ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਨਣਦ-ਭਰਜਾਈ

ਵਿਕੀਸਰੋਤ ਤੋਂ

ਨਣਦ ਭਰਜਾਈ
860
ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ
861
ਮੇਰੀ ਨਣਦ ਚੱਲੀ ਮੁਕਲਾਵੇ
ਗੋਭੀ ਦੇ ਫੁੱਲ ਵਰਗੀ
862
ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
863
ਮੇਰੀ ਨਣਦ ਗਈ ਮੁਕਲਾਵੇ
ਦੁੱਧ ਵਾਂਗੂੰ ਰਿੜਕ ਸੁੱਟੀ
864
ਨਣਦੇ ਮੋਰਨੀਏਂ
ਤੇਰੇ ਮਗਰ ਬੰਦੂਕਾਂ ਵਾਲੇ
865
ਨਣਦੇ ਮੋਰਨੀਏਂ
ਘੜਾ ਵਿੱਚ ਮੁੰਡਿਆਂ ਦੇ ਭੰਨਿਆ
866
ਭਾਬੋ ਮੇਰੇ ਵਸ ਨਾ ਰਹੀ
ਘੜਾ ਫੁਟ ਗਿਆ ਸੁੱਥਣ ਪਟ ਹੋਗੀ
867
ਚਿੱਟੇ ਗੂਠੜੇ ਦੁਖੱਲੀ ਜੁੱਤੀ ਪਾ ਕੇ
ਕਿੱਥੇ ਚੱਲੀ ਬੀਬੀ ਨਣਦੇ
868
ਹੱਥ ਪੂਣੀਆਂ ਢਾਕ ਤੇ ਚਰਖਾ
ਤ੍ਰਿੰਜਣੀਂ ਕੱਤਣ ਚੱਲੀ
869
ਮਿਹਣੇ ਮਾਰੇ ਨਾ ਕੁਪੱਤੀਏ ਨਣਦੇ
ਲਾਗਲੇ ਸ਼ਰੀਕ ਸੁਣਦੇ

870
ਆਪਣਾ ਕੀ ਲੈ ਗਿਆ ਨਣਦੇ
ਮੁੰਡਾ ਉੱਠ ਗਿਆ ਪੈਂਦ ਤੇ ਬਹਿ ਕੇ
871
ਚੰਦਰੇ ਘਰਾਂ ਦੀਆਂ ਆਈਆਂ
ਭੈਣਾਂ ਨਾਲੋਂ ਭਾਈ ਤੋੜ ਲੇ
872
ਭੰਨਤਾ ਚੱਕੀ ਦਾ ਹੱਥੜਾ
ਨਣਦ ਬਛੇਰੀ ਨੇ
873
ਨਣਦੇ ਦੁਖ ਦੇਣੀਏ
ਤੈਨੂੰ ਤੋਰ ਕੇ ਕਦੇ ਨੀ ਨੌਂ ਲੈਣਾ
874
ਨਣਦੇ ਜਾ ਸਹੁਰੇ
ਭਾਮੇਂ ਲੈ ਜਾ ਕੰਨਾਂ ਦੇ ਵਾਲੇ
875
ਭਾਈ ਭਾਓ ਦੇ
ਭਰਜਾਈਆਂ ਲੁੱਟਣ ਖਾਣ ਦੀਆਂ
876
ਜੁੱਗ ਜੁੱਗ ਜਿਊਣ ਸਕੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ