖੀ ਸੀ। ਫਿਰ ਵੀ ਉਸ ਨੇ ਓਲੇਂਕਾ ਅੰਦਰ ਇਕ ਡੂੰਘਾ ਤੇ ਸੱਚਾ ਪਿਆਰ ਪੈਦਾ ਕਰ ਦਿੱਤਾ ਸੀ। ਓਲੇਂਕਾ ਅੱਜ ਤੱਕ ਕਿਸੇ ਨਾ ਕਿਸੇ ਨੂੰ ਪਿਆਰ ਕਰਦੀ ਆਈ ਸੀ ਤੇ ਪਿਆਰ ਬਿਨਾਂ ਉਹ ਰਹੀ ਨਹੀਂ ਸਕਦੀ ਸੀ। ਪਹਿਲਾਂ ਉਹ ਆਪਣੇ ਬੀਮਾਰ ਬਾਪ ਨੂੰ ਪਿਆਰ ਕਰਦੀ ਸੀ ਜੋ ਹਮੇਸ਼ਾ ਹਨੇਰੇ ਕਮਰੇ ਵਿੱਚ ਆਰਾਮ ਕੁਰਸੀ ਉੱਤੇ ਲੇਟ ਕੇ, ਲੰਮੇ ਲੰਮੇ ਸਾਹ ਲਿਆ ਕਰਦਾ ਸੀ। ਉਹ ਆਪਣੀ ਚਾਚੀ ਨੂੰ ਪਿਆਰ ਕਰ ਚੁੱਕੀ ਸੀ ਜੋ ਸਾਲ ਭਰ ਵਿੱਚ ਇੱਕ ਜਾਂ ਦੋ ਵਾਰ ਬਿਆਤਸਕਾ ਤੋਂ ਓਲੇਂਕਾ ਨੂੰ ਮਿਲਣ ਆਇਆ ਕਰਦੀ ਸੀ। ਹਾਂ ਉਸਦੇ ਪਹਿਲਾਂ ਉਹ ਆਪਣੇ ਫਰਾਂਸੀਸੀ ਦੇ ਅਧਿਆਪਕ ਨੂੰ ਪਿਆਰ ਕਰਦੀ ਸੀ ਅਤੇ ਹੁਣ ਉਹ ਕੁਕੀਨ ਨਾਲ ਪ੍ਰੇਮ ਕਰਨ ਲੱਗੀ ਸੀ। ਉਹ ਇੱਕ ਕੋਮਲ, ਨਰਮ-ਦਿਲ, ਦਿਆਲੂ ਲੜਕੀ ਸੀ, ਜਿਸ ਦੀਆਂ ਹਲਕੀਆਂ, ਕੋਮਲ ਅੱਖਾਂ ਸਨ ਅਤੇ ਵਧੀਆ ਸਿਹਤ ਸੀ। ਉਸ ਦੀਆਂ ਭਰਵੀਆਂ ਗੁਲਾਬੀ ਗੱਲ੍ਹਾਂ, ਉਸ ਦੀ ਕੋਮਲ ਗੋਰੀ ਧੌਣ ਤੇ ਇਕ ਛੋਟਾ ਜਿਹਾ ਕਾਲਾ ਤਿਣ, ਅਤੇ ਜਦੋਂ ਵੀ ਉਹ ਕੁਝ ਵੀ ਸੁਹਾਵਣਾ ਸੁਣਦੀ ਤਾਂ ਉਸ ਦੇ ਚਿਹਰੇ ਤੇ ਆ ਜਾਣ ਵਾਲੀ ਮਿਹਰਬਾਨ ਭਾਵਭਿੰਨੀ ਮੁਸਕਰਾਹਟ ਦੇਖ ਕੇ ਮਰਦ ਲੋਕ ਸੋਚਦੇ, “ਹਾਂ, ਮਾੜੀ ਨਹੀਂ, ” ਅਤੇ ਉਹ ਮੁਸਕਰਾ ਵੀ ਦਿੰਦੇ, ਜਦੋਂ ਕਿ ਔਰਤਾਂ ਗੱਲਬਾਤ ਦੇ ਦੌਰਾਨ ਮੱਲੋਮੱਲੀ ਉਸਦਾ ਹੱਥ ਫੜ ਲੈਦੀਆਂ ਸਨ, ਅਤੇ ਖੁਸ਼ੀ ਦੇ ਮਾਰੇ ਕਹਿ ਉਠਦੀਆਂ,” ਓ ਡਾਰਲਿੰਗ!”

ਉਸਦਾ ਇਹ ਮਕਾਨ ਜੋ ਉਸਦੀ ਜੱਦੀ ਜਾਇਦਾਦ ਸੀ ਅਤੇ ਜਿਸ ਵਿੱਚ ਉਹ ਬਚਪਨ ਤੋਂ ਹੀ ਰਹਿ ਰਹੀ ਸੀ, ਸ਼ਹਿਰ ਦੇ ਬਾਹਰਵਾਰ ਜਿਪਸੀ ਸਲੋਬੋਦਕਾ ਇਲਾਕੇ ਵਿੱਚ ਸੀ ਅਤੇ ਤਿਵੋਲੀ ਨਾਟਕ ਕੰਪਨੀ ਦੇ ਇਥੋਂ ਨੇੜੇ ਹੀ ਸੀ। ਸ਼ਾਮਾਂ ਨੂੰ ਅਤੇ ਰਾਤ ਨੂੰ ਉਹ ਬੈਂਡ ਦੇ ਗਾਣੇ ਅਤੇ ਪਟਾਕਿਆਂ ਦੀਆਂ ਆਵਾਜ਼ਾਂ ਸੁਣ ਸਕਦੀ ਸੀ, ਅਤੇ ਉਸ ਨੂੰ ਲਗਦਾ ਸੀ ਕਿ ਕੁਕੀਨ ਆਪਣੀ ਕਿਸਮਤ ਨਾਲ ਸੰਘਰਸ਼ ਕਰ ਰਿਹਾ ਸੀ, ਆਪਣੇ ਮੁੱਖ ਦੁਸ਼ਮਣ, ਉਦਾਸੀਨ ਜਨਤਾ ਦੇ ਮੋਰਚੇ ਤੋੜ ਰਿਹਾ ਸੀ। ਇਹ ਸਭ ਸੋਚ ਕੇ ਉਸਦਾ ਕੋਮਲ ਹਿਰਦਾ ਪਿਘਲ ਜਾਂਦਾ, ਰਾਤ-ਭਰ ਨੀਂਦ ਉਸਦੇ ਨੇੜੇ ਨਾ ਫੜਕਦੀ। ਜਦੋਂ ਪਹਿਰ ਰਾਤ ਰਹਿੰਦੇ ਕੁਕੀਨ ਘਰ ਪਰਤਦਾ, ਉਹ ਉਸਦੇ ਬੈੱਡਰੂਮ ਦੀ ਖਿੜਕੀ ਤੇ ਹੌਲੀ-ਹੌਲੀ ਠੋਲੇ ਮਾਰਦੀ ਅਤੇ ਪਰਦੇ ਦੀ ਓਟ ਵਿੱਚ ਸਿਰਫ ਆਪਣਾ ਚਿਹਰਾ ਅਤੇ ਇਕ ਮੋਢਾ ਦਿਖਾਉਂਦੇ ਹੋਏ, ਉਸ ਨੂੰ ਇਕ ਦੋਸਤਾਨਾ ਮੁਸਕਰਾਹਟ ਅਦਾ ਕਰਦੀ।

ਅਖੀਰ ਉਸ ਨੇ ਉਸ ਨਾਲ ਸ਼ਾਦੀ ਦੀ ਗੱਲ ਕੀਤੀ ਅਤੇ ਉਨ੍ਹਾਂ ਦੀ ਸ਼ਾਦੀ ਹੋ ਗਈ। ਅਤੇ ਜਦੋਂ ਉਸਨੇ ਉਸਦੀ ਗਰਦਨ ਅਤੇ ਉਸਦੇ ਭਰਵੇਂ ਸੋਹਣੇ ਮੋਢੇ ਨਜ਼ਦੀਕ ਤੋਂ ਦੇਖੇ ਤਾਂ ਉਸਨੇ ਉਸਨੂੰ ਘੁੱਟ ਲਿਆ ਅਤੇ ਕਿਹਾ: “ਓ ਡਾਰਲਿੰਗ!!”

ਪਰ.. ਠੀਕ ਵਿਆਹ ਵਾਲੇ ਦਿਨ ਅਤੇ ਸਾਰੀ ਰਾਤ ਮੋਹਲੇਧਾਰ ਵਰਖਾ ਹੋਈ ਅਤੇ ਕੁਕੀਨ ਦੇ ਚਿਹਰੇ ਤੋਂ ਉਦਾਸੀ ਦੇ ਚਿੰਨ੍ਹ ਨਹੀਂ ਮਿਟੇ।

ਉਨ੍ਹਾਂ ਦੇ ਦਿਨ ਚੰਗੀ ਤਰ੍ਹਾਂ ਗੁਜ਼ਰ ਰਹੇ ਸਨ। ਕੰਪਨੀ ਦਾ ਹਿਸਾਬ ਰੱਖਣਾ, ਥੀਏਟਰ ਹਾਲ ਦੀ ਜਾਂਚ ਅਤੇ ਤਨਖ਼ਾਹ ਵੰਡਣਾ, ਹੁਣ ਓਲੇਂਕਾ ਦਾ ਕੰਮ ਸੀ। ਅਤੇ ਉਸ ਦੀਆਂ ਗੁਲਾਬੀ ਗੱਲ੍ਹਾਂ, ਉਸ ਦੀ ਮਿੱਠੀ, ਭਾਵ ਭਰੀ ਮੁਸਕਰਾਹਟ, ਕਦੇ ਆਫਿਸ ਵਿੰਡੋ ਤੇ, ਕਦੇ ਰੀਫਰੈਸ਼ਮੈਂਟ ਬਾਰ ਵਿੱਚ ਜਾਂ ਥੀਏਟਰ ਦੇ ਪਰਦੇ ਦੇ ਪਿੱਛੇ.ਵਿਖਾਈ ਦਿੰਦੀ ਸੀ। ਅਤੇ ਸ਼ੁਰੂ ਤੋਂ ਹੀ ਉਹ ਆਪਣੇ ਜਾਣੂਆਂ ਨੂੰ ਕਹਿਣ ਲੱਗ ਪਈ ਸੀ ਕਿ ਥੀਏਟਰ ਦੀ ਜ਼ਿੰਦਗੀ ਵਿੱਚ ਮੁੱਖ ਅਤੇ ਸਭ ਤੋਂ ਮਹੱਤਵਪੂਰਨ ਚੀਜ਼ ਸੀ ਅਤੇ ਇਹ ਕੇਵਲ ਨਾਟਕ ਦੇ ਰਾਹੀਂ ਸੀ ਕਿ ਕੋਈ ਜ਼ਿੰਦਗੀ ਦਾ ਅਸਲ ਅਨੰਦ ਪ੍ਰਾਪਤ ਕਰ ਸਕਦਾ ਸੀ ਅਤੇ ਸੁਲਝਿਆ ਇਨਸਾਨ ਬਣ ਸਕਦਾ ਸੀ। “ਪਰ ਕੀ ਤੁਸੀਂ ਸਮਝਦੇ ਹੋ ਕਿ ਜਨਤਾ ਵਿੱਚ ਇਹ ਸਮਝਣ ਦੀ ਸ਼ਕਤੀ ਹੈ?” ਉਸਨੇ ਪੁੱਛਿਆ। ਕੱਲ੍ਹ ਅਸੀਂ ‘ਫਾਸਟ ਅੰਦਰਲਾ ਬਾਹਰ’ ਪੇਸ਼ ਕੀਤਾ ਅਤੇ ਲਗਭਗ ਸਾਰੇ ਬੌਕਸ ਖਾਲੀ ਸਨ, ਪਰ ਜੇ ਵਨਿਤਕਾ ਅਤੇ ਮੈਂ ਕੁਝ ਅਸ਼ਲੀਲ ਚੀਜ਼ ਪੇਸ਼ ਕੀਤੀ ਹੁੰਦੀ ਤਾਂ ਮੈਂ ਯਕੀਨ ਨਾਲ ਕਹਿੰਦੀ ਹਾਂ ਕਿ ਥੀਏਟਰ ਭਰਿਆ ਹੋਣਾ ਸੀ। ਕੱਲ੍ਹ ਨੂੰ.ਵਨਿਤਕਾ ਅਤੇ ਮੈਂ ‘ਓਰਫਿਅਸ ਨਰਕ ਵਿੱਚ’ ਪੇਸ਼ ਕਰ ਰਹੇ ਹਾਂ। ਦੇਖਣ ਆਉਣਾ।” ਉਹ ਰਿਹਰਸਲ ਦੀ ਵੇਖ – ਭਾਲ ਕਰਦੀ, ਐਕਟਰਾਂ ਦੀਆਂ ਗ਼ਲਤੀਆਂ ਸੁਧਾਰਦੀ, ਗਾਇਕਾਂ ਨੂੰ ਠੀਕ ਕਰਦੀ; ਅਤੇ ਜਦੋਂ ਕਿਸੇ ਪੱਤਰ ਵਿੱਚ ਉਸ ਡਰਾਮੇ ਦੀ ਬੁਰਾਈ ਛਪਦੀ, ਤਾਂ ਉਹ ਘੰਟਿਆਂ ਬਧੀ ਰੋਂਦੀ ਅਤੇ ਉਸ ਪੱਤਰ ਦੇ ਸੰਪਾਦਕ ਨਾਲ ਬਹਿਸ ਕਰ ਉਸਨੂੰ ਗ਼ਲਤ ਸਿੱਧ ਕਰਨ ਲਈ ਦੌੜੀ ਜਾਂਦੀ।

ਥੀਏਟਰ ਦੇ ਐਕਟਰ ਉਸਨੂੰ ਚਾਹੁੰਦੇ ਸਨ ਅਤੇ ਡਾਰਲਿੰਗ ਕਿਹਾ ਕਰਦੇ ਸਨ। ਉਹ ਉਨ੍ਹਾਂ ਦੀ ਚਿੰਤਾਵਾਂ ਤੋਂ ਆਪ ਵੀ ਚਿੰਤਤ ਸੀ ਅਤੇ ਲੋੜ ਪੈਣ ਉੱਤੇ ਉਨ੍ਹਾਂ ਨੂੰ ਕਰਜ ਵੀ ਦੇ ਦਿੰਦੀ ਸੀ। ਅਤੇ ਜੇ ਉਹ ਉਸ ਨੂੰ ਧੋਖਾ ਦੇ ਦਿੰਦੇ, ਤਾਂ ਉਹ ਲੁਕ ਕੇ ਕੁਝ ਹੰਝੂ ਵਹਾ ਲੈਂਦੀ ਸੀ ਪਰ ਆਪਣੇ ਪਤੀ ਕੋਲ ਸ਼ਿਕਾਇਤ ਨਹੀਂ ਸੀ ਕਰਦੀ।

ਸਿਆਲਾਂ ਦੇ ਦਿਨ ਵੀ ਚੰਗੀ ਤਰ੍ਹਾਂ ਨਿਕਲ ਗਏ। ਉਹ ਸਰਦੀਆਂ ਸਰਦੀਆਂ ਥੀਏਟਰ ਸ਼ਹਿਰ ਲੈ ਜਾਂਦੇ ਅਤੇ ਇਸ ਨੂੰ ਕੁਝ ਸਮੇਂ ਲਈ ਛੋਟੀ ਜਿਹੀ ਰੂਸੀ ਕੰਪਨੀ ਨੂੰ, ਜਾਂ ਇਕ ਜਾਦੂਗਰ ਨੂੰ ਜਾਂ ਇੱਕ ਸਥਾਨਕ ਨਾਟਕੀ ਸਭਾ ਨੂੰ ਕਿਰਾਏ ਤੇ ਦੇ ਦਿੰਦੇ। ਓਲੇਂਕਾ ਬਹੁਤ ਖੁਸ਼ ਸੀ, ਅਤੇ ਕੁੱਝ ਕੁੱਝ ਮੋਟੀ ਵੀ ਹੋ ਰਹੀ ਸੀ; ਪਰ ਕੁਕੀਨ ਦਿਨੋ ਦਿਨ ਦੁਬਲਾ ਅਤੇ ਚਿੜਚਿੜਾ ਹੁੰਦਾ ਜਾ ਰਿਹਾ ਸੀ। ਰਾਤ – ਦਿਨ ਉਹ ਕੰਪਨੀ ਨੂੰ ਘਾਟੇ ਦੀ ਸ਼ਿਕਾਇਤ ਕਰਦਾ ਸੀ, ਹਾਲਾਂਕਿ ਸਿਆਲਾਂ ਦੇ ਦਿਨੀਂ ਉਸਨੂੰ ਨੁਕਸਾਨ ਨਹੀਂ ਹੋਇਆ ਸੀ। ਰਾਤ ਨੂੰ ਉਸਨੂੰ ਜੋਰਾਂ ਦੀ ਖੰਘ ਛਿੜਦੀ, ਤਾਂ ਓਲੇਂਕਾ ਉਸ ਨੂੰ ਗਰਮ ਰੈਸਪਬੇਰੀ ਚਾਹ ਜਾਂ ਨਿੰਬੂ ਦੇ ਫੁੱਲਾਂ ਦਾ ਪਾਣੀ ਦਿੰਦੀ, ਯੂ-ਡੀ-ਕੋਲੋਨ ਨਾਲ ਉਸਦੀ ਮਾਲਸ ਕਰਦੀ ਅਤੇ ਉਸਨੂੰ ਆਪਣੇ ਨਿੱਘੇ ਸ਼ਾਲਾਂ ਵਿੱਚ ਲਪੇਟਦੀ ਸੀ।

“ਤੁਸੀਂ ਬੜੇ ਹੀ ਮਿੱਠੇ ਹੋ!” ਉਹ ਉਸ ਦੇ ਵਾਲਾਂ ਨੂੰ ਪਲੋਸਦੀ ਹੋਈ ਪੂਰੀ ਤਰ੍ਹਾਂ ਦਿਲੋਂ ਕਹਿੰਦੀ, “ਤੁਸੀਂ ਬਹੁਤੇ ਹੀ ਸੁਹਣੇ ਮਨਮੋਹਣੇ ਹੋ!”

ਲੈਂਟ ਉਤਸਵ ਦੇ ਦਿਨਾਂ ਲਈ ਕੁਕੀਨ ਆਪਣੀ ਮੰਡਲੀ ਮੁੜ ਜੋੜਨ ਲਈ ਮਾਸਕੋ ਚਲਾ ਗਿਆ। ਉਸਦੇ ਚਲੇ ਜਾਣ ਉੱਤੇ ਓਲੇਂਕਾ ਬਹੁਤ ਦੁਖੀ ਰਹਿਣ ਲੱਗੀ। ਖਿੜਕੀ ਵਿੱਚ ਬੈਠ ਕੇ, ਰਾਤ ਭਰ ਉਹ ਅਕਾਸ਼ ਵੱਲ ਵੇਖਿਆ ਕਰਦੀ। ਅਤੇ ਉਸ ਨੇ ਕੁਕੜੀਆਂ ਦੇ ਨਾਲ ਆਪਣੇ ਆਪ ਦੀ ਤੁਲਨਾ ਕੀਤੀ, ਜੋ ਸਾਰੀ ਰਾਤ ਜਾਗਦੀਆਂ ਅਤੇ ਬੇਚੈਨ ਰਹਿੰਦੀਆਂ ਸਨ ਜਦੋਂ ਕੁੱਕੜ ਖੁੱਡੇ ਵਿੱਚ ਨਹੀਂ ਹੁੰਦਾ। ਕੁਕੀਨ ਨੇ ਲਿਖਿਆ ਕਿ ਕਿਸੇ ਕਾਰਨ ਉਹ ਈਸਟਰ ਤਿਉਹਾਰ ਦੇ ਪਹਿਲੇ ਘਰ ਨਹੀਂ ਪਰਤ ਸਕੇਂਗਾ। ਹੋਰ ਅੱਗੇ ਉਸਦੇ ਖਤ ਵਿੱਚ ਤਿਵੋਲੀ ਬਾਰੇ ਕੁਝ ਨਿਰਦੇਸ਼ ਦਿੱਤੇ ਗਏ ਸਨ।

ਈਸਟਰ ਦੇ ਸੋਮਵਾਰ ਦੇ ਪਹਿਲੇ ਇੱਕ ਦਿਨ ਰਾਤ ਨੂੰ ਖ਼ਬਰ ਨਹੀਂ ਕਿਸਨੇ ਬੂਹਾ ਖਟਖਟਾਇਆ। ਕੁੱਕ ਨੀਂਦ ਵਿੱਚੋਂ ਅੱਭੜਵਾਹੇ ਉਠੀ, ਨੰਗੇ ਪੈਰੀਂ ਡਿੱਗਦੀ-ਪੈਂਦੀ ਦਰਵਾਜਾ ਖੋਲ੍ਹਣ ਗਈ। “ਤਾਰ ਹੈ, ਛੇਤੀ ਦਰਵਾਜਾ ਖੋਲ੍ਹੋ,” ਕਿਸੇ ਨੇ ਰੁੱਖੀ ਜਿਹੀ ਆਵਾਜ਼ ਵਿੱਚ ਕਿਹਾ।

ਓਲੇਂਕਾ ਨੂੰ ਇਸਦੇ ਪਹਿਲਾਂ ਕੁਕੀਨ ਦੀਆਂ ਤਾਰਾਂ ਮਿਲਦੀਆਂ ਰਹੀਆਂ ਸੀ। ਪਰ ਪਤਾ ਨਹੀਂ ਕਿਉਂ ਇਸ ਵਾਰ ਉਸਦਾ ਅੰਦਰਲਾ ਕਿਸੇ ਅਨਹੋਣੀ ਦੇ ਸੰਦੇਹ ਨਾਲ ਕੰਬ ਰਿਹਾ ਸੀ। ਕੰਬਦੇ ਹੋਏ ਹੱਥਾਂ ਨਾਲ ਉਸਨੇ ਤਾਰ ਖੋਲ੍ਹੀ: “ਕੁਕੀਨ ਦੀ ਅੱਜ ਅਚਾਨਕ ਮੌਤ ਹੋ ਗਈ। ਆਦੇਸ਼ ਦੀ ਉਡੀਕ ਹੈ। ਸੰਸਕਾਰ ਮੰਗਲ ਨੂੰ।”

ਤਾਰ ਵਿੱਚ ਇਹੀ ਖਬਰ ਸੀ! ਤਾਰ ਉੱਤੇ ਆਪੇਰਾ ਕੰਪਨੀ ਦੇ ਮੈਨੇਜਰ ਦੇ ਹਸਤਾਖਰ ਸੀ।

ਓਲੇਂਕਾ ਫੁੱਟ ਫੁੱਟ ਕੇ ਰੋ ਰਹੀ ਸੀ:”ਵਾਨਕਾ, ਮੇਰੀ ਦੌਲਤ, ਮੇਰੇ ਪਿਆਰੇ! ਮੈਂ ਤੈਨੂੰ ਕਿਉਂ ਮਿਲ਼ੀ! ਮੈਂ ਤੈਨੂੰ ਮੁਹੱਬਤ ਕਿਉਂ ਕਰ ਬੈਠੀ! ਤੇਰੀ ਗਰੀਬ ਓਲੇਂਕਾ ਦਾ ਦਿਲ ਟੁੱਟ ਗਿਆ ਹੈ। ਤੇਰੇ ਬਿਨਾਂ ਉਹ ਇਕੱਲੀ ਹੈ!” ਕੁਕੀਨ ਦਾ ਮਾਸਕੋ ਵਿੱਚ ਮੰਗਲਵਾਰ ਨੂੰ ਅੰਤਿਮ ਕਿਰਿਆ ਕਰਮ ਕਰ ਦਿੱਤਾ ਗਿਆ। ਬੁੱਧਵਾਰ ਨੂੰ ਓਲੇਂਕਾ ਘਰ ਵਾਪਸ ਆ ਗਈ। ਆਉਂਦੇ ਹੀ ਉਹ ਪਲੰਗ ਉੱਤੇ ਡਿੱਗ ਪਈ, ਅਤੇ ਇੰਨੇ ਜ਼ੋਰ ਨਾਲ ਰੋਣ ਲੱਗੀ ਕਿ ਸੜਕ ਉੱਤੇ ਚਲਣ ਵਾਲੇ ਤੱਕ ਉਸਦਾ ਰੋਣਾ ਸੁਣ ਸਕਦੇ ਸਨ। ਉਸਦੇ ਗੁਆਂਢੀ ਦੇਖਦੇ ਤਾਂ ਕਹਿੰਦੇ, “ਬੇਚਾਰੀ ਡਾਰਲਿੰਗ! ਕਿੰਨੀ ਬਦਹਾਲ ਹੈ!”

ਤਿੰਨ ਮਹੀਨੇ ਬਾਅਦ ਇੱਕ ਦਿਨ ਓਲੇਂਕਾ ਉਦਾਸੀ ਅਤੇ ਡੂੰਘੇ ਸੋਗ ਵਿੱਚ ਡੁੱਬੀ ਚਰਚ ਤੋਂ ਘਰ ਆ ਰਹੀ ਸੀ। ਉਸ ਦਾ ਇੱਕ ਗੁਆਂਢੀ, ਵਸੀਲੀ ਐਂਦਰੀਚ ਪੁਸਤੋਵਾਲੋਵ ਵੀ ਚਰਚ ਤੋਂ ਉਸ ਦੇ ਪਿੱਛੇ ਪਿੱਛੇ ਆ ਰਿਹਾ ਸੀ। ਉਹ ਬਾਬਾਕਾਏ ਵਿੱਚ, ਟਿੰਬਰ ਵਪਾਰੀ ਦੇ ਕਾਰੋਬਾਰ ਦਾ ਮੈਨੇਜਰ ਸੀ। ਉਸਨੇ ਇਕ ਸਟ੍ਰਾਅ ਟੋਪੀ, ਇਕ ਚਿੱਟੀ ਫਤੂਹੀ ਅਤੇ ਇਕ ਸੋਨੇ ਦੀ ਘੜੀ ਦੀ ਚੇਨ ਪਹਿਨੀ ਸੀ, ਅਤੇ ਉਹ ਇੱਕ ਮੁਲਾਜ਼ਮ ਵਿਅਕਤੀ ਨਾਲੋਂ ਵੱਧ ਦਿਹਾਤੀ ਜਾਗੀਰਦਾਰ ਲੱਗਦਾ ਸੀ।

“ਓਲੇਂਕਾ, ਬੜੇ ਦੁੱਖ ਦੀ ਗੱਲ ਹੈ,” ਉਹ ਆਪਣੀ ਆਵਾਜ਼ ਵਿੱਚ ਇੱਕ ਹਮਦਰਦੀ ਦੀ ਸੁਰ ਨਾਲ ਗੰਭੀਰਤਾ ਨਾਲ ਕਹਿ ਰਿਹਾ ਸੀ; “ਜੇਕਰ ਕੋਈ ਮਰ ਜਾਵੇ ਤਾਂ ਰੱਬ ਦੀ ਮਰਜ਼ੀ ਸਮਝ ਕੇ ਭਾਣਾ ਮੰਨ ਲੈਣਾ ਚਾਹੀਦਾ ਹੈ।“ ਓਲੇਂਕਾ ਦੇ ਘਰ ਤੱਕ ਉਹਦੇ ਨਾਲ ਨਾਲ ਚੱਲਿਆ ਅਤੇ ਫਿਰ ਅਲਵਿਦਾ ਕਹਿ ਉਹ ਅੱਗੇ ਨਿਕਲ ਗਿਆ।

ਬਾਅਦ ਨੂੰ ਸਾਰਾ ਦਿਨ ਉਸ ਨੂੰ ਉਸਦੀ ਸੁਸ਼ੀਲ ਆਵਾਜ਼ ਸੁਣਾਈ ਦਿੰਦੀ ਰਹੀ ਅਤੇ ਜਦੋਂ ਵੀ ਉਹ ਆਪਣੀਆਂ ਅੱਖਾਂ ਬੰਦ ਕਰਦੀ ਸੀ ਤਾਂ ਉਸਨੂੰ ਉਸਦੀ ਕਾਲੀ ਦਾੜ੍ਹੀ ਦਿਖਣ ਲੱਗਦੀ। ਉਹ ਉਸ ਨੂੰ ਬਹੁਤ ਪਸੰਦ ਕਰਨ ਲੱਗੀ ਸੀ ਅਤੇ ਸਪਸ਼ਟ ਸੀ ਉਸਨੇ ਉਸ ਤੇ ਵੀ ਚੰਗਾ ਪ੍ਰਭਾਵ ਪਾਇਆ ਸੀ। ਥੋੜੇ ਚਿਰ ਬਾਅਦ ਇੱਕ ਬਜ਼ੁਰਗ ਔਰਤ, ਜਿਸ ਨਾਲ ਉਹਦੀ ਮਾੜੀ ਮੋਟੀ ਹੀ ਜਾਣ ਪਛਾਣ ਸੀ, ਉਸਦੇ ਨਾਲ ਕੌਫ਼ੀ ਪੀਣ ਲਈ ਆਈ, ਅਤੇ ਜਿਵੇਂ ਹੀ ਉਹ ਟੇਬਲ ਤੇ ਬੈਠੀ, ਉਹ ਪੁਸਤੋਵਾਲੋਵ ਬਾਰੇ ਗੱਲ ਕਰਨ ਲੱਗ ਪਈ. ਕਿ ਉਹ ਇਕ ਵਧੀਆ ਆਦਮੀ ਸੀ ਜਿਸ ਤੇ ਕੋਈ ਪੂਰੀ ਤਰ੍ਹਾਂ ਯਕੀਨ ਕਰ ਸਕੇ ਅਤੇ ਕਿਸੇ ਕੁੜੀ ਨੂੰ ਵੀ ਉਸ ਨਾਲ ਵਿਆਹ ਕਰਵਾ ਕੇ ਖੁਸ਼ੀ ਹੋਵੇਗੀ। ਤਿੰਨ ਦਿਨ ਬਾਅਦ ਪੁਸਤੋਵਾਲੋਵ ਖੁਦ ਆਇਆ। ਉਹ ਜ਼ਿਆਦਾ ਦੇਰ ਨਹੀਂ ਠਹਿਰਿਆ, ਕੇਵਲ 10 ਮਿੰਟ ਹੀ ਰਿਹਾ ਅਤੇ ਉਹ ਬਹੁਤ ਕੁਝ ਕਿਹਾ ਵੀ ਨਹੀਂ ਸੀ, ਪਰ ਜਦੋਂ ਉਹ ਗਿਆ ਤਾਂ ਓਲੇਂਕਾ ਉਸ ਨੂੰ ਪਿਆਰ ਕਰਨ ਲੱਗੀ ਸੀ- ਉਸ ਨੂੰ ਇੰਨਾ ਪਿਆਰ ਹੋ ਗਿਆ ਕਿ ਉਹ ਸਾਰੀ ਰਾਤ ਮੁਕੰਮਲ ਬੁਖ਼ਾਰ ਵਿਚ ਭਖਦੀ ਜਾਗਦੀ ਪਈ ਰਹੀ ਅਤੇ ਸਵੇਰ ਨੂੰ ਉਸ ਨੇ ਉਸ ਬਜ਼ੁਰਗ ਔਰਤ ਨੂੰ ਬੁਲਾ ਘੱਲਿਆ ਅਤੇ ਛੇਤੀ ਹੀ ਰਿਸ਼ਤਾ ਤਹਿ ਹੋ ਗਿਆ ਸੀ, ਅਤੇ ਫਿਰ ਵਿਆਹ ਹੋ ਗਿਆ। ਪੁਸਤੋਵਾਲੋਵ ਅਤੇ ਓਲੇਂਕਾ ਦਾ ਜਦੋਂ ਵਿਆਹ ਹੋ ਗਿਆ, ਉਨ੍ਹਾਂ ਦੀ ਜ਼ਿੰਦਗੀ ਸੁਹਣੀ ਰੁੜ੍ਹ ਪਈ।

ਆਮ ਤੌਰ ਤੇ ਉਹ ਡਿਨਰ ਦੇ ਸਮੇਂ ਤੱਕ ਕਾਰਖਾਨੇ ਵਿੱਚ ਰਹਿੰਦਾ, ਫਿਰ ਬਾਹਰਲੇ ਕੰਮ ਕੰਮਾਂਕਾਰਾਂ ਲਈ ਚਲਾ ਜਾਂਦਾ। ਉਸਦੇ ਜਾਣ ਦੇ ਬਾਅਦ ਓਲੇਂਕਾ ਉਸਦਾ ਸਥਾਨ ਮੱਲ ਲੈਂਦੀ। ਕਾਰਖਾਨੇ ਦਾ ਹਿਸਾਬ ਰੱਖਣਾ, ਆਰਡਰ ਬੁੱਕ ਕਰਨਾ ਹੁਣ ਉਸਦਾ ਕੰਮ ਹੁੰਦਾ। “ਟਿੰਬਰ ਹਰ ਸਾਲ ਮਹਿੰਗਾ ਹੁੰਦਾ ਜਾਂਦਾ ਹੈ, ਕੀਮਤ 20% ਵਧ ਜਾਂਦੀ ਹੈ,” ਉਹ ਆਪਣੇ ਗਾਹਕਾਂ ਅਤੇ ਸਹੇਲੀਆਂ ਨੂੰ ਦੱਸਦੀ। “ਜਰਾ ਸੋਚੋ ਅਸੀਂ ਸਥਾਨਕ ਟਿੰਬਰ ਵੇਚਿਆ ਕਰਦੇ ਸੀ, ਅਤੇ ਹੁਣ ਵਾਸ਼ਿਕਚਾ ਨੂੰ ਹਮੇਸ਼ਾ ਮੋਗਲੀਵ ਜ਼ਿਲ੍ਹੇ ਵਿਚ ਲੱਕੜ ਲਈ ਜਾਣਾ ਪੈਂਦਾ ਹੈ। ਅਤੇ ਢੋਆ ਢੁਆਈ! ” ਉਹ ਖੌਫ਼ ਵਿੱਚ ਆਪਣੇ ਹੱਥਾਂ ਨਾਲ ਆਪਣੀਆਂ ਗੱਲ੍ਹਾਂ ਨੂੰ ਢੱਕ ਕੇ ਕਹਿੰਦੀ। “ਭਾੜਾ!”

ਹੁਣ ਉਸ ਨੂੰ ਲਗਦਾ ਸੀ ਕਿ ਉਹ ਜੁੱਗਾਂ ਜੁੱਗਾਂ ਤੋਂ ਟਿੰਬਰ ਦੇ ਵਪਾਰ ਵਿਚ ਸੀ ਅਤੇ ਸੰਸਾਰ ਦੀ ਸਭ ਤੋਂ ਮੁੱਖ ਸਭ ਤੋਂ ਮਹਾਨ ਅਤੇ ਸਭ ਤੋਂ ਜ਼ਰੂਰੀ ਚੀਜ਼ ਟਿੰਬਰ ਸੀ। ਅਤੇ “ਗੇਲੀ,” “ਥੰਮੀ,” “ਸ਼ਤੀਰ,” “ਪੋਲ,” “ਗਜ਼,” “ਫੱਟੀ,” “ਗਰਮਾਲਾ,” “ਫੱਟਾ,” ਆਦਿ ਵਰਗੇ ਸ਼ਬਦਾਂ ਦੀ ਆਵਾਜ਼ ਵਿਚ ਉਸ ਨੂੰ ਨੇੜਤਾ ਅਤੇ ਛੂਹ ਲੈਣ ਵਾਲਾ ਕੁਝ ਜਾਪਦਾ ਸੀ।

ਰਾਤ ਨੂੰ ਜਦੋਂ ਉਹ ਸੌਂ ਰਹੀ ਹੁੰਦੀ ਸੀ ਤਾਂ ਉਸ ਨੂੰ ਸੁਪਨਿਆਂ ਵਿੱਚ ਫੱਟਿਆਂ ਅਤੇ ਬੋਰਡਾਂ ਦੇ ਪਹਾੜਾਂ, ਅਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਦੂਰ ਕਿਤੇ ਟਿੰਬਰ ਢੋਹ ਰਹੀਆਂ ਦਿਖਾਈ ਦਿੰਦੀਆਂ। ਉਸ ਨੂੰ ਸੁਪਨਾ ਆਇਆ ਕਿ ਛੇ ਇੰਚ ਆਧਾਰ ਵਾਲੀਆਂ ਚਾਲੀ ਫੁੱਟ ਉੱਚੀਆਂ ਦੂਰ ਤੱਕ ਖੜ੍ਹੀਆਂ ਸ਼ਤੀਰੀਆਂ ਟਿੰਬਰ-ਵਿਹੜੇ ਵਿੱਚ ਕੂਚ ਕਰ ਰਹੀਆਂ ਸੀ; ਕਿ ਲੱਕੜਾਂ, ਬੀਮ ਅਤੇ ਬੋਰਡ ਸੁੱਕੀਆਂ ਲੱਕੜਾਂ ਦੇ ਖੜਾਕ ਨਾਲ ਡਿੱਗਦੀਆਂ ਰਹਿੰਦੀਆਂ ਸਨ ਅਤੇ ਫਿਰ ਇਕ ਦੂਜੇ ਉੱਤੇ ਆਪਣੇ ਆਪ ਨੂੰ ਟਿਕਾਉਂਦੀਆਂ ਹੋਈਆਂ ਖੜੀਆਂ ਹੋ ਜਾਂਦੀਆਂ ਸਨ। ਓਲੇਂਕਾ ਨੇ ਆਪਣੀ ਨੀਂਦ ਵਿਚ ਉੱਚੀ ਆਵਾਜ਼ ਵਿਚ ਚੀਖ਼ ਮਾਰੀ, ਅਤੇ ਪੁਸਤੋਵਾਲੋਵ ਨੇ ਉਸ ਨੂੰ ਪਿਆਰ ਨਾਲ ਕਿਹਾ: “ਓਲੇਂਕਾ, ਕੀ ਗੱਲ ਹੈ, ਡਾਰਲਿੰਗ? ਪਾਸਾ ਲਓ!”

ਉਸ ਦੇ ਪਤੀ ਦੇ ਵਿਚਾਰ ਉਸ ਦੇ ਸਨ ਜੇ ਉਹ ਸੋਚਦਾ ਸੀ ਕਿ ਕਮਰਾ ਬਹੁਤ ਗਰਮ ਹੈ, ਜਾਂ ਕਿ ਕਾਰੋਬਾਰ ਸੁਸਤ ਸੀ, ਤਾਂ ਉਹ ਵੀ ਇਹੀ ਸੋਚਦੀ। ਉਸ ਦੇ ਪਤੀ ਨੂੰ ਮਨੋਰੰਜਨ ਦਾ ਕੋਈ ਸ਼ੌਕ ਨਹੀਂ ਸੀ ਅਤੇ ਛੁੱਟੀ ਵਾਲੇ ਦਿਨ ਉਹ ਘਰ ਵਿਚ ਹੀ ਰਹਿੰਦਾ। ਉਹ ਵੀ ਇਸੇ ਤਰ੍ਹਾਂ ਕਰਦੀ। “ਤੁਸੀਂ ਹਮੇਸ਼ਾ ਘਰ ਜਾਂ ਦਫਤਰ ਹੀ ਰਹਿੰਦੇ ਹੋ,” ਉਸਦੀਆਂ ਸਖੀਆਂ ਕਹਿੰਦੀਆਂ, “ਡਾਰਲਿੰਗ, ਤੁਹਾਨੂੰ ਥੀਏਟਰ ਜਾਂ ਸਰਕਸ ਜਾਣਾ ਚਾਹੀਦਾ ਹੈ।”

“ਵਾਸਿਲੀ ਅਤੇ ਮੇਰੇ ਕੋਲ ਥੀਏਟਰ ਲਈ ਕੋਈ ਸਮਾਂ ਨਹੀਂ ਹੈ,” ਉਹ ਬੜੇ ਸ਼ਾਂਤ ਅੰਦਾਜ਼ ਵਿੱਚ ਜਵਾਬ ਦਿੰਦੀ। “ਸਾਡੇ ਕੋਲ ਬਕਵਾਸ ਕੰਮਾਂ ਲਈ ਕੋਈ ਸਮਾਂ ਨਹੀਂ ਹੈ। ਇਨ੍ਹਾਂ ਥੀਏਟਰਾਂ ਦਾ ਕੀ ਫਾਇਦਾ?”

ਸ਼ਨੀਵਾਰਾਂ ਨੂੰ ਪੁਸਤੋਵਾਲੋਵ ਅਤੇ ਉਹ ਸ਼ਾਮ ਦੀ ਅਰਦਾਸ ਲਈ ਜਾਇਆ ਕਰਦੇ ਸਨ; ਛੁੱਟੀਆਂ ਵਾਲੇ ਦਿਨੀਂ ਮਾਸ (ਇੱਕ ਈਸਾਈ ਕਰਮਕਾਂਡ) ਲਈ। ਵਾਪਸ ਪਰਤਦੇ ਤਾਂ ਦੋਨਾਂ ਦੁਆਲੇ ਇਕ ਸੁਹਾਵਣੀ ਸੁਗੰਧ ਹੁੰਦੀ, ਅਤੇ ਉਸ ਦੇ ਰੇਸ਼ਮੀ ਲਿਬਾਸ ਦੀ ਸਰਸਰਾਹਟ ਵੀ ਚੰਗੀ ਚੰਗੀ ਲੱਗਦੀ ਸੀ। ਘਰ ਆ ਉਹ ਚਾਹ ਪੀਂਦੇ, ਕਈ ਕਿਸਮ ਦੇ ਬਰੈੱਡ ਜੈਮ ਨਾਲ ਚੱਖਦੇ, ਅਤੇ ਬਾਅਦ ਵਿਚ ਉਹ ਪਾਈ ਖਾਂਦੇ ਸਨ। ਹਰ ਰੋਜ ਬਾਰਾਂ ਵਜੇ ਉਨ੍ਹਾਂ ਦੇ ਵਿਹੜੇ ਵਿਚ ਚੁਕੰਦਰ ਅਤੇ ਮਟਨ ਜਾਂ ਬਤਖ਼ ਦੇ ਸੂਪ ਦੀ ਸੁਗੰਧੀ ਮੰਡਰਾ ਰਹੀ ਹੁੰਦੀ ਸੀ ਅਤੇ ਵਰਤਾਂ ਦੇ ਦਿਨੀਂ ਮੱਛੀ ਦੇ ਸੂਪ ਦੀ ਸੁਗੰਧ। ਕੋਈ ਵੀ ਲਲਚਾਏ ਬਿਨਾਂ ਬੂਹੇ ਅੱਗੋਂ ਨਹੀਂ ਸੀ ਲੰਘ ਸਕਦਾ। ਦਫਤਰ ਵਿਚ ਸਮੋਵਰ ਹਮੇਸ਼ਾ ਉਬਲਦਾ ਰਹਿੰਦਾ ਸੀ, ਅਤੇ ਗਾਹਕਾਂ ਨੂੰ ਚਾਹ ਦੇ ਨਾਲ ਖਸਤਾ ਬਿਸਕੁਟ ਖੁਆਏ ਜਾਂਦੇ। ਹਫ਼ਤੇ ਵਿਚ ਇਕ ਵਾਰ ਜੋੜੀ ਸਮੂਹਿਕ ਇਸ਼ਨਾਨ ਘਰ ਨਹਾਉਣ ਜਾਂਦੀ ਅਤੇ ਇੱਕ ਦੂਜੇ ਦਾ ਹਥ ਫੜ ਪਰਤਦੀ ਅਤੇ ਚਿਹਰੇ ਦੋਵੇਂ ਲਾਲ ਹੋਏ ਹੁੰਦੇ।

“ਹਾਂ, ਸਾਨੂੰ ਕੋਈ ਗਿਲਾ-ਸ਼ਿਕਵਾ ਨਹੀਂ, ਪਰਮਾਤਮਾ ਦਾ ਸ਼ੁਕਰ ਹੈ,” ਓਲੇਂਕਾ ਆਪਣੇ ਜਾਣੂਆਂ ਨੂੰ ਕਹਿੰਦੀ। “ਮੈਂ ਚਾਹੁੰਦੀ ਹਾਂ ਕਿ ਹਰ ਕੋਈ ਵਾਸਿਲੀ ਅਤੇ ਮੇਰੇ ਵਾਂਗ ਖੁਸ਼ਕਿਸਮਤ ਹੋਵੇ।”

ਜਦੋਂ ਇੱਕ ਵਾਸਿਲੀ ਲੱਕੜੀ ਖਰੀਦਣ ਮਾਲਗੇਵ ਜ਼ਿਲ੍ਹੇ ਵਿੱਚ ਗਿਆ ਹੋਇਆ ਸੀ, ਤਾਂ ਉਹ ਉਸਦੇ ਵਿਛੋੜੇ ਵਿੱਚ ਪਾਗਲ ਜਿਹੀ ਹੋ ਗਈ। ਰੋਂਦੇ ਰੋਂਦੇ ਉਹ ਸਾਰੀ ਰਾਤ ਬਿਤਾ ਦਿੰਦੀ। ਸਮਿਰਨੋਵ ਨਾਮ ਦਾ ਫੌਜ ਵਿਚ ਇਕ ਜਵਾਨ ਵੈਟਰਨਰੀ ਸਰਜਨ, ਜਿਸ ਨੂੰ ਉਨ੍ਹਾਂ ਨੇ ਆਪਣੇ ਘਰ ਦਾ ਇੱਕ ਪੋਰਸ਼ਨ ਕਿਰਾਏ ਤੇ ਦਿੱਤਾ ਹੋਇਆ ਸੀ, ਕਦੇ-ਕਦੇ ਸ਼ਾਮ ਨੂੰ ਆ ਜਾਇਆ ਕਰਦਾ ਸੀ। ਉਹ ਓਲੇਂਕਾ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ ਸੁਣਾਇਆ ਕਰਦਾ ਜਾਂ ਉਹ ਤਾਸ਼ ਖੇਡਿਆ ਕਰਦੇ। ਉਹ ਵਿਆਹਿਆ ਹੋਇਆ ਸੀ, ਅਤੇ ਇੱਕ ਨਿੱਕਾ ਮੁੰਡਾ ਵੀ ਸੀ; ਪਰ ਹੁਣ ਉਸਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਹੋਇਆ ਸੀ ਅਤੇ ਆਪਣੇ ਪੁੱਤਰ ਦੀ ਸਾਂਭ ਸੰਭਾਲ ਲਈ ਹਰ ਮਹੀਨੇ ਉਸ ਨੂੰ ਚਾਲੀ ਰੂਬਲ ਭੇਜਿਆ ਕਰਦਾ ਸੀ। ਉਹ ਕਿਹਾ ਕਰਦਾ ਸੀ ਕਿ ਉਸਦੀ ਪਤਨੀ ਵੱਡੀ ਧੋਖੇਬਾਜ ਸੀ ਇਸ ਲਈ ਉਸਨੂੰ ਵੱਖ ਹੋਣਾ ਪਿਆ। ਹੁਣ ਉਹ ਉਸਨੂੰ ਨਫਰਤ ਕਰਦਾ ਸੀ ਅਤੇ ਇਹ ਸਭ ਸੁਣ ਕੇ, ਓਲੇਂਕਾ ਨੇ ਆਪਣਾ ਸਿਰ ਹਿਲਾਇਆ ਅਤੇ ਉਸ ਨਾਲ ਹਮਦਰਦੀ ਦਾ ਪ੍ਰਗਟਾ ਕੀਤਾ।

“ਰੱਬ ਤੈਨੂੰ ਖੁਸ਼ ਰੱਖੇ,” ਓਲੇਂਕਾ ਉਸਨੂੰ ਵਾਪਸ ਜਾਂਦੇ ਹੋਏ ਨੂੰ ਕਿਹਾ ਕਰਦੀ ਸੀ। “ਤੂੰ ਮੇਰੇ ਲਈ ਕਸ਼ਟ ਉਠਾਇਆ। ਮੇਰਾ ਸਮਾਂ ਕਟ ਗਿਆ। ਕਿਨ੍ਹਾਂ ਸ਼ਬਦਾਂ ਵਿੱਚ ਤੇਰਾ ਧੰਨਵਾਦ ਕਰਾਂ? ਮਾਂ ਮਰੀਅਮ ਤੈਨੂੰ ਤਕੜਾਈ ਬਖਸ਼ੇ।” ਅਤੇ ਉਹ ਹਮੇਸ਼ਾ ਆਪਣੇ ਆਪ ਨੂੰ ਉਸੇ ਸ਼ੀਲਤਾ ਅਤੇ ਮਾਣ ਨਾਲ, ਆਪਣੇ ਪਤੀ ਦੀ ਰੀਸ ਉਸੇ ਤਰਕਸ਼ੀਲਤਾ ਨਾਲ ਪ੍ਰਗਟ ਕਰਦੀ ਸੀ। ਜਦੋਂ ਹੀ ਵੈਟਰਨਰੀ ਸਰਜਨ ਹੇਠਾਂ ਉੱਤਰ ਦਰਵਾਜ਼ੇ ਦੇ ਪਿੱਛੇ ਅਲੋਪ ਹੋ ਜਾਂਦਾ ਸੀ, ਉਹ ਕਹਿੰਦੀ: “ਤੁਸੀਂ ਜਾਣਦੇ ਹੋ, ਵਲਾਦੀਮੀਰ ਪਲਾਤੀਨਿਚ, ਚੰਗਾ ਹੋਵੇ ਕਿ ਤੁਸੀਂ ਆਪਣੀ ਪਤਨੀ ਨਾਲ ਬਣਾ ਲਵੋ। ਤੁਹਾਨੂੰ ਆਪਣੇ ਪੁੱਤਰ ਦੀ ਖ਼ਾਤਰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਤੁਸੀਂ ਯਕੀਨ ਕਰੋ ਕਿ ਛੋਟੂ ਨੂੰ ਬੜੀ ਲੋੜ ਹੈ।” ਅਤੇ ਜਦੋਂ ਵਾਸਿਲੀ ਵਾਪਸ ਆ ਗਿਆ, ਉਸਨੇ ਉਸ ਨੂੰ ਵੈਟਰਨਰੀ ਸਰਜਨ ਅਤੇ ਉਸਦੇ ਦੁਖੀ ਘਰੇਲੂ ਜ਼ਿੰਦਗੀ ਬਾਰੇ ਹੌਲੀ ਆਵਾਜ਼ ਵਿੱਚ ਦੱਸਿਆ, ਅਤੇ ਦੋਹਾਂ ਨੇ ਹੌਕਾ ਭਰਿਆ ਅਤੇ ਆਪਣੇ ਸਿਰ ਹਿਲਾਏ ਅਤੇ ਉਸ ਮੁੰਡੇ ਬਾਰੇ ਗੱਲ ਕੀਤੀ, ਜਿਸਨੂੰ ਬਿਨਾਂ ਸ਼ੱਕ ਪਿਤਾ ਦੀ ਕਮੀ ਖਟਕਦੀ ਸੀ, ਅਤੇ ਵਿਚਾਰਾਂ ਦੇ ਇੱਕ ਅਜੀਬ ਮੇਲ ਨਾਲ ਉਹ ਪਵਿੱਤਰ ਧਾਰਮਿਕ ਮੂਰਤੀਆਂ ਵੱਲ ਚਲੇ ਗਏ, ਉਨ੍ਹਾਂ ਦੇ ਅੱਗੇ ਜ਼ਮੀਨ ਤੇ ਝੁਕੇ ਅਤੇ ਪ੍ਰਾਰਥਨਾ ਕੀਤੀ ਕਿ ਰੱਬ ਉਨ੍ਹਾਂ ਨੂੰ ਬੱਚਿਆਂ ਦਾ ਸੁਖ ਦੇਵੇ।

ਇਸ ਤਰ੍ਹਾਂ ਉਨ੍ਹਾਂ ਨੇ ਛੇ ਸਾਲ ਸ਼ਾਂਤੀਪੂਰਵਕ ਪਿਆਰ ਅਤੇ ਪੂਰਨ ਸਦਭਾਵਨਾ ਵਿੱਚ ਗੁਜ਼ਾਰੇ। ਪਰ ਦੇਖੋ! ਸਰਦੀਆਂ ਦੇ ਇੱਕ ਦਿਨ ਦਫਤਰ ਵਿਚ ਗਰਮ ਚਾਹ ਪੀਣ ਤੋਂ ਬਾਅਦ ਵਾਸਿਲੀ ਨੇ ਆਪਣੀ ਟੋਪੀ ਪਹਿਨੇਣ ਤੋਂ ਬਿਨਾਂ ਭੇਜੇ ਜਾਣ ਵਾਲੀ ਕੁਝ ਟਿੰਬਰ ਦੇਖਣ ਲਈ ਵਿਹੜੇ ਵਿੱਚ ਚਲਿਆ ਗਿਆ, ਠੰਡ ਲੱਗ ਗਈ ਅਤੇ ਬੀਮਾਰ ਹੋ ਗਿਆ। ਉਸ ਨੇ ਸਭ ਤੋਂ ਵਧੀਆ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਸਨ, ਪਰ ਉਸ ਦਾ ਰੋਗ ਵਧਦਾ ਗਿਆ ਅਤੇ ਚਾਰ ਮਹੀਨਿਆਂ ਦੀ ਬਿਮਾਰੀ ਦੇ ਬਾਅਦ ਉਸਦੀ ਮੌਤ ਹੋ ਗਈ। ਤੇ ਓਲੇਂਕਾ ਇਕ ਵਾਰ ਵਿਧਵਾ ਹੋ ਗਈ ਸੀ।

“ਮੇਰਾ ਹੁਣ ਕੋਈ ਨਹੀਂ, ਮੇਰੇ ਪਿਆਰੇ, ਤੂੰ ਮੈਨੂੰ ਛੱਡ ਕੇ ਚਲਿਆ ਗਿਆ ਹੈਂ।” ਆਪਣੇ ਪਤੀ ਦੇ ਅੰਤਿਮ-ਸੰਸਕਾਰ ਦੇ ਬਾਅਦ ਉਹ ਵਿਰਲਾਪ ਕਰਨ ਲੱਗੀ, “ਮੈਂ ਤੇਰੇ ਬਿਨਾ ਕਿਵੇਂ ਦਿਨ ਕੱਟਾਂਗੀ, ਲਾਚਾਰ ਅਤੇ ਸੰਤਾਪ ਵਿੱਚ ਘਿਰੀ! ਮੇਰੇ ਤੇ ਰਹਿਮ ਕਰੋ, ਭਲਿਓ ਲੋਕੋ, ਭਰੇ ਸੰਸਾਰ ਵਿਚ ਮੈਂ `ਕੱਲੀ!” ਉਹ ਕਿਤੇ ਵੀ ਜਾਂਦੀ ਲੰਬੇ “ਰੁਦਾਲੀਆਂ” ਵਾਲੇ ਕਾਲੇ ਕੱਪੜੇ ਪਹਿਨ ਕੇ ਜਾਂਦੀ ਅਤੇ ਟੋਪੀ ਅਤੇ ਦਸਤਾਨੇ ਪਹਿਨਣਾ ਉਸਨੇ ਹਮੇਸ਼ਾ ਲਈ ਤਰਕ ਕਰ ਦਿੱਤਾ। ਉਹ ਚਰਚ ਜਾਂ ਆਪਣੇ ਪਤੀ ਦੀ ਕਬਰ ਨੂੰ ਛੱਡ ਹੋਰ ਘੱਟ ਹੀ ਕਿਤੇ ਜਾਂਦੀ ਸੀ, ਅਤੇ ਸਨਿਆਸ ਦੀ ਜ਼ਿੰਦਗੀ ਬਿਤਾਉਣ ਲੱਗੀ। ਛੇ ਮਹੀਨਿਆਂ ਬਾਅਦ ਕਿਤੇ ਉਸ ਨੇ ਰੁਦਾਲੀਆਂ ਨੂੰ ਲਾਹ ਦਿੱਤਾ ਅਤੇ ਬਾਰੀਆਂ ਖੋਲ੍ਹ ਦਿੱਤੀਆਂ। ਉਸ ਨੂੰ ਕਈ ਵਾਰ ਸਵੇਰ ਦੇ ਵਕਤ ਆਪਣੀ ਕੁੱਕ ਨਾਲ ਬਜ਼ਾਰੋਂ ਸਮਾਨ ਲੈਣ ਜਾਂਦੇ ਵੇਖਿਆ ਗਿਆ ਸੀ। ਪਰ ਉਸ ਦੇ ਘਰ ਵਿੱਚ ਕੀ ਹੋਇਆ ਅਤੇ ਹੁਣ ਉਹ ਕਿਵੇਂ ਰਹਿੰਦੀ ਸੀ, ਇਹ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਸੀ। ਲੋਕ ਉਸਨੂੰ ਆਪਣੇ ਬਗੀਚੇ ਵਿਚ ਵੈਟਰਨਰੀ ਸਰਜਨ, ਜੋ ਉਸ ਨੂੰ ਉੱਚੀ ਆਵਾਜ਼ ਵਿਚ ਅਖ਼ਬਾਰ ਪੜ੍ਹ ਕੇ ਸੁਣਾ ਰਿਹਾ ਹੁੰਦਾ, ਉਸ ਨਾਲ ਚਾਹ ਪੀਂਦਿਆਂ ਦੇਖ ਕੇ ਅੰਦਾਜ਼ੇ ਲਾਉਂਦੇ ਸਨ।

ਪੋਸਟ ਆਫਿਸ ਵਿਚ ਆਪਣੀ ਵਾਕਿਫ਼ ਇਕ ਔਰਤ ਨੂੰ ਮਿਲਣ ਤੇ ਉਸਨੇ ਉਸ ਨੂੰ ਕਿਹਾ: “ਸਾਡੇ ਕਸਬੇ ਵਿਚ ਕੋਈ ਵੀ ਸਹੀ ਵੈਟਰਨਰੀ ਡਾਕਟਰ ਨਹੀਂ, ਅਤੇ ਇਹ ਸਭਨਾਂ ਤਰ੍ਹਾਂ ਦੀਆਂ ਮਹਾਂਮਾਰੀਆਂ ਦਾ ਕਾਰਨ ਹੈ। ਹਮੇਸ਼ਾ ਲੋਕਾਂ ਨੂੰ ਦੁੱਧ ਦੀ ਸਪਲਾਈ ਤੋਂ ਇਨਫੈਕਸ਼ਨ ਹੋ ਰਹੀ ਹੈ, ਜਾਂ ਘੋੜਿਆਂ ਅਤੇ ਗਾਵਾਂ ਤੋਂ ਬਿਮਾਰੀਆਂ ਲੱਗ ਰਹੀਆਂ ਹਨ। ਪਾਲਤੂ ਡੰਗਰਾਂ ਦੀ ਸਿਹਤ ਦੀ ਵੀ ਮਨੁੱਖੀ ਸਿਹਤ ਦੇ ਵਾਂਗ ਹੀ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ।” ਹੁਣ ਉਸਨੇ ਸਮਿਰਨੋਵ ਦੀਆਂ ਗੱਲਾਂ ਦੁਹਰਾਈਆਂ ਸਨ ਅਤੇ ਹਰ ਇੱਕ ਮੁੱਦੇ ਦੇ ਬਾਰੇ ਵਿੱਚ ਜੋ ਉਸਦੀ ਰਾਏ ਹੁੰਦੀ ਉਹੀ ਓਲੇਂਕਾ ਦੀ ਵੀ ਹੁੰਦੀ। ਸਪੱਸ਼ਟ ਸੀ ਕਿ ਉਹ ਕਿਸੇ ਨਾਲ ਦਿਲ ਲਗਾਉਣ ਦੇ ਬਿਨਾਂ ਇਕ ਸਾਲ ਵੀ ਨਹੀਂ ਕੱਟ ਸਕਦੀ ਸੀ, ਅਤੇ ਉਸ ਨੂੰ ਘਰ ਵਿੱਚ ਨਵੀਂ ਖੁਸ਼ੀ ਮਿਲ ਗਈ ਸੀ। ਜੇਕਰ ਓਲੇਂਕਾ ਦੇ ਸਥਾਨ ਉੱਤੇ ਕੋਈ ਦੂਜੀ ਇਸਤਰੀ ਹੁੰਦੀ ਤਾਂ ਹੁਣ ਤੱਕ ਸਭ ਦੀ ਨਫ਼ਰਤ ਦਾ ਪਾਤਰ ਬਣ ਗਈ ਹੁੰਦੀ ਪਰ ਓਲੇਂਕਾ ਦੇ ਸੰਬੰਧ ਵਿੱਚ ਕੋਈ ਵੀ ਅਜਿਹਾ ਨਹੀਂ ਸੋਚਦਾ ਸੀ। ਉਹ ਜੋ ਕੁਝ ਕਰਦੀ ਉਹ ਐਨ ਕੁਦਰਤੀ ਲੱਗਦਾ ਸੀ। ਨਾ ਹੀ ਉਸਨੇ ਅਤੇ ਨਾ ਹੀ ਵੈਟਰਨਰੀ ਸਰਜਨ ਨੇ ਆਪਣੇ ਸੰਬੰਧਾਂ ਵਿੱਚ ਬਦਲਾਓ ਦੇ ਸੰਬੰਧ ਵਿੱਚ ਹੋਰ ਲੋਕਾਂ ਨੂੰ ਕੁਝ ਕਿਹਾ, ਅਤੇ ਸੱਚਮੁੱਚ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ, ਕਿਉਂਕਿ ਓਲੇਂਕਾ ਕੋਈ ਗੱਲ ਗੁਪਤ ਨਹੀਂ ਰੱਖ ਸਕਦੀ ਸੀ। ਜਦੋਂ ਪ੍ਰਾਹੁਣੇ ਆਏ ਹੁੰਦੇ ਸਨ, ਉਸਦੀ ਰੈਜਮੈਂਟ ਵਿੱਚ ਸੇਵਾ ਕਰ ਰਹੇ ਉਸਦੇ ਨਾਲ ਦੇ ਲੋਕ, ਅਤੇ ਉਨ੍ਹਾਂ ਨੇ ਚਾਹ ਨੂੰ ਪਿਲਾਉਂਦੀ ਜਾਂ ਰਾਤ ਦਾ ਭੋਜਨ ਪਰੋਸਦੀ, ਤਾਂ ਉਹ ਉਨ੍ਹਾਂ ਨਾਲ ਪਸ਼ੂਆਂ ਦੀ ਪਲੇਗ, ਮੂੰਹ ਖ਼ੁਰ ਦੀ ਬਿਮਾਰੀ, ਅਤੇ ਮਿਊਂਸਪਲ ਬੁੱਚੜਖਾਨਿਆਂ ਦੇ ਬਾਰੇ ਗੱਲਬਾਤ ਸ਼ੁਰੂ ਕਰ ਲੈਂਦੀ। ਉਹ ਬਹੁਤ ਸ਼ਰਮਿੰਦਾ ਹੋ ਜਾਇਆ ਕਰਦਾ ਸੀ, ਅਤੇ ਜਦੋਂ ਮਹਿਮਾਨ ਚਲੇ ਜਾਂਦੇ ਸਨ ਤਾਂ ਉਹ ਉਸਦਾ ਹੱਥ ਫੜ ਲੈਂਦਾ ਅਤੇ ਗੁੱਸੇ ਵਿਚ ਫੁੰਕਾਰਦਾ। “ਮੈਂ ਤੈਨੂੰ ਇਸ ਬਾਰੇ ਗੱਲ ਨਾ ਕਰਨ ਲਈ ਕਿਹਾ ਸੀ ਪਰ ਤੂੰ ਸਮਝਦੀ ਹੀ ਨਹੀਂ। ਜਦ ਅਸੀਂ ਵੈਟਰਨਰੀ ਸਰਜਨ ਆਪਸ ਵਿਚ ਗੱਲ ਕਰ ਰਹੇ ਹੁੰਦੇ ਹਾਂ ਤਾਂ ਕਿਰਪਾ ਕਰਕੇ ਵਿੱਚ ਆਪਣੀਆਂ ਨਾ ਛੱਡਿਆ ਕਰ। ਇਹ ਬੜਾ ਭੈੜਾ ਲੱਗਦਾ ਹੈ।”

ਓਲੇਂਕਾ ਡਰਦੀ ਡਰਦੀ ਉਸ ਵੱਲ ਵੇਖਦੀ ਅਤੇ ਦੁਖੀ ਮਨ ਨਾਲ ਪੁੱਛਦੀ, “ਫਿਰ ਮੈਂ ਕਿਸਦੇ ਬਾਰੇ ਗੱਲਾਂ ਕਰਿਆ ਕਰਾਂ, ਸਮਿਰਨੋਵ?” ਫਿਰ ਉਹਦੀਆਂ ਅੱਖਾਂ ਅਥਰੂਆਂ ਨਾਲ ਡੱਕੀਆਂ ਹੁੰਦੀਆਂ ਅਤੇ ਉਸ ਦੇ ਨਾਲ ਲਿਪਟ ਜਾਂਦੀ, ਉਸਤੋਂ ਮਾਫੀਆਂ ਮੰਗਦੀ। ਅਤੇ ਫਿਰ ਦੋਨੋਂ ਖੁਸ਼ ਹੋ ਜਾਂਦੇ। ਓਲੇਂਕਾ ਸਮਿਰਨੋਵ ਦੇ ਨਾਲ ਬਹੁਤ ਦਿਨਾਂ ਤੱਕ ਨਹੀਂ ਰਹਿ ਸਕੀ। ਸਮਿਰਨੋਵ ਦੀ ਬਦਲੀ ਹੋ ਗਈ ਅਤੇ ਉਸਨੂੰ ਬਹੁਤ ਦੂਰ ਜਾਣਾ ਪਿਆ। ਓਲੇਂਕਾ ਫਿਰ ਇਕੱਲੀ ਸੀ। ਹੁਣ ਓਲੇਂਕਾ ਬਿਲਕੁਲ ਇਕੱਲੀ ਸੀ। ਉਸਦਾ ਪਿਤਾ ਬਹੁਤ ਦਿਨ ਪਹਿਲਾਂ ਮਰ ਚੁੱਕਿਆ ਸੀ। ਅਤੇ ਉਸ ਦੀ ਆਰਾਮ ਕੁਰਸੀ ਚੁਬਾਰੇ ਵਿਚ ਪਈ ਸੀ, ਧੂੜ ਨਾਲ ਅੱਟੀ, ਜਿਸ ਦੀ ਇੱਕ ਲੱਤ ਟੁੱਟੀ ਹੋਈ ਸੀ। ਉਹ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਅਤੇ ਜਦੋਂ ਲੋਕ ਗਲੀ ਵਿਚ ਉਸ ਨੂੰ ਮਿਲ ਪੈਂਦੇ, ਤਾਂ ਉਹ ਉਸ ਵੱਲ ਉਵੇਂ ਨਹੀਂ ਦੇਖਦੇ ਸਨ ਜਿਵੇਂ ਪਹਿਲਾਂ ਦੇਖਿਆ ਕਰਦੇ ਸਨ, ਅਤੇ ਮੁਸਕੁਰਾਉਂਦੇ ਨਹੀਂ ਸੀ; ਸਪੱਸ਼ਟ ਸੀ ਕਿ ਉਸ ਦੀ ਸਭ ਤੋਂ ਵਧੀਆ ਉਮਰ ਲੰਘ ਚੁੱਕੀ ਸੀ ਅਤੇ ਪਿੱਛੇ ਰਹਿ ਗਈ ਸੀ ਅਤੇ ਹੁਣ ਉਸ ਲਈ ਇਕ ਨਵੀਂ ਕਿਸਮ ਦੀ ਜ਼ਿੰਦਗੀ ਸ਼ੁਰੂ ਹੋ ਗਈ ਸੀ, ਜਿਸ ਬਾਰੇ ਸੋਚਣਾ ਚੰਗਾ ਨਹੀਂ ਸੀ ਲੱਗਦਾ। ਸ਼ਾਮ ਨੂੰ ਓਲੇਂਕਾ ਦਲਾਨ ਵਿਚ ਬੈਠ ਜਾਂਦੀ, ਅਤੇ ਤਿਵੋਲੀ ਵਿੱਚੋਂ ਬੈਂਡ ਵਜਦੇ ਅਤੇ ਆਤਿਸ਼ਬਾਜ਼ੀਆਂ ਦੀ ਸੂੰ ਸੂੰ ਸੁਣਦੀ, ਪਰ ਹੁਣ ਇਹ ਆਵਾਜ਼ ਕੋਈ ਅਸਰ ਨਹੀਂ ਸੀ ਕਰਦੀ। ਉਹ ਬੇਰੁਖੀ ਨਾਲ ਆਪਣੇ ਵਿਹੜੇ ਵਿਚ ਦੇਖਦੀ, ਵਿਚਾਰਹੀਨ, ਕੁਝ ਵੀ ਨਾ ਲੋਚਦੀ, ਅਤੇ ਬਾਅਦ ਵਿਚ, ਜਦੋਂ ਰਾਤ ਪੈਂਦੀ, ਉਹ ਸੌਂ ਜਾਂਦੀ ਅਤੇ ਆਪਣੇ ਖਾਲੀ ਵਿਹੜੇ ਦੇ ਸੁਪਨੇ ਦੇਖਦੀ। ਉਹ ਬੇਦਿਲੀ ਜਿਹੀ ਨਾਲ ਖਾਂਦੀ ਪੀਂਦੀ। ਅਤੇ ਸਭ ਤੋਂ ਭੈੜੀ ਗੱਲ, ਹੁਣ ਓਲੇਂਕਾ ਕੋਲ ਕਿਸੇ ਕਿਸਮ ਦੀ ਕੋਈ ਰਾਏ ਨਹੀਂ ਸੀ। ਉਹ ਆਪਣੇ ਆਲੇ ਦੁਆਲੇ ਚੀਜ਼ਾਂ ਵੇਖਦੀ ਅਤੇ ਸਮਝ ਲੈਂਦੀ ਕਿ ਉਸ ਨੇ ਕੀ ਦੇਖਿਆ, ਪਰ ਉਨ੍ਹਾਂ ਬਾਰੇ ਕੋਈ ਰਾਏ ਨਹੀਂ ਸੀ ਬਣਾ ਸਕਦੀ, ਅਤੇ ਇਹ ਨਹੀਂ ਸੀ ਪਤਾ ਲੱਗਦਾ ਕਿ ਕਿਸ ਵਿਸ਼ੇ ਬਾਰੇ ਗੱਲ ਕਰਨੀ ਚਾਹੀਦੀ ਹੈ। ਅਤੇ ਇਹ ਕਿੰਨਾ ਭਿਆਨਕ ਹੈ ਇਹ ਕਿ ਕੋਈ ਰਾਏ ਹੀ ਨਾ ਹੋਵੇ! ਮਿਸਾਲ ਲਈ, ਬੰਦਾ ਇਕ ਬੋਤਲ ਦੇਖਦਾ ਹੈ, ਜਾਂ ਬਰਸਾਤ ਜਾਂ ਇੱਕ ਕਿਸਾਨ ਆਪਣਾ ਗੱਡਾ ਲਈ ਜਾ ਰਿਹਾ ਹੈ, ਪਰ ਇਹ ਬੋਤਲ, ਜਾਂ ਬਰਸਾਤ ਜਾਂ ਉਹ ਕਿਸਾਨ ਹੈ ਕੀ, ਅਤੇ ਇਸ ਦਾ ਕੀ ਮਤਲਬ ਹੈ, ਕੁਝ ਕਿਹਾ ਨਹੀ ਜਾ ਸਕਦਾ, ਅਤੇ ਇੱਕ ਹਜ਼ਾਰ ਰੂਬਲ ਲਈ ਵੀ ਨਹੀਂ। ਜਦ ਉਸ ਕੋਲ ਕੁਕੀਨ, ਜਾਂ ਪੁਸਤੋਵਾਲੋਵ, ਜਾਂ ਵੈਟਰਨਰੀ ਸਰਜਨ ਸੀ, ਓਲੇਂਕਾ ਸਭ ਕਾਸੇ ਦੀ ਵਿਆਖਿਆ ਕਰ ਸਕਦੀ ਸੀ, ਅਤੇ ਕਿਸੇ ਵੀ ਚੀਜ਼ ਦੇ ਬਾਰੇ ਆਪਣੇ ਵਿਚਾਰ ਦੇ ਸਕਦੀ ਸੀ, ਪਰ ਹੁਣ ਉਸ ਦੇ ਦਿਮਾਗ ਵਿੱਚ ਅਤੇ ਉਸ ਦੇ ਦਿਲ ਵਿੱਚ ਉਸੇ ਤਰ੍ਹਾਂ ਦਾ ਖ਼ਾਲੀਪਣ ਸੀ ਜਿਸ ਤਰ੍ਹਾਂ ਦਾ ਬਾਹਰ ਉਸ ਦੇ ਵਿਹੜੇ ਵਿਚ ਸੀ। ਅਤੇ ਇਹ ਉਸੇ ਤਰ੍ਹਾਂ ਖਰਵਾ ਅਤੇ ਕੌੜਾ ਸੀ.ਜਿਵੇਂ ਮੂੰਹ ਵਿੱਚ ਕੌੜਾ ਘੁੱਟ ਭਰਿਆ ਹੋਵੇ।

ਹੌਲੀ ਹੌਲੀ ਸ਼ਹਿਰ ਵਿੱਚ ਸਭ ਦਿਸ਼ਾਵਾਂ ਵਿੱਚ ਫੈਲ ਗਿਆ। ਸੜਕ ਇੱਕ ਗਲੀ ਬਣ ਗਈ, ਅਤੇ ਜਿੱਥੇ ਤਿਵੋਲੀ ਅਤੇ ਟਿੰਬਰ ਯਾਰਡ ਸੀ, ਉਥੇ ਨਵੇਂ ਮੋੜ ਅਤੇ ਘਰ ਉਸਰ ਆਏ ਸਨ। ਕਿੰਨੀ ਤੇਜ਼ੀ ਸਮਾਂ ਬੀਤ ਜਾਂਦਾ ਹੈ! ਓਲੇਂਕਾ ਦਾ ਘਰ ਪੁਰਾਣਾ ਹੋ ਗਿਆ, ਛੱਤ ਜੰਗ਼ਾਲੀ ਗਈ, ਸ਼ੈੱਡ ਇਕ ਪਾਸੇ ਨੂੰ ਧੱਸ ਗਿਆ, ਅਤੇ ਵਿਹੜਾ ਕੰਡਿਆਲੇ ਘਾਹ ਅਤੇ ਬਾਥੂ ਬਗੈਰ ਨਾਲ ਭਰ ਗਿਆ। ਓਲੇਕਾ ਬੁੱਢੀ ਹੋ ਰਹੀ ਸੀ; ਗਰਮੀ ਵਿਚ ਉਹ ਪੋਰਚ ਵਿਚ ਬੈਠ ਜਾਂਦੀ ਅਤੇ ਉਸ ਦੀ ਰੂਹ ਪਹਿਲਾਂ ਵਾਂਗ ਖਾਲੀ ਖਾਲੀ, ਉਦਾਸ ਅਤੇ ਕੁੜੱਤਣ ਨਾਲ ਭਰੀ ਹੋਈ। ਸਰਦੀਆਂ ਵਿਚ ਉਹ ਆਪਣੀ ਬਾਰੀ ਵਿੱਚ ਬੈਠ ਕੇ ਬਰਫ ਵੱਲ ਦੇਖਿਆ ਕਰਦੀ। ਜਦੋਂ ਉਸਨੂੰ ਬਸੰਤ ਦੀ ਸੁਗੰਧ ਆਉਂਦੀ, ਜਾਂ ਚਰਚ ਦੀਆਂ ਘੰਟੀਆਂ ਦੀ ਆਵਾਜ਼ ਸੁਣਦੀ, ਅਤੀਤ ਦੀਆਂ ਯਾਦਾਂ ਅਚਾਨਕ ਉਮਡ ਆਉਂਦੀਆਂ, ਉਸ ਦੇ ਦਿਲ ਵਿੱਚ ਇੱਕ ਮੱਠਾ ਮੱਠਾ ਦਰਦ ਹੋਣ ਲੱਗਦਾ, ਅਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ; ਪਰ ਇਹ ਕੇਵਲ ਇੱਕ ਮਿੰਟ ਲਈ ਹੁੰਦਾ ਸੀ, ਅਤੇ ਫੇਰ ਦੁਬਾਰਾ ਖਾਲੀਪਣ ਆ ਜਾਂਦਾ ਅਤੇ ਜੀਵਨ ਦੀ ਵਿਅਰਥਤਾ ਦੀ ਭਾਵਨਾ ਹਾਵੀ ਹੋ ਜਾਂਦੀ। ਕਾਲੀ ਬਿੱਲੀ, ਬ੍ਰਿਸਕਾ, ਉਸ ਦੇ ਨਾਲ ਖਹਿਣ ਲੱਗ ਪਈ ਅਤੇ ਹੌਲੀ ਹੌਲੀ ਆਵਾਜ਼ ਕਰਨ ਲੱਗ ਪਈ, ਪਰ ਓਲੇਂਕਾ ਨੂੰ ਇਹ ਜਨੌਰਾਂ ਦਾ ਪਿਆਰ ਨਹੀਂ ਸੀ ਪੋਂਹਦਾ। ਇਹ ਉਹ ਚੀਜ਼ ਨਹੀਂ ਸੀ ਜਿਸ ਦੀ ਉਸ ਨੂੰ ਲੋੜ ਸੀ। ਉਸ ਨੂੰ ਐਸੇ ਪਿਆਰ ਦੀ ਲੋੜ ਸੀ ਜੋ ਉਸ ਦੀ ਪੂਰੀ ਜ਼ਿੰਦਗੀ, ਉਸ ਦੀ ਪੂਰੀ ਰੂਹ ਅਤੇ ਅਕਲ ਨੂੰ ਜਜ਼ਬ ਕਰ ਸਕਦਾ – ਜੋ ਉਸ ਨੂੰ ਵਿਚਾਰਾਂ ਨਾਲ ਮਾਲੋਮਾਲ ਦਿੰਦਾ ਅਤੇ ਜ਼ਿੰਦਗੀ ਦਾ ਇੱਕ ਮਕਸਦ ਬਣ ਜਾਂਦਾ ਅਤੇ ਉਸ ਦੇ ਬੁਢੇ ਖੂਨ ਨੂੰ ਗਰਮਾ ਦਿੰਦਾ। .ਅਤੇ ਉਸ ਨੇ ਆਪਣੀ ਸਕਰਟ ਤੋਂ ਬਲੂੰਗੜੇ ਨੂੰ ਛਿਣਕ ਦਿੱਤਾ ਅਤੇ ਗੁੱਸੇ ਨਾਲ ਕਿਹਾ: “ਚੱਲਦੀ ਬਣ, ਮੈਨੂੰ ਨਹੀਂ ਤੇਰੀ ਲੋੜ!”

ਅਤੇ ਇਸ ਤਰ੍ਹਾਂ ਦਿਨ ਤੋਂ ਬਾਅਦ ਦਿਨ ਸਾਲ ਬਾਅਦ ਸਾਲ ਬੀਤਦੇ ਰਹੇ, ਅਤੇ ਉਸਦੇ ਪੱਲੇ ਕੋਈ ਖੁਸ਼ੀ ਨਹੀਂ ਸੀ ਅਤੇ ਨਾ ਹੀ ਕੋਈ ਰਾਏ. ਜੋ ਵੀ ਮਾਰਵਾ ਕੁੱਕ ਨੇ ਕਿਹਾ ਉਸਨੇ ਸਵੀਕਾਰ ਕਰ ਲਿਆ। ਇਕ ਜੁਲਾਈ ਦਾ ਗਰਮ ਦਿਨ, ਸ਼ਾਮ ਦੇ ਵਕਤ, ਪਸ਼ੂਆਂ ਨੂੰ ਲਿਜਾਇਆ ਜਾ ਰਿਹਾ ਸੀ ਅਤੇ ਸਾਰਾ ਵਿਹੜਾ ਮਿੱਟੀ ਘੱਟੇ ਨਾਲ ਭਰਿਆ ਗਿਆ ਸੀ, ਕਿਸੇ ਨੇ ਅਚਾਨਕ ਬੂਹੇ ਤੇ ਦਸਤਕ ਦਿੱਤੀ। ਓਲੇਂਕਾ ਖ਼ੁਦ ਖੋਲ੍ਹਣ ਲਈ ਗਈ ਅਤੇ ਜਦੋਂ ਉਹ ਬਾਹਰ ਝਾਕੀ ਤਾਂ ਹੱਕੀਬੱਕੀ ਰਹਿ ਗਈ: ਉਸਨੇ ਦੇਖਿਆ ਸਮਿਰਨੋਵ, ਵੈਟਰਨਰੀ ਸਰਜਨ ਖੜਾ ਸੀ, ਧੌਲਾ ਸਿਰ ਅਤੇ ਇਕ ਸ਼ਿਵਲ ਪਹਿਰਵਾ। ਉਸ ਨੂੰ ਅਚਾਨਕ ਸਭ ਕੁਝ ਯਾਦ ਆ ਗਿਆ। ਉਹ ਰੋਣ ਨਾ ਰੋਕ ਸਕੀ ਅਤੇ ਇਕ ਵੀ ਸ਼ਬਦ ਉਚਾਰੇ ਦੇ ਬਗੈਰ ਉਸ ਦੀ ਛਾਤੀ ਤੇ ਸਿਰ ਸੁੱਟ ਦਿੱਤਾ ਅਤੇ ਆਪਣੀ ਭਾਵਨਾ ਦੇ ਜ਼ੋਰ ਵਿਚ ਉਸ ਨੂੰ ਖ਼ਬਰ ਤੱਕ ਨਹੀਂ ਸੀ ਕਿ ਉਹ ਦੋਵੇਂ ਕਦੋਂ ਘਰ ਅੰਦਰ ਚਲੇ ਗਏ ਅਤੇ ਚਾਹ ਪੀਣ ਬੈਠ ਗਏ। ਉਹ ਬਹੁਤ ਕੁੱਝ ਕਹਿਣਾ ਚਾਹ ਰਹੀ ਸੀ ਪਰ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲ ਰਿਹਾ ਸੀ। ਅਖੀਰ ਵਿੱਚ ਬੜੇ ਕਸ਼ਟ ਨਾਲ ਉਹ ਬੋਲੀ, “ ਮੇਰੇ ਪਿਆਰੇ ਸਮਿਰਨੋਵ, ਤੁਸੀਂ ਅਚਾਨਕ ਕਿਵੇਂ ਟਪਕ ਪਏ?” “ਮੈਂ ਨੌਕਰੀ ਛੱਡ ਦਿੱਤੀ ਹੈ।” ਸਮਿਰਨੋਵ ਨੇ ਕਿਹਾ, “ਅਤੇ ਹੁਣ ਮੈਂ ਆਪਣੀ ਗ੍ਰਹਿਸਥੀ ਇੱਥੇ ਵਸਾਉਣਾ ਚਾਹੁੰਦਾ ਹਾਂ। ਮੇਰੇ ਮੁੰਡੇ ਦੀ ਉਮਰ ਹੁਣ ਸਕੂਲ ਜਾਣ ਲਾਇਕ ਹੋ ਗਈ ਹੈ। ਉਸਨੂੰ ਸਕੂਲ ਵੀ ਭੇਜਣਾ ਹੈ। ਅਤੇ ਹੋਰ ਦੱਸਾਂ, ਮੇਰੀ ਨਾਰ ਨਾਲ ਮੇਰੀ ਸੁਲਹ ਹੋ ਗਈ ਹੈ।”

“ਉਹ ਕਿੱਥੇ ਹੈ?” ਓਲੇਂਕਾ ਨੇ ਪੁੱਛਿਆ।
“ਉਹ ਅਤੇ ਮੁੰਡਾ ਦੋਨੋਂ ਅਜੇ ਹੋਟਲ ਵਿੱਚ ਹਨ। ਅਜੇ ਮੈਂ ਘਰ ਲਭਣਾ ਹੈ।”

“ਹੇ ਭਗਵਾਂਨ ! ਤੂੰ ਇੰਨੀ ਤਕਲੀਫ ਕਿਉਂ ਕਰੇਂਗਾ! ਮੇਰੇ ਘਰ ਕਿਉਂ ਨਹੀਂ ਰਹਿੰਦੇ? ਕੀ ਇਹ ਘਰ ਤੈਨੂੰ ਪਸੰਦ ਨਹੀਂ? ਓਏ ਨਹੀਂ? ਡਰ ਮਤ, ਮੈਂ ਇੱਕ ਪੈਸਾ ਵੀ ਕਿਰਾਇਆ ਨਹੀਂ ਲਵਾਂਗੀ। ਮੇਰੇ ਲਈ ਤਾਂ ਇੱਕ ਕੋਨਾ ਕਾਫ਼ੀ ਹੋਵੇਂਗਾ, ਬਾਕੀ ਸਭ ਤੁਸੀਂ ਲੈ ਲਓ। ਵੇਖ ਨਾ, ਕਾਫ਼ੀ ਵੱਡਾ ਮਕਾਨ ਹੈ। ਮੇਰੇ ਲਈ ਇਸਤੋਂ ਵਧਕੇ ਸੁਭਾਗ ਦੀ ਗੱਲ ਹੋਰ ਕੀ ਹੋ ਸਕਦੀ ਹੈ?” ਕਹਿੰਦੇ ਕਹਿੰਦੇ ਉਹ ਫਿਰ ਫਿੱਸ ਪਈ।

ਦੂਜੇ ਦਿਨ ਤੜਕੇ ਘਰ ਦੀ ਸਫਾਈ ਸ਼ੁਰੂ ਹੋਣ ਲੱਗੀ। ਛੱਤ ਤੇ ਰੰਗ ਹੋਣ ਲੱਗਿਆ। ਕੰਧਾਂ ਦੀ ਲਿਪਾਈ ਹੋਣ ਲੱਗੀ। ਓਲੇਂਕਾ ਬਾਹਾਂ ਟੁੰਗੀ ਬੜੀ ਉਮੰਗ ਨਾਲ ਚਾਰੇ ਪਾਸੇ ਘੁੰਮ ਘੁੰਮ ਵੇਖ ਭਾਲ ਕਰ ਰਹੀ ਸੀ। ਉਸ ਦਾ ਚਿਹਰਾ ਉਸ ਦੀ ਪੁਰਾਣੀ ਮੁਸਕਰਾਹਟ ਨਾਲ ਟਹਿਕ ਰਿਹਾ ਸੀ, ਅਤੇ ਉਹ ਤਰੋਤਾਜ਼ਾ ਅਤੇ ਚੇਤੰਨ ਸੀ ਜਿਵੇਂ ਲੰਬੀ ਨੀਂਦ ਤੋਂ ਜਾਗੀ ਹੋਵੇ। ਥੋੜ੍ਹੀ ਦੇਰ ਵਿੱਚ ਸਮਿਰਨੋਵ ਨਾਲ ਉਸਦੀ ਪਤਨੀ ਅਤੇ ਮੁੰਡਾ ਵੀ ਆ ਗਏ। ਸਮਿਰਨੋਵ ਦੀ ਪਤਨੀ ਇੱਕ ਲੰਬੀ ਅਤੇ ਦੁਬਲੀ ਇਸਤਰੀ ਸੀ। ਸਮਿਰਨੋਵ ਦਾ ਮੁੰਡਾ ਸਾਸ਼ਾ, ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਮਧਰਾ ਸੀ। ਉਹ ਬਹੁਤ ਗਾਲੜੀ ਅਤੇ ਸ਼ਰਾਰਤੀ ਸੀ। ਮੁੰਡੇ ਨੇ ਵਿਹੜੇ ਵਿਚ ਪੈਰ ਪਾਇਆ ਹੀ ਸੀ ਕਿ ਉਹ ਬਿੱਲੀ ਦੇ ਪਿੱਛੇ ਭੱਜ ਲਿਆ ਅਤੇ ਤੁਰਤ ਉਸ ਦੇ ਖ਼ੁਸ਼ੀ ਖ਼ੁਸ਼ੀ ਹੱਸਣ ਦੀ ਆਵਾਜ਼ ਗੂੰਜ ਉਠੀ।

“ਆਂਟੀ, ਇਹ ਤੁਹਾਡੀ ਬਿੱਲੀ ਹੈ?” ਉਸਨੇ ਓਲੇਂਕਾ ਕੋਲੋਂ ਪੁੱਛਿਆ, “ਅੱਛਾ ਆਂਟੀ, ਜਦੋਂ ਇਸ ਨੇ ਬੱਚੇ ਦਿੱਤੇ, ਸਾਨੂੰ ਇੱਕ ਬਲੂੰਗੜਾ ਦੇ ਦੇਣਾ। ਮਾਂ ਚੂਹਿਆਂ ਤੋਂ ਬਹੁਤ ਡਰਦੀ ਹੈ।” ਕਹਿਕੇ ਉਹ ਉੱਚੀ ਉੱਚੀ ਹੱਸਣ ਲਗਾ। ਓਲੇਂਕਾ ਨੇ ਉਸ ਨਾਲ ਗੱਲਾਂ ਕੀਤੀਆਂ, ਅਤੇ ਉਸਨੂੰ ਚਾਹ ਪਿਲਾਈ। ਉਸ ਦਾ ਦਿਲ ਗਰਮਾ ਗਿਆ ਅਤੇ ਉਸ ਦੀ ਛਾਤੀ ਵਿਚ ਮਿੱਠਾ ਮਿੱਠਾ ਦਰਦ ਹੋ ਰਿਹਾ ਸੀ, ਜਿਵੇਂ ਕਿ ਇਹ ਬੱਚਾ ਉਸ ਦਾ ਆਪਣਾ ਬੱਚਾ ਹੋਵੇ। ਅਤੇ ਜਦੋਂ ਉਹ ਸ਼ਾਮ ਦੇ ਮੇਜ਼ ਤੇ ਬੈਠਾ ਸੀ, ਆਪਣੇ ਸਬਕ ਯਾਦ ਕਰ ਰਿਹਾ ਸੀ, ਉਸ ਨੇ ਡੂੰਘੇ ਮੋਹ ਅਤੇ ਤਰਸ ਨਾਲ ਉਸਨੂੰ ਵੇਖਿਆ ਅਤੇ ਉਹ ਹੌਲੀ ਹੌਲੀ ਬੋਲੀ, “ਪੁੱਤਰ …ਤੂੰ ਵੱਡਾ ਹੋ, ਹੋਸ਼ਿਆਰ ਹੋ, ਮੇਰੇ ਸੋਹਣੇ ਲਾਲ …” “ਟਾਪੂ ਧਰਤੀ ਦਾ ਇਕ ਟੁਕੜਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪਾਣੀ ਨਾਲ ਘਿਰਿਆ ਹੁੰਦਾ ਹੈ,'” ਉਸ ਨੇ ਉੱਚੀ ਆਵਾਜ਼ ਵਿਚ ਪੜ੍ਹਿਆ।

“ਟਾਪੂ ਧਰਤੀ ਦਾ ਇੱਕ ਟੁਕੜਾ ਹੁੰਦਾ ਹੈ,” ਓਲੇਂਕਾ ਨੇ ਦੁਹਰਾਇਆ ਅਤੇ ਇਹ ਉਹ ਪਹਿਲੀ ਰਾਏ ਸੀ ਜਿਹੜੀ ਉਸਨੇ ਕਈ ਸਾਲਾਂ ਦੀ ਚੁੱਪ ਅਤੇ ਵਿਚਾਰਾਂ ਦੀ ਔੜ ਦੇ ਬਾਅਦ ਸਕਾਰਾਤਮਕ ਵਿਸ਼ਵਾਸ ਦੇ ਨਾਲ ਆਵਾਜ਼ ਦਿੱਤੀ। ਹੁਣ ਉਸ ਦੇ ਆਪਣੇ ਬਾਰੇ ਵਿਚਾਰ ਸਨ, ਅਤੇ ਰਾਤ ਦੇ ਖਾਣੇ ਤੇ ਉਸਨੇ ਸਾਸ਼ਾ ਦੇ ਮਾਪਿਆਂ ਨਾਲ ਗੱਲ ਕੀਤੀ, ਇਹ ਕਹਿੰਦਿਆਂ ਕਿ ਹਾਈ ਸਕੂਲਾਂ ਵਿਚ ਇਹ ਸਬਕ ਕਿੰਨੇ ਮੁਸ਼ਕਲ ਸਨ, ਪਰ ਫਿਰ ਵੀ ਹਾਈ ਸਕੂਲ ਕਿਸੇ ਵਪਾਰਕ ਸਕੂਲ ਨਾਲੋਂ ਬਿਹਤਰ ਸੀ, ਕਿਉਂਕਿ ਹਾਈ ਸਕੂਲ ਸਿੱਖਿਆ ਨਾਲ ਸਾਰੇ ਕੈਰੀਅਰ ਬੰਦੇ ਲਈ ਖੁੱਲ੍ਹ ਜਾਂਦੇ ਸਨ, ਜਿਵੇਂ ਕਿ ਇੱਕ ਡਾਕਟਰ ਜਾਂ ਇੰਜੀਨੀਅਰ ਬਣਨਾ। ਸਾਸ਼ਾ ਹੁਣ ਸਕੂਲ ਜਾਣ ਲੱਗ ਪਿਆ। ਉਸਦੀ ਮਾਂ ਇੱਕ ਵਾਰ ਖੇਰਕਾਵ ਵਿੱਚ ਆਪਣੀ ਭੈਣ ਨੂੰ ਦੇਖਣ ਗਈ, ਫਿਰ ਉਥੇ ਹੀ ਰਹਿ ਗਈ। ਬਾਪ ਪਸ਼ੂ ਦੇਖਣ ਜਾਂਦਾ ਅਤੇ ਬਹੁਤ ਸਮਾਂ ਬਾਹਰ ਰਹਿੰਦਾ। ਕਈ ਵਾਰ ਤਿੰਨ ਤਿੰਨ ਦਿਨ ਘਰ ਨਾ ਵੜਦਾ। ਅਤੇ ਓਲੇਂਕਾ ਨੂੰ ਲੱਗ ਰਿਹਾ ਸੀ ਜਿਵੇਂ ਕਿ ਸਾਸ਼ਾ ਪੂਰੀ ਤਰ੍ਹਾਂ ਤਿਆਗਿਆ ਹੋਇਆ ਸੀ, ਕਿ ਘਰ ਵਿਚ ਉਹਨੂੰ ਕੋਈ ਨਹੀਂ ਚਾਹੁੰਦਾ ਸੀ, ਕਿ ਉਹ ਭੁੱਖਾ ਮਾਰਿਆ ਜਾ ਰਿਹਾ ਸੀ, ਅਤੇ ਉਹ ਉਸ ਨੂੰ ਆਪਣੇ ਘਰ ਲੈ ਗਈ ਅਤੇ ਉਥੇ ਉਸ ਨੂੰ ਇੱਕ ਨਿੱਕਾ ਜਿਹਾ ਕਮਰਾ ਦੇ ਦਿੱਤਾ।

ਅਤੇ ਛੇ ਮਹੀਨਿਆਂ ਤੋਂ ਸਾਸ਼ਾ ਉਸਦੇ ਨਾਲ ਰਹਿੰਦਾ ਸੀ। ਰੋਜ ਸਵੇਰੇ ਉਹ ਸਾਸ਼ਾ ਦੇ ਕਮਰੇ ਵਿੱਚ ਜਾਂਦੀ। ਉਹ ਗੱਲ੍ਹ ਦੇ ਹੇਠਾਂ ਆਪਣਾ ਹੱਥ ਰੱਖ ਘੂਕ ਸੁੱਤਾ ਹੁੰਦਾ। ਉਸਨੂੰ ਜਗਾਉਂਦਿਆਂ ਉਸਨੂੰ ਬਹੁਤ ਦੁਖ ਹੁੰਦਾ ਪਰ ਉਸਨੂੰ ਮਜ਼ਬੂਰ ਹੋਕੇ ਜਗਾਉਣਾ ਹੀ ਪੈਂਦਾ ਸੀ।

“ਸਾਸ਼ੇਂਕਾ,” ਉਹ ਉਦਾਸ ਆਵਾਜ਼ ਵਿੱਚ ਆਖਦੀ, “ਉੱਠ, ਪਿਆਰੇ ਬੱਚੂ, ਸਕੂਲ ਦਾ ਸਮਾਂ ਹੋ ਗਿਆ ਹੈ।” ਉਹ ਉੱਠਦਾ, ਕੱਪੜੇ ਪਹਿਨਦਾ ਅਤੇ ਅਰਦਾਸ ਕਰਦਾ, ਅਤੇ ਫਿਰ ਨਾਸ਼ਤਾ ਕਰਦਾ, ਚਾਹ ਦੇ ਤਿੰਨ ਗਲਾਸ ਅਤੇ ਦੋ ਵੱਡੇ ਬਿਸਕੁਟ ਅਤੇ ਅੱਧਾ ਮੱਖਣ ਵਾਲਾ ਰੋਲ। ਇਹ ਸਾਰਾ ਸਮਾਂ ਉਹ ਊਂਘਲਾ ਰਿਹਾ ਹੁੰਦਾ ਅਤੇ ਇਸੇ ਕਰਕੇ ਥੋੜਾ ਥੋੜਾ ਨਿਰਾਸ਼ ਜਿਹਾ ਲੱਗਦਾ।

“ਤੈਨੂੰ ਆਪਣੀ ਕਹਾਣੀ ਚੰਗੀ ਤਰ੍ਹਾਂ ਨਹੀਂ ਆਉਂਦੀ, ਸਾਸ਼ੇਂਕਾ,” ਓਲੇਂਕਾ ਕਹਿੰਦੀ, ਉਸ ਵੱਲ ਇਉਂ ਦੇਖਦੀ ਜਿਵੇਂ ਉਹ ਲੰਮੇ ਸਫ਼ਰ ਤੇ ਜਾਣ ਵਾਲਾ ਹੋਵੇ। “ਮੈਂ ਤੇਰੇ ਲਈ ਕਿੰਨੀ ਮੁਸੀਬਤ ਝੱਲਦੀ ਹਾਂ! ਤੈਨੂੰ ਕੰਮ ਕਰਨਾ ਚਾਹੀਦਾ ਹੈ ਅਤੇ ਆਪਣਾ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ, ਪਿਆਰੇ ਅਤੇ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।” “ਓ, ਮੇਰੀ ਫਿਕਰ ਨਾ ਕਰੋ!” ਸਾਸ਼ਾ ਕਹਿੰਦਾ।

ਫਿਰ ਉਹ ਸਕੂਲ ਲਈ ਚੱਲ ਪੈਂਦਾ, ਨਿੱਕੂ ਜਿਹਾ, ਵੱਡੀ ਟੋਪੀ ਪਹਿਨ ਕੇ ਅਤੇ ਆਪਣੇ ਮੋਢੇ ਤੇ ਇਕ ਬੈਗ ਲਟਕਾਈ। ਤਾਂ ਉਹ ਥੋੜ੍ਹੀ ਦੂਰ ਤੱਕ ਚੁੱਪ ਚੁੱਪੀਤੇ ਉਸਦੇ ਪਿੱਛੇ ਪਿੱਛੇ ਜਾਂਦੀ। “ਸਾਸ਼ੇਂਕਾ!” ਉਹ ਉਸ ਨੂੰ ਪੁਕਾਰਦੀ, ਅਤੇ ਉਸਦੇ ਹੱਥ ਵਿੱਚ ਇੱਕ ਖਜੂਰ ਜਾਂ ਇੱਕ ਚਾਕਲੇਟ ਥਮਾ ਦਿੰਦੀ। ਜਦੋਂ ਉਹ ਸਕੂਲ ਵਾਲੀ ਗਲੀ ਵਿਚ ਪਹੁੰਚ ਜਾਂਦਾ, ਉਹ ਸ਼ਰਮ ਮਹਿਸੂਸ ਕਰਦਾ ਕਿ ਇੱਕ ਲੰਮੀ, ਚੌੜੀ ਔਰਤ ਉਸ ਦੇ ਮਗਰ ਆ ਰਹੀ ਸੀ। ਉਹ ਮੁੜ ਕੇ ਕਹਿੰਦਾ: “ਆਂਟੀ, ਹੁਣ ਤੁਸੀਂ ਘਰ ਨੂੰ ਮੁੜ ਜਾਓ, ਅੱਗੇ ਮੈਂ ਇਕੱਲਾ ਜਾ ਸਕਦਾ ਹਾਂ।” ਉਹ ਰੁਕ ਜਾਂਦੀ ਅਤੇ ਸਕੂਲ ਗੇਟ ਤੇ ਸਾਸ਼ਾ ਦੇ ਗਾਇਬ ਹੋਣ ਤੱਕ ਉਸ ਵੱਲ ਨਜ਼ਰਾਂ ਜਮਾ ਕੇ ਤੱਕਦੀ ਰਹਿੰਦੀ। ਸਾਸ਼ਾ ਨੂੰ ਛੱਡ ਕੇ ਉਹ ਹੌਲੀ ਹੌਲੀ ਘਰ ਪਰਤਦੀ। ਸੰਤੁਸ਼ਟ ਅਤੇ ਸ਼ਾਂਤ, ਪਿਆਰ ਨਾਲ ਡੁੱਲ ਡੁੱਲ ਪੈ ਰਹੀ; ਉਸ ਦਾ ਚਿਹਰਾ ਪਿਛਲੇ ਛੇ ਮਹੀਨਿਆਂ ਦੌਰਾਨ ਪਹਿਲਾਂ ਨਾਲੋਂ ਛੋਟੀ ਉਮਰ ਦਾ ਲੱਗਣ ਲੱਗਾ ਸੀ, ਖਿੜਿਆ ਖਿੜਿਆ ਰਹਿਣ ਲੱਗ ਪਿਆ ਸੀ; ਉਸ ਨੂੰ ਮਿਲਣ ਵਾਲੇ ਲੋਕ ਉਸ ਨੂੰ ਦੇਖਣਾ ਪਸੰਦ ਕਰਨ ਲੱਗੇ ਸਨ।

ਰਸਤੇ ਵਿੱਚ ਜੇਕਰ ਕੋਈ ਮਿਲਦਾ ਅਤੇ ਹਾਲ ਚਾਲ ਪੁੱਛਦਾ, “ਸ਼ੁਭ ਸਵੇਰ, ਓਲਗਾ ਸੇਮਿਓਨੋਵਨਾ, ਡਾਰਲਿੰਗ. ਕੀ ਹਾਲ ਨੇ, ਡਾਰਲਿੰਗ?” ਤਾਂ ਉਹ ਕਹਿੰਦੀ, “ਹਾਈ ਸਕੂਲ ਦੇ ਸਬਕ ਹੁਣ ਬਹੁਤ ਮੁਸ਼ਕਲ ਹਨ। ਇਹ ਤਾਂ ਹੱਦ ਹੈ: ਕੱਲ੍ਹ ਪਹਿਲੀ ਕਲਾਸ ਦੇ ਬਾਲਕਾਂ ਨੂੰ ਉਨ੍ਹਾਂ ਨੇ ਜਬਾਨੀ ਯਾਦ ਕਰਨ ਲਈ ਇੱਕ ਕਹਾਣੀ ਦੇ ਦਿੱਤੀ, ਅਤੇ ਇਕ ਲਾਤੀਨੀ ਅਨੁਵਾਦ ਅਤੇ ਫਿਰ ਸਵਾਲ। ਤੁਸੀਂ ਜਾਣਦੇ ਹੋ ਕਿ ਇਹ ਨਿੱਕੇ ਮੁੰਡੇ ਦੇ ਲਈ ਬਹੁਤ ਜ਼ਿਆਦਾ ਕੰਮ ਹੈ।” ਅਤੇ ਉਹ ਅਧਿਆਪਕਾਂ, ਪਾਠਾਂ ਅਤੇ ਸਕੂਲ ਦੀਆਂ ਕਿਤਾਬਾਂ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੀ, ਉਹੀ ਗੱਲਾਂ ਜੋ ਸਾਸ਼ਾ ਨੇ ਕਹੀਆਂ ਹੁੰਦੀਆਂ।

ਆਹ, ਉਹ ਉਸਨੂੰ ਕਿੰਨਾ ਪਿਆਰ ਕਰਦੀ! ਉਸਦੇ ਪਹਿਲੇ ਪਿਆਰਾਂ ਵਿਚੋਂ ਕੋਈ ਇੰਨਾ ਡੂੰਘਾ ਨਹੀਂ ਸੀ; ਕਦੇ ਵੀ ਉਸ ਦੀ ਰੂਹ ਨੇ ਕਿਸੇ ਭਾਵਨਾ ਨੂੰ ਵੀ ਏਨੀ ਆਪ ਮੁਹਾਰਤਾ, ਏਨੀ ਬੇਗਰਜ਼ੀ ਨਾਲ ਆਤਮ-ਸਮਰਪਣ ਨਹੀਂ ਸੀ ਕੀਤਾ, ਅਤੇ ਇੰਨੀ ਖ਼ੁਸ਼ੀ ਕਿਉਂਜੋ ਹੁਣ ਉਸ ਦੀ ਮਮਤਾ ਜਾਗ ਪਈ ਸੀ। ਇਸ ਛੋਟੇ ਜਿਹੇ ਮੁੰਡੇ ਲਈ ਜਿਸ ਦੀ ਗੱਲ੍ਹ ਵਿੱਚ ਡੁੰਘ ਸੀ ਅਤੇ ਵੱਡੀ ਸਕੂਲੀ ਟੋਪੀ ਪਹਿਨੀ ਹੋਈ ਸੀ, ਉਸ ਨੂੰ ਉਹ ਆਪਣੀ ਪੂਰੀ ਜ਼ਿੰਦਗੀ ਦੇ ਸਕਦੀ ਸੀ, ਉਹ ਇਸ ਨੂੰ ਖ਼ੁਸ਼ੀ ਖ਼ੁਸ਼ੀ ਅਤੇ ਮੁਹੱਬਤ ਦੇ ਹੰਝੂਆਂ ਨਾਲ ਨਿਸ਼ਾਵਰ ਕਰ ਸਕਦੀ ਸੀ। ਕਿਉਂ? ਕੌਣ ਦੱਸ ਸਕਦਾ ਸੀ ਕਿ ਕਿਉਂ?

ਤਿੰਨ ਵਜੇ ਉਹ ਇਕੱਠੇ ਖਾਣਾ ਖਾਂਦੇ: ਸ਼ਾਮ ਨੂੰ ਉਹ ਇਕੱਠੇ ਸਬਕ ਯਾਦ ਕਰਦੇ ਅਤੇ ਚੀਖਾਂ ਮਾਰਦੇ। ਜਦੋਂ ਉਸ ਨੇ ਉਸ ਨੂੰ ਸੁਲਾ ਦਿੱਤਾ, ਤਾਂ ਉਹ ਲੰਮੇ ਸਮੇਂ ਤੱਕ ਉਸ ਉੱਤੇ ਸਲੀਬ ਬਣਾਉਂਦੀ ਅਤੇ ਅਰਦਾਸ ਕਰਦੀ; ਫਿਰ ਉਹ ਸੌਣ ਲਈ ਚਲੀ ਜਾਂਦੀ ਅਤੇ ਉਹ ਦੂਰ ਦੇ ਧੁੰਦਲੇ ਭਵਿੱਖ ਦੇ ਸੁਪਨੇ ਦੇਖਦੀ ਜਦੋਂ ਸਾਸ਼ਾ ਆਪਣੀ ਪੜ੍ਹਾਈ ਪੂਰੀ ਕਰ ਲਵੇਗਾ ਅਤੇ ਡਾਕਟਰ ਜਾਂ ਇੰਜੀਨੀਅਰ ਬਣ ਜਾਏਗਾ, ਉਸ ਕੋਲ ਘੋੜੇ ਅਤੇ ਘੋੜਾ ਗੱਡੀ ਹੋਵੇਗੀ, ਆਪਣਾ ਵੱਡਾ ਘਰ ਹੋਵੇਗਾ, ਵਿਆਹ ਕਰਵਾ ਲਵੇਗਾ ਅਤੇ ਉਸਦੇ ਬੱਚੇ ਹੋਣਗੇ. .. ਉਹ ਉਸੇ ਚੀਜ਼ ਬਾਰੇ ਸੋਚਦੀ ਸੋਚਦੀ ਸੌਂ ਜਾਂਦੀ, ਅਤੇ ਉਸ ਦੀਆਂ ਬੰਦ ਅੱਖਾਂ ਵਿਚੋਂ ਅੱਥਰੂ ਉਹਦੀਆਂ ਗੱਲ੍ਹਾਂ ਤੇ ਵਹਿ ਤੁਰਦੇ, ਜਦੋਂ ਕਿ ਕਾਲੀ ਬਿੱਲੀ ਉਸ ਦੇ ਕੋਲ ਪਈ ਹੁੰਦੀ “ਮਰਰ, ਮਰਰ, ਮਰਰ” ਕਰਦੀ।

ਅਚਾਨਕ ਬੂਹੇ ਤੇ ਜ਼ੋਰ ਨਾਲ ਦਸਤਕ ਹੁੰਦੀ। ਓਲੇਂਕਾ ਝਟਕੇ ਨਾਲ ਉਠ ਖੜਦੀ, ਉਸਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗਦਾ। ਅੱਧਾ ਮਿੰਟ ਬਾਅਦ ਇਕ ਵਾਰ ਫੇਰ ਦਸਤਕ ਹੁੰਦੀ। “ਇਹ ਤਾਰ ਖਾਰਕੋਵ ਤੋਂ ਹੋਣੀ ਹੈ,” ਉਹ ਸੋਚਦੀ, ਸਿਰ ਤੋਂ ਪੈਰਾਂ ਤੱਕ ਕੰਬਣ ਸ਼ੁਰੂ ਲੱਗਦੀ। “ਸਾਸ਼ਾ ਦੀ ਮਾਂ ਉਸ ਨੂੰ ਖਾਰਕੋਵ ਬੁਲਾ ਰਹੀ ਹੈ … ਓ, ਮਿਹਰ ਕਰੀਂ ਰੱਬਾ!”

ਉਹ ਉਦਾਸ ਹੋ ਜਾਂਦੀ। ਉਸ ਦਾ ਸਿਰ, ਉਸ ਦੇ ਹੱਥ, ਅਤੇ ਉਸ ਦੇ ਪੈਰਾਂ ਵਿਚ ਠੰਢ ਚੜ੍ਹ ਜਾਂਦੀ, ਅਤੇ ਉਹ ਮਹਿਸੂਸ ਕਰਦੀ ਕਿ ਉਹ ਦੁਨੀਆ ਵਿਚ ਸਭ ਤੋਂ ਦੁਖੀ ਔਰਤ ਸੀ। ਪਰ ਇਕ ਹੋਰ ਮਿੰਟ ਲੰਘ ਜਾਂਦਾ, ਆਵਾਜ਼ਾਂ ਸੁਣਾਈ ਦਿੰਦੀਆਂ: ਕਲੱਬ ਤੋਂ ਘਰ ਆਇਆ ਵੈਟਰਨਰੀ ਸਰਜਨ ਸਾਹਮਣੇ ਖੜਾ ਹੁੰਦਾ।

“ਓ, ਸ਼ੁਕਰ ਰੱਬ ਦਾ,” ਉਹ ਸੋਚਦੀ ਹੈ। ਹੌਲੀ ਹੌਲੀ ਭਾਰ ਉੱਤਰ ਜਾਂਦਾ ਹੈ, ਫਿਰ ਚੈਨ ਆ ਜਾਂਦਾ; ਉਹ ਸਾਸ਼ਾ ਦੇ ਬਾਰੇ ਸੋਚਦੀ ਹੈ, ਜੋ ਅਗਲੇ ਕਮਰੇ ਵਿੱਚ ਘੂਕ ਸੁੱਤਾ ਪਿਆ ਹੈ ਅਤੇ ਕਦੇ-ਕਦਾਈਂ ਬੇਹੋਸ਼ੀ ਵਿਚ ਬੁੜਬੜਾਉਂਦਾ ਹੈ: “ਮੈਂ ਤੈਨੂੰ ਦੇ ਦਿਆਂਗਾ! ਦਫ਼ਾ ਹੋਜਾ! ਜ਼ਬਾਨ ਸੰਭਾਲ!”