ਸਮੱਗਰੀ 'ਤੇ ਜਾਓ

ਉਸਦਾ ਰੱਬ/ਜ਼ਖ਼ਮ

ਵਿਕੀਸਰੋਤ ਤੋਂ
68327ਉਸਦਾ ਰੱਬ — ਜ਼ਖ਼ਮਬਲਵੰਤ ਚੌਹਾਨ

"'ਜ਼ਖ਼ਮ"'

ਰਣਪ੍ਰੀਤ ਨੂੰ ਹੁਣ ਚੁਫੇਰੇ ਸ਼ਾਂਤੀ ਨਜ਼ਰ ਆ ਰਹੀ ਸੀ। ਮੋਢੇ ਨਾਲ ਮੋਢਾ ਖਹਿੰਦੀ ਭੀੜ ਚੁੱਪ ਚਾਪ ਆਪਣੀ ਤੋਰੇ ਤੁਰੀ ਜਾ ਰਹੀ ਸੀ। ਕਿਸੇ ਦੇ ਮਨ 'ਚ ਵੈਰ ਵਿਰੋਧ ਨਹੀਂ ਸੀ, ਈਰਖਾ ਨਹੀਂ ਸੀ, ਸਾੜਾ ਨਹੀਂ ਸੀ। ਹੱਸ ਹੱਸ ਗੱਲਾਂ ਕਰਦੇ ਲੋਕੀ ਪਿਆਰ ਦਾ ਸਬੂਤ ਦੇ ਰਹੇ ਸਨ।
ਰਣਪ੍ਰੀਤ ਨੂੰ ਪਲ ਕੁ ਲਈ ਮਹਿਸੂਸ ਹੋਇਆ ਜਿਵੇਂ ਉਹ ਭੁੱਲ ਕੇ ਕਿਸੇ ਹੋਰ ਸ਼ਹਿਰ ਉਤਰ ਆਇਆ ਹੋਵੇ। ਪਰ ਉਸਨੂੰ ਤਾਂ ਸ਼ਹਿਰ ਦੀ ਮਿੱਟੀ ਦੇ ਕਣ ਕਣ ਦੀ ਪਛਾਣ ਹੈ। ਇਥੋਂ ਦੀ ਇੱਟ ਇੱਟ ਨਾਲ ਮੋਹ ਹੈ। ਬੰਦੇ ਦੀ ਪੈਰ ਚਾਪ ਤੋਂ ਬੰਦੇ ਦੀ ਹੋਂਦ ਪਛਾਣ ਲੈਦਾ ਹੈ।
ਪਤਾ ਨਹੀਂ ਉਹ ਕਿਹੜਾ ਚੋਰ ਸੀ ਜੋ, ਉਸਦੀ ਪਿਛਲੀ ਫੇਰੀ ਵੇਲੇ, ਇਹਨਾਂ ਲੋਕਾਂ ਦੀ ਸ਼ਾਂਤੀ ਚੁਰਾ ਕੇ ਲੈ ਗਿਆ ਸੀ | ਅਤੇ ਅਸ਼ਾਂਤੀ ਦਾ ਭਾਂਬੜ ਚੁਫੇਰੇ ਬਾਲ ਗਿਆ ਸੀ। "ਇਹ ਲੋਕ ਕਿਉ ਉਦੋਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਪਏ ਸਨ। ਇਹੋ ਫੁੱਲ ਵਰਸਾਉਣ ਵਾਲੇ ਹੱਥ ਅੱਗਾਂ ਲਾਉਣ ਤੇ ਕਿਉਂ ਤੁਲੇ ਹੋਏ ਸਨ?' ਰਣਪ੍ਰੀਤ ਨੇ ਪਲ ਕੁ ਦਿਮਾਗ ਤੇ ਬੋਝ ਪਾ ਕੇ ਸੋਚਿਆ।
ਉਦੋਂ ਵੀ ਉਹ ਦਫਤਰ ਵਿੱਚ ਆਪਣੇ ਬਕਾਏ ਦਾ ਹਿਸਾਬ ਕਰਾਉਣ ਆਇਆ ਸੀ ਤੇ ਹੁਣ ਵੀ। ਉਦੋਂ ਉਸਨੂੰ ਛੇਤੀ ਅਦਾਇਗੀ ਦਾ ਲਾਰਾ ਲਾਇਆ ਤਾਂ ਸੀ ਪਰ ਮਾਰ ਕੁਟਾਈ, ਦੰਗਾ ਫ਼ਸਾਦ, ਕਤਲੋ ਗਾਰਤ ਤੋਂ ਲਟ ਲਟ ਬਲਦੀਆਂ ਦੁਕਾਨਾਂ ਦੇ ਸਹਿਮ ਕਾਰਣ ਦਫਤਰ ਵਾਲਿਆਂ ਨੂੰ ਉਹਦਾ ਕੰਮ ਸ਼ਾਇਦ ਉੱਕਾ ਈ ਭੁੱਲ ਗਿਆ ਸੀ।
ਰਣਪ੍ਰੀਤ ਉਸੇ ਸ਼ਾਹ ਨਸ਼ੀਨ ਬਜ਼ਾਰ ਵਿਚੋਂ ਦੀ ਲੰਘ ਰਿਹਾ ਸੀ ਜਿਥੇ ਉਸ ਦਿਨ ਲਾਊਡ ਸਪੀਕਰ ਬੜੀ ਉਚੀ ਆਵਾਜ਼ ਵਿੱਚ ਚੀਕ ਰਹੇ ਸਨ। ਇੱਕ ਪਾਸਿਉਂ 'ਜੈ ਜਗਦੀਸ਼ ਹਰੇ' ਅਤੇ ਦੂਜੇ ਪਾਸਿਉਂ 'ਬੋਲੇ ਸੋ ਨਿਹਾਲ' ਦੇ ਰਿਕਾਰਡ ਵੱਜ ਰਹੇ ਸਨ। ਬਹੁਤ ਉਚੀ ਆਵਾਜ਼ ਕਾਰਣ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। (ਹੁਣ ਭਾਵੇਂ ਟਾਹੇ ਟਾਹ ਕਰਦੇ ਹਾਸੇ ਕਿਸੇ ਸੁਹਾਗਣ ਦੀਆਂ ਕੁੜੀਆਂ ਦੀ ਛਣਕਾਰ ਵਾਂਗ ਗੂੰਜ ਰਹੇ ਹਨ)।
ਇਹ ਹਾਸਿਆਂ ਦੀ ਟੁਣਕਾਰ ਤਾਂ ਰੱਤੀ ਰੱਤੀ ਸਮਝ ਪੈਂਦੀ ਹੋਵੇਗੀ। ਪਰ ਪਹਿਲੀ ਚੋਰੀ ਵੇਲੇ ਆਇਆ ਰਣਪ੍ਰੀਤ ਇਥੋਂ ਲੰਘਦਿਆਂ ਸੋਚ ਰਿਹਾ ਸੀ ਜਿਵੇਂ ਇਹਨਾਂ ਦੇ ਰੱਬ ਨੂੰ ਬਿਲਕੁਲ ਸੁਣਨਾ ਬੰਦ ਹੋ ਗਿਆ ਹੋਵੇ। ਇਸੇ ਕਰਕੇ ਸ਼ਾਇਦ ਉਹਨਾਂ ਨੇ ਰੱਬ ਨੂੰ ਆਪਣੀ ਸ਼ਰਧਾ ਦੇ ਭਜਨ ਸੁਣਾਉਣ ਦਾ ਟਿੱਲ ਲਾ ਰੱਖਿਆ ਸੀ।
ਉਸਨੇ ਸੋਚਿਆ ਸੀ ਜੇ ਇਸ ਦੁਨੀਆਂ ਨੂੰ ਸਾਜਣ ਵਾਲਾ ਹੀ ਬੋਲਾ ਹੌ ਬੈਠਾ ਜਿਸਨੂੰ ਸੁਣਾਉਣ ਲਈ ਫੁੱਲ ਵਾਲਿਊਮ ਦੀ ਆਵਾਜ਼ ਵੀ ਥੋੜੀ ਹੈ, ਤਾਂ ਦਫਤਰ ਵਿਚਲਾ ਕਲਰਕ ਉਸਦੀ ਗੱਲ ਕਿਵੇਂ ਸੁਣੇਗਾ ਜਿਹੜਾ ਆਪਣੇ ਆਪ ਨੂੰ ਰੱਬ ਨਾਲੋਂ ਵੀ ਉੱਚਾ ਸਮਝਦਾ ਹੈ।
ਰਣਪ੍ਰੀਤ ਨੇ ਜੇਬ ਵਿਚਲੇ ਡੇਢ ਸੌ ਰੁਪਿਆਂ ਨੂੰ ਟੋਹ ਕੇ ਦੇਖਿਆ ਜਿਹੜੇ ਉਹ ਕੰਮ ਕਰਵਾਉਣ ਵਈ ਦੁਬਾਰਾ ਲਿਆਇਆ ਹੈ। ਸੌ ਕੁ ਤਾਂ ਉਹ ਪਹਿਲਾਂ ਖਰਚ ਕਰ ਹੀ ਗਿਆ ਸੀ। ਹੋ ਸਕਦੈ ਉਹਨੂੰ ਹੁਣ ਨਾ ਖਰਚਣੇ ਪੈਣ ਤੇ ਉਹਨੂੰ ਦੇਖ ਕੇ ਕਹਿ ਦੇਣ "ਲੈ ਤੈਨੂੰ ਦੇਖ ਕੇ ਯਾਦ ਆਇਐ ... ਆਹ ਚੱਕ ਆਪਣਾ ਹਜ਼ਾਰ ਰੁਪੱਈਆ।"ਪਰ ਫੇਰ ਵੀ ਉਹ ਪ੍ਰਬੰਧ ਪੂਰਾ ਕਰਕੇ ਆਇਐ!...
ਦਫਤਰ ਵਿੱਚ ਰੱਬ ਬਣੇ ਬੈਠੇ ਕਲਰਕ ਦੁਮਤਲਬੇ ਵਾਕ ਬੋਲਦੇ ਆਮ ਸੁਣੇ ਜਾਂਦੇ ਹਨ "ਨੋਟ ਭੇਜ ਦੇਣੈ ਅੰਦਰ ... ਆਪਣੇ ਕੰਨੀਉਂ ਤਾਂ ਪੂਰੀ ਟਿੱਲ ਲਾਈ ਐ ... ਇਸ ਨੋਟ ਤੇ ਅਫਸਰ ਹਾਂ ਕਰ ਈ ਦਏਗਾ ... ਜੇ ਕੋਈ ਅੜਚਣ ਪਈ ... ਤਾਂ ਤੈਨੂੰ ਅੰਦਰ ਭੇਜ ਦਿਆਂਗੇ ...ਤੂੰ ਖੁਦ ਨੋਟ ਲੈ ਕੇ ਚਲਾ ਜਾਈਂ।" ਭਾਵੇਂ ਰਣਪ੍ਰੀਤ ਨੂੰ ਸ਼ੁਰੂ ਸ਼ੁਰੂ ਵਿੱਚ ਇਹ ਵਹਿਮ ਸੀ ਕਿ ਉਹ ਉਹਨਾਂ ਵਿਚੋਂ ਹੀ ਗਿਆ ਹੈ, ਉਹਨੂੰ ਸ਼ਾਇਦ ਨੋਟ ਲੈ ਕੇ ਅੰਦਰ ਨਾ ਜਾਣਾ ਪਵੇ। ਪਰ ਬਹਾਨੇ ਲਾ ਲਾ ਕੇ ਉਹਨੂੰ ਇਹ ਪੱਕੀ ਤਰ੍ਹਾਂ ਜ਼ਾਹਰ ਕਰ ਦਿੱਤਾ ਗਿਆ ਸੀ ਕਿ ਜਦੋਂ ਤੱਕ ਉਹ ਉਹਨਾਂ ਵਿੱਚ ਸੀ ਤਾਂ ਉਹਨਾਂ ਦਾ ਆਪਣਾ ਸੀ, ਹੁਣ ਤਾਂ ਉਹ ਵੀ ਪੱਕੀ ਆਸਾਮੀ ਸੀ। ਇਸੇ ਕਰਕੇ ਉਹ ਦੁਬਾਰਾ ਪ੍ਰਬੰਧ ਕਰਕੇ ਆਇਆ ਸੀ।
ਪਿਛਲੀ ਫੇਰੀ ਤੇ ਉਸਨੂੰ ਗੜਬੜ ਦੇ ਆਸਾਰ ਤਾਂ ਪਹਿਲਾਂ ਹੀ ਵਿਖਾਈ ਦਿੱਤੇ ਸਨ ਪਰ ਉਹਨੇ ਉਦੋਂ ਇਹ ਨਹੀਂ ਸੀ ਸੋਚਿਆ ਕਿ ਇਹ ਐਨੀ ਕੁ ਘਟਨਾ ਐਨਾ ਭਿਆਨਕ ਰੂਪ ਧਾਰ ਜਾਵੇਗੀ। ...
ਉਸਨੂੰ ਯਾਦ ਆਇਆ ਜਦੋਂ ਕੁਝ ਮੁੰਡੇ ਨੰਗੀਆਂ ਕਿਰਪਾਨਾਂ ਚੁੱਕੀ ਉਚੀ ਉਚੀ ਨਾਹਰੇ ਮਾਰ ਰਹੇ ਸਨ "ਲਾਊਡ ਸਪੀਕਰ ਬੰਦ ਕਰੋ।" ਉਹ ਸਾਰੀ ਸੜਕ ਰੋਕੀਂ ਤੁਰ ਰਹੇ ਸਨ। ਰਣਪ੍ਰੀਤ ਬਚਣ ਲਈ ਇੱਕ ਦੁਕਾਨ ਅੰਦਰ ਚਲਾ ਗਿਆ। ਉਹ ਅੱਗੇ ਵਧ ਰਹੇ ਸਨ। ਇੱਕ ਹਿੰਦੂ ਮੁੰਡਾ ਸਾਹਮਣਿਓਂ ਆ ਰਿਹਾ ਸੀ। ਉਸਨੂੰ ਅੱਗੇ ਜਾਣ ਲਈ ਰਾਤ ਨਹੀਂ ਸਨ ਦੇ ਰਹੇ। ਉਸਨੂੰ ਸ਼ਾਇਦ ਕਾਹਲ ਸੀ। ਪਿੱਛੇ ਮੁੜਨਾ ਉਸਨੂੰ ਮੁਸ਼ਕਿਲ ਜਾਪਦਾ ਸੀ।
ਤਲਵਾਰ ਦੀ ਨੋਕ ਉਸਦੇ ਢਿੱਡ 'ਤੇ ਟਿਕਾ ਦਿੱਤੀ ਸੀ। ‘ਚੱਲ ਹਿੰਦੂਆਂ ਦਾ ਲਾਊਡ ਸਪੀਕਰ ਬੰਦ ਕਰਵਾ, ਜੇ ਤੂੰ ਹਿੰਦੂ ਐਂ!' ਉਹ ਆਪਣੀ ਸਮੱਸਿਆ ਵਿੱਚ ਐਨਾ ਉਲਝਿਆ ਹੋਇਆ ਸੀ ਕਿ ਉਸਨੂੰ ਕੋਈ ਪਤਾ ਨਹੀ ਸੀ ਕਿਹੜਾ ਲਾਊਡ ਸਪੀਕਰ ਕਿੱਥੇ ਵੱਜ ਰਿਹਾ ਸੀ, ਕਿਉਂ ਵੱਜ ਰਿਹਾ ਸੀ। ਇਹ ਕਿਉਂ ਬੰਦ ਕਰਵਾਉਣਾ ਚਾਹੁੰਦੇ ਸਨ। ਉਸਦੇ ਘਰ ਸ਼ਾਇਦ ਕੋਈ ਬਿਮਾਰ ਸੀ। ਉਸਨੇ ਦਵਾਈ ਲੈ ਕੇ ਜਾਣਾ ਹੋਵੇਗਾ। ਡਾਕਟਰ ਦੀ ਲਿਖੀ ਪਰਚੀ ਉਸਦੇ ਹੱਥ ਵਿੱਚ ਸੀ।
ਜਦੋਂ ਉਹ ਉਹਨਾਂ ਦਾ ਕਹਿਣਾ ਮੰਨਣ ਤੋਂ ਅਸਮਰਥ ਰਿਹਾ ਤਾਂ ਉਹਦੇ ਢਿੱਡ ਤੇ ਰੱਖੀ ਤਲਵਾਰ ਦੀ ਨੋਕ ਅੱਗੇ ਹੋ ਗਈ। ਉਸਦੇ ਡਿੱਗੇ ਪਏ ਦੇ ਇੱਕ ਇੱਕ ਠੁਡ ਮਾਰਕੇ 'ਰਾਜ ਕਰੇਗਾ ਖਾਲਸਾ' ਦਾ ਨਾਹਰਾ ਮਾਰਦੇ ਉਹ ਅੱਗੇ ਲੰਘ ਗਏ।
ਖੂਨ ਦੀ ਚਲੀ ਤਤੀਰੀ ਉਸਨੂੰ ਲਾਲ ਸੂਹਾ ਕਰ ਗਈ। ਥੋੜ੍ਹੀ ਦੇਰ ਵਿੱਚ ਹੀ ਉਹ ਖੂਨ ਦੇ ਛੱਪੜ ਵਿੱਚ ਡੁੱਬ ਗਿਆ। ਚੁਫੇਰੇ ਸਹਿਮ ਛਾ ਗਿਆ। ਡਰੇ ਡਰੇ ਚਿਹਰਿਆਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਗਈ।
ਕੋਈ ਹਸਪਤਾਲ ਲਿਜਾਣ ਦੀ ਗੱਲ ਕਰਦਾ। ਕੋਈ ਮੁਫਤ ਵਿੱਚ ਹੀ ਪੰਗਾ ਗਲ ਪੈ ਜਾਣ ਦੀ ਸੋਚਦਾ। ਕਿਸੇ ਦਿਆਲੂ ਨੇ ਕਾਰ ਰੋਕ ਲਈ ਸੀ। ਕਾਰ 'ਚ ਬਿਠਾਉਂਦਿਆਂ ਬਿਠਾਉਂਦਿਆਂ ਉਹ ਹੱਥਾਂ ਵਿੱਚ ਹੀ ਲੁੜ੍ਹਕ ਗਿਆ। ਖੂਨ ਜ਼ਿਆਦਾ ਵਹਿ ਗਿਆ ਸੀ।
ਰਣਪ੍ਰੀਤ ਸੁੰਨ ਹੋਇਆ ਖੜ੍ਹਾ ਸੀ। ਉਸਨੂੰ ਜਿਵੇਂ ਦਫਤਰ ਜਾਣਾ ਭੁੱਲ ਹੀ ਗਿਆ। ਕਿਸੇ ਸ਼ਾਮ ਮੁਰਾਰੀ ਨੇ ਕਿਰਪਾਨ ਵਾਲਿਆਂ ਵਿਰੁਧ ਨਾਹਰਾ ਮਾਰ ਦਿੱਤਾ। ਜੋਸ਼ 'ਚ ਆ ਕੇ ਮਾਰੇ ਨਾਹਰੇ ਨੇ ਰਣਪ੍ਰੀਤ ਦੀ ਹੋਸ਼ ਪ੍ਰਤਾ ਦਿੱਤੀ। ਉਹ ਫਿਰਕੂ ਫਸਾਦ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦਾ। ਉਹ ਇਹ ਸੋਚਦਾ ਅੱਗੇ ਵਧ ਰਿਹਾ ਸੀ ਕਿ ਆਖਰ ਇੰਨੀ ਕੁ ਛੋਟੀ ਗੱਲ ਨੂੰ ਫਸਾਦ ਦਾ ਰੂਪ ਕਿਉਂ ਦਿੱਤਾ ਜਾ ਰਿਹਾ ਹੈ। ਕੋਈ ਵੀ ਬੇਨਤੀ ਕਰ ਸਕਦਾ ਹੈ ਕਿ ਦੋਵੇਂ ਪਾਸਿਉਂ ਲਾਊਡ ਸਪੀਕਰ ਬੰਦ ਹੋ ਸਕੇ। ਪਰ ਇਹ ਤਾਂ ਲੱਜ, ਸ਼ਰਮ, ਇਖਲਾਕ ਖੁਨ 'ਚ ਡਬੋਈਂ ਜਾ ਰਹੇ ਹਨ।
"ਲੜਾਈ ਦਕਾਨਾਂ ਆਲਿਆਂ ਦੀ ਆਪਸ 'ਚ ... ਤੇ ਗਰੀਬ ਬਚਾਰਾ ਉਈਂ ... ਸਾਨ੍ਹਾਂ ਦੇ ਭੇੜ ਚ ਆ ਕੇ ਰਗੜਿਆ ਗਿਆ |" ਕੋਈ ਮਾਰੇ ਗਏ ਮੁੰਡੇ ਦੀ ਮੌਤ ਤੇ ਬੋਲਦਾ ਦੀ ਲੰਘ ਰਿਹਾ ਸੀ। ਕੋਈ ਉਂਝ ਹੀ ਹੱਦੋਂ ਵੱਧ ਚੁੱਕੀ ਗਈ ਅੱਤ ਨੂੰ ਕੋਸਦਾ ਲੰਘ ਰਿਹਾ ਸੀ।...
ਰਣਪ੍ਰੀਤ ਪੀੜੋ ਪੀੜ ਹੋਇਆ ਝੰਡੀਆਂ ਨਾਲ ਸਜ ਈ ਸੜਕ ਤੋਂ ਦੀ ਲੰਘ ਰਿਹਾ ਸੀ। ਇੱਕ ਗਲੀ 'ਚ ਗੇਟ ਬਣਿਆ ਹੋਇਆ ਸੀ - "ਚੇਤਨਾ ਵੈਡਜ਼ ਕਰਾਂਤੀ" ਕਿਸੇ ਕੁੜੀ ਦਾ ਵਿਆਹ ਹੋਏਗਾ। ਤੀਵੀਆਂ ਮਰਦ, ਬੱਚੇ ਭੱਜ ਭੱਜ ਕੰਮ ਕਰਦੇ ਦਿਸ ਰਹੇ ਸਨ। ਲਾਊਡ ਸਪੀਕਰ ਦਾ ਚਰਚਾ ਵੀ ਭੱਜ ਨੱਠ ਵਿੱਚ ਕਾਹਲੀ ਕ ਹਲੀ ਹੁੰਦੀ ਗੱਲ ਦਾ ਵਿਸ਼ਾ ਬਣਿਆ ਹੋਇਆ ਸੀ।
ਰਣਪ੍ਰੀਤ ਦੇ ਉਥੇ ਪਹੁੰਚਣ ਤੋਂ ਵੀ ਪਹਿਲਾਂ ਹੀ ਢਿੱਡ 'ਚ ਕਿਰਪਾਨ ਵੱਜਣ ਨਾਲ ਹੋਈ ਮੌਤ ਦੀ ਖਬਰ ਉਥੇ ਅਪੜ ਚੁੱਕੀ ਸੀ। ਥੋੜਾ ਕੁ ਅਗਾਂਹ ਸ਼ਿਵ ਪ੍ਰਸ਼ਾਦਿ ਮੁਰਦਾਬਾਦ ਤੇ ਅੰਮ੍ਰਿਤ ਸਿੰਘ ਜ਼ਿੰਦਾਬਾਦ ਦੇ ਨਾਹਰੇ ਆਕਾਸ਼ ਵਿੱਚ ਗੂੰਜ ਰਹੇ ਸਨ।
{{gap}ਰਣਪ੍ਰੀਤ ਧੜਕਦੇ ਦਿਲ ਨਾਲ ਵਾਪਸ ਮੁੜ ਚਲੇ ਜਾਣ ਬਾਰੇ ਸੋਚ ਰਿਹਾ ਸੀ। ਰਣਪ੍ਰੀਤ ਖੜ੍ਹਾ ਖੜ੍ਹਾ ਇਹ ਵੀ ਸੋਚ ਰਿਹਾ ਸੀ ਕਿ ਇਹੋ ਜਿਹੇ ਮਾਹੌਲ ਵਿੱਚ ਚੇਤਨਾ ਕਰਾਂਤੀ ਨੂੰ ਕਿਵੇਂ ਵਿਆਹ ਸਕੇਗੀ। ਕਿੰਨੀ ਦੇਰ ਉਹਦੇ ਸੁੰਨ ਹੋਏ ਦਿਮਾਗ 'ਚ ਇਸ “ਕਿਵੇਂ' ਦਾ ਜੁਆਬ ਨਹੀਂ ਸੀ ਆ ਸਕਿਆ।...
ਦੰਗਾ ਗ੍ਰਸਤ ਗਲੀਆਂ 'ਚੋਂ ਛੇਤੀ ਬਾਹਰ ਹੋ ਜਾਣ ਲਈ ਕਾਹਲੀ ਕਾਹਲੀ ਤੁਰਦਿਆਂ ਰਣਪ੍ਰੀਤ ਨੂੰ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਹੌਲੀ ਤੁਰ ਰਿਹਾ ਹੋਵੇ। ਅੱਗੇ ਕੁਝ ਭੜਕੇ ਹੋਏ ਮਨੁੱਖ ਰੋਹ ਵਿੱਚ ਆਏ ਹੋਏ ਸਨ। ਇੱਕ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੇਖਦੇ ਦੇਖਦੇ ਇੱਕ ਸਾੜ੍ਹੀ ਭੰਡਾਰ ਰਾਖ਼ ਦੀ ਢੇਰੀ ਬਣ ਗਿਆ | ਦੁਕਾਨ 'ਚੋਂ ਉਠਦੇ ਧੂੰਏਂ ਨੂੰ ਵੇਖਦੇ ਲੋਕ ‘ਸ਼ਿਵ ਪ੍ਰਸ਼ਾਦਿ ਮੁਰਦਾਬਾਦ' ਦੇ ਨਾਹਰੇ ਮਾਰ ਰਹੇ ਸਨ।
ਥੋੜ੍ਹੀ ਕੁ ਅੱਗੇ ਚਲਕੇ ਰਣਪ੍ਰੀਤ ਨੇ ਦੇਖਿਆ ਕੁਝ ਲੋਕ ਕੱਪੜੇ ਦੇ ਥਾਨਾਂ ਦੇ ਥਾਂਨ ਕੱਛੇ ਮਾਰੀ ਆ ਰਹੇ ਸਨ। ਸਾੜ੍ਹੀਆਂ ਚੁੱਕੀਂ ਕਾਹਲੀ ਕਾਹਲੀ ਤੁਰ ਰਹੇ ਸਨ। ਕਿਸੇ ਦੁਕਾਨ ਤੋਂ ਫੋਲਡਿੰਗ ਕੁਰਸੀਆਂ ਚੁੱਕੀਂ ਆ ਜਾ ਰਹੇ ਸਨ ... ਕਿਤੇ ਫਰਨੀਚਰ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ ਸੀ।
“ਆਖਰ ਇਹ ਲੋਕਾਂ ਨੂੰ ਅਚਾਨਕ ਕੀ ਹੋ ਗਿਆ ਸੀ?' ਰਣਪ੍ਰੀਤ ਨੂੰ ਉਦੋਂ ਪਤਾ ਨਹੀਂ ਸੀ ਲੱਗ ਰਿਹਾ |
ਸਹਿਮਿਆ ਜਿਆ ਜਦੋਂ ਉਹ ਦਫ਼ਤਰ ਵੜਿਆ ਸੀ ਤਾਂ ਉਹਨੂੰ ਕਿਸੇ ਦੀ ਪਛਾਣ ਨਹੀਂ ਸੀ ਆ ਰਹੀ। ਉਸਨੇ ਕੂਲਰ ਤੋਂ ਠੰਢੇ ਪਾਣੀ ਦਾ ਗਿਲਾਸ ਪੀਤਾ। ਅੱਖਾਂ ਤੇ ਠੰਢੇ ਪਾਣੀ ਦੇ ਛਿੱਟੇ ਮਾਰੇ। ਥੋੜ੍ਹੀ ਕੁ ਦੇਰ ਅੱਖਾਂ ਮੁੰਦ ਕੇ ਖੜ੍ਹਾ ਰਿਹਾ ਸੀ।
ਰਣਪ੍ਰੀਤ ਭਗਵਾਨ ਸਿੰਘ ਨੂੰ ਜੱਫੀ ਪਾ ਕੇ ਮਿਲਿਆ। ਇਉਂ ਜੱਫੀ 'ਚ ਘੁੱਟਦਿਆਂ ਦੇਖ ਸੁਪਰਡੰਟ ਦੇ ਮੱਥੇ ਤਿਊੜੀਆਂ ਖਿੱਚੀਆਂ ਗਈਆਂ ਸਨ। ਸਪਰਡੰਟ ਇਸ ਗੱਲੋਂ ਗੁੱਸੇ ਹੋ ਗਿਆ ਸੀ ਕਿ ਰਣਪ੍ਰੀਤ ਨੂੰ ਸਭ ਤੋਂ ਪਹਿਲਾਂ ਉਸਨੂੰ ਮਿਲਣਾ ਚਾਹੀਦਾ ਸੀ। ਇਸੇ ਕਰਕੇ ਸ਼ੁਭ ਇਛਾਵਾਂ ਦਾ ਜੁਆਬ ਵੀ ਨਹੀਂ ਸੀ ਦਿੱਤਾ। ਬੱਸ ਉਹਦੇ ਬੁਲ੍ਹਾਂ ਤੇ ਥੋੜ੍ਹੀ ਕੁ ਮੁਸਕਰਾਹਟ ਦਿਖਾਈ ਦਿੱਤੀ ਪਰ ਥੋਹੜੀ ਕੁ ਦੇਰ ਬਾਅਦ ਹੀ ਗਾਇਬ ਹੋ ਗਈ।
ਉਸਨੇ ਭਗਵਾਨ ਨੂੰ ਕੋਈ ਜ਼ਰੂਰੀ ਕੇਸ ਕਰਨ ਨੂੰ ਦੇ ਦਿੱਤਾ। ਹੋਰ ਸਾਰੇ ਕੰਮ ਛੱਡ ਦੇ' ਆਖ ਉਹਨੇ ਮੇਜ਼ ਦਾ ਰਾਜ਼ ਖੋਲ ਕੇ ਬੰਦ ਕੀਤਾ ਅਤੇ ਫੇਰ ਮੇਜ਼ ਤੇ ਪਈਆਂ ਫਾਈਲਾਂ ਥੱਲੇ ਥੱਲ ਕੇ ਪਤਾ ਨਹੀਂ ਕੀ ਲੱਭਣ ਲੱਗ ਪਿਆ।
ਭਗਵਾਨ ਕਾਗਜ਼ਾਂ 'ਚ ਉਲਝ ਗਿਆ ਸੀ। ਉਸਨੇ ਸ਼ਾਮ ਹੋ ਜਾਣ ਤੱਕ ਰਣਪ੍ਰੀਤ ਵੱਲ ਨਾ ਅੱਖ ਚੁੱਕ ਕੇ ਵੇਖਿਆ ਅਤੇ ਨਾ ਹੀ ਉਸ ਨਾਲ ਕੋਈ ਗੱਲ ਕੀਤੀ। ਰਣਪ੍ਰੀਤ ਜੇ ਉਥੋਂ ਉਠ ਕੇ ਕਿਸੇ ਹੋਰ ਨੂੰ ਮਿਲਣ ਜਾਣ ਦੀ ਕੋਸ਼ਿਸ਼ ਚ ਖੜ੍ਹਾ ਹੋਇਆ ਤਾਂ ਭਗਵਾਨ ਨੇ ਉਸ ਵੱਲ ਅੱਖਾਂ ਚੁੱਕ ਕੇ ਵੇਖਿਆ ਸੀ ਅਤੇ ਕਿਹਾ ਸੀ-"ਬੈਠ ਜ਼ਰਾ, ਇਹ ਜ਼ਰੂਰੀ ਕੇਸ ਕਰਕੇ ਦੇ ਦਿਆਂ ... ਤੇਰੇ ਕੰਮ ਬਾਰੇ ਵੀ ਦੱਸਦਾਂ ਤੈਨੂੰ ... ਨਾਲੇ ਤੂੰ ਅੱਜ ਛੇ ਮਹੀਨੇ ਬਾਅਦ ਇਸ ਸ਼ਹਿਰ 'ਚ ਆਇਐ ਕਿਤੇ ਇਕੱਲੇ ਬੈਠ ਕੇ ਗੱਲਬਾਤ ਕਰਾਂਗੇ।" ਰਣਪ੍ਰੀਤ ਇਕੱਲੇ ਬੈਠ ਕੇ ਗੱਲ ਕਰਨ ਦਾ ਮਤਲਬ ਸਮਝਦਾ ਸੀ। ਦਫਤਰ ਵਿੱਚ ਹੋਰ ਮਿੱਤਰਾਂ ਨੂੰ ਮਿਲਣ ਲਈ ਆਖ ਰਣਪ੍ਰੀਤ ਭਗਵਾਨ ਕੋਲੋਂ ਉੱਠ ਆਇਆ ਸੀ। ਸਾਰੇ ਦਫ਼ਤਰ ਨੂੰ ਉਸਨੇ ਸ਼ਹਿਰ ਵਿਚਲੀ ਗੜਬੜ ਤੋਂ ਜਾਣੂੰ ਕਰਾ ਦਿੱਤਾ ਸੀ। ਲੋਕ ਕੁਰਸੀਆਂ ਵਿੱਚ ਬੈਠੇ ਬੈਠੇ ਹੀ ਬੁੱਤ ਬਣ ਕੇ ਰਹਿ ਗਏ।
ਭਾਂਡਿਆਂ ਵਾਲਾ ਸੋਮ ਪ੍ਰਕਾਸ਼ ਸੁਣ ਕੇ ਠਠੰਬਰ ਗਿਆ ਸੀ। ਉਸਨੇ ਆਪਣੀ ਦੁਕਾਨ ਤੇ ਟੈਲੀਫੂਨ ਕਰਕੇ ਦੇਖਿਆ। ਸਾਰੇ ਬਾਜ਼ਾਰ ਦਾ ਸ਼ਟਰਡਾਊਨ ਹੋ ਚੁੱਕਿਆ ਸੀ। ਸ਼ਿਵ ਪ੍ਰਸ਼ਾਦਿ ਨੇ ਲਾਊਡ ਸਪੀਕਰ ਬੰਦ ਕਰੌਣ ਦੇ ਹੁਕਮ ਲੈ ਲਏ ਸਨ। ਇਸੇ ਗੁੱਸੇ ਚ ਉਹਦਾ ਸਾੜ੍ਹੀ ਭੰਡਾਰ ਫੂਕ ਕੇ ਸਵਾਹ ਕਰ ਦਿੱਤਾ ਗਿਆ ਸੀ।
ਸ਼ਿਵ ਪ੍ਰਸ਼ਾਦਿ ਨੇ ਅੰਮ੍ਰਿਤ ਸਿੰਘ ਦੀ ਦੁਕਾਨ ਫੂਕ ਦਿੱਤੀ, ਅੰਮ੍ਰਿਤ ਸਿੰਘ ਨੇ ਅਗਾਂਹ ਸਾਸ਼ਤਰੀ ਦੀ ਦੁਕਾਨ ਨੂੰ ਰਾਖ ਬਣਾ ਦਿੱਤਾ। ਫੇਰ ਸਾਸ਼ਤਰੀ ਨੇ ਸਰਦਾਰੇ ਦੇ ਟਰੱਕ ਦੀ ਪਟਰੌਲ ਦੀ ਟੈਂਕੀ 'ਚ ਤੀਲੀ ਬਾਲ ਕੇ ਸੁੱਟ ਦਿੱਤੀ।
ਸਰਦਾਰੇ ਨੇ ਆਪਣੀ ਲਗੌੜ ਇਕੱਠੀ ਕਰ ਲਈ। ਸ਼ਿਵ ਪ੍ਰਸ਼ਾਦਿ ਤੇ ਸ਼ਾਸਤਰੀ ਨੇ ਆਪਣੇ ਤਰਸੂਲੀਏ ਬੁਲਾ ਲਏ। ਸੜਕਾਂ ਰੋੜਿਆਂ ਤੇ ਟੁੱਟੀਆਂ ਬੋਤਲਾਂ ਨਾਲ ਭਰ ਗਈਆਂ! ਖੂਨ ਹੀ ਖੂਨ, ਜ਼ਖ਼ਮੀ, ਮੁਰਦੇ, ਲਾਸ਼ਾਂ, ਡਾਗਾਂ ... ਚੀਕਾਂ ... ਕਾਂਕਾਂ ... ਹਾਹਾਕਾਰ!...
ਪੁਲਿਸ ਨੇ ਗੋਲੀ ਖੋਹਲ ਦਿੱਤੀ। ਕਈ ਦੁਕਾਨਾਂ ਬੰਦ ਕਰਕੇ ਮੂਹਰੇ ਬੈਠੇ ਜਾਣ ਬਾਰੇ ਸੋਚ ਰਹੇ ਸਨ ਅਤੇ ਕਈ ਦੁਕਾਨਾਂ ਛੱਡ ਕੇ ਦੌੜ ਗਏ ਸਨ।
ਉਦੋਂ ਘਬਰਾਹਟ ਨਾਲ ਕਿਸੇ ਤੋਂ ਵੀ ਬੋਲਿਆ ਨਹੀਂ ਸੀ ਜਾ ਰਿਹਾ | ਦਫਤਰ ਬੈਠਿਆਂ ਸਭ ਨੂੰ ਇਹੋ ਫਿਕਰ ਪੈ ਗਿਆ ਕਿ ਉਹ ਘਰ ਵਾਪਸ ਕਿਵੇਂ ਪਹੁੰਚਣਗੇ। ਕੋਈ ਛੁੱਟੀ ਲੈ ਕੇ ਘਰ ਚਲੇ ਜਾਣ ਦੀ ਸੋਚ ਰਿਹਾ ਸੀ। ਤੇ ਕਈ ਬਿਨਾਂ ਪੁੱਛੇ ਦੱਸੇ ਹੀ ਖਿਸਕਣ ਦੀ ਤਿਆਰੀ ਕਰ ਰਿਹਾ ਸੀ। ਕਈ ਕਮਜ਼ੋਰ ਦਿਲ ਵ ਲੇ ਤਾਂ ਸਾਈਕਲ ਚੁੱਕ ਕੇ ਜਾ ਵੀ ਚੁੱਕੇ ਸਨ।...
ਰਣਪ੍ਰੀਤ ਨੂੰ ਆਸ ਜਿਹੀ ਸੀ ਕਿ ਪਿਛਲੀ ਫੇਰੀ ਤੇ ਖਰਚੇ ਪੈਸਿਆਂ ਦਾ ਕੁਝ ਤਾਂ ਅਸਰ ਹੋਇਆ ਹੋਏਗਾ।
ਉਦੋਂ ਭਗਵਾਨ ਨੇ ਉਸਦੇ ਕੰਮ ਬਾਰੇ ਦੱਸਣ ਲਈ ਬਿਠਾਈਂ ਰੱਖਿਆ ਸੀ। ਜਦੋਂ ਦਫਤਰ ਨੂੰ ਛੁੱਟੀ ਹੋ ਗਈ ਸੀ, ਉਸਨੇ ਦੱਸਿਆ ਸੀ ਕਿ ਰਣਪ੍ਰੀਤ ਦਾ ਬਿਲ ਖਜ਼ਾਨੇ ਪਾਸ ਹੋਣ ਲਈ ਭੇਜਿਆ ਹੋਇਆ ਹੈ। ਖਜ਼ਾਨਿਓਂ ਪਾਸ ਹੋ ਕੇ ਆ ਜਾਵੇ ਤਾਂ 'ਪੈਸੇ ਆਪ ਲੈਕੇ ਬਹੁੜਨ ਦਾ ਲਾਰਾ ਉਹਨੇ ਲਾਇਆ ਸੀ।...
ਰਣਪ੍ਰੀਤ ਪਿਛਲੇ ਕਿੰਨੇ ਸਮੇਂ ਤੋਂ ਬੱਚਿਆਂ ਦੇ ਕੱਪੜੇ ਲੈਣ ਦਾ ਖਿਆਲ ਛੱਡਦਾ ਆ ਰਿਹਾ ਸੀ। ਪਤਨੀ ਫਟਿਆ ਸੂਟ ਪਾਈ ਫਿਰਦੀ ਨੂੰ ਦੇਖ ਕੇ ਉਹ ਸ਼ਰਮ ਨਾਲ ਚੁੱਪ ਹੀ ਹੋ ਜਾਂਦਾ ਹੈ। ਉਸਦੇ ਆਪਣੇ ਬੂਟਾਂ ਦੀ ਮੋਰੀ ਦਿਨੋ ਦਿਨ ਐਨੀ ਵੱਡੀ ਹੁੰਦੀ ਜਾ ਰਹੀ ਹੈ ਕਿ ਚਲਦੇ ਚਲਦੇ ਮਿੱਟੀ ਵੀ ਅੰਦਰ ਚਲੀ ਜਾਂਦੀ ਹੈ। ਕਈ ਵਾਰੀ ਤਾਂ ਸੜਕ ਤੇ ਚਲਦਿਆਂ ਕੋਈ ਬਰੀਕ ਜਿਹੀ ਰੋੜੀ ਅੰਦਰ ਜਾ ਕੇ ਚੁਭਣ ਲੱਗ ਪੈਂਦੀ। ਭਗਵਾਨ ਤੇ ਉਸਨੂੰ ਉਦੋਂ ਵੀ ਗੁੱਸਾ ਆਇਆ ਸੀ। ਉਸਨੂੰ ਸ਼ਹਿਰ ਵਿਚਲੀ ਗੜਬੜ ਦਾ ਪਤਾ ਵੀ ਲੱਗ ਚੁੱਕਾ ਸੀ ਫੇਰ ਵੀ ਉਹਨੇ ਰਣਪ੍ਰੀਤ ਨੂੰ ਦੇਰ ਤੀਕ ਬਿਠਾਈਂ ਰੱਖਿਆ ਸੀ। ਉਹ ਕਲਰਕਾਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫ ਸੀ ਕਿ ਜੇ ਕਰ ਕੋਈ ਵੀ ਆਪਣੇ ਕੰਮ ਲਈ ਆਏਗਾ ਉਹ ਨੂੰ ਕਹਿਣਗੇ 'ਸ਼ਾਮ ਨੂੰ ਆਈਂ ਅਤੇ ਜੇ ਉਹ ਕਹੇ ਕਿ ਉਹਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਤਾਂ ਕਹਿਣਗੇ 'ਸਾਡੇ ਘਰ ਆ ਜੀਂ।'
ਉਦੋਂ ਵੀ ਭਗਵਾਨ ਨੇ ਉਸਨੂੰ ਇਸੇ ਤਰ੍ਹਾਂ ਬਿਠਾਈਂ ਰੱਖਿਆ ਸੀ। ਦਫਤਰੋ ਬਾਹਰ ਆਉਂਦਿਆਂ ਉਹਨੇ ਰਣਪ੍ਰੀਤ ਨੂੰ ਕਿਹਾ ਸੀ "ਲੈ ਚੱਲ ਫੇਰ ... ਅੱਜ ਤਾਂ ਕਿਤੇ ਸ਼ਾਂਤੀ ਜੇ ਆਲੇ ਪਾਸੇ ਚੱਲਦੇ ਆਂ ... ਤੈਨੂੰ ਦਾਰੂ ਦੂਰੂ ਪਿਲਾਈਏ ... ਪਹਿਲਾਂ ਨੀ ਬੈਠੇ ਤੇਰੇ ਨਾਲ ... ਹੁਣ ਤਾਂ ਇਸ ਸ਼ਹਿਰ ਕਦੇ ਕਦੇ ਆਇਆ ਕਰੇਗਾ ... |"
ਰਣਪ੍ਰੀਤ ਨੇ ਫਸਾਦਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ ਸੀ "ਅੱਜ ਕਲ੍ਹ ਤਾਂ ਹਵਾ ਈ ਬਦਲੀ ਪਈ ਐ ... ਕੀ ਪਤੈ ... ਕੌਣ...? ... ਕਿੱਥੇ? ... ਕੀਹਨੂੰ ... ਕਿਸ ਵੇਲੇ? ਗੋਲੀ ਮਾਰ ਜਾਵੇ।"
ਭਗਵਾਨ ਵਿੱਚ ਹਉਮੈ ਨੇ ਸਿਰ ਚੁੱਕਿਆ ਸੀ "ਭਗਵਾਨ ਤੇਰੇ ਨਾਲ ਐ ... ਯਾਰ ... ਤੂੰ ਤੁਰਿਆ ਚੱਲ!" ਮੁਫਤ ਦੀ ਦਾਰੂ ਦੇ ਲਾਲਚ 'ਚ ਉਹ ਸੱਚਮੁੱਚ ਆਪਣੇ ਆਪ ਨੂੰ ਭਗਵਾਨ ਸਮਝ ਬੈਠਾ ਸੀ।
ਜਦੋਂ ਉਹ ਬਾਜ਼ਾਰ ਵਿੱਚ ਦਾਖਲ ਹੋਏ ਸਨ ਤਾਂ ਉ ਦੀਥੋ ਹਾਲਤ ਦੇਖ ਕੇ ਖੜ੍ਹੇ ਈ ਰਹਿ ਗਏ ਸਨ। ਕਿਸੇ ਸੜ ਚੁੱਕੀ ਦੁਕਾਨ 'ਚੋਂ ਧੂੰਆਂ ਹੌਲੀ ਹੌਲੀ ਉਪਰ ਨੂੰ ਉਠ ਰਿਹਾ ਸੀ। ਸੜੇ ਹੋਏ ਪੇਂਟ ਦੀ ਬੋ ਚੁਫੇਰੇ ਫੈਲੀ ਹੋਈ ਸੀ। ਪੁਲਿਸ ਖੜ੍ਹੀ ਵੇਖ ਰਹੀ ਸੀ | ਕਿਸ ਦੁਕਾਨ ਦੇ ਸ਼ੀਸ਼ੇ ਤੋੜੇ ਪਏ ਸਨ | ਦੁਕਾਨ ਖਾਲੀ ਪਈ ਸੀ। ਸ਼ਾਇਦ ਕੋਈ ਡਰ ਕੇ ਦੋੜ ਗਿਆ ਸੀ। ਅੱਗੇ ਵਧੇ ਤਾਂ ਸੜਕ 'ਤੇ ਰੋੜੇ ਇਉਂ ਵਿਛੇ ਪਏ ਸਨ ਜਿਵੇਂ ਹਨੇਰੀ ਨਾਲ ਬੇਰ ਝੜ ਕੇ ਬੇਰੀ ਹੇਠਾਂ ਵਿਛੇ ਪਏ ਹੋਣ। ਸ਼ੀਸ਼ੇ ਦੀਆਂ ਕਿਰਚਾਂ ਉਹਨਾਂ ਦੇ ਬੂਟਾਂ ਹੋਨਾਂ ਆ ਆ ਕੇ ਕਿਰਚ ਕਿਰਚ ਟੁੱਟ ਰਹੀਆਂ ਸਨ |
ਦਫਤਰਾਂ ਤੋਂ ਛੁੱਟੀ ਕਰਕੇ ਆਏ ਲੋਕੀਂ ਸਹਿਮ ਜਿਹੇ 'ਚ ਕਾਹਲੀ ਕਾਹਲੀ ਲੰਘ ਰਹੇ ਸਨ। ਕਈ ਬਾਜ਼ਾਰ ਖ੍ਰੀਦੋ ਫਰੋਖ਼ਤ ਕਰਨ ਆਏ ਵਾਪਸ ਮੁੜ ਰਹੇ ਸਨ।
ਇਉਂ ਲਗਦਾ ਸੀ ਜਿਵੇਂ ਸਾਰੇ ਸ਼ਹਿਰ ਵਿੱਚ ਫਸਾਦ ਦੀ ਹਨੇਰੀ ਝੁੱਲ ਪਈ ਹੋਵੇ ਅਤੇ ਅਮੀਰ ਗਰੀਬ, ਵਪਾਰੀ ਤੇ ਨੌਕਰੀ ਪੇਸ਼ਾ ਲੋਕ ਸਭ ਇਸ ਹਨੇਰੀ ਝੱਖੜ ਨੇ ਜੜ੍ਹੋਂ ਪੱਟ ਸੁੱਟੇ ਹੋਣ।
ਸ਼ਹਿਰ ਦਾ ਇੱਕ ਹਿੱਸਾ ਅਜਿਹਾ ਸੀ ਜਿੱਥੇ ਅਜੇ ਹਨੇਰੀ ਦੀ ਹਵਾ ਨਹੀਂ ਸੀ ਪਹੁੰਚੀ। ਪਰ ਉਥੇ ਖਬਰ ਜ਼ਰੂਰ ਪਹੁੰਚੀ ਹੋਈ ਸੀ | ਸਹਿਮ ਨਾਲ ਦੁਕਾਨਦਾਰਾਂ ਦੇ ਹੋਂਠ ਚੁਚੇ ਦੇ ਖੰਭਾਂ ਵਾਂਗ ਥਰਥਰਾ ਰਹੇ ਸਨ।
ਰਣਪ੍ਰੀਤ ਨੇ ਭਗਵਾਨ ਨੂੰ ਸੌ ਦਾ ਨੋਟ ਦਿੰਦਿਆਂ ਵਿਸਕੀ ਦੀ ਬੋਤਲ ਲੈ ਅਉਣ ਨੂੰ ਕਿਹਾ। ਭਗਵਾਨ ਨੇ "ਨਹੀਂ ਮੈਂ ਲਵਾਂਗਾ ... ਮੈਂ ਲਵਾਂਗਾ' ਕਰਦਿਆਂ ਸੌ ਦਾ ਨੋਟ ਫੜ ਲਿਆ | ਨੋਟ ਜੇਬ 'ਚ ਪਾਉਂਦਾ ਵੀ ਉਹ ਕਹੀਂ ਜਾ ਰਿਹਾ ਸੀ-'ਯਾਰ... ਤੂੰ ਮੇਰੇ ਸ਼ਹਿਰ ਆਇਐਂ ... ਫਰਜ਼ ਤਾਂ ਮੇਰਾ ਬਣਦੇ।' ਦੋ ਅਧੀਏ ਡਬਲ ਐਮ. ਬੀ. ਲੈ ਕੇ ਉਹ ਹਾਤੇ ਅੰਦਰ ਜਾ ਬੈਠੇ।
ਰਣਪ੍ਰੀਤ ਦਾ ਮਨ ਕਾਹਲਾ ਪਿਆ ਹੋਇਆ ਸੀ। ਹੁਲ੍ਹੜਬਾਜ਼ੀ ਕਾਰਣ ਉਹ। ਛੇਤੀ ਆਪਣੇ ਘਰ ਵਾਪਸ ਚਲਾ ਜਾਣਾ ਚਾਹੁੰਦਾ ਸੀ।
ਭਗਵਾਨ ਪਹਿਲਾ ਪੈਗ ਪੀ ਕੇ ਹੀ ਅੰਗਰੇਜ਼ੀ ਬੋਲਣ ਲੱਗ ਪਿਆ ਸੀ। ਉਹ ਵਾਰੀ ਵਾਰੀ ਕਹੀਂ ਜਾ ਰਿਹਾ ਸੀ 'ਤੇਰੇ ਕੋਲ ਆਪ ਲੈ ਕੇ ਆਊਂ... ਤੂੰ ਵੀ ਸਿੱਖ ਐਂ ... ਮੈਂ ਵੀ ਸਿੱਖ ਆਂ ... ਕਿਸੇ ਤੇ ਵਿਸ਼ਵਾਸ਼ ਵੀ ਕਰ ਲਿਆ ਕਰਦੇ ਨੇ ... |" ਰਣਪ੍ਰੀਤ ਉਹਨੂੰ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਇਥੇ ਇਹ ਜ਼ਾਹਰ ਨਾ ਕਰੇ ਕਿ ਦਾਰੂ ਰਿਸ਼ਵਤ ਦੀ ਪੀਤੀ ਜਾ ਰਹੀ ਐ।
ਇੱਕ ਅਧੀਆ ਉਹਨਾਂ ਮੁਕਾ ਲਿਆ ਸੀ ਅਤੇ ਇੱਕ ਲੈਗ ਪੀਸ ਮੁਕਾ ਕੇ ਦੂਜੀ ਅਜੇ ਅਧ ਪਚਧ ਹੀ ਖਤਮ ਕੀਤੀ ਸੀ ਕਿ ਹਾਤੇ ਵਾਲੇ ਨੇ ਆ ਕੇ ਸ਼ਟਰ ਸੁੱਟ ਦਿੱਤਾ ਸੀ। "ਬਾਓ ਜੀ. ਕਰਫੂ ਲੱਗ ਗਿਐ ਸ਼ਹਿਰ 'ਚ!" ਉਹ ਡਰ ਨਾਲ ਕੰਬ ਰਿਹਾ ਸੀ। ਖਾਲੀ ਹੋਈਆਂ ਸੋਡੇ ਦੀਆਂ ਬੋਤਲਾਂ, ਪਲੇਟਾਂ, ਅਧੀਆ ਚੁੱਕ ਕੇ ਲੈ ਗਿਆ। ਕਾਹਲੀ ਨਾਲ ਉਹਨਾਂ ਕੋਲ ਆਇਆ ਫੇਰ ਉਹਨਾਂ ਨੂੰ ਛੇਤੀ ਉਠਣ ਲਈ ਬੇਨਤੀ ਕਰ ਰਿਹਾ ਸੀ।
ਭਗਵਾਨ ਡਰ ਗਿਆ ਸੀ। ਉਹ ਇੱਕ ਦਮ ਖੜਾ ਹੁੰਦਿਆਂ ਹੱਥ ਮਿਲਾ ਕੇ ਜਾਣ ਲਈ ਆਗਿਆ ਲੈ ਰਿਹਾ ਸੀ। ਉਹ ਫੇਰ ਲੜਖਾਉਂਦੀ ਆਵਾਜ਼ ਵਿੱਚ ਉਹਦੇ ਪੈਸਿਆਂ ਦੀ ਗੱਲ ਦੁਹਰਾ ਰਿਹਾ ਸੀ।
ਰਣਪ੍ਰੀਤ ਇਕੱਲਾ ਹੀ ਖੜ੍ਹਾ ਸੋਚਦਾ ਰਹਿ ਗਿਆ ਸੀ ਕਿ ਕੀ ਪਤੈ ਕਦੋਂ ਕਰਫਿਊ ਹਟੇ ਤੇ ਇਹ ਪੈਸੇ ਕਦੋਂ ਭੇਜਣ ਜੋਗਾ ਹੋ ਸਕੇਗਾ। ਹਾਤੇ ਵਾਲੇ ਦੀ ਅਦਾਇਗੀ ਕਰ, ਅਧੀਆ ਡੱਬ 'ਚ ਦੇ ਕੇ ਉਹ ਬੱਸ ਅੱਡੇ ਵੱਲ ਨੂੰ ਤੁਰ ਪਿਆ | ਅਧੀਆ ਜਾਣ ਦੀ ਉਸਨੂੰ ਖੁਸ਼ੀ ਹੋਈ ਸੀ। ਉਹ ਬਿਲਕੁਲ ਇਕੱਲਾ ਹੀ ਸੜਕ ਤੇ ਸੀ।
ਰਣਪ੍ਰੀਤ ਨੂੰ ਯਾਦ ਆਇਆ ਚੌਕ ਵਿੱਚ ਇੱਕ ਗਧਾ ਚੁੱਪ ਚਾਪ ਖੜ੍ਹਾ ਸੀ ਜਿਸ ਦੀ ਪੂੰਛ ਨਾਲ ਇੱਕ ਪੀਪਾ ਬੰਨਿਆ ਹੋਇਆ ਸੀ। ਉਹ ਕਿਸੇ ਬੱਚੇ ਦੀ ਸ਼ਰਾਰਤ ਲਗਦੀ ਸੀ। ਜਦੋਂ ਚਲਦਿਆਂ ਗਧੇ ਦੀਆਂ ਲੱਤਾਂ ਤੇ ਪੀਪਾ ਵੱਜਦਾ ਹੋਏਗਾ ਤਾਂ ਪੀਪੇ ਦੇ ਖੜਾਕ ਦੇ ਡਰੋਂ ਉਹ ਹੋਰ ਤੇਜ਼ ਦੌੜਦਾ ਹੋਏਗਾ। ਪਰ ਉਦੋਂ ਤਾਂ ਉਹ ਵੀ ਸਹਿਮਿਆ ਖੜ੍ਹਾ ਸੀ। ਉਹ ਵੀ ਸ਼ਾਇਦ ਡਰ ਗਿਆ ਸੀ ਕਿ ਜੇਕਰ ਬਹੁਤੀ ਭੱਜ ਨੱਸ ਤੇ ਖੜਾਕ ਕੀਤਾ ਤਾਂ ਕਿਧਰੇ ਉਸਨੂੰ ਗੋਲੀ ਦਾ ਨਿਸ਼ਾਨਾਂ ਹੀ ਨਾ ਬਣਾ ਲਿਆ ਜਾਵੇ।
ਉਦੋਂ ਕੋਈ ਚੁਬਾਰੇ ਵਿਚ ਖਿੜਕੀ 'ਚੋਂ ਚੁਫੇਰੇ ਪੱਸਰੀ ਹੋਈ ਚੁੱਪ ਦਾ ਜਾਇਜ਼ਾ ਲੈ ਰਿਹਾ ਸੀ। ਰਣਪ੍ਰੀਤ ਨੂੰ ਇਕੱਲਿਆਂ ਤੁਰਿਆ ਫਿਰਦਾ ਵੇਖ ਉਹਨੇ ਬਾਰੀ ਭੀੜ ਲਈ ਸੀ। ਪਾਣੀ ਦੇ ਸਟੈਂਡ ਪੋਸਟ ਤੇ ਪਾਣੀ ਲਗਾਤਾਰ ਅਜਾਈਂ ਵਗੀਂ ਜਾ ਰਿਹਾ ਸੀ। ਸ਼ਾਇਦ ਕੋਈ ਨਹਾਉਂਦਾ ਨਹਾਉਂਦਾ ਡਰ ਕੇ ਟੂਟੀ ਬੰਦ ਕਰਨਾ ਭੁੱਲ ਗਿਆ ਸੀ। ਉਹ ਟੂਟੀ ਬੰਦ ਕਰ ਦੇਣ ਨੂੰ ਉਧਰ ਹੋਣ ਹੀ ਲੱਗਾ ਸੀ ਕਿ ਇੱਕ ਟੋਲੀ ਉਸ ਵੱਲ ਆ ਰਹੀ ਸੀ। ਕੋਈ ਕੋਈ ਵੀ ਖਾਲੀ ਹੱਥ ਨਹੀਂ ਸੀ---ਭਾਲਾ, ਛੁਰਾ, ਚਾਕੂ, ਤਰਸੂਲ, ਗੰਡਾਸਾ, ਕੁਹਾੜੀ, ਡਾਂਗ... ਸਭ ਦੇ ਹੱਥਾਂ ਵਿੱਚ ਕੁਝ ਨਾ ਕੁਝ ਦੇਖ ਕੇ ਉਸਦੀ ਸਾਰੀ ਦਾਰੂ ਲਹਿ ਗਈ ਸੀ।
"ਤੇ ਸਰਦਾਰ ਐ।" ਕਿਸੇ ਨੇ ਛੁਰਾ ਰਣਪ੍ਰੀਤ ਦੇ ਪੱਟਾਂ ਤੇ ਰੱਖਦਿਆਂ ਕਿਹਾ। "ਤੁਸੀਂ ਆਖਰ ਗੱਲ ਤਾਂ ਦੱਸੋ ਕੀ ਹੋ ਗਈ ਐ?" ਰਣਪ੍ਰੀਤ ਮਸਾਂ ਹੀ ਬੋਲ ਸਕਿਆ ਸੀ।".. ਨਹੀਂ ... ਮੈਂ ... ਮੇਰੇ ... ਮੇਰੀ ... ਨਿੱਕੇ ਨਿੱਕੇ ਬੱਚੇ ਓਏ ..." ਉਹ ਅਜੇ ਥਥਲਾਉਂਦਾ ਬੋਲਨ ਦੀ ਕੋਸ਼ਿਸ਼ ਹੀ ਕਰ ਰਿਹਾ ਸੀ, ਉਹਦੇ ਪੱਟ ਤੇ ਰੱਖਿਆ ਚਾਕੂ ਅੱਗੇ ਹੋ ਗਿਆ। ਖੂਨ ਦੀ ਤਤੀਰੀ ਛੁੱਟ ਪਈ। ਉਸਨੇ ਜ਼ਖਮ ਉਤੇ ਹੱਥ ਰੱਖਿਆ | ਖੂਨ ਉਂਗਲਾਂ ਦੀਆਂ ਵਿਰਲਾਂ 'ਚੋਂ ਦੀ ਤੇਜ਼ ਵਗਣ ਲੱਗਾ। ਪੈਂਟ ਨੂੰ ਭਿਉਂਦਾ ਖੂਨ ਉਹਦੀ ਜੁੱਤੀ 'ਚ ਵੜ ਰਿਹਾ ਸੀ। ...
"ਦੇਖੋ... ਮੈਂ ਸਰਦਾਰਾਂ ਦੇ ਘਰੇ ਜੰਮ ਪਿਆ ਤਾਂ ਮੈਂ ਸਰਦਾਰ ਅਖਵਾਉਣ ਲੱਗ ਪਿਆ ... ਪਰ ਮੈਂ ਤਾਂ ਕੁਝ ਵੀ ਨਹੀਂ ... 'ਨਸਾਨ ... ਜੀਹਨੇ ਪਿਆਰ ਨਾਲ ਬੁਲਾਇਆ ਉਸੇ ਦਾ ਬਣ ਗਿਆ ...!" ਉਹ ਅਜੇ ਬਲ ਹੀ ਰਿਹਾ ਸੀ ਕਿ ਕਿਸੇ ਨੇ ਪਿਛੋਂ ਤਰਸੂਲ ਪੱਟ ’ਚ ਖੋਭ ਦਿੱਤਾ।
ਕਿਸੇ ਨੇ ਪੁੱਛਿਆ ਸੀ...'ਤੂੰ ਕੰਮ ਕੀ ਕਰਦੈ? ਇਥੇ ਕੀ ਕਰਨ ਆਇਐਂ?' ਰਣਪ੍ਰੀਤ ਦੇ ਦੱਸਣ ਤੇ ਕਿ ਉਹ ਤਾਂ ਅਖਬਾਰ 'ਚ ਕੰਮ ਕਰਦੈ ਤਾਂ ਸ਼ਨਾਖਤੀ ਕਾਰਡ ਦੇਖਣਾ ਉਹਨਾਂ ਜ਼ਰੂਰੀ ਸਮਝਿਆ। ਉਹਨਾਂ ਦਾ ਖਿਆਲ ਸੀ ਕਿ ਐਵੇਂ ਫੜ੍ਹ ਮਾਰਦਾ ਹੋਏਗਾ।
ਇੱਕ ਜ਼ਖਮ ਤੋਂ ਹੱਥ ਚੁੱਕ ਕੇ ਉਹਨੇ ਮਸਾਂ ਮਸਾਂ ਸ਼ਨਾਖਤੀ ਕਾਰਡ ਦਿਖਾਇਆ। ਉਹ ਜਿਵੇਂ ਡਰ ਗਏ ਸਨ। "ਸਾਲਿਆ...ਜੇ ਖਬਰ ਲਗਵਾਈ ਨਾ ਅਖਬਾਰ 'ਚ... ਤਾਂ ਯਾਦ ਰਖੀ ਜੇ ਸਾਰੇ ਕੋੜਮੇ ਨੂੰ ਖਤਮ ਨਾ ਕੀਤਾ।" ਉਹਨਾਂ ਨੇ ਉਥੋਂ ਰਣਪ੍ਰੀਤ ਨੂੰ ਦੌੜ ਜਾਣ ਨੂੰ ਕਿਹਾ।
ਦਰਦ ਨਾਲ ਹੌਲੀ ਚਲਣਾ ਵੀ ਔਖਾ ਸੀ ਤੇ ਉਹ ਦੌੜਨ ਨੂੰ ਕਹਿ ਰਹੇ ਸਨ। ਇੰਨਾਂ ਸੋਚ ਕੇ ਖੜ੍ਹੇ ਖੜ੍ਹੇ ਰਣਪ੍ਰੀਤ ਦੀ ਚੀਭ ਟੁੱਕੀ ਗਈ। ਜਿਵੇਂ ' ਉਸਨੇ ਪੀੜ ਤੋਂ ਦੰਦ 'ਚ ਜੀਭ ਦੇ ਲਈ ਹੋਵੇ।...
ਹੋਣ ਤਾਂ ਉਸ ਦੇ ਜ਼ਖਮ ਠੀਕ ਸਨ। ਉਸ ਘਟਨਾ ਦੀ ਯਾਦ ਨਾਲ ਹੀ ਉਹ ਧੰਦਕ ਜਿਹਾ ਗਿਆ। ਉਸਨੂੰ ਲੱਗਾ ਜਿਵੇਂ ਫੇਰ ਉਸਦੇ ਕੋਈ ਤੇਜ਼ ਧਾਰ ਚੀਜ਼ ਆ ਵੱਜੀ ਹੋਵੇ।
ਪਰ ਹੁਣ ਤਾਂ ਚਫੇਰੇ ਚਹਿਲ ਪਹਿਲ ਸੀ। ਸਾਇਕਲ, ਸਕੂਟਰ, ਮੋਪਿਡ,ਕਾਰਾਂ, ਜੀਪਾਂ, .ਬਸਾਂ ਦਾ ਰੌਲਾ ਪਿਆ ਹੋਇਆ ਸੀ। ਰਣਪ੍ਰੀਤ ਨੇ ਇੱਕ ਪਲ ਅੱਖਾਂ ਮੁੰਦੀਆਂ ਜਿਵੇਂ ਉਸ ਘਟਨਾ ਨੂੰ ਉਹ ਮਨੋ ਭੁਲਾਉਣਾ ਚਾਹੁੰਦਾ ਹੋਵੇ।
ਰਣਪ੍ਰੀਤ ਉਸ ਸੜਕ ਤੇ ਖੜ੍ਹਾ ਸੀ ਜਿਥੇ ਉਸਨੂੰ ਉਦੋਂ ਇੱਕ ਹੋਰ ਟੋਲੀ ਮਿਲੀ ਸੀ ਜਿਹੜੇ ਉਹਦੀ ਲਹੂ ਨਾਲ ਭਿੱਜੀ ਪੈਂਟ ਦੇਖ ਕੇ ਡਰ ਗਏ ਸਨ। ਕੁਝ ਇੱਕ ਨੇ ਤਾਂ ਕਿਹਾ ਸੀ "ਸਾਨੂੰ ਤੇ ਉਹਨਾਂ ਕੋਲ ਲੈ ਚਲ ... ਜੇ ਉਹਨਾਂ ਤੇਰੇ ਦੋ ਦੋ ਚਾਕੂ ਮਾਰੇ ਨੇ ... ਅਸੀਂ ਸਾਰਿਆਂ ਦੇ ਈ ਦਸ ਦਸ ਜ਼ਖਮ ਕਰਾਂਗੇ . .!" ਸੁਣ ਕੇ ਰਣਪ੍ਰੀਤ ਹੋਰ ਵੀ ਤ੍ਰਿਹ ਗਿਆ ਸੀ। ਉਹਦੇ ਜ਼ਖਮਾਂ ਦਾ ਦਰਦ ਹੋਰ ਵਧ ਗਿਆ ਸੀ।
ਉਸ ਟੋਲੀ ਵਿੱਚ ਰਲੇ ਮਿਲੇ ਹੀ ਲੋਕ ਸਨ ਜਿਹੜੇ ਉਸਨੂੰ ਘਰ ਲਿਜਾ ਰਹੇ ਸਨ। ਉਹ ਉਦੋਂ ਵੀ ਡਰਿਆ ਹੋਇਆ ਸੀ। ਕਿਸੇ ਕੋਲੋਂ ਉਸਨੇ ਪੁੱਛਿਆ ਸੀ ਕਿ ਉਹ ਉਸਨੂੰ ਕਿੱਥੇ ਲਿਜਾ ਰਹੇ ਸਨ। ਉਹ ਕੋਈ ਡਾਕਟਰ ਹੀ ਸੀ ਜਿਸਨੇ ਘਰ ਹੀ ਉਸਦੇ ਜ਼ਖਮਾਂ ਨੂੰ ਸਿਉਂ ਦਿੱਤਾ ਅਤੇ ਪੱਟੀ ਬੰਨ੍ਹ ਦਿੱਤੀ।
ਕੋਈ ਉਸਨੂੰ ਦੁਧ 'ਚ ਹਲਦੀ ਪਾ ਕੇ ਪਿਲਾ ਰਿਹਾ ਸੀ। ਕੋਈ ਦੇਸੀ ਘਿਉ ਗਰਮ ਕਰਕੇ ਦੇ ਰਿਹਾ ਸੀ। ਕੋਈ ਬਜ਼ੁਰਗ ਔਰਤ ਉਹਨਾਂ ਕਸਾਈਆਂ ਨੂੰ ਕੋਸਦੀ ਗਾਹਲਾਂ ਤੇ ਉਤਰ ਆਈ ਸੀ।
ਉਸਨੂੰ ਰਾਤ ਉਥੇ ਹੀ ਕੱਟ ਲੈਣ ਲਈ ਜ਼ਿੱਦ ਕਰ ਰਹੇ ਸਨ | ਪਰ ਜਦੋਂ ਉਹ ਨਾਂ ਹੀ ਮੰਨਿਆ ਤਾਂ ਉਸਦੇ ਬੱਸ ਸਟੈਂਡ ਤੱਕ ਭੇਜਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ।
ਦੋ ਮਹੀਨੇ ਦੁੱਖ ਭੋਗਣ ਤੋਂ ਬਾਅਦ ਰਣਪ੍ਰੀਤ ਹੁਣ ਫੇਰ ਪੈਸਿਆਂ ਦਾ ਪਤਾ ਕਰਨ ਆਇਆ ਸੀ। ਉਹ ਹੈਰਾਨ ਸੀ ਕਿ ਉਹਦੇ ਪੈਸੇ ਅਜੇ ਤਕ ਭੇਜੇ ਕਿਉਂ ਨਹੀਂ ਗਏ। ਉਦੋਂ ਤਾਂ ਭਗਵਾਨ 'ਆਪ ਲੈ ਕੇ ਆਉਣ ਦੀ ਹੀ' ਰਟ ਲਗਾਈ ਜਾ ਰਿਹਾ ਸੀ। ਉਸਨੇ ਬਿਲ ਦੀ ਦਫਤਰੀ ਕਾਪੀ ਤੇ ਉਹਦੇ ਉਦੋਂ ਹੀ ਦਸਖਤ ਕਰਵਾ ਲਏ ਸਨ। ਰਣਪ੍ਰੀਤ ਨੇ ਇਤਰਾਜ਼ ਕੀਤਾ ਸੀ ਤਾਂ ਉਸਨੇ ਫੇਰ ਕਿਹਾ ਸੀ 'ਜੇ ਸਿੱਖ ਸਿੱਖ ਤੇ ਹੀ ਵਿਸ਼ਵਾਸ਼ ਨਹੀਂ ਕਰ ਸਕਦਾ ਤਾਂ ਕੀਹਤੇ ਕਰ। "ਰਣਤ ਨੇ ਦੋਸਤੀ ਤੇ ਵਿਸ਼ਵਾਸ਼ ਕਰਦਿਆਂ ਬਿਲ ਤੇ ਦਸਖਤ ਕਰ ਦਿੱਤੇ ਸਨ।
ਸਾਰਾ ਕੁਝ ਠੀਕ ਠਾਕ ਹੋ ਗਿਆ ਸੀ। ਸੜੇ ਹੋਏ ਖੋਖੇ ਨਵੇਂ ਉਸਰੇ ਖੜੇ ਸਨ। ਦੁਕਾਨਾਂ ਵਿੱਚ ਫੇਰ ਝਮ ਝਮ ਹੋ ਰਹੀ ਸੀ। ਫਰਕ ਸੀ ਤਾਂ ਬੱਸ ਉਹਦੇ ਪੈਸਿਆਂ ਦਾ ਕੁਝ ਬਹ ਪਤਾ ਨਹੀਂ ਸੀ ਲੱਗ ਰਿਹਾ।
ਰਣਪ੍ਰੀਤ ਹੈਰਾਨ ਸੀ ਕਿ ਉਹਦੇ ਜ਼ਖਮੀ ਹੋਣ ਦੀ ਖ਼ਬਰ ਪੜ੍ਹ ਕੇ ਭਗਵਾਨ ਨੇ ਹਮਦਰਦੀ ਜ਼ਾਹਰ ਕਰਦੀ ਚਿੱਠੀ ਵੀ ਲਿਖੀ ਸੀ ਪਰ ਉਸ ਵਿੱਚ ਪੈਸਿਆਂ ਦਾ ਕੋਈ ਜ਼ਿਕਰ ਨਹੀਂ ਸੀ।
ਰਣਪ੍ਰੀਤ ਦਫਤਰ 'ਚ ਦਾਖਲ ਹੋਇਆ ਤਾਂ ਸਾਰੇ ਉਸਨੂੰ ਘੇਰ ਕੇ ਖੜ੍ਹ ਗਏ ਸਨ।ਅਖਬਾਰ 'ਚ ਛਪੀ ਖਬਰ ਬਾਰੇ ਪੁੱਛ ਰਹੇ ਸਨ। ਉਹ ਹੋਈ ਵਾਰਦਾਤ ਇੰਨ ਬੰਨ ਦੱਸ ਰਿਹਾ ਸੀ।
ਰਣਪ੍ਰੀਤ ਸੁਪਰਡੰਟ ਕੋਲ ਪਹੁੰਚਿਆ ਤਾਂ ਉਸਨੇ ਫਾਈਲ 'ਤੇ ਹੀ ਨਜ਼ਰ ਗੱਡੀਂ ਪੁਛਿਆ" ਮਿਲ ਗਿਆ ਹੋਊ ਹਜ਼ਾਰ ਰੁਪਿਆ?" ਰਣਪ੍ਰੀਤ ਦੇ ਸ਼ਰੀਰ 'ਚ ਝਰਨਾਟ ਜਿਹੀ ਫਿਰ ਗਈ।
"ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ?" ਸੁੰਨ ਹੋਏ ਖੜੇ ਰਣਪ੍ਰੀਤ ਨੇ ਪੁੱਛਿਆ। ਸੁਪਰਡੰਟ ਕੁਝ ਔਖਾ ਹੋ ਗਿਆ "ਹੋਰ ਮੈਂ ਕੰਧ ਨਾਲ ਗੱਲ ਕਰਨੀ ਐ?" ਉਸਨੇ ਦੱਸਿਆ ਕਿ ਭਗਵਾਨ ਸਿੰਘ ਇੱਕ ਦਿਨ ਦੀ ਛੁੱਟੀ ਲੈ ਕੇ ਆਪ ਪੈਸੇ ਲੈ ਕੇ ਗਿਆ ਸੀ।
ਕਲਰਕ ਕੋਲੋਂ ਉਸਨੇ ਫਾਈਲ ਮੰਗਵਾ ਕੇ ਦੇਖਿਆ। ਫਾਈਲ ਦੇਖਦਿਆਂ ਹੀ ਸੁਪਰਡੰਟ ਫੇਰ ਲੋਹਾ ਲਾਖਾ ਹੋ ਬੈਠਾ "ਤੂੰ ਆਪ ਤਾਂ ਲੈ ਕੇ ਗਿਐਂ ... ਤੇ ਫੇਰ ਵੀ ਹਾਲੇ ਚੱਕਰ ਮਾਰਦਾ ਫਿਰਦੈ?" ਭਗਵਾਨ ਸਿੰਘ ਨੇ ਪਹਿਲੀ ਫੇਰੀ ਤੋਂ ਹੀ ਉਸਦੇ ਹੱਥ ਕਟਵਾ ਦਿੱਤੇ ਸਨ। ਰਣਪ੍ਰੀਤ ਨੂੰ ਲੱਗਾ ਜਿਵੇਂ ਕਿਸੇ ਨੇ ਮੁੱਢੇ ਤੋਂ ਉਹਦੀ ਬਾਂਹ ਵੱਢ ਦਿੱਤੀ ਹੋਵੇ। ਉਹੀਓ ਮੋਢਾ ਜਿਸ ਨਾਲ ਉਹ ਆਪਣਾ ਮੋਢਾ ਜੋੜਨ ਦੀ ਗੱਲ ਕਰਦਾ ਰਿਹਾ ਸੀ।....
ਭਗਵਾਨ ਦੀ ਚਿੱਠੀ ਕਢ ਕੇ ਰਣਪ੍ਰੀਤ ਫ਼ੇਰ ਪੜ੍ਹਨ ਲੱਗਾ। ਉਹ ਹੈਰਾਨ ਹੋਈਂ ਜਾ ਰਿਹਾ ਸੀ, ਅਜਿਹੀ ਹਮਦਰਦੀ ਦੀ ਚਿੱਠੀ ਸਰਕਾਰੀ ਟਿਕਟਾਂ ਨਾਲ ਰਜਿਸਟਰਡ ਕਵਰ 'ਚ ਭੇਜਣ ਦਾ ਕੀ ਮਤਲਬ ਸੀ।
ਸੁਪਰਡੰਟ ਉਠ ਕੇ ਪਿਸ਼ਾਬ ਕਰਨ ਚਲਾ ਗਿਆ ਸੀ। ਰਣਪ੍ਰੀਤ ਨੂੰ ਜਿਵੇਂ ਤ੍ਰੇਲੀ ਆ ਗਈ ਹੋਵੇ। ਉਹ ਕੁਰਸੀ ਤੇ ਬੈਠ ਗਿਆ। ਚਪੜਾਸੀ ਤੋਂ ਇਕ ਗਲਾਸ ਪਾਣੀ ਦਾ ਮੰਗਾ ਕੇ ਪੀਤਾ। ਬੈਠਾ ਬੈਠਾ ਭਗਵਾਨ ਤੇ ਗੁੱਸੇ ਹੁੰਦਾ ਅੰਦਰੇ ਅੰਦਰ ਕਚੀਚੀਆਂ ਵੱਟੀਂ ਜਾ ਰਿਹਾ ਸੀ।
ਭਗਵਾਨ ਦੋ ਮਹੀਨੇ ਦੀ ਛੁੱਟੀ ਤੇ ਕਿਤੇ ਬਾਹਰ ਗਿਆ ਹੋਇਆ ਸੀ। ਰਣਪ੍ਰੀਤ ਨੇ ਉਹਨੂੰ ਪੁੱਛਣਾ ਸੀ ਕਿ ਉਹ ਇਉ ਝੂਠ ਬੋਲ ਕੇ ਇਨਸਾਨੀਅਤ ਦੇ ਨਾਂ ਤੇ ਕਾਲਖ ਕਿਉਂ ਲਿੱਪੀਂ ਜਾ ਰਿਹਾ ਹੈ।...
ਰਣਪ੍ਰੀਤ ਖੜ੍ਹਾ ਹੋਇਆ ਪਰ ਸੁਪਰਡੰਟ ਦੇ ਨਾ ਆਉਣ ਕਰਕੇ ਫੇਰ ਬੈਠ ਗਿਆ। ਉਹ ਉਸਦੇ ਆਇਆਂ ਤੋਂ ਹੀ ਜਾਣਾ ਚਾਹੁੰਦਾ ਸੀ।
ਸੁਪਰਡੰਟ ਆ ਗਿਆ। ਪਰ ਉਹ ਫੇਰ ਕਾਗਜ਼ਾਂ ਵਿੱਚ ਉਲਝ ਗਿਆ। ਉਹ ਉਹ ਰਣਪ੍ਰੀਤ ਨਾਲ ਬੋਲ ਨਹੀਂ ਸੀ ਰਿਹਾ। ਬਿਨਾਂ ਕੁਝ ਬੋਲਿਆਂ ਉਹ ਵਰ੍ਹਾਡੇ'ਚ ਆ ਖੜ੍ਹਿਆ| ਚਪੜਾਸੀ ਰਣਪ੍ਰੀਤ ਨਾਲ ਕੋਈ ਗੱਲ ਕਰਨੀ ਚਾਹੁੰਦਾ ਸੀ ਪਰ ਰਣਪ੍ਰੀਤ ਉਹਦੇ ਨਾਲ ਅੱਖ ਨਹੀਂ ਸੀ ਮੇਲ ਰਿਹਾ।
ਭਗਵਾਨ ਦੀ ਚਿੱਠੀ ਫਾੜ ਕੇ ਸੁੱਟ ਰਣਪ੍ਰੀਤ ਦਫਤਰੋਂ ਬਾਹਰ ਨਿਕਲ ਆਇਆ। ਸੁਨ ਜਿਹਾ ਹੋਇਆ, ਮਰੀਅਲ ਜਿਹੀ ਤੋਰੇ ਤੁਰਦਾ, ਉਹ ਬਸ ਸਟੈਂਡ ਵੱਲ ਨੂੰ ਵਧ ਰਿਹਾ ਸੀ, ਪੈਸੇ ਦੀ ਮਾਰ ਅਤੇ ਵਿਸਾਹਘਾਤ ਦੇ ਦੋ ਜ਼ਖ਼ਮਾਂ ਦਾ ਦਰਦ ਲਈਂ।...