ਸਮੱਗਰੀ 'ਤੇ ਜਾਓ

ਆਂਢ ਗਵਾਂਢੋਂ/ਪਿੰਡ ਦੇ ਉਤਰ ਵਲ

ਵਿਕੀਸਰੋਤ ਤੋਂ
66413ਆਂਢ ਗਵਾਂਢੋਂ — ਪਿੰਡ ਦੇ ਉਤਰ ਵਲਬਲਵੰਤ ਸਿੰਘ ਸਯਦ

ਪਿੰਡ ਦੇ ਉਤਰ ਵਲ


(ਕਾਨੜੀ)

ਸ੍ਰੀ ਮਾਨ ਵੀ. ਸੀਤਾ ਰਾਮ ਸ਼ਾਸਤਰੀ ਐਮ.
ਐਸ. ਸੀ. 'ਖੈਰਸਾਗਰ’ ਬੰਗਲੌਰ ਕਾਲਜ ਦੇ
ਪ੍ਰੋਫ਼ੈਸਰ ਸਨ। ਕਹਾਣੀ-ਲੇਖਕ ਹੋਣ ਤੋਂ ਵੱਖ
ਕਾਮਯਾਬ ਕਵੀ ਵੀ ਹਨ। ਦੋ ਕਵਿਤਾ-ਸੰਗ੍ਰਹਿ
ਤੇ ਨਪੋਲੀਅਨ ਦਾ ਜੀਵਨ-ਚਿਤਰ ਆਪ ਦੇ
ਪ੍ਰਕਾਸ਼ਤ ਹੋ ਚੁਕੇ ਹਨ।

ਆਪ ਦੀ ਕਹਾਣੀ ਦਾ ਢੰਗ ਨਵੀਨ ਅਤੇ ਅਨੋਖਾ
ਹੈ। ਕਹਾਣੀ ਅਚਨਚੇਤ ਸ਼ੁਰੂ ਹੋਕੇ, ਪਾਠਕ ਨੂੰ
ਆਪਣੇ ਮਗਰ ਲਾ ਲੈਂਦੀ ਹੈ ਤੇ ਫਿਰ ਕਿਸੇ
ਅਨਿਸਚਿਤ ਅਸਥਾਨ ਤੇ ਮੁਕ ਜਾਂਦੀ ਹੈ। ਪੜ੍ਹਨ
ਵਾਲੇ ਨੂੰ ਇਉਂ ਅਨੁਭਵ ਹੁੰਦਾ ਹੈ, ਜਿਵੇਂ ਉਸ ਦਾ
ਕੋਈ ਸੁਪਨਾ ਅਧਵਾਟਿਉਂ ਟੁਟ ਗਿਆ ਹੋਵੇ--
ਇਸੇ ਲਈ ਕਹਾਣੀ ਦਾ ਮਿੱਠਾ ਮਿੱਠਾ ਸਵਾਦ
ਕਦੇ ਵੀ ਅੰਦਰੋਂ ਨਹੀਂ ਮੁਕਦਾ। "ਪਿੰਡ ਦੇ ਉਤਰ
ਵਲ" ਕਾਨੜੀ ਜ਼ਬਾਨ ਵਿਚ ਆਪ ਦੀ ਇਕ
ਕਾਮਯਾਬ ਕਹਾਣੀ ਹੈ।

'-ਲਿੰਗਾ?'

'-ਹਜ਼ੂਰ!'

'-ਪਿੰਡ ਦੇ ਨੇੜੇ ਪੁਜ ਕੇ ਵੀ ਰਾਹ ਭੁਲ ਗਿਆ ਸੈਂ?'

'-ਹਾਂ ਹਜ਼ੂਰ! ਇਥੇ ਕੋਈ ਸਫੈਦ ਜਹੀ ਚੀਜ਼ ਨਜ਼ਰ ਆਉਂਦੀ ਹੈ ਸ਼ਾਇਦ ਇਹ ਰਸਤਾ ਹੋਵੇ--ਨਹੀਂ! ਨਹੀਂ! ਇਹ ਪਾਣੀ ਵਗ ਰਿਹਾ ਹੈ, ਉਹ ਤਲਾਬ ਹੈ ਉਥੋਂ ਹੀ ਪਾਣੀ ਦੇ ਵਹਿਣ ਦੀ ਆਵਾਜ਼ ਆ ਰਹੀ ਹੈ।'

'ਸ਼ਾਇਦ ਇਸ ਘਾਟੀ ਤੇ ਚੜ੍ਹਨ ਨਾਲ ਰਾਹ ਲਭ ਪਵੇ ਆ ਏਧਰ ਚਲੀਏ। ਅਸੀਂ ਦੋਵੇਂ ਘਾਟੀ ਤੇ ਚੜ੍ਹਨ ਲਗੇ।

ਲਿੰਗਾ ਬੜੇ ਔਖ ਨਾਲ ਅਗੇ ਅਗੇ ਚਿਕੜ ਵਿਚ ਚਲ ਰਿਹਾ ਸੀ। ਉਸ ਦੇ ਪਿਛੇ ਮੈਂ ਘੋੜੇ ਤੇ ਸਵਾਰ ਸਾਂ। ਉਪਰੋਂ ਮੀਂਹ ਪੈ ਰਿਹਾ ਸੀ।

ਛੁਟੀ ਹੋਣ ਦੇ ਕਾਰਨ ਮੈਂ ਸਵੇਰੇ ਹੀ ਬੰਗਲੌਰ ਤੋਂ ਘਰ ਵਲ ਚਲ ਪਿਆ ਸਾਂ। ਕਸਬੇ ਵਿਚ ਮੋਟਰ ਲਾਰੀ ਤੋਂ ਉਤਰ ਕੇ ਉਥੋਂ ਦੇ ਇਕ ਸਰਕਾਰੀ ਅਫ਼ਸਰ ਜੋ ਮੇਰੇ ਵਾਕਫ ਸਨ, ਤੋਂ ਸਵਾਰੀ ਲਈ ਘੋੜਾ ਮੰਗਿਆ ਤੇ ਨੌਕਰ ਲਿੰਗਾ ਨੂੰ ਨਾਲ ਲੈਕੇ ਆਪਣੇ ਪਿੰਡ ਵਲ ਤੁਰ ਪਿਆ। ਲਿੰਗਾ ਵੀ ਰਾਹ ਦਾ ਵਾਕਫ਼ ਨਹੀਂ ਸੀ। ਇਸ ਜੰਗਲੀ ਰਸਤੇ ਤੇ ਭਾਵੇਂ ਮੈਂ ਵੀਹ ਵੇਰ ਫਿਰ ਚੁਕਾ ਸਾਂ; ਪਰ ਫਿਰ ਵੀ ਰਾਹ ਭੁਲ ਗਿਆ। ‘ਲਿੰਗਾ?'

'ਜੀ ਹਜ਼ੂਰ।'

‘ਪੇਟੀ ਬਹੁਤ ਭਾਰੀ ਤਾਂ ਨਹੀਂ?'

'ਨਹੀਂ ਹਜ਼ੂਰ! ਦਿਸਦੀ ਤਾਂ ਬੜੀ ਵਡੀ ਹੈ। ਪਰ ਵਜ਼ਨ ਕੁਝ ਭੀ ਨਹੀਂ। ਇਸ ਵਿਚ ਕੀ ਹੈ ਹਜ਼ੂਰ?'

'ਚਾਰ ਕਿਤਾਬਾਂ, ਦੋ ਕਪੜੇ, ਮੇਰੇ ਛੋਟੇ ਭਰਾ ਲਈ ਇਕ ਚਮਕੀ ਦੀ ਟੋਪੀ, ਇਕ ਜੋੜਾ ਬੂਟ ਤੇ ਮੇਰੀ ਭੈਣ ਲਈ ਕੁਝ ਖਿਡਾਉਣੇ।'

ਅਸੀਂ ਤਿੰਨੇ-ਮੈਂ, ਲਿੰਗਾ ਤੇ ਘੋੜਾ-ਘਾਬਰੇ ਹੋਏ ਸਾਂ। ਕੁਝ ਚਿਰ ਅਸੀਂ ਚੁਪ ਚਾਪ ਚਲਦੇ ਰਹੇ। ਮੈਂ ਬੜੀ ਜਲਦੀ ਘਰ ਪੁਜ ਕੇ ਸਭ ਨੂੰ ਮਿਲਣਾ ਚਾਹੁੰਦਾ ਸਾਂ। ਮੇਰਾ ਭਰਾ ਟੋਪੀ ਤੇ ਬੂਟ ਉਡੀਕ ਰਿਹਾ ਹੋਵੇਗਾ। ਭੈਣ ਲਈ ਕੁਝ ਖਿਡਾਉਣੇ ਮੈਂ ਲਿਆਂਦੇ ਸਨ। ਪਿਤਾ ਜੀ ਨੂੰ ਕਹਿਣਾ ਸੀ ਕਿ ਮੈਂ ਪਰਚੇ ਬਹੁਤ ਚੰਗੇ ਕੀਤੇ ਹਨ। ਮਾਂ ਜੀ ਨਾਲ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ। ਅਸਾਂ ਘਾਟੀ ਤੇ ਚੜ੍ਹ ਕੇ ਚਾਰੇ ਪਾਸੇ ਵੇਖਿਆ। ਮੈਂ ਹੈਰਾਨ ਸੀ ਕਿ ਇਕ ਵਰ੍ਹੇ ਵਿਚ ਰਸਤਾ ਇਤਨਾ ਬਦਲ ਗਿਆ ਸੀ। ਅਜੇ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਤਾਂ ਮੈਂ ਇਥੇ ਆਇਆ ਸਾਂ, ਘੋੜਾ ਚਾਰੇ ਪਾਸੇ ਤੱਕ ਰਿਹਾ ਸੀ।

‘ਲਿੰਗਾ!'

'ਜੀ ਹਜ਼ੂਰ?'

'ਦਿਨ ਚੜ੍ਹਨ ਤਕ ਇਥੇ ਹੀ ਬੈਠੇ ਰਹਿਣਾ ਹੈ?'

ਇਸ ਸਮੇਂ ਘੋੜੇ ਨੇ ਕੰਨ ਖੜੇ ਕਰ ਲਏ।

'ਜਨਾਬ! ਜ਼ਰਾ ਸੁਣਿਓਂ' ਲਿੰਗਾ ਨੇ ਕਿਹਾ।

ਮੈਂ ਧਿਆਨ ਨਾਲ ਸੁਣਿਆ ਤਾਂ ਸਜੇ ਪਾਸਿਓਂ ਕੁੱਤੇ ਦੇ ਭੌਂਕਣ ਦੀ ਅਵਾਜ਼ ਸੁਣਾਈ ਦਿਤੀ। 'ਜਿਧਰੋਂ ਕੁੱਤੇ ਭੌਂਕਣ ਦੀ ਅਵਾਜ਼ ਆ ਰਹੀ ਸੀ, ਉਸ ਪਾਸੇ ਚਲੀਏ ਤਾਂ ਸ਼ਾਇਦ ਰਾਹ ਪਤਾ ਲਗ ਸਕੇ।' ਇਹ ਸੋਚ ਕੇ ਥੋੜਾ ਸਜੇ ਹੱਥ ਮੁੜ ਕੇ ਅਸਾਂ ਘਾਟੀ ਉਤਰਨੀ ਸ਼ੁਰੂ ਕੀਤੀ । ਥੋੜੀ ਦੂਰ ਜਾ ਕੇ ਲਿੰਗਾ ਬੋਲਿਆ-'ਉਹ ਜੋ ਸਾਹਮਣੇ ਦਿਸ ਰਿਹਾ ਹੈ, ਉਹ ਕੀ ਹੈ ਹਜ਼ੂਰ?'

ਮੈਂ ਉਸ ਪਾਸੇ ਤਕਿਆ ਜਿਸ ਪਾਸੇ ਲਿੰਗਾ ਇਸ਼ਾਰਾ ਕਰ ਰਿਹਾ ਸੀ।

'ਓਏ ਉਹ ਤਾਂ ਇਕ ਰੁਖ ਹੈ। ਵਾਹ! ਝਲਾ! ਏਧਰ ਮੇਰੇ ਕੋਲ ਘੋੜੇ ਦੇ ਨੇੜੇ ਆ ਜਾ। ਡਰ ਨਾ! ਮੈਂ ਤੈਨੂੰ ਇਕ ਕਹਾਣੀ ਸੁਣਾਂਦਾ ਹਾਂ।'

‘ਸੁਣਾਓ ਜਨਾਬ!'

ਅਸੀਂ ਇਕ ਪੱਥਰ ਤੇ ਬੈਠ ਗਏ। ਮੈਂ ਲਿੰਗਾ ਨੂੰ ਕਹਾਣੀ ਸੁਣਾਣ ਲਗਾ:--

ਪੰਜਾਬ ਦਾ ਸਿਖ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਦਰਦਨਾਕ ਹਾਲ, ਉਸ ਦਾ ਇੰਗਲੈਂਡ ਤੋਂ ਆਉਣ ਲਈ ਤੜਪਣਾ, ਜਹਾਜ਼ ਵਿਚ ਚੜ੍ਹ ਕੇ ਅਦਨ ਪੁਜਣਾ, ਪੰਜਾਬ ਦੀਆਂ ਫ਼ੌਜਾਂ ਦਾ ਉਤਸ਼ਾਹ, ਅਦਨ ਵਿਚ ਦਲੀਪ ਸਿੰਘ ਦੀ ਗਰਿਫ਼ਤਾਰੀ, ਉਸ ਦਾ ਅਖ਼ਬਾਰ ਵਿਚ ਬਿਆਨ, ਰੂਸ ਦੇ ਰਸਤੇ ਪੰਜਾਬ ਆਉਣ ਦਾ ਯਤਨ ਆਦਿ ਮੈਂ ਉਸ ਨੂੰ ਸੁਣਾਣ ਲਗਾ।

‘ਕਹਾਣੀ ਤਾਂ ਬਹੁਤ ਚੰਗੀ ਹੈ ਹਜ਼ੂਰ!'

'ਚਲੋ, ਹੁਣ ਅਗੇ ਚਲੀਏ।'

ਅਸੀਂ ਚਲ ਪਏ, ਲਿੰਗਾ ਨੇ ਫਿਰ ਦਰੱਖਤ ਵਲ ਤੱਕਦੇ ਹੋਏ ਪੁਛਿਆ, “ਕਦੀ ਦਰਖਤ ਵੀ ਅਜਿਹਾ ਹੁੰਦਾ ਹੈ, ਜਨਾਬ!'

ਲਿੰਗਾ ਮੇਰੇ ਕੋਲ ਹੀ ਘੋੜੇ ਦੀ ਵੱਖੀ ਨਾਲ ਚਲ ਰਿਹਾ ਸੀ। ਹਨੇਰੀ ਰਾਤ ਵਿਚ ਉਹ ਦਰਖ਼ਤ ਬੜਾ ਖੌਫ਼ਨਾਕ ਦਿਸਦਾ ਸੀ। ਮੈਂ ਇਹ ਸੋਚ ਕੇ ਉਤਰ ਪਿਆ ਕਿ ਮੁੰਡਾ ਕਿਧਰੇ ਡਰ ਹੀ ਨਾ ਜਾਵੇ।

‘ਇਸ ਦਰੱਖ਼ਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਲਿੰਗਾ! ਏਥੋਂ ਸਾਡਾ ਪਿੰਡ ਥੋੜੀ ਵਾਟ ਤੇ ਹੀ ਹੈ । ਇਸ ਦਰੱਖ਼ਤ ਨੂੰ ਤੱਕ ਕੇ ਪਿਛਲੇ ਵਰ੍ਹੇ ਸਾਡਾ ਸ਼ਿਆਮ ਡਰ ਗਿਆ ਸੀ।'

'ਉਹ ਏਥੇ ਕਿਉਂ ਆਏ ਸਨ ? ਕੀ ਰਸਤਾ ਭੁਲ ਗਏ ਸਨ?'

‘ਪਿਛਲੀਆਂ ਗਰਮੀਆਂ ਵਿਚ ਮੈਂ ਆਪਣੇ ਪਿੰਡ ਸਾਂ। ਉਦੋਂ ਸ਼ਿਆਮ ਦੀ ਉਮਰ ਅੱਠ ਵਰ੍ਹੇ ਦੀ ਸੀ। ਤਵਾਰੀਖ਼ ਵਿਚ ਉਸ ਨੇ ਜੋ ਜੋ ਕਹਾਣੀਆਂ ਪੜ੍ਹੀਆਂ ਸਨ, ਸਭ ਮੈਨੂੰ ਸੁਣਾਣ ਲੱਗਾ। ਸ਼ਿਆਮ ਬੜਾ ਬੀਬਾ ਮੁੰਡਾ ਹੈ। ਸ੍ਰੀ ਰੰਗ ਪਟਨ ਦੀ ਕਹਾਣੀ ਸੁਣਾਂਦਾ ਹੋਇਆ ਤਾਂ ਉਹ ਆਪਣੇ ਆਪ ਨੂੰ ਭੁਲ ਜਾਂਦਾ ਹੈ। ਉਸ ਦਿਨ ਉਹ ਕਹਾਣੀ ਸੁਣਾਂਦਾ ਹੋਇਆ ਮੇਰੇ ਨਾਲ ਏਥੇ ਪੁਜ ਗਿਆ। ਇਸ ਦਰੱਖ਼ਤ ਨੂੰ ਤੱਕ ਕੇ ਉਹ ਡਰ ਗਿਆ ਤੇ ਵਿਚਾਰੇ ਨੂੰ ਤਿੰਨ ਦਿਨ ਤਾਪ ਆਇਆ।

'ਹਜ਼ੂਰ! ਹੁਣ ਪਿੰਡ ਕਿੰਨੀ ਦੂਰ ਹੈ?'

'ਇਹ ਸਾਡੇ ਪਿੰਡ ਦਾ “ਮਸਾਣ ਘਾਟ' ਹੈ। ਏਥੋਂ ਸਾਡਾ ਪਿੰਡ ਕਰੀਬਨ ਅੱਧ ਮੀਲ ਤੇ ਹੈ।'

ਉਹ ਤੁਬਕ ਕੇ ਬੋਲਿਆ, 'ਹੈਂ! ਇਹ ਕੀ?' ਮੈਂ ਗਲਤੀ ਕੀਤੀ ਜੋ ਉਸ ਨੂੰ ਕਿਹਾ ਕਿ ਇਹ ਮਸਾਣ ਭੂਮੀ ਹੈ। ਉਹ ਚੌਦਾਂ ਵਰ੍ਹੇ ਦਾ ਤਾਂ ਹੈ, ਜੇ ਡਰ ਜਾਏ ਤਾਂ?

'ਇਥੋਂ ਕੁਝ ਸਜੇ ਹੱਥ ਜਾਣਾ ਪਵੇਗਾ, ਇਹ ਰੁਖ ਸਾਡੇ ਪਿੰਡ ਦੇ ਉਤਰ ਵੱਲ ਹੈ।'

ਮੀਂਹ ਬੰਦ ਹੋ ਗਿਆ। ਹਨੇਰਾ ਚਾਰੇ ਪਾਸੇ ਪਸਰ ਰਿਹਾ ਸੀ। ਡਡੂ ਟਰੈਂ ਟਰੈਂ ਕਰ ਰਹੇ ਸਨ, ਲਿੰਗਾ ਪਿਛੇ ਤਕਦਾ ਹੋਇਆ ਆ ਰਿਹਾ ਸੀ। ਉਸ ਦੇ ਦਿਲ ਦਾ ਡਰ ਮੈਂ ਪਛਾਣ ਲਿਆ। ਮੈਂ ਸੋਚਿਆ ਕਿ ਇਹਦੇ ਨਾਲ ਗੱਲਾਂ ਕਰਦੇ ਚਲਣਾ ਹੀ ਠੀਕ ਹੈ।

‘ਲਿੰਗਾ!'

'ਓਧਰ ਵੇਖਿਆ ਜੇ-!' ਤੇ ਉਸ ਨੇ ਪਿਛਲੇ ਵਨੇ ਇਸ਼ਾਰਾ ਕੀਤਾ।

'ਵਾਹ ਓਏ ਡਰਾਕਲਾ, ਤੂੰ ਭੂਤਾਂ ਤੋਂ ਡਰਦਾ ਹੈਂ?"

'ਉਸ ਨੇ ਫੇਰ ਕਿਹਾ,'ਉਧਰ ਵੇਖੋ ਤਾਂ ਸਹੀ!'

ਮੈਂ ਪਿਛੇ ਮੁੜ ਕੇ ਵੇਖਿਆ, ਅਸੀਂ ਜਿਸ ਪਥਰ ਤੇ ਬੈਠੇ ਕਹਾਣੀ ਸੁਣ ਸੁਣਾ ਰਹੇ ਸਾਂ, ਉਥੇ ਇਕ ਰੌਸ਼ਨੀ ਜਗ ਰਹੀ ਸੀ ਤੇ ਦੋ ਆਦਮੀ ਸਜੇ ਪਾਸੇ ਆਮੋ-ਸਾਮ੍ਹਣੇ ਬੈਠੇ ਜ਼ਮੀਨ ਵਲ ਤੱਕ ਰਹੇ ਸਨ। ਮੇਰਾ ਸਾਹ ਜ਼ੋਰ ਨਾਲ ਚਲਣ ਲਗਾ ਤੇ ਮੈਨੂੰ ਵੀ ਡਰ ਮਾਲੂਮ ਹੋਣ ਲਗ ਪਿਆ।

'ਲਿੰਗਾ! ਤੈਨੂੰ ਕੀਹ ਦਿਸਦਾ ਹੈ?'

'ਹਜ਼ੂਰ! ਵੇਖੋ ਨਾ......ਦੀਵਾ......'

‘ਡਰ ਨਾ! ਚਲ ਉਥੇ ਚਲ ਕੇ ਤੱਕੀਏ।'

ਇਕ ਹਥ ਵਿਚ ਲਿੰਗਾ ਤੇ ਦੂਜੇ ਵਿਚ ਘੋੜੇ ਦੀ ਲਗਾਮ ਫੜ ਕੇ ਹੌਲੀ ਹੌਲੀ ਉਸ ਪਾਸੇ ਕਦਮ ਪੁਟਣੇ ਸ਼ੁਰੂ ਕਰ ਦਿਤੇ। ਨੇੜੇ ਆ ਕੇ ਆਦਮੀਆਂ ਦੇ ਬੋਲਣ ਦੀ ਵੀ ਅਵਾਜ਼ ਸੁਣਾਈ ਦੇਣ ਲਗੀ। ਉਥੇ ਇਕ ਬ੍ਰਿਛ ਦੇ ਥਲੇ ਖੜੋ ਕੇ ਅਸੀਂ ਦੋਵੇਂ ਉਹਨਾਂ ਦੀਆਂ ਗਲਾਂ ਸੁਣਨ ਲਗੇ।

'ਹਾਏ! ਮੇਰੇ ਪਿਆਰੇ ਲਾਲ! ਤੂੰ ਦੁਧ ਮੰਗਿਆ ਸੀ। ਪੀਓ ਮੇਰੇ ਪੁੱਤਰ, ਮੈਂ ਦੁਧ ਲਿਆਈ ਹਾਂ ਪੀਓ ਬੇਟੇ ਪੀਓ! ਹਾਏ ਮੇਰੇ ਬੱਚੇ, ਤੂੰ ਆਖਰੀ ਦਿਨ ਕਿਤਨਾ ਕਮਜ਼ੋਰ ਸੈਂ। ਹਾਏ ਪੁੱਤਰ! ਸਾਨੂੰ ਛਡ ਕੇ ਜੰਗਲ ਆ ਡੇਰਾ ਲਾਇਆ।' ਇਹ ਕਹਿ ਕੇ ਉਹ ਇਸਤ੍ਰੀ ਗਲਾਸ ਵਿਚ ਦੁਧ ਪਾ ਕੇ ਸਿਸਕ ੨ ਰੋਣ ਲਗੀ। ਸਾਨੂੰ ਦੀਵੇ ਦੀ ਰੋਸ਼ਨੀ ਤੋਂ ਪਤਾ ਲਗਾ ਕਿ ਉਹ ਦੋਵੇਂ ਜ਼ਨਾਨੀਆਂ ਹੀ ਹਨ। ਮੈਂ ਲਿੰਗਾ ਦੇ ਕੰਨ ਵਿਚ ਕਿਹਾ ਕਿ ਕੋਈ ਰੋ ਰਿਹਾ ਹੈ, ਡਰੋ ਨਾ।

ਦੂਜੀ ਇਕ ਛੋਟੀ ਲੜਕੀ ਸੀ। ਰੋਂਦੇ ਹੋਏ ਉਸ ਨੇ ਕਿਹਾ, ਹਾਏ ਵੀਰ ਨੂੰ ਖਤ ਵੀ ਨਾ ਪਾ ਸਕੇ। ਦੋ ਹੀ ਦਿਨਾਂ ਵਿਚ....' ਅਤੇ ਉਸ ਦੀ ਹਿਚਕੀ ਬਝ ਗਈ।

ਮੈਂ ਦੋ ਕਦਮ ਹੋਰ ਅਗਾਂਹ ਹੋਇਆ। ਇਸ ਵਕਤ ਸਾਡੇ ਖਬੇ ਪਾਸੇ ਦਾ ਦੀਵਾ ਵੀ ਉਥੇ ਆ ਗਿਆ।

'ਇਹ ਕੀ ਪਾਗਲਪਨ ਹੈ! ਇਸ ਤਰਾਂ ਹਨੇਰੀ ਰਾਤ ਵਿਚ ਇਥੇ ਆਉਣ ਦਾ ਕੀ ਫ਼ਾਇਦਾ ਹੈ! ਜੋ ਹੋਣਾ ਸੀ ਸੋ ਹੋ ਗਿਆ, ਉਹ ਹੁਣ ਵਾਪਸ ਤਾਂ ਨਹੀਂ ਮੁੜ ਸਕਦਾ, ਘਰ ਚਲੋ।'

ਮੈਂ ਅਵਾਜ਼ ਪਛਾਣ ਲਈ। ਉਹ ਮੇਰੇ ਪਿਤਾ ਜੀ ਸਨ।

ਲਾਲ! ਤੈਨੂੰ ਹਨੇਰੇ ਤੋਂ ਐਡਾ ਡਰ ਸੀ, ਪਰ ਅਜ ਇਥੇ ਇਕੱਲਾ ਸੌਂ ਗਿਆ ਏਂ। ਇਕ ਵੇਰ, ਬੱਚਾ! ਤੂੰ ਇਥੇ ਡਰ ਗਿਆ ਸੈਂ ਤੇ ਤੈਨੂੰ ਬੁਖਾਰ ਹੋ ਗਿਆ ਸੀ। ਹੁਣ ਤੈਨੂੰ ਇਕੱਲਾ ਛਡ ਕੇ ਮੈਂ ਕਿਸ ਤਰ੍ਹਾਂ ਜਾਵਾਂ-ਮੇਰੇ ਕਲੇਜੇ-ਮੇਰੇ ਲਾਲ!' ਇਹ ਮੇਰੀ ਮਾਂ ਦੀ ਅਵਾਜ਼ ਸੀ।

'ਵੀਰ ਬੂਟ ਤੇ ਟੋਪੀ ਲਿਆਏਗਾ। ਸ੍ਰੀ ਰੰਗ ਪਟਨ ਦੀ ਕਹਾਣੀ ਹੁਣ ਉਹਨੂੰ ਕੌਣ ਸੁਣਾਵੇਗਾ! ਉਹ ਕਿਤਨਾ ਰੋਵੇਗਾ ਓ ਸ਼ਿਆਮ।' ਇਹ ਮੇਰੀ ਭੈਣ ਦਾ ਵਿਰਲਾਪ ਸੀ।

ਇਸ ਵਕਤ ਮੇਰੀ ਜੋ ਹਾਲਤ ਸੀ, ਉਹ ਬਿਆਨ ਕਰਨੀ ਔਖੀ ਹੈ। ਮੈਨੂੰ ਅਜਿਹਾ ਮਲੂਮ ਹੋਇਆ ਕਿ ਮੈਂ ਐਡੀ ਵੱਡੀ ਦੁਨੀਆ ਵਿਚ ਇਕੱਲਾ ਹਾਂ। ਲਿੰਗਾ ਨੇ ਮੈਨੂੰ ਜ਼ੋਰ ਨਾਲ ਫੜ ਲਿਆ ਤਾਂ ਜੁ ਮੈਂ ਅਗੇ ਨਾ ਜਾ ਸਕਾਂ; ਪਰ ਮੈਂ ਆਪਣਾ ਹੱਥ ਛੁੜਾ ਲਿਆ ਤੇ ਮੈਂ ਉਸ ਥਾਂ ਤੇ ਚਲਾ ਗਿਆ। ਮੇਰੇ ਪਿਤਾ ਜੀ ਨੇ ਲੈਂਪ ਉਚੀ ਕੀਤੀ, “ਕੌਣ ਹੈ?' ‘ਕੀ ਹੈ ਪਿਤਾ ਜੀ?' ਮੈਂ ਪੁਛਿਆ। ਮੈਨੂੰ ਵੇਖ ਕੇ ਸਭ ਹੰਝੂ ਵਗਾਉਣ ਲਗੇ। ਮੈਂ ਮਿੱਟੀ ਨਾਲ ਮਿੱਟੀ ਹੋ ਚੁਕੇ ਸ਼ਿਆਮ ਤੇ ਬਹੁਤ ਹੰਝੂ ਵਗਾਏ। ਲਿੰਗਾ ਵੀ ਰੋ ਰਿਹਾ ਸੀ। ਰੋਣ ਕੁਝ ਘਟਿਆ ਤਾਂ ਮੈਂ ਪੇਟੀ ਖੋਲ ਕੇ ਟੋਪੀ ਸ਼ਿਆਮ ਦੀ ਕਬਰ ਤੇ ਰਖ ਦਿਤੀ ਤੇ ਬੂਟ ਵੀ ਉਸਦੇ ਨੇੜੇ ਰਖ ਦਿਤਾ। ਸ਼ਿਆਮ ਨੇ ਇਕ ਵੇਰ ਪੁਛਿਆ ਸੀ, 'ਭਾਊ! ਇਹ ਰੁਖ ਤੇ ਬੂਟੇ ਰਾਤ ਨੂੰ ਇਸ ਜੰਗਲ ਵਿਚ ਇਕੱਲੇ ਕਿਸ ਤਰ੍ਹਾਂ ਰਹਿੰਦੇ ਹਨ?'ਇਕ ਗਲ ਮੈਨੂੰ ਯਾਦ ਆ ਗਈ। ਉਸ ਰਾਤ ਅਸੀਂ ਘਰ ਨਹੀਂ ਗਏ। ਉਥੇ ਬੈਠੇ ਹੀ ਗੱਲਾਂ ਕਰਦੇ ਰਹੇ। ਸ਼ਿਆਮ ਦੀ ਬੀਮਾਰੀ ਘਰ ਵਿਚ ਉਹ ਸਭ ਦਾ ਪਿਆਰਾ ਸੀ, ਕਿਡਾ ਸੋਹਣਾ ਤੇ ਸਿਆਣਾ ਸੀ ਉਹ! ਇਹ ਹੀ ਗੱਲਾਂ ਸਾਰੇ ਕਰ ਰਹੇ ਸਨ।

ਅਖੀਰ ਪਿਤਾ ਜੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਇਕ ਨਾ ਇਕ ਦਿਨ ਏਥੇ ਆਉਣਾ ਹੀ ਹੈ।'

ਠੰਢੀ ਹਵਾ ਚਲਣ ਲਗੀ। ਮੈਂ ਕਿਹਾ, 'ਹਾਂ।'

ਉਹ ਅੰਜਾਣ ਪਿਆਰਾ ਬੱਚਾ! ਜਿਥੇ ਇਕ ਵੇਰ ਡਰ ਗਿਆ ਸੀ, ਉਥੇ ਹੀ ਉਸ ਨੇ ਡੇਰਾ ਜਮਾ ਲਿਆ ਤੇ ਅਸੀਂ ਘਰ ਗਏ-ਘਰ