ਅਨੁਵਾਦ:ਮੰਗਤਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

‘‘ਸਰ, ਮੈਨੂੰ ਭੁੱਖ ਲੱਗੀ ਹੈ। ਰੱਬ ਦੀ ਸਹੁੰ ਮੈਂ ਤਿੰਨ ਦਿਨਾਂ ਤੋਂ ਕੁਝ ਨ੍ਹੀਂ ਖਾਧਾ। ਪੰਜ ਸਾਲ ਮੈਂ ਸਕੂਲ ਮਾਸਟਰ ਰਿਹਾ ਅਤੇ ਆਪਣੇ ਇੱਕ ਸਾਥੀ ਕਰਮਚਾਰੀ ਦੀਆਂ ਸਾਜ਼ਿਸ਼ਾਂ ਕਰਕੇ ਨੌਕਰੀ ਤੋਂ ਹੱਥ ਧੋ ਬੈਠਾ। ਹੁਣ ਮੈਂ ਸਾਲ ਭਰ ਤੋਂ ਵਿਹਲਾ ਫਿਰਦਾ ਹਾਂ।”

ਪੀਟਰਸਬਰਗ ਦੇ ਵਕੀਲ ਸਕਵੋਤਸਵ ਨੇ ਉਸ ਦੇ ਨੀਲੇ ਫਟੇ ਪੁਰਾਣੇ ਓਵਰਕੋਟ, ਉਸ ਦੀਆਂ ਸ਼ਰਾਬੀ ਅੱਖਾਂ ਤੇ ਉਸ ਦੀਆਂ ਗੱਲ੍ਹਾਂ ’ਤੇ ਪਏ ਲਾਲ ਦਾਗਾਂ ਵੱਲ ਵੇਖਿਆ ਅਤੇ ਉਸ ਨੂੰ ਲੱਗਿਆ ਕਿ ਮੈਂ ਇਸ ਆਦਮੀ ਨੂੰ ਪਹਿਲਾਂ ਵੀ ਕਿਤੇ ਵੇਖਿਆ ਹੈ।

‘‘ਹੁਣ ਮੈਨੂੰ ਕਾਲੂਗਾ ਵਿੱਚ ਨੌਕਰੀ ਦੀ ਪੇਸ਼ਕਸ਼ ਹੋਈ ਹੈ,” ਮੰਗਤੇ ਨੇ ਆਪਣੀ ਗੱਲ ਜਾਰੀ ਰੱਖੀ, ‘‘ਪਰ ਮੇਰੇ ਕੋਲ ਉੱਥੇ ਜਾਣ ਲਈ ਕੋਈ ਸਾਧਨ ਨ੍ਹੀਂ। ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਨੂੰ ਕਹਿਣ ਲੱਗਿਆਂ ਸ਼ਰਮ ਆਉਂਦੀ ਹੈ, ਪਰ ਮੈਂ ਹਾਲਾਤ ਤੋਂ ਮਜਬੂਰ ਹਾਂ।”

ਸਕਵੋਤਸਵ ਨੂੰ ਅਚਾਨਕ ਯਾਦ ਆ ਗਿਆ। ‘‘ਸੁਣ, ਪਰਸੋਂ ਤੂੰ ਮੈਨੂੰ ਸਡੋਵੇ ਗਲੀ ਵਿੱਚ ਮਿਲਿਆ ਸੀ,” ਉਸ ਨੇ ਆਖਿਆ, ‘‘ਉਦੋਂ ਤੂੰ ਮੈਨੂੰ ਇਹ ਨ੍ਹੀਂ ਸੀ ਆਖਿਆ ਕਿ ਮੈਂ ਸਕੂਲ ਮਾਸਟਰ ਰਿਹਾ ਹਾਂ। ਤੂੰ ਤਾਂ ਆਖਿਆ ਸੀ ਕਿ ਮੈਂ ਵਿਦਿਆਰਥੀ ਹੁੰਦਾ ਸੀ ਤੇ ਮੇਰਾ ਨਾਉਂ ਕੱਟ ਦਿੱਤਾ ਗਿਆ ਹੈ। ਯਾਦ ਆਇਆ?”

‘‘ਮੈਂ ਤਾਂ ਸਕੂਲ ਮਾਸਟਰ ਹੁੰਦਾ ਸੀ,” ਉਸ ਨੇ ਘਬਰਾਹਟ ਵਿੱਚ ਹੌਲੀ ਹੌਲੀ ਆਖਿਆ, ‘‘ਆਖੋਂ, ਤਾਂ ਇਸ ਦਾ ਸਬੂਤ ਦੇ ਸਕਦਾ ਹਾਂ।”

‘‘ਝੂਠ ਬਹੁਤ ਹੋ ਗਿਆ। ਤੂੰ ਆਪਣੇ ਆਪ ਨੂੰ ਵਿਦਿਆਰਥੀ ਕਿਹਾ ਸੀ ਤੇ ਇਹ ਵੀ ਦੱਸਿਆ ਸੀ ਕਿ ਤੇਰਾ ਨਾਉਂ ਕਿਉਂ ਕੱਟ ਦਿੱਤਾ ਗਿਆ।” ਸਕਵੋਤਸਵ ਗੁੱਸੇ ਨਾਲ ਚੀਕਿਆ, ‘‘ਤੂੰ ਤਾਂ ਠੱਗੀ ਮਾਰਦਾ ਹੈਂ। ਮੈਂ ਤੈਨੂੰ ਪੁਲੀਸ ਹਵਾਲੇ ਕਰਾਂਗਾ। ਜੇ ਤੂੰ ਗ਼ਰੀਬ ਹੈਂ ਤਾਂ ਤੈਨੂੰ ਇੰਨੀ ਬੇਸ਼ਰਮੀ ਨਾਲ ਝੂਠ ਬੋਲਣ ਦਾ ਹੱਕ ਨ੍ਹੀਂ ਮਿਲ ਜਾਂਦਾ।”

‘‘ਮੈਂ… ਝੂਠ ਨ੍ਹੀਂ ਬੋਲਦਾ।” ਮੰਗਤਾ ਬੁੜਬੁੜਾਇਆ, ‘‘ਮੈਂ ਦਸਤਾਵੇਜ਼ ਵਿਖਾ ਸਕਦਾ ਹਾਂ।”

ਸਕਵੋਤਸਵ ਦੇ ਦਿਲ ਵਿੱਚ ਗ਼ਰੀਬਾਂ ਤੇ ਬੇਸਹਾਰਾ ਲੋਕਾਂ ਲਈ ਹਮਦਰਦੀ ਤਾਂ ਸੀ, ਪਰ ਇਹ ਮੰਗਤਾ ਤਾਂ ਝੂਠ ਬੋਲ ਕੇ ਦਾਨ ਮੰਗਦਾ ਸੀ। ਉਸ ਨੂੰ ਗੁੱਸਾ ਚੜਿ੍ਹਆ ਹੋਇਆ ਸੀ ਅਤੇ ਉਸ ਨੇ ਉਸ ਦੀ ਚੰਗੀ ਝਾੜ-ਝੰਬ ਕੀਤੀ। ਮੰਗਤਾ ਪਹਿਲਾਂ ਤਾਂ ਆਪਣੀ ਗੱਲ ’ਤੇ ਕਾਇਮ ਰਿਹਾ ਤੇ ਸਹੁੰਆਂ ਖਾਂਦਾ ਰਿਹਾ, ਪਰ ਫਿਰ ਉਹ ਖ਼ਾਮੋਸ਼ ਹੋ ਗਿਆ ਅਤੇ ਸ਼ਰਮ ਨਾਲ ਆਪਣਾ ਸਿਰ ਨੀਵਾਂ ਕਰ ਲਿਆ।

‘‘ਸਰ!” ਉਸ ਨੇ ਆਪਣੇ ਦਿਲ ’ਤੇ ਹੱਥ ਰੱਖਦਿਆਂ ਆਖਿਆ, ‘‘ਮੈਂ… ਝੂਠ ਬੋਲਿਆ ਸੀ। ਮੈਂ ਨਾ ਤਾਂ ਵਿਦਿਆਰਥੀ ਸੀ ਤੇ ਨਾ ਹੀ ਸਕੂਲ ਮਾਸਟਰ। ਮੈਂ ਤਾਂ ਗਾਉਣ ਵਾਲੀ ਮੰਡਲੀ ਵਿੱਚ ਹੁੰਦਾ ਸੀ ਤੇ ਉੱਥੋਂ ਮੈਨੂੰ ਪਿਅੱਕੜ ਹੋਣ ਕਰਕੇ ਕੱਢ ਦਿੱਤਾ। ਹੁਣ ਮੇਰਾ ਝੂਠ ਬੋਲਣ ਤੋਂ ਬਿਨਾਂ ਗੁਜ਼ਾਰਾ ਨ੍ਹੀਂ ਹੁੰਦਾ। ਜੇ ਮੈਂ ਸੱਚ ਦੱਸ ਦੇਵਾਂ ਤਾਂ ਮੈਨੂੰ ਕਿਸੇ ਨੇ ਕੁਝ ਨ੍ਹੀਂ ਦੇਣਾ ਤੇ ਮੈਂ ਭੁੱਖਾ ਮਰ ਜਾਵਾਂਗਾ। ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ, ਪਰ ਮੈਂ ਕਰਾਂ ਤਾਂ ਕੀ ਕਰਾਂ?”

‘‘ਤੂੰ ਮੈਨੂੰ ਪੁੱਛਦਾ ਹੈਂ ਕਿ ਮੈਂ ਕੀ ਕਰਾਂ?” ਸਕਵੋਤਸਵ ਉਸ ਦੇ ਨੇੜੇ ਹੁੰਦਿਆਂ ਚੀਕਿਆ, ‘‘ਕੰਮ ਕਰ, ਕੰਮ।”

‘‘ਪਰ, ਮੈਨੂੰ ਕੰਮ ਕਿੱਥੇ ਮਿਲੇਗਾ?”

‘‘ਬੇਵਕੂਫ਼! ਤੂੰ ਜਵਾਨ ਹੈਂ, ਸਿਹਤਮੰਦ ਹੈਂ ਤੇ ਤਕੜਾ ਹੈਂ। ਜੇ ਤੂੰ ਕੰਮ ਕਰਨਾ ਚਾਹੇਂ ਤਾਂ ਤੈਨੂੰ ਮਿਲ ਜਾਵੇਗਾ।”

‘‘ਮੈਨੂੰ ਕੰਮ ਕਿਤੇ ਨ੍ਹੀਂ ਮਿਲਣਾ। ਦੁਕਾਨ ’ਤੇ ਕੰਮ ਕਰਨ ਲਈ ਛੋਟੀ ਉਮਰ ਤੋਂ ਸ਼ੁਰੂ ਕਰਨਾ ਪੈਂਦਾ ਹੈ। ਮੈਨੂੰ ਕਿਸੇ ਨੇ ਦਰਬਾਨ ਵੀ ਨ੍ਹੀਂ ਰੱਖਣਾ ਕਿਉਂਕਿ ਮੈਂ ਉਸ ਤਰ੍ਹਾਂ ਦਾ ਦਿਸਦਾ ਨ੍ਹੀਂ ਤੇ ਮੈਨੂੰ ਫੈਕਟਰੀ ਵਿੱਚ ਕੰਮ ਨ੍ਹੀਂ ਮਿਲਣਾ ਕਿਉਂਕਿ ਮੈਨੂੰ ਉਹ ਕੰਮ ਆਉਂਦਾ ਨ੍ਹੀਂ।”

‘‘ਬੇਵਕੂਫ਼! ਤੂੰ ਬਹਾਨੇ ਬਹੁਤ ਬਣਾਉਂਦਾ ਹੈਂ। ਤੂੰ ਲੱਕੜਾਂ ਕੱਟ ਸਕਦਾ ਹੈਂ?”

‘‘ਮੈਂ ਨਾਂਹ ਨ੍ਹੀਂ ਕਰਦਾ। ਪਰ ਹੁਣ ਤਾਂ ਪੁਰਾਣੇ ਲੱਕੜਾਂ ਕੱਟਣ ਵਾਲਿਆਂ ਨੂੰ ਵੀ ਕੰਮ ਨ੍ਹੀਂ ਮਿਲਦਾ।”

‘‘ਸਾਰੇ ਵਿਹਲੜ ਤੇਰੇ ਵਾਂਗ ਹੀ ਦਲੀਲਾਂ ਦਿੰਦੇ ਹਨ। ਜੇ ਉਨ੍ਹਾਂ ਨੂੰ ਕੋਈ ਕੰਮ ਮਿਲੇ ਤਾਂ ਨਾਂਹ ਕਰ ਦਿੰਦੇ ਹਨ। ਤੂੰ ਮੇਰੀਆਂ ਲੱਕੜਾਂ ਕੱਟੇਂਗਾ?”

‘‘ਜ਼ਰੂਰ।”

‘‘ਬਹੁਤ ਅੱਛਾ।” ਸਕਵੋਤਸਵ ਨੇ ਆਪਣੀ ਨੌਕਰਾਣੀ ਨੂੰ ਆਵਾਜ਼ ਮਾਰੀ, ‘‘ਓਲਗਾ! ਇਸ ਆਦਮੀ ਨੂੰ ਸ਼ੈੱਡ ਵਿੱਚ ਲੈ ਜਾ ਤੇ ਲੱਕੜਾਂ ਕੱਟਣ ਲਾ ਦੇ।”

ਮੰਗਤੇ ਨੇ ਆਪਣੇ ਮੋਢੇ ਝਣਕਾਏ, ਜਿਵੇਂ ਕਿਸੇ ਉਲਝਣ ਵਿਚ ਹੋਵੇ, ਅਤੇ ਡਾਵਾਂਡੋਲ ਜਿਹਾ ਨੌਕਰਾਣੀ ਦੇ ਪਿੱਛੇ ਚੱਲ ਪਿਆ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਲੱਕੜਾਂ ਕੱਟਣ ਲਈ ਸ਼ਰਮ ਦਾ ਮਾਰਾ ਹੀ ਸਹਿਮਤ ਹੋਇਆ ਸੀ। ਇਹ ਵੀ ਸਪੱਸ਼ਟ ਸੀ ਕਿ ਉਸ ’ਤੇ ਸ਼ਰਾਬ ਦਾ ਅਸਰ ਸੀ ਤੇ ਉਸ ਦੀ ਕੰਮ ਕਰਨ ਵਿੱਚ ਕੋਈ ਰੁਚੀ ਨਹੀਂ ਸੀ।

ਸਕਵੋਤਸਵ ਕਾਹਲੀ ਕਾਹਲੀ ਡਰਾਇੰਗ ਰੂਮ ਵਿੱਚ ਚਲਿਆ ਗਿਆ। ਉੱਥੋਂ ਉਹ ਖਿੜਕੀ ਵਿੱਚੋਂ ਵਿਹੜੇ ਵਿੱਚ ਸਭ ਕੁਝ ਵੇਖ ਸਕਦਾ ਸੀ। ਉਸ ਨੇ ਨੌਕਰਾਣੀ ਤੇ ਮੰਗਤੇ ਨੂੰ ਚਿੱਕੜ ਵਰਗੀ ਬਰਫ਼ ਵਿਚਦੀ ਲੰਘ ਕੇ ਸ਼ੈੱਡ ਵੱਲ ਜਾਂਦੇ ਵੇਖਿਆ। ਓਲਗਾ ਨੇ ਮੰਗਤੇ ਵੱਲ ਗੁੱਸੇ ਨਾਲ ਵੇਖਿਆ ਅਤੇ ਸ਼ੈੱਡ ਦਾ ਦਰਵਾਜ਼ਾ ਖੋਲ੍ਹ ਦਿੱਤਾ। ਫਿਰ ਸਕਵੋਤਸਵ ਨੇ ਵੇਖਿਆ ਕਿ ਮੰਗਤਾ ਲੱਕੜ ਦੇ ਮੁੱਢ ’ਤੇ ਬੈਠਾ ਕੁਝ ਸੋਚ ਰਿਹਾ ਹੈ। ਨੌਕਰਾਣੀ ਨੇ ਉਸ ਦੇ ਪੈਰਾਂ ਕੋਲ ਕੁਹਾੜੀ ਸੁੱਟੀ ਅਤੇ ਗੁੱਸੇ ਨਾਲ ਜ਼ਮੀਨ ’ਤੇ ਥੁੱਕਿਆ। ਮੰਗਤੇ ਨੇ ਹਿਚਕਿਚਾਉਂਦੇ ਹੋਏ ਲੱਕੜ ਦੇ ਮੁੱਢ ਨੂੰ ਆਪਣੇ ਵੱਲ ਖਿੱਚਿਆ, ਇਸ ਨੂੰ ਆਪਣੇ ਪੈਰਾਂ ਦੇ ਵਿਚਕਾਰ ਰੱਖਿਆ ਅਤੇ ਹੀਣਤਾ ਭਾਵ ਨਾਲ ਇਸ ਉੱਤੇ ਕੁਹਾੜੀ ਮਾਰੀ। ਮੁੱਢ ਲੁੜਕ ਕੇ ਡਿੱਗ ਪਿਆ। ਉਸ ਨੇ ਇਸ ਨੂੰ ਫਿਰ ਆਪਣੇ ਵੱਲ ਖਿੱਚਿਆ, ਆਪਣੇ ਠੰਢੇ ਹੱਥਾਂ ’ਤੇ ਫੂਕਾਂ ਮਾਰੀਆਂ ਅਤੇ ਇਸ ’ਤੇ ਕੁਹਾੜੀ ਇੰਨੀ ਸਾਵਧਾਨੀ ਨਾਲ ਮਾਰੀ ਜਿਵੇਂ ਕਿਤੇ ਇਸ ਨਾਲ ਉਸ ਦੀਆਂ ਉਂਗਲਾਂ ਕੱਟੇ ਜਾਣ ਦਾ ਡਰ ਹੋਵੇ। ਮੁੱਢ ਫਿਰ ਡਿੱਗ ਪਿਆ।

ਹੁਣ ਤਕ ਸਕਵੋਤਸਵ ਦਾ ਗੁੱਸਾ ਸ਼ਾਂਤ ਹੋ ਗਿਆ ਸੀ। ਉਸ ਨੂੰ ਲੱਗਿਆ ਕਿ ਮੈਂ ਐਵੇਂ ਹੀ ਇੱਕ ਸ਼ਰਾਬੀ ਮੰਗਤੇ ਨੂੰ ਠੰਢ ਵਿੱਚ ਸਖ਼ਤ ਕੰਮ ਕਰਨ ਲਈ ਮਜਬੂਰ ਕੀਤਾ ਹੈ। ਪਰ ਫਿਰ ਡਰਾਇੰਗ ਰੂਮ ਵਿੱਚੋਂ ਬੈੱਡਰੂਮ ਵਿੱਚ ਜਾਂਦੇ ਜਾਂਦੇ ਉਸ ਦੇ ਮਨ ਵਿੱਚ ਵਿਚਾਰ ਆਇਆ, ‘ਮੈਂ ਇਹ ਉਸ ਦੇ ਭਲੇ ਲਈ ਹੀ ਤਾਂ ਕੀਤਾ ਹੈ।’

ਘੰਟੇ ਕੁ ਮਗਰੋਂ ਓਲਗਾ ਨੇ ਆ ਕੇ ਦੱਸਿਆ ਕਿ ਲੱਕੜ ਕੱਟ ਦਿੱਤੀ ਗਈ ਹੈ।

ਸਕਵੋਤਸਵ ਨੇ ਮੰਗਤੇ ਨੂੰ ਅੱਧਾ ਰੂਬਲ ਦਿੱਤਾ ਤੇ ਆਖਿਆ, ‘‘ਜੇ ਤੂੰ ਚਾਹੇਂ, ਤਾਂ ਪਹਿਲੀ ਤਾਰੀਖ਼ ਨੂੰ ਲੱਕੜਾਂ ਕੱਟ ਜਾਇਆ ਕਰ।”

ਉਹ ਮਹੀਨੇ ਮਗਰੋਂ ਆ ਜਾਂਦਾ ਅਤੇ ਉਸ ਨੂੰ ਅੱਧਾ ਰੂਬਲ ਮਿਲ ਜਾਂਦਾ।

ਇੱਕ ਦਿਨ ਸਕਵੋਤਸਵ ਨੇ ਉਸ ਨੂੰ ਆਖਿਆ, ‘‘ਮੈਂ ਵੇਖ ਰਿਹਾ ਹਾਂ ਕਿ ਤੂੰ ਗੰਭੀਰ ਹੈਂ ਤੇ ਕੰਮ ਤੋਂ ਟਲਦਾ ਨ੍ਹੀਂ। ਕੀ ਨਾਂ ਹੈ ਤੇਰਾ?”

‘‘ਲੁਸ਼ਕਵ।”

‘‘ਲੁਸ਼ਕਵ। ਮੈਂ ਤੈਨੂੰ ਚੰਗਾ ਕੰਮ ਦੇਣਾ ਚਾਹੁੰਦਾ ਹਾਂ। ਤੈਨੂੰ ਲਿਖਣਾ ਆਉਂਦਾ ਹੈ?”

‘‘ਜੀ, ਸਰ।”

‘‘ਤਾਂ ਇਹ ਸਲਿੱਪ ਲੈ ਕੇ ਕੱਲ੍ਹ ਮੇਰੇ ਕੁਲੀਗ ਕੋਲ ਚਲਿਆ ਜਾਵੀਂ। ਉਹ ਤੈਨੂੰ ਨਕਲ ਕਰਨ ਦਾ ਕੰਮ ਦੇਵੇਗਾ। ਕੰਮ ਕਰਨਾ ਤੇ ਸ਼ਰਾਬ ਨ੍ਹੀਂ ਪੀਣੀ।”

ਲੁਸ਼ਕਵ ਨੇ ਸਲਿੱਪ ਫੜੀ ਤੇ ਚਲਿਆ ਗਿਆ। ਉਸ ਦਿਨ ਤੋਂ ਮਗਰੋਂ ਉਹ ਸਕਵੋਤਸਵ ਦੇ ਘਰ ਕੰਮ ਕਰਨ ਨਾ ਆਇਆ।

ਦੋ ਸਾਲ ਲੰਘ ਗਏ। ਇੱਕ ਦਿਨ ਸਕਵੋਤਸਵ ਇੱਕ ਥੀਏਟਰ ਦੇ ਟਿਕਟ-ਦਫ਼ਤਰ ’ਤੇ ਖੜ੍ਹਾ ਟਿਕਟ ਲੈ ਰਿਹਾ ਸੀ। ਉਸ ਦੇ ਕੋਲ ਖੜ੍ਹੇ ਇੱਕ ਆਦਮੀ ਨੇ ਗੈਲਰੀ ਟਿਕਟ ਮੰਗੀ। ਸਕਵੋਤਸਵ ਨੇ ਉਸ ਨੂੰ ਪਛਾਣ ਲਿਆ।

‘‘ਲੁਸ਼ਕਵ, ਤੂੰ?” ਉਸ ਨੇ ਆਖਿਆ, ‘‘ਕੀ ਕਰਦਾ ਹੈਂ ਹੁਣ? ਠੀਕ ਤਾਂ ਹੈਂ ਨਾ?”

‘‘ਬਿਲਕੁਲ ਠੀਕ ਆਂ। ਮੈਂ ਹੁਣ ਨੋਟਰੀ ਦੇ ਦਫ਼ਤਰ ’ਚ ਆਂ। ਮੈਨੂੰ ਪੈਂਤੀ ਰੂਬਲ ਮਿਲਦੇ ਹਨ।”

‘‘ਬਹੁਤ ਅੱਛਾ। ਲੁਸ਼ਕਵ, ਮੈਂ ਬਹੁਤ ਖ਼ੁਸ਼ ਹਾਂ। ਮੈਂ ਹੀ ਤੈਨੂੰ ਸਹੀ ਰਸਤੇ ਪਾਇਆ ਹੈ। ਤੈਨੂੰ ਯਾਦ ਹੈ ਮੈਂ ਤੈਨੂੰ ਕਿੰਨਾ ਝਿੜਕਿਆ ਸੀ?”

‘‘ਜੇ ਕਿਤੇ ਉਸ ਦਿਨ ਤੁਹਾਡੇ ਕੋਲ ਨਾ ਆਉਂਦਾ ਤਾਂ ਮੈਂ ਸ਼ਾਇਦ ਅਜੇ ਵੀ ਆਪਣੇ ਆਪ ਨੂੰ ਸਕੂਲ ਮਾਸਟਰ ਜਾਂ ਵਿਦਿਆਰਥੀ ਆਖਦਾ ਹੁੰਦਾ।” ਉਸ ਨੇ ਆਖਿਆ, ‘‘ਤੁਹਾਡੇ ਘਰ ਨੇ ਮੈਨੂੰ ਬਚਾ ਲਿਆ।”

‘‘ਮੈਂ ਬਹੁਤ ਖ਼ੁਸ਼ ਹਾਂ।”

‘‘ਜੋ ਤੁਸੀਂ ਉਸ ਦਿਨ ਆਖਿਆ, ਉਹ ਬਹੁਤ ਵਧੀਆ ਸੀ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਪਰ ਇਹ ਤੁਹਾਡੀ ਰਹਿਮਦਿਲ ਨੌਕਰਾਣੀ ਓਲਗਾ ਸੀ ਜਿਸ ਨੇ ਮੈਨੂੰ ਬਚਾਇਆ।”

‘‘ਉਹ ਕਿਵੇਂ?”

‘‘ਜਦੋਂ ਮੈਂ ਤੁਹਾਡੇ ਘਰ ਲੱਕੜਾਂ ਕੱਟਣ ਲਈ ਆਉਂਦਾ ਤਾਂ ਉਹ ਆਖਦੀ, ‘ਓ ਸ਼ਰਾਬੀ! ਤੈਨੂੰ ਤਾਂ ਰੱਬ ਨੇ ਵੀ ਤਿਆਗਿਆ ਹੋਇਆ ਹੈ। ਫਿਰ ਵੀ ਤੈਨੂੰ ਮੌਤ ਨ੍ਹੀਂ ਆਉਂਦੀ।’ ਫਿਰ ਉਹ ਮੇਰੇ ਸਾਹਮਣੇ ਬੈਠ ਜਾਂਦੀ, ਮੇਰੇ ਮੂੰਹ ਵੱਲ ਵੇਖਦੀ ਤੇ ਰੋਂਦੀ ਰੋਂਦੀ ਆਖਦੀ, ‘ਐ ਬਦਕਿਸਮਤ ਆਦਮੀ! ਇਸ ਸੰਸਾਰ ਵਿੱਚ ਤੈਨੂੰ ਕੋਈ ਸੁੱਖ ਨ੍ਹੀਂ ਤੇ ਅਗਲੇ ਵਿੱਚ ਤੂੰ ਨਰਕ ਵਿੱਚ ਸੜੇਂਗਾ।’ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਅਤੇ ਮੇਰੀ ਹਾਲਤ ਵੇਖ ਕੇ ਪ੍ਰੇਸ਼ਾਨ ਹੋਈ ਰਹਿੰਦੀ। ਵੱਡੀ ਗੱਲ ਇਹ ਵੀ ਸੀ ਕਿ ਉਹੀ ਮੇਰੀ ਥਾਂ ’ਤੇ ਲੱਕੜਾਂ ਕੱਟਦੀ ਅਤੇ ਮੈਂ ਤਾਂ ਇੱਕ ਮੁੱਢ ਵੀ ਨ੍ਹੀਂ ਕੱਟਿਆ। ਮੈਂ ਉਸ ਵੱਲ ਵੇਖਦਾ ਰਹਿੰਦਾ। ਉਸ ਦੇ ਵਧੀਆ ਵਰਤਾਉ ਨਾਲ ਮੇਰੇ ਅੰਦਰ ਤਬਦੀਲੀ ਆ ਗਈ। ਮੈਂ ਆਪਣੇ ਆਪ ਨੂੰ ਲਾਹਨਤਾਂ ਦੇਣ ਲੱਗਿਆ ਅਤੇ ਮੈਂ ਸ਼ਰਾਬ ਪੀਣੀ ਛੱਡ ਦਿੱਤੀ। ਓਲਗਾ ਨੇ ਹੀ ਮੈਨੂੰ ਬਚਾਇਆ ਹੈ ਤੇ ਇਹ ਮੈਂ ਕਦੇ ਨ੍ਹੀਂ ਭੁੱਲ ਸਕਦਾ। ਚੰਗਾ, ਹੁਣ ਮੈਂ ਚੱਲਦਾ ਹਾਂ। ਸ਼ੋਅ ਸ਼ੁਰੂ ਹੋਣ ਵਾਲਾ ਹੈ।” ਇਹ ਆਖ ਕੇ ਉਹ ਗੈਲਰੀ ਵੱਲ ਨੂੰ ਤੁਰ ਪਿਆ।