ਸਮੱਗਰੀ 'ਤੇ ਜਾਓ

ਕਾਫ਼ੀਆਂ (ਸੰਤ ਵਲੀ ਰਾਮ)

ਵਿਕੀਸਰੋਤ ਤੋਂ
ਕਾਫ਼ੀਆਂ
ਸੰਤ ਵਲੀ ਰਾਮ

ਪੰਜਾਬੀ ਕਾਫ਼ੀਆਂ ਸੰਤ ਵਲੀ ਰਾਮ

1. ਅਨੀ ਹਾਲੁ ਛਪਿਦਾ ਭੀ ਨਾਹੀਂ

ਅਨੀ ਹਾਲੁ ਛਪਿਦਾ ਭੀ ਨਾਹੀਂ,
ਕਿਚਰਕੁ ਆਪ ਛਿਪਾਹੀਂ,
ਸਿਕਣ ਛੱਪੇ ਕਿ ਤਪਣ ਛੱਪੇ,
ਹੰਝੂ ਛਪਣਿ ਕਿ ਆਹੀਂ ।1।ਰਹਾਉ।

ਇਸ਼ਕ ਮਤੇ ਦੀਆਂ ਛਪਣ ਨਾ ਚਾਲਾਂ,
ਰੂੰ ਨ ਛਪੰਦੀ ਭਾਹੀਂ,
ਵਲੀ ਰਾਮ ਦੀ ਪ੍ਰੀਤਿ ਇਵੇਹੀ,
ਜੈਕੂੰ ਲਗਗੁ ਜਾਣਗੁ ਤਾਹੀਂ ।2।
(ਰਾਗੁ ਆਸਾਵਰੀ)
2. ਮੈਂ ਵਿੱਚ ਰਹੀ ਨਾ ਮੈਂਡੀ ਕਾਈ

ਮੈਂ ਵਿਚਿ ਰਹੀ ਨਾ ਮੈਂਡੀ ਕਾਈ,
ਪਹਿਲੀ ਦ੍ਰਿਸਟਿ ਘੜੋਟਾ ਭੰਨਾ,
ਘੁੰਡਿ ਕਢੇਂਦੀ ਨੂੰ ਤਾਬਿ ਨਾ ਆਈ ।1।ਰਹਾਉ।

ਸੱਜਣ ਮੈਂਡਾ ਅਖੀਆਂ ਵਿੱਚ ਵਸਦਾ,
ਮੂਲਿ ਨਾ ਦੇਇ ਦਿਖਾਈ ।1।
ਵਲੀ ਰਾਮ ਦੀ ਪ੍ਰੀਤਿ ਅਨੋਖੀ,
ਮੈਂ ਤਨ ਮਹੀਏਂ ਲਾਈ ।2।
(ਰਾਗੁ ਆਸਾਵਰੀ)
3. ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ

ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ,
ਆਹੀ ਕਢਣਿ ਤੇ ਨੀਰ ਪਲਟਣਿ,
ਹੰਝੂ ਮੂੰਹ ਧੋਵਣ ਦੀ ।1।ਰਹਾਉ।

ਨੇਹੁ ਲਗਾਵਣ ਤੇ ਹਾਲ ਵੰਞਾਵਣ,
ਸੁਗੰਦ ਖਾਵਣ ਸੋਵਣ ਦੀ ।1।
ਵਲੀ ਰਾਮ ਦੀ ਪ੍ਰੀਤ ਅਨੋਖੀ,
ਵਲੀ ਰਾਮੁ ਹੋਵਣ ਦੀ ।2।
(ਰਾਗ ਦੇਵ ਗੰਧਾਰੀ)
4. ਲਗਾ ਨੇਹ ਤੈਂਡੇ ਨਾਲ

ਲਗਾ ਨੇਹ ਤੈਂਡੇ ਨਾਲ,
ਕੰਨੀ ਨ ਸੁਣੀਂਦੀ ਗਾਲ,
ਰਤੀ ਨਾ ਰਹੀਆ ਸੰਭਾਲ,
ਗਲੀਆਂ ਵਿੱਚ ਵੈਨੀਆਂ ਭੁਲਿ ਕਰ ।1।ਰਹਾਉ।

ਰਲਕੇ ਸਈਆਂ ਪੁਛਨ ਆਈਆਂ,
ਤੁਸੀਂ ਭੀ ਕਹੀ ਦੀਆਂ ਜਾਈਆਂ,
ਕਖੀ ਭਾਇ ਛਪਾਵਣ ਆਈਆਂ,
ਰਾਂਝਨ ਮੈਂ ਕੀਤੀ ਬਾਂਦੀ ਮੁਲ ਕਰਿ ।1।
ਛਡੇ ਨੀ ਮੈਂ ਭਾਈ ਤੋਈ,
ਕਿਆ ਮਸਲਾਹਿਤ ਦੇਵੈ ਕੋਈ,
ਜੈਂਦੇ ਦਰਦ ਨਿਮਾਨੀ ਹੋਈ,
ਨਾਮੁ ਤਹੀਦਾ ਲੈਸਾਂ ਖੁਲ ਕਰਿ ।2।
ਵਲੀ ਜੀਵਣ ਪਿਆਰੇ ਸੇਤੀ,
ਹੋੜੇ ਆਈਆਂ ਬਾਬਲ ਕੇਤੀ,
ਜੀਓ ਨ ਰਹੈ ਰਤੀ ਜੇਤੀ,
ਰਾਂਝਨ ਡਹੂੰ ਮੈਂ ਵੈਸਾਂ ਜੁਲਿ ਕਰਿ ।3।
(ਰਾਗ ਜੈਜਾਵੰਤੀ)

(ਭਾਇ=ਅੱਗ, ਮਸਲਾਹਿਤ=ਸਲਾਹ)
5. ਦਰਦਵੰਦਾਂ ਨਾਲ ਜਾਲਨਿ ਦੋਖਾ

ਦਰਦਵੰਦਾਂ ਨਾਲ ਜਾਲਨਿ ਦੋਖਾ,
ਬੇ ਦਰਦਾਂ ਥੀਂ ਦੇਈਂ ਸਾਈਂ ਗੋਸ਼ਾ ।1।ਰਹਾਉ।

ਦਰਦਵੰਦਾਂ ਨਾਲ ਮਿਲਨਾ ਰਹਿਨਾ,
ਰਾਹਿ ਕਠਨ ਹੋਵੇ ਸਭ ਸਉਖਾ ।1।
ਦਰਦਵੰਦਾਂ ਦੇ ਦਾਵਣਿ ਲਗਿਆਂ,
ਮਿਟਿ ਗਇਆ ਜਮ ਦਾ ਧੋਖਾ ।2।
ਦਰਦਵੰਦਾਂ ਦੀ ਸਾਵੀ ਖੇਤੀ,
ਕਦੀ ਨਾ ਥੀਂਦਾ ਸੋਕਾ ਵੇ ਲੋਕਾ ।3।
ਇਸ਼ਕੇ ਦੀ ਭਰਿ ਖਾਰੀ ਚਾਈਆ,
ਦਰਿ ਦਰਿ ਦੇਨੀਆਂ ਹੋਕਾ ਵੇ ਲੋਕਾ ।4।
ਦਰਦਵੰਦਾਂ ਦੇ ਦਰਦ ਪੁਰ ਧੂੰਏਂ,
ਧੁਖਦੇ ਸੰਝ ਸਬਾਹੀਂ ਲੋਕਾ ।5।
................................,
ਗੁਜ਼ਰ ਗਈ ਗੁਜਰਾਨ ਵੇ ਲੋਕਾ ।6।
ਵਲੀ ਰਾਮ ਸੁਖ ਦਰਦ ਵੰਦਾਂ ਨੂੰ,
ਆਦਿ ਜੁਗਾਦਿ ਚਿਰੋਕਾ ਵੇ ਲੋਕਾ ।7।
(ਰਾਗ ਸੂਹੀ)
6. ਸੁਣਿ ਯਾਰ ਗੁਮਾਨੀ ਵੋ

ਸੁਣਿ ਯਾਰ ਗੁਮਾਨੀ ਵੋ,
ਇਨ੍ਹੀਂ ਗਲੀਂ ਸਾਨੂੰ ਤਾਰਦਾ ।1।ਰਹਾਉ।

ਨੈਣਾਂ ਦੀ ਨਾਵ ਕਰੇ ਸੋ ਲਾਂਘੇ,
ਡੂੰਘਾ ਘਾਟਿ ਪਿਆਰ ਦਾ ।1।
ਰਾਤਿ ਅੰਧੇਰੀ, ਗਲੀਏ ਚਿਕੜ,
ਮੈਂ ਭਰਵਾਸਾ ਯਾਰ ਦਾ ।2।
ਕੜਕਣ ਕਪਰ ਤੇ ਸੂਕਨ ਬਿਸੀਅਰ,
ਮੈਂ ਭਰਵਾਸਾ ਯਾਰ ਦਾ ।3।
ਵਲੀ ਰਾਮੁ ਰਸ ਭਿੰਨੜਾ ਢੋਲਨੁ,
ਨਦਰੀ ਪਾਰਿ ਉਤਾਰਦਾ ।4।
(ਰਾਗ ਰਾਮਕਲੀ)
7. ਪ੍ਰੀਤਿ ਲਗੀ ਘਰਿ ਵੰਞਣੁ ਕੇਹਾ

ਪ੍ਰੀਤਿ ਲਗੀ ਘਰਿ ਵੰਞਣੁ ਕੇਹਾ,
ਆਉ ਸੱਜਣ ਬਹਿ ਕੋਲ ਅਸਾਡੇ,
ਬਹੁਤੁ ਮੁਰਾਦ ਨੈਣਾ ਦੀ ਏਹਾ ।1।ਰਹਾਉ।

ਸਿਕਨਿ ਤਪਣਿ ਤੇ ਦਿਲ ਖੱਸਣਿ,
ਨੇਹੁ ਤੁਸਾਡੇ ਦੀ ਆਦਤ ਏਹਾ ।1।
ਵਲੀ ਰਾਮ ਰਸ ਭਿੰਨੜਾ ਖੇਡੈ,
ਮੈਂ ਨਾਲ ਮਿਲੇ ਸੋ ਮੈਂ ਹੀ ਜੇਹਾ ।2।
(ਰਾਗ ਰਾਮਕਲੀ)
8. ਹੁਸਿਆਰ ਰਹੋ ਮਨਿ ਮਾਰੇਗਾ

ਹੁਸਿਆਰ ਰਹੋ ਮਨਿ ਮਾਰੇਗਾ,
ਰੂਪ ਸਰੂਪ ਬਨਾਇ ਦਿਖਾਵੈ,
ਦੇ ਦਗਾ ਕੂਏ ਡਾਰੇਗਾ ।1।ਰਹਾਉ।

ਅਨਿਕ ਰਸ ਕਸ ਭੋਗੁ ਭੁਗਾਵੈ,
ਊਚੈ ਚਾੜਿ ਪਛਾੜੇਗਾ,
ਗ੍ਰਿਹ ਬਨ ਕਹੂੰ ਟਿਕਣ ਨਾ ਦੇਵੈ,
ਲਾਗੀ ਬੇਲ ਉਖਾੜੇਗਾ ।1।
ਸੁਰ ਨਰ ਮੁਨ ਜਨੁ ਮਾਰਿ ਬਿਡਾਰੇ,
ਐਸਾ ਪੂਤ ਸੁਨਾਰੇ ਕਾ,
ਵਲੀ ਰਾਮ ਜੋ ਮਨ ਕੋ ਮਾਰੇ,
ਮਨ ਮਾਰੇ ਜਨਮੁ ਸਵਾਰੇਗਾ ।2।
(ਰਾਗ ਰਾਮਕਲੀ)
9. ਕੇਹੇ ਨਾਲਿ ਨੇਹੁੰ ਲੱਗਾ

ਕੇਹੇ ਨਾਲਿ ਨੇਹੁੰ ਲੱਗਾ,
ਮੇਰੀ ਬੁਕਲ ਵਿਚਿ ਬਿਗਾਨਾ,
ਦਿਲ ਵਿਚਿ ਵਸੇ ਦਿਲ ਲਹੇ ਨ ਮੂਲੇ,
ਮੈਂ ਇਤੇ ਹਾਲ ਦਿਵਾਨਾ ।1।ਰਹਾਉ।

ਇਕਤੇ ਵੇੜੇ ਮਿਲਨ ਨਾ ਹੋਵੈ,
ਮੈਂ ਕਮਲੀ ਸਹੁ ਦਾਨਾ,
ਵਲੀ ਰਾਮ ਰਸ-ਭਿੰਨੜਾ ਖੇਡੈ,
ਹਉ ਵਿਚਿ ਰਖਿਆ ਬਹਾਨਾ ।2।
(ਰਾਗ ਰਾਮਕਲੀ)
10. ਅਨੀ ਸਈਓ ਪ੍ਰੇਮ ਪੀਐ ਦਾ ਏਹੋ ਹਾਲ

ਅਨੀ ਸਈਓ ਪ੍ਰੇਮ ਪੀਐ ਦਾ ਏਹੋ ਹਾਲ ।1।ਰਹਾਉ।

ਰਾਤੀ ਦਿਨੇ ਨੈਨੀ ਨੀਂਦ ਨ ਆਵੈ,
ਜਾਲਮੁ ਬਿਰਹੋ ਮੈਂ ਸੱਟੀ ਬਾਲੁ ।1।

ਇਕੁ ਪਲੁ ਨਜਰਿ ਨ ਆਵੈ ਪਿਆਰਾ,
ਤਾਂ ਅਸਾਂ ਨਿਮਾਣਿਆਂ ਦਾ ਕਉਣ ਹਵਾਲੁ ।2।
ਜਿਸ ਵਲੁ ਨਜਰ ਕਰੈ ਮੇਰਾ ਪਿਆਰਾ,
ਤਿਸੁ ਦਾ ਮੂਲੁ ਨ ਛੁਟਦਾ ਖ਼ਿਆਲੁ ।3।
ਵਲੀ ਰਾਮ ਦਾ ਨੇਹੁ ਅਣੋਖਾ,
ਰਖਦਾ ਹਾਲ ਹਵਾਲਿ ਵਿਚਿ ਹਾਲ ।4।
(ਰਾਗ ਪਰਜੁ)
11. ਅਸਾਂ ਰੰਗ ਗੂੜਾ ਲਗਾ ਸਚੇ ਸਾਈਂ ਦੇ ਨਾਲਿ

ਅਸਾਂ ਰੰਗ ਗੂੜਾ ਲਗਾ, ਸਚੇ ਸਾਈਂ ਦੇ ਨਾਲਿ,
ਕੈ ਨਾਲਿ ਮਿਲੀ ਵਿਛੋੜੀ ਕੈ ਨਾਲਿ,
ਰਹੀ ਨ ਸੁਰਤਿ ਸੰਭਾਲਿ ।1।ਰਹਾਉ।

ਸੱਜਣੁ ਮੈਂਡਾ ਮਹੀਏਂ ਵੋ ਸਜਣ,
ਡਿੱਠਾ ਅਜਬ ਖ਼ਿਆਲਿ ।1।
ਅੰਦਰਿ ਬਾਹਰਿ ਇਕੋ ਡਿੱਠਾ,
ਚੁੱਕੇ ਸਭ ਜੰਜਾਲ ।2।
ਆਪੁ ਵੰਞਾਇਆ ਵਲੀ ਰਾਮ ਲੱਧਾ,
ਸਚੜੀ ਹੋਈ ਭਾਲ ।3।
(ਰਾਗ ਕਿਦਾਰਾ)
12. ਅਬ ਨਾ ਧਿਆਵੈ ਗੋ, ਤਉ ਕਬ ਧਿਆਵੈ ਗੋ

ਅਬ ਨਾ ਧਿਆਵੈ ਗੋ, ਤਉ ਕਬ ਧਿਆਵੈ ਗੋ,
ਮਾਨਸ ਜਨਮੁ ਮੂੜੇ ਕਬ ਪਾਵੈ ਗੋ ।1।ਰਹਾਉ।

ਚਉਰਾਸੀ ਕੇ ਫੇਰੁ ਪਸੁ ਜੋਨਿ ਆਵੈ ਗੋ,
ਜਿਹਬਾ ਹੀਨ ਬੁਧਿ ਹੀਨ, ਕੈਸੇ ਗੁਣ ਗਾਵੈ ਗੋ ।1।
ਆਜੁ ਕਛੁ ਕਰਿ ਲੇ, ਕਾਲਿ ਪਛਤਾਵੈ ਗੋ,
ਸਰਹੈ ਨ ਏਕੈ ਕਾਜ, ਬਾਦੈਂ ਬਿਲਲਾਵੈ ਗੋ ।2।
ਅਪਨੀ ਉਕਤਿ ਮਨ ਮਤ ਮਗ ਧਾਵੈ ਗੋ,
ਆਸੁ ਪਾਸੁ ਫੰਧਿਓ ਆਪਿ ਕੈਸੇ ਕੈ ਕੈ ਛੁਡਾਵੈ ਗੋ ।3।
ਵਲੀ ਨਿਜ ਰਾਮੁ ਰਾਮੁ ਰਾਮੁ ਲਿਵ ਲਾਵੈ ਗੋ,
ਐਸੇ ਭਰਮੁ ਜਨਮ ਮਰਨ ਕੋ ਮਿਟਾਵੈ ਗੋ ।4।
(ਰਾਗ ਕਾਨੜਾ)
13. ਜਾਂ ਮੈਂ ਪੈਂਧਾ ਪ੍ਰੇਮ ਪਟੋਲਾ

ਜਾਂ ਮੈਂ ਪੈਂਧਾ ਪ੍ਰੇਮ ਪਟੋਲਾ
ਤਾਂ ਮੁਖ ਲੱਥੀ ਲੋਈ ।1।
ਅਖੀਆਂ ਅਗੇ ਆਇ ਖਲੋਤੀ,
ਸੂਰਤਿ ਸਯਾਮ ਸਲੋਈ ।2।
ਅੰਦਰਿ ਬਾਹਰਿ ਮੈਂਡੇ ਸਯਾਮ ਰਵਿਆ,
ਮੈਂ ਸਯਾਮ ਮਈ ਸਭ ਹੋਈ ।3।
ਵਲੀ ਰਾਮ ਮੈਂ ਸਯਾਮ ਹੁਇ ਨਿਬੜੀ,
ਮੈਨੂੰ ਸਯਾਮ ਕਹੋ ਸਭ ਕੋਈ ।4।
14. ਕਰਣੀ ਫਕੀਰੀ ਤਾਂ ਕੇਹੀ ਦਿਲਗੀਰੀ

ਕਰਣੀ ਫਕੀਰੀ ਤਾਂ ਕੇਹੀ ਦਿਲਗੀਰੀ,
ਸਦਾ ਭਜਨ ਮੋ ਰਹਣਾ ।1।
ਬੁਰੀ ਭਲੀ ਦੋਊ ਮਨ ਤੇ ਡਾਰੈ,
ਦੁਖ ਸੁਖ ਸਮ ਕਰਿ ਸਹਣਾ ।2।
ਜੇਹੀ ਬਨੇ ਤੇਹੀ ਸਿਰਿ ਮਾਨੈ,
ਹਾਲ ਨ ਕਿਸ ਸੋਂ ਕਹਣਾ ।3।
ਵਲੀ ਰਾਮ ਰਸ ਭਿੰਨੜਾ ਢੋਲਣੁ,
ਦਿਲਬਰ ਦਿਲ ਵਿਚਿ ਰਹਣਾ ।4।
(ਰਾਗ ਬਿਲਾਵਲ)
15. ਸਜਣ ਤੇਰੇ ਵਾਰਣੇ ਜਾਈਂ

ਸਜਣ ਤੇਰੇ ਵਾਰਣੇ ਜਾਈਂ,
ਤੈਨੂੰ ਕਿਆ ਸਾਲਾਹੀਂ ।1।
ਮੈਂ ਤੇ ਸੱਜਣ ਇਕੋ ਨੀ ਗੱਲਾਂ,
ਦਿਲ ਦੇ ਹਥਿ ਸਨੇਹੇ ਘੱਲਾਂ ।
ਤੈਥੋ ਘੋਲ ਘੁਮਾਇ ਵਤਾਈਂ,
ਸਜਣ ਤੇਰੇ ਵਾਰਣੇ ਜਾਈਂ ।2।
ਮੈਂ ਤੇ ਸੱਜਣ ਨੇਹੁ ਘਣੇਰਾ,
ਲੂੰ ਲੂੰ ਅੰਦਰਿ ਤਿਸਦਾ ਡੇਰਾ ।
ਜੀਵਾਂ ਮੈਂ ਉਨਹੀ ਉਮਾਹੀਂ,
ਸਜਣ ਤੇਰੇ ਵਾਰਣੇ ਜਾਈਂ ।3।
ਵਲੀ ਰਾਮ ਦਾ ਨੇਹੁ ਅਵੇਹਾ,
ਮੈਂ ਨਾਲਿ ਮਿਲਿਆ ਸੋ ਮਹੀਏਂ ਜੇਹਾ ।
ਗੱਲ ਆਖਣ ਦੀ ਨਾਹੀ,
ਸਜਣ ਤੇਰੇ ਵਾਰਣੇ ਜਾਈਂ ।4।
(ਰਾਗ ਸੂਹੀ)
16. ਭਲਿਆ ! ਲਗੀਆਂ ਦਾ ਪੰਥ ਨਿਆਰਾ

ਭਲਿਆ ! ਲਗੀਆਂ ਦਾ ਪੰਥ ਨਿਆਰਾ ।1।
ਸਭ ਮਹਿ ਰਵਿ ਰਹਿਆ ਪ੍ਰਭੁ ਏਕੋ
ਜਹਿ ਦੇਖਉ ਤਹਿੰ ਪਿਆਰਾ ।2।
ਤੈਂ ਜੇਹਾ ਮੈਨੂੰ ਕੋਇ ਨ ਦਿਸਦਾ,
ਢੂੰਡਿ ਫਿਰੀ ਜਗ ਸਾਰਾ ।3।
ਇਕਸੁ ਨੂੰ ਦੇਖਿ ਇਕਸੁ ਵਲ ਲਗੀਆਂ,
ਜਗਮਗ ਜੋਤਿ ਅਪਾਰਾ ।4।
ਵਲੀ ਰਾਮ ਰਸ ਭਿੰਨੜਾ ਢੋਲਣ,
ਸਾਚੇ ਅਲਖ ਅਪਾਰਾ ।5।
(ਰਾਗ ਝੰਜੋਟੀ)
17. ਆਵਹੁ ਨੀ ਸਹੇਲੀਓ ਮੈਂ ਮਸਲਤਿ ਪੁਛਦੀ ਤੁਸਾਂ

ਆਵਹੁ ਨੀ ਸਹੇਲੀਓ ਮੈਂ ਮਸਲਤਿ ਪੁਛਦੀ ਤੁਸਾਂ ।
ਚਿਰ ਪਿਛੋਂ ਘਰਿ ਰਾਂਝਣ ਆਇਆ,
ਮਿਲਾਂ ਕਿ ਪਹਿਲਾਂ ਰੁੱਸਾਂ ।1।ਰਹਾਉ।
ਅਉਂਸੀਆਂ ਪਾਉਂਦਿਆਂ ਕਾਗ ਉਡਾਉਂਦਿਆਂ,
ਪੰਡਤ ਜਿਸਨੋ ਪੁਛਾਂ ।
ਮਿਲਣ ਮੁਨਾਸਬ ਮੈਂਡਾ ਸਈਓ,
ਇਦੂੰ ਗੱਲਹੁੰ ਕਿਉਂ ਘੁਸਾਂ ।
ਵਲੀ ਰਾਮ ਘਰਿ ਰਾਂਝਣ ਆਇਆ,
ਮਿਲਾਂ ਨਹੀਂ ਤਾਂ ਮੁਸਾਂ ।2।
(ਰਾਗ ਆਸਾਵਰੀ)
18. ਸਜਣ ਤੂ ਹੀ ਹੈਂ ਮੈਂ ਨਾਹੀ

ਸਜਣ ਤੂ ਹੀ ਹੈਂ ਮੈਂ ਨਾਹੀ ।1।ਰਹਾਉ।
ਖੂਹੇ ਦੇ ਪਰਛਾਵੇਂ ਵਾਂਗੂੰ,
ਘੁੰਮਕ ਰਹਿਓ ਮਨੁ ਮਾਹੀ ।1।
ਪ੍ਰੇਮ ਦੇ ਬਾਣ ਲਗੇ ਮਨੁ ਮੇਰੇ,
ਖਿਚਿ ਭਿ ਨਿਕਸਨ ਨਾਹੀ ।2।
ਬਿਰਹੁ ਤੁਸਾਡੇ ਘਾਇਲ ਕੀਤੀ,
ਕਰਦਾ ਬੇਪਰਵਾਹੀ ।3।
ਵਲੀਰਾਮ ਇਹੁ ਪ੍ਰੀਤਿ ਚਿਰੋਕੀ,
ਅੱਜ ਅਜੋਕੀ ਨਾਹੀ ।4।
(ਰਾਗ ਕਾਫੀ)
19. ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ

ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ,
ਵਿਚਿ ਹਰਿਜਨ ਲੇਟਿ ਰਹਿਆ ।1।ਰਹਾਉ।
ਆਪੇ ਫੁਲ ਆਪੇ ਖੁਸ਼ਬੋਈ,
ਆਪਿ ਭਉਰ ਹੋਇ ਬਾਂਧ ਲਇਆ ।1।
ਆਪ ਮਹਿਬੂਬ ਆਪ ਹੀ ਆਸ਼ਕ,
ਆਪ ਤਮਾਸ਼ਾ ਆਪ ਗਇਆ ।2।
ਆਪੇ ਕਥਿ ਕਥਿ ਬੈਠਾ ਵੇਖਹਿ,
ਇਵ ਵਲੀਰਾਮ ਦਾ ਨਾਉਂ ਭਇਆ ।3।
(ਰਾਗ ਸਿਰੀ ਰਾਗ)
20. ਜੋਗੀ ! ਤੈਂ ਮਨ ਕੇ ਕਾਨ ਨ ਫਾਰੇ

ਜੋਗੀ ! ਤੈਂ ਮਨ ਕੇ ਕਾਨ ਨ ਫਾਰੇ ।1।
ਤਨ ਕੇ ਕਾਨ ਫਾਰ ਕੈ ਯੌਂ ਹੀ,
ਅਪਨਾ ਆਪਿ ਬਿਗਾਰੇ ।2।
ਬ੍ਰਹਮ ਗਿਆਨ ਕੀ ਮੁੰਦ੍ਰਾ ਛਾਡੀ,
ਭੂਲਿ ਫਟਕ ਕੀ ਡਾਰੇ ।3।
ਰਿਧਿ ਸਿਧਿ ਕਉ ਢੂੰਡਤ ਡੋਲਹਿੰ,
ਹਉਮੈ ਨਾਹਿ ਬਿਸਾਰੇ ।4।
ਸੁਧ ਅਖੰਡ ਅਕ੍ਰਯ ਨਹਿ ਜਾਨਯੋ,
ਜੋਗ ਜੁਗਤਿ ਚਿਤਿ ਧਾਰੇ ।5।
ਵਲੀ ਪਰਮ ਪਦ ਤਬਹੀ ਪਾਵਹਿ,
ਜਬ ਯਹ ਰੋਗ ਨਿਵਾਰੇ ।6।
(ਰਾਗ ਸੋਰਠਿ)