ਕੁੜੀ ਪੋਠੋਹਾਰ ਦੀ

ਵਿਕੀਸਰੋਤ ਤੋਂ
Jump to navigation Jump to search

ਕੁੜੀ ਪੋਠੋਹਾਰ ਦੀ


ਸਿਰ ਤੇ ਚੁੱਕੀ ਪੰਡ ਘਾਹ ਦੀ
ਪੈਲਾਂ ਪਾਂਦੀ, ਝੋਲੇ ਖਾਂਧੀ
ਆਈ ਕੁੜੀ ਪੋਠੋਹਾਰ ਦੀ ।


ਸਾਵੇ ਸਾਵੇ ਘਾਹ ਦੇ ਥੱਬੇ
ਵਿਚ ਵਿਚ ਝਾਕਣ ਨੀਲੇ ਪੀਲੇ
ਫੁੱਲ ਪਟਾਕੀ ਤੇ ਸਰਹੋਂ ਦੇ
ਹਰੀਆਂ ਹਰੀਆਂ ਲੰਮੀਆਂ ਲੰਮੀਆਂ
ਘਾਹ ਦੀਆਂ ਤਣੀਆਂ
ਲ਼ਮਕ ਲਮਕ ਕੇ ਮੂੰਹ ਤੇ ਪਈਆਂ
ਘੂੰਗਟ ਵਾਂਗੂੰ;
ਐਸਾ ਜਾਲ ਉਹਨਾਂ ਬੁਣਿਆਂ
ਝਲਕ ਨਾ ਪਈ ਨੁਹਾਰ ਦੀ


ਖਿਗੜੀਆਂ ਵਾਲੀ ਸੁੱਥਣ ਕੁੰਜ ਕੇ
ਫੜ ਕੇ ਮੇਰੀ ਬਾਂਹ
ਠਿੱਲ ਪਈ ਵਿਚ ਸੁਹਾਂ, ਕੁੜੀ ਪੋਠੋਹਾਰ ਦੀ
ਗਿੱਟਿਆਂ ਤਾਣੀ, ਗੋਡਿਆਂ ਤਾਣੀ
ਲੱਕ ਲੱਕ ਤਾਣੀ ਚੜ ਗਿਆ ਪਾਣੀ
ਲੱਕ ਲੱਕ ਤਾਣੀ ਗੋਡਿਆਂ ਤਾਣੀ
ਗਿੱਟਿਆਂ ਤਾਣੀ ਲਹਿ ਗਿਆਂ ਪਾਣੀ
ਅੰਬੀ ਲੁਕੀ ਕੋਇਲ ਵਾਂਗੂੰ
“ਵੀਰਾ ਜੀਨਾ ਰਹੇ” ਆਖ ਕੇ
ਛੱਡ ਗਈ ਮੇਰੀ ਬਾਂਹ
ਕੁੜੀ ਪੋਠੋਹਾਰ ਦੀ ।


ਰੇਤੇ ਉੱਤੇ, ਪੰਛੀ ਵਾਂਗਰ
ਪੈਰਾਂ ਦੀ ਜ਼ੰਜ਼ੀਰੀ ਟੁਕਦੀ
ਢੱਕੀ ‘ਤੇ ਚੜ ਗਈ ਕੁੜੀ ਪੋਠੋਹਾਰ ਦੀ
ਲ਼ੰਮਾ ਪਤਲਾ ਬੁੱਤ ਉਸਦਾ
ਬ੍ਰਿੱਛਾਂ ਦੇ ਵਿਚ ਬ੍ਰਿੱਛ ਹੋ ਗਿਆ
ਨਾ ਉਸ ਤੱਕਿਆ ਮੂੰਹ ਮੇਰੇ ਨੂੰ
ਨਾ ਮੈਂ ਤੱਕਿਆ ਮੂੰਹ ਉਸ ਦੇ ਨੂੰ
ਪਰ ਹਾਲੇ ਨਾ ਭੁੱਲੇ ਮੈਨੂੰ
ਉਸ ਦੀ ਇਕ ਛੋਹ ਪਿਆਰ ਦੀ


ਹੁਣ ਵੀ ਜਦ ਫਿਕਰਾਂ ਦਾ ਪਾਣੀ
ਗ਼ਮਾਂ ਦੁੱਖਾਂ ਹੰਝੂਆਂ ਦਾ ਪਾਣੀ
ਚੜਦਾ ਆਵੇ ਲੱਕ ਲੱਕ ਤਾਣੀ
ਗਲ ਗਲ ਤਾਣੀ ਸਿਰ ਸਿਰ ਤਾਣੀ
ਝੱਗ ਵਗਾਂਦਾ, ਪੈਰ ਉਖੜਾਂਦਾ
ਸਿਰ ਤੇ ਚੁੱਕੀ ਪੰਡ ਘਾਹ ਦੀ
ਪੈਲਾਂ ਪਾਂਦੀ ਝੋਲੇ ਖਾਦੀ
‘ਵੀਰਾ ਜੀਨਾ ਰਹੇਂ’ ਬੁਲਾਂਦੀ
ਗ਼ਮ-ਲਹਿਰਾਂ ਵਿਚ ਘੇਰੀ ਬਾਂਹ
ਤੇ ਧੂੰਹਦੀ ਧੂੰਹਦੀ ਲਾ ਜਾਏ ਮੈਨੂੰ ਪਾਰ
ਕੁੜੀ ਪੋਠੋਹਾਰ ਦੀ।