ਅਨੁਵਾਦ:ਪੱਕਾ ਦੋਸਤ (ਕਹਾਣੀ)

ਵਿਕੀਸਰੋਤ ਤੋਂ
Jump to navigation Jump to search

ਇੱਕ ਦਿਨ ਸਵੇਰੇ ਤਾਲਾਬ ਦੇ ਕਿਨਾਰੇ ਰਹਿਣ ਵਾਲੇ ਛਛੂੰਦਰ ਨੇ ਖੁੱਡ ਵਿੱਚੋਂ ਆਪਣਾ ਸਿਰ ਕੱਢਿਆ। ਉਸਦੀਆਂ ਮੁੱਛਾਂ ਕਰੜੀਆਂ ਅਤੇ ਭੂਰੀਆਂ ਸਨ ਅਤੇ ਉਸਦੀ ਪੂੰਛ ਭਾਰਤੀ ਕਾਲੀ ਰਬੜ ਦੇ ਟੁੱਕੜੇ ਵਰਗੀ ਸੀ। ਇਸ ਸਮੇਂ ਬੱਤਖ਼ ਦੇ ਛੋਟੇ-ਛੋਟੇ ਬੱਚੇ ਤਲਾਬ ਵਿੱਚ ਤੈਰ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਬੁੱਢੀ ਬੱਤਖ਼ ਉਨ੍ਹਾਂ ਨੂੰ ਇਹ ਸਿਖਾ ਰਹੀ ਸੀ ਕਿ ਪਾਣੀ ਵਿੱਚ ਕਿਸ ਤਰ੍ਹਾਂ ਸਿਰ ਪਰਨੇ ਖੜੋਈਦਾ ਹੈ।

"ਜਦੋਂ ਤੱਕ ਤੁਸੀਂ ਸਿਰ ਪਰਨੇ ਖੜਾ ਹੋਣਾ ਨਹੀਂ ਸਿਖੋਗੇ, ਤੱਦ ਤੱਕ ਤੁਸੀਂ ਉੱਚੀ ਸੋਸਾਇਟੀ ਦੇ ਲਾਇਕ ਨਹੀਂ ਬਣ ਸਕੋਗੇ।" ਬੱਤਖ਼ ਉਨ੍ਹਾਂ ਨੂੰ ਸਮਝਾ ਰਹੀ ਸੀ ਅਤੇ ਵਾਰ ਵਾਰ ਆਪ ਕਰਕੇ ਦਿਖਾ ਰਹੀ ਸੀ, ਪਰ ਬੱਚੇ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਨ। ਕਿਉਂਕਿ ਉਹ ਇੰਨੇ ਛੋਟੇ ਸਨ ਕਿ ਅਜੇ ਸੋਸਾਇਟੀ ਦਾ ਮਹੱਤਵ ਨਹੀਂ ਸਮਝਦੇ ਸਨ।

"ਕਿੰਨੇ ਨਲਾਇਕ ਬੱਚੇ ਹਨ," ਛਛੂੰਦਰ ਚੀਕਿਆ, "ਇਨ੍ਹਾਂ ਨੂੰ ਤਾਂ ਡੁਬੋ ਦੇਣਾ ਚਾਹੀਦਾ ਹੈ।"

"ਨਹੀਂ ਜੀ। ਅਜੇ ਤਾਂ ਇਹ ਬੱਚੇ ਹਨ। ਹਰ ਕਿਸੇ ਨੇ ਜ਼ਿੰਦਗੀ ਤਾਂ ਸ਼ੁਰੂ ਕਰਨੀ ਹੀ ਹੁੰਦੀ ਹੈ। ਤੇ ਫਿਰ ਮਾਂ ਕਦੇ ਡੁਬੋਣ ਦੀ ਸੋਚ ਸਕਦੀ ਹੈ ਭਲਾ!"

"ਆਹ ! ਮਾਂ ਦੀਆਂ ਭਾਵਨਾਵਾਂ ਤੋਂ ਤਾਂ ਅਜੇ ਮੈਂ ਨਾਵਾਕਿਫ਼ ਹਾਂ। ਵਾਸਤਵ ਵਿੱਚ ਅਜੇ ਮੈਂ ਕੰਵਾਰਾ ਹਾਂ ਅਤੇ ਰਹਾਂਗਾ ਵੀ। ਊਂ ਤਾਂ ਪ੍ਰੇਮ ਚੰਗੀ ਚੀਜ਼ ਹੈ, ਪਰ ਦੋਸਤੀ ਉਸ ਤੋਂ ਵੀ ਵੱਡੀ ਚੀਜ਼ ਹੁੰਦੀ ਹੈ।"

"ਇਹ ਤਾਂ ਠੀਕ ਹੈ, ਪਰ ਕੀ ਤੂੰ ਦੋਸਤੀ ਦਾ ਫ਼ਰਜ਼ ਸਮਝਦਾ ਹੈਂ?" ਇੱਕ ਹਰੇ ਮਮੋਲੇ ਨੇ ਉਸ ਤੋਂ ਪੁੱਛਿਆ ਜੋ ਕੋਲ ਹੀ ਇੱਕ ਰੁੱਖ ਦੀ ਟਾਹਣੀ ਤੇ ਬੈਠਾ ਇਹ ਗੱਲਬਾਤ ਸੁਣ ਰਿਹਾ ਸੀ।

"ਹਾਂ, ਇਹੀ ਮੈਂ ਵੀ ਜਾਨਣਾ ਚਾਹੁੰਦੀ ਹਾਂ।" ਬੱਤਖ਼ ਨੇ ਕਿਹਾ ਅਤੇ ਆਪਣੇ ਬੱਚਿਆਂ ਨੂੰ ਵਿਖਾਉਣ ਲਈ ਸਿਰ ਪਰਨੇ ਖੜੀ ਹੋ ਗਈ।

"ਕਿੰਨਾ ਮੂਰਖਾਂ ਵਾਲਾ ਸਵਾਲ ਹੈ।" ਛਛੂੰਦਰ ਨੇ ਕਿਹਾ, "ਮੈਂ ਇਹੀ ਚਾਹੁੰਦਾ ਹਾਂ ਕਿ ਮੇਰਾ ਪੱਕਾ ਮਿੱਤਰ ਮੇਰਾ ਵਫਾਦਾਰ ਰਹੇ, ਹੋਰ ਕੀ।"

"ਅਤੇ ਤੂੰ ਉਸਦੇ ਬਦਲੇ ਵਿੱਚ ਕੀ ਕਰੋਗੇ?" ਹਰੇ ਮਮੋਲੇ ਨੇ ਪੁੱਛਿਆ।

"ਮੈਂ ਸਮਝਿਆ ਨਹੀਂ।" ਛਛੂੰਦਰ ਬੋਲਿਆ।

‘ਹਰੇ ਮਮੋਲੇ ਨੇ ਕਿਹਾ, "ਚੱਲੋ ਛੱਡੋ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ।”

“ਕੀ ਇਹ ਕਹਾਣੀ ਮੇਰੇ ਬਾਰੇ ਹੈ?” ਛਛੂੰਦਰ ਨੂੰ ਪੁੱਛਿਆ। “ਜੇ ਹਾਂ, ਤਾਂ ਮੈਂ ਇਸ ਨੂੰ ਜ਼ਰੂਰ ਸੁਣਾਂਗੀ, ਕਿਉਂਕਿ ਮੈਨੂੰ ਕਥਾ ਸਾਹਿਤ ਬਹੁਤ ਪਸੰਦ ਹੈ।”

“ਇਹ ਤੇਰੇ ਤੇ ਵੀ ਲਾਗੂ ਹੁੰਦੀ ਹੈ,” ਹਰੇ ਮਮੋਲੇ ਨੇ ਜਵਾਬ ਦਿੱਤਾ; ਅਤੇ ਉਹ ਉੱਡ ਕੇ ਹੇਠਾਂ ਆ ਗਿਆ, ਅਤੇ ਕੰਢੇ ਤੇ ਬੈਠ ਗਿਆ। ਉਸਨੇ ਸਮਰਪਤ ਦੋਸਤ ਦੀ ਕਹਾਣੀ ਸੁਣਾਈ:

‘ਬਹੁਤ ਦਿਨ ਹੋਏ ਇੱਕ ਈਮਾਨਦਾਰ ਆਦਮੀ ਸੀ। ਉਸਦਾ ਨਾਮ ਹੈਂਸ ਸੀ।’

"ਰੁਕੋ, ਕੀ ਉਹ ਕੋਈ ਵੱਡਾ ਆਦਮੀ ਸੀ?"

‘ਨਹੀਂ ਉਹ ਵੱਡਾ ਆਦਮੀ ਨਹੀਂ ਸੀ। ਉਹ ਈਮਾਨਦਾਰ ਆਦਮੀ ਸੀ। ਹਾਂ, ਉਹ ਦਿਲ ਦਾ ਬਹੁਤ ਸਾਫ਼ ਅਤੇ ਸੁਭਾਅ ਦਾ ਬਹੁਤ ਮਿੱਠਾ ਸੀ। ਉਹ ਇੱਕ ਛੋਟੀ ਜਿਹੀ ਕੁਟੀਆ ਵਿੱਚ ਰਹਿੰਦਾ ਅਤੇ ਆਪਣੀ ਬਗੀਚੀ ਵਿੱਚ ਕੰਮ ਕਰਦਾ। ਸਾਰੇ ਇਲਾਕੇ ਵਿੱਚ ਕਿਸੇ ਦੀ ਇੰਨੀ ਚੰਗੀ ਬਗੀਚੀ ਨਹੀਂ ਸੀ। ਗੇਂਦਾ, ਗੁਲਾਬ, ਚੰਪਾ, ਕੇਤਕੀ, ਹੁਸਨੇ-ਹਿਨਾ, ਇਸ਼ਕ-ਪੇਚਾ ਸਾਰੇ ਉਸਦੇ ਬਾਗ਼ ਵਿੱਚ ਮੌਸਮ ਅਨੁਸਾਰ ਖਿੜਦੇ ਸਨ। ਕਦੇ ਬੇਲਾ ਤੇ ਕਦੇ ਰਾਤ ਰਾਣੀ, ਕਦੇ ਹਾਰ-ਸ਼ਿੰਗਾਰ ਤੇ ਕਦੇ ਜੂਹੀ। ਇਸ ਤਰ੍ਹਾਂ ਹਮੇਸ਼ਾ ਉਸਦੀ ਬਗੀਚੀ ਵਿੱਚ ਰੂਪ ਅਤੇ ਸੁਗੰਧ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਸਨ।

‘ਹੈਂਸ ਦੇ ਕਈ ਦੋਸਤ ਸਨ, ਪਰ ਉਸਦੀ ਖ਼ਾਸ ਨੇੜਤਾ ਹਿਊ ਮਿਲਰ ਨਾਲ ਸੀ। ਮਿਲਰ ਬਹੁਤ ਧਨੀ ਸੀ ਫਿਰ ਵੀ ਉਹ ਹੈਂਸ ਦਾ ਇੰਨਾ ਗੂੜ੍ਹਾ ਮਿੱਤਰ ਸੀ ਕਿ ਉਹ ਕਦੇ ਬਿਨਾਂ ਫਲ-ਫੁੱਲ ਲਏ ਉੱਥੋਂ ਵਾਪਸ ਨਹੀਂ ਜਾਂਦਾ ਸੀ। ਕਦੇ ਉਹ ਕੰਧ ਉਤੋਂ ਝੁਕ ਕੇ ਫੁੱਲਾਂ ਦਾ ਇੱਕ ਗੁੱਛਾ ਤੋੜ ਲੈਂਦਾ, ਤੇ ਕਦੇ ਬੇਰ, ਰਸਭਰੀਆਂ ਤੇ ਆਲੂ ਬੁਖ਼ਾਰੇ ਵਗੈਰਾ ਫਲ ਤੋੜ ਕੇ ਖੀਸੇ ਭਰ ਲੈ ਜਾਂਦਾ ਸੀ।

‘“ਸੱਚੇ ਦੋਸਤਾਂ ਵਿੱਚ ਕਦੇ ਸਵਾਰਥ ਦਾ ਲੇਸ਼ ਵੀ ਨਹੀਂ ਹੋਣਾ ਚਾਹੀਦਾ, ਕੋਈ ਮੇਰ ਤੇਰ ਨਹੀਂ ਚਾਹੀਦੀ” - ਮਿਲਰ ਕਿਹਾ ਕਰਦਾ ਸੀ। ਅਤੇ ਹੈਂਸ ਨੂੰ ਮਾਣ ਸੀ ਕਿ ਉਸਦੇ ਦੋਸਤ ਦੇ ਵਿਚਾਰ ਇੰਨੇ ਉੱਚੇ ਹਨ। ਕਦੇ-ਕਦੇ ਗੁਆਂਢੀਆਂ ਨੂੰ ਇਸ ਗੱਲ ਤੇ ਹੈਰਤ ਹੁੰਦੀ ਸੀ ਕਿ ਧਨੀ ਮਿਲਰ ਕਦੇ ਆਪਣੇ ਨਿਰਧਨ ਦੋਸਤ ਨੂੰ ਕੁੱਝ ਵੀ ਨਹੀਂ ਦਿੰਦਾ ਸੀ ਜਦੋਂ ਕਿ ਉਸਦੇ ਗੁਦਾਮ ਵਿੱਚ ਅਣਗਿਣਤ ਬੋਰੇ ਆਟਾ ਭਰਿਆ ਰਹਿੰਦਾ ਸੀ। ਉਸਦੀਆਂ ਕਈ ਮਿਲਾਂ ਸਨ ਅਤੇ ਉਸਦੀਆਂ ਬਹੁਤ ਸਾਰੀਆਂ ਗਾਈਆਂ ਸਨ। ਮਗਰ ਹੈਂਸ ਕਦੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਸੀ। ਜਦੋਂ ਮਿਲਰ ਉਸ ਕੋਲ ਨਿਰਸਵਾਰਥ ਦੋਸਤੀ ਦੇ ਗੁਣਾਂ ਦਾ ਬਖਾਨ ਕਰਦਾ ਤਾਂ ਹੈਂਸ ਇਕਾਗਰ ਹੋਕੇ ਸੁਣਦਾ।

‘ਹੈਂਸ ਹਮੇਸ਼ਾ ਆਪਣੀ ਬਗੀਚੀ ਵਿੱਚ ਕੰਮ ਕਰਦਾ ਸੀ। ਬਸੰਤ, ਗਰਮੀਆਂ ਅਤੇ ਪਤਝੜ ਵਿੱਚ ਉਹ ਸੰਤੁਸ਼ਟ ਰਹਿੰਦਾ ਸੀ, ਪਰ ਜਦੋਂ ਸਿਆਲ ਆਉਂਦਾ ਸੀ, ਤਾਂ ਦਰਖ਼ਤ ਫਲ-ਫੁੱਲਾਂ ਤੋਂ ਵਾਂਝੇ ਹੋ ਜਾਂਦੇ। ਤੱਦ ਹੈਂਸ ਦੇ ਦਿਨ ਬੜੀ ਗ਼ਰੀਬੀ ਵਿੱਚ ਗੁਜ਼ਰਦੇ। ਕਦੇ-ਕਦੇ ਉਸਨੂੰ ਬਿਨਾਂ ਖਾਧੇ ਹੀ ਸੌਣਾ ਪੈਂਦਾ। ਬੱਸ ਕੁਝ ਸੁੱਕੀਆਂ ਨਾਸ਼ਪਾਤੀਆਂ ਜਾਂ ਕੁਝ ਗਿਰੀਆਂ ਤੇ ਗੁਜ਼ਾਰਾ ਕਰਨਾ ਪੈਂਦਾ। ਇਸ ਸਮੇਂ ਉਸਨੂੰ ਬਹੁਤ ਇਕੱਲ ਵੀ ਮਹਿਸੂਸ ਹੁੰਦੀ ਸੀ ਕਿਉਂਕਿ ਠੰਡ ਵਿੱਚ ਮਿਲਰ ਕਦੇ ਉਸਨੂੰ ਮਿਲਣ ਨਹੀਂ ਆਉਂਦਾ ਸੀ।

‘“ਜਦੋਂ ਤੱਕ ਸਿਆਲ ਹੈ, ਤੱਦ ਤੱਕ ਹੈਂਸ ਨੂੰ ਮਿਲਣ ਜਾਣਾ ਵਿਅਰਥ ਹੈ” - ਮਿਲਰ ਆਪਣੀ ਪਤਨੀ ਨੂੰ ਕਹਿੰਦਾ ਸੀ - “ਲੋਕ ਨਿਰਧਨ ਹੋਣ ਤੱਦ ਉਨ੍ਹਾਂ ਨੂੰ ਇਕੱਲੇ ਛੱਡ ਦੇਣਾ ਚਾਹੀਦਾ ਹੈ। ਵਿਅਰਥ ਜਾ ਕੇ ਉਨ੍ਹਾਂ ਨੂੰ ਮਿਲਣਾ, ਉਨ੍ਹਾਂ ਨੂੰ ਸੰਕੋਚ ਵਿੱਚ ਪਾਉਣਾ ਹੈ। ਘੱਟ ਤੋਂ ਘੱਟ ਮੇਰੇ ਤਾਂ ਦੋਸਤੀ ਦੇ ਵਿਸ਼ੇ ਵਿੱਚ ਇਹੀ ਵਿਚਾਰ ਹਨ। ਜਦੋਂ ਬਸੰਤ ਆਵੇਗੀ, ਤੱਦ ਮੈਂ ਉਸਨੂੰ ਮਿਲਣ ਜਾਵਾਂਗਾ। ਤੱਦ ਉਹ ਮੈਨੂੰ ਫੁੱਲ ਉਪਹਾਰ ਵਿੱਚ ਦੇਵੇਗਾ ਅਤੇ ਇਸ ਨਾਲ ਉਸਦੇ ਦਿਲ ਨੂੰ ਕਿੰਨੀ ਖ਼ੁਸ਼ੀ ਹੋਵੇਗੀ। ਮਿੱਤਰ ਦੀ ਖੁਸ਼ੀ ਧਿਆਨ ਰੱਖਣਾ ਮੇਰਾ ਫਰਜ ਹੈ।”

‘"ਸੱਚੀਂ, ਤੁਸੀਂ ਆਪਣੇ ਦੋਸਤ ਦਾ ਕਿੰਨਾ ਧਿਆਨ ਰੱਖਦੇ ਹੋ।" ਅੰਗੀਠੀ ਦੇ ਕੋਲ ਆਰਾਮਕੁਰਸੀ ਤੇ ਬੈਠੀ ਉਸਦੀ ਪਤਨੀ ਨੇ ਕਿਹਾ, "ਮਿਤਰਤਾ ਦੇ ਵਿਸ਼ੇ ਤੇ ਤੁਹਾਡੀਆਂ ਗੱਲਾਂ ਸੁਣਨਾ ਬਹੁਤ ਮਜ਼ੇਦਾਰ ਹੈ। ਇਸ ਬਾਰੇ ਵੱਡੇ ਪਾਦਰੀ ਦੇ ਵਿਚਾਰ ਵੀ ਇੰਨੇ ਉੱਚੇ ਨਹੀਂ ਹੋਣੇ, ਭਾਵੇਂ ਉਹ ਤਿਮੰਜ਼ਲੇ ਮਕਾਨ ਵਿੱਚ ਰਹਿੰਦਾ ਹੈ ਅਤੇ ਹੀਰੇ ਦੀ ਅੰਗੂਠੀ ਪਹਿਨ ਕੇ ਰੱਖਦਾ ਹੈ।"

‘"ਕੀ ਆਪਾਂ ਹੈਂਸ ਨੂੰ ਇੱਥੇ ਨਹੀਂ ਸੱਦ ਸਕਦੇ।" ਮਿਲਰ ਦੇ ਸਭ ਤੋਂ ਛੋਟੇ ਮੁੰਡੇ ਨੇ ਪੁੱਛਿਆ। "ਜੇਕਰ ਉਹ ਕਸ਼ਟ ਵਿੱਚ ਹੈ ਤਾਂ ਮੈਂ ਉਸਨੂੰ ਆਪਣੇ ਨਾਲ ਖਿਲਾਵਾਂਗਾ ਅਤੇ ਆਪਣੇ ਸਫ਼ੈਦ ਖਰਗੋਸ਼ ਦਿਖਾਵਾਂਗਾ।"

‘"ਤੂੰ ਕਿੰਨਾ ਮੂਰਖ ਮੁੰਡਾ ਹੈਂ।" ਮਿਲਰ ਨੇ ਝਿੜਕਿਆ, "ਤੈਨੂੰ ਸਕੂਲ ਭੇਜਣ ਦਾ ਕੋਈ ਫ਼ਾਇਦਾ ਨਹੀਂ ਹੋਇਆ। ਤੈਨੂੰ ਅਜੇ ਭੋਰਾ ਵੀ ਅਕਲ ਨਹੀਂ ਆਈ। ਜੇਕਰ ਹੈਂਸ ਇੱਥੇ ਆਵੇਗਾ ਅਤੇ ਸਾਡੀ ਨਿਘੀ ਅੱਗ, ਅਤੇ ਸਾਡਾ ਰੱਜਵਾਂ ਰਾਤ ਦਾ ਖਾਣਾ ਅਤੇ ਸਾਡੀ ਰੈੱਡ ਵਾਈਨ ਵੇਖੇਗਾ ਤਾਂ ਉਸਨੂੰ ਕਿੰਨੀ ਈਰਖਾ ਹੋਵੇਗੀ। ਅਤੇ ਤੂੰ ਜਾਣਦਾ ਹੈਂ ਈਰਖਾ ਕਿੰਨੀ ਭੈੜੀ ਬਿਮਾਰੀ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਇੱਕ ਮਾਤਰ ਦੋਸਤ ਦਾ ਸੁਭਾਅ ਵਿਗੜ ਜਾਵੇ। ਮੈਂ ਉਸਦਾ ਦੋਸਤ ਹਾਂ ਅਤੇ ਉਸਦਾ ਧਿਆਨ ਰੱਖਣਾ ਮੇਰਾ ਫ਼ਰਜ਼ ਹੈ। ਜੇਕਰ ਉਹ ਇੱਥੇ ਆਏ ਅਤੇ ਮੇਰੇ ਤੋਂ ਕੁੱਝ ਆਟਾ ਉਧਾਰ ਮੰਗੇ, ਤਾਂ ਵੀ ਮੈਂ ਨਹੀਂ ਦੇ ਸਕਦਾ। ਆਟਾ ਦੂਜੀ ਚੀਜ਼ ਹੈ, ਦੋਸਤੀ ਦੂਜੀ। ਦੋਨੋਂ ਸ਼ਬਦਾਂ ਦੇ ਹਿੱਜੇ ਵੱਖ ਵੱਖ ਹਨ, ਦੋਨਾਂ ਦੇ ਮਤਲਬ ਵੱਖ ਵੱਖ ਹਨ। ਕੋਈ ਮੂਰਖ ਵੀ ਇਹ ਗੱਲ ਸਮਝ ਸਕਦਾ ਹੈ।"

‘"ਤੁਸੀਂ ਕਿੰਨੀਆਂ ਕਮਾਲ ਦੀਆਂ ਗੱਲਾਂ ਕਰਦੇ ਹੋ। ਤੁਹਾਡੀਆਂ ਗੱਲਾਂ ਵੱਡੇ ਪਾਦਰੀ ਦੇ ਉਪਦੇਸ਼ ਨਾਲੋਂ ਵੀ ਜ਼ਿਆਦਾ ਅਸਰਦਾਰ ਹਨ ਕਿਉਂਕਿ ਇਨ੍ਹਾਂ ਨੂੰ ਸੁਣਦੇ-ਸੁਣਦੇ ਉਸ ਨਾਲੋਂ ਵੀ ਜਲਦੀ ਝਪਕੀ ਆਉਣ ਲੱਗਦੀ ਹੈ।" ਉਸਦੀ ਪਤਨੀ ਨੇ ਕਿਹਾ।

‘ਮਿਲਰ ਨੇ ਜਵਾਬ ਦਿੱਤਾ, "ਬਹੁਤ ਸਾਰੇ ਲੋਕ ਕੰਮ ਕਰਨ ਦੇ ਬੜੇ ਕਮਾਲ ਕਾਰੀਗਰ ਹੁੰਦੇ ਹਨ, ਪਰ ਕਮਾਲ ਦੀ ਕਲਾ ਨਾਲ ਗੱਲਾਂ ਬਹੁਤ ਘੱਟ ਲੋਕ ਕਰ ਸਕਦੇ ਹਨ। ਸਾਫ਼ ਹੈ ਕਿ ਗੱਲਾਂ ਕਰਨਾ ਮੁਕਾਬਲਤਨ ਕਿਤੇ ਮੁਸ਼ਕਲ ਕੰਮ ਹੈ।" ਉਸਨੇ ਮੇਜ਼ ਦੇ ਦੂਜੇ ਪਾਸੇ ਬੈਠੇ ਆਪਣੇ ਛੋਟੇ ਬੇਟੇ ਦੇ ਵੱਲ ਇੰਨੀ ਗਹਿਰੀ ਨਜ਼ਰ ਨਾਲ ਵੇਖਿਆ ਕਿ ਉਸ ਨੂੰ ਆਪਣੇ ਆਪ ਤੇ ਬੇਹੱਦ ਸ਼ਰਮ ਮਹਿਸੂਸ ਹੋਈ, ਏਨੀ ਕਿ ਉਸਨੇ ਆਪਣਾ ਸਿਰ ਸੁੱਟ ਲਿਆ, ਅਤੇ ਉਹਦਾ ਰੰਗ ਪੂਰਾ ਲਾਲ ਹੋ ਗਿਆ, ਅਤੇ ਆਪਣੀ ਚਾਹ ਵਿੱਚ ਹੰਝੂ ਕੇਰਨ ਲੱਗਿਆ। ਐਪਰ ਹਾਲੀਂ ਉਹ ਇੰਨਾ ਛੋਟਾ ਸੀ ਕਿ ਤੁਹਾਨੂੰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।

‘"ਕੀ ਇਹੀ ਕਹਾਣੀ ਦਾ ਅੰਤ ਹੈ?" ਛਛੂੰਦਰ ਨੇ ਪੁੱਛਿਆ।

‘"ਨਹੀਂ , ਇਹ ਤਾਂ ਅਜੇ ਸ਼ੁਰੂਆਤ ਹੈ।" ਹਰੇ ਮਮੋਲੇ ਨੇ ਕਿਹਾ।

‘"ਓਹ, ਤਾਂ ਤੁਸੀਂ ਜ਼ਮਾਨੇ ਤੋਂ ਬਹੁਤ ਪਛੜੇ ਹੋਏ ਗਲਪਕਾਰ ਹੋ। ਅੱਜ ਕੱਲ੍ਹ ਤਾਂ ਹਰ ਕਹਾਣੀਕਾਰ ਪਹਿਲਾਂ ਅੰਤ ਦਾ ਵਰਣਨ ਕਰਦਾ ਹੈ ਅਤੇ ਫਿਰ ਸ਼ੁਰੂ ਦਾ ਵਿਸਥਾਰ ਕਰਦਾ ਹੈ ਅਤੇ ਅੰਤ ਵਿੱਚ ਮੱਧ ਵਿੱਚ ਲਿਆਕੇ ਕਹਾਣੀ ਖ਼ਤਮ ਕਰ ਦਿੰਦਾ ਹੈ। ਇਹ ਗੱਲ ਮੈਂ ਕੱਲ ਇੱਕ ਆਲੋਚਕ ਕੋਲੋਂ ਸੁਣੀ ਸੀ ਜਿਹੜਾ ਇੱਕ ਨੌਜਵਾਨ ਦੇ ਨਾਲ ਝੀਲ ਦੇ ਆਲੇ ਦੁਆਲੇ ਸੈਰ ਕਰ ਰਿਹਾ ਸੀ। ਉਹਨੇ ਬਹੁਤ ਵਿਸਥਾਰ ਨਾਲ ਇਸ ਵਿਸ਼ੇ ਬਾਰੇ ਗੱਲਾਂ ਕੀਤੀਆਂ। ਉਹਦੀਆਂ ਗੱਲਾਂ ਸੱਚ ਹੀ ਹੋਣੀਆਂ ਨੇ ਕਿਉਂਜੋ ਉਸਨੇ ਨੀਲੀਆਂ ਐਨਕਾਂ ਪਹਿਨੀਆਂ ਹੋਈਆਂ ਸਨ ਉਹਦੇ ਸਿਰ ਤੇ ਗੰਜ ਪਿਆ ਹੋਇਆ ਸੀ। ਅਤੇ ਜਦੋਂ ਵੀ ਨੌਜਵਾਨ ਕੋਈ ਟਿੱਪਣੀ ਕਰਦਾ, ਉਹ ਹਮੇਸ਼ਾਂ ‘ਪੂਹ!’ ਕਹਿ ਕੇ ਉੱਤਰ ਦਿੰਦਾ ਸੀ। ਖ਼ੈਰ ਤੁਸੀਂ ਆਪਣੀ ਕਹਾਣੀ ਕਹੋ। ਮੈਨੂੰ ਮਿਲਰ ਦਾ ਕਿਰਦਾਰ ਬੜਾ ਗੰਭੀਰ ਲੱਗ ਰਿਹਾ ਹੈ। ਉਹ ਸੁਭਾਵਿਕ ਵੀ ਹੈ। ਗੱਲ ਇਹ ਹੈ ਮੇਰੇ ਦਿਲ ਵਿੱਚ ਵੀ ਹਰ ਕਿਸਮ ਦੀਆਂ ਖ਼ੂਬਸੂਰਤ ਭਾਵਨਾਵਾਂ ਹਨ, ਇਸ ਲਈ ਸਾਡੇ ਵਿਚਕਾਰ ਵੱਡੀ ਸਾਂਝ ਹੈ।" ਛਛੂੰਦਰ ਨੇ ਕਿਹਾ।

‘"ਅੱਛਾ, ਤਾਂ ਜਿਵੇਂ ਹੀ ਸਿਆਲ ਖਤਮ ਹੋਇਆ ਅਤੇ ਬਸੰਤੀ ਫੁੱਲ ਆਪਣੀਆਂ ਪੰਖੜੀਆਂ ਖੋਲ੍ਹਣ ਲੱਗੇ, ਮਿਲਰ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਹੈਂਸ ਕੋਲ ਜਾਣ ਦੀ ਸੋਚ ਰਿਹਾ ਹੈ।"

‘"ਓਹ, ਤੁਸੀਂ ਕਿੰਨਾ ਧਿਆਨ ਰੱਖਦੇ ਹੋ ਹੈਂਸ ਦਾ," ਉਸਦੀ ਪਤਨੀ ਬੋਲੀ। "ਤੇ ਵੇਖੋ, ਉਹ ਫੁੱਲਾਂ ਵਾਸਤੇ ਟੋਕਰੀ ਲੈ ਜਾਣਾ ਨਾ ਭੁੱਲਣਾ।"

‘ਇਸ ਲਈ ਮਿੱਲਰ ਨੇ ਇੱਕ ਮਜ਼ਬੂਤ ਲੋਹੇ ਦੀ ਸੰਗਲੀ ਨਾਲ ਹਵਾਚੱਕੀ ਦੇ ਬਾਦਬਾਨਾਂ ਨੂੰ ਬੰਨ੍ਹਿਆ, ਅਤੇ ਆਪਣੀ ਬਾਂਹ ਉੱਤੇ ਟੋਕਰੀ ਲਟਕਾ ਕੇ ਪਹਾੜੀ ਤੋਂ ਹੇਠਾਂ ਚਲਾ ਗਿਆ।

‘"ਸ਼ੁਭ ਸਵੇਰ, ਹੈਂਸ!" ਮਿਲਰ ਨੇ ਕਿਹਾ।

‘"ਸ਼ੁਭ ਸਵੇਰ!" ਆਪਣੀ ਕਹੀ ਰੋਕ ਕੇ ਹੈਂਸ ਨੇ ਕਿਹਾ। ਉਹ ਬਹੁਤ ਖੁਸ਼ ਹੋਇਆ।

‘"ਕਹੋ ਸਿਆਲ ਕਿਵੇਂ ਗੁਜ਼ਰਿਆ।" ਮਿਲਰ ਨੇ ਪੁੱਛਿਆ।

‘"ਤੁਸੀਂ ਹਮੇਸ਼ਾ ਮੇਰੀ ਕੁਸ਼ਲਤਾ ਦਾ ਧਿਆਨ ਰੱਖਦੇ ਹੋ।" ਹੈਂਸ ਨੇ ਗਦਗਦ ਆਵਾਜ਼ ਵਿੱਚ ਕਿਹਾ। "ਕੁੱਝ ਕਸ਼ਟ ਜ਼ਰੂਰ ਸੀ, ਪਰ ਹੁਣ ਤਾਂ ਬਸੰਤ ਆ ਗਈ ਹੈ ਅਤੇ ਫੁੱਲ ਖਿੜ ਰਹੇ ਹਨ।"

‘"ਅਸੀਂ ਲੋਕ ਕਦੇ ਕਦੇ ਸੋਚਦੇ ਸਾਂ ਕਿ ਤੇਰੀ ਗੁਜ਼ਰ ਕਿਵੇਂ ਹੋ ਰਹੀ ਹੋਵੋਗੀ।" ਮਿਲਰ ਬੋਲਿਆ।

‘"ਸਚਮੁੱਚ ਤੁਸੀਂ ਕਿੰਨੇ ਦਿਆਲ ਹੋ। ਮੈਂ ਤਾਂ ਸੋਚ ਰਿਹਾ ਸੀ ਕਿ ਤੁਸੀਂ ਮੈਨੂੰ ਭੁੱਲ ਗਏ ਹੋ।"

‘"ਹੈਂਸ ਮੈਨੂੰ ਕਦੇ ਕਦੇ ਤੇਰੀਆਂ ਗੱਲਾਂ ਤੇ ਹੈਰਤ ਹੁੰਦੀ ਹੈ। ਦੋਸਤੀ ਕਦੇ ਭੁਲਾਈ ਵੀ ਜਾ ਸਕਦੀ ਹੈ। ਇਹੀ ਤਾਂ ਜੀਵਨ ਦਾ ਰਹੱਸ ਹੈ। ਪਰ ਮੈਨੂੰ ਡਰ ਹੈ ਕਿ ਤੁਸੀਂ ਜ਼ਿੰਦਗੀ ਦੀ ਕਵਿਤਾ ਨੂੰ ਕਦੇ ਨਹੀਂ ਸਮਝੋਗੇ। ਵਾਹ! ਤੁਹਾਡੇ ਫੁੱਲ ਕਿੰਨੇ ਪਿਆਰੇ ਹਨ।"

‘"ਹਾਂ, ਬਹੁਤ ਸੁਹਣੇ ਹਨ," ਹੈਂਸ ਬੋਲਿਆ। "ਅਤੇ ਭਾਗਾਂ ਨਾਲ ਹੈਨ ਵੀ ਕਿੰਨੇ ਜ਼ਿਆਦਾ। ਮੈਂ ਇਨ੍ਹਾਂ ਨੂੰ ਮਾਰਕੀਟ ਵਿਚ ਲਿਜਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਨੂੰ ਮੇਅਰ ਦੀ ਧੀ ਨੂੰ ਵੇਚ ਦੇਵਾਂਗਾ ਅਤੇ ਆਪਣੀ ਰੇਹੜੀ ਵਾਪਸ ਖ਼ਰੀਦ ਲਵਾਂਗਾ।"

‘"ਵਾਪਸ ਖਰੀਦ ਲਵੇਂਗਾ? ਕੀ ਤੂੰ ਵੇਚ ਦਿੱਤੀ ਸੀ? ਕਿੰਨੀ ਨਦਾਨੀ ਕੀਤੀ ਤੂੰ।"

‘"ਗੱਲ ਇਹ ਹੈ ਕਿ ਠੰਡ ਵਿੱਚ ਮੇਰੇ ਕੋਲ ਇੱਕ ਪਾਈ ਵੀ ਨਹੀਂ ਸੀ, ਇਸ ਲਈ ਪਹਿਲਾਂ ਮੈਂ ਆਪਣੇ ਚਾਂਦੀ ਦੇ ਬਟਨ ਵੇਚੇ। ਬਾਅਦ ਵਿੱਚ ਆਪਣਾ ਕੋਟ, ਫਿਰ ਚਾਂਦੀ ਦੀ ਜ਼ੰਜੀਰ ਅਤੇ ਅੰਤ ਵਿੱਚ ਆਪਣੀ ਰੇਹੜੀ ਵੇਚ ਦਿੱਤੀ। ਪਰ ਹੁਣ ਮੈਂ ਸਭ ਕੁਝ ਵਾਪਸ ਖ਼ਰੀਦ ਲਵਾਂਗਾ।" ਹੈਂਸ ਬੋਲਿਆ।

‘"ਹੈਂਸ, ਮੈਂ ਤੈਨੂੰ ਆਪਣੀ ਰੇਹੜੀ ਦੇਵਾਂਗਾ।" ਮਿਲਰ ਝੱਟਪੱਟ ਬੋਲਿਆ।

‘"ਉਸਦਾ ਇੱਕ ਹਿੱਸਾ ਗ਼ਾਇਬ ਹੈ ਅਤੇ ਪਹੀਏ ਦੇ ਗਜ਼ ਟੁੱਟੇ ਹੋਏ ਹਨ, ਫਿਰ ਵੀ ਮੈਂ ਤੈਨੂੰ ਦੇ ਦੇਵਾਂਗਾ। ਮੈਂ ਜਾਣਦਾ ਹਾਂ ਕਿ ਇਹ ਬਹੁਤ ਵੱਡਾ ਤਿਆਗ ਹੈ। ਬਹੁਤ ਸਾਰੇ ਲੋਕ ਮੈਨੂੰ ਮੂਰਖ ਕਹਿਣਗੇ, ਪਰ ਮੈਂ ਦੁਨਿਆਵੀ ਲੋਕਾਂ ਵਰਗਾ ਨਹੀਂ ਹਾਂ। ਮੈਂ ਸਮਝਦਾ ਹਾਂ ਕਿ ਸੱਚੇ ਦੋਸਤਾਂ ਦਾ ਫ਼ਰਜ਼ ਦੂਜੇ ਲਈ ਆਪਾ ਅਰਪਿਤ ਕਰਨਾ ਹੁੰਦਾ ਹੈ ਅਤੇ ਫਿਰ ਹੁਣ ਤਾਂ ਮੈਂ ਨਵੀਂ ਰੇਹੜੀ ਵੀ ਖ਼ਰੀਦ ਲਈ ਹੈ। ਅੱਛਾ, ਹੁਣ ਤੂੰ ਚਿੰਤਾ ਛੱਡ ਦੇ। ਮੈਂ ਆਪਣੀ ਰੇਹੜੀ ਤੈਨੂੰ ਦੇ ਦੇਵਾਂਗਾ।" ਮਿਲਰ ਨੇ ਪੂਰੇ ਮਾਣ ਨਾਲ ਕਿਹਾ।

‘"ਸੱਚੀਂ ਤੁਹਾਡਾ ਕਿੰਨਾ ਵੱਡਾ ਦਿਲ ਹੈ।" ਹੈਂਸ ਨੇ ਅਹਿਸਾਨ ਮੰਨਦੇ ਹੋਏ ਕਿਹਾ, "ਮੈਂ ਉਸ ਦੀ ਸੌਖ ਨਾਲ ਮੁਰੰਮਤ ਕਰ ਲਵਾਂਗਾ, ਮੇਰੇ ਕੋਲ ਇੱਕ ਵੱਡਾ ਸਾਰਾ ਫੱਟਾ ਹੈ।"

‘"ਫੱਟਾ?" ਮਿਲਰ ਬੋਲਿਆ, "ਆਹਾ, ਮੈਨੂੰ ਵੀ ਇੱਕ ਫੱਟੇ ਦੀ ਜ਼ਰੂਰਤ ਹੈ। ਮੇਰੇ ਗੁਦਾਮ ਦੀ ਛੱਤ ਵਿੱਚ ਇੱਕ ਮੋਰੀ ਹੋ ਗਈ ਹੈ। ਜੇਕਰ ਉਹ ਬੰਦ ਨਾ ਕੀਤੀ, ਤਾਂ ਸਾਰਾ ਅਨਾਜ ਭਿੱਜ ਜਾਵੇਗਾ। ਕਿਸਮਤ ਨਾਲ ਤੁਹਾਡੇ ਹੀ ਕੋਲ ਇੱਕ ਫੱਟਾ ਨਿਕਲ ਆਇਆ। ਹੈਰਾਨੀ ਹੈ ! ਭਲੇ ਕੰਮ ਦਾ ਨਤੀਜਾ ਹਮੇਸ਼ਾ ਭਲਾ ਹੁੰਦਾ ਹੈ। ਮੈਂ ਆਪਣੀ ਰੇਹੜੀ ਤੈਨੂੰ ਦੇ ਦਿੱਤੀ ਅਤੇ ਤੁਸੀਂ ਮੈਨੂੰ ਆਪਣਾ ਫੱਟਾ ਦੇ ਰਹੇ ਹੋ। ਇਹ ਠੀਕ ਹੈ ਕਿ ਰੇਹੜੀ ਫੱਟੇ ਨਾਲੋਂ ਜ਼ਿਆਦਾ ਮੁੱਲ ਦੀ ਹੈ, ਪਰ ਦੋਸਤੀ ਵਿੱਚ ਵਾਧਾ ਘਟਾ ਨਹੀਂ ਦੇਖਿਆ ਜਾਂਦਾ। ਹੁਣੇ ਕੱਢੋ ਫੱਟਾ, ਤਾਂ ਮੈਂ ਅੱਜ ਹੀ ਆਪਣਾ ਗੁਦਾਮ ਠੀਕ ਕਰ ਲਵਾਂਗਾ।"

‘"ਜ਼ਰੂਰ।" ਹੈਂਸ ਨੇ ਕਿਹਾ ਅਤੇ ਉਹ ਕੁਟੀਆ ਦੇ ਅੰਦਰੋਂ ਫੱਟਾ ਖਿੱਚ ਲਿਆਇਆ ਅਤੇ ਉਸਨੂੰ ਬਾਹਰ ਰੱਖ ਦਿੱਤਾ।

‘"ਇਹ ਤਾਂ ਬਹੁਤ ਛੋਟਾ ਹੈ," ਮਿਲਰ ਬੋਲਿਆ। "ਸ਼ਾਇਦ ਤੇਰੇ ਲਈ ਇਸ ਵਿੱਚੋਂ ਕੁਝ ਨਾ ਬਚੇ। ਪਰ ਇਸਦੇ ਲਈ ਮੈਂ ਕੀ ਕਰਾਂ। ਅਤੇ ਵੇਖੋ, ਮੈਂ ਤੈਨੂੰ ਰੇਹੜੀ ਦਿੱਤੀ ਹੈ, ਤਾਂ ਤੂੰ ਮੈਨੂੰ ਕੁੱਝ ਫੁੱਲ ਨਹੀਂ ਦੇਵੇਂਗਾ? ਇਹ ਲਓ, ਟੋਕਰੀ ਭਰ ਦੇ।"

‘"ਟੋਕਰੀ ਭਰ ਦੇਵਾਂ?" ਹੈਂਸ ਨੇ ਚਿੰਤਤ ਅਵਾਜ਼ ਵਿੱਚ ਪੁੱਛਿਆ ਕਿਉਂਕਿ ਟੋਕਰੀ ਬਹੁਤ ਵੱਡੀ ਸੀ ਅਤੇ ਉਹ ਜਾਣਦਾ ਸੀ ਕਿ ਉਸਨੂੰ ਭਰ ਦੇਣ ਦੇ ਬਾਅਦ ਫਿਰ ਵੇਚਣ ਲਈ ਇੱਕ ਵੀ ਫੁਲ ਨਹੀਂ ਬਚੇਗਾ। ਉਸ ਨੇ ਤਾਂ ਆਪਣੇ ਚਾਂਦੀ ਦੇ ਬਟਨ ਵਾਪਸ ਲੈਣੇ ਸਨ।

‘"ਹਾਂ ਤੇ ਹੋਰ ਕੀ... ਮੈਂ ਤੈਨੂੰ ਆਪਣੀ ਰੇਹੜੀ ਦਿੱਤੀ ਹੈ। ਜੇਕਰ ਮੈਂ ਤੇਰੇ ਕੋਲੋਂ ਕੁੱਝ ਫੁਲ ਮੰਗ ਰਿਹਾ ਹਾਂ ਤਾਂ ਕਿਹੜੀ ਵੱਡੀ ਗੱਲ ਹੈ। ਹੋ ਸਕਦਾ ਹੈ, ਮੇਰਾ ਵਿਚਾਰ ਠੀਕ ਨਾ ਹੋਵੇ, ਪਰ ਮੇਰੀ ਸਮਝ ਵਿੱਚ ਦੋਸਤੀ ਵਿੱਚ ਸਵਾਰਥ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ।"

‘"ਨਹੀਂ ਪਿਆਰੇ ਮਿੱਤਰ। ਤੁਹਾਡੀ ਖੁਸ਼ੀ ਮੇਰੇ ਲਈ ਵੱਡੀ ਚੀਜ਼ ਹੈ। ਮੈਂ ਤੁਹਾਨੂੰ ਦੁਖੀ ਕਰਕੇ ਆਪਣੇ ਚਾਂਦੀ ਦੇ ਬਟਨ ਨਹੀਂ ਲੈਣਾ ਚਾਹੁੰਦਾ।" ਅਤੇ ਉਸਨੇ ਚੁਣ ਚੁਣ ਕੇ ਫੁੱਲਾਂ ਨਾਲ ਉਹ ਟੋਕਰੀ ਭਰ ਦਿੱਤੀ।

‘“ਅਗਲੇ ਦਿਨ ਜਦੋਂ ਉਹ ਕਿਆਰੀਆਂ ਠੀਕ ਕਰ ਰਿਹਾ ਸੀ, ਤੱਦ ਉਸਨੂੰ ਸੜਕ ਤੋਂ ਮਿਲਰ ਦੀ ਹਾਕ ਸੁਣਾਈ ਦਿੱਤੀ ਅਤੇ ਉਹ ਕੰਮ ਛੱਡਕੇ ਭੱਜਿਆ, ਬਾਗਲ ਉਪਰੋਂ ਝੁਕ ਕੇ ਝਾਕਣ ਲਗਾ। ਮਿਲਰ ਆਪਣੀ ਪਿੱਠ ਤੇ ਅਨਾਜ ਦਾ ਇੱਕ ਵੱਡਾ ਸਾਰਾ ਬੋਰਾ ਲੱਦੀ ਖੜਾ ਸੀ।

‘"ਪਿਆਰੇ ਹੈਂਸ, ਜਰਾ ਇਸਨੂੰ ਬਾਜ਼ਾਰ ਤੱਕ ਪਹੁੰਚਾ ਦੇਵੇਂਗਾ?" ਮਿਲਰ ਬੋਲਿਆ।

‘"ਭਰਾ, ਅੱਜ ਤਾਂ ਮਾਫ ਕਰੋ," ਹੈਂਸ ਨੇ ਕਿਹਾ, "ਅੱਜ ਤਾਂ ਮੈਂ ਸਚਮੁੱਚ ਕੰਮ ਵਿੱਚ ਬਹੁਤ ਉਲਝਿਆ ਹੋਇਆ ਹਾਂ। ਮੈ ਆਪਣੀਆਂ ਸਭ ਵੇਲਾਂ ਚੜ੍ਹਾਉਣੀਆਂ ਹਨ। ਫਿਰ ਸਭ ਬੂਟੇ ਸਿੰਜਣੇ ਹਨ ਅਤੇ ਦੁੱਬ ਛਾਂਟਣੀ ਹੈ।"

‘"ਅਫਸੋਸ ਹੈ" ਮਿਲਰ ਨੇ ਕਿਹਾ, "ਇਹ ਵੇਖਦੇ ਹੋਏ ਕਿ ਮੈਂ ਤੈਨੂੰ ਆਪਣੀ ਰੇਹੜੀ ਦਿੱਤੀ ਹੈ, ਤੇਰਾ ਇਸ ਤਰ੍ਹਾਂ ਇਨਕਾਰ ਕਰਨਾ ਸ਼ੋਭਾ ਨਹੀਂ ਦਿੰਦਾ।"

‘"ਨਹੀਂ ਭਾਈ, ਅਜਿਹਾ ਖ਼ਿਆਲ ਕਿਉਂ ਕਰਦੇ ਹੋ।" ਹੈਂਸ ਬੋਲਿਆ। ਉਹ ਝੱਟਪੱਟ ਮੋਢਿਆਂ ਤੇ ਬੋਰਾ ਲੱਦ ਕੇ ਚੱਲ ਪਿਆ। ਧੁੱਪ ਬਹੁਤ ਕਰੜੀ ਸੀ। ਸੜਕ ਤਪ ਰਹੀ ਸੀ। ਛੇ ਮੀਲ ਚਲਣ ਤੋਂ ਬਾਅਦ ਹੈਂਸ ਬੇਹੱਦ ਥੱਕ ਗਿਆ, ਪਰ ਉਹ ਹਿੰਮਤ ਨਹੀਂ ਹਾਰਿਆ। ਬਾਜ਼ਾਰ ਪਹੁੰਚ ਕੇ ਖਰੇ ਦਾਮ ਤੇ ਵਿਕਰੀ ਕੀਤੀ ਅਤੇ ਜਲਦੀ ਪਰਤ ਆਇਆ। ਜਦੋਂ ਉਹ ਸੌਣ ਜਾ ਰਿਹਾ ਸੀ ਤਾਂ ਉਸਨੇ ਮਨ ਵਿੱਚ ਕਿਹਾ ਕਿ ਅੱਜ ਬਹੁਤ ਭੈੜਾ ਦਿਨ ਬੀਤਿਆ, ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਮਿਲਰ ਦਾ ਦਿਲ ਨਹੀਂ ਦੁਖਾਇਆ। ਉਹ ਮੇਰਾ ਦੋਸਤ ਹੈ ਅਤੇ ਉਸਨੇ ਮੈਨੂੰ ਰੇਹੜੀ ਦਿੱਤੀ ਹੈ। ਅਗਲੇ ਦਿਨ ਮਿਲਰ ਪੈਸੇ ਲੈਣ ਆਇਆ। ਮਗਰ ਹੈਂਸ ਇੰਨਾ ਥੱਕਿਆ ਸੀ ਕਿ ਉਹ ਹੁਣ ਵੀ ਪਲੰਘ ਤੇ ਪਿਆ ਸੀ।

‘"ਸੱਚ ਕਹਿੰਦਾ ਹਾਂ, ਤੂੰ ਬਹੁਤ ਆਲਸੀ ਲੱਗਦਾ ਹੈਂ। ਮੈਂ ਸੋਚਿਆ ਸੀ ਰੇਹੜੀ ਮਿਲ ਜਾਣ ਤੇ ਤੂੰ ਮਿਹਨਤ ਨਾਲ ਕੰਮ ਕਰੇਂਗਾ। ਮੈਂ ਨਹੀਂ ਚਾਹੁੰਦਾ ਕਿ ਮੇਰਾ ਕੋਈ ਵੀ ਦੋਸਤ ਆਲਸੀ ਹੋਵੇ। ਮਾਫ ਕਰਨਾ ਮੈਂ ਮੂੰਹ ਫੱਟ ਹਾਂ, ਪਰ ਤੁਹਾਡੀ ਚਿੰਤਾ ਕਰਨਾ ਮੇਰਾ ਫ਼ਰਜ਼ ਹੈ। ਜੀਭ ਨਾਲ ਚਪੜ ਚਪੜ ਤਾਂ ਕੋਈ ਵੀ ਕਰ ਸਕਦਾ ਹੈ। ਸੱਚੇ ਦੋਸਤ ਦਾ ਕੰਮ ਮਿੱਤਰ ਨੂੰ ਔਗੁਣਾ ਤੋਂ ਬਚਾਉਣਾ ਹੈ।" ਮਿਲਰ ਬੋਲਿਆ।

‘"ਮੈਨੂੰ ਬਹੁਤ ਦੁੱਖ ਹੈ," ਹੈਂਸ ਨੇ ਅੱਖਾਂ ਮਲ਼ਦੇ ਹੋਏ ਕਿਹਾ, "ਮੈਂ ਬਹੁਤ ਥੱਕਿਆ ਹੋਇਆ ਸਾਂ।"

‘"ਅੱਛਾ ਉੱਠ," ਮਿਲਰ ਨੇ ਉਸਦੀ ਪਿੱਠ ਥਪਥਪਾਉਂਦੇ ਹੋਏ ਕਿਹਾ, "ਚੱਲ ਜਰਾ, ਮੈਨੂੰ ਗੁਦਾਮ ਦੀ ਛੱਤ ਬਣਾਉਣ ਵਿੱਚ ਮਦਦ ਕਰ।"

‘ਹੈਂਸ ਚਿੰਤਤ ਸੀ, ਕਿਉਂਕਿ ਉਸਦੇ ਬੂਟਿਆਂ ਵਿੱਚ ਦੋ ਦਿਨ ਤੋਂ ਪਾਣੀ ਨਹੀਂ ਪਿਆ ਸੀ। "ਜੇਕਰ ਮੈਂ ਕਹਾਂ ਕਿ ਮੈਂ ਬਿਜੀ ਹਾਂ, ਤਾਂ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ?"

‘"ਖ਼ੈਰ, ਤੈਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੋਸਤੀ ਦੇ ਨਾਤੇ ਹੀ ਮੈਂ ਤੈਨੂੰ ਆਪਣੀ ਰੇਹੜੀ ਦਿੱਤੀ ਹੈ। ਪਰ ਜੇਕਰ ਤੂੰ ਮੇਰਾ ਇੰਨਾ ਕੰਮ ਵੀ ਨਹੀਂ ਕਰ ਸਕਦਾ, ਤਾਂ ਕੋਈ ਗੱਲ ਨਹੀਂ। ਮੈਂ ਆਪੇ ਕਰ ਲਵਾਂਗਾ।" ਮਿਲਰ ਬੋਲਿਆ।

‘"ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਹੈ।" ਹੈਂਸ ਬੋਲਿਆ। ਉਹ ਝੱਟਪੱਟ ਮਿਲਰ ਦੇ ਨਾਲ ਚੱਲ ਪਿਆ। ਉੱਥੇ ਉਸਨੇ ਦਿਨ ਭਰ ਕੰਮ ਕੀਤਾ। ਸ਼ਾਮ ਦੇ ਵਕਤ ਮਿਲਰ ਆਇਆ। ‘"ਹੈਂਸ ਤੂੰ ਮੋਰੀ ਬੰਦ ਕਰ ਦਿੱਤੀ?"

‘"ਹਾਂ, ਮੋਰੀ ਪੂਰੀ ਬੰਦ ਹੋ ਗਈ ਹੈ।" ਹੈਂਸ ਨੇ ਪੌੜੀ ਉਤਰਦੇ ਹੋਏ ਜਵਾਬ ਦਿੱਤਾ।

‘"ਆਹਾ . . . ", ਮਿਲਰ ਬੋਲਿਆ, "ਦੁਨੀਆ ਵਿੱਚ ਦੂਸਰਿਆਂ ਲਈ ਕਸ਼ਟ ਝੱਲਣ ਨਾਲੋਂ ਵੱਧ ਆਨੰਦ ਹੋਰ ਕਿਸੇ ਕੰਮ ਵਿੱਚ ਨਹੀਂ ਆਉਂਦਾ।"

‘"ਮੈਨੂੰ ਤਾਂ ਸਚਮੁੱਚ ਤੁਹਾਡੇ ਵਿਚਾਰਾਂ ਤੋਂ ਬਹੁਤ ਰਾਹਤ ਮਿਲਦੀ ਹੈ।" ਹੈਂਸ ਨੇ ਮੁੜ੍ਹਕਾ ਪੂੰਝਦੇ ਹੋਏ ਕਿਹਾ, "ਪਰ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਕਦੇ ਇੰਨੇ ਉੱਚੇ ਵਿਚਾਰ ਪੈਦਾ ਨਹੀਂ ਆਉਂਦੇ।"

‘"ਕੋਈ ਗੱਲ ਨਹੀਂ। ਕੋਸ਼ਿਸ਼ ਕਰਦਾ ਰਹਿ। ਹੁਣ ਤੇਰੇ ਕੋਲ ਦੋਸਤੀ ਦਾ ਸਿਰਫ਼ ਅਭਿਆਸ ਹੈ, ਜਲਦੀ ਹੀ ਇਸਦਾ ਸਿਧਾਂਤ ਵੀ ਸਮਝ ਜਾਏਂਗਾ। ਅੱਛਾ ਹੁਣ ਤੂੰ ਆਰਾਮ ਕਰ , ਕਿਉਂਕਿ ਕੱਲ ਤੈਨੂੰ ਮੇਰੀਆਂ ਭੇਡਾਂ ਨੂੰ ਚਾਰਨ ਲਿਜਾਣਾ ਪਵੇਗਾ।" ਮਿਲਰ ਬੋਲਿਆ।

‘ਵਿਚਾਰਾ ਹੈਂਸ ਇਸ ਬਾਰੇ ਕੁਝ ਕਹਿਣ ਤੋਂ ਡਰਦਾ ਸੀ, ਅਤੇ ਅਗਲੀ ਸਵੇਰ ਮਿਲਰ ਆਪਣੀਆਂ ਭੇਡਾਂ ਨੂੰ ਕੁਟੀਆ ਦੇ ਕੋਲ ਲੈ ਆਇਆ ਅਤੇ ਹੈਂਸ ਉਨ੍ਹਾਂ ਨੂੰ ਹੱਕ ਕੇ ਪਹਾੜ ਵੱਲ ਤੁਰ ਪਿਆ। ਜਾਣ ਅਤੇ ਵਾਪਸ ਜਾਣ ਵਿੱਚ ਉਸਨੂੰ ਪੂਰਾ ਦਿਨ ਲੱਗਿਆ; ਅਤੇ ਜਦੋਂ ਉਹ ਵਾਪਸ ਆਇਆ ਤਾਂ ਉਹ ਇੰਨਾ ਥੱਕਿਆ ਹੋਇਆ ਸੀ ਕਿ ਉਹ ਆਪਣੀ ਕੁਰਸੀ ਤੇ ਹੀ ਸੌਂ ਗਿਆ, ਅਤੇ ਉਦੋਂ ਕਿਤੇ ਉਠਿਆ ਜਦੋਂ ਚੰਗਾ ਚਾਨਣ ਹੋ ਚੁੱਕਾ ਸੀ। ਆਪਣੇ ਬਗੀਚੇ ਵਿਚ ਮੇਰਾ ਕਿੰਨਾ ਜੀਅ ਲੱਗੇਗਾ, ਉਸਨੇ ਕਿਹਾ, ਅਤੇ ਉਹ ਤੁਰਤ ਕੰਮ ਤੇ ਜਾ ਲੱਗਿਆ।

‘ਇਸ ਤਰ੍ਹਾਂ ਹੈਂਸ ਆਪਣੇ ਫੁੱਲਾਂ ਦੀ ਦੇਖਭਾਲ ਨਹੀਂ ਕਰ ਸਕਿਆ, ਕਿਉਂਕਿ ਮਿਲਰ ਕੋਈ ਨਾ ਕੋਈ ਕੰਮ ਦੱਸਦਾ ਰਹਿੰਦਾ ਸੀ। ਹੈਂਸ ਕਦੇ ਕਦੇ ਬਹੁਤ ਦੁਖੀ ਹੋ ਜਾਂਦਾ ਕਿਉਂਕਿ ਉਹ ਸੋਚਦਾ ਸੀ ਕਿ ਫੁੱਲ ਸੋਚਣਗੇ ਕਿ ਉਹ ਉਨ੍ਹਾਂ ਨੂੰ ਭੁੱਲ ਗਿਆ ਹੈ। ਪਰ ਉਹ ਹਮੇਸ਼ਾ ਸੋਚਦਾ ਕਿ ਮਿਲਰ ਉਸਦਾ ਪੱਕਾ ਮਿੱਤਰ ਹੈ ਅਤੇ ਫਿਰ ਉਹ ਉਸਨੂੰ ਆਪਣੀ ਰੇਹੜੀ ਦੇਣ ਵਾਲਾ ਸੀ ਅਤੇ ਇਹ ਕਿੰਨਾ ਵੱਡਾ ਤਿਆਗ ਸੀ।

‘“ਇਸ ਤਰ੍ਹਾਂ ਹੈਂਸ ਦਿਨ ਭਰ ਮਿਲਰ ਲਈ ਕੰਮ ਕਰਦਾ ਅਤੇ ਮਿਲਰ ਲੱਛੇਦਾਰ ਸ਼ਬਦਾਂ ਵਿੱਚ ਦੋਸਤੀ ਦੇ ਸਿੱਧਾਂਤ ਸਮਝਾਉਂਦਾ, ਜਿਨ੍ਹਾਂ ਨੂੰ ਹੈਂਸ ਇੱਕ ਡਾਇਰੀ ਵਿੱਚ ਲਿਖਦਾ ਅਤੇ ਰਾਤ ਨੂੰ ਉਨ੍ਹਾਂ ਤੇ ਵਿਚਾਰ ਕਰਦਾ। ਵਿਦਵਾਨ ਜੁ ਹੋਇਆ।

‘ਇੱਕ ਦਿਨ ਰਾਤ ਨੂੰ ਹੈਂਸ ਆਪਣੀ ਅੰਗੀਠੀ ਦੇ ਕੋਲ ਬੈਠਾ ਸੀ। ਕਿਸੇ ਨੇ ਜ਼ੋਰ ਨਾਲ ਦਰਵਾਜਾ ਠਕਠਕਾਇਆ। ਰਾਤ ਤੂਫ਼ਾਨੀ ਸੀ ਅਤੇ ਇੰਨੇ ਜ਼ੋਰ ਦੀ ਹਨੇਰੀ ਸੀ ਕਿ ਉਸਨੇ ਸਮਝਿਆ ਹਵਾ ਨਾਲ ਬੂਹਾ ਖੜਕਿਆ ਹੋਵੇਗਾ। ਪਰ ਵਾਰ ਵਾਰ ਦਸਤਕ ਹੋਈ।

ਕੋਈ ਗ਼ਰੀਬ ਮੁਸਾਫ਼ਰ ਲੱਗਦਾ ਹੈ, ਹੈਂਸ ਨੇ ਆਪਣੇ ਆਪ ਨੂੰ ਕਿਹਾ, ਅਤੇ ਉਹ ਦੌੜ ਕੇ ਬੂਹਾ ਖੋਲ੍ਹਣ ਗਿਆ।

‘ਬੂਹੇ ਅੱਗੇ ਇੱਕ ਹੱਥ ਵਿੱਚ ਲਾਲਟੈਣ ਅਤੇ ਦੂਜੇ ਹੱਥ ਵਿੱਚ ਲਾਠੀ ਲਈ ਮਿਲਰ ਖੜਾ ਸੀ।

‘"ਪਿਆਰੇ ਹੈਂਸ", ਮਿਲਰ ਚੀਖਿਆ, "ਮੇਰਾ ਮੁੰਡਾ ਪੌੜੀਆਂ ਤੋਂ ਡਿੱਗ ਗਿਆ ਅਤੇ ਮੈਂ ਡਾਕਟਰ ਦੇ ਕੋਲ ਜਾ ਰਿਹਾ ਹਾਂ। ਪਰ ਉਹ ਇੰਨੀ ਦੂਰ ਰਹਿੰਦਾ ਹੈ ਅਤੇ ਰਾਤ ਇੰਨੀ ਹਨੇਰੀ ਹੈ ਕਿ ਜੇਕਰ ਤੂੰ ਚਲਿਆ ਜਾਵੇਂ ਤਾਂ ਜ਼ਿਆਦਾ ਅੱਛਾ ਹੋਵੇ। ਤੂੰ ਜਾਣਦਾ ਹੈਂ ਕਿ ਅਜਿਹੇ ਮੌਕੇ ਹੀ ਤੂੰ ਆਪਣੀ ਦੋਸਤੀ ਵਿਖਾ ਸਕਦਾ ਹੈਂ।"

‘"ਜ਼ਰੂਰ, ਮੈਂ ਹੁਣੇ ਜਾਂਦਾ ਹਾਂ। ਤੁਸੀਂ ਆਪਣੀ ਲਾਲਟੈਣ ਮੈਨੂੰ ਦੇ ਦਿਉ। ਰਾਤ ਇੰਨੀ ਹਨੇਰੀ ਹੈ ਕਿ ਮੈਂ ਕਿਸੇ ਖੱਡੇ ਵਿੱਚ ਨਾ ਡਿੱਗ ਪਵਾਂ।" ਹੈਂਸ ਬੋਲਿਆ।

‘"ਮੈਨੂੰ ਬਹੁਤ ਦੁੱਖ ਹੈ," ਮਿਲਰ ਬੋਲਿਆ, "ਪਰ ਇਹ ਮੇਰੀ ਨਵੀਂ ਲਾਲਟੈਣ ਹੈ ਅਤੇ ਇਸਨੂੰ ਕੁੱਝ ਹੋ ਗਿਆ ਤਾਂ ਬਹੁਤ ਨੁਕਸਾਨ ਹੋ ਜਾਵੇਗਾ।" ‘"ਅੱਛਾ ਮੈਂ ਇਵੇਂ ਹੀ ਚਲਾ ਜਾਵਾਂਗਾ।"

‘ਹੈਂਸ ਚੱਲ ਪਿਆ। ਬਹੁਤ ਭਿਆਨਕ ਤੂਫਾਨ ਸੀ। ਹੈਂਸ ਕਿਸੇ ਤਰ੍ਹਾਂ ਤਿੰਨ ਘੰਟੇ ਵਿੱਚ ਡਾਕਟਰ ਦੇ ਘਰ ਪਹੁੰਚਿਆ ਅਤੇ ਉਸ ਨੂੰ ਨਾਲ ਲੈ ਕੇ ਮੁੜ ਪਿਆ। ਡਾਕਟਰ ਆਪਣੇ ਘੋੜੇ ਤੇ ਸਵਾਰ ਸੀ ਅਤੇ ਹੈਂਸ ਪਿੱਛੇ ਪਿੱਛੇ ਆ ਰਿਹਾ ਸੀ। ਤੂਫ਼ਾਨ ਬਹੁਤ ਤੇਜ਼ ਹੋ ਗਿਆ ਅਤੇ ਮੋਹਲੇਧਾਰ ਮੀਂਹ ਪੈਣ ਲੱਗ ਪਿਆ ਅਤੇ ਹੈਂਸ ਰਸਤਾ ਭੁੱਲ ਗਿਆ। ਅੰਤ ਉਹ ਉਜਾੜ ਵਿੱਚ ਭਟਕ ਗਿਆ, ਜੋ ਕਿ ਇੱਕ ਬਹੁਤ ਹੀ ਖ਼ਤਰਨਾਕ ਸਥਾਨ ਸੀ, ਕਿਉਂਕਿ ਇਹ ਡੂੰਘੀਆਂ ਖੱਡਾਂ ਨਾਲ ਭਰਿਆ ਹੋਇਆ ਸੀ, ਅਤੇ ਉਥੇ ਵਿਚਾਰਾ ਹੈਂਸ ਇੱਕ ਖੱਡ ਵਿੱਚ ਡਿਗ ਪਿਆ ਡੁੱਬ ਗਿਆ।

‘ਦੂਜੇ ਦਿਨ ਬੱਕਰੀਆਂ ਵਾਲਿਆਂ ਨੂੰ ਉਸਦੀ ਲਾਸ਼ ਮਿਲੀ ਅਤੇ ਉਹ ਉਸਨੂੰ ਉਠਾ ਲਿਆਏ। ਉਹ ਸਭ ਨਾਲ ਪਿਆਰ ਕਰਨ ਵਾਲਾ ਵਿਅਕਤੀ ਸੀ ਇਸ ਲਈ ਹਰੇਕ ਆਦਮੀ ਹੈਂਸ ਦੇ ਜਨਾਜ਼ੇ ਦੇ ਨਾਲ ਗਿਆ। ਮਿਲਰ ਵੀ ਗਿਆ।

‘"ਮੈਂ ਉਸਦਾ ਸਭ ਤੋਂ ਪੱਕਾ ਮਿੱਤਰ ਹਾਂ ਇਸ ਲਈ ਮੈਨੂੰ ਸਭ ਤੋਂ ਅੱਗੇ ਜਗ੍ਹਾ ਮਿਲਣੀ ਚਾਹੀਦੀ ਹੈ।" ਇਹ ਕਹਿਕੇ ਕਾਲ਼ਾ ਕੋਟ ਪਹਿਨੇ ਉਹ ਸਭ ਤੋਂ ਅੱਗੇ ਪਹੁੰਚ ਗਿਆ। ਉਸਨੇ ਜੇਬ ਵਿੱਚੋਂ ਰੁਮਾਲ ਕੱਢ ਕੇ ਨਮ ਅੱਖਾਂ ਪੂੰਝੀਆਂ।

‘ਬਾਅਦ ਵਿੱਚ ਉਥੋਂ ਪਰਤ ਕੇ ਉਹ ਸਰਾਂ ਵਿੱਚ ਬੈਠ ਗਏ ਅਤੇ ਉਹ ਮਸਾਲੇ ਵਾਲੀ ਸ਼ਰਾਬ ਪੀ ਰਹੇ ਸਨ ਅਤੇ ਮਿੱਠੇ ਕੇਕ ਖਾ ਰਹੇ ਸਨ। ਲੋਹਾਰ ਨੇ ਕਿਹਾ, "ਹੈਂਸ ਦੀ ਮੌਤ ਨਾਲ ਹਰੇਕ ਨੂੰ ਵੱਡਾ ਘਾਟਾ ਪਿਆ ਹੈ।"

‘"ਮੈਨੂੰ ਤਾਂ ਵੱਡਾ ਘਾਟਾ ਪਿਆ ਹੈ। ਮੈਂ ਉਸਨੂੰ ਆਪਣੀ ਰੇਹੜੀ ਦਿੱਤੀ ਸੀ। ਉਹ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਮੈਂ ਉਸਨੂੰ ਚਲਾ ਨਹੀਂ ਸਕਦਾ। ਕੋਈ ਉਸਨੂੰ ਖ਼ਰੀਦੇਗਾ ਵੀ ਨਹੀਂ। ਹੁਣ ਮੈਂ ਉਸਦਾ ਕੀ ਕਰਾਂ।ਮੈਂ ਜ਼ਰੂਰ ਧਿਆਨ ਰੱਖਾਂਗਾ ਕਿ ਅੱਗੇ ਤੋਂ ਕਿਸੇ ਨੂੰ ਕੁਝ ਵੀ ਨਾ ਦੇਵਾਂ। ਬੰਦਾ ਹਮੇਸ਼ਾਂ ਸਖੀ ਹੋਣ ਕਰਕੇ ਦੁੱਖ ਝੱਲਦਾ ਹੈ।" ਮਿਲਰ ਨੇ ਡੂੰਘਾ ਸਾਹ ਭਰਦੇ ਹੋਏ ਕਿਹਾ।

‘ਥੋੜ੍ਹੀ ਦੇਰ ਖਾਮੋਸ਼ੀ ਛਾਈ ਰਹੀ। ਫਿਰ ਛਛੂੰਦਰ ਬੋਲਿਆ, "ਅੱਛਾ ...ਅੱਗੇ?"

"ਅੱਗੇ ਕੀ . . . ਕਹਾਣੀ ਖਤਮ।" ਹਰਾ ਮਮੋਲਾ ਬੋਲਿਆ।

"ਤਾਂ ਮਿਲਰ ਬੇਚਾਰੇ ਦਾ ਕੀ ਬਣਿਆ?" ਛਛੂੰਦਰ ਬੋਲਿਆ। "ਮੈਂ ਕੀ ਜਾਣਾ... " , ਹਰਾ ਮਮੋਲਾ ਬੋਲਿਆ। ”ਤੇ ਮੈਨੂੰ ਉਸਦੀ ਕੋਈ ਫ਼ਿਕਰ ਨਹੀਂ।”

"ਫਿਰ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਤੇਰੇ ਸੁਭਾਅ ਵਿਚ ਕੋਈ ਹਮਦਰਦੀ ਨਹੀਂ ਹੈ,” ਛਛੂੰਦਰ ਨੇ ਕਿਹਾ।

"ਮੈਨੂੰ ਲੱਗਦਾ ਹੈ ਕਿ ਤੈਨੂੰ ਕਹਾਣੀ ਤੋਂ ਮਿਲਦੀ ਨੈਤਿਕ ਸਿਖਿਆ ਬਿਲਕੁਲ ਨਜ਼ਰ ਨਹੀਂ ਆਉਂਦੀ,' ਹਰੇ ਮਮੋਲੇ ਨੇ ਟਿੱਪਣੀ ਕੀਤੀ।

"ਕੀ?" ਛਛੂੰਦਰ ਦੀ ਚੀਕ ਆਈ।

"ਨੈਤਿਕ ਸਿਖਿਆ।”

"ਕੀ ਤੇਰੇ ਕਹਿਣ ਦਾ ਭਾਵ ਹੈ ਕਿ ਕਹਾਣੀ ਵਿਚ ਕੋਈ ਨੈਤਿਕ ਸਿਖਿਆ ਹੁੰਦੀ ਹੈ?'

"ਯਕੀਨਨ," ਹਰੇ ਮਮੋਲੇ ਨੇ ਕਿਹਾ।

"ਅੱਛਾ, ਸੱਚਮੁੱਚ," ਛਛੂੰਦਰ ਨੇ ਬਹੁਤ ਗੁੱਸੇ ਵਿਚ ਕਿਹਾ, “ਮੈਨੂੰ ਲਗਦਾ ਹੈ ਕਿ ਤੁਹਾਨੂੰ ਪਹਿਲਾਂ ਹੀ ਮੈਨੂੰ ਇਹ ਦੱਸ ਦੇਣਾ ਚਾਹੀਦਾ ਸੀ। ਜੇ ਦੱਸ ਦਿੰਦੇ, ਤਾਂ ਮੈਂ ਜ਼ਰੂਰ ਇਹ ਨਾ ਸੁਣਦਾ; ਦਰਅਸਲ, ਮੈਨੂੰ ਆਲੋਚਕ ਦੀ ਤਰ੍ਹਾਂ "ਪੂਹ" ਕਹਿਣਾ ਚਾਹੀਦਾ ਸੀ। ਖ਼ੈਰ, ਮੈਂ ਹੁਣ ਇਹ ਕਹਿ ਦਿੰਦਾ ਹਾਂ;” ਇਸ ਲਈ ਉਸਨੇ ਪੂਰੀ ਜ਼ੋਰ ਦੀ ਕੂਕ ਕੇ “ਪੂਹ” ਦੀ ਅਵਾਜ਼ ਕਢੀ, ਪੂਛ ਹਿਲਾਈ, ਅਤੇ ਆਪਣੀ ਖੁੱਡ ਵਿੱਚ ਵੜ ਗਿਆ।

"ਤੇ ਤੈਨੂੰ ਛਛੂੰਦਰ ਕਿਵੇਂ ਪਸੰਦ ਹੈ?" ਕੁਝ ਮਿੰਟਾਂ ਬਾਅਦ ਤੈਰਦੀ ਹੋਈ ਬੱਤਖ਼ ਨੇ ਉਸ ਨੂੰ ਪੁੱਛਿਆ। “ਉਸ ਦੇ ਕਈ ਨੁਕਤੇ ਚੰਗੇ ਹਨ, ਪਰ ਜਿਥੋਂ ਤੱਕ ਮੇਰੀ ਗੱਲ ਮੈਂ ਮਮਤਾ ਦੀ ਮੂਰਤ ਹਾਂ, ਅਤੇ ਜਦ ਵੀ ਕਦੇ ਕਿਸੇ ਪੱਕੇ ਛੜੇ ਨੂੰ ਦੇਖਦੀ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਮੱਲੋਮੱਲੀ ਹੰਝੂ ਡਲਕ ਪੈਂਦੇ ਹਨ। ਮੈਨੂੰ ਤਰਸ ਆਉਣ ਲੱਗਦਾ ਹੈ।”

‘ਹਰੇ ਮਮੋਲੇ ਨੇ ਜਵਾਬ ਦਿੱਤਾ, "ਮੈਨੂੰ ਡਰ ਹੈ ਕਿ ਮੈਂ ਉਸ ਨੂੰ ਨਾਰਾਜ਼ ਕਰ ਬੈਠਾ ਹਾਂ। ਦਰਅਸਲ ਮੈਂ ਉਸ ਨੂੰ ਇਕ ਨੈਤਿਕ ਸਿਖਿਆ ਵਾਲੀ ਕਹਾਣੀ ਸੁਣਾ ਬੈਠਾ।"

"ਓਹ...! ਇਹ ਹਿਮਾਕਤ ਹਮੇਸ਼ਾ ਬਹੁਤ ਖ਼ਤਰਨਾਕ ਸਿੱਧ ਹੁੰਦੀ ਹੈ," ਬੱਤਖ਼ ਨੇ ਕਿਹਾ।

ਅਤੇ ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।