ਉਸਦਾ ਰੱਬ/ਪੈਰਾਂ ਵਾਲਾ ਸੱਪ
ਪੈਰਾਂ ਵਾਲਾ ਸੱਪ
...ਹਾਰ ਕੇ ਮੈਂ ਮਕਾਨ ਛੱਡਣ ਦਾ ਫੈਸਲਾ ਕਰ ਲਿਆ | ਬੱਚਿਆਂ ਨੂੰ ਨਵੇਂ ਥਾਂ ਜਾ ਕੇ ਨਵੇਂ ਦੋਸਤ ਬਨਾਓਣ ਦਾ ਚਾਅ ਸੀ ਅਤੇ ਮੈਨੂੰ ਇਸ ਘਰ ਤੋਂ ਵਿਛੜਣ ਦਾ ਦੁੱਖ । ਜਿੰਦੇ ਨੂੰ ਫੜ ਕੇ ਹੱਥ ਵਿੱਚ ਐਵੇਂ ਘੁਮਾਈ ਜਾ ਰਿਹਾ ਸਾਂ | ਘਰ ਦੀ ਹਿਫ਼ਾਜ਼ਤ ਕਰਨ ਦੀ ਜਿੰਦੇ ਨੂੰ ਹੀ ਹਿਦਾਇਤ ਕਰੀਂ ਜਾ ਰਿਹਾ ਸਾਂ ।
ਅੱਗੇ ਲੰਘਿਆ ਹੋਇਆ ਟਾਂਗਾ ਵਾਪਸ ਆਉਣਾ ਸੀ । ਜਿਸ ਦੀ ਉਡੀਕ ਕਰਦਿਆਂ, ਵਿਹਲਾ ਖੜ੍ਹਾ ਵੇਖ, ਕਈ ਪੁਰਾਣੀਆਂ ਯਾਦਾਂ ਮੇਰੇ ਦੁਆਲੇ ਮੰਡਲਾਉਣ ਲੱਗੀਆਂ ।...
ਆ
ਕੋਈ ਵੀਹ ਬਾਈ ਸਾਲ ਪਹਿਲਾਂ ਸਾਡੇ ਵਿਹੜੇ ਇੱਕ ਰੁੱਖ ਹੁੰਦਾ ਸੀ-ਛਾਂਦਾਰ ਰੁੱਖ । ਇਸ ਰੁੱਖ ਦੀ ਠੰਢੀ ਛਾਵੇਂ ਜੁੜੀਆਂ ਮਹਿਫਲਾਂ ਅਤੇ ਪਿਆਰ ਮੁਹੱਬਤ ਦੇ ਸਾਂਝੇ ਗੀਤਾਂ ਦੀ ਗੂੰਜ ਅਜੇ ਵੀ ਕਦੇ ਕਦੇ ਮੇਰੇ ਕੰਨਾਂ ਵਿੱਚ ਉਚੀ ਹੋ ਉਠਦੀ ਹੈ । ਉਹ ਬਚਪਨ ਦੀਆਂ ਯਾਦਾਂ ਭੁਲਾਇਆਂ ਵੀ ਨਹੀਂ ਭੁੱਲਦੀਆਂ ।
ਉਨ੍ਹਾਂ ਦਿਨਾਂ 'ਚ ਹੀਰੋ ਦਾ ਨਿਮੰ’ ਮਸ਼ਹੂਰ ਸੀ । ਜਿਸ ਨੂੰ ਵੀ ਲੱਭਣਾ ਹੁੰਦਾ ਉਹ 'ਹੀਰੋ ਕੇ ਨਿਮ' ਹੇਠੋਂ ਲਭਿਆ ਜਾ ਸਕਦਾ । ਕਿਸੇ ਦਾ ਬੱਚਾ ਗਵਾਚਿਆ ਹੁੰਦਾ, ਸਭ ਤੋਂ ਪਹਿਲਾਂ 'ਨਿੰਮ' ਦਾ ਫੇਰਾ ਮਾਰ ਕੇ ਫੇਰ ਹੋਰ ਕਿਧਰੇ ਲਭਣਾ ਸ਼ੁਰੂ ਕਰਦੇ ।
ਪਤਾ ਨਹੀਂ ਉਸ ਨਿੰਮ ਵਿੱਚ ਕੀ ਜਾਦੂ ਸੀ ਕਿ ਠੰਢੀ ਠੰਢੀ ਰੁਮਕਦੀ ਸ਼ੀਤਲ ਪੌਣ 'ਚ ਹਰ ਕਿਸੇ ਦਾ ਦਿਲ ਸ਼ਾਂਤ ਰਹਿੰਦਾ । ਨਿੰਮ ਦੇ ਪੱਤਿਆਂ 'ਚੋਂ ਪਿਆਰ ਮੁਹੱਬਤ ਦੀ ਹਵਾ ਝੱਲਦੀ ।...
ਮੈਨੂੰ ਯਾਦ ਹੈ, ਸਮੇਂ ਦੇ ਥਪੇੜਿਆਂ ਨੇ ਉਸ ਨਿੰਮ ਨੂੰ ਟੁੰਡ ਮੁੰਡ ਕਰ ਦਿੱਤਾ ਸੀ । ਉਹ ਸੁੱਕਾ ਨਿੰਮ ਵਢ ਕੇ ਅਸੀਂ ਵਿਹੜੇ ਨੂੰ ਕਮਰੇ ਵਿੱਚ ਬਦਲ ਦਿੱਤਾ ਸੀ । ਪਿਆਰ ਮਹੱਬਤ ਦੇ ਗੀਤ, ਠੰਢੀ ਸ਼ੀਤਲ ਪੌਣ ਉਸ ਨਿੰਮ ਵਾਂਗ ਹੀ ਅਲੱਪ ਹੋ ਰਏ- ਜਿਵੇਂ ਨਿਮ ਇਸ ਸਭ ਕੁਝ ਨੂੰ ਸਰਾਪ ਦੇ ਗਿਆ ਹੋਵੇ ।
ਮਕਾਨ ਛੱਡਣ ਦਾ ਫੈਸਲਾ ਮੈਂ ਰਾਤ ਦੇ ਸੁਫਨੇ ਤੋਂ ਡਰ ਕੇ ਕੀਤਾ ਹੈ । ਸੁਪਨਾ ਤਾਂ ਭਾਵੇਂ ਰੋਜ਼ ਆਉਂਦਾ ਸੀ । ਪਰ ਇਸ ਵਾਰੀ ਤਾਂ ਮੈਨੂੰ ਕੰਬਾ ਹੀ ਦਿੱਤਾ ।
ਵੀਹ ਬਾਈ ਸਾਲ ਪਹਿਲੇ ਦੇ ਵਢੇ ਨਿੰਮ ਦੇ ਰੁੱਖ ਨੂੰ ਅਚਾਨਕ ਫਰਸ਼ ਤੇ ਉੱਗਿਆ ਵੇਖ ਮੈਂ ਹੈਰਾਨ ਹੋਇਆ ਵੇਖਦਾ ਰਿਹਾ । ਬਿਨ ਪੱਤਿਓ ਟੁੰਡ ਮੁੰਡ ਨਿੰਮ ਉਤੇ ਸੱਪ ਚੜ੍ਹਿਆ ਹੋਇਆ ਪੂਛਲ ਨੂੰ ਜ਼ਹਿਰ 'ਚ ਹਿਲਾ ਰਿਹਾ ਸੀ । ਉਸ ਟੁੰਡ ਮੁੰਡ ਸੁੱਕੇ ਦਰਖਤ 'ਚ ਪਤਾ ਨਹੀਂ ਕਿਧਰੋ ਚੰਦਨ ਦੀ ਮਹਿਕ ਆ ਗਈ ਸੀ ।
ਸੱਪ ਮਹਿਕ ਦਾ ਸ਼ੈਦਾਈ ਹੁੰਦਾ ਹੈ । ਇੱਕ ਵਾਰੀ ਨਵ-ਵਿਆਹੀ ਵਹੁਟੀ ਸੁੱਤੀ ਪਈ ਸੀ । ਜਿਸਦੀ ਲਮਕਦੀ ਚੁੰਨੀ ਉਤੋਂ ਦੀ ਸੱਪ ਚੜ੍ਹ ਗਿਆ ਅਤੇ ਉਸ ਦੇ ਮੂੰਹ ਤੋਂ ਸਾਰੀ ਮਹਿਕ ਚੂਸ ਕੇ ਉਸਨੂੰ ਨਿਰਜਿੰਦ ਛੱਡ ਕੇ ਚਲਾ ਗਿਆ ਸੀ । ਪਰ ਟੁੰਡ ਮੁੰਡ ਰੁੱਖ ਤੇ ਸੱਪ ਵੇਖ ਮੈਂ ਹੈਰਾਨ ਹੋਈ ਜਾ ਰਿਹਾ ਸਾਂ ।
ਪਰ੍ਹੇ ਬੇਆਬਾਦ ਪਈ ਜ਼ਮੀਨ ਵਿੱਚ ਚੂਹਿਆਂ ਦੀਆਂ ਖੁੱਡਾਂ ਵਿਚੋਂ ਚੂਹਿਆਂ ਦੀ ਸਫਾਈ ਕਰਕੇ ਹਟਿਆ ਸੱਪ ਫੁੰਕਾਰੇ ਮਾਰਦਾ ਟਹਿਲਦਾ ਫਿਰ ਰਿਹਾ ਸੀ । ਜੋ ਸੱਪ ਚੂਹਿਆਂ ਨਾਲ ਰੱਜ ਜਾਵੇ ਤਾਂ ਉਹਨੂੰ ਹਫਤਾ ਕੁਝ ਖਾਣ ਦੀ ਲੋੜ ਨਹੀਂ ਪੈਂਦੀ ਤੇ ਜੇ ਸੱਪ ਸੱਪ ਨੂੰ ਖਾ ਲਵੇ ਤਾਂ ਛੇ ਮਹੀਨ ਤੱਕ ਨਿਸ਼ਚਿੰਤ ਹੋ ਜਾਂਦਾ ਹੈ ।
ਟਹਿਲਦਾ ਟਹਿਲਦਾ ਸੱਪ ਤੇਜ਼ਗਤੀ 'ਚ ਪੂਛਲ ਹਿਲਾਉਂਦਾ ਦਰਖਤ ਤੋਂ ਹੇਠਾਂ ਉਤਰ ਆਇਆ ਅਤੇ ਮੈਨੂੰ ਪਤਾ ਹੀ ਨਾ ਲੱਗਾ ਉਹ ਕਿਵੇਂ ਮੰਜੇ ਉਤੇ ਚੜ੍ਹ ਆਇਆ । ਮੇਰੀ ਲੱਤ ਉਸ ਨੇ ਘੁੱਟ ਕੇ ਜਕੜ ਲਈ । ਮੈਥੋਂ ਚੀਕ ਵੀ ਨਹੀਂ ਸੀ ਮਾਰੀ ਜਾ ਸਕੀ ।
ਮੇਰੇ ਦੇਖਦੇ ਹੀ ਸੱਪ ਅਲੋਪ ਹੋ ਗਿਆ ਅਤੇ ਉਸਦੀ ਥਾਂ ਸਾਡੇ ਗਵਾਂਢੀ ਨੇ ਲੈ ਲਈ । ਪਤਾ ਨਹੀਂ ਉਹ ਸੱਪ ਹੀ ਕੋਈ ਕਰਾਮਾਤੀ ਸੀ ਜੋ ਆਪਣਾ ਰੂਪ ਬਦਲ ਬਦਲ ਮੈਨੂੰ ਸਤਾ ਰਿਹਾ ਸੀ । ਉਸਨੇ ਮੇਰੀ ਬਾਂਹ ਨੂੰ ਫੜ ਕੇ ਮਰੋੜਨਾ ਸ਼ੁਰੂ ਕੀਤਾ । ਮੈਂ ਸਾਰਾ ਜ਼ੋਰ ਲਾ ਕੇ ਚੀਕਣਾ ਚਾਹੁੰਦਾ ਸੀ ਪਰ ਮੈਥੋਂ ਚੀਕਿਆ ਨਾ ਗਿਆ |
ਇੱਕ ਵਾਰੀ ਇੰਨ੍ਹਾਂ ਦੇ ਅੰਦਰੋਂ ਸਾਡੇ ਖਿਲਾਫ ਹੋ ਰਹੀਆਂ ਗੱਲਾਂ ਦੀ ਆਵਾਜ਼ ਆ ਰਹੀ ਸੀ । ਉਸ ਦਿਨ ਤੋਂ ਅਸੀਂ ਉਨ੍ਹਾਂ ਨਾਲ ਬੋਲਣਾ ਬੰਦ ਕਰ ਦਿੱਤਾ । ਸਾਡੇ ਰਿਸ਼ਤੇਦਾਰ ਵੀ ਸਾਡੇ ਨਾਲ ਬੋਲਣਾ ਛੱਡ ਗਏ ਕਿਉਂਕਿ ਉਹ ਇਨ੍ਹਾਂ ਨੂੰ ਸਾਡੇ ਨਾਲੋਂ ਜ਼ਿਆਦਾ ਨਜ਼ਦੀਕੀ ਸਮਝਦੇ ਸਨ ।
ਉਨ੍ਹਾਂ ਦਿਨਾਂ ਵਿੱਚ ਮੇਰੀ ਮਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਮੈਨੂੰ ਅੰਬਰੀ ਆਂਡੇ ਵਾਂਗ ਛੱਡ ਗਈ ਸੀ । ਮੇਰੇ ਰਿਸ਼ਤੇਦਾਰ ਮੈਨੂੰ ਇਸ ਘਰ ਵਿਚੋਂ ਧਕੇਲ ਸੁੱਟਣ ਦੀਆਂ ਤਜ਼ਵੀਜ਼ਾਂ ਘੜ ਰਹੇ ਸਨ । ਤਦੇ ਸਾਡਾ ਪੜੋਸੀ ਮੈਨੂੰ ਦੋਵੇਂ ਮੋਢਿਆਂ ਤੋਂ ਫੜ ਕੇ ਹਲੂਣਾ ਦੇ ਰਿਹਾ ਸੀ ਪਰ ਮੇਰੇ ਮੂੰਹੋ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ ।
ਮਾਂ ਨੇ ਇਹਨਾਂ ਰਿਸ਼ਤੇਦਾਰਾਂ ਕੋਲ ਕੁਝ ਚਾਂਦੀ ਦੇ ਰੁਪਈਏ ਅਮਾਨਤ ਵਜੋਂ ਰੱਖੇ ਸਨ ਜੋ ਉਸਨੂੰ ਮਰਨ ਤੀਕ ਵੀ ਵਾਪਸ ਨਹੀਂ ਮਿਲ ਸਕੇ । ਸਾਰੀ ਉਮਰ ਉਹ ਇਹੋ ਰੋਣਾ ਰੋਂਦੀ ਰਹੀ ਕਿ ਜੇ ਉਹ ਪੈਸੇ ਬੈਂਕ ਵਿੱਚ ਰੱਖੇ ਹੁੰਦੇ ਤਾਂ ਕੁਝ ਤੋਂ ਕੁਝ ਬਣਿਆ ਹੋਣਾ ਸੀ । ਪਰ ਮਾਂ ਤਾਂ ਸਾਰੀ ਉਮਰ ਮਜ਼ਦੂਰੀ ਹੀ ਕਰਦੀ ਰਹੀ। ਉਸਦੇ ਹੱਥਾਂ 'ਚ ਪਏ ਮਜ਼ਦੂਰੀ ਦੇ ਅੱਟਣ ਚਿਤਾ ਦੀ ਅੱਗ ਵੀ ਨਹੀਂ ਸਾੜ ਸਕੀ ।
ਮਾਂ ਦੇ ਗਿਲੇ ਸ਼ਿਕਵੇ ਦੁਸ਼ਮਣੀ ਮੁੱਲ ਲੈਣ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਾ ਕਰ ਸਕੇ । ਉਸ ਦੇ ਜਿਉਦਿਆਂ ਇਹ ਘਰ ਖੋਹਣ ਦੀਆਂ ਤਜ਼ਵੀਜਾਂ ਬਣਾਉਂਦੇ ਰਹਿੰਦੇ ਅਤੇ ਉਸ ਮਰਨ ਤੋਂ ਬਾਅਦ ਤਾਂ ਉਹਨਾਂ ਦਾ ਦਿਮਾਗ ਚੌਵੀ ਘੰਟੇ ਇਹ ਜੁਗਤ ਢੂੰਡਣ ਵਿੱਚ
42/ਪੈਰਾਂ ਵਾਲਾ ਸੱਪ
ਰੁਝਿਆ ਰਹਿੰਦਾ ਹੈ ਕਿ ਕਿਹੜੇ ਸਮੇਂ ਉਹ ਮੇਰਾ ਭਾਂਡਾ ਠੀਕਰ ਚੁੱਕ ਕੇ ਸੜਕ ਤੇ ਮਰਨ ।
ਮਕਾਨ ਤਾਂ ਉਹਨਾਂ ਕੋਲ ਬੜਾ ਵੱਡਾ ਹੈ ਪਰ ਉਹ ਮੈਨੂੰ ਸਿਰ ਲੁਕਾਉਣ ਦਾ ਫਿਕਰ ਪਾ ਕੇ ਬੇਚੈਨ ਕਰਨਾ ਚਾਹੁੰਦੇ ਹਨ ਤਾਂ ਜੋ ਮੈਂ ਬੇਬੇ ਵਾਲੇ ਚਾਂਦੀ ਦੇ ਰੁਪਈਆਂ ਬਾਰੇ ਉਹਨਾਂ ਕੋਲੋਂ ਕੁਝ ਨਾ ਪੁੱਛ ਸਕਾਂ, ਹਾਲਾਂ ਕਿ ਮੇਰੇ ਦਿਮਾਗ ਵਿੱਚ ਅਜਿਹਾ ਕੋਈ ਵਿਚਾਰ ਨਹੀਂ ।
ਮੈਨੂੰ ਆਪਣੇ ਦਸਾਂ ਨਹੁੰਆਂ ਉਤੇ ਹੀ ਬੜਾ ਮਾਣ ਹੈ, ਕਿਰਤ ਦੀ ਲਗਨ ਉਤੇ ਹੀ ਮੈਂ ਸੰਤੁਸ਼ਟ ਹਾਂ । ਪਰ ਇਹਨਾਂ ਦਾ ਹਰ ਦਿਨ ਨਵੇਂ ਫੁਰਨੇ ਦੀ ਪਰਭਾਤ ਲੈ ਕੇ ਚੜ੍ਹਦਾ ਹੈ ...
ਗਵਾਂਢੀ ਚੁਪਚਾਪ ਮੇਰੇ ਹੁੰਝਾਂ ਮਾਰੀ ਜਾ ਰਿਹਾ ਸੀ । ਜੇ ਮੈਂ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਦਾ ਤਾਂ ਗੰਦੀ ਤੋਂ ਗੰਦੀ ਗਾਲ੍ਹ ਕਢ ਜਿੱਥੇ ਜੀਅ ਕਰਦਾ ਹੁਝ ਮਾਰ ਦਿੰਦਾ, ਬਾਂਹ ਨੂੰ ਮਰੋੜੀ ਜਾਂਦਾ । ਡੱਕੇ ਵਾਂਗ ਬਾਂਹ ਨੂੰ ਵੀ ਤੋੜ ਕੇ ਦੋ ਹਿੱਸਿਆਂ ਵਿੱਚ ਕਰ ਦੇਣੀ ਚਾਹ ਰਿਹਾ ਸੀ ।
"ਤੂੰ ਉਹਨਾਂ ਨੂੰ ਕਹਿ ਦਈਂ...ਮੈਨੂੰ ਨਹੀਂ ਇਹ ਘਰ ਚਾਹੀਦਾ ।" ਮੈਂ ਉਸ ਨੂੰ ਬੜਾ ਹੀਣਾ ਜਿਹਾ ਹੋ ਕੇ ਕਿਹਾ ਸੀ ।
“ਮੈਂ ਦੱਸਦੈ ਤੈਨੂੰ ਘਰ ਦਾ ਪਤਾ...ਸਾਲਾ ਘਰ ਘਰ ਕਰਦੈ !" ਗਵਾਂਢੀ ਦੀਆਂ ਲਾਲ ਅੱਖਾਂ ਤੋਂ ਮੈਨੂੰ ਬਹੁਤ ਡਰ ਲੱਗਾ ।
ਪਿਛਲੇ ਦਿਨੀਂ ਇਹ ਸ਼ਰਾਬ ਪੀ ਕੇ ਮੇਰੇ ਨਾਲ ਬੇਮਤਲਬ ਹੀ ਲੜਨ ਨੂੰ ਆ ਪਏ ਸਨ, ਹੱਥੋ ਪਈ ਹੋ ਪਏ ਸਨ ! ਜੇ ਅਚਾਨਕ ਮੇਰਾ ਦੋਸਤ ਪੁਲਸ ਮੈਨ ਨਾ ਆਉਂਦਾ ਤਾਂ ਇਹਨਾਂ ਦੀ ਸ਼ਰਾਬ ਹੀ ਨਹੀਂ ਸੀ ਉਤਰਨੀ ਅਤੇ ਇਹਨਾਂ ਨੇ ਮੈਨੂੰ ਮਾਰ ਮਾਰ ਕੇ ਦੁੰਬਾ ਬਣਾ ਦੇਣਾ ਸੀ ।
ਉਸਨੇ ਮੇਰੀ ਬਾਂਹ ਨੂੰ ਐਨੀ ਜ਼ੋਰ ਨਾਲ ਮਰੋੜਿਆ ਕਿ ਚਿਕਣ ਨਾਲ ਮੇਰੀ ਨੀਂਦ ਖੁਲ੍ਹ ਗਈ ਅਤੇ ਪਤਨੀ ਘਬਰਾਈ ਖੜ੍ਹੀ ਮੈਥੋਂ ਪੁੱਛ ਰਹੀ ਸੀ "ਕੀ ਹੋਇਐ ?... ਤੁਸੀਂ ਚੀਕ ਕਿਉਂ ਮਾਰੀ ਐ ? ਤੁਸੀਂ ਡਰੀ ਕਿਉਂ ਜਾਂਦੇ ਹੋ ? ਕੀ ਘਰ ਘਰ ਕਰੀ ਜਾਂਦੇ ਹੋ ਕਦੋਂ ਦੇ ? ਮੈਂ ਤੁਹਾਨੂੰ ਕਿੰਨੀ ਦੇਰ ਤੋਂ ਮੋਢਿਆਂ ਤੋਂ ਫੜ ਕੇ ਹਲੂਣ ਰਹੀ ਆਂ !"
ਉਸਦੇ ਘਬਰਾਏ ਹੋਏ ਸਵਾਲਾਂ ਨੂੰ ਮੈਂ ਡੌਰ ਭੌਰ ਹੋਇਆ ਸੁਣਦਾ ਰਿਹਾ ਅਤੇ ਕੋਸ਼ਿਸ਼ ਕਰਨ ਤੇ ਵੀ ਹੱਸ ਨਾ ਸਕਿਆ ।
ਅੰਮ੍ਰਿਤ ਵੇਲੇ ਆਇਆ ਸੁਫਨਾ ਸੱਚ ਹੋ ਨਿਕਲਦੈ । ਇਹੋ ਵਿਚਾਰ ਕਰਕੇ ਅਸੀਂ ਘਰ ਛੱਡਣ ਦਾ ਫੈਸਲਾ ਕਰ ਲਿਆ । ਪੜੌਸੀ ਨਾਲ ਸਾਡੇ ਰਿਸ਼ਤੇਦਾਰ ਦੀ ਹੋ ਰਹੀ ਗੱਲਬਾਤ ਸੁਣਾਈ ਦਿੱਤੀ ਜਿਸ ਨੇ ਸਾਡੇ ਫੈਸਲੇ ਨੂੰ ਹੋਰ ਵੀ ਪੱਕਾ ਕਰ ਦਿੱਤਾ ।
ਉਸ ਦਾ ਰੱਬ/43
ਉਹਨਾਂ ਦੀ ਗੱਲ ਬਾਤ ਦਾ ਵਿਸ਼ਾ ਹੋਰ ਵੀ ਹੋ ਸਕਦਾ ਸੀ । ਪਰ ਉਨ੍ਹਾਂ ਵੱਲੋਂ ਚਿਰ ਲੰਮੇਰੀ ਖਹਿਬੜਾ ਖਹਿਬੜੀ ਨੇ ਸਾਡੇ ਦਿਮਾਗਾਂ ਨੂੰ ਇਸ ਪਾਸੇ ਸੋਚਣ ਤੇ ਮਜ਼ਬੂਰ ਕੀਤਾ ਹੋਇਆ ਹੈ । ਜਦੋਂ ਸਾਡਾ ਰਿਸ਼ਤੇਦਾਰ ਸਾਡੇ ਵੱਲ ਨੂੰ ਕੌੜੀ ਕੌੜੀ ਨਜ਼ਰ ਝਾਕਦਾ ਲੰਘਿਆ ਤਾਂ ਅਸੀਂ ਸਮਾਨ ਬੰਨ੍ਹ ਰਹੇ ਸਾਂ ।
ਉਹ ਬਾਜ਼ਾਰ ਕਿਸੇ ਛੋਟੇ ਮੋਟੇ ਕੰਮ ਗਿਆ ਮੁੜ ਰਿਹਾ ਸੀ । ਸਾਮਾਨ ਬਾਹਰ ਰੱਖੀਂ ਅਸੀਂ ਖੜੇ ਟਾਂਗਾ ਉਡੀਕ ਰਹੇ ਸਾਂ । ਉਹ ਜਾਂਦਾ ਜਾਂਦਾ ਰੁਕ ਗਿਆ । ਬੱਚਿਆਂ ਨੂੰ ਪਿਆਰ ਕਰਨ ਲੱਗ ਪਿਆ | ਪੁੱਛ ਪੜਤਾਲ ਜਿਹੀ ਕਰਨ ਲੱਗ ਪਿਆ।
“ਕੀ ਬਦਲੀ ਹੋ ਗਈ ਐ ? ..." ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਉਸਨੇ ਬੋਲਣਾ ਜਾਰੀ ਰਖਿਆ ਰਿਸ਼ਤੇਦਾਰ ਦਾ ਕੋਲ ਹੋਣਾ ... ਸੌ ਸੁੱਖ ਹੁੰਦੈ ... ਸੌ ਆਰਾਮ ਹੁੰਦੈ ... ਹੁਣ ਬਾਹਰ ਕਿਰਾਏ ਦੇ ਮਕਾਨਾਂ 'ਚ ਰੁਲਦੇ ਫਿਰੋਗੇ ।"...
ਭਾਵੇਂ ਇਹ ਹਮਦਰਦੀ ਉਪਰਲੇ ਮਨੋਂ ਹੀ ਦਿਖਾ ਰਿਹਾ ਸੀ ਪਰ ਫੇਰ ਵੀ ਮੈਂ ਉਸ ਨੂੰ 'ਬਹੁਤ ਚੰਗਾ ਆਦਮੀ' ਦਾ ਨਾਂ ਦੇਣੋ ਨਾਂ ਰਹਿ ਸਕਿਆ । ਉਸ ਨੇ ਇਤਨੀ ਹਮਦਰਦੀ ਮੇਰੇ ਨਾਲ ਪਹਿਲੀ ਵਾਰੀ ਜਤਾਈ ਸੀ ।
ਉਹ ਕਦੇ ਕਮਰੇ ਦੇ ਅੰਦਰ ਜਾਂਦਾ ਕਦੇ ਬਾਹਰ ਆਉਂਦਾ, ਬੱਚਿਆਂ ਨੂੰ ਚੁੱਕਦਾ, ਪਿਆਰ ਦਿੰਦਾ, ਖਾਲੀ ਹੋਏ ਮਕਾਨ 'ਚ ਖਾਲੀ ਖਾਲੀ ਨਜ਼ਰਾਂ ਘੁਮਾਉਂਦਾ ਦੇਖ ਰਿਹਾ ਸੀ । ਸਾਰਾ ਸਾਮਾਨ ਬੰਨ੍ਹ ਕੇ ਬਾਹਰ ਰੱਖਿਆ ਜਾ ਚੁੱਕਾ ਸੀ । ਉਹ ਅੰਦਰੋਂ ਕੋਈ ਗੱਲ ਕਢਣੀ ਚਾਹੁੰਦਾ ਸੀ ਪਰ ਗੱਲ ਦੀ ਲੜੀ ਦਾ ਸਿਰਾ ਹੀ ਨਹੀਂ ਸੀ ਲਭ ਰਿਹਾ ।
ਬਿਲਕੁਲ ਅੰਤਲੀ ਘੜੀ ਹਮਦਰਦੀ ਵਿਖਾਉਣ ਕਾਰਣ ਮੈਂ ਸ਼ਸ਼ੋਪੰਜ ਵਿੱਚ ਪਿਆ ਹੋਇਆ ਸਾਂ ਕਿ ਜੇ ਮੈਨੂੰ ਇਸ ਦੇ ਇੰਨੇ ਚੰਗੇ ਹੋਣ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਇਤਨੀ ਬੇਵਕੂਫੀ ਨਾ ਕਰਦਾ ।
ਮੈਂ ਉਸਦੇ ਗਲ ਲੱਗ ਕੇ ਇਤਨੀ ਦੇਰ ਚੁੱਪ ਸਾਧੀ ਰੱਖਣ ਤੇ ਖਿਮਾ ਮੰਗਣ ਬਾਰੇ ਸੋਚ ਰਿਹਾ ਸਾਂ ਪਰ ਮੈਨੂੰ ਸੁਝ ਹੀ ਨਹੀਂ ਸੀ ਰਿਹਾ ਕਿ ਗੱਲ ਕਿਵੇਂ ਸ਼ੁਰੂ ਕਰਾਂ ।
ਦੂਜੇ ਹੀ ਪਲ ਮੈਂ ਖੜ੍ਹਾ ਖੜ੍ਹਾ ਆਪਣੇ ਮਨ ਲਾਹਨਤਾਂ ਪਾਉਣ ਲੱਗ ਪਿਆ । ਝੂਠੀ ਹਮਦਰਦੀ ਜਤਾ ਕੇ ਕੋਈ ਦੇਵਤਾ ਨਹੀਂ ਬਣ ਸਕਦਾ । ਸ਼ੈਤਾਨ ਨੇ ਤਾਂ ਅਕਸਰ ਸ਼ੈਤਾਨ ਹੀ ਰਹਿਣਾ ਹੈ । ਮੈਂ ਫੇਰ ਆਪਣਾ ਫੈਸਲਾ ਅਟੱਲ ਸਮਝਣ ਲੱਗਾ । ਦਿਲੋਂ ਕੋਈ ਵੀ ਗੱਲ ਨਾ ਕਰਨ ਦਾ ਫੈਸਲਾ ਕੀਤਾ |
ਦੂਰੋਂ ਆਉਂਦੇ ਟਾਂਗੇ ਨੂੰ ਨੇੜੇ ਆਉਣ ਤੇ ਮੈਂ ਰੋਕਣ ਦਾ ਮਨ ਬਣਾ ਲਿਆ। ਰਿਸ਼ਤੇਦਾਰ ਨੂੰ ਅੰਦਰੇ ਅੰਦਰ ਖੁਸ਼ ਹੁੰਦੇ ਨੂੰ ਮੈਂ ਸਿਰ ਤੋਂ ਪੈਰਾਂ ਤੀਕ ਪੜ੍ਹ ਲਿਆ ਸੀ ।
ਉਸ ਲਈ ਉਥੇ ਬਹੁਤੀ ਦੇਰ ਠਹਿਰਨਾ ਦੁਭਰ ਹੋਇਆ ਪਿਆ ਸੀ । ਅੰਦਰੋ ਉਹ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ ਪਰ ਉਹ ਮੇਰੇ ਵਿਛੋੜੇ ਦਾ ਦੁਖ ਪ੍ਰਗਟ ਕਰਨ ਲਈ ਸ਼ਬਦ ਢੂੰਡਦਾ ਢੂੰਡਦਾ ਬੁਰੀ ਤਰ੍ਹਾਂ ਉਲਝ ਗਿਆ ਸੀ ।
44/ਪੈਰਾਂ ਵਾਲਾ ਸੱਪ
ਉਹ ਜਾਂਦਾ ਜਾਂਦਾ ਸਿਰ 'ਚ ਇੱਟ ਮਾਰਨ ਵਾਂਗ ਮੈਨੂੰ ਆਖ ਗਿਆ "ਪਿਛੋਂ ਘਰ ਦੀ ਦੇਖ ਭਾਲ ਸਾਥੋਂ ਬਿਨਾਂ ਹੋਰ ਹੋਰ ਕੌਣ ਕਰੇਗਾ ... ਘਰ ਦਾ ਈ ਬੰਦਾ ਕੰਮ ਔਂਦੈ... ਤੂੰ ਜਾਂਦਾ ਹੋਇਆ ਚਾਬੀ ਘਰ ਫੜਾ ਜਾਈਂ ।" ਉਸਦੀ ਗੱਲ ਸੁਣ ਕੇ ਮੈਂ ਇੱਕ ਦੰਮ ਸੁੰਨ ਜਿਹਾ ਹੋ ਗਿਆ । ਇੱਕ ਝਰਨਾਟ ਜਿਹੀ ਮੇਰੇ ਸ਼ਰੀਰ ਵਿਚੋਂ ਦੀ ਨਿਕਲ ਗਈ ਅਤੇ ਮੈਂ ਸੋਚਿਆ ਕਿ ਚੰਗਾ ਹੋਇਆ ਜੁ ਮੈਂ ਉਸ ਨਾਲ ਕੋਈ ਗੱਲ ਨਾ ਕੀਤੀ ।
ਟਾਂਗਾ ਰੋਕ ਕੇ ਮੈਂ ਸਾਰਾ ਸਾਮਾਨ ਰਖਵਾ ਲਿਆ ਅਤੇ ਜੰਦਰਾ ਲਗਾ, ਦਰਵਾਜ਼ੇ ਤੇ 'ਟੂ ਲੈਟ' ਲਿਖਕੇ ਦੰਦ ਕਰੀਚਦਾ ਟਾਂਗੇ 'ਚ ਜਾ ਬੈਠਾ ।...
ਉਸ ਦਾ ਰੱਥ/45