ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਪੰਜਾਬੀ ਲੋਕਧਾਰਾ ਦੇ ਮੈਦਾਨ ਦਾ ਲੰਮੀ ਰੇਸ ਵਾਲ਼ਾ ਘੋੜਾ

ਵਿਕੀਸਰੋਤ ਤੋਂ
ਜਿਨ੍ਹਾਂ ਵਣਜ ਦਿਲਾਂ ਦੇ ਕੀਤੇ
ਪੰਜਾਬੀ ਲੋਕਧਾਰਾ ਦੇ ਮੈਦਾਨ ਦਾ ਲੰਮੀ ਰੇਸ ਵਾਲ਼ਾ ਘੋੜਾ

ਪੰਜਾਬੀ ਲੋਕਧਾਰਾ ਦੇ ਮੈਦਾਨ ਦਾ ਲੰਮੀ ਰੇਸ
ਵਾਲ਼ਾ ਘੋੜਾ: ਸੁਖਦੇਵ ਮਾਦਪੁਰੀ

ਆਲਮੀ ਪੱਧਰ 'ਤੇ 1711 ਈ. ਵਿਚ ਬਿਸ਼ਪ ਥੌਮਸ ਪੇਰੀ ਦੇ ਯਤਨਾਂ ਨਾਲ਼ ਭਾਵੇਂ ਲੋਕਧਾਰਾ ਦੀ ਪਹਿਚਾਣ ਅਤੇ ਇਸ ਦੇ ਸੰਭਾਲਣ 'ਤੇ ਇਕੱਤਰੀਕਰਨ ਦਾ ਕਾਰਜ ਆਰੰਭ ਹੋ ਚੁੱਕਿਆ ਸੀ ਪਰੰਤੂ ਭਾਰਤੀ ਪੱਧਰ 'ਤੇ 1784 ਈ. ਵਿਚ ਸਰ ਵਿਲੀਅਮ ਜ਼ੋਨਜ਼ ਵਲੋਂ ਸਥਾਪਤ ਕੀਤੀ ਗਈ 'ਏਸ਼ੀਆਟਕ ਸੋਸਾਇਟੀ ਆਫ਼ ਬੰਗਾਲ' ਦੀ ਪਹਿਲ ਕਦਮੀ ਨੇ ਇਸ ਕਾਰਜ ਨੂੰ ਹੱਥ ਪਾਇਆ। ਅੰਗਰੇਜ਼ੀ ਹਕੂਮਤ ਦੌਰਾਨ ਭਾਰਤ ਦੇ ਵਿਭਿੰਨ ਖਿੱਤਿਆਂ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਤਤਕਾਲੀ ਨੌਕਰਸ਼ਾਹੀ ਨੇ ਵੀ ਇਸ ਕਾਰਜ ਲਈ ਨੀਤੀਗਤ ਫ਼ੈਸਲੇ ਲਏ। ਇਸ ਕਾਰਜ ਦੀ ਮਹੱਤਤਾ ਤੇ ਸਾਰਥਿਕਤਾ ਤੋਂ ਜਾਣੂੰ ਹੋ ਕੇ ਭਾਰਤੀ ਲੋਕਾਂ ਨੇ ਵੀ ਆਪਣੀ ਪੱਧਰ 'ਤੇ ਇਸ ਖੇਤਰ ਵਿਚ ਦਿਲਚਸਪੀ ਲਈ ਤੇ ਸਰਗਰਮੀ ਸ਼ੁਰੂ ਕੀਤੀ। ਪੰਜਾਬੀ ਵਿਚ ਦੇਵਿੰਦਰ ਸਤਿਆਰਥੀ, ਡਾ. ਮਹਿੰਦਰ ਸਿੰਘ ਰੰਧਾਵਾ, ਕਰਤਾਰ ਸਿੰਘ ਸ਼ਮਸ਼ੇਰ, ਹਰਜੀਤ ਸਿੰਘ, ਅਵਤਾਰ ਸਿੰਘ ਦਲੇਰ ਆਦਿ ਨੇ ਇਸ ਕਾਰਜ ਦਾ ਬੀੜਾ ਚੁੱਕਿਆ ਸੀ। ਇਸ ਮੈਦਾਨ ਵਿਚ ਅੰਮ੍ਰਿਤਾ ਪ੍ਰੀਤਮ ਤੇ ਸੰਤੋਖ ਸਿੰਘ ਧੀਰ ਵਰਗੇ ਪੰਜਾਬੀ ਦੇ ਸਿਰਜਨਾਤਮਕ ਲੇਖਕ ਵੀ ਆ ਉੱਤਰੇ ਅਤੇ ਸ਼ੇਰ ਸਿੰਘ ਸ਼ੇਰ, ਡਾ. ਸੁਰਿੰਦਰ ਸਿੰਘ ਵਣਜਾਰਾ ਬੇਦੀ ਤੇ ਸੁਖਦੇਵ ਮਾਦਪੁਰੀ ਜਿਹੇ ਖੋਜੀ ਵੀ ਆ ਨਿੱਤਰੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਕਾਦਮਿਕ ਲੋੜਾਂ ਦੀ ਪੂਰਤੀ ਹਿਤ ਲੋਕਧਾਰਾ ਦੇ ਅਧਿਐਨ, ਅਧਿਆਪਨ ਤੇ ਵਿਸ਼ਲੇਸ਼ਣ ਦਾ ਵੀ ਰੁਝਾਨ ਸ਼ੁਰੂ ਹੁੰਦਾ ਹੈ। ਇਸ ਸੰਦਰਭ ਵਿਚ ਡਾ. ਕਰਨੈਲ ਸਿੰਘ ਥਿੰਦ ਦਾ ਨਾਂ ਲਿਆ ਜਾ ਸਕਦਾ ਹੈ। ਡਾ. ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਨੂੰ ਇਕੱਤਰ ਤਾਂ ਕੀਤਾ ਹੀ ਹੈ, ਨਾਲ ਨਾਲ ਇਸ ਦੇ ਵਿਸ਼ਲੇਸ਼ਣ ਦਾ ਕੰਮ ਵੀ ਜਾਰੀ ਰੱਖਿਆ। ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਕੁੱਦੇ ਇਹ ਸਭ ਸਾਡੇ ਮੁੱਢਲੇ ਖੋਜੀ-ਵਿਦਵਾਨ ਤੇ ਚਿੰਤਕ ਸਨ, ਜਿਹੜੇ ਲੋਕ ਅਕਾਦਮਿਕ ਲੋੜਾਂ ਤੋਂ ਨਿਰਲੇਪ ਤੇ ਇਸ ਖੇਤਰ ਵਿਚ ਨਿਰੋਲ ਪਾਂਧੀਆਂ ਤੇ ਵਣਜਾਰਿਆਂ ਵਾਂਗ ਨਿੱਤਰੇ। ਇਨ੍ਹਾਂ ਤੋਂ ਬਾਅਦ ਚੰਗੇ ਭਾਗਾਂ ਨੂੰ, ਗਿਣਨਾਤਮਕ ਤੇ ਗੁਣਾਤਮਕ ਪੱਧਰ 'ਤੇ, ਇਸ ਖੇਤਰ ਦੇ ਪ੍ਰਬੀਨ ਅਧਿਆਪਕ ਪ੍ਰਤੀਬੱਧ ਖੋਜੀ ਤੇ ਪ੍ਰਬੁੱਧ ਵਿਦਵਾਨ ਉਪਲਬਧ ਹੁੰਦੇ ਹਨ। ਅਧਿਆਪਨ ਦੀ ਪੱਧਰ 'ਤੇ ਕੋਈ ਨਵੀਂ ਪੀੜ੍ਹੀ ਨੂੰ ਇਸ ਖੇਤਰ ਲਈ ਤਿਆਰ ਕਰ ਰਿਹਾ ਹੈ, ਕੋਈ ਅਧਿਐਨ ਤੇ ਵਿਸ਼ਲੇਸ਼ਣ ਵਿਚ ਰੁਝਿਆ ਹੋਇਆ ਹੈ ਤੇ ਕੋਈ ਖੇਤਰੀ ਕਾਰਜ ਦਾ ਖੋਜੀ ਹੈ। ਕਈ ਸਾਡੇ ਸਿਰਜਨਾਤਮਕ ਲੇਖਕ ਵੀ ਇਸ ਖੇਤਰ ਵਿਚ ਕਾਰਜਸ਼ੀਲ ਹਨ। ਪਰ ਇਨ੍ਹਾਂ ਵਿਚੋਂ ਬਹੁਤੇ ਅਕਾਦਮਿਕ ਖਪਤਕਾਰੀ (Acadmic Consumerism) ਤਕ ਹੀ ਸੀਮਤ ਹਨ। ਅੱਜ ਪੰਜਾਬੀ ਲੋਕਧਾਰਾ ਦੇ ਇਹ ਖੋਜੀ ਤੇ ਸ਼ਾਸਤਰੀ ਬਹੁਤ ਘੱਟ ਹਨ, ਜਿਹੜੇ ਸਾਡੇ ਮੁਢਲੇ ਰਸਤਿਆਂ ਦੇ ਪਦ-ਚਿੰਨ੍ਹਾਂ ਉਤੇ ਚੱਲਣ ਵਾਲ਼ੇ ਹੋਣ। ਸ਼ੁਰੂ ਤੋਂ ਲੈ ਕੇ ਹੁਣ ਤਕ ਇਸ ਖੇਤਰ ਵਿਚ ਵਿਚਰਦੇ ਕਈ ਬਜ਼ੁਰਗ ਖੋਜੀ ਵਫ਼ਾਤ ਪਾ ਚੁੱਕੇ ਹਨ, ਕੁਝ ਆਪਣੀਆਂ ਸੰਭਾਵਨਾਵਾਂ ਤੇ ਸੀਮਾਵਾਂ ਹੰਢਾ ਚੁੱਕੇ ਹਨ ਅਤੇ ਕਈ ਅਕਾਦਮਿਕ ਤਰੱਕੀਆਂ ਤੇ ਪਦਵੀਆਂ ਦੀ ਮੰਜ਼ਿਲ ਦੇ ਰਾਹੀ ਹਨ। ਇਨ੍ਹਾਂ ਵੈਟਰਨ (Vateran) ਖੋਜੀਆਂ ਵਿਚੋਂ ਸਾਡੇ ਕੋਲ਼ ਸੁਖਦੇਵ ਮਾਦਪੁਰੀ ਹੀ ਬਾਕੀ ਹੈ, ਜਿਹੜਾ 1954 ਈਸਵੀ ਤੋਂ ਇਸੇ ਖੇਤਰ ਨਾਲ਼ ਜੁੜਿਆ ਹੋਇਆ ਹੈ। 77 ਸਾਲ ਦੀ ਉਮਰ ਵਿਚ ਵੀ ਉਹ ਪੰਜਾਬੀ ਲੋਕਧਾਰਾ ਦੇ ਬਾਗ਼ ਦਾ ਅਣਥੱਕ ਅਤੇ ਸੁਹਿਰਦ ਮਾਲੀ ਹੈ। ਉਸ ਦੀਆਂ ਨਾ ਸੰਭਾਵਨਾਵਾਂ ਮੁੱਕੀਆਂ ਹਨ ਤੇ ਨਾ ਹੀ ਸੀਮਾਵਾਂ ਦਿਖਾਈ ਦਿੰਦੀਆਂ ਹਨ। ਅਕਾਦਮਿਕ ਉਪਭੋਗਤਾ ਤੋਂ ਉਹ ਨਿਰਲੇਪ ਤੇ ਅਟੰਕ ਹੈ।
ਦਰਅਸਲ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਵਿਚਰ ਰਿਹਾ ਸੁਖਦੇਵ ਮਾਦਪੁਰੀ 12 ਜੂਨ 1935 ਵਿਚ ਪਿੰਡਾਂ ਦਾ ਜਾਇਆ ਬਣ ਕੇ ਪਿੰਡ ਮਾਦਪੁਰ, ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਕੇ ਪਿੰਡਾਂ ਦੀ ਮਿੱਟੀ ਨਾਲ਼ ਜੁੜਿਆ ਰਿਹਾ ਹੈ। ਬਚਪਨ ਪਿੰਡਾਂ ਵਿਚ ਗੁਜ਼ਾਰਿਆ, ਪੜ੍ਹਾਈ ਪਿੰਡਾਂ ਵਿਚ ਕੀਤੀ ਅਤੇ 1954 ਤੋਂ 1978 ਤਕ ਪਿੰਡਾਂ ਵਿਚ ਹੀ ਪੜ੍ਹਾਇਆ। ਇਸ ਪਰਿਵੇਸ਼ ਵਿਚੋਂ ਹੀ ਪੰਜਾਬੀ ਲੋਕਧਾਰਾ ਨਾਲ਼ ਉਸ ਦਾ ਗੂੜ੍ਹਾ ਤੇ ਪੀਡਾ ਰਿਸ਼ਤਾ ਬਣਦਾ ਤੇ ਉਸਰਦਾ ਹੈ। ਬਚਪਨ ਵਿਚ ਸਭ ਤੋਂ ਪਹਿਲਾਂ ਬੇਬੇ, ਤਾਈ ਤੇ ਬਾਪੂ ਦੇ ਮੂੰਹੋਂ ਸੁਣੇ ਲੋਕ ਗੀਤਾਂ ਦੀ ਸੁਗੰਧੀ ਮਾਦਪੁਰੀ ਦੀ ਨਾੜ ਨਾੜ ਵਿਚ ਪ੍ਰਵੇਸ਼ ਕਰ ਗਈ। ਇਹ ਫਿਰ ਹੌਲ਼ੀ-ਹੌਲ਼ੀ ਅੱਖਰਾਂ ਵਿਚ ਰਲ਼ ਕੇ ਕਿਤਾਬੀ ਰੂਪ ਲੈਂਦੀ ਰਹੀ। ਗੁਆਂਢਣ ਤਾਈ ਤੋਂ 'ਮੁਗ਼ਲਾਂ ਨੇ ਘੋੜਾ ਪੀੜਿਆ', ਸੁੰਦਰੀ ਪਾਣੀ ਨੂੰ ਜਾਏ' ਇਤਿਹਾਸਕ ਲੋਕਗੀਤ ਸੁਣ ਕੇ ਉਸ ਨੇ 1954 ਵਿਚ 'ਪੰਜਾਬੀ ਦੁਨੀਆਂ' ਰਸਾਲੇ ਵਿਚ ਭੇਜਿਆ ਤੇ ਛਪ ਗਿਆ। ਇਕ ਹੋਰ ਲੰਮਾ ਗੀਤ 'ਸੱਸੇ ਟੇਰਨ ਟੇਰਦੀਏ, ਨੀ ਘਰ ਆਈਦਾ ਵੀਰ, ਸੋਨੇ ਦਾ ਤੀਰ, ਕੰਨ੍ਹੇ ਤਲਵਾਰ, ਘੋੜੇ ਅਸਵਾਰ, ਨੀ ਮੈਂ ਜਾਨੀ ਆ ਪਿਓ ਕੇ" ਸਕੀ ਤਾਈ ਤੋਂ ਲੈ ਕੇ ਉਸ ਨੇ 'ਤ੍ਰਿੰਜਣ ਦਾ ਇਕ ਗੀਤ' ਨਾਮੀ ਲੇਖ ਲਿਖ ਕੇ 1955 ਵਿਚ ਜਾਗ੍ਰਤੀ ਨੂੰ ਭੇਜਿਆ ਤੇ ਇਹ ਵੀ ਛਪ ਗਿਆ। 'ਪੰਜਾਬੀ ਦੁਨੀਆਂ' ਤੇ 'ਜਾਗ੍ਰਿਤੀ' ਦੇ ਤਤਕਾਲੀ ਸੰਪਾਦਕ ਕ੍ਰਮਵਾਰ ਪ੍ਰੋ. ਪਿਆਰਾ ਸਿੰਘ ਪਦਮ ਤੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਪ੍ਰੇਰਨਾਮਈ ਤੇ ਹੌਸਲਾ ਵਧਾਊ ਖ਼ਤਾਂ ਨੇ ਮਾਦਪੁਰੀ ਨੂੰ ਸਦਾ ਸਦਾ ਲਈ ਲੋਕਧਾਰਾ ਦੇ ਖੇਤਰ ਵਿਚ ਜੋੜ ਦਿੱਤਾ।
1956 ਈਸਵੀ ਵਿਚ ਸੁਖਦੇਵ ਮਾਦਪੁਰੀ ਦੀ ਪਲੇਠੀ ਪੁਸਤਕ 'ਲੋਕ ਬੁਝਾਰਤਾਂ' ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਮਾਲਕ ਜੀਵਨ ਸਿੰਘ ਖ਼ੁਸ਼ੀ ਖ਼ੁਸ਼ੀ ਪ੍ਰਕਾਸ਼ਿਤ ਕਰਦਾ ਹੈ। 1957 ਵਿਚ ਉਸ ਦੀ ਦੂਜੀ ਲੋਕ ਕਹਾਣੀਆਂ ਦੀ ਪੁਸਤਕ 'ਜ਼ਰੀ ਦਾ ਟੋਟਾ' ਵੀ ਇਹੀ ਪ੍ਰਕਾਸ਼ਕ ਛਾਪਦਾ ਹੈ। ਇਸ ਲੋਕਧਾਰਾ ਖੋਜੀ ਦਾ ਪਹਿਲਾ ਲੋਕ ਗੀਤਾਂ ਦਾ ਸੰਗ੍ਰਹਿ 1959 ਵਿਚ 'ਗਾਉਂਦਾ ਪੰਜਾਬ' ਪ੍ਰਕਾਸ਼ਿਤ ਹੁੰਦਾ ਹੈ। ਇਸ ਤਰ੍ਹਾਂ ਪੰਜਾਬੀ ਲੋਕ ਸਾਹਿਤ ਦੀਆਂ ਤਿੰਨ ਵੰਨਗੀਆਂ- ਲੋਕ ਗੀਤ, ਲੋਕ ਕਹਾਣੀਆਂ ਤੇ ਬੁਝਾਰਤਾਂ ਨਾਲ਼ ਸਬੰਧਿਤ ਉਸ ਦੀਆਂ ਤਿੰਨ ਪੁਸਤਕਾਂ 24 ਸਾਲ ਦੀ ਉਮਰ ਵਿਚ ਛਪ ਜਾਂਦੀਆਂ ਹਨ। ਪੰਜਾਬੀ ਲੋਕਧਾਰਾ ਦੇ ਖੇਤਰ ਨੂੰ ਵਿਸਤਾਰਦਾ ਹੋਇਆ ਉਹ ਪੰਜਾਬੀ ਲੋਕ ਖੇਡਾਂ ਉਤੇ ਵੀ 1976 ਵਿਚ 'ਪੰਜਾਬ ਦੀਆਂ ਲੋਕ ਖੇਡਾਂ' ਪੁਸਤਕ ਪ੍ਰਕਾਸ਼ਿਤ ਕਰਾਉਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ 1959 ਤੇ 1976 ਦੌਰਾਨ ਉਹ ਚੁਪ ਬੈਠਾ ਰਿਹਾ। ਉਸ ਨੇ 'ਲਾਹੌਰ ਬੁੱਕ ਸ਼ਾਪ' ਤੇ ਪ੍ਰੀਤ ਨਗਰ ਵਲੋਂ ਕ੍ਰਮਵਾਰ ਨਿਕਲਦੇ ਰਸਾਲੇ 'ਬਾਲ ਦਰਬਾਰ' ਤੇ 'ਬਾਲ ਸੰਦੇਸ਼' ਤੋਂ ਪ੍ਰਭਾਵਿਤ ਹੋ ਕੇ 1962 ਵਿਚ ਹੀ 'ਜਾਦੂ ਦਾ ਸ਼ੀਸ਼ਾ', 'ਕੇਸੂ ਦੇ ਫੁੱਲ' ਤੇ 'ਸੋਨੇ ਦਾ ਬੱਕਰਾ' ਸਿਰਲੇਖਾਂ ਦੀਆਂ ਤਿੰਨ ਪੁਸਤਕਾਂ ਨਾਲ਼ ਬਾਲ ਸਾਹਿਤ ਵਿਚ ਧਮਾਕਾਖੇਜ਼ ਪ੍ਰਵੇਸ਼ ਕੀਤਾ। 1962 ਵਿਚ ਹੀ ਉਸ ਨੇ 'ਪਰਾਇਆ ਧਨ' ਨਾਟਕ ਤੇ 'ਨੈਣਾਂ ਦੇ ਵਣਜਾਰੇ' ਲੋਕ ਕਹਾਣੀ ਸੰਗ੍ਰਹਿ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ। 1993 ਵਿਚ 'ਵਰਖਾ ਦੀ ਉਡੀਕ' ਤੇ 1995 ਵਿਚ 'ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ' ਨਾਮੀ ਪੁਸਤਕਾਂ ਉਸ ਦੇ ਕ੍ਰਮਵਾਰ ਅਨੁਵਾਦ ਤੇ ਜੀਵਨੀ ਸਾਹਿਤ ਵਿਚ ਪਾਏ ਯੋਗਦਾਨ ਦੀਆਂ ਲਖਾਇਕ ਹਨ। ਇਸ ਮਿਤੀ ਬੱਧ ਸਰਵੇਖਣ ਮੁਤਾਬਕ ਮਾਦਪੁਰੀ ਤਤਕਾਲੀ ਲੋੜਾਂ ਦੀ ਮਜਬੂਰੀ ਵਿਚ ਪਾਲਾ ਬਦਲਦਾ ਹੈ ਪਰ ਪੰਜਾਬੀ ਲੋਕਧਾਰਾ ਤੇ ਬਾਲ ਸਾਹਿਤ ਹੀ ਮਾਦਪੁਰੀ ਦੇ ਮਨਪਸੰਦ ਖੇਤਰ ਰਹਿੰਦੇ ਹਨ।
ਪੰਜਾਬੀ ਲੋਕ-ਸਾਹਿਤ, ਪੰਜਾਬੀ ਸਭਿਆਚਰਾ ਤੇ ਬਾਲ-ਸਾਹਿਤ ਦੇ ਖੇਤਰਾਂ ਵਿਚ ਮਾਦਪੁਰੀ ਨੇ ਲਗਾਤਾਰ ਮਿਹਨਤ ਕੀਤੀ। ਇਹ ਮਿਹਨਤ ਇਨ੍ਹਾਂ ਖੇਤਰਾਂ ਦੀਆਂ ਉਸ ਦੀਆਂ ਪੁਸਤਕਾਂ ਵਿਚੋਂ ਸਿਰ ਚੜ੍ਹ ਕੇ ਬੋਲਦੀ ਹੈ। 'ਗਾਉਂਦਾ ਪੰਜਾਬ', 'ਫੁੱਲਾਂ ਭਰੀ ਚੰਗੇਰ', 'ਖੰਡ ਮਿਸ਼ਰੀ ਦੀਆਂ ਡਲੀਆਂ', 'ਨੈਣੀ ਨੀਂਦ ਨਾ ਆਵੇ', 'ਕਿੱਕਲੀ ਕਲੀਰ ਦੀ' ਅਤੇ 'ਸ਼ਾਵਾ ਨੀ ਬੰਬੀਹਾ ਬੋਲੇ' ਉਸ ਦੇ ਤਿਆਰ ਕੀਤੇ ਪੰਜਾਬੀ ਲੋਕ-ਗੀਤ ਸੰਗ੍ਰਹਿ ਹਨ। ਇਹ ਉਸ ਦੀ ਸੰਪਾਦਨ ਸੂਝ ਤੇ ਖ਼ੂਬੀ ਹੈ ਕਿ ਉਸ ਨੇ ਇਹ ਸੰਗ੍ਰਹਿ ਲੋਕ-ਗੀਤਾਂ ਦੇ ਰੂਪਾਂ ਤੇ ਵਿਧਾਵਾਂ ਮੁਤਾਬਕ ਤਿਆਰ ਕੀਤੇ ਹਨ। ਅੱਗੋਂ ਵਿਸ਼ੇ ਮੁਤਾਬਕ ਤਰਤੀਬ ਦਿੱਤੀ ਹੈ। ਉਸ ਦਾ ਪਲੇਠਾ ਸੰਗ੍ਰਹਿ 'ਗਾਉਂਦਾ ਪੰਜਾਬ' ਗਿੱਧੇ ਦੀਆਂ ਇਕ ਲੜੀਆਂ ਬੋਲੀਆਂ ਨਾਲ਼ ਸਬੰਧਿਤ ਹੈ ਅਤੇ ਫਿਰ 'ਖੰਡ ਮਿਸ਼ਰੀ ਦੀਆਂ ਡਲ਼ੀਆਂ' ਵਿਚ ਲੰਮੀਆਂ ਬੋਲੀਆਂ ਸ਼ਾਮਲ ਹਨ। ਪੰਜਾਬ ਵਿਚ ਕੀਤੇ ਜਾਂਦੇ ਸ਼ਗਨਾਂ ਨਾਲ਼ ਸਬੰਧਿਤ ਲੰਮੇ ਗੌਂਣ, ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਹੇਅਰਿਆਂ ਤੋਂ ਇਲਾਵਾ ਪ੍ਰੇਮ-ਗੀਤ, ਮਾਹੀਆ ਅਤੇ ਦੋਹੇ ਉਸ ਦੇ 'ਨੈਣੀ ਨੀਂਦ ਨਾ ਆਵੇ' ਸੰਗ੍ਰਿਹ ਵਿਚ ਪੜ੍ਹੇ ਜਾ ਸਕਦੇ ਹਨ। ਬਾਲਕ ਉਮਰ ਨੂੰ, ਟੱਪਦੀ ਕਿਸ਼ੋਰ ਅਵਸਥਾ ਦੀ ਪੇਸ਼ਕਾਰੀ 'ਫੁੱਲਾਂ ਭਰੀ ਚੰਗੇਰ' ਅਤੇ 'ਕਿੱਕਲੀ ਕਲੀਰ ਦੀ' ਨਾਮ ਦੇ ਉਸ ਦੇ ਦੋ ਸੰਗ੍ਰਿਹ ਮਿਲਦੇ ਹਨ। ਮਾਲਵਾ ਖਿੱਤੇ ਵਿਚ ਸੁਆਣੀਆਂ ਵਲੋਂ ਗਾਏ ਜਾਂਦੇ ਲੰਮੇ ਗੌਣ ਮਾਦਪੁਰੀ ਨੇ ਆਪਣੀ ਸੱਜਰੀ ਪੁਸਤਕ 'ਸ਼ਾਵਾ ਨੀ ਬੰਬੀਹਾ ਬੋਲੇ' ਵਿਚ ਨਵੀਂ ਪੀੜ੍ਹੀ ਲਈ ਪਰੋਸੇ ਹਨ।
ਪੰਜਾਬੀ ਲੋਕ-ਕਹਾਣੀਆਂ ਇਕੱਤਰ ਕਰਕੇ ਤੇ ਫਿਰ ਇਨ੍ਹਾਂ ਨੂੰ ਕਿਤਾਬੀ ਰੁਪ ਦੇ ਕੇ ਸੁਖਦੇਵ ਮਾਦਪੁਰੀ ਨੇ ਸਾਡੇ ਲੋਕ-ਸਾਹਿਤ ਦੇ ਖ਼ਜ਼ਾਨੇ ਵਿਚ ਹੋਰ ਵਾਧਾ ਕੀਤਾ ਹੈ। 'ਜ਼ਰੀ ਦਾ ਟੋਟਾ', 'ਨੈਣਾਂ ਦੇ ਵਣਜਾਰੇ', 'ਭਾਰਤੀ ਲੋਕ-ਕਹਾਣੀਆਂ', 'ਬਾਤਾਂ ਦੇਸ਼ ਪੰਜਾਬ ਦੀਆਂ' ਅਤੇ 'ਦੇਸ ਪ੍ਰਦੇਸ਼ ਦੀਆਂ ਲੋਕ-ਕਹਾਣੀਆਂ' ਇਸ ਵਾਧੇ ਦੀ ਸ਼ਾਹਦੀ ਭਰਦੇ ਕਥਾ-ਸੰਗ੍ਰਹਿ ਹਨ। ਪੰਜਾਬੀ ਲੋਕ-ਸਾਹਿਤ ਦੀ ਸਾਂਭ-ਸੰਭਾਲ ਦੇ ਸ਼ੁਭ ਕਾਰਜ ਦਾ ਆਗਾਜ਼ 21 ਸਾਲ ਦੇ ਸੁਖਦੇਵ ਮਾਦਪੁਰੀ ਨੇ ਬੁਝਾਰਤਾਂ ਇਕੱਠੀਆਂ ਕਰਕੇ ਕੀਤਾ ਸੀ। 'ਲੋਕ ਬੁਝਾਰਤਾਂ' 1956 ਵਿਚ ਆਈ ਉਸ ਦੀ ਸਭ ਤੋਂ ਪਹਿਲ-ਪਲੇਠੀ ਪੁਸਤਕ ਸੀ। ਇਸ ਤੋਂ ਬਾਅਦ ਉਸ ਨੇ 'ਪੰਜਾਬੀ ਬੁਝਾਰਤਾਂ' ਅਤੇ 'ਪੰਜਾਬੀ ਬੁਝਾਰਤ ਕੋਸ਼' ਤਿਆਰ ਕਰਕੇ ਪੰਜਾਬੀ ਲੋਕ-ਸਿਆਣਪ ਨੂੰ ਸੰਭਾਲਿਆ। ਇਹ ਪੁਸਤਕਾਂ ਪਾਠਕਾਂ ਤਕ ਪਹੁੰਚਾਉਣ ਵਿਚ ਕ੍ਰਮਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਵੱਡਾ ਯੋਗਦਾਨ ਹੈ।
ਪੰਜਾਬੀ ਸਭਿਆਚਾਰ ਦੇ ਵਿਭਿੰਨ ਪਹਿਲੂਆਂ ਨੂੰ ਨਿਰੂਪਣ ਕਰਦੀਆਂ ਮਾਦਪੁਰੀ ਦੀਆਂ 8 ਪੁਸਤਕਾਂ ਹਨ। 'ਪੰਜਾਬ ਦੀਆਂ ਲੋਕ ਖੇਡਾਂ', 'ਪੰਜਾਬ ਦੇ ਮੇਲੇ ਅਤੇ ਤਿਉਹਾਰ', 'ਆਉ ਨੱਚੀਏ', 'ਮਹਿਕ ਪੰਜਾਬ ਦੀ', ਪੰਜਾਬ ਦੀਆਂ ਵਿਰਾਸਤੀ ਖੇਡਾਂ, 'ਪੰਜਾਬ ਦੇ ਲੋਕ ਨਾਇਕ', ਪੰਜਾਬੀ ਸਭਿਆਚਾਰ ਦੀ ਆਰਸੀਂ' ਅਤੇ 'ਲੋਕ ਸਿਆਣਪਾਂ' ਸਿਰਲੇਖਾਂ ਦੀਆਂ ਪੁਸਤਕਾਂ ਪੰਜਾਬੀ ਸਭਿਆਚਾਰ ਦਾ ਸਾਫ਼-ਸਾਫ਼ ਦਰਪਨ ਵੀ ਹਨ ਤੇ ਸਟੀਕ ਦਸਤਾਵੇਜ਼ ਵੀ। ਪੰਜਾਬੀ ਜਨ-ਸਮੂਹ ਜਿਸ ਕਿਸਮ ਦੇ ਜੁੱਸੇ ਦਾ ਮਾਲਕ ਰਿਹਾ ਹੈ, ਉਸ ਮੁਤਾਬਕ ਹੀ ਇਸ ਦੀਆਂ ਖੇਡਾਂ ਨੇ ਰੂਪ ਧਾਰਨ ਕੀਤਾ ਹੈ। ਇਨ੍ਹਾਂ ਲੋਕ-ਖੇਡਾਂ ਦੀ ਸੰਭਾਲ ਹਿਤ ਮਾਦਪੁਰੀ ਨੇ ਦੋ ਪੁਸਤਕਾਂ ਤਿਆਰ ਕੀਤੀਆਂ ਹਨ। ਇਸੇ ਤਰ੍ਹਾਂ ਪੰਜਾਬੀਆਂ ਦੇ ਮੇਲੇ ਤੇ ਤਿਉਹਾਰ ਨੂੰ ਕਿਤਾਬੀ ਰੂਪ ਦਿੱਤਾ ਹੈ। ਸਾਡੇ ਨਾਚ-ਸੰਸਾਰ ਦੀ ਵਿਲੱਖਣ ਨੁਹਾਰ ਹੈ। ਇਸ ਨੁਹਾਰ ਦੇ ਦਰਸ਼ਨ ਦੀਦਾਰ ਉਸ ਦੀ ਪੁਸਤਕ 'ਆਓ ਨੱਚੀਏ' ਵਿਚੋਂ ਕੀਤੇ ਜਾ ਸਕਦੇ ਹਨ। ਉਸ ਦੀ ਇਕ ਹੋਰ ਪੁਸਤਕ 'ਮਹਿਕ ਪੰਜਾਬ ਦੀ' ਪੰਜਾਬ ਦੇ ਕਿਰਸਾਨੀ ਜੀਵਨ ਦੀ ਦਸਤਾਵੇਜ਼ੀ ਤਸਵੀਰ ਹੈ। ਇਸ ਜੀਵਨ ਨਾਲ਼ ਸਬੰਧਿਤ ਲੋਕ-ਗੀਤ, ਮੁਹਾਵਰੇ, ਅਖਾਣਾਂ, ਟੋਟਕੇ, ਦੰਤ-ਕਥਾਵਾਂ, ਰੂੜ੍ਹੀਆਂ ਆਦਿ ਦਾ ਵਿਸਤ੍ਰਿਤ ਇੰਦਰਾਜ਼ ਹੈ। ਇਸੇ ਤਰ੍ਹਾਂ ਉਸ ਦੀ 'ਪੰਜਾਬ ਦੇ ਲੋਕ ਨਾਇਕ' ਪੁਸਤਕ ਦੀ ਆਪਣੀ ਸਾਰਥਿਕਤਾ ਤੇ ਮਹੱਤਤਾ ਹੈ। ਮੱਧਕਾਲ ਵਿਚ ਕਿੱਸਿਆਂ, ਵਾਰਾਂ ਤੇ ਜੰਗਨਾਮਿਆਂ ਦੇ ਬਿਰਤਾਂਤ-ਕਾਵਿ ਰਾਹੀਂ ਪੰਜਾਬੀ ਲੋਕ-ਮਾਨਸ ਵਿਚ ਵੱਸੇ, ਰਸੇ ਤੇ ਰਚੇ ਨਾਇਕਾਂ ਦੀ, ਮਾਦਪੁਰੀ ਨੇ ਵਾਰਤਿਕ ਵਿਚ ਪੇਸ਼ ਕਰਕੇ, ਆਧੁਨਿਕ ਦੌਰ ਦੀ ਨਸਲ ਤਕ ਰਸਾਈ ਕਰਾਈ ਹੈ। ਰੋਡਾ-ਜਲਾਲੀ, ਕਾਕਾ-ਪਰਤਾਪੀ, ਇੰਦਰ-ਬੇਗੋ ਤੇ ਸੋਹਣਾ-ਜ਼ੈਨੀ ਵਰਗੇ ਰੁਮਾਂਸ ਦੇ ਲੋਕ-ਨਾਇਕਾਂ ਨੂੰ ਕਿੱਸਿਆਂ ਵਿਚੋਂ ਕੱਢ ਕੇ ਪਹਿਲੀ ਵਾਰ ਉਸ ਨੇ ਪਦ ਤੋਂ ਗੱਦ ਵਿਚ ਲਿਆਂਦਾ। 'ਪੰਜਾਬੀ ਸਭਿਆਚਾਰ ਦੀ ਆਰਸੀ' ਉਸ ਦੀ ਉਹ ਦਸਤਾਵੇਜ਼ੀ ਪੁਸਤਕ ਹੈ, ਜੋ ਪੰਜਾਬੀ ਲੋਕਧਾਰਾ ਦਾ ਪ੍ਰਿਜ਼ਮ ਹੈ। ਪੰਜਾਬੀ ਲੋਕਧਾਰਾ ਦੇ ਵਿਭਿੰਨ ਪੱਖਾਂ ਲੋਕ-ਸਾਹਿਤ, ਲੋਕ-ਕਲਾਵਾਂ, ਅਨੁਸ਼ਠਾਨ, ਲੋਕ-ਵਿਸ਼ਵਾਸ, ਲੋਕ-ਵਿਰਾਸਤ ਆਦਿ ਸਬੰਧੀ ਪ੍ਰਮਾਣਿਕ ਤੇ ਪ੍ਰਵਾਨਿਤ ਤੱਥ ਅਤੇ ਵਿਚਾਰ ਪ੍ਰਸਤੁਤ ਕੀਤੇ ਹਨ। 'ਲੋਕ ਸਿਆਣਪਾਂ' ਉਸ ਦੀ ਸ਼ਾਇਦ ਇਕੋ ਇਕ ਪੰਜਾਬੀ ਪੁਸਤਕ ਹੈ, ਜਿਹੜੀ ਪੰਜਾਬੀ ਪਰੰਪਰਿਕ ਸੂਝ ਦੇ ਵਿਭਿੰਨ ਰੂਪਾਂ ਨੂੰ ਇਕ ਥਾਂ ਇਕੱਠੇ ਕਰਕੇ ਸਾਡੀ ਨਜ਼ਰ ਕਰਦੀ ਹੈ। ਇੰਜ ਸੁਖਦੇਵ ਮਾਦਪੁਰੀ ਪੰਜਾਬੀ ਦੇ ਵਿਸ਼ਾਲ ਚਿੱਤਰਪਟ ਉਤੇ ਫੈਲੀ ਸਾਡੀ ਸੰਸਕ੍ਰਿਤੀ ਦੇ ਬੱਝਵੇਂ ਤੇ ਠੋਸ ਬਿੰਬਾਂ ਨੂੰ ਦ੍ਰਿਸ਼ਟੀਗੋਚਰ ਕਰਾਉਂਦਾ ਹੈ।
ਪੰਜਾਬੀ ਲੋਕਧਾਰਾ ਦੇ ਅਕਾਸ਼ ਵਿਚ ਧਰੂ-ਤਾਰੇ ਵਾਂਗ ਦ੍ਰਿਸ਼ਟੀਮਾਨ ਸੁਖਦੇਵ ਮਾਦਪੁਰੀ ਨੇ ਬਾਲ-ਬੋਧ ਦੀ ਪੱਧਰ ਦੇ ਸਾਹਿਤ ਨੂੰ ਸੰਭਾਲਣ, ਇਕੱਤਰ ਕਰਨ ਤੇ ਪਰੋਸਣ ਵਿਚ ਵੀ ਢੇਰ ਯੋਗਦਾਨ ਪਾਇਆ ਹੈ। ਬਾਲ ਸਾਹਿਤ ਨੂੰ ਸਮਰਪਿਤ ਉਸ ਨੇ 7 ਪੁਸਤਕਾਂ ਲਿਖੀਆਂ ਹਨ। 'ਜਾਦੂ ਦਾ ਸ਼ੀਸ਼ਾ', 'ਕੇਸੂ ਦੇ ਫੁੱਲ', 'ਸੋਨੇ ਦਾ ਬੱਕਰਾ', 'ਬਾਲ ਕਹਾਣੀਆਂ', 'ਆਉ ਗਾਈਏ', 'ਮਹਾਂਬਲੀ ਰਣਜੀਤ ਸਿੰਘ' ਤੇ 'ਨੇਕੀ ਦਾ ਫ਼ਲ' ਇਸ ਪ੍ਰਸੰਗ ਵਿਚ ਇਥੇ ਜ਼ਿਕਰਯੋਗ ਹਨ। ਉਸ ਦੇ ਪ੍ਰੇਰਨਾ ਸਰੋਤ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ 'ਬਾਲ ਦਰਬਾਰ' ਦੇ ਸੰਪਾਦਕ ਅਜਾਇਬ ਚਿੱਤਰਕਾਰ ਤੇ 'ਬਾਲ ਸੰਦੇਸ਼' ਦੇ ਸੰਪਾਦਕ ਨਵਤੇਜ ਸਿੰਘ ਬਾਲ-ਸਾਹਿਤ ਵਿਚ ਕੋਈ ਹਸਤਾਖ਼ਤਰ ਨਾ ਬਣ ਸਕੇ ਪਰ ਮਾਦਪੁਰੀ ਇਤਿਹਾਸਕ ਜਗ੍ਹਾ ਰੱਖਦਾ ਹੈ। 'ਸੀਨੇ ਖਿੱਚ ਜਿਹਨਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ' ਮੁਤਾਬਕ ਮਾਦਪੁਰੀ ਨੂੰ ਜਦੋਂ ਵੀ ਕਦੇ ਇਸ ਖਿੱਚ ਨੇ ਤੰਗ ਕੀਤਾ ਤਾਂ ਅਨੁਵਾਦ ਦਾ ਰੁਝੇਂਵਾ ਫੜ ਲਿਆ। ਇਸ ਰੁਝੇਵੇਂ ਦੀ ਉਪਜ ਹਨ, ਉਸ ਦੀਆਂ ਤਿੰਨ ਪੁਸਤਕਾਂ: 'ਵਰਖਾ ਦੀ ਉਡੀਕ', 'ਟੋਢਾ ਤੇ ਟਾਹਰ' ਅਤੇ 'ਤਿਤਲੀ ਤੇ ਸੂਰਜ ਮੁਖੀਆਂ।' 35 ਪੁਸਤਕਾਂ ਦੇ ਲੇਖਕ ਸੁਖਦੇਵ ਮਾਦਪੁਰੀ ਨੇ ਬੇਸ਼ੱਕ ਬਹੁਤਾ ਕੰਮ ਪੰਜਾਬੀ ਲੋਕ ਸਾਹਿਤ ਤੇ ਪੰਜਾਬੀ ਸਭਿਆਚਾਰ ਨੂੰ ਇਕੱਤਰ ਕਰਨ ਤੇ ਸੰਭਾਲਣ ਦਾ ਕੀਤਾ ਹੈ ਪਰ ਇਸ ਦੇ ਵਿਸ਼ਲੇਸ਼ਣ ਸਬੰਧੀ ਉਸ ਦੀਆਂ ਟਿੱਪਣੀਆਂ ਤੇ ਦੋ ਪੂਰੀਆਂ-ਸੂਰੀਆਂ ਕਿਤਾਬਾਂ ਵੀ ਧਿਆਨ ਮੰਗਦੀਆਂ ਹਨ। ਉਸ ਕੋਲ਼ ਲੋਕਧਾਰਾ ਸਬੰਧੀ ਆਪਣੀ ਵਿਸ਼ਲੇਸ਼ਣੀ ਸੂਝ ਤੇ ਸੰਕਲਪਾਤਮਕ ਚੇਤਨਾ ਹੈ, ਜਿਸ ਕਰਕੇ ਉਸ ਨੇ ਇਸ ਦੀ ਸਾਂਭ-ਸੰਭਾਲ ਦਾ ਬੀੜਾ ਚੁੱਕਿਆ। ਇਸ ਸੰਦਰਭ ਵਿਚ ਉਸ ਦੀ ਇਕ ਪੁਸਤਕ 'ਲੋਕ ਗੀਤਾਂ ਦੀ ਸਮਾਜਿਕ ਵਿਆਖਿਆ' ਨੇ ਲੋਕ-ਸਾਹਿਤ ਦੇ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਇਸ ਪੁਸਤਕ ਵਿਚ ਉਸ ਨੇ ਪੰਜਾਬੀ ਸਮਾਜ ਦੇ ਸਾਕਾਦਾਰੀ ਪ੍ਰਬੰਧ ਨਾਲ਼ ਸਬੰਧਿਤ ਲੋਕ-ਗੀਤਾਂ ਦਾ ਸਮਾਜ ਸ਼ਾਸਤਰੀ ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਨਾਲ਼ ਹੀ ਪੰਜਾਬੀ ਬੰਦਾ ਆਪਣੇ ਵਾਤਾਵਰਣ, ਆਪਣੇ ਲੋਕ-ਨਾਇਕਾਂ, ਆਪਣੇ ਮੇਲੇ-ਤਿਉਹਾਰਾਂ ਅਤੇ ਆਪਣੇ ਰੁਮਾਂਟਿਕ ਪਲਾਂ ਨੂੰ ਕਿਵੇਂ ਲੋਕ ਗੀਤਾਂ ਵਿਚ ਢਾਲਦਾ ਤੇ ਵਿਅਕਤ ਕਰਦਾ ਹੈ, ਇਹ ਚਿੰਤਨ-ਵਿਧੀ ਵੀ ਇਸ ਪੁਸਤਕ ਵਿਚ ਵਿਦਮਾਨ ਹੁੰਦੀ ਹੈ। ਮਾਦਪੁਰੀ ਦੀ ਇਕ ਹੋਰ ਪੁਸਤਕ 'ਪੰਜਾਬੀ ਸਭਿਆਚਾਰ ਦੀ ਆਰਸੀ' ਵੀ ਉਸ ਦੇ ਆਲੋਚਨਾਤਮਕ ਕਾਰਜ ਦੀ ਉਪਜ ਹੈ। ਇਸ ਪੁਸਤਕ ਦੇ ਵੱਖ-ਵੱਖ ਲੇਖਾਂ ਰਾਹੀਂ ਲੇਖਕ ਨੇ ਸਾਡੀਆਂ ਲੋਕ-ਸਿਆਣਪਾਂ ਦੇ ਸੋਮਿਆਂ, ਸਾਡੇ ਅਨੁਸ਼ਠਾਨਾਂ ਦੇ ਕਾਰਜਗਤ ਸਥਾਨਾਂ ਤੇ ਮੌਕਿਆਂ ਅਤੇ ਸਾਡੇ ਵਿਰਾਸਤੀ ਪਿੰਡਾਂ-ਕਸਬਿਆਂ ਦਾ ਸਰਵੇਖਣ ਤੇ ਵਿਸ਼ਲੇਸ਼ਣ ਕੀਤਾ ਹੈ। ਪੰਜਾਬੀ ਲੋਕਧਾਰਾ ਦੀ ਇਹ ਇਕ ਹਵਾਲਾ ਪੁਸਤਕ ਵੀ ਕਹੀ ਜਾ ਸਕਦੀ ਹੈ। ਸੁਖਦੇਵ ਮਾਦਪੁਰੀ ਨੇ ਇਕ ਚਿੰਤਕ ਵਜੋਂ ਆਪਣੇ ਪ੍ਰਕਾਸ਼ਿਤ ਸੰਕਲਨਾਂ ਅੱਗੇ ਜਿਹੜੀਆਂ ਭੂਮਿਕਾਵਾਂ/ ਆਦਿਕਾਵਾਂ ਲਿਖੀਆਂ ਹਨ ਜਾਂ ਮੁਲਾਕਾਤੀ ਟਿੱਪਣੀਆਂ ਕੀਤੀਆਂ ਹਨ ਉਹ ਵੀ ਉਸ ਦੀ ਪ੍ਰੋਢ ਵਿਸ਼ਲੇਸ਼ਣੀ ਸੂਝ ਦੀ ਗਵਾਹੀ ਭਰਦੀਆਂ ਹਨ। ਇਸ ਪ੍ਰਸੰਗ ਵਿਚ ਇਥੇ ਕੁਝ ਟਿੱਪਣੀਆਂ ਹਵਾਲਾਯੁਕਤ ਹਨ: "ਸਭਿਆਚਾਰ ਦਾ ਖਾਸਾ ਇਹ ਹੈ ਕਿ ਇਹ ਕਦੀ ਵੀ ਖ਼ਤਮ ਨਹੀਂ ਹੁੰਦਾ, ਗਤੀਸ਼ੀਲ ਹੈ, ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ।" ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ- 9)- "ਜਿਵੇਂ ਲੋਕ ਗੀਤ ਜਨ-ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ, ਉਸੇ ਤਰ੍ਹਾਂ ਬੁਝਾਰਤਾਂ ਵੀ ਮਨੁੱਖੀ ਅਕਲ ਦਾ ਚਮਤਕਾਰ ਦਿਖਾਉਣ ਲਈ ਪ੍ਰਸਿੱਧ ਹਨ।" ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ- 172)- "ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬ ਦਾ ਜਨ-ਜੀਵਨ ਧੜਕਦਾ ਹੈ। ਇਹ ਪੰਜਾਬੀਆਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ।" ('ਸ਼ਾਵਾ ਨੀ ਬੰਬੀਹਾ ਬੋਲੇ, ਪੰਨਾ- 16) ਪਰ ਮਾਦਪੁਰੀ ਨੇ ਆਲੋਚਨਾਤਮਕ ਕਾਰਜ ਦੀ ਥਾਂ ਪੰਜਾਬੀ ਲੋਕਧਾਰਾ ਸਰੰਚਨਾਤਮਕ ਕਾਰਜ ਨੂੰ ਤਰਜੀਹ ਦੇ ਕੇ ਆਪਣੀ ਆਤਮਾ ਦੀ ਪਾਕੀਜ਼ਗੀ ਤੇ ਸੂਝ ਦੀ ਬੁਲੰਦੀ ਦੇ ਦਰਸ਼ਨ ਕਰਾਏ ਹਨ।
ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਤੇ ਸੰਭਾਲਣ ਦੀ ਡਗਰ 'ਤੇ ਤੁਰਦਿਆਂ ਜਿਹੜੀਆਂ ਦੁਸ਼ਵਾਰੀਆਂ ਤੇ ਸੀਮਾਵਾਂ ਦੇ ਰੂਬਰੂ ਸ੍ਰੀ ਮਾਦਪੁਰੀ ਨੂੰ ਹੋਣਾ ਪਿਆ, ਉਨ੍ਹਾਂ ਦਾ ਜ਼ਿਕਰ ਕਰਨਾ ਇਥੇ ਅੱਜ ਪ੍ਰਸੰਗੋਂ ਬਾਹਰਾ ਸ਼ਾਇਦ ਨਹੀਂ ਹੋਵੇਗਾ। ਜਿਹੜੇ ਸਮਿਆਂ ਵਿਚ ਉਸ ਨੇ ਇਸ ਖੇਤਰੀ-ਕਾਰਜ ਨੂੰ ਹੱਥ ਪਾਇਆ ਢੇਰ ਸਹੂਲਤਾਂ ਦੀਆਂ ਸੀਮਾਵਾਂ ਸਨ। ਬਸ, ਸੁਣਨਾ ਤੇ ਹੱਥੀਂ ਲਿਖਣ ਤੋਂ ਇਲਾਵਾ ਕੋਈ ਰੀਕਾਰਡਿੰਗ ਦੀ ਸਹੂਲਤ ਨਹੀਂ ਸੀ। ਦੂਜਾ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਸੀ। ਇਸੇ ਤਰ੍ਹਾਂ ਅੱਜ ਦੀ ਸਮਾਜਿਕ ਖੁੱਲ੍ਹ ਦੇ ਮੁਕਾਬਲੇ ਉਨ੍ਹਾਂ ਸਮਿਆਂ ਵਿਚ ਸਬੰਧਿਤ ਔਰਤਾਂ ਤਕ ਪਹੁੰਚ ਕਰਨੀ ਵੀ ਦੁਸ਼ਵਾਰ ਸੀ। ਲੋਕ ਸਾਹਿਤ ਤੇ ਰਸਮਾਂ ਰਿਵਾਜਾਂ ਦਾ ਭੰਡਾਰ ਔਰਤਾਂ ਕੋਲ਼ ਹੀ ਹੁੰਦਾ ਹੈ। ਇਕ ਮੁਲਾਕਾਤ ਵਿਚ ਖ਼ੁਦ ਮਾਦਪੁਰੀ ਕਹਿੰਦਾ ਹੈ ਕਿ ਮੈਂ, ਲੋਕ ਕਹਾਣੀਆਂ ਦੀਆਂ ਕੂਲ੍ਹਾਂ ਆਖੀਆਂ ਜਾਂਦੀਆਂ ਦਾਦੀਆਂ-ਨਾਨੀਆਂ ਕੋਲੋਂ ਇਹ ਖ਼ਜ਼ਾਨਾ ਪ੍ਰਾਪਤ ਕੀਤਾ। ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ-173) ਉਂਜ ਸਕੂਲ ਅਧਿਆਪਕ ਹੋਣ ਕਰਕੇ ਅਧਿਆਪਕੀ ਦੇ ਆਈ ਕਾਰਡ ਨਾਲ਼ ਉਹ ਆਪਣੇ ਕਾਰਜ ਦੀ ਪੂਰਤੀ ਲਈ ਕਿਸੇ ਵੀ ਘਰ/ ਪਰਿਵਾਰ ਵਿਚ ਪੈਰ ਧਰਾਈ ਕਰ ਲੈਂਦਾ ਸੀ। ਪਰ ਫਿਰ ਵੀ ਤਤਕਾਲੀ ਸਮਾਜਿਕ ਪਰਿਵੇਸ਼ ਵਿਚ ਅੱਜ ਵਰਗਾ ਖੁੱਲ੍ਹਾਪਣ ਨਹੀਂ ਸੀ। ਆਧੁਨਿਕ ਤਕਨੀਕ ਤੇ ਯੰਤਰ ਦਸਤਯਾਬ ਨਹੀਂ ਸਨ। ਇਸ ਤਰ੍ਹਾਂ ਆਧੁਨਿਕ ਸਹੂਲਤਾਂ ਤੇ ਚੇਤਨਾ ਤੋਂ ਵਿਰਵੇ ਮਾਦਪੁਰੀ ਵਰਗੇ ਉਨ੍ਹਾਂ ਦਰਵੇਸ਼ਾਂ ਤੇ ਲੋਕਧਾਰਾ ਦੇ ਪਦ-ਯਾਤਰੀਆਂ ਨੂੰ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਪੰਜਾਬੀ ਲੋਕਧਾਰਾ ਦੀ ਸਮੱਗਰੀ ਦੀ ਨਿਧੀ ਨੂੰ ਸੰਭਾਲ ਕੇ ਅੱਗੇ ਸੌਂਪਿਆ ਹੈ।
ਸ੍ਰੀ ਸੁਖਦੇਵ ਮਾਦਪੁਰੀ ਵਲੋਂ ਪੰਜਾਬੀ ਲੋਕ ਸਾਹਿਤ ਦੇ ਵੱਖ-ਵੱਖ ਰੂਪਾਂ ਨੂੰ ਇਕੱਤਰ ਕਰਨ ਤੇ ਸੰਭਾਲਣ ਸਮੇਂ ਅਪਨਾਈ ਖੋਜ-ਵਿਧੀ ਵਿਚ ਜਿਹੜੀ ਦੀਰਘ ਦ੍ਰਿਸ਼ਟੀ ਅਤੇ ਵਿਗਿਆਨਕ ਚੇਤਨਾ ਪ੍ਰਦਰਸ਼ਿਤ ਹੁੰਦੀ ਹੈ, ਉਸ 'ਤੇ ਵੀ ਸੰਖੇਪ ਚਰਚਾ ਹੋ ਸਕਦੀ ਹੈ। ਉਹ ਖ਼ੁਦ ਲਿਖਦਾ ਹੈ ਕਿ "ਲੋਕ-ਗੀਤ ਮੈਂ ਲੋਕ ਭਾਸ਼ਾ ਵਿਚ ਹੀ ਲਿੱਪੀਬੱਧ ਕਰਦਾ ਰਿਹਾ ਹਾਂ ਤਾਂ ਜੋ ਉਨ੍ਹਾਂ ਦੇ ਉਚਾਰ ਵਿਚ ਕੋਈ ਫ਼ਰਕ ਨਾ ਆਵੇ ਅਤੇ ਸਥਾਨਕ ਰੰਗਣ ਬਣੀ ਰਹੇ।" ('ਸ਼ਾਵਾ ਨੀ ਬੰਬੀਹਾ ਬੋਲੇ, ਪੰਨਾ-15) ਇਸ ਤਰ੍ਹਾਂ ਉਸ ਨੇ ਲੋਕ ਗੀਤਾਂ ਦੀ ਰੂਹ ਨੂੰ ਬਰਕਰਾਰ ਰੱਖ ਕੇ ਇਕ ਸਿਆਣੇ ਤੇ ਸੁਘੜ ਲੋਕਧਾਰਾ ਸ਼ਾਸਤਰੀ ਦਾ ਸਬੂਤ ਦਿੱਤਾ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਵੀ ਉਸ ਦੇ ਇਸ ਗੁਣ ਦੀ ਨਿਸ਼ਾਨਦੇਹੀ ਕਰਦਾ ਲਿਖਦਾ ਹੈ, "ਇਹ ਵੀ ਵੇਖਣ ਵਿਚ ਆਇਆ ਹੈ ਕਿ ਕਈ ਵਿਦਵਾਨਾਂ ਨੇ ਲੋਕਧਾਰਾ ਦੀ ਡੂੰਘੀ ਵਿਗਿਆਨਕ ਖੋਜ ਤੋਂ ਜਾਣੂੰ ਨਾ ਹੋਣ ਕਾਰਨ ਬਹੁਤ ਸਾਰੀਆਂ ਕਥਾ-ਕਹਾਣੀਆਂ ਨੂੰ ਲੋਕ ਭਾਸ਼ਾ ਤੋਂ ਬਦਲ ਕੇ ਸਾਹਿਤਕ ਰੰਗਣ ਦੇ ਦਿੱਤੀ ਹੈ, ਜਿਸ ਕਾਰਨ ਉਸ ਦੀ ਲੋਕਧਾਰਾਈ ਕੀਮਤ ਅਤੇ ਖ਼ੁਸ਼ਬੂ ਗਾਇਬ ਹੋ ਗਈ ਹੈ।... ਇਕ ਲੋਕਧਾਰਾ ਸ਼ਾਸਤਰੀ ਦੀ ਦ੍ਰਿਸ਼ਟੀ ਤੋਂ ਇਹ ਠੀਕ ਨਹੀਂ।... ਸੁਖਦੇਵ ਮਾਦਪੁਰੀ ਦੀ ਖ਼ੂਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿਚ ਹੀ ਲਿਖਿਆ ਹੈ।... ਉਨ੍ਹਾਂ ਦੀ ਨਵੀਂ ਆਈ ਪੁਸਤਕ 'ਬਾਤਾਂ ਦੇਸ ਪੰਜਾਬ ਦੀਆਂ' ਇਸ ਦੀ ਵਧੀਆ ਉਦਾਹਰਣ ਹੈ।... ਇਸ ਪੁਸਤਕ ਵਿਚਲੀਆਂ ਲੋਕ ਕਹਾਣੀਆਂ ਨੂੰ ਲੋਕ ਬੋਲੀ ਵਿਚ ਹੀ ਪੇਸ਼ ਕੀਤਾ ਗਿਆ ਹੈ।" ('ਨੈਣੀ ਨੀਂਦ ਨਾ ਆਵੇ', ਪੰਨਾ-12) ਸਾਡੇ ਮੁਢਲੇ ਲੋਕਧਾਰਾ ਖੋਜੀਆਂ ਵਿਚ ਇਸ ਖੋਜ ਸੋਝੀ ਨੂੰ ਸਲਾਮ ਦਰ ਸਲਾਮ ਹੈ।
ਸ੍ਰੀ ਸੁਖਦੇਵ ਮਾਦਪੁਰੀ ਇਕ ਸੰਸਥਾ ਵਾਂਗ ਲੋਕਧਾਰਾ ਦੇ ਖੇਤਰ ਵਿਚ ਕੰਮ ਕਰ ਰਿਹਾ ਹੈ। ਉਹ ਦੇਵਿੰਦਰ ਸਤਿਆਰਥੀ ਵਾਂਗ ਇਸ ਖੇਤਰ ਦਾ ਕੁਲਵਕਤੀ ਖੋਜੀ ਵੀ ਨਹੀਂ ਹੈ। ਉਹ ਅਧਿਆਪਨ ਦਾ ਕਾਰਜ ਵੀ ਕਰਦਾ ਰਿਹਾ ਹੈ। ਫਿਰ ਉਸ ਨੇ 'ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਪਾਠਕ੍ਰਮਾਂ ਨੂੰ ਨਵੀਨੀਕਿਰਤ ਰੂਪ ਦੇਣ ਦੀ ਸੇਵਾ ਵੀ ਕੀਤੀ। ਬਾਲ-ਸਾਹਿਤ ਪ੍ਰਤੀ ਉਸ ਦੀ ਸੁਹਿਰਦਤਾ, ਪ੍ਰਤੀਬੱਧਤਾ ਤੇ ਕਾਰਜਸ਼ੀਲ ਲੋਕਧਾਰਾ ਜਿੰਨੀ ਹੀ ਰਹੀ ਹੈ। ਬਾਲ-ਸਾਹਿਤ ਵਿਚ ਉਸ ਨੇ ਅੱਧੀ ਦਰਜਨ ਤੋਂ ਉਪਰ ਕਿਤਾਬਾਂ ਦੇ ਕੇ ਇਤਿਹਾਸਕ ਯੋਗਦਾਨ ਤਾਂ ਪਾਇਆ ਹੀ ਹੈ, ਇਸ ਦੇ ਨਾਲ਼ ਉਹ 'ਪ੍ਰਾਇਮਰੀ ਸਿੱਖਿਆ' ਦਾ ਮੋਢੀ ਸੰਪਾਦਕ ਬਣ ਕੇ 'ਪੰਖੜੀਆਂ' ਦਾ ਵੀ ਸੰਪਾਦਨ ਕਰਦਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 'ਬਾਲ ਸਾਹਿਤ ਪ੍ਰੋਜੈਕਟ' ਦੀ ਉਸ ਨੇ ਹੀ ਸੰਚਾਲਨਾ ਕੀਤੀ। ਭਾਸ਼ਾ ਵਿਭਾਗ, ਪੰਜਾਬ ਵਲੋਂ ਉਸ ਨੂੰ ਬਤੌਰ 'ਸ਼੍ਰੋਮਣੀ ਬਾਲ ਸਾਹਿਤ ਲੇਖਕ' ਸਨਮਾਨਿਤ ਵੀ ਕੀਤਾ ਗਿਆ। ਅਨੇਕਾਂ ਸਲਾਹਕਾਰ ਕਮੇਟੀਆਂ ਦਾ ਉਹ ਮੈਂਬਰ ਵੀ ਰਿਹਾ ਹੈ। 77 ਸਾਲ ਦੀ ਉਮਰ ਤਕ ਤਿੰਨ ਦਰਜਨ ਕਿਤਾਬਾਂ ਲਿਖ ਕੇ ਵੀ ਮਾਦਪੁਰੀ ਮੈਦਾਨ ਤੋਂ ਬਾਹਰ ਨਹੀਂ ਹੋਇਆ। ਉਸ ਦੀਆਂ ਦੋ ਹੋਰ ਕਿਤਾਬਾਂ 'ਬੋਲੀਆਂ ਦਾ ਪਾਵਾਂ ਬੰਗਲਾ' ਅਤੇ 'ਕੱਲਰ ਦੀਵਾ ਮੱਚਦਾ' ਪਿਛਲੇਰੇ ਸਾਲ ਛਪੀਆਂ ਹਨ। ਪੰਜਾਬੀ ਲੋਕਧਾਰਾ ਦੇ ਮੈਦਾਨ ਵਿਚ ਉੱਤਰੇ ਲੰਮੀ ਰੇਸ ਦੇ ਇਸ ਘੋੜੇ ਨੂੰ ਸੌ ਸੌ ਸਲਾਮ ਤੇ ਝੁਕ ਝੁਕ ਸਲਾਮ। ਇਸ ਲੰਮੀ ਰੇਸ ਦੇ ਘੋੜੇ ਨੂੰ ਉਮਰ ਦੀਆਂ ਅਸੀਸੜੀਆਂ ਦੇਣ ਲਈ ਤੁਸੀਂ ਵੀ ਮੇਰੇ ਨਾਲ਼ ਆਉ ਸ਼ਾਮਲ ਹੋਵੋ।

-ਡਾ. ਲਾਭ ਸਿੰਘ ਖੀਵਾ

ਮੁਖੀ, ਪੰਜਾਬੀ ਵਿਭਾਗ,

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ