ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਵਿਛੋੜਾ

ਵਿਕੀਸਰੋਤ ਤੋਂ

ਵਿਛੋੜਾ
908
ਨਹੀਂ ਭੁੱਲਣਾ ਵਿਛੋੜਾ ਤੇਰਾ
ਸੱਭੇ ਦੁੱਖ ਭੁੱਲ ਜਾਣਗੇ
909
ਯਾਰ ਤੁਰ ਗਿਆ ਵਿਛੋੜਾ ਦੇ ਕੇ
ਬੈਠੀ ਰੋਵਾਂ ਚਰਖੇ ਤੇ
910
ਤੰਦ ਤੇਰਿਆਂ ਦੁੱਖਾਂ ਦੀ ਪਾਵਾਂ
ਚਰਖਾ ਮੈਂ ਕੱਤਦੀ
911
ਕਿਤੇ ਹੋਣਗੇ ਸਬਬ ਨਾਲ ਮੇਲੇ
ਅਜ ਦੇ ਵਿਛੜਿਆਂ ਦੇ
912
ਅੱਖਾਂ ਗਹਿਰੀਆਂ ਤੇ ਦਿਲ ਕੁਮਲਾਏ
ਜਿਨ੍ਹਾਂ ਦੇ ਰਾਤੀਂ ਯਾਰ ਵਿਛੜੇ
913
ਗੱਡੀ ਵਿੱਚ ਮੈਂ ਰੋਵਾਂ
ਯਾਰ ਰੋਵੇ ਕਿੱਕਰਾਂ ਦੇ ਓਹਲੇ
914
ਯਾਰ ਰੋਣ ਪਿੱਪਲਾਂ ਦੀ ਛਾਵੇਂ
ਗੱਡੀ ਵਿੱਚ ਮੈਂ ਰੋਵਾਂ
915
ਰੋਂਦੀ ਯਾਰਾਂ ਨੂੰ
ਨਾਂ ਵੀਰੇ ਦਾ ਲੈ ਕੇ
916
ਮੇਰਾ ਪੈਰ ਪਿਛਾਂਹ ਨੂੰ ਜਾਵੇ
ਮਿੱਤਰਾਂ ਦਾ ਪਿੰਡ ਛੱਡ ਕੇ

917
ਮੈਂ ਕਿਵੇਂ ਮੁਕਲਾਵੇ ਜਾਵਾਂ
ਮਿੱਤਰਾਂ ਦਾ ਪਿੰਡ ਛੱਡ ਕੇ
918
ਮੈਨੂੰ ਯਾਦ ਗੱਡੀ ਵਿੱਚ ਆਈਆਂ
ਲੱਗੀਆਂ ਤ੍ਰਿਜਣਾਂ ਦੀਆਂ
919
ਸੱਸੇ ਵੇਖ ਨੀ ਜਵਾਨੀ ਮੇਰੀ
ਮੋੜ ਪੁੱਤ ਆਪਣੇ ਨੂੰ
920
ਮੇਰੇ ਯਾਰ ਦਾ ਵਿਛੋੜਾ ਪਾਇਆ
ਟੁੱਟ ਜਾਏਂ ਰੇਲ ਗੱਡੀਏ
921
ਪੁੱਤ ਮਰਨ ਬਾਬੂਆ ਤੇਰੇ
ਟਿਕਟਾਂ ਕਿਊਂ ਦਿੱਤੀਆਂ
922
ਨਾ ਜਾ ਬਰ੍ਹਮਾਂ ਨੂੰ
ਤੇਰੇ ਲੇਖ ਜਾਣਗੇ ਨਾਲੇ
923
ਪੱਕੀ ਪਕਾਈ ਰਹਿਗੀ ਤਵੇ ਤੇ ਰੋਟੀ
ਬਸਰੇ ਨੂੰ ਤੋਰ ਦਿੱਤਾ
924
ਮੇਰਾ ਲਿਖ ਰੰਡੀਆਂ ਵਿੱਚ ਨਾਵਾਂ
ਬਸਰੇ ਨੂੰ ਜਾਣ ਵਾਲਿਆ
925
ਭਾਗਾਂ ਵਾਲਿਆਂ ਦੇ ਹੋਣ ਮੁਕਲਾਵੇ
ਸਾਡੇ ਭਾ ਦਾ ਮਲ਼ ਪੈ ਗਿਆ
926
ਮੈਂ ਰੰਡੀਓਂ ਸੁਹਾਗਣ ਹੋਵਾਂ
ਜੇ ਬਸਰੇ ਦੀ ਲਾਮ ਟੁੱਟ ਜੇ
927
ਰੰਨਾਂ ਵਾਲੇ ਜੰਗ ਜਿਤਦੇ
ਕਿੱਥੇ ਲਿਖਿਆ ਫਰੰਗੀਆ ਦਸ ਵੇ

928
ਛੜਿਆਂ ਨੂੰ ਲੈ ਜਾ ਲਾਮ ਤੇ
ਜਿੱਤ ਹੋ ਜੂ ਫਰੰਗੀਆ ਤੇਰੀ
929
ਕਟ ਦੇ ਫਰੰਗੀਆ ਨਾਵਾਂ
ਇੱਕੋ ਪੁੱਤ ਮੇਰੀ ਸੱਸ ਦਾ
930
ਚੜ੍ਹ ਗਿਆ ਡਾਕ ਗੱਡੀ
ਮੈਨੂੰ ਦੇ ਗਿਆ ਜੱਕੇ ਦਾ ਭਾੜਾ
931
ਤੇਰੇ ਨਾਲ ਨੀ ਤਲੰਗਿਆ ਜਾਣਾ
ਛੱਡ ਜਾਏਂ ਟੇਸਣ ਤੇ
932
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਛੁੱਟੀ ਲੈ ਕੇ ਆ ਜਾ ਨੌਕਰਾ
933
ਤੇਰਾ ਲੱਗੇ ਨਾ ਲਾਮ ਵਿੱਚ ਨਾਵਾਂ
ਬਿਨ ਮੁਕਲਾਈ ਛੱਡ ਵੇ ਗਿਆ
934
ਕੱਚੀ ਨੌਕਰੀ ਕੀ ਪਾਰ ਲਖਾਉਣਾ
ਛੁੱਟੀ ਲੈ ਕੇ ਆ ਜਾ ਨੌਕਰਾ
935
ਕਿਹੜੀ ਛਾਉਣੀ ਲਵਾ ਲਿਆ ਨਾਵਾਂ
ਚਿੱਠੀਆਂ ਬਰੰਗ ਭੇਜਦੈਂ
936
ਮੇਰੇ ਮਾਹੀ ਦਾ ਸੁਨੇਹਾ ਲੈ ਜਾ
ਬਸਰੇ ਨੂੰ ਜਾਣ ਵਾਲਿਆ
937
ਡਾਕੀਏ ਨੂੰ ਦੋਸ਼ ਦਿੰਨੀ ਏਂ
ਤੇਰਾ ਸ਼ਾਮ ਚਿੱਠੀਆਂ ਨਾ ਪਾਵੇ
938
ਚਿੱਠੀਆਂ ਕਿਧਰ ਨੂੰ ਪਾਵਾਂ
ਦੱਸ ਕੇ ਨਾ ਗਿਆ ਮਿੱਤਰਾ

939
ਚਿੱਠੀ ਇਕ ਨਾ ਦਰਦ ਦੀ ਆਈ,
ਕਾਗਤਾਂ ਦਾ ਰੁੱਗ ਆ ਗਿਆ
940
ਚਿੱਠੀ ਕਿਹੜੇ ਹੌਸਲੇ ਪਾਵਾਂ
ਦੇਮੇਂ ਨਾ ਜਵਾਬ ਸੁਹਣੀਏਂ
941
ਕਾਗਜ਼ਾਂ ਨਾਲ ਘਰ ਭਰਤਾ
ਕਦੇ ਆਉਣ ਦੀ ਚਿੱਠੀ ਨਾ ਪਾਈ
942
ਹਾਰ ਜਾਏਂ ਜਰਮਨੀਆਂ
ਮੇਰਾ ਸਿੰਘ ਕੈਦ ਜਿਨ ਕੀਤਾ
943
ਕੈਦਾਂ ਉਮਰ ਦੀਆਂ
ਕੰਤ ਜਿਨ੍ਹਾਂ ਦੇ ਨੌਕਰ
944
ਵਹੁਟੀ ਨੌਕਰ ਦੀ
ਅੱਗ ਬਾਲ਼ ਕੇ ਧੂਏਂ ਦੇ ਪੱਜ ਰੋਵੇ
945
ਭਿੱਜ ਗਿਆ ਲਾਲ ਪੰਘੂੜਾ
ਰਾਤੀਂ ਰੋਂਦੀ ਦਾ
946
ਮਾਹੀ ਮੇਰਾ ਲਾਮ ਨੂੰ ਗਿਆ
ਮੇਰੇ ਬੱਜਣ ਕਲੇਜੇ ਛੁਰੀਆਂ
947
ਕਿਤੇ ਸੁਖ ਦਾ ਸੁਨੇਹਾ ਘਲ ਵੇ
ਮੁੱਦਤਾਂ ਗੁਜ਼ਰ ਗੀਆਂਂ
948
ਬੱਦਲਾਂ ਨੂੰ ਦੇਖ ਰਹੀ
ਮੈਂ ਤੇਰਾ ਸੁਨੇਹਾ ਪਾ ਕੇ
949
ਸੁੱਤੀ ਪਈ ਨੂੰ ਹਿਚਕੀਆਂ ਆਈਆਂ
ਮਿੱਤਰਾਂ ਨੇ ਯਾਦ ਕਰੀ

950
ਅੱਖ ਖੁਲ੍ਹਗੀ ਨਜ਼ਰ ਨਾ ਆਇਆ
ਸੁਫਨੇ 'ਚ ਪੈਣ ਜੱਫੀਆਂ
951
ਮੈਨੂੰ ਮੱਸਿਆ ’ਚ ਪੈਣ ਭੁਲੇਖੇ
ਤੇਰੀ ਵੇ ਸੰਧੂਰੀ ਪੱਗ ਦੇ
952
ਸੰਧੂਰੀ ਪੱਗ ਦੇ ਭੁਲੇਖੇ ਪੈਂਦੇ
ਤ੍ਰਿਜਣਾਂ ’ਚ ਕੱਤਦੀ ਨੂੰ
953
ਕਦੀ ਪਾ ਵਤਨਾਂ ਵਲ ਫੇਰਾ
ਝਾਕਦੀ ਦੀ ਅੱਖ ਥੱਕ ਗੀ
954
ਪੁੱਤਰਾ ਸਹੁਰੇ ਦਿਆ
ਕਦੀ ਬਣ ਕੇ ਪਰਾਹੁਣਾ ਆ
955
ਮਾਪੇ ਮੈਨੂੰ ਰੋਗ ਪੁਛਦੇ
ਪਾਣੀ ਮੇਰਿਆਂ ਹੱਡਾਂ ਦਾ ਸੁਕਿਆ
956
ਚਿੱਤ ਲੱਗ ਨਾ ਉਦਾਸਣ ਹੋਈ
ਕਰਦੀ ਦਿਨ ਕਟੀਆਂ
957
ਕਿਹੜਾ ਗ਼ਮ ਨੀ ਜਾਨ ਨੂੰ ਲਾਇਆ
ਗੱਲ੍ਹਾ ਵਾਲਾ ਰੰਗ ਉਡਿਆ
958
ਮੇਰਾ ਹੈ ਨੀ ਦਿਲਾਂ ਦਾ ਭੇਤੀ
ਕੀਹਦੇ ਕੋਲ ਭੇਤ ਦਸ ਦਾਂ
959
ਕਿਤੇ ਟੱਕਰੇਂ ਤਾਂ ਹਾਲ ਸੁਣਾਵਾਂ
ਦੁੱਖਾਂ ਵਿੱਚ ਪੈ ਗੀ ਜਿੰਦੜੀ
960
ਘਰ ਦੇ ਕੰਤ ਬਿਨਾਂ
ਕੌਣ ਦੁੱਖਾਂ ਦਾ ਸੀਰੀ

961
ਰੋਂਦੀ ਯਾਰ ਦੇ ਸਿਵੇ ਨੂੰ ਜਾਵੇ
ਖੁੱਲ੍ਹੀਆਂ ਬਾਬਰੀਆਂ
962
ਨਾ ਰੋ ਧੀਏ ਸੱਸੀਏ
ਪੁੰਨੂੰ ਵਰਗੇ ਬਲੋਚ ਬਥੇਰੇ
963
ਐਵੇਂ ਅੱਖੀਆਂ ਚੋਂ ਨਾ ਨੀਰ ਵਹਾਈਏ
ਚਿੱਤ ਨੂੰ ਟਿਕਾਣੇ ਰੱਖੀਏ
964
ਮੁੰਡੇ ਰੋਂਦੇ ਨੇ ਰੁਮਾਲੀਆਂ ਵਾਲੇ
ਨੰਦ ਕੁਰ ਰੇਲ ਚੜ੍ਹਗੀ
965
ਤੈਨੂੰ ਕੀ ਮੁਕਲਾਵਾ ਤਾਰੂ
ਰੋਂਦੇ ਯਾਰ ਛੱਡ ਗੀ
966
ਜਿੰਦ ਜਾਨ ਵੇ ਸੁਰਤ ਵਿੱਚ ਤੇਰੇ
ਲੋਕਾਂ ਭਾਣੇ ਦੂਰ ਵੱਸਦੀ
967
ਦੁਨੀਆਂ ਲੱਖ ਵਸਦੀ
ਸਾਨੂੰ ਮਿੱਤਰਾਂ ਬਾਝ ਹਨ੍ਹੇਰਾ
968
ਸਾਨੂੰ ਮਿੱਤਰਾਂ ਬਾਝ ਹਨੇਰਾ
ਚੰਦ ਭਾਮੇਂ ਨਿੱਤ ਚੜ੍ਹਦਾ
969
ਰੱਬ ਵਰਗਾ ਆਸਰਾ ਤੇਰਾ
ਜਿਊਂਦਾ ਰਹਿ ਮਿੱਤਰਾ
970
ਰੱਬ ਵਰਗਾ ਆਸਰਾ ਤੇਰਾ
ਲੰਘੀਓਂ ਮਰੋੜਾ ਮਾਰ ਕੇ
971
ਯਾਰ ਹੋਣ ਗੇ ਮਿਲਣ ਗੇ ਆਪੇ
ਚਿੱਤ ਨੂੰ ਟਕਾਣੇ ਰੱਖੀਏ

972
ਜਿਊਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ
ਲੰਬਾ ਜੇਰਾ ਰੱਖ ਮਿੱਤਰਾ
973
ਯਾਰ ਹੋਣ ਗੇ ਮਿਲਣ ਗੇ ਆਪੇ
ਰੱਬ ਉੱਤੇ ਰੱਖ ਡੋਰੀਆਂ
974
ਕਦੀ ਹੋਣਗੇ ਸਬੱਬ ਨਾਲ ਮੇਲੇ
ਅੱਜ ਦੇ ਵਿਛੜਿਆਂ ਦੇ
975
ਇਕ ਵਾਰੀ ਮੇਲ ਦਈਂ ਵੇ ਰੱਬਾ
ਕਿਤੇ ਵਿਛੜੇ ਹੀ ਨਾ ਮਰ ਜਾਈਏ
976
ਕਦੋਂ ਹੋਣਗੇ ਯਾਰ ਨਾਲ ਮੇਲੇ
ਪਾਂਡਿਆ ਮੇਰਾ ਹੱਥ ਦੇਖ ਦੇ