ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਬਾਬਲ ਧੀ

ਵਿਕੀਸਰੋਤ ਤੋਂ

ਬਾਬਲ -ਧੀ
463
ਵਿਆਹ ਦੇ ਬਾਪੂ ਕੂਕਿਆਂ ਦੇ
ਜਿੱਥੇ ਮੰਨਣੇ ਨਾ ਪੈਣ ਜਠੇਰੇ
464
ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ
ਘਰ ਦਾ ਮਾਲ ਡਰੂ
465
ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਓਹ ਵਰ ਟੋਲੀਂ ਬਾਬਲਾ
466
ਬਾਪੂ ਮੇਰੇ ਹਾਣ ਦਾ ਮੁੰਡਾ
ਖੰਨੇ ਦੇ ਕਾਲਜ ਵਿੱਚ ਪੜ੍ਹਦਾ
467
ਅੱਖਾਂ ਕੱਚੀਆਂ ਉਮਰ ਦਾ ਨਿਆਣਾ
ਮੇਰੇ ਨਾ ਪਸੰਦ ਬੱਚੀਏ
468
ਬਾਪੂ ਮੇਰਾ ਵਿਆਹ ਕਰ ਦੇ
ਨਹੀਂ ਉਡਜੂੰ ਕਬੂਤਰੀ ਬਣ ਕੇ
469
ਮੇਰੇ ਹਾਣਦੀਆਂ ਕੁੜੀਆਂ ਦੇ ਮੁਕਲਾਵੇ
ਬਾਪੂ ਮੇਰਾ ਵਿਆਹ ਨਾ ਕਰੇ
470
ਅਣਦਾਹੜੀਆ ਢੁਕਿਆ ਘਰ ਤੇਰੇ
ਨੱਤੀਆਂ ਕਰਾ ਦੇ ਬਾਬਲਾ
471
ਦਾਹੜੀ ਆਈ ਤੇ ਦਊਂਗਾ ਮੁਕਲਾਵਾ
ਨੱਤੀਆਂ ਦੀ ਪਹੁੰਚ ਨਹੀਂ

472
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮੱਛਲੀ
473
ਪੁੱਤ ਬਣ ਕੇ ਕਮਾਊਂ ਘਰ ਤੇਰੇ
ਮੇਰਾ ਹੱਕ ਦੇ ਦੇ ਬਾਬਲਾ
474
ਪੁਤ ਬਣ ਕੇ ਕਮਾਊਂ ਘਰ ਤੇਰੇ
ਰੱਖ ਲੈ ਕੁਆਰੀ ਬਾਬਲਾ
475
ਹੁੰਦੀਆਂ ਜਗਤ ਨਾਲ ਆਈਆਂ
ਹੱਸ ਹੱਸ ਤੋਰ ਬਾਬਲਾ
476
ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ
ਘਰ ਦਾ ਮਾਲ ਡਰੂ
477
ਦੰਮਾਂ ਦਾ ਕੀ ਲੋਭ ਤੱਕਿਆ
ਰਿੱਛ ਬੰਨ੍ਹਿਆਂ ਸਰਾਹਣੇ ਮੇਰੇ
478
ਉੱਖਲ਼ੀ ਭਰਾ ਲਈ ਬਾਬਲਾ
ਮੇਰੇ ਰੂਪ ਦੀ ਪਰਖ ਨਾ ਕੀਤੀ
479
ਸਾਡੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਬਾਬਲ ਵਰ ਟੋਲਿਆ
480
ਬਾਪੂ ਵੇ ਮੈਂ ਤੂਤ ਦੀ ਛਟੀ
ਲੜ ਰੀਠੜੇ ਜਹੇ ਦੇ ਲਾਈ
481
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ
ਬਾਪੂ ਦੇ ਪਸੰਦ ਆ ਗਿਆ
482
ਧੀਆਂ ਗੋਰੀਆਂ ਜਮਾਈ ਤੇਰੇ ਕਾਲੇ
ਬਾਪੂ ਵੇ ਬਦਾਮੀ ਰੰਗਿਆ
483
ਰੰਗ ਪੁੱਠੇ ਵੇ ਤਵੇ ਤੋਂ ਕਾਲਾ
ਬਾਬਲ ਵਰ ਟੋਲਿਆ

484
ਦੇਖੀਂ ਧੀਏ ਨਿੰਦ ਨਾ ਦਈਂ
ਪੁੱਤ ਬਖਤਾਵਰਾਂ ਦੇ ਕਾਲੇ
485
ਸਾਥੋਂ ਹਾਏ ਨਿੰਦਿਆ ਨਾ ਜਾਵੇ
ਤੇਰੀ ਵੇ ਸਹੇੜ ਬਾਬਲਾ
486
ਨਿੰਦੀਏ ਨਾ ਮਾਲਕ ਨੂੰ
ਭਾਵੇਂ ਹੋਵੇ ਕੰਬਲੀ ਤੋਂ ਕਾਲਾ
487
ਅੱਗੇ ਤੇਰੇ ਭਾਗ ਬੱਚੀਏ
ਲੜ ਬਖਤਾਵਰਾਂ ਦੇ ਲਾਈ
488
ਬਾਪੂ ਭੁੱਖਾ ਤੀਵੀਆਂ ਦਾ
ਜੀਹਨੇ ਧੀ ਦਾ ਦਰਦ ਨਾ ਕੀਤਾ
489
ਨਹੀਂ ਬਾਪੂ ਮੈਂ ਮਰ ਜਾਂ
ਨਹੀਂ ਮਰ ਜੇ ਕੁੜਮਣੀ ਤੇਰੀ
490
ਤੂੰ ਤਾਂ ਧੀਏ ਅੱਜ ਮਰ ਜਾ
ਜਗ ਜੀਵੇ ਕੁੜਮਣੀ ਮੇਰੀ
491
ਮੇਰੀ ਸੱਸ ਦੇ ਚਿਲਕਣੇ ਵਾਲੇ
ਬਾਪੂ ਮੈਨੂੰ ਸੰਗ ਲੱਗਦੀ
492
ਉਹਨੇ ਆਪਣੇ ਸ਼ੌਕ ਨੂੰ ਪਾਏ
ਤੈਨੂੰ ਕਾਹਦੀ ਸੰਗ ਬੱਚੀਏ
493
ਗੋਰੇ ਰੰਗ ਦੀ ਕਦਰ ਨਾ ਪਾਈ
ਬਾਪੂ ਤੇਰੇ ਕੁੜਮਾਂ ਨੇ
494
ਬਾਪੂ ਤੇਰੇ ਕੁੜਮਾਂ ਦੀ
ਕੁੱਤੀ ਮਰਗੀ ਗੱਠੇ ਦਾ ਪੱਤ ਖਾ ਕੇ

495
ਪੀਹੜੀ ਡਾਹ ਕੇ ਬਹਿਜਾ ਬਾਬਲਾ
ਕੀ ਬੋਲਦੇ ਅੰਦਰ ਸੱਸ ਮੇਰੀ
496
ਪੀਹੜੀ ਡਾਹ ਕੇ ਬਹਿਜਾ ਬਾਬਲਾ
ਧੀਆਂ ਰੱਖੀਆਂ ਦੇ ਰੁਦਨ ਸੁਣਾਵਾਂ
497
ਨੰਗੇ ਪੈਰੀਂ ਆਉਣਾ ਬਾਬਲਾ
ਤੇਰੀ ਪੱਚੀਆਂ ਪਿੰਡਾਂ ਦੀ ਸਰਦਾਰੀ
498
ਨੰਗੇ ਪੈਰੀਂ ਆਉਣਾ ਬੱਚੀਏ
ਮੇਰੀ ਬਹੁਤੀਆਂ ਧੀਆਂ ਨੇ ਮੱਤ ਮਾਰੀ
499
ਚਿੱਤ ਲੱਗੇ ਨਾ ਉਦਾਸਲ ਹੋਈ
ਵਿੱਚ ਤੇਰੇ ਮੰਦਰਾਂ ਦੇ
500
ਦੱਬ ਲੀ ਕਬੀਲਦਾਰੀ ਨੇ
ਮੇਰੀ ਗੁੱਡੀਆਂ ਨਾਲ ਖੇਡਣ ਵਾਲੀ
502
ਬਾਪੂ ਤੇਰੇ ਮੰਦਰਾਂ 'ਚੋਂ
ਧੱਕੇ ਦੇਣ ਸਕੀਆਂ ਭਰਜਾਈਆਂ
503
ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਨਣ ਦਾ ਆਵੇ