ਸਮੱਗਰੀ 'ਤੇ ਜਾਓ

ਅਨੁਵਾਦ:ਲੂੰਬੜ ਅਤੇ ਕੁੱਕੜ

ਵਿਕੀਸਰੋਤ ਤੋਂ

ਇੱਕ ਉੱਚੇ ਦਰਖ਼ਤ ਦੀ ਟਹਿਣੀ ’ਤੇ ਇੱਕ ਕੁੱਕੜ ਬੈਠਾ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ। ਉਸ ਦੀ ਜ਼ਬਰਦਸਤ ਪੁਕਾਰ ਪੂਰੇ ਜੰਗਲ ਵਿੱਚ ਗੂੰਜ ਗਈ ਅਤੇ ਇੱਕ ਭੁੱਖੇ ਲੂੰਬੜ ਦਾ ਧਿਆਨ ਖਿੱਚਿਆ ਜੋ ਸ਼ਿਕਾਰ ਲੱਭਣ ਲਈ ਘੁੰਮਦਾ ਫਿਰਦਾ ਸੀ।

ਲੂੰਬੜ ਨੇ ਵੇਖਿਆ ਕਿ ਪੰਛੀ ਬੜਾ ਉੱਚਾ ਹੈ ਅਤੇ ਕੁੱਕੜ ਨੂੰ ਉਸ ਦੇ ਭੋਜਨ ਲਈ ਹੇਠਾਂ ਉਤਾਰਨ ਲਈ ਉਸ ਨੂੰ ਇੱਕ ਚਾਲ ਸੁਝੀ।

"ਮੁਆਫ ਕਰਨਾ, ਮੇਰੇ ਪਿਆਰੇ ਮਾਣ ਮੱਤੇ ਕੁੱਕੜ," ਉਸਨੇ ਹੌਲੀ ਜਿਹੇ ਬੋਲਿਆ, "ਕੀ ਤੂੰ ਵਿਸ਼ਵਵਿਆਪੀ ਸੰਧੀ ਅਤੇ ਸ਼ਾਂਤੀ ਦੀ ਘੋਸ਼ਣਾ ਬਾਰੇ ਨਹੀਂ ਸੁਣਿਆ ਜੋ ਹੁਣ ਸਾਡੇ ਜੰਗਲ ਦੇ ਸਾਰੇ ਜਾਨਵਰਾਂ ਅਤੇ ਪੰਛੀਆਂ ਅਤੇ ਸਭ ਜੀਵਾਂ ਦੇ ਸਾਹਮਣੇ ਰੱਖੀ ਗਈ ਹੈ। ਹੁਣ ਅਸੀਂ ਇਕ ਦੂਸਰੇ ਦਾ ਸ਼ਿਕਾਰ ਜਾਂ ਨੁਕਸਾਨ ਨਹੀਂ ਕਰਨਾ, ਸਗੋਂ ਸ਼ਾਂਤੀ, ਸਦਭਾਵਨਾ ਅਤੇ ਪਿਆਰ ਨਾਲ ਇਕੱਠੇ ਰਹਿਣਾ ਹੈ। ਪਿਆਰੇ ਕੁੱਕੜ, ਥੱਲੇ ਆ ਜਾ, ਅਤੇ ਆਪਾਂ ਇਸ ਮਹੱਤਵਪੂਰਣ ਮਾਮਲੇ ਬਾਰੇ ਨਿਠ ਕੇ ਵਿਚਾਰਾਂ ਕਰੀਏ।"

ਕੁੱਕੜ ਜਾਣਦਾ ਸੀ ਕਿ ਲੂੰਬੜੀ ਸਿਰੇ ਦੀ ਚਲਾਕ ਹੁੰਦੀ ਹੈ। ਉਹ ਕੁਝ ਨਹੀਂ ਬੋਲਿਆ ਅਤੇ ਪਰ੍ਹਾਂ ਦੂਰ ਵੇਖਣ ਲੱਗ ਪਿਆ, ਜਿਵੇਂ ਉਹ ਕੁਝ ਖ਼ਾਸ ਵੇਖ ਰਿਹਾ ਹੋਵੇ।

"ਤੂੰ ਇੰਨੇ ਧਿਆਨ ਨਾਲ ਕੀ ਵੇਖ ਰਿਹਾ ਹੈਂ?" ਲੂੰਬੜੀ ਨੂੰ ਪੁੱਛਿਆ।

ਕੁੱਕੜ ਨੇ ਕਿਹਾ, "ਮੈਨੂੰ ਜੰਗਲੀ ਕੁੱਤਿਆਂ ਦਾ ਇੱਕ ਝੁੰਡ ਨਜਰ ਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਸਾਡੇ ਵੱਲ ਹੀ ਆ ਰਹੇ ਹਨ, ਸ਼੍ਰੀਮਾਨ ਲੂੰਬੜ ਜੀ।"

"ਓਹ, ਮੈਨੂੰ ਇੱਕ ਜ਼ਰੂਰੀ ਕੰਮ ਯਾਦ ਆ ਗਿਆ। ਮੈਨੂੰ ਹੁਣ ਚੱਲਣਾ ਚਾਹੀਦਾ ਹੈ," ਲੂੰਬੜ ਨੇ ਕਿਹਾ।

"ਕਿਰਪਾ ਕਰਕੇ ਅਜੇ ਨਾ ਜਾਓ, ਸ਼੍ਰੀਮਾਨ ਲੂੰਬੜ ਜੀ," ਕੁੱਕੜ ਨੇ ਕਿਹਾ। "ਮੈਂ ਬੱਸ ਜਲਦੀ ਥੱਲੇ ਉੱਤਰ ਰਿਹਾ ਹਾਂ। ਆਪਾਂ ਕੁੱਤਿਆਂ ਦੀ ਉਡੀਕ ਕਰਾਂਗੇ ਅਤੇ ਸਭਨਾਂ ਦੇ ਨਾਲ ਸ਼ਾਂਤੀ ਦੇ ਇਸ ਨਵੇਂ ਜੁੱਗ ਬਾਰੇ ਵਿਚਾਰਾਂ ਕਰਾਂਗੇ।"

"ਨਹੀਂ, ਨਹੀਂ," ਲੂੰਬੜ ਨੇ ਕਿਹਾ, "ਮੈਨੂੰ ਜ਼ਰੂਰ ਚਲੇ ਜਾਣਾ ਚਾਹੀਦਾ ਹੈ। ਕੁੱਤਿਆਂ ਨੇ ਅਜੇ ਸ਼ਾਂਤੀ ਦੀ ਇਸ ਸੰਧੀ ਬਾਰੇ ਨਹੀਂ ਸੁਣਿਆ ਹੋਣਾ।"