ਅੰਬੀ ਦੇ ਬੂਟੇ ਥੱਲੇ

ਵਿਕੀਸਰੋਤ ਤੋਂ
Jump to navigation Jump to search

ਅੰਬੀ ਦੇ ਬੂਟੇ ਥੱਲੇ

ਇਕ ਬੂਟਾ ਅੰਬੀ ਦਾ, ਘਰ ਸਾਡੇ ਲੱਗਾ ਨੀ
ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿਚ ਰਹਿਣਾ ਨੀ
ਕੀ ਉਸ ਦਾ ਕਹਿਣਾ ਨੀ, ਵੇਹੜੇ ਦਾ ਗਹਿਣਾ ਨੀ
ਪਰ ਮਾਹੀ ਬਾਝੋਂ ਨੀ, ਪਰਦੇਸੀ ਬਾਝੋਂ ਨੀ
ਇਹ ਮੈਨੂੰ ਵੱਢਦਾ ਏ, ਖੱਟਾ ਲੱਗਦਾ ਏ।

ਇਸ ਬੂਟੇ ਥੱਲੇ ਜੇ, ਮੈਂ ਚਰਖਾ ਡਾਹਨੀ ਆਂ
ਤੇ ਜੀ ਪਰਚਾਵਣ ਨੂੰ ਦੋ ਤੰਦਾਂ ਪਾਨੀ ਆਂ
ਕੋਇਲ ਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ
ਪੀਹੜੇ ਨੂੰ ਭੰਨਾਂ ਮੈਂ ਚਰਖੀ ਨੂੰ ਫੂਕਾਂ ਨੀ
ਫਿਰ ਡਰਦੀ ਭਾਬੋ ਤੋਂ ਲੈ ਬਹਾਂ ਕਸੀਦਾ ਜੇ
ਯਾਦਾਂ ਵਿਚ ਡੁੱਬੀ ਦਾ ਦਿਲ ਕਿਧਰੇ ਜੁੜ ਜਾਵੇ
ਤੇ ਸੂਈ ਕਸੀਦੇ ਦੀ ਪੋਟੇ ਵਿਚ ਪੁੜ ਜਾਵੇ।

ਫਿਰ ਉੱਠ ਕੇ ਪੀਹੜੇ ਤੋਂ ਮੈਂ ਭੁੰਜੇ ਬਹਿ ਜਾਵਾਂ
ਚੀਚੀ ਧਰ ਠੋਡੀ ਤੇ ਵਹਿਣਾਂ ਵਿਚ ਵਹਿ ਜਾਵਾਂ
ਸੁੱਖਾਂ ਦੀਆਂ ਗੱਲਾਂ ਨੀ ਮੇਲਾਂ ਦੀਆਂ ਘੜੀਆਂ ਨੀ
ਖੀਰਾਂ ਤੇ ਪੂੜੇ ਨੀ ਸਾਵਣ ਦੀਆਂ ਝੜੀਆਂ ਨੀ
ਸੋਹਣੇ ਦੇ ਤਰਲੇ ਨੀ, ਤੇ ਮੇਰੀਆਂ ਅੜੀਆਂ ਨੀ
ਜਾ ਚੇਤੇ ਆ ਜਾਵਣ ਲੋਹੜਾ ਹੀ ਪਾ ਜਾਵਣ।

ਉਹ ਕਿਹਾ ਦਿਹਾੜਾ ਸੀ, ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ, ਜਿਸ ਸ਼ੁੱਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ।
ਮੈਂ ਨਾਤੀ ਧੋਤੀ ਨੀ, ਮੈਂ ਵਾਲ ਵਧਾਏ ਨੀ
ਮੈਂ ਕਜਲਾ ਪਾਇਆ ਨੀ, ਮੈਂ ਗਹਿਣੇ ਲਾਏ ਨੀ
ਮਲ ਮਲ ਕੇ ਖੋੜੀ ਮੈਂ ਹੀਰੇ ਲਿਸ਼ਕਾਏ ਨੀ
ਲਾ ਲਾ ਕੇ ਬਿੰਦੀਆਂ ਮੈਂ ਕਈ ਫੰਧ ਬਣਾਏ ਨੀ
ਜ਼ਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ
ਆ ਅੰਬੀ ਥੱਲੇ ਮੈਂ ਫਿਰ ਪੂਣੀ ਛੋਹੀ ਨੀ

ਉਹ ਚੰਦ ਪਿਆਰਾ ਵੀ, ਆ ਬੈਠਾ ਸਾਹਵੇਂ ਨੀ
ਅੰਬੀ ਦੀ ਛਾਵੇਂ ਨੀ ਉਹ ਮੇਰੀਆਂ ਪ੍ਰੀਤਾਂ ਦਾ
ਸੁਹਣਾ ਵਣਜਾਰਾ ਨੀ।
ਕਿੱਸੇ ਪਰਦੇਸਾਂ ਦੇ, ਲਾਮਾਂ ਦੀਆਂ ਗੱਲਾਂ ਨੀ
ਘੁਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ
ਵੈਰੀ ਦੇ ਹੱਲੇ ਨੀ ਸੋਹਣੇ ਦੀਆਂ ਠੱਲਾਂ ਨੀ
ਉਹ ਦੱਸੀ ਜਾਵੇ ਤੇ ਮੈਂ ਭਰਾਂ ਹੁੰਗਾਰਾ ਨੀ ।

ਉਸ ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ
ਬੱਦਲਾਂ ਦੀ ਸ਼ੁਕਰ ਨੇ ਵੰਗਾਂ ਦੀ ਛਣ ਛਣ ਨੇ
ਚਰਖੀ ਦੀ ਘੁਕਰ ਨੇ, ਟੱਪਿਆਂ ਦੀ ਲੋਰੀ ਨੇ
ਕੋਇਲ ਦੀ ਕੂਕਰ ਨੇ ਮੰਜੇ ਤੇ ਪਾ ਦਿੱਤਾ
ਤੇ ਘੂਕ ਸੁਲਾ ਦਿੱਤਾ।

ਤੱਕ ਸੁੱਤਾ ਮਾਹੀ ਨੀ, ਚਰਖੀ ਚਰਮਖ ਤੋਂ
ਮੈਂ ਕਾਲਖ ਲਾਹੀ ਨੀ ਜਾ ਸੁਤੇ ਸੋਹਣੇ ਦੇ
ਮੱਥੇ ਤੇ ਲਾਈ ਨੀ, ਮੈਂ ਤਾੜੀ ਲਾਈ ਨੀ
ਮੈਂ ਦੋਹਰੀ ਹੋ ਗਈ ਨੀ, ਮੈਂ ਚੌਹਰੀ ਹੋ ਗਈ ਨੀ
ਉਹ ਉੱਠ ਖਲੋਇਆ ਨੀ, ਘਬਰਾਇਆ ਹੋਇਆ ਨੀ
ਉਹ ਬਿਟ ਬਿਟ ਤੱਕੇ ਨੀ, ਉਹ ਮੁੜ ਮੁੜ ਪੁੱਛੇ ਨੀ
ਮੈਂ ਗੱਲ ਨਾ ਦੱਸਾਂ ਨੀ।

ਤੱਕ ਸ਼ੀਸ਼ਾ ਚਰਖੀ ਦਾ ਉਸ ਘੂਰੀ ਪਾਈ ਨੀ
ਮੈਂ ਚੁੰਗੀ ਲਾਈ ਨੀ
ਉਹ ਪਿੱਛੇ ਭੱਜਾ ਨੀ ਮੈਂ ਦਿਆਂ ਨਾ ਡਾਹੀ ਨੀ
ਉਸ ਮਾਣ ਜਵਾਨੀ ਦਾ ਮੈਂ ਹੱਠ ਜ਼ਨਾਨੀ ਦਾ
ਮੈਂ ਅੱਗੇ ਅੱਗੇ ਨੀ ਉਹ ਪਿੱਛੇ ਪਿੱਛੇ ਨੀ
ਮੰਜੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ
ਨੱਸਦੇ ਵੀ ਜਾਈਏ ਨੀ ਹੱਸਦੇ ਵੀ ਜਾਈਏ ਨੀ
ਉਹਦੀ ਚਾਦਰ ਖੜਕੇ ਨੀ ਮੇਰੀ ਕੋਠੀ ਧੜਕੇ ਨੀ
ਉਹਦੀ ਜੁੱਤੀ ਚੀਕੇ ਨੀ ਮੇਰੀ ਝਾਂਜਰ ਛਣਕੇ ਨੀ
ਉਹਦੀ ਪਗੜੀ ਢਹਿ ਪਈ ਨੀ
ਮੇਰੀ ਚੁੰਨੀ ਲਹਿ ਗਈ ਨੀ
ਜਾ ਹਫ ਕੇ ਰਹਿ ਗਏ ਨੀ
ਚੁੱਪ ਕਰ ਕੇ ਬਹਿ ਗਏ ਨੀ
ਉਹ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ
ਉਹ ਕਰਮਾਂ ਵਾਲਾ ਸੀ ਜਿਸ ਸ਼ੁੱਭ ਦਿਹਾੜੇ ਨੀ
ਘਰ ਮੇਰਾ ਲਾੜਾ ਸੀ

ਅੱਜ ਖਾਣ ਹਵਾਵਾਂ ਨੀ, ਅੱਜ ਸਾੜਣ ਛਾਵਾਂ ਨੀ
ਤਰਖਾਣ ਸਦਾਵਾਂ ਨੀ, ਅੰਬੀ ਕਟਵਾਵਾਂ ਨੀ
ਤੋਬਾ ਮੈਂ ਭੁੱਲੀ ਨੀ ਹਾੜਾ ਮੈ ਭੁੱਲੀ ਨੀ
ਜੇ ਅੰਬੀ ਕੱਟਾਂਗੀ, ਚੜ ਕਿਸ ਦੇ ਉੱਤੇ
ਰਾਹ ਢੋਲੇ ਦਾ ਤੱਕਾਂਗੀ।