ਅਨੁਵਾਦ:ਰੱਬ ਦਾ ਘਰਾਟ

ਵਿਕੀਸਰੋਤ ਤੋਂ
ਰੱਬ ਦਾ ਘਰਾਟ
ਲਿਉ ਤਾਲਸਤਾਏ, ਅਨੁਵਾਦਕ ਚਰਨ ਗਿੱਲ

ਪੁਰਾਣੀ ਗੱਲ ਹੈ ਵਲਾਦੀਮੀਰ ਵਿੱਚ ਅਕਸੀਨੋਵ ਨਾਮੀ ਇੱਕ ਨੌਜਵਾਨ ਵਪਾਰੀ ਰਹਿੰਦਾ ਸੀ। ਉਸ ਕੋਲ ਦੋ ਦੁਕਾਨਾਂ ਅਤੇ ਇੱਕ ਮਕਾਨ ਸੀ। ਉਸ ਦੀਆਂ ਗੱਲ੍ਹਾਂ ਤੇ ਲਾਲੀ ਟਪਕਦੀ ਸੀ ਅਤੇ ਘੁੰਘਰਾਲੇ ਵਾਲ ਸੁਹਣੇ ਫੱਬਦੇ ਸੀ। ਹਸਮੁੱਖ ਹੋਣ ਦੇ ਨਾਲ ਨਾਲ ਉਹ ਵਧੀਆ ਗਾ ਵੀ ਲਿਆ ਕਰਦਾ ਸੀ। ਚੜ੍ਹਦੀ ਜਵਾਨੀ ਵਿੱਚ ਉਹ ਚੰਗਾ ਤਕੜਾ ਪਿਅੱਕੜ ਅਤੇ ਬਿਗੜਿਆ ਹੋਇਆ ਸੀ ਪਰ ਜਦੋਂ ਉਸ ਦਾ ਵਿਆਹ ਹੋ ਗਿਆ ਤਾਂ ਉਸਨੇ ਆਪਣੀਆਂ ਆਦਤਾਂ ਸੁਧਾਰ ਲਈਆਂ ਅਤੇ ਸ਼ਰਾਬ ਪੀਣੀ ਛੱਡ ਦਿੱਤੀ। ਹੁਣ ਵੀ ਉਹ ਕਦੇ ਕਦੇ ਪੀ ਲੈਂਦਾ ਸੀ।

ਇੱਕ ਵਾਰ ਗਰਮੀਆਂ ਵਿੱਚ ਉਸਨੇ ਨਿਜ੍ਹਨੀ ਦੇ ਮੇਲੇ ਜਾਣ ਦਾ ਮਨ ਬਣਾਇਆ। ਜਦੋਂ ਉਹ ਆਪਣੇ ਘਰਦਿਆਂ ਨੂੰ ਫ਼ਤਹਿ ਬੁਲਾਣ ਲਗਾ ਤਾਂ ਉਸ ਦੀ ਪਤਨੀ ਨੇ ਕਿਹਾ:

“ਇਵਾਨ ਦਮਿਤਰੇਵਿਚ, ਅੱਜ ਨਾ ਜਾਓ। ਮੈਂ ਇੱਕ ਬੁਰਾ ਸੁਪਨਾ ਵੇਖਿਆ ਹੈ। ਮੈਂ ਵੇਖਿਆ ਕਿ ਤੁਹਾਡੇ ਉੱਤੇ ਕੋਈ ਮੁਸੀਬਤ ਢਹਿਣ ਵਾਲੀ ਹੈ।”

ਅਕਸੀਨੋਵ ਨੇ ਉਸ ਦੀ ਖਿੱਲੀ ਉੜਾਈ ਤੇ ਬੋਲਿਆ, “ਤੈਨੂੰ ਇਹੀ ਧੜਕੂ ਲਗਾ ਰਹਿੰਦਾ ਹੈ ਕਿ ਮੈਂ ਸ਼ਰਾਬੀ ਟੋਲੇ ਵਿੱਚ ਨਾ ਜਾ ਬੈਠਾਂ!”

ਉਸ ਦੀ ਪਤਨੀ ਨੇ ਕਿਹਾ, “ਪਤਾ ਨਹੀਂ ਮੈਨੂੰ ਕਿਸ ਗੱਲੋਂ ਡਰ ਲੱਗ ਰਿਹਾ ਹੈ, ਪਰ ਸੁਪਨਾ ਹੀ ਇੰਨਾ ਅਜੀਬ ਸੀ। ਮੈਂ ਵੇਖਿਆ ਕਿ ਤੁਸੀਂ ਸ਼ਹਿਰ ਤੋਂ ਪਰਤੇ ਹੋ, ਤੁਸੀਂ ਆਪਣਾ ਹੈਟ ਉਤਾਰਿਆ ਹੈ, ਅਤੇ ਤੁਹਾਡੇ ਸਿਰ ਦੇ ਸਾਰੇ ਵਾਲ਼ ਚਿੱਟੇ ਹੋ ਚੁੱਕੇ ਹਨ।”

ਅਕਸੀਨੋਵ ਖੁੱਲ੍ਹ ਕੇ ਹੱਸਿਆ ਤੇ ਕਿਹਾ, “ਇਹ ਤਾਂ ਸਗੋਂ ਸ਼ੁਭ ਸ਼ਗਨ ਹੈ। ਅੱਛਾ ਹੁਣ ਮੈਂ ਚੱਲਦਾ ਹਾਂ। ਵਾਪਸੀ ਤੇ ਮੈਂ ਤੇਰੇ ਲਈ ਕੁੱਝ ਕੀਮਤੀ ਅਤੇ ਯਾਦਗਾਰੀ ਤੋਹਫ਼ੇ ਲਿਆਵਾਂਗਾ।”

ਇਵੇਂ ਉਸਨੇ ਆਪਣੇ ਪਰਿਵਾਰ ਨੂੰ ਫ਼ਤਹਿ ਬੁਲਾਈ ਅਤੇ ਮੇਲੇ ਲਈ ਰਵਾਨਾ ਹੋ ਗਿਆ। ਜਦੋਂ ਉਹ ਅੱਧਾ ਪੰਧ ਮਾਰ ਚੁੱਕਿਆ ਤਾਂ ਉਸ ਦੀ ਮੁਲਾਕ਼ਾਤ ਇੱਕ ਵਪਾਰੀ ਨਾਲ ਹੋ ਗਈ, ਜਿਸਨੂੰ ਉਹ ਜਾਣਦਾ ਸੀ। ਦੋਨਾਂ ਨੇ ਇੱਕ ਹੀ ਸਰਾਂ ਵਿੱਚ ਰਾਤ ਗੁਜ਼ਾਰਨ ਦਾ ਫੈਸਲਾ ਕੀਤਾ। ਸ਼ਾਮ ਨੂੰ ਉਨ੍ਹਾਂ ਨੇ ਇੱਕਠੇ ਚਾਹ ਪੀਤੀ ਅਤੇ ਇੱਕ ਦੂਜੇ ਨਾਲ ਲੱਗਦੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ।

ਅਕਸੀਨੋਵ ਜ਼ਿਆਦਾ ਦੇਰ ਤੱਕ ਸੁੱਤੇ ਰਹਿਣ ਦਾ ਆਦੀ ਨਹੀਂ ਸੀ। ਅੱਧੀ ਰਾਤ ਦੇ ਬਾਅਦ ਉਹ ਜਾਗ ਉੱਠਿਆ। ਠੰਡੇ ਠੰਡੇ ਸਫਰ ਕਰਨ ਦੇ ਖਿਆਲ ਦੇ ਨਾਲ ਉਸਨੇ ਆਪਣੇ ਕੋਚਵਾਨ ਨੂੰ ਜਗਾਇਆ ਅਤੇ ਉਸਨੂੰ ਬੱਘੀ ਤਿਆਰ ਕਰਨ ਦਾ ਹੁਕਮ ਦਿੱਤਾ। ਫਿਰ ਉਸ ਨੇ ਮਗਰਲੇ ਪਾਸੇ ਰਹਿੰਦੇ ਸਰਾਂ ਦੇ ਮਾਲਿਕ ਨੂੰ ਆਪਣਾ ਬਿਲ ਅਦਾ ਕੀਤਾ। ਇਸ ਦੌਰਾਨ ਬੱਘੀ ਤਿਆਰ ਹੋ ਗਈ। ਉਸਨੇ ਆਪਣਾ ਸੰਖੇਪ ਜਿਹਾ ਸਾਮਾਨ ਸਮੇਟਿਆ ਅਤੇ ਮੂੰਹ-ਹਨੇਰੇ ਉੱਥੋਂ ਚੱਲ ਪਿਆ।

ਜਦੋਂ ਉਸਨੇ ਪੰਝੀ ਮੀਲ ਦੀ ਵਾਟ ਮੁਕਾ ਲਈ ਤਾਂ ਉਸਨੇ ਘੋੜਿਆਂ ਨੂੰ ਖੁਆਉਣ ਪਿਆਉਣ ਲਈ ਇੱਕ ਜਗ੍ਹਾ ਰੁਕਣ ਦਾ ਇਰਾਦਾ ਕੀਤਾ। ਕੁੱਝ ਦੇਰ ਉਸਨੇ ਸਰਾਂ ਵਿੱਚ ਜਾਕੇ ਆਰਾਮ ਕੀਤਾ ਅਤੇ ਜਦੋਂ ਦੁਪਹਿਰ ਹੋ ਗਈ ਤਾਂ ਉਹ ਬਾਹਰ ਦਰਵਾਜ਼ੇ ਦੇ ਕੋਲ ਆਇਆ ਅਤੇ ਸਮੋਵਾਰ ਗਰਮ ਕਰਨ ਦਾ ਆਰਡਰ ਦਿੱਤਾ। ਇਸ ਦੇ ਬਾਅਦ ਉਸਨੇ ਆਪਣੀ ਗਿਟਾਰ ਕੱਢੀ ਅਤੇ ਵਜਾਉਣ ਲਗਾ। ਅਚਾਨਕ ਇੱਕ ਸਰਕਾਰੀ ਬੱਘੀ ਸਰਾਂ ਦੇ ਦਰਵਾਜ਼ੇ ਦੇ ਸਾਹਮਣੇ ਆ ਖੜੀ ਹੋਈ ਅਤੇ ਉਸ ਵਿੱਚੋਂ ਇੱਕ ਪੁਲਿਸ ਅਫ਼ਸਰ ਬਾਹਰ ਨਿਕਲਿਆ। ਉਸ ਦੇ ਨਾਲ ਦੋ ਸਿਪਾਹੀ ਵੀ ਸਨ। ਅਫ਼ਸਰ ਸਿੱਧਾ ਅਕਸੀਨੋਵ ਦੇ ਕੋਲ ਆਇਆ ਅਤੇ ਪੁਛ ਗਿਛ ਕਰਨ ਲੱਗਾ ਕਿ ਤੁਸੀਂ ਕੌਣ ਹੋ ਅਤੇ ਕਿੱਥੋ ਆਏ ਹੋ?

ਅਕਸੀਨੋਵ ਨੇ ਬਿਨ੍ਹਾਂ ਝਿਜਕ ਉਸ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਪੁੱਛਿਆ ਕਿ ਕੀ ਉਹ ਉਸ ਦੇ ਨਾਲ ਚਾਹ ਦਾ ਇੱਕ ਕੱਪ ਪੀਣਗੇ।

ਪਰ ਪੁਲਿਸ ਅਫ਼ਸਰ ਨੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਿਆ, “ਤੁਸੀਂ ਬੀਤੀ ਰਾਤ ਕਿੱਥੇ ਗੁਜ਼ਾਰੀ ਸੀ? ਤੁਸੀਂ ਇਕੱਲੇ ਸੀ ਜਾਂ ਤੁਹਾਡੇ ਨਾਲ ਕੋਈ ਹੋਰ ਵਪਾਰੀ ਵੀ ਸੀ? ਕੀ ਤੁਸੀਂ ਉਸ ਸਵੇਰੇ ਉਸ ਵਪਾਰੀ ਨਾਲ ਮੁਲਾਕ਼ਾਤ ਕੀਤੀ? ਅੱਜ ਸਵੇਰੇ ਤੁਸੀਂ ਇੰਨੀ ਜਲਦੀ ਉਸ ਸਰਾਂ ਤੋਂ ਕਿਉਂ ਨਿੱਕਲ ਆਏ?”

ਅਕਸੀਨੋਵ ਹੈਰਾਨ ਸੀ ਕਿ ਉਸ ਤੋਂ ਅਜਿਹੇ ਸਵਾਲ ਕਿਉਂ ਪੁਛੇ ਜਾ ਰਹੇ ਹਨ, ਪਰ ਉਸਨੇ ਹਰ ਸਵਾਲ ਦਾ ਬਿਨਾਂ ਝਿਜਕ ਠੀਕ ਠੀਕ ਜਵਾਬ ਦਿੱਤਾ ਅਤੇ ਫਿਰ ਉਸ ਨੂੰ ਪੁੱਛਿਆ:

“ਤੁਸੀਂ ਮੇਰੇ ਕੋਲੋਂ ਇੰਨੇ ਸਵਾਲ ਕਿਉਂ ਪੁੱਛ ਰਹੇ ਹੋ? ਮੈਂ ਕੋਈ ਚੋਰ ਜਾਂ ਕਾਤਲ ਤਾਂ ਨਹੀਂ। ਮੈਂ ਆਪਣੇ ਕਾਰੋਬਾਰੀ ਸਫ਼ਰ ਉੱਤੇ ਜਾ ਰਿਹਾ ਹਾਂ ਅਤੇ ਇਸ ਬਾਰੇ ਪੁੱਛਗਿਛ ਦਾ ਕਿਸੇ ਨੂੰ ਕੋਈ ਹੱਕ ਨਹੀਂ।

ਪੁਲਿਸ ਅਫ਼ਸਰ ਨੇ ਉਸ ਦੀ ਗੱਲ ਦਾ ਕੋਈ ਫ਼ੌਰੀ ਜਵਾਬ ਨਹੀਂ ਦਿੱਤਾ। ਉਸਨੇ ਪਹਿਲਾਂ ਸਿਪਾਹੀਆਂ ਨੂੰ ਬੁਲਾਇਆ ਅਤੇ ਫਿਰ ਬੋਲਿਆ:

“ਤੁਸੀਂ ਇਹ ਤਾਂ ਵੇਖ ਹੀ ਲਿਆ ਹੈ ਕਿ ਮੈਂ ਇਸ ਜ਼ਿਲ੍ਹੇ ਦਾ ਪੁਲਿਸ ਇੰਸਪੈਕਟਰ ਹਾਂ। ਤੁਹਾਡੇ ਕੋਲੋਂ ਇਹ ਸਵਾਲ ਮੈਂ ਇਸ ਲਈ ਪੁੱਛੇ ਹਨ ਕਿ ਜਿਸ ਵਪਾਰੀ ਦੇ ਨਾਲ ਤੁਸੀਂ ਬੀਤੀ ਰਾਤ ਗੁਜ਼ਾਰੀ ਉਸਨੂੰ ਛੁਰਾ ਘੋਪ ਕੇ ਪਾਰ ਬੁਲਾ ਦਿੱਤਾ ਗਿਆ ਹੈ। ਤੁਸੀਂ ਆਪਣੇ ਸਾਮਾਨ ਦੀ ਤਲਾਸ਼ੀ ਦੇਣੀ ਹੋਵੇਗੀ। ਫਿਰ ਉਸਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਇਸ ਦੇ ਸਾਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਵੋ। ਦੋਨਾਂ ਸਿਪਾਹੀ ਸਰਾਏ ਵਿੱਚ ਦਾਖਿਲ ਹੋਏ ਅਤੇ ਅਕਸੀਨੋਵ ਦਾ ਸਾਮਾਨ ਚੁੱਕ ਲਿਆਏ। ਜਦੋਂ ਉਹ ਤਲਾਸ਼ੀ ਲੈ ਰਹੇ ਸਨ ਤਾਂ ਪੁਲਿਸ ਇੰਸਪੈਕਟਰ ਨੇ ਬੈਗ ਵਿੱਚ ਹੱਥ ਪਾਇਆ ਅਤੇ ਇੱਕ ਚਾਕੂ ਬਾਹਰ ਕੱਢਿਆ ਅਤੇ ਉਸ ਨੂੰ ਪੁੱਛਿਆ: “ਇਹ ਚਾਕੂ ਕਿਸ ਦਾ ਹੈ?”

ਅਕਸੀਨੋਵ ਨੇ ਜਦੋਂ ਇਹ ਵੇਖਿਆ ਕਿ ਉਸ ਦੇ ਬੈਗ ਵਿੱਚੋਂ ਇੱਕ ਲਹੂ ਨਾਲ ਲਿਬੜਿਆ ਚਾਕੂ ਮਿਲਿਆ ਹੈ ਤਾਂ ਉਹ ਡਰ ਨਾਲ ਬੱਗਾ ਹੋ ਗਿਆ।

۔”ਤੇ ਇਸ ਉੱਤੇ ਖ਼ੂਨ ਕਿਸ ਦਾ ਹੈ?” ਇੰਸਪੈਕਟਰ ਨੇ ਅਗਲਾ ਸਵਾਲ ਪੁੱਛਿਆ।

ਅਕਸੀਨੋਵ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਸ਼ਬਦ ਉਸ ਦੇ ਹਲਕ ਵਿੱਚ ਅਟਕ ਗਏ: ”ਮੈਂ ... ਮੈਂ ...ਕੁੱਝ ਨਹੀਂ .. .ਜਾਣਦਾ .. .. ਇਹ .. .. ਇਹ ਚਾਕੂ .. .. ਮੇਰਾ .. .. ਮੇਰਾ ਨਹੀਂ।”

ਪੁਲਿਸ ਅਫ਼ਸਰ ਬੋਲਿਆ, “ਅੱਜ ਸਵੇਰੇ ਇੱਕ ਵਪਾਰੀ ਦੀ ਉਸਦੇ ਕਮਰੇ ਵਿੱਚ ਲਾਸ ਮਿਲੀ ਹੈ। ਉਸਨੂੰ ਕਿਸੇ ਨੇ ਚਾਕੂ ਘੋਪ ਕੇ ਹਲਾਕ ਕੀਤਾ ਹੈ। ਤੁਹਾਡੇ ਸਿਵਾ ਕੋਈ ਹੋਰ ਕਾਤਲ ਨਹੀਂ ਹੋ ਸਕਦਾ। ਸਰਾਂ ਦੇ ਦਰਵਾਜ਼ੇ ਨੂੰ ਅੰਦਰ ਤੋਂ ਜਿੰਦਰਾ ਲੱਗਿਆ ਹੋਇਆ ਸੀ ਅਤੇ ਤੁਹਾਡੇ ਸਿਵਾ ਕੋਈ ਦੂਜਾ ਬੰਦਾ ਅੰਦਰ ਨਹੀਂ ਸੀ। ਹੁਣ ਇਹ ਖ਼ੂਨ ਨਾਲ ਲਿਬੜਿਆ ਚਾਕੂ ਵੀ ਤੁਹਾਡੇ ਬੈਗ ਵਿੱਚੋਂ ਮਿਲ ਗਿਆ ਹੈ। ਤੁਹਾਡਾ ਜ਼ਰਦ ਹੋ ਗਿਆ ਚਿਹਰਾ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਤੁਸੀਂ ਹੀ ਦੋਸ਼ੀ ਹੋ। ਹੁਣ ਦੱਸੋ ਤੁਸੀਂ ਉਸਨੂੰ ਕਿਵੇਂ ਕਤਲ ਕੀਤਾ ਅਤੇ ਉਸ ਦੀ ਕਿੰਨੀ ਰਕਮ ਲੁੱਟੀ ਹੈ?”

ਅਕਸੀਨੋਵ ਨੇ ਕਸਮਾਂ ਖਾ ਕੇ ਉਸਨੂੰ ਭਰੋਸਾ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਵਪਾਰੀ ਦਾ ਕਤਲ ਮੈਂ ਨਹੀਂ ਕੀਤਾ। ਉਸਨੇ ਬੀਤੀ ਸ਼ਾਮ ਉਸ ਦੇ ਨਾਲ ਚਾਹ ਬੇਸ਼ਕ ਪੀਤੀ ਸੀ ਪਰ ਉਸ ਦੇ ਬਾਅਦ ਉਨ੍ਹਾਂ ਦੋਨਾਂ ਦੀ ਕੋਈ ਮੁਲਾਕ਼ਾਤ ਨਹੀਂ ਹੋਈ ਸੀ। ਉਸਨੇ ਇੰਸਪੈਕਟਰ ਨੂੰ ਦੱਸਿਆ ਕਿ ਉਸ ਦੇ ਕੋਲ ਜੋ ਅੱਠ ਹਜ਼ਾਰ ਰੂਬਲ ਸਨ, ਉਹ ਉਸ ਦੀ ਆਪਣੀ ਰਕਮ ਸੀ ਜੋ ਉਹ ਘਰੋਂ ਲੈ ਕੇ ਚਲਿਆ ਸੀ। ਜਿੱਥੇ ਤੱਕ ਚਾਕੂ ਦਾ ਸੰਬੰਧ ਸੀ, ਉਹ ਉਸ ਦੇ ਬਾਰੇ ਉਹ ਕੁੱਝ ਨਹੀਂ ਜਾਣਦਾ ਸੀ। ਉਹ ਚਾਕੂ ਉਸ ਦਾ ਨਹੀਂ ਸੀ। ਪਰ ਇਹ ਸਭ ਕੁੱਝ ਕਹਿੰਦੇ ਹੋਏ ਉਸ ਦੀ ਆਵਾਜ਼ ਕੰਬ ਰਹੀ ਸੀ, ਉਸ ਦਾ ਚਿਹਰਾ ਹਲਦੀ ਦੀ ਤਰ੍ਹਾਂ ਪੀਲਾ ਭੂਕ ਸੀ ਅਤੇ ਉਹ ਬੁਰੀ ਤਰ੍ਹਾਂ ਡਰਿਆ ਨਜ਼ਰ ਆਉਂਦਾ ਸੀ, ਜਿਵੇਂ ਉਹੋ ਹੀ ਦੋਸ਼ੀ ਹੋਵੇ।

ਪੁਲਿਸ ਇੰਸਪੈਕਟਰ ਨੇ ਸਿਪਾਹੀਆਂ ਨੂੰ ਉਸਨੂੰ ਹਥਕੜੀ ਲਾਉਣ ਅਤੇ ਬੱਘੀ ਵਿੱਚ ਬਿਠਾਉਣ ਦਾ ਹੁਕਮ ਦਿੱਤਾ। ਜਦੋਂ ਉਨ੍ਹਾਂ ਨੇ ਉਸਨੂੰ ਹਥਕੜੀਆਂ ਲਾ ਕੇ ਬੱਘੀ ਵਿੱਚ ਬਿਠਾ ਲਿਆ ਤਾਂ ਉਹ ਜ਼ੋਰ ਜ਼ੋਰ ਦੀ ਰੋਣ ਲਗਾ। ਉਨ੍ਹਾਂ ਨੇ ਅਕਸੀਨੋਵ ਦੀ ਰਕਮ ਅਤੇ ਚੀਜ਼ਾਂ ਜ਼ਬਤ ਕਰ ਲਈਆਂ ਅਤੇ ਉਸਨੂੰ ਨੇੜਲੇ ਸ਼ਹਿਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਫਿਰ ਜਾਂਚ ਪੜਤਾਲ ਸ਼ੁਰੂ ਹੋਈ। ਜਾਂਚ ਟੀਮ ਦੇ ਰੁਕਨ ਵਲਾਦੀਮੀਰ ਗਏ ਅਤੇ ਅਕਸੀਨੋਵ ਦੇ ਕਿਰਦਾਰ ਦੇ ਬਾਰੇ ਜਾਂਚ ਕੀਤੀ। ਸਾਰੇ ਵਪਾਰੀੋਆਂ ਅਤੇ ਸ਼ਹਿਰੀਆਂ ਨੇ ਇੱਕ ਹੀ ਗੱਲ ਦੱਸੀ ਕਿ ਚੜ੍ਹਦੀ ਜਵਾਨੀ ਵਿੱਚ ਅਕਸੀਨੋਵ ਖ਼ਾਸਾ ਪੰਗੇਬਾਜ਼ ਸੀ ਪਰ ਵਿਆਹ ਤੋਂ ਬਾਅਦ ਉਹ ਸੁਧਰ ਗਿਆ ਸੀ। ਇਸ ਦੇ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਘਟਨਾਵਾਂ ਦੇ ਮੌਕੇ ਦੀ ਰੋਸ਼ਨੀ ਵਿੱਚ ਉਸ ਤੇ ਕਤਲ ਅਤੇ ਲੁੱਟ ਮਾਰ ਦਾ ਇਲਜ਼ਾਮ ਸਾਬਤ ਹੋ ਗਿਆ। ਉਸਨੂੰ ਰਿਆਜ਼ਾਨ ਦੇ ਇੱਕ ਵਪਾਰੀ ਦੇ ਕਤਲ ਅਤੇ ਵੀਹ ਹਜ਼ਾਰ ਰੂਬਲ ਲੁੱਟਣ ਦੇ ਇਲਜ਼ਾਮ ਵਿੱਚ ਸਖ਼ਤ ਸਜ਼ਾ ਸੁਣਾ ਦਿੱਤੀ ਗਈ।

ਅਕਸੀਨੋਵ ਦੀ ਪਤਨੀ ਇਸ ਵਾਕੇ ਨਾਲ ਸਕਤੇ ਵਿੱਚ ਆ ਗਈ ਸੀ। ਉਸਨੂੰ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ। ਉਸ ਦੇ ਛੋਟੇ ਛੋਟੇ ਬੱਚੇ ਸਨ। ਇੱਕ ਤਾਂ ਦੁੱਧ ਚੁੰਘਦਾ ਸੀ। ਉਸਨੇ ਸਾਰੇ ਬੱਚਿਆਂ ਨੂੰ ਨਾਲ ਲਿਆ ਅਤੇ ਉਸ ਸ਼ਹਿਰ ਪਹੁੰਚੀ ਜਿੱਥੇ ਉਸ ਦੇ ਪਤੀ ਨੂੰ ਕੈਦ ਕੀਤਾ ਗਿਆ ਸੀ। ਬੜੀ ਮੁਸ਼ਕਿਲ ਨਾਲ ਉਸ ਨੂੰ ਮੁਲਾਕਾਤ ਮਿਲੀ। ਜਦੋਂ ਉਸਨੇ ਆਪਣੇ ਪਤੀ ਨੂੰ ਹੋਰਨਾਂ ਕਾਤਲਾਂ ਅਤੇ ਦੋਸ਼ੀਆਂ ਦੇ ਨਾਲ ਸਲਾਖਾਂ ਦੇ ਪਿੱਛੇ ਬੰਦ ਵੇਖਿਆ ਤਾਂ ਉਹ ਗ਼ਸ਼ ਖਾ ਕੇ ਜ਼ਮੀਨ ਉੱਤੇ ਡਿੱਗ ਗਈ। ਖ਼ਾਸੀ ਦੇਰ ਦੇ ਬਾਅਦ ਉਸਨੂੰ ਹੋਸ਼ ਆਈ ਤਾਂ ਉਹ ਗ਼ਮ ਨਾਲ ਨਿਢਾਲ ਹੋਈ ਬੱਚਿਆਂ ਨੂੰ ਲੈਕੇ ਉਸਦੇ ਕੋਲ ਜਾ ਬੈਠੀ। ਉਸ ਦੀ ਹੱਡਬੀਤੀ ਸੁਣੀ ਅਤੇ ਆਪਣੀ ਸੁਣਾਈ। ਜਦੋਂ ਅਕਸੀਨੋਵ ਆਪਣੀ ਕਹਾਣੀ ਸੁਣਾ ਚੁੱਕਿਆ ਤਾਂ ਉਸਨੇ ਆਪਣੇ ਪਤੀ ਨੂੰ ਸਵਾਲ ਕੀਤਾ, “ਹੁਣ ਕੀ ਬਣੇਗਾ?”

“ਸਾਨੂੰ ਜ਼ਾਰ ਕੋਲ ਅਪੀਲ ਜ਼ਰੂਰ ਕਰਨੀ ਚਾਹੀਦੀ ਹੈ।” ਅਕਸੀਨੋਵ ਬੋਲਿਆ। “ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ।” ਉਸ ਦੀ ਪਤਨੀ ਨੇ ਉਸਨੂੰ ਦੱਸਿਆ ਕਿ ਉਹ ਪਹਿਲਾਂ ਜਾਰ ਨੂੰ ਅਪੀਲ ਕਰ ਚੁੱਕੀ ਸੀ, ਪਰ ਇਹ ਅਪੀਲ ਸੁਣੀ ਨਹੀਂ ਗਈ ਸੀ।

ਅਕਸੀਨੋਵ ਨੇ ਜਵਾਬ ਵਿੱਚ ਕੁੱਝ ਨਹੀਂ ਕਿਹਾ। ਉਹ ਸਿਰੇ ਦੀ ਨਿਰਾਸ਼ਾ ਵਿੱਚ ਗਰਕ ਹੋ ਰਿਹਾ ਸੀ।

ਉਸ ਦੀ ਪਤਨੀ ਨੇ ਉਸਨੂੰ ਯਾਦ ਕਰਵਾਇਆ: “ਮੈਂ ਤੁਹਾਨੂੰ ਆਪਣੇ ਸੁਪਨੇ ਦੇ ਬਾਰੇ ਵਿੱਚ ਦੱਸਿਆ ਸੀ, ਪਰ ਤੁਸੀਂ ਮੇਰੀ ਗੱਲ ਮਜ਼ਾਕ ਵਿੱਚ ਉੱਡਾ ਦਿੱਤੀ ਸੀ। ਮੈਂ ਤੁਹਾਡੇ ਸਿਰ ਦੇ ਵਾਲ ਚਿੱਟੇ ਹੋ ਗਏ ਵੇਖੇ ਸਨ। ਕਾਸ਼ ਤੁਸੀਂ ਮੇਰੀ ਗੱਲ ਮੰਨ ਲੈਂਦੇ ਅਤੇ ਉਸ ਦਿਨ ਮੇਲੇ ਜਾਣਾ ਟਾਲ ਦਿੰਦੇ।” ਏਨਾ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗੀ। ਫਿਰ ਉਸਨੇ ਆਪਣੇ ਪਤੀ ਦੇ ਵਾਲਾਂ ਵਿੱਚ ਉਂਗਲਾਂ ਫੇਰਦੇ ਹੋਏ ਉਸ ਨੂੰ ਕਿਹਾ: “ਮੇਰੇ ਅਤਿ ਪਿਆਰੇ ਵਾਨਿਆ, ਆਪਣੀ ਪਤਨੀ ਨੂੰ ਸੱਚ ਸੱਚ ਦੱਸ ਕਿ ਤੁਸੀਂ ਇਹ ਅਪਰਾਧ ਕੀਤਾ ਹੈ ਜਾਂ ਨਹੀਂ?”

ਅਕਸੀਨੋਵ ਨੇ ਡੂੰਘੇ ਦੁੱਖ ਨਾਲ ਉਸ ਵੱਲ ਵੇਖਿਆ ਅਤੇ ਕਿਹਾ, “ਤੈਨੂੰ ਵੀ ਮੇਰੇ ਉੱਤੇ ਯਕੀਨ ਨਹੀਂ?” ਅਤੇ ਫਿਰ ਉਹ ਆਪਣੀਆਂ ਬਾਹਾਂ ਵਿੱਚ ਸਿਰ ਦੇਕੇ ਰੋਣ ਲਗ ਪਿਆ।

ਇਸ ਸਮੇਂ ਇੱਕ ਸਿਪਾਹੀ ਅੱਗੇ ਆਇਆ ਅਤੇ ਉਸ ਦੀ ਪਤਨੀ ਨੂੰ ਦੱਸਿਆ ਕਿ ਮੁਲਾਕਾਤ ਦਾ ਵਕਤ ਖ਼ਤਮ ਹੋ ਗਿਆ ਹੈ ਅਤੇ ਇਵੇਂ ਅਕਸੀਨੋਵ ਨੇ ਆਖ਼ਰੀ ਵਾਰ ਆਪਣੇ ਪਰਿਵਾਰ ਨੂੰ ਅਲਵਿਦਾ ਕਹੀ।

ਜਦੋਂ ਉਸ ਦੀ ਪਤਨੀ ਤੇ ਬੱਚੇ ਚਲੇ ਗਏ ਤਾਂ ਅਕਸੀਨੋਵ ਗਹਿਰੀ ਸੋਚ ਵਿੱਚ ਡੁੱਬ ਗਿਆ। ਉਹ ਸੋਚ ਰਿਹਾ ਸੀ ਕਿ ਉਸ ਦੀ ਪਤਨੀ ਨੇ ਵੀ ਉਸ ਉੱਤੇ ਸ਼ੱਕ ਕਰਦੀ ਸੀ। ਹੁਣ ਉਸਨੇ ਖ਼ੁਦ ਨੂੰ ਕਿਹਾ, “ਰੱਬ ਦੇ ਸਿਵਾ ਕਿਸੇ ਨੂੰ ਸੱਚ ਦੀ ਖ਼ਬਰ ਨਹੀਂ। ਮੈਨੂੰ ਸਿਰਫ ਉਸੇ ਨੂੰ ਅਰਦਾਸ ਕਰਨੀ ਚਾਹੀਦੀ ਹੈ ਅਤੇ ਉਸੇ ਤੋਂ ਰਹਿਮ ਦੀ ਉਮੀਦ ਕਰਨੀ ਚਾਹੀਦੀ ਹੈ।”

ਇਸ ਦੇ ਬਾਅਦ ਉਸਨੇ ਕੋਈ ਅਪੀਲ ਕਰਨ ਦਾ ਖਿਆਲ ਤਰਕ ਕਰ ਦਿੱਤਾ। ਉਸਨੇ ਰੱਬ ਅੱਗੇ ਅਰਦਾਸ ਕਰਨ ਦੀ ਆਦਤ ਬਣਾ ਲਈ। ਉਸਨੂੰ ਕੋੜਿਆਂ ਨਾਲ ਤਸੀਹੇ ਦਿੱਤੇ ਗਏ ਅਤੇ ਖਾਣਾਂ ਵਿੱਚ ਕਠਿਨ ਕੰਮ ਕਰਨ ਭੇਜਿਆ ਗਿਆ ਅਤੇ ਫਿਰ ਜਦੋਂ ਕੋੜਿਆਂ ਦੇ ਕੁਟਾਪੇ ਦੇ ਜਖਮ ਭਰ ਗਏ ਤਾਂ ਹੋਰਨਾਂ ਕੈਦੀਆਂ ਨਾਲ ਸਾਇਬੇਰੀਆ ਵਿੱਚ ਭੇਜ ਦਿੱਤਾ ਗਿਆ। ਅਕਸੀਨੋਵ ਨੇ ਸਾਇਬੇਰੀਆ ਵਿੱਚ ਛੱਬੀ ਸਾਲ ਸਜ਼ਾ ਕੱਟੀ। ਉਸ ਦੇ ਸਿਰ ਦੇ ਵਾਲ ਇਸ ਦੌਰਾਨ ਬਰਫ ਦੀ ਤਰ੍ਹਾਂ ਬੱਗੇ ਹੋ ਗਏ ਸਨ ਅਤੇ ਉਸ ਦੀ ਦਾੜ੍ਹੀ ਬੱਗੀ, ਲੰਮੀ ਅਤੇ ਪਤਲੀ ਹੋ ਗਈ ਸੀ। ਉਹ ਬੁਝ ਜਿਹਾ ਗਿਆ ਸੀ। ਉਸ ਦੀ ਕਮਰ ਝੁਕ ਗਈ ਸੀ, ਚਾਲ ਵਿੱਚ ਠਰ੍ਹੰਮਾ ਆ ਗਿਆ ਸੀ ਅਤੇ ਉਹ ਬਹੁਤ ਕਮਜ਼ੋਰ ਹੋ ਗਿਆ ਸੀ। ਉਹ ਬਹੁਤ ਹੀ ਘੱਟ ਬੋਲਦਾ ਸੀ ਅਤੇ ਕਦੇ ਹੱਸਦਾ ਨਹੀਂ ਸੀ। ਉਸ ਦਾ ਜ਼ਿਆਦਾ ਵਕਤ ਅਰਦਾਸ ਵਿੱਚ ਬੀਤਦਾ ਸੀ।

ਕੈਦ ਦੇ ਦੌਰਾਨ ਉਸਨੇ ਬੂਟ ਬਣਾਉਣੇ ਸਿੱਖ ਲਏ ਸੀ, ਜਿਸ ਤੋਂ ਆਮਦਨੀ ਨਾਲ ਉਸਨੇ ਸੰਤਾਂ ਦੀਆਂ ਜੀਵਨੀਆਂ ਦੀ ਕਿਤਾਬ ਖ਼ਰੀਦ ਲਈ ਸੀ, ਜਿਸਨੂੰ ਉਹ ਉਸ ਵਕਤ ਤੱਕ ਪੜ੍ਹਨ ਵਿੱਚ ਡੁੱਬਿਆ ਰਹਿੰਦਾ, ਜਦੋਂ ਤੱਕ ਉਸ ਦੀ ਕੋਠੜੀ ਵਿੱਚ ਰੋਸ਼ਨੀ ਨਾਕਾਫੀ ਨਾ ਹੋ ਜਾਂਦੀ। ਐਤਵਾਰਾਂ ਦੇ ਦਿਨ ਉਹ ਜੇਲ੍ਹ ਦੇ ਗਿਰਜਾਘਰ ਵਿੱਚ ਜਾਂਦਾ ਅਤੇ ਪਾਠ ਪੜ੍ਹਦਾ ਜਾਂ ਭਜਨ ਮੰਡਲੀ ਵਿੱਚ ਮਿਲਕੇ ਭਜਨ ਗਾਉਂਦਾ, ਕਿਉਂਕਿ ਉਸ ਦੀ ਆਵਾਜ਼ ਅਜੇ ਵੀ ਬੜੀ ਵਧੀਆ ਸੀ।

ਜੇਲ੍ਹ ਅਧਿਕਾਰੀ ਅਕਸੀਨੋਵ ਦੀ ਤਾਬੇਦਾਰ ਤਬੀਅਤ ਸਦਕਾ ਉਸਨੂੰ ਪਸੰਦ ਕਰਦੇ ਸਨ ਅਤੇ ਜੇਲ੍ਹ ਸਾਥੀ ਉਸ ਦੀ ਇੱਜ਼ਤ ਕਰਦੇ ਅਤੇ ਉਸਨੂੰ ਦਾਦਾ ਜਾਂ ਅਤੇ ਸੰਤ ਕਹਿ ਕੇ ਬੁਲਾਉਂਦੇ ਸਨ। ਜਦੋਂ ਵੀ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਕੋਈ ਦਰਖ਼ਾਸਤ ਪੇਸ਼ ਕਰਨੀ ਹੁੰਦੀ, ਉਹ ਉਸਨੂੰ ਹੀ ਆਪਣਾ ਤਰਜਮਾਨ ਬਣਾਉਂਦੇ। ਇਸੇ ਤਰ੍ਹਾਂ ਜਦੋਂ ਕੈਦੀਆਂ ਵਿੱਚ ਕੋਈ ਲੜਾਈ ਹੋ ਜਾਂਦੀ ਤਾਂ ਉਹ ਸਮ੍ਜੌਤਾ ਕਰਵਾਉਣ ਲਈ ਉਸ ਕੋਲ ਜਾਂਦੇ ਅਤੇ ਉਸਨੂੰ ਹੀ ਜੱਜ ਬਣਾਉਂਦੇ ਸਨ।

ਅਕਸੀਨੋਵ ਨੂੰ ਘਰ ਵਲੋਂ ਕਦੇ ਕੋਈ ਖ਼ਤ ਨਹੀਂ ਮਿਲਿਆ ਸੀ। ਉਸਨੂੰ ਕੁੱਝ ਪਤਾ ਨਹੀਂ ਸੀ ਕਿ ਕੀ ਉਸ ਦੀ ਪਤਨੀ ਅਤੇ ਬੱਚੇ ਜ਼ਿੰਦਾ ਹਨ ਜਾਂ ਮਰ ਚੁੱਕੇ ਹਨ।

ਇੱਕ ਵਾਰ ਕੁਝ ਨਵੇਂ ਕੈਦੀ ਜੇਲ੍ਹ ਵਿੱਚ ਲਿਆਂਦੇ ਗਏ। ਸ਼ਾਮ ਦੇ ਵਕਤ ਸਾਰੇ ਪੁਰਾਣੇ ਕੈਦੀ ਇਨ੍ਹਾਂ ਨਵੇਂ ਕੈਦੀਆਂ ਦੇ ਗਿਰਦ ਜਮ੍ਹਾਂ ਹੋ ਗਏ ਅਤੇ ਉਨ੍ਹਾਂ ਨੂੰ ਪੁੱਛਣ ਲੱਗੇ ਕਿ ਉਹ ਕਿਨ੍ਹਾਂ ਨਗਰਾਂ ਤੇ ਪਿੰਡਾਂ ਤੋਂ ਸਨ ਅਤੇ ਉਨ੍ਹਾਂ ਨੂੰ ਕਿਹੜੇ ਕਿਹੜੇ ਗੁਨਾਹਾਂ ਦੀ ਸਜ਼ਾ ਮਿਲੀ ਸੀ।

ਇਸ ਵਕਤ ਅਕਸੀਨੋਵ ਵੀ ਹੋਰਨਾਂ ਦੇ ਨਾਲ ਇਨ੍ਹਾਂ ਨਵੇਂ ਕੈਦੀਆਂ ਦੇ ਨਜ਼ਦੀਕ ਹੀ ਬੈਠਾ ਸੀ ਅਤੇ ਨੀਵੀਂ ਪਾਈ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ।

ਨਵੇਂ ਕੈਦੀਆਂ ਵਿੱਚੋਂ ਇੱਕ ਸੱਠ ਸਾਲ ਦਾ ਤਕੜਾ, ਲੰਮੇ ਕੱਦ ਦਾ ਆਦਮੀ ਸੀ, ਜਿਸਨੇ ਧੌਲੀ ਦਾੜ੍ਹੀ ਛੋਟੀ ਛੋਟੀ ਰੱਖੀ ਹੋਈ ਸੀ। ਉਹ ਦੱਸ ਰਿਹਾ ਸੀ ਕਿ ਉਸਨੂੰ ਕਿਸ ਲਈ ਸਜ਼ਾ ਹੋਈ ਸੀ। ਉਸ ਨੇ ਕਿਹਾ, “ਦੋਸਤੋ ਮੈਨੂੰ ਬੇਗੁਨਾਹ ਨੂੰ ਇੱਥੇ ਭੇਜਿਆ ਗਿਆ ਹੈ। ਮੈਂ ਇੱਕ ਸਲੈੱਜ ਦੇ ਅੱਗੇ ਜੁੜਿਆ ਹੋਇਆ ਘੋੜਾ ਖੋਲ੍ਹਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਫੜ ਲਿਆ। ਉਹ ਕਹਿੰਦੇ ਕਿ ਮੈਂ ਚੋਰ ਹਾਂ ਹਾਲਾਂਕਿ ਗੱਲ ਇੰਨੀ ਸੀ ਹੈ ਕਿ ਮੈਨੂੰ ਕਿਤੇ ਪੁੱਜਣ ਦੀ ਕਾਹਲੀ ਸੀ। ਜਿਸਦਾ ਮੈਂ ਘੋੜਾ ਖੋਲ੍ਹਿਆ ਸੀ ਉਹ ਮੇਰਾ ਦੋਸਤ ਸੀ, ਮੇਰਾ ਇਰਾਦਾ ਚੋਰੀ ਦਾ ਹਰਗਿਜ਼ ਨਹੀਂ ਸੀ। ਮੈਂ ਇਹ ਸਭ ਕਹਿੰਦਾ ਰਿਹਾ ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਚੋਰ ਕਹਿੰਦੇ ਰਹੇ। ਉਨ੍ਹਾਂ ਨੂੰ ਇਹ ਬਿਲਕੁਲ ਪਤਾ ਨਹੀਂ ਸੀ ਮੈਂ ਇਹ ਕਿੱਥੋਂ ਅਤੇ ਕਿਵੇਂ ਚੁਰਾਇਆ ਸੀ। ਮੈਂ ਜ਼ਿੰਦਗੀ ਵਿੱਚ ਇਸ ਤੋਂ ਪਹਿਲਾਂ ਇੱਕ ਵਾਰ ਮੈਂ ਐਸਾ ਕੰਮ ਕੀਤਾ ਸੀ ਜਿਸ ਵਿੱਚ ਮੈਨੂੰ ਇੱਥੇ ਭੇਜਿਆ ਜਾ ਸਕਦਾ ਸੀ ਪਰ ਉਦੋਂ ਕਿਸੇ ਨੂੰ ਮੇਰੇ ਦੋਸ਼ੀ ਹੋਣ ਦਾ ਪਤਾ ਨਾ ਲੱਗਿਆ। ਅਤੇ ਹੁਣ ਉਨ੍ਹਾਂ ਨੇ ਮੈਨੂੰ ਬਿਨਾਂ ਕਿਸੇ ਹਕੀਕੀ ਗੁਨਾਹ ਦੇ ਇੱਥੇ ਭੇਜ ਦਿੱਤਾ ਹੈ।….ਪਰ ਮੈਂ ਤੁਹਾਨੂੰ ਝੂਠ ਦੱਸ ਰਿਹਾ ਹਾਂ। ਮੈਂ ਪਹਿਲਾਂ ਵੀ ਸਾਇਬੇਰੀਆ ਆ ਚੁੱਕਿਆ ਹਾਂ। ਭਾਵੇਂ ਮੈਂ ਉਦੋਂ ਜ਼ਿਆਦਾ ਅਰਸੇ ਲਈ ਇਥੇ ਨਹੀਂ ਰਿਹਾ ਸੀ।”

“ਭਲਾ ਤੁਸੀਂ ਕਿੱਥੋਂ ਹੋ?” ਇੱਕ ਕੈਦੀ ਨੇ ਸਵਾਲ ਕੀਤਾ। “ਮੈਂ ਵਲਾਦੀਮੀਰ ਸ਼ਹਿਰ ਤੋਂ ਹਾਂ ਅਤੇ ਮੇਰਾ ਖ਼ਾਨਦਾਨ ਉਥੇ ਹੈ। ਮੇਰਾ ਨਾਮ ਮਾਕਾਰ ਹੈ ਤੇ ਮੈਨੂੰ ਸੇਮਿਓਨਿਚ ਵੀ ਕਹਿੰਦੇ ਹਨ।”

ਅਕਸੀਨੋਵ ਨੇ ਆਪਣਾ ਸਿਰ ਚੁੱਕਿਆ ਅਤੇ ਪੁੱਛਿਆ:

“ਮੈਨੂੰ ਦੱਸ ਸੇਮਿਓਨ, ਕੀ ਤੂੰ ਅਕਸੀਨੋਵ ਦੇ ਬਾਰੇ ਵਿੱਚ ਸੁਣਿਆ ਹੈ। ਇਹ ਲੋਕ ਵਲਾਦੀਮੀਰ ਵਿੱਚ ਵਪਾਰ ਦਾ ਧੰਦਾ ਕਰਦੇ ਹਨ? ਕੀ ਉਹ ਜ਼ਿੰਦਾ ਹਨ?”

“ਹਾਂ, ਮੈਂ ਉਨ੍ਹਾਂ ਬਾਰੇ ਸੁਣਿਆ ਹੈ। ਉਹ ਅਮੀਰ ਵਪਾਰੀ ਹਨ ਅਤੇ ਉਨ੍ਹਾਂ ਦਾ ਬਾਪ ਏਧਰ ਸਾਇਬੇਰੀਆ ਵਿੱਚ ਹੀ ਸਜ਼ਾ ਭੁਗਤ ਰਿਹਾ ਹੈ। ਲਗਦਾ ਹੈ ਉਹ ਵੀ ਸਾਡੇ ਵਰਗਾ ਗੁਨਾਹਗਾਰ ਹੋਵੇਗਾ। ਅਤੇ ਹਾਂ ਦਾਦਾ, ਤੁਸੀਂ ਦੱਸੋ ਭਲਾ ਤੁਹਾਨੂੰ ਕਿਸ ਦੋਸ਼ ਵਿੱਚ ਇੱਥੇ ਭੇਜਿਆ ਗਿਆ ਹੈ?”

ਅਕਸੀਨੋਵ ਨੂੰ ਆਪਣੀ ਬਦਕਿਸਮਤੀ ਬਾਰੇ ਗੱਲ ਕਰਨਾ ਪਸੰਦ ਨਹੀਂ ਸੀ। ਉਸਨੇ ਆਹ ਭਰੀ ਤੇ ਕਿਹਾ:

“ਛੱਬੀ ਬਰਸ ਪਹਿਲਾਂ ਮੇਰੇ ਪਾਪਾਂ ਕਰਕੇ ਮੈਨੂੰ ਇਹ ਸਜ਼ਾ ਸੁਣਾਈ ਗਈ ਸੀ।”

ਮਾਕਾਰ ਸੇਮਿਓਨ ਨੇ ਕਿਹਾ, “ਪਰ ਤੁਹਾਡਾ ਅਪਰਾਧ ਕੀ ਸੀ?”

ਅਕਸੀਨੋਵ ਨੇ ਜਵਾਬ ਦਿੱਤਾ, “ਮੈਂ ਸਮਝੋ ਸਜ਼ਾ ਦਾ ਅਧਿਕਾਰੀ ਸੀ।” ਉਹ ਇਸ ਦੇ ਸਿਵਾ ਕੁੱਝ ਹੋਰ ਦੱਸਣ ਨੂੰ ਤਿਆਰ ਨਹੀਂ ਸੀ, ਪਰ ਦੂਜੇ ਕੈਦੀਆਂ ਨੇ ਦੱਸਿਆ ਕਿ ਉਸਨੂੰ ਸਜ਼ਾ ਕਿਉਂ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਕ ਸਰਾਂ ਵਿੱਚ ਕਿਸੇ ਵਪਾਰੀ ਨੂੰ ਚਾਕੂ ਘੋਪ ਕੇ ਹਲਾਕ ਕਰ ਦਿੱਤਾ ਅਤੇ ਚਾਕੂ ਇਸ ਦੇ ਬੈਗ ਵਿੱਚ ਰੱਖ ਦਿੱਤਾ ਅਤੇ ਕਿਸ ਤਰ੍ਹਾਂ ਇੱਕ ਪੁਲਿਸ ਇੰਸਪੈਕਟਰ ਨੇ ਉਸਨੂੰ ਫੜ ਕੇ ਹਕੂਮਤ ਦੇ ਹਵਾਲੇ ਕਰ ਦਿੱਤਾ।

ਜਦੋਂ ਮਾਕਾਰ ਨੇ ਇਹ ਸੁਣਿਆ ਤਾਂ ਉਸਨੇ ਅਕਸੀਨੋਵ ਵੱਲ ਵੇਖਿਆ, ਆਪਣੇ ਗੋਡੇ ਤੇ ਠੋਲਾ ਮਾਰਿਆ ਅਤੇ ਕਿਹਾ, “ਕਿੰਨਾ ਅਜੀਬ ਹੈ, ਸਚਮੁਚ ਅਜੀਬ! ਤੁਸੀਂ ਇੱਥੇ ਬੁਢੇਪੇ ਨੂੰ ਪਹੁੰਚ ਗਏ, ਦਾਦਾ!”

ਦੂਜੇ ਕੈਦੀਆਂ ਨੇ ਉਸ ਪੁੱਛਿਆ ਕਿ ਅਜੀਬ ਗੱਲ ਕਿਹੜੀ ਸੀ ਅਤੇ ਉਸਨੇ ਅਕਸੀਨੋਵ ਨੂੰ ਇਸ ਤੋਂ ਪਹਿਲਾਂ ਕਿੱਥੇ ਵੇਖਿਆ ਸੀ। ਪਰ ਮਾਕਾਰ ਸੇਮਿਓਨਿਚ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਉਸਨੇ ਫਿਰ ਦੁਹਰਾਇਆ:

“ਹੈਰਾਨੀ ਦੀ ਗੱਲ ਹੈ ਭਾਈਓ! ਕਿਵੇਂ ਅਸੀਂ ਅੱਜ ਇੱਕ ਦੂਜੇ ਨੂੰ ਮਿਲ ਰਹੇ ਹਾਂ।”

ਇਨ੍ਹਾਂ ਸ਼ਬਦਾਂ ਨੇ ਅਕਸੀਨੋਵ ਨੂੰ ਹੈਰਾਨ ਕਰ ਦਿੱਤਾ ਕਿ ਕੀ ਇਹ ਆਦਮੀ ਜਾਣਦਾ ਸੀ ਕਿ ਕਿਸਨੇ ਉਸ ਵਪਾਰੀ ਨੂੰ ਮਾਰਿਆ ਸੀ; ਇਸ ਲਈ ਉਸ ਨੇ ਕਿਹਾ, “ਸ਼ਾਇਦ, ਸੇਮਿਓਨਿਚ, ਤੁਸੀਂ ਇਸ ਮਾਮਲੇ ਬਾਰੇ ਸੁਣਿਆ ਹੋਵੇਗਾ, ਜਾਂ ਹੋ ਸਕਦਾ ਹੈ ਤੁਸੀਂ ਪਹਿਲਾਂ ਮੈਨੂੰ ਦੇਖਿਆ ਹੋਵੇ?”

“ਬੇਸ਼ੱਕ ਮੈਂ ਇਸ ਅਪਰਾਧ ਬਾਰੇ ਸੁਣਿਆ ਸੀ। ਅਜਿਹੀਆਂ ਅਫ਼ਵਾਹਾਂ ਬਾਰੇ ਚਰਚਾ ਆਮ ਹੁੰਦੀ ਰਹਿੰਦੀ ਹੈ। ਇਸ ਵਾਕਾ ਬਹੁਤ ਪੁਰਾਣਾ ਹੋ ਚੁੱਕਿਆ ਹੈ .... ਇਸ ਲਈ ਮੈਨੂੰ ਠੀਕ ਤਰ੍ਹਾਂ ਯਾਦ ਨਹੀਂ ਕਿ ਮੈਂ ਕੀ ਸੁਣਿਆ ਸੀ।” ਮਾਕਾਰ ਨੇ ਜਵਾਬ ਦਿੱਤਾ।

“ਸ਼ਾਇਦ ਤੁਸੀਂ ਇਹ ਸੁਣਿਆ ਹੋਵੇਗਾ ਕਿ ਵਪਾਰੀ ਨੂੰ ਕਿਸ ਨੇ ਕਤਲ ਕੀਤਾ ਸੀ?” ਅਕਸੀਨੋਵ ਨੇ ਕਿਹਾ।

ਮਾਕਾਰ ਹੱਸਿਆ ਅਤੇ ਬੋਲਿਆ, “ਭਰਾਵਾ, ਜਿਸਦੇ ਬੈਗ ਵਿੱਚੋਂ ਚਾਕੂ ਨਿਕਲਿਆ ਸੀ ਉਸੇ ਨੇ ਕਤਲ ਕੀਤਾ ਹੋਵੇਗਾ। ਜੇ ਕਿਸੇ ਹੋਰ ਨੇ ਚਾਕੂ ਤੁਹਾਡੇ ਬੈਗ ਵਿੱਚ ਰੱਖਿਆ ਸੀ, ‘ਉਹ ਚੋਰ ਨਹੀਂ, ਜਦ ਤੱਕ ਫੜਿਆ ਨਹੀਂ ਜਾਂਦਾ।’ ਇਹ ਅਸੰਭਵ ਹੈ ਕਿਉਂਕਿ ਕੋਈ ਤੁਹਾਡੇ ਬੈਗ ਵਿੱਚ ਚਾਕੂ ਰੱਖ ਕਿਸ ਤਰ੍ਹਾਂ ਸਕਦਾ ਸੀ ਜਦ ਕਿ ਬੈਗ ਤੁਹਾਡੇ ਸਿਰਹਾਣੇ ਹੇਠ ਸੀ। ਕੋਈ ਉਸਨੂੰ ਖੋਲ੍ਹਦਾ ਤਾਂ ਖੜਕੇ ਨਾਲ ਤੁਹਾਡੀ ਅੱਖ ਨਾ ਖੁੱਲ੍ਹ ਜਾਂਦੀ?”

ਜਿਉਂ ਹੀ ਅਕਸੀਨੋਵ ਨੇ ਇਹ ਸ਼ਬਦ ਸੁਣੇ, ਉਸਨੂੰ ਭਰੋਸਾ ਹੋ ਗਿਆ ਕਿ ਵਪਾਰੀ ਨੂੰ ਕਤਲ ਕਰਨ ਵਾਲਾ ਆਦਮੀ ਇਹੀ ਸੀ। ਉਹ ਆਪਣੀ ਜਗ੍ਹਾ ਤੋਂ ਉਠਿਆ ਅਤੇ ਉੱਥੋਂ ਪਾਸੇ ਹੱਟ ਗਿਆ। ਸਾਰੀ ਰਾਤ ਉਸਨੂੰ ਨੀਂਦ ਨਹੀਂ ਆਈ। ਡੂੰਘੇ ਦੁੱਖ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਬੀਤੇ ਦੀਆਂ ਯਾਦਾਂ ਵਿੱਚ ਗਵਾਚ ਗਿਆ। ਉਸਨੂੰ ਆਪਣੀ ਪਤਨੀ ਯਾਦ ਆਈ ਕਿ ਕਿਸ ਤਰ੍ਹਾਂ ਜਦੋਂ ਉਹ ਮੇਲੇ ਨੂੰ ਤੁਰਨ ਲੱਗਿਆ ਸੀ,ਅਲਵਿਦਾਈ ਮੁਲਾਕਾਤ ਵਿੱਚ ਉਹ ਉਸ ਕੋਲੋਂ ਵਿੱਛੜਦੇ ਹੋਏ ਰੋਂਣ ਧੋਣ ਕਰ ਰਹੀ ਸੀ। ਉਸ ਦੇ ਜ਼ੇਹਨ ਦੇ ਪਰਦੇ ਉੱਤੇ ਉਸ ਦੀ ਸਪਸ਼ਟ ਤਸਵੀਰ ਸੀ। ਉਹ ਉਸ ਦੇ ਖ਼ੂਬਸੂਰਤ ਜਿਸਮ, ਉਸ ਦੇ ਚਿਹਰੇ ਅਤੇ ਉਸ ਦੀਆਂ ਅੱਖਾਂ ਨੂੰ ਇਸ ਤਰ੍ਹਾਂ ਵੇਖ ਸਕਦਾ ਸੀ ਜਿਵੇਂ ਉਹ ਜ਼ਿੰਦਾ ਉਸ ਦੇ ਸਾਹਮਣੇ ਖੜੀ ਹੋਵੇ। ਉਸਨੂੰ ਉਸ ਦੇ ਸ਼ਬਦ ਅਤੇ ਉਸ ਦੀ ਹਾਸੀ ਸਾਫ਼ ਸੁਣਾਈ ਦੇ ਰਹੀ ਸੀ। ਫਿਰ ਉਸ ਦੇ ਜ਼ੇਹਨ ਦੇ ਪਰਦੇ ਉੱਤੇ ਉਸ ਦੇ ਬੱਚੇ ਸਾਕਾਰ ਹੋਏ। ਖੱਲ ਦਾ ਕੋਟ ਪਹਿਨੀ ਖੜਾ ਇੱਕ ਛੋਟਾ ਜਿਹਾ ਮੁੰਡਾ ਅਤੇ ਮਾਂ ਦੀਆਂ ਛਾਤੀਆਂ ਚੁੰਘਦਾ ਹੋਇਆ ਇੱਕ ਨਵਾਂ ਜੰਮਿਆ ਬੱਚਾ ਅਤੇ ਉਸਨੇ ਖ਼ਿਆਲਾਂ ਹੀ ਖ਼ਿਆਲਾਂ ਵਿੱਚ ਖ਼ੁਦ ਨੂੰ ਵੇਖਿਆ। ਉਸਨੂੰ ਆਪਣਾ ਆਪ ਜਵਾਨ ਅਤੇ ਖ਼ੁਸ਼ਤਬੀਅਤ ਨਜ਼ਰ ਆਇਆ , ਜਿਵੇਂ ਕ‌ਿ ਉਹ ਉਸ ਜ਼ਮਾਨੇ ਵਿੱਚ ਹੋਇਆ ਕਰਦਾ ਸੀ। ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਸਰਾਂ ਦੇ ਦਰਵਾਜੇ ਉੱਤੇ ਬੈਠਾ ਖੁਸ਼ੀ ਖੁਸ਼ੀ ਗਿਟਾਰ ਵਜਾ ਰਿਹਾ ਸੀ, ਜਦੋਂ ਉਨ੍ਹਾਂ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਕਿੰਨਾ ਬੇਫ਼ਿਕਰ ਸੀ ਉਹ! ਉਸ ਜਗ੍ਹਾ ਨੂੰ ਜਿੱਥੇ ਉਸਨੂੰ ਕੋੜੇ ਮਾਰੇ ਗਏ ਸਨ, ਉਹ ਜੱਲਾਦ ਅਤੇ ਉਸ ਦੇ ਦੁਆਲੇ ਖੜ੍ਹੇ ਲੋਕ; ਹਥਕੜੀਆਂ, ਦੂਸਰੇ ਕੈਦੀ ਅਤੇ ਅਚਨਚੇਤ ਸਮੇਂ ਤੋਂ ਪਹਿਲਾਂ ਆ ਗਿਆ ਬੁਢਾਪਾ - ਉਸਨੂੰ ਆਪਣੀ ਛੱਬੀ ਸਾਲ ਦੀ ਕੈਦ ਦਾ ਇੱਕ ਇੱਕ ਪਲ ਯਾਦ ਆ ਰਿਹਾ ਸੀ। ਇਹ ਸਭ ਕੁੱਝ ਯਾਦ ਕਰਕੇ ਉਸ ਉੱਤੇ ਅਜਿਹੀ ਗੰਭੀਰ ਨਿਰਾਸ਼ਾ ਤਾਰੀ ਹੋਈ ਕਿ ਉਸ ਦਾ ਜੀ ਕਰਨ ਲੱਗਾ ਕਿ ਉਹ ਆਪਣੀ ਜ਼ਿੰਦਗੀ ਦਾ ਖ਼ਾਤਮਾ ਕਰ ਲਵੇ।

‘ਤੇ ਇਹ ਸਭ ਕੁੱਝ ਇਸ ਬਦਮਾਸ਼ ਕਰਕੇ।’ ਉਸਨੇ ਆਪਣੇ ਆਪ ਨੂੰ ਕਿਹਾ ਅਤੇ ਇਸ ਦੇ ਬਾਅਦ ਮਾਕਾਰ ਸੇਮਿਓਨਿਚ ਉੱਤੇ ਇੰਨਾ ਗੁੱਸਾ ਆਇਆ ਕਿ ਜੇਕਰ ਉਹ ਉਸ ਦੇ ਸਾਹਮਣੇ ਹੁੰਦਾ ਤਾਂ ਉਹ ਉਸ ਨੂੰ ਪਾਰ ਬੁਲਾ ਦਿੰਦਾ। ਉਸਨੇ ਸਾਰੀ ਰਾਤ ਅਰਦਾਸ ਵਿੱਚ ਗੁਜ਼ਾਰੀ ਪਰ ਉਸਨੂੰ ਫਿਰ ਵੀ ਚੈਨ ਨਸੀਬ ਨਹੀਂ ਹੋਇਆ। ਦਿਨ ਚੜ੍ਹਿਆ ਤਾਂ ਉਹ ਮਾਕਾਰ ਤੋਂ ਦੂਰ ਰਿਹਾ, ਉਸਨੇ ਉਸ ਦੀ ਵੱਲ ਵੇਖਿਆ ਤੱਕ ਨਹੀਂ।

ਇੱਕ ਰਾਤ ਉਹ ਜੇਲ੍ਹ ਦੇ ਅਹਾਤੇ ਵਿੱਚ ਘੁੰਮ ਰਿਹਾ ਸੀ, ਤਾਂ ਕੈਦੀਆਂ ਦੇ ਸੌਣ ਵਾਲੀ ਇੱਕ ਕੋਠੜੀ ਦੇ ਪਿੱਛੋਂ ਉਸਨੂੰ ਜ਼ਮੀਨ ਪੁੱਟਣ ਦੀ ਆਵਾਜ਼ ਆਈ। ਉਹ ਰੁਕ ਗਿਆ ਅਤੇ ਗ਼ੌਰ ਨਾਲ ਵੱਲ ਦੇਖਣ ਲਗਾ। ਅਚਾਨਕ ਇੱਕ ਪੱਥਰ ਦੀ ਸਿਲ ਦੀ ਓਟ ਮਾਕਾਰ ਨਜ਼ਰ ਆਇਆ ਅਤੇ ਅਕਸੀਨੋਵ ਨੂੰ ਵੇਖਕੇ ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਅਕਸੀਨੋਵ ਅਣਜਾਣ ਬਣ ਕੇ ਅੱਗੇ ਲੰਘਣ ਲਗਾ ਪਰ ਮਾਕਾਰ ਨੇ ਉਸ ਨੂੰ ਬਾਹੋਂ ਫੜ ਕੇ ਰੋਕ ਲਿਆ। ਉਸਨੇ ਦੱਸਿਆ ਕਿ ਕਿਵੇਂ ਉਹ ਕੰਧ ਦੇ ਹੇਠੋਂ ਇੱਕ ਸੁਰੰਗ ਪੁੱਟਣ ਦੀ ਕੋਸ਼ਿਸ਼ ਵਿੱਚ ਹੈ ਅਤੇ ਕਿਵੇਂ ਉਹ ਰੋਜ਼ਾਨਾ ਪੁੱਟੀ ਹੋਈ ਮਿੱਟੀ ਆਪਣੇ ਲੰਮੇ ਬੂਟਾਂ ਵਿੱਚ ਭਰ ਲੈਂਦਾ ਹੈ ਅਤੇ ਮੁਸ਼ੱਕਤ ਲਈ ਜਾਂਦੇ ਹੋਏ ਰਸਤੇ ਵਿੱਚ ਸੁੱਟ ਦਿੰਦਾ ਹੈ।

ਫਿਰ ਉਸਨੇ ਕਿਹਾ, “ਆਪਣੀ ਜ਼ਬਾਨ ਬੰਦ ਰੱਖਣਾ, ਬੁਢਿਆ। ਇਸ ਸੁਰੰਗ ਰਾਹੀਂ ਤੂੰ ਵੀ ਨਿੱਕਲ ਜਾਣਾ। ਜੇਕਰ ਤੂੰ ਇਹ ਗੱਲ ਦੱਸ ਦਿੱਤੀ ਤਾਂ ਉਹ ਮਾਰ ਮਾਰ ਕੇ ਮੇਰੀ ਚਮੜੀ ਉਧੇੜ ਦੇਣਗੇ ਪਰ ਮੈਂ ਇਸ ਤੋਂ ਪਹਿਲਾਂ ਮੈਂ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ।”

ਜਦੋਂ ਅਕਸੀਨੋਵ ਨੇ ਆਪਣੇ ਦੁਸ਼ਮਨ ਦੇ ਚਿਹਰੇ ਉੱਤੇ ਨਜ਼ਰ ਮਾਰੀ ਤਾਂ ਉਹ ਗੁੱਸੇ ਵਿੱਚ ਕੰਬਣ ਲੱਗਾ। ਉਸਨੇ ਬੜੀ ਮੁਸ਼ਕਿਲ ਆਪਣਾ ਗੁੱਸਾ ਜ਼ਬਤ ਕੀਤਾ ਅਤੇ ਇਹ ਕਹਿੰਦੇ ਹੋਏ ਆਪਣੀ ਬਾਂਹ ਛੁਡਾ ਲਈ ਕਿ ਮੇਰੀ ਇੱਥੋਂ ਫ਼ਰਾਰ ਹੋਣ ਦੀ ਕੋਈ ਇੱਛਾ ਨਹੀਂ। ਰਿਹਾ ਮਸਲਾ ਮੈਨੂੰ ਮਾਰ ਦੇਣ ਦਾ ਤਾਂ ਮੈਨੂੰ ਮੌਤ ਦੇ ਘਾਟ ਉਤਾਰ ਕੇ ਤੂੰ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਂਗਾ। ਤੂੰ ਤਾਂ ਮੈਨੂੰ ਵੀਹ ਸਾਲ ਪਹਿਲਾਂ ਹੀ ਮਾਰ ਦਿੱਤਾ ਸੀ। ਬਾਕੀ ਰਹੀ ਤੇਰੇ ਫ਼ਰਾਰ ਦੀ ਕੋਸ਼ਿਸ਼ ਬਾਰੇ ਅਧਿਕਾਰੀਆਂ ਨੂੰ ਦੱਸਣ ਦੀ ਗੱਲ। ਤਾਂ ਸੁਣ, ਮੈਂ ਉਹੀ ਕਰਾਂਗਾ ਜੋ ਰੱਬ ਨੂੰ ਮਨਜ਼ੂਰ ਹੋਵੇਗਾ।”

ਅਗਲੇ ਦਿਨ ਜਦੋਂ ਸਿਪਾਹੀ ਕੈਦੀਆਂ ਨੂੰ ਮਸ਼ੱਕਤ ਲਈ ਲੈ ਕੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਖ਼ਾਲੀ ਕੀਤੀ ਮਿੱਟੀ ਨਜ਼ਰ ਪੈ ਗਈ ਅਤੇ ਅਨੁਮਾਨ ਹੋ ਗਿਆ ਕਿ ਕੋਈ ਕੈਦੀ ਸੁਰੰਗ ਪੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੂੰ ਉਹ ਸੁਰੰਗ ਮਿਲ ਗਈ ਸੀ ਜੋ ਮਾਕਾਰ ਨੇ ਪੁੱਟੀ ਸੀ। ਗਵਰਨਰ ਨੇ ਆ ਕੇ ਸਾਰੇ ਕੈਦੀਆਂ ਨੂੰ ਇਹ ਪੁੱਛਿਆ ਕਿ ਸੁਰੰਗ ਕਿਸ ਨੇ ਪੁੱਟੀ ਸੀ। ਉਨ੍ਹਾਂ ਸਾਰਿਆਂ ਨੇ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਜਿਨ੍ਹਾਂ ਲੋਕਾਂ ਨੂੰ ਪਤਾ ਸੀ, ਉਨ੍ਹਾਂ ਨੇ ਮਾਕਾਰ ਸੇਮੀਓਨਿਚ ਨੂੰ ਨਹੀਂ ਫਸਾਇਆ, ਕਿਉਂਕਿ ਉਹ ਜਾਣਦੇ ਸੀ ਕਿ ਉਸ ਨੂੰ ਕੁੱਟ ਕੁੱਟ ਕੇ ਮਰਨਹਾਰ ਕਰ ਦਿੱਤਾ ਜਾਵੇਗਾ। ਅਖ਼ੀਰ ਹਾਰ ਕੇ ਗਵਰਨਰ ਅਕਸੀਨੋਵ ਵੱਲ ਮੁੜਿਆ, ਜਿਸਨੂੰ ਉਹ ਜਾਣਦਾ ਸੀ ਕਿ ਉਹ ਇੱਕ ਸਹੀ ਸੱਚਾ ਆਦਮੀ ਸੀ ਅਤੇ ਉਸਨੇ ਕਿਹਾ: “ਰੱਬ ਨੂੰ ਹਾਜ਼ਿਰ ਨਾਜ਼ਿਰ ਜਾਣ ਕੇ ਦੱਸ ਬਜ਼ੁਰਗਾ, ਉਹ ਸ਼ਖਸ ਕੌਣ ਹੈ, ਜਿਸ ਨੇ ਸੁਰੰਗ ਪੁੱਟੀ?”

ਮਾਕਾਰ ਭੋਲਾ ਜਿਹਾ ਬਣਿਆ ਕੋਲ ਖੜਾ ਸੀ, ਉਸ ਦਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਉਸਦੀ ਅਕਸੀਨੋਵ ਵੱਲ ਦੇਖਣ ਦੀ ਹਿੰਮਤ ਨਹੀਂ ਹੋ ਰਹੀ ਸੀ। ਅਕਸੀਨੋਵ ਦੇ ਹੱਥ ਅਤੇ ਬੁੱਲ੍ਹ ਕੰਬੇ। ਉਸ ਕੋਲੋਂ ਕਿੰਨੀ ਦੇਰ ਇੱਕ ਸ਼ਬਦ ਵੀ ਨਾ ਉਚਰਿਆ ਗਿਆ। ਉਹ ਸੋਚਣ ਲਗਾ: ‘ਮੈਂ ਭਲਾ ਇਸਨੂੰ ਕਿਉਂ ਬਚਾਵਾਂ? ਮੁਆਫ਼ ਕਿਉਂ ਕਰਾਂ, ਜਿਸਨੇ ਮੈਨੂੰ ਤਬਾਹ ਕਰ ਦਿੱਤਾ? ਮੇਰੇ ਨਾਲ ਜੋ ਬੀਤੀ ਉਸ ਦੇ ਬਦਲੇ ਇਸ ਨੂੰ ਭੁਗਤਣਾ ਹੀ ਚਾਹੀਦਾ ਹੈ। ਪਰ ਕੀ ਮੈਂ ਇਸ ਦੇ ਬਾਰੇ ਦੱਸ ਸਕਾਂਗਾ? ਉਹ ਇਸਨੂੰ ਮਾਰ ਮਾਰ ਕੇ ਅਧਮੋਇਆ ਕਰ ਦੇਣਗੇ। ਤੇ ਹੋ ਸਕਦਾ ਹੈ ਕਿ ਮੈਨੂੰ ਗ਼ਲਤ ਸ਼ੱਕ ਹੋਇਆ ਹੋਵੇ। ਆਖਰ, ਇਸ ਨਾਲ ਮੇਰਾ ਕੀ ਸੰਵਰ ਜਾਵੇਗਾ?'

“ ਹਾਂ, ਬਜ਼ੁਰਗੋ,” ਗਵਰਨਰ ਨੇ ਉਸਨੂੰ ਖ਼ਾਮੋਸ਼ ਵੇਖਕੇ ਇੱਕ ਵਾਰ ਫਿਰ ਪੁੱਛਿਆ। “ਸੱਚ ਸੱਚ ਦੱਸ ਦਿਓ ਕਿ ਸੁਰੰਗ ਕਿਸ ਨੇ ਪੁੱਟੀ ਹੈ।”

ਅਕਸੀਨੋਵ ਨੇ ਮਾਕਾਰ ਵੱਲ ਦੇਖਿਆ ਅਤੇ ਕਿਹਾ, “ਮੈਂ ਕੁੱਝ ਨਹੀਂ ਦੱਸ ਸਕਦਾ, ਜਨਾਬ। ਰੱਬ ਦੀ ਇਹ ਮਰਜ਼ੀ ਨਹੀਂ। ਮੈਂ ਨਹੀਂ ਦੱਸਾਂਗਾ। ਤੁਸੀ ਲੋਕ ਮੇਰੇ ਨਾਲ ਜਿਹੋ ਜਿਹਾ ਵੀ ਸਲੂਕ ਚਾਹੋ ਕਰੋ। ਮੈਂ ਤੁਹਾਡੇ ਰਹਿਮੋ ਕਰਮ ਤੇ ਹਾਂ।”

ਗਵਰਨਰ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਕਸੀਨੋਵ ਨੇ ਹੋਰ ਕੁੱਝ ਨਹੀਂ ਕਿਹਾ। ਇਸ ਤਰ੍ਹਾਂ ਗੱਲ ਛੱਡਣੀ ਪਈ।

ਅਗਲੀ ਰਾਤ ਜਦੋਂ ਅਕਸੀਨੋਵ ਸੌਣ ਲੱਗਿਆ ਸੀ, ਉਸਨੂੰ ਮਹਿਸੂਸ ਹੋਇਆ ਕਿ ਕੋਈ ਉਸ ਦੇ ਕਦਮਾਂ ਵਿੱਚ ਆਕੇ ਬੈਠ ਗਿਆ ਹੈ। ਉਸਨੇ ਹਨੇਰੇ ਵਿੱਚ ਘੂਰ ਕੇ ਵੇਖਿਆ ਤਾਂ ਉਹ ਮਾਕਾਰ ਸੇਮਿਓਨਿਚ ਸੀ।

ਅਕਸੀਨੋਵ ਨੇ ਪੁੱਛਿਆ, “ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ? ਤੂੰ ਮੇਰੇ ਕੋਲ ਕੀ ਲੈਣ ਆਇਆ ਹੈਂ?”

ਮਾਕਾਰ ਖ਼ਾਮੋਸ਼ ਰਿਹਾ। ਅਕਸੀਨੋਵ ਉਠ ਬੈਠਾ ਅਤੇ ਕਿਹਾ, “ਕੀ ਚਾਹੁੰਦਾ ਹੈਂ, ਤੂੰ? ਚਲੇ ਜਾ ਵਰਨਾ ਮੈਂ ਗਾਰਡ ਨੂੰ ਬੁਲਾਉਂਦਾ ਹਾਂ।”

ਮਾਕਾਰ ਅਕਸੀਨੋਵ ਦੇ ਨੇੜੇ ਹੋ ਗਿਆ ਅਤੇ ਕੰਨ ਕੋਲ ਹੌਲੀ ਜਹੇ ਕਿਹਾ, ”ਇਵਾਨ ਦਮਿਤਰੇਵਿਚ, ਮੈਨੂੰ ਮੁਆਫ਼ ਕਰ ਦਿਓ!”

ਅਕਸੀਨੋਵ ਨੇ ਪੁੱਛਿਆ, “ਕਾਹਦੇ ਲਈ!”

“ਉਸ ਵਪਾਰੀ ਨੂੰ ਮੈਂ ਕਤਲ ਕੀਤਾ ਸੀ। ਮੈਂ ਹੀ ਉਹ ਚਾਕੂ ਤੁਹਾਡੇ ਬੈਗ ਵਿੱਚ ਰੱਖਿਆ ਸੀ, ਮੈਂ ਤੁਹਾਨੂੰ ਵੀ ਮਾਰਨਾ ਚਾਹੁੰਦਾ ਸੀ, ਪਰ ਮੈਂ ਬਾਹਰ ਰੌਲਾ ਸੁਣਿਆ; ਇਸ ਲਈ ਮੈਂ ਤੁਹਾਡੇ ਬੈਗ ਵਿਚ ਚਾਕੂ ਛੁਪਾ ਕੇ ਖਿੜਕੀ ਦੇ ਰਸਤੇ ਫ਼ਰਾਰ ਹੋ ਗਿਆ ਸੀ।”

ਅਕਸੀਨੋਵ ਨੇ ਜਵਾਬ ਵਿੱਚ ਕੁੱਝ ਨਹੀਂ ਕਿਹਾ। ਉਸਨੂੰ ਕੁੱਝ ਸੁਝ ਨਹੀਂ ਰਿਹਾ ਸੀ ਕਿ ਉਹ ਉਸਨੂੰ ਕੀ ਕਹੇ। ਮਾਕਾਰ ਜ਼ਮੀਨ ਉੱਤੇ ਬੈਠ ਗਿਆ ਅਤੇ ਉਸ ਦੇ ਪੈਰ ਫੜ ਕੇ ਬੋਲਿਆ: ”ਇਵਾਨ ਦਮਿਤਰੇਵਿਚ, ਮੈਨੂੰ ਮੁਆਫ਼ ਕਰ ਦਿਓ! ਰੱਬ ਦੇ ਵਾਸਤੇ ਮੈਨੂੰ ਮੁਆਫ਼ ਕਰ ਦਿਓ! ਮੈਂ ਅਪਰਾਧ ਦਾ ਇਕਬਾਲ ਕਰ ਲਵਾਂਗਾ ਕਿ ਉਸ ਵਪਾਰੀ ਨੂੰ ਮੈਂ ਹੀ ਕਤਲ ਕੀਤਾ ਸੀ। ਤੁਹਾਨੂੰ ਰਿਹਾਈ ਮਿਲ ਜਾਵੇਗੀ। ਤੁਸੀਂ ਆਪਣੇ ਘਰ ਚਲੇ ਜਾਣਾ।’

“ਤੇਰੇ ਲਈ ਇਹ ਕਹਿਣਾ ਬਹੁਤ ਆਸਾਨ ਹੈ ਪਰ ਮੈਂ ਛੱਬੀ ਸਾਲ ਸਜ਼ਾ ਭੁਗਤੀ ਹੈ, ਦੁੱਖ ਝੱਲਿਆ ਹੈ। ਮੈਂ ਹੁਣ ਕਿੱਥੇ ਜਾਂਵਾਂ, ਮੇਰੀ ਪਤਨੀ ਮਰ ਚੁੱਕੀ ਹੈ, ਮੇਰੇ ਬੱਚੇ ਮੈਨੂੰ ਭੁਲਾ ਚੁੱਕੇ ਹਨ। ਮੇਰਾ ਹੁਣ ਕੋਈ ਠਿਕਾਣਾ ਨਹੀਂ।”

ਮਾਕਾਰ ਜ਼ਮੀਨ ਤੋਂ ਨਹੀਂ ਉੱਠਿਆ। ਉਸਨੇ ਫਰਸ ਨਾਲ ਆਪਣਾ ਸਿਰ ਟਕਰਾਉਣ ਲੱਗਾ ਅਤੇ ਬੋਲਿਆ, ”ਇਵਾਨ ਦਮਿਤਰੇਵਿਚ, ਮੈਨੂੰ ਮੁਆਫ਼ ਕਰ ਦਿਓ! ਜਦੋਂ ਉਨ੍ਹਾਂ ਨੇ ਕੋੜਿਆਂ ਨਾਲ ਮੈਨੂੰ ਲਹੂ ਲੁਹਾਣ ਕਰ ਦਿਤਾ ਸੀ ਤਾਂ ਉਹ ਬਰਦਾਸ਼ਤ ਕਰਨਾ ਮੇਰੇ ਲਈ ਆਸਾਨ ਸੀ, ਪਰ ਤੈਨੂੰ ਵੇਖਣਾ ਮੈਥੋਂ ਝੱਲ ਨਹੀਂ ਹੁੰਦਾ।…. ਇਸ ਸਭ ਦੇ ਬਾਵਜੂਦ ਤੁਸੀਂ ਮੇਰੇ ਉੱਤੇ ਰਹਿਮ ਕੀਤਾ। ਤੁਸੀਂ ਉਨ੍ਹਾਂ ਦੇ ਸਾਹਮਣੇ ਮੇਰਾ ਨਾਮ ਨਾ ਲਿਆ। ਰੱਬ ਦੇ ਵਾਸਤੇ ਮੈਨੂੰ ਮੁਆਫ਼ ਕਰ ਦਿਓ! ਮੁਆਫ਼ ਕਰ ਦਿਓ! ਮੈਂ ਨਰਕੀ ਪ੍ਰਾਣੀ ਹਾਂ।” ਇਹ ਕਹਿ ਕੇ ਉਹ ਡੁਸਕਣ ਲਗਾ।

ਜਦੋਂ ਅਕਸੀਨੋਵ ਨੇ ਉਸਨੂੰ ਰੋਂਦੇ ਵੇਖਿਆ ਤਾਂ ਉਸ ਦੀਆਂ ਅੱਖਾਂ ਵੀ ਪਰਲ ਪਰਲ ਵਗਣ ਲੱਗ ਪਈਆਂ।

“ਰੱਬ ਤੈਨੂੰ ਮੁਆਫ਼ ਕਰੇ!” ਉਸਨੇ ਕਿਹਾ, “ਸ਼ਾਇਦ ਮੈਂ ਤੇਰੇ ਤੋਂ ਵੀ ਜ਼ਿਆਦਾ ਬੁਰਾ ਆਦਮੀ ਹਾਂ।” ਏਨਾ ਕਹਿਣ ਦੇ ਬਾਅਦ ਉਸਨੂੰ ਅਚਾਨਕ ਰੂਹਾਨੀ ਸ਼ਾਂਤੀ ਦਾ ਅਨੁਭਵ ਹੋਇਆ। ਉਸਦੀ ਘਰ ਪਰਤਣ ਦੀ ਇੱਛਾ ਖ਼ਤਮ ਹੋ ਗਈ। ਹੁਣ ਉਹ ਸਿਰਫ ਆਪਣੇ ਅੰਤ ਦੇ ਬਾਰੇ ਸੋਚਦਾ ਸੀ।

ਪਰ ਮਾਕਾਰ ਨੇ ਉਸ ਦੀ ਗੱਲ ਨਹੀਂ ਮੰਨੀ ਅਤੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ। ਪਰ ਜਦੋਂ ਬੇਗੁਨਾਹ ਅਕਸੀਨੋਵ ਦੀ ਰਿਹਾਈ ਦਾ ਆਦੇਸ਼ ਆਇਆ ਤਾਂ ਅਕਸੀਨੋਵ ਸਦੀਵੀ ਨੀਂਦ ਸੌਂ ਚੁੱਕਾ ਸੀ।