ਸਮੱਗਰੀ 'ਤੇ ਜਾਓ

ਜੰਗਨਾਮਾ (1904)

ਵਿਕੀਸਰੋਤ ਤੋਂ
ਜੰਗਨਾਮਾ (1904)
 ਸ਼ਾਹ ਮੁਹੰਮਦ
56460ਜੰਗਨਾਮਾ1904ਸ਼ਾਹ ਮੁਹੰਮਦ

ਕਿੱਸਾ

ਸ਼ਾਹ ਮੁਹੰਮਦ


ਸੰਨ ੧੯੦੪ ਈ:


ਲਾਹੌਰ

ਰਾਇ ਸਾਹਿਬ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼

ਪ੍ਰਿੰਟਰਜ਼, ਪਬਲਿਸ਼ਰਜ਼, ਬੁਕਸੇਲਰਜ਼,

ਮਾਲਕਾਨ ਪੰਜਾਬ ਸੈਂਟਰਰਲ ਬੁਕ ਡਿਪੋ ਵੀ ਮੁਵਾਦ ਆਮ ਪ੍ਰੈਸ

ੴ ਸਤਿਗੁਰ ਪ੍ਰਸਾਦਿ॥


ਅਬ ਕਿੱਸਾ ਲੜਾਈ ਸਿੰਘਾਂ ਕੀ ਕ੍ਰਿਤ ਕਵਿ ਸ਼ਾਹਮੁਹੰਮਦ॥




ਅੱਵਲ ਹਮਦ ਜਨਾਬ ਅੱਲਾਹ ਦੀ ਨੂੰ ਜੇਹੜਾ ਕੁਦਰਤੀ ਖੇਲ ਬਣਾਂਵਦਾਈ॥ ਚੌਦਾਂ ਤਬਕਾਂ ਦਾ ਨਕਸ਼ ਨਗਾਰ ਕਰਕੇ ਰੰਗ ਰੰਗ ਦੇ ਬਾਗ ਬਨਾਂਵਦਾਈ॥ ਰਚੀ ਪਿਛਲੀ ਸਭ ਹੈ ਮੇਟ ਲੈਂਦਾ ਅੱਗੇ ਹੋਰ ਦੀ ਹੋਰ ਵਛਾਂਵਦਾਈ।। ਸ਼ਾਹ ਮੁਹੰਮਦਾ ਓਸਤੋਂ ਸਦਾ ਡਰੀਏ ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾਈ॥੧॥ ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ ਦਗੇਬਾਜ਼ੀ ਦਾ ਧਾਰਕੇ ਭੇਸ ਮੀਆਂ॥ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ ਮੀਆਂ॥ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ॥ ਸ਼ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ ਸਦਾ ਰਹਿਨ ਨਾ ਕਾਲੜੇ ਕੇਸ ਮੀਆਂ॥੨॥ ਇੱਕ ਰੋਜ਼ ਵਟਾਲੇ ਦੇ ਵਿੱਚ ਬੈਠੇ ਚੱਲੀ ਆਨ ਅੰਗ੍ਰੇਜ਼ ਦੀ ਬਾਤ ਭਾਈ॥ ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ॥ ਰਾਜ਼ੀ ਬਾਜ਼ੀ ਰਹੇ ਮੁਸਲਮਾਨ ਹਿੰਦੂ ਸਿਰਾਂ ਦੋਹਾਂ ਦੇ ਉੱਤੇ ਅਫ਼ਾਤ ਆਈ॥ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਦੂਸਰੀ ਜ਼ਾਤ ਆਈ॥੩॥ ਏਹ ਜੱਗ ਸਰਾਇ ਮੁਸਾਫ਼ਰਾਂ ਦੀ ਏਥੇ ਜ਼ੋਰ ਵਾਲੇ ਕਈ ਆਇ ਗਏ॥ ਸੱਦਾਦ ਨਮਰੂਦ ਫ਼ਰਔਨ ਜੇਹੇ ਦਾਵਾ ਬੰਨ੍ਹ ਖ਼ੁਦਾਇ ਕਹਾ ਗਏ॥ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਇ ਗਏ॥ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਝੂਠ ਦੇ ਕਈ ਵਜਾਇ ਗਏ॥੪॥ ਮਹਾਂ ਬਲੀ ਰਣਜੀਤ ਸਿੰਘ ਹੋਯਾ ਪੈਦਾ ਨਾਲ ਜ਼ੋਰ ਦੇ ਮੁਲਕ ਨਿਵਾਇ ਗਿਆ॥ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਬੂ ਕਾਂਗੜਾ ਕੋਟ ਨਿਵਾਇ ਗਿਆ॥ ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਇ ਗਿਆ॥ ਸ਼ਾਹ ਮੁਹੰਮਦਾ ਜਾਨ ਪਚਾਸ ਬਰਸਾਂ ਅਛਾ ਰੱਜਕੇ ਰਾਜ ਕਮਾਇ ਗਿਆ॥੫। ਜਦੋਂ ਹੋਏ ਸਰਕਾਰ ਦੇ ਸਾਸ ਪੂਰੇ ਜਮਾਂ ਹੋਏ ਨੀ ਸਭ ਸਰਦਾਰ ਮੀਆਂ॥ ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ॥ ਖੜਕ ਸਿੰਘ ਮਹਾਰਾਜ ਨੇ ਆਹ ਮਾਰੀ ਮੋਯਾ ਮੁੱਢ ਕਦੀਮ ਦਾ ਯਾਰ ਮੀਆਂ॥ ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ ਸਾਡਾ ਏਹੋ ਸੀ ਕੌਲ ਕਰਾਰ ਮੀਆਂ॥੬॥ ਮੇਰੇ ਪਾਸ ਬੈਠੇ ਇਨ੍ਹਾਂ ਖ਼ਨ ਕੀਤਾ ਇਹ ਤਾਂ ਗਰਕ ਜਾਵੇ ਦਰਬਾਰ ਮੀਆਂ॥ ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ ਅਸੀ ਮਰਾਂਗੇ ਏਸ ਨੂੰ ਮਾਰ ਮੀਆਂ॥ ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ ਏਹ ਤਾਂ ਮਰਨਗੇ ਸੱਭ ਸਰਦਾਰ ਮੀਆਂ॥ ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾਂ ਵਿੱਕਵਾਰ ਮੀਆਂ॥੭॥ ਖੜਕ ਸਿੰਘ ਮਹਾਰਾਜ ਹੋਯਾ ਬਹੁਤ ਮਾਂ ਦਾ ਬਰਸ ਇੱਕ ਪਿਛੋਂ ਵੱਸ ਕਾਲ ਹੋਯਾ॥ ਆਈ ਮੌਤ ਨ ਅਟਕਿਆ ਇੱਕ ਘੜੀ ਚੇਤ ਸਿੰਘ ਦੇ ਗ਼ਮ ਦੇ ਨਾਲ ਮੋਯਾ॥ ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਕੇ ਸੁਣ ਕੇ ਜ਼ਰਾ ਗ਼ਮ ਦੇ ਨਾਲ ਨਾ ਮੂਲ ਰੋਯਾ॥ ਸ਼ਾਹ ਮੁਹੰਮਦਾ ਕਈਆਂ ਦੇ ਪਕੜ ਨੇਦਾ ਵਿੱਚ ਕੌਸਲ ਦੇ ਕੌਰ ਨੂੰ ਫ਼ਿਕਰ ਹੋਯਾ॥੮॥ ਖੜਕ ਸਿੰਘ ਮਾਹਾਰਾਜ ਨੂੰ ਚੁਕ ਲਿਆ ਦੇਖੋ ਸਾੜਨੇ ਨੂੰ ਹੁਨ ਲੈ ਚੱਲੇ॥ ਧਰਮਰਾਜ ਨੂੰ ਆਇਕੇ ਖ਼ਬਰ ਹੋਈ ਕੌਰ ਮਾਰਨੇ ਨੂੰ ਓਸ ਦੂਤ ਘੱਲੇ॥ ਮਾਰੋਮਾਰ ਕਰਕੇ ਦੂਤ ਆਇ ਵੜੇ ਜਦੋਂ ਮੌਤ ਦੇ ਹੋਏ ਨੀ ਆਨ ਹੱਲੇ। ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸਦੀ ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ॥੯॥ ਇਕ ਦੂਤ ਨੇ ਦੇਖਕੇ ਫਿਕਰ ਕੀਤਾ ਪਲਕ ਵਿੱਚ ਦਰਵਾਜੇ ਦੇ ਆਇਆ ਈ॥ ਜੇੜ੍ਹਾ ਧੁਰ ਦਰਗਾਹ ਦਾ ਹੁਕਮ ਆਂਦਾ ਦੇਖੋ ਓਸਨੂੰ ਖੂਬ ਬਜਾਇਆ ਈ॥ ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ ਛੱਜਾ ਢਾਹ ਦੋਹਾਂ ਉੱਤੇ ਪਾਇਆ ਈ॥ ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਯਾ ਕੌਰ ਸਾਹਿਬ ਜੋ ਸਹਿਕਦਾ ਆਇਆ ਈ॥੧੦॥ ਅੱਠ ਪਹਿਰ ਲੁਕਾਇਕੇ ਰੱਖ੍ਯਾ ਨੇ ਦਿਨ ਦੂਜੇ ਰਾਣੀ ਚੰਦ ਕੌਰ ਆਈ॥ ਖੜਕ ਸਿੰਘ ਦਾ ਮੂਲ ਦਰੇਗ਼ ਨਾਹੀ ਕੌਰ ਸਾਹਿਬ ਤਾਂਈਂ ਓਥੇ ਰੋਇ ਆਈ॥ ਹੁਣ ਮੋਯਾ ਤੇ ਕਰੋ ਸਸਕਾਰ ਇਸਦਾ ਏਹ ਤੁਸਾਂ ਕਿਉਂ ਏਤਨੀ ਦੇਰ ਲਾਈ॥ ਸ਼ਾਹ ਮੁਹੰਮਦਾ ਰੋਂਦੀ ਹੈ ਚੰਦ ਕੌਰਾਂ ਜਿਸਦਾ ਮੋਯਾ ਪੁਤ੍ਰ ਸੋਹਣਾ ਸ਼ੇਰ ਸਾਈ॥੧੧॥ ਸ਼ੇਰ ਸਿੰਘ ਨੂੰ ਕਿਸੇ ਖ਼ਬਰ ਦਿਤੀ ਜਿਸਦਾ ਮੋਯਾ ਭਤੀਜਾ ਤੇ ਵੀਰ ਯਾਰੋ॥ ਉਸਨੇ ਤੁਰਤ ਵਟਾਲਿਓਂ ਕੂਚ ਕੀਤਾ ਰਾਤੀਂ ਆਂਵਦਾ ਘਤ ਵਹੀਰ ਯਾਰੋ॥ ਜਦੋਂ ਆਣਕੇ ਹੋਯਾ ਲਾਹੌਰ ਦਾਖਲ ਅੱਖੀਂ ਰੋਇ ਪਲਟਦਾ ਨੀਰ ਯਾਰੋ॥ ਸ਼ਾਹ ਮੁਹੰਮਦਾ ਲੋਕ ਦਿਲਬਰੀ ਕਰਦੇ ਚੰਦ ਕੌਰ ਹੋਈ ਦਿਲਗੀਰ ਯਾਰੋ॥੧੨॥ ਦਿੱਤੇ ਸੰਤ੍ਰੀ ਚਾਰ ਖਲਾਰ ਚੋਰੀ ਸ਼ੇਰ ਸਿੰਘ ਅੰਦਰ ਅਜ ਆਵਣਾਂ ਜੇ॥ ਤੁਰਤ ਫੂਕ ਦਿਓ ਤੁਸੀ ਕਰਾਬੀਨਾਂ ਇੱਕ ਘੜੀ ਵਿੱਚ ਮਾਰ ਮੁਕਾਵਣਾਂ ਜੇ॥ ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ ਅੰਦਰ ਅੱਜ ਜਰੂਰ ਨਹੀਂ ਜਾਵਣਾਂ ਜੇ॥ ਸ਼ਾਹ ਮੁਹੰਮਦਾ ਅਜੇ ਨਹੀਂ ਜੋਰ ਤੇਰਾ ਤੈਨੂੰ ਅਸਾਂ ਹੀ ਅੰਤ ਸਦਾਵਣਾਂ ਜੇ॥੧੩॥ ਚੰਦ ਕੌਰਾਂ ਦੀ ਜੋ ਮੰਦੀ ਨਜ਼ਰ ਦੇਖੀ ਦਗੇਬਾਜੀਆਂ ਹੋਰ ਬਥੇਰੀਆਂ ਨੀ॥ ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ ਬੈਠਾ ਜਾਇਕੇ ਵਿੱਚ ਮੁਕੇਰੀਆਂ ਨੀ॥ ਪਿੱਛੋ ਤਖਤ ਬੈਠੀ ਚਾਣੀ ਚੰਦ ਕੌਰਾਂ ਦੇਂ ਦੇ ਆਨ ਮੁਸਾਹਿਬ ਦਲੇਰੀਆਂ ਨੀ॥ ਸ਼ਾਹ ਮੁਹੰਮਦਾ ਕੌਰ ਨਾ ਜੰਮਨਾਏ ਕਿਲੇ ਕੋਟ ਤੇ ਰੱਯਤਾਂ ਤੇਰੀਆਂ ਨੀ॥੧੪॥ ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ ਸ਼ੇਰ ਸਿੰਘ ਨੂੰ ਕਿਵੇਂ ਸਦਵਾਈਏ ਜੀ॥ ਓਹ ਪੁਤ੍ਰ ਸਰਕਾਰ ਦਾ ਫਤੇ ਜੰਗੀ ਗੱਦੀ ਓਸਨੂੰ ਚਾ ਬਹਾਈਏ ਜੀ॥ ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ ਜਿਸ ਨੂੰ ਕਹੇਂ ਸੋਫਤੇ ਬੁਲਾਈਏ ਜੀ॥ ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੋ ਏਸੇ ਵੇਖਤ ਹੀ ਚਾ ਮੰਗਾਈਏ ਜੀ॥੧੫॥ ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖਸਤ ਤੁਰਤ ਜੰਮੂੰਨੂੰ ਹੋਏ ਨੀ ਕੂਚ ਡੇਰੇ॥ ਸ਼ੇਰ ਸਿੰਘ ਤਾਂਈਂ ਲਿਖ ਘੱਲੀ ਅਰਜੀ ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ॥ ਧੌਂਸਾ ਮਾਰਕੇ ਪਹੁੰਚ ਲਾਹੌਰ ਜਲਦੀ ਅਗੋਂ ਆਇ ਮਿਲਸਨ, ਤੈਨੂੰ ਸੱਭ ਡੇਰੇ॥ ਸ਼ਾਹ ਮੁਹੰਮਦਾ ਮਿਲਨਗੇ ਫੇਰ ਅਫ਼ਸਰ ਜਿਸ ਵੇਲੜੇ ਸ਼ਹਿਰ ਦੇ ਗਯੌਂ ਨੇੜੇ॥੧੬॥ ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹਕੇ ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ॥ ਘੋੜੋ ਹਿਣਕਦੇ ਤੇ ਮਾਰ ਵੱਜਦੇ ਨੀ ਧੂੜ ਉੱਡਕੇ ਘਟਾਂ ਹੋ ਚੱਲੀਆਂ ਨੀ॥ ਆਵੇ ਬੁਧੂ ਦੇ ਆਏ ਨੀ ਪਾਸ ਡੇਰੇ ਫ਼ੌਜਾਂ ਲੱਥੀਆਂ ਆਨ ਅਕੱਲੀਆਂ ਨੀ॥ ਸ਼ਾਹ ਮੁਹੰਮਦਾ ਆਨ ਜਾਂ ਤੁਰਤ ਪਹੁੰਚੇ ਗੱਲਾਂ ਸ਼ਹਿਰ ਲਾਹੌਰ ਵਿੱਚ ਚਲੀਆਂ ਨੀ॥੧੭॥ ਸ਼ੇਰ ਸਿੰਘ ਤਾਂ ਬੁੱਧੂ ਦੇ ਆਵਿਓਂ ਜੀ ਕਰ ਤੁਰਮ ਲਾਹੌਰ ਵਲ ਧਾਇਆ ਈ॥ ਫਲੇ ਪੜਤਲਾਂ ਨੇ ਅੱਗੇ ਪਾੜ ਕੇ ਜੀ ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ॥ ਉਸ ਬਲੀ ਸ਼ਾਹਜ਼ਾਦੇ ਦਾ ਤੇਜ਼ ਭਾਰੀ ਜਿਸ ਕਿਲੇ ਨੂੰ ਮੋਰਚਾ ਲਾਇਆ ਈ॥ ਸ਼ਾਹ ਮੁਹੰਮਦਾ ਵਿੱਚ ਲਾਹੌਰ ਦੇ ਜੀ ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ॥੧੮॥ ਸ਼ੇਰ ਸਿੰਘ ਗੱਦੀ ਉੱਤੇ ਬੈਠਕੇ ਜੀ ਰਾਨੀ ਕੈਦ ਕਰਕੇ ਕਿਲੇ ਵਿੱਚ ਪਾਈ॥ ਘਰ ਬੈਠਿਆਂ ਰੱਬ ਨੇ ਰਾਜ ਦਿੱਤਾ ਦੇਖੋ ਮੱਲ ਬੈਠਾ ਸਾਰੀ ਪਾਤਿਸ਼ਾਹੀ॥ ਬਰਸ ਹੋਯਾ ਜਾਂ ਓਸ ਨੂੰ ਕੈਦ ਅੰਦ੍ਰ ਰਾਣੀ ਦਿਲ ਦੇ ਵਿੱਚ ਜੋ ਜਿੱਚ ਆਹੀ॥ ਸ਼ਾਹ ਮੁਹੰਮਦਾ ਮਾਰਕੇ ਚੰਦ ਕੌਰਾਂ ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ॥੧੯॥ ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ॥ ਸੰਧਾਵਾਲੀਆਂ ਦੇ ਦੇਸੋਂ ਪੈਰ ਖਿਸਕੇ ਜਾਕੇ ਪੁੱਛ ਲੈ ਰਾਹ ਪਧਾਣੀਆਂ ਥੀਂ॥ ਮੁੜਕੇ ਫੇਰ ਅਜੀਤ ਸਿੰਘ ਸੰਧਾਵਾਲੀਆ ਲਈ ਬਾਜ਼ੀ ਪੈਦਾ ਹੋਯਾ ਸੀ ਅਸਲ ਸਵਾਣੀਆਂ ਥੀਂ॥ ਸ਼ਾਹ ਮੁਹੰਮਦਾ ਜੰਮਿਆਂ ਅਲੀ ਅਕਬਰ ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ॥੨੦॥ ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ॥ ਰਾਜੇ ਸਿੰਘਾਂ ਦਾ ਗਿਲਾ ਮਿਟਾਵਨੇ ਨੂੰ ਨੱਕ ਕੰਨ ਚਾ ਓਨ੍ਹਾਂ ਦਾ ਵੱਢਿਆ ਈ॥ ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ ਉਹਨਾਂ ਅੰਦਰੋਂ ਬਾਹਰ ਚਾ ਕੱਢਿਆ ਈ॥ ਸ਼ਾਹ ਮੁਹੰਮਦਾ ਲਾਹ ਕੇ ਸੱਭ ਜ਼ੇਵਰ ਕਾਲਾ ਮੂੰਹ ਕਰਕੇ ਫੇਰ ਛੱਡਿਆ ਈ॥੨੧॥ ਬਰਸ ਹੋਯਾ ਜਾਂ ਹਾਜ਼ਰੀ ਲੈਨ ਬਦਲੇ ਡੇਰਾ ਸਾਹਿਬ ਲਾਹੌਰ ਲਗਾਂਵਦਾ ਈ॥ ਅਜੀਤ ਸਿੰਘ ਗੁੱਝੀ ਕਰਾਬੀਨ ਲੈਕੇ ਸ਼ੇਰ ਸਿੰਘ ਨੂੰ ਆਨ ਦਿਖਾਂਵਦਾ ਈ॥ ਸਿਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ ਜਲਦੀ ਨਾਲ ਚਾ ਕਲਾ ਦਬਾਂਵਦਾ ਈ॥ ਸ਼ਾਹ ਮੁਹੰਮਦਾ ਜਿਮੀਂ ਤੇ ਪਿਆ ਤੜਫੇ ਤੇਗ਼ ਮਾਰਕੇ ਸੀਸ ਲੈ ਜਾਂਵਦਾ ਈ॥੨੨॥ ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਯਾ ਅੱਗੇ ਕੌਰ ਜੋ ਹੋਮ ਕਰਾਂਵਦਾ ਈ॥ ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ॥ ਮੈਂ ਤਾਂ ਕਰਾਂਗਾ ਬਾਬੀ ਜੀ ਟਹਿਲ ਤੇਰੀ ਹੱਥ ਜੋੜਕੇ ਸੀਸ ਨਿਵਾਉਂਦਾ ਈ॥ ਸ਼ਾਹ ਮੁਹੰਮਦਾ ਓਸ ਨਾ ਇੱਕ ਮੰਨੀ ਤੇਗ਼ ਮਾਰਕੇ ਸੀਸ ਉਡਾਂਵਦਾ ਈ॥੨੩॥ ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰਕੇ ਜੀ ਸੰਧਾਵਾਲੀਏ ਸ਼ਹਰ ਨੂੰ ਉੱਠ ਧਾਏ॥ ਰਾਜਾ ਮਿਲਿਆ ਤਾਂ ਕਹਿਆ ਅਜੀਤ ਸਿੰਘ ਨੇ ਸ਼ੇਰ ਸਿੰਘ ਨੂੰ ਮਾਰਕੇ ਅਸੀਂ ਆਏ॥ ਗੱਲੀਂ ਲਾਇਕੇ ਕਿਲੇ ਦੇ ਵਿੱਚ ਆਂਦਾ ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ॥ ਕਿੱਥੇ ਮਾਰੀ ਸੀ ਰਾਜਾ ਜੀ ਚੰਦ ਕੌਰਾਂ ਸ਼ਾਹ ਮੁਹੰਮਦਾ ਪੁਛਨਾ ਦੋਹਾਂ ਚਾਏ॥੨੪॥ ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ ਤੁਸਾਂ ਏਹ ਕਿਉਂ ਜੀਂਵਦਾ ਛੱਡਿਆ ਜੇ॥ ਮਗਰੋਂ ਮਹਿਰ ਘਸੀਟਾਂ ਤਾਂ ਬੋਲਿਆ ਈ ਏਹ ਸੁਖਨ ਸਲਾਹ ਦਾ ਕੱਢਿਆ ਜੇ॥ ਇੱਕ ਅੜਦਲੀ ਨੇ ਕਰਾਬੀਨ ਮਾਰੀ ਰੱਸਾ ਆਸ ਉੱਮੈਦ ਦਾ ਵੱਢਿਆ ਜੇ॥ ਸ਼ਾਹ ਮੁਹੰਮਦਾ ਜ਼ਿਮੀ ਤੇ ਪਿਆ ਤੜਫੇ ਦਿਲੀਪ ਸਿੰਘ ਤਾਈਂ ਫੇਰ ਸੱਦਿਆ ਜੇ॥੨੫॥ ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ ਪਿੱਛੋਂ ਦਿੱਤੀਆਂ ਚਾਰ ਪ੍ਰਦਖਨਾ ਈ॥ ਤੇਰੇ ਵਾਸਤੇ ਹੋਏ ਨੀ ਸੱਭ ਕਾਰੇ ਅੱਗੇ ਸਾਹਿਬ ਸੱਚੇ ਤੈਨੂੰ ਰੱਖਨਾ ਈਂ॥ ਸਾਨੂੰ ਘੜੀ ਦੀ ਕੁਝ ਉੱਮੈਦ ਨਾਹੀ ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈਂ॥ ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ ਸ਼ਾਹ ਮੁਹੰਮਦਾ ਕਰਾਂਗੇ ਸੱਖਨਾ ਈਂ॥੨੬॥ ਹੀਰਾ ਸਿੰਘ ਨੂੰ ਰਾਜੇ ਦੀ ਖਬਰ ਹੋਈ ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ॥ ਧੌਂਸਾ ਮਾਰਕੇ ਫੌਜ ਲੈ ਨਾਲ ਸਾਰੀ ਗੁੱਸੇ ਨਾਲ ਓਹ ਸ਼ਹਿਰ ਦੇ ਵਿੱਚ ਵੜਿਆ॥ ਰਾਜਪੂਤ ਸੀ ਡੋਗਰਾ ਬਹੁਤ ਚੰਗਾ ਸੰਧਾਂਵਾਲੀਆਂ ਦੇ ਨਾਲ ਬਹੁਤ ਲੜਿਆ॥ ਸ਼ਾਹ ਮੁਹੰਮਦਾ ਅਜੀਤ ਸਿੰਘ ਮੋਯਾ ਬੱਧਾ ਲਹਨਾ ਸਿੰਘ ਜੋ ਜੀਂਵਦਾ ਆਨ ਫੜਿਆ॥੨੭॥ ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ ਖੰਡਾ ਵਿੱਚ ਮੈਦਾਨ ਵਗਾਇ ਗਏ। ਸ਼ੇਰ ਸਿੰਘ ਨਾ ਕਿਸੈ ਨੂੰ ਵਧਨ ਦੇਂਦਾ ਸਾਰੇ ਮੁਲਕ ਥੀਂ ਕਲਾ ਮਿਟਾਇ ਗਏ॥ ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ ਪਿੱਛੇ ਰਹਿੰਦਿਆਂ ਨੂੰ ਵਖਤ ਪਾਇ ਗਏ॥ ਸ਼ਾਹ ਮੁਹੰਮਦਾ ਮਾਰਕੇ ਮੋਏ ਦੋਵੇਂ ਚੰਗੇ ਸੂਰਮੈ ਹੱਥ ਲਗਾਇ ਗਏ॥੨੮॥ ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ॥ ਮੀਰਦਾਦ ਚੁਹਾਨੇ ਦੇ ਸਤਰ ਅੰਦਰ ਮੋਈਆਂ

ਰਾਣੀਆਂ ਮਾਰ ਕਟਾਰੀਆਂ ਨੀ॥ ਸੰਧਾਂਵਾਲੀਆਂ ਜੇਹੀ ਨਾ ਕਿਸੇ ਕੀਤੀ ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀ॥ ਸ਼ਾਹ ਮੁਹੰਮਦਾ ਮੋਏ ਨੀਂ ਬੀਰਹੋਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ॥੨੯॥ ਪਿੱਛੇ ਆਕੇ ਸਭਨਾਂ ਨੂੰ ਫ਼ਿਕਰ ਹੋਯਾ ਸੋਚੀਂ ਪਏ ਨੀ ਸਭ ਸਰਦਾਰ ਮੀਆਂ॥ ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ ਪਈ ਖੜਕਦੀ ਨਿੱਤ ਤਲਵਾਰ ਮੀਆਂ॥ ਗੱਦੀ ਵਾਲਿਆਂ ਨੂੰ ਜੇਹੜੇ ਮਾਰ ਲੈਂਦੇ ਹੋਰ ਕਹੋ ਕਿਸਦੇ ਪਾਣੀ ਹਾਰ ਮੀਆਂ॥ ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵਗਦੀ ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ॥੩੦॥ ਮਹਾਂਬਲੀ ਸਰਦਾਰ ਸੀ ਪੰਥ ਵਿਚੋਂ ਡਿੱਠੀ ਬਣੀ ਕੁਚੱਲਣੀ ਚਾਲ ਮੀਆਂ॥ ਦਿਲ ਅਪਨੇ ਬੈਠ ਵਿਚਾਰ ਕਰਦਾ ਏਥੇ ਕਈਆਂ ਦੇ ਹੋਨਗੇ ਕਾਲ ਮੀਆਂ॥ ਲਹਿਣਾ ਸਿੰਘ ਸਰਦਾਰ ਮਜੀਠੀਆ ਸੀ ਵੱਡਾ ਅਕਲ ਦਾ ਕੋਟ ਕਮਾਲ ਮੀਆਂ॥ ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ ਸੱਭੋ ਛੱਡਕੇ ਦੰਗ ਦਵਾਲ ਮੀਆਂ॥੩੧॥ ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ ਹੀਰਾ ਸਿੰਘ ਜੋ ਰਾਜ ਕਮਾਂਵਦਾ ਈ॥ ਜੱਲ੍ਹਾ ਓਸਦਾ ਖ਼ਾਸ ਵਜ਼ੀਰ ਹੈ ਸੀ ਖ਼ਾਤਰਤਲੇ ਨਾ ਕਿਸੇ ਨੂੰ ਲਿਆਂਵਦਾ ਈ॥ ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ ਕਹੇ ਕੁਝ ਤੇ ਕੁਝ ਕਮਾਂਵਦਾ ਈ॥ ਸ਼ਾਹ ਮੁਹੰਮਦਾ ਪੰਥ ਨੂੰ ਦੁਖ ਦੇਂਦਾ ਹੀਰਾ ਸਿੰਘ ਦਾ ਨਾਸ ਕਰਾਂਵਦਾ ਈ॥੩੨॥ ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ ਬੁਰਾ ਕਰਨਹਾਰਾ ਜੱਲ੍ਹਾ ਠੀਕ ਸਾਂਈ॥ ਜਲਦੀ ਪਹੁੰਚ ਵਜ਼ੀਰ ਬਨਾ ਲਈਏ ਤੈਨੂੰ ਖ਼ਾਲਸਾ ਪਿਆ ਉਡੀਕਦਾ ਈ॥ ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ ਹੀਰਾ ਸਿੰਘ ਤਾਂ ਪੁੱਤ੍ਰ ਸ਼ਰੀਕਦਾ ਈ। ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵੱਢੋ ਭੱਜ ਜਾਏਗਾ ਮਾਰਿਆ ਲੀਕਦਾ ਈ॥੩੩॥ ਜਿਸ ਵੇਲੜੇ ਰਾਜੇ ਨੇ ਖਤ ਪੜਿਆ ਜਾਮੇ ਵਿੱਚਨਾ ਮੂਲ ਸਮਾਂਵਦਾ ਈ॥ ਵਗਾਤੱਗ ਲਾਹੌਰ ਨੂੰ ਅਸਾਂ ਜਾਣਾ ਡੇਰੇ ਕਾਠੀਆਂ ਚ ਪਵਾਉਂਦਾ ਈ॥ ਮੰਜੀ ਕਾਕੜੀਂ ਫੌਜ ਉਤਾਰਕੇ ਜੀ ਬਾਈ ਆਦਮੀ ਨਾਲ ਲੈ ਆਂਵਦਾ ਈ॥ ਸ਼ਾਹ ਮੁਹੰਮਦਾ ਆਨ ਲਾਹੌਰ ਪਹੁੰਚਾ ਮੀਆਂ ਮੀਰ ਡੇਰਾ ਵਿੱਚ ਲਾਂਵਦਾ ਈ॥੩੪॥ ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ ਤੁਰਤ ਪਲਟਨਾਂ ਸੱਭ ਲਪੇਟੀਆਂ ਨੀ॥ ਸਿੰਘਾਂ ਆਖਿਆ ਰਾਜਾ ਜੀ ਜਾਓ ਮੁੜਕੇ ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ॥ ਸਿੱਖੋ ਜੀਂਵਦਾ ਜਾਨ ਮਹਾਲ ਜੰਮੂੰ ਤਾੱਨੇ ਦੇਨ ਰਜਪੂਤਾਂ ਦੀਆਂ ਬੇਟੀਆਂ ਨੀ॥ ਸ਼ਾਹ ਮੁਹੰਮਦਾ ਆਯਾ ਵਜ਼ੀਰੀ ਲੈਕੇ ਆਖਣ ਸੱਭ ਪਹਾੜ ਡੁਮੇਟੀਆਂ ਨੀ॥੩੫॥ ਤੋਪਾਂ ਜੋੜਕੇ ਪਲਟਨਾਂ ਨਾਲ ਲੈਕੇ ਸੀਖ਼ਾਂ ਚੋਸਕੇ ਤੇ ਹੀਰਾ ਸਿੰਘ ਚੜਦਾ॥ ਜਦੋਂ ਫੌਜ ਨੇ ਘੱਤਿਆ ਆਨ ਘੇਰਾ ਖੰਡਾ ਸਾਰ ਦਾ ਖਿੱਚਕੇ ਹੱਥ ਫੜਦਾ॥ ਭੀਮ ਸਿੰਘ ਤੇ ਕੇਸ੍ਰੀ ਸਿੰਘ ਲਾਵੇਂ ਲੈਕੇ ਦੋਹਾਂ ਨੂੰ ਕਟਕ ਦੇ ਵਿੱਚ ਵੜਦਾ॥ ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀਂ ਮੱਥੇ ਸਾਮ੍ਹਣੇ ਟੋਇਕੇ ਖੂਬ ਮਰਦਾ॥੩੬॥ ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਏ ਦਿਲਾਂ ਵਿੱਚ ਕਚੀਚੀਆਂ ਖਾਂਵਦੇ ਨੀ॥ ਅੱਗੇ ਸੱਤ ਤੇ ਅੱਠ ਸੀ ਤਲਬ ਪਹਿਲੇ ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ॥ ਕਈ ਆਖਦੇ ਦੇਹੋ ਇਨਾਮ ਸਾਨੂੰ ਲੈਕੇ ਬੁਧਕੀਆਂ ਦਾ ਗਲ ਪਾਂਵਦੇ ਨੀ॥ ਸ਼ਾਹਮੁਹੰਮਦਾ ਟਿੱਕੇ ਦੀ ਲਾਜ ਰੱਖੀ ਪੰਜ ਕੌਂਸਲੀ ਦਾ ਬਨਾਂਵਦੇ ਨੀ॥੩੭॥ ਹੋਯਾ ਹੁਕਮ ਜਾਂ ਬਹੁਤ ਮਹਾਵਤਾਂ ਨੂੰ ਹੌਦੇ ਸੋਨੇ ਦੇ ਚਾ ਇਕ ਸਾਂਵਦੇ ਨੀ॥ ਤਰਫ਼ ਜੰਮੂੰ ਦੀ ਮੂੰਹ ਮਰੋੜ ਚਲੇ ਸਾਨੂੰ ਆਇਕੇ ਸਿੰਘ ਮਨਾਂਵਦੇ ਨੀ॥ ਘੇਰੇ ਅਜਲ ਦੇ ਅਕਲ ਨਾ ਮੂਲ ਆਈ ਬੁਰਾ ਆਪਨਾ ਅਾਪ ਕਰਾਂਵਦੇ ਨੀ॥ ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ ਅਗੋਂ ਗੋਲਿਆਂ ਨਾਲ ਉਡਾਂਵਦੇ ਨੀ॥੩੮॥ ਹੀਰਾ ਸਿੰਘ ਦੇ ਜੱਲੇ ਨੂੰ ਮਾਰਕੇ ਜੀ ਜਵਾਹਰ ਸਿੰਘ ਵਜ਼ੀਰ ਬਨਾਂਵਦੇ ਨੀ॥ ਤਰਫ ਜੰਮੂੰ ਪਹਾੜ ਦੀ ਹੋ ਟੁਰੇ ਰਾਹੀਂ ਸ਼ੋਰ ਖ਼ਰੂਦ ਮਚਾਂਵਦੇ ਨੀ॥ ਓਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ ਕੈਂਠੇ ਫੇਰ ਲੈਕੇ ਗਲੀਂ ਪਾਂਵਦੇ ਨੀ॥ ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ ਜਵਾਹਰ ਸਿੰਘ ਨੂੰ ਆਖ ਸੁਨਾਂਵਦੇ ਨੀ॥੩੯॥ ਕਿਹਾ ਬੁਰਛਿਆਂ ਆਨ ਅੰਧੇਰ ਪਾਇਆ ਜੇਹੜਾ ਬਹੇ ਗੱਦੀ ਓਨੂੰ ਮਾਰ ਲੈਂਦੇ॥ ਕੜੇ ਕੰਠੇ ਇਨਾਮ ਰੁਪਏ ਬਾਰਾਂ ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ॥ ਕਈ ਤੁਰੇ ਨੀ ਕਿਲੇ ਦੀ ਲੁੱਟ ਕਰਕੇ ਕਈ ਸ਼ਹਿਰ ਦੇ ਲੁਟ ਬਜ਼ਾਰ ਲੈਂਦੇ॥ ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭਈਏ ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ॥੪੦॥ ਪਿੱਛੇ ਇੱਕ ਸਰਕਾਰ ਦੇ ਖੇਡ ਵਿਚਲੀ ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ॥ ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ ਸਗੋਂ ਕਤਲ ਹੋਏ ਵਾਰੋ ਵਾਰ ਮੀਆਂ॥ ਸਿਰ ਫੌਜ ਦੇ ਰਹਯਾ ਨਾ ਕੋਈ ਕੁੰਡਾ ਹੋਏ ਸ਼ੁਤਰਜਯੋਂ ਬਾਝੁ ਮੁਹਾਰ ਮੀਆਂ॥ ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ ਭੂਤ ਮੰਡਲੀ ਹੋਈ ਤਿਆਰ ਮੀਆਂ॥੪੧॥ ਜਵਾਹਰ-ਸਿੰਘ ਦੇ ਉਤੇ ਨੀ ਚੜੇ ਸਾਰੇ ਮੱਥਾ ਖੂਨੀਆਂ ਵਾਂਗਰ ਵੱਟਿਓਂ ਨੇ॥ ਡਰਦਾ ਭਾਂਣਜੇ ਨੂੰ ਲੈਕੇ ਮਿਲਣ ਆਯਾ ਅੱਗੋਂ ਨਾਲ ਸੰਗੀਨਾਂ ਦੇ ਫੱਟਿਓ ਨੇ॥ ਸੀਖਾਂ ਨਾਲ ਉੜੁੰਬਕੇ ਫੀਲ ਉੱਤੋਂ ਕੱਢ ਹੌਦਿਓਂ ਜ਼ਿਮੀ ਤੇ ਸੱਟਿਓਂ ਨੇ॥ ਸ਼ਾਹ ਮੁਹੰਮਦਾ ਵਾਸਤੇ ਪਾਇ ਰਹਯਾ ਸਿਰ ਨਾਲ ਤਲਵਾਰ ਦੇ ਕੱਟਿਓਂ ਨੇ॥੪੨॥ ਮਾਈ ਕੈਦ ਕਨਾਤ ਦੇ ਵਿੱਚ ਕੀਤੀ ਕਿਸ ਨੂੰ ਰੋਇਕੇ ਪਈ ਸੁਨਾਵਨੀ ਹੈਂ॥ ਤੇਰਾ ਕੌਨ ਹਿਮਾਇਤੀ ਸੁਨਨਵਾਲਾ ਜਿਸਨੂੰ ਪਾਇਕੇ ਵੈਨ ਦਿਖਾਵਨੀ ਹੈਂ॥ ਕੇਹੜੇ ਪਾਤਸ਼ਾਹ ਦਾ ਬੇਟਾ ਮੋਇਆ ਸਾਥੋਂ ਜੇਹੜੇ ਡੂੰਗੜੇ ਵੈਣ ਤੂੰ ਪਾਵਨੀ ਹੈਂ॥ ਸ਼ਾਹ ਮੁਹੰਮਦਾ ਦੇਹ ਇਨਾਮ ਸਾਨੂੰ ਸਾਡੇ ਜੋਰ ਤੇ ਰਾਜ ਕਮਾਵਨੀ ਹੈਂ॥੪੩॥ ਪਈ ਝੂਰਦੀ ਹੈ ਰਾਣੀ ਜਿੰਦ ਕੌਰਾਂ ਕਿੱਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ॥ ਮੇਰੇ ਸਾਹਮਣੇ ਕੋਹਿਆ ਵੀਰ ਮੇਰਾ ਜਿਸਦੀ ਤਾਬ ਆ ਲਖ ਹਜ਼ਾਰ ਘੋੜੇ॥ ਕਿੱਥੋਂ ਕੱਢਾਂ ਮੈਂ ਦੇਸ ਫ਼ਰੰਗੀਆਂ ਦਾ ਕੋਈ ਮਿਲੇ ਜੋ ਏਨਾਂ ਦਾ ਗਰਬ ਤੋੜੇ॥ ਸ਼ਾਹ ਮੁਹੰਮਦਾ ਓਸਥੋਂ ਜਾਨ ਵਾਰਾਂ ਜੁਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ॥੪੪॥ ਮੈਨੂੰ ਆਨ ਚੁਫੇਰਿਓਂ ਘੂਰਦੇ ਨੀ ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ॥ ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ ਸਾਰੇ ਦੇਸ ਦੇ ਵਿੱਚ ਚਾ ਤੁਰਨ ਵਾਰਾਂ॥ ਛੱਡਾਂ ਨਹੀਂ ਲਾਹੌਰ ਦੇ ਵੜਨ ਜੋਗੇ ਸਣੇ ਵੱਡਿਆਂ ਅਫਸਰਾਂ ਜਮਾਦਾਰਾਂ॥ ਪਏ ਰੁਲਣਗੇ ਵਿੱਚ ਪਰਦੇਸ ਮੁਰਦੇ ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ॥੪੫॥ ਜਿਨਾਂ ਮਾਰਿਆ ਕੋਹਿਕੇ ਵੀਰ ਮੇਰਾ ਮੈ ਤਾਂ ਕਰਾਂਗੀ ਓਨਾਂਦੀਆਂ ਜੰਡੀਆਂ ਨੀ॥ ਧੁੰਮਾਜਾਨ ਵਲਾਇਤੀਂ ਪੇਸ ਜਾਨਾਂ ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ॥ ਚੂੜੇ ਲਹਿਣਗੇ ਬਹੁਤ ਸੁਹਾਗਣਾ ਦੇ ਨੱਥ ਚੌਂ ਕਤੇ ਵਾਲੀਆਂ ਝੰਡੀਆਂ ਨੀ॥ ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ ਜਦੋਂ ਬਹਿਣ ਪੰਜਾਬਣਾ ਰੰਡੀਆਂ ਨੀ॥੪੬॥ ਅਰਜ਼ੀ ਲਿਖੀ ਫਰੰਗੀ ਨੂੰ ਕੁੰਜਗੋਸ਼ੇ ਪਹਿਲੇ ਆਪਣਾ ਸੁੱਖ ਅਨੰਦ ਵਾਰੀ॥ ਤੇਰੀ ਵੱਲ ਮੈਂ ਫੌਜ ਨੂੰ ਭੇਜਨੀਆਂ ਖੱਟੇ ਕਰੀਂ ਤੂੰ ਏਨਾਂ ਦੇ ਦੰਦ ਵਾਰੀ॥ ਜੇਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ॥ ਸ਼ਾਹ ਮੁਹੰਮਦਾ ਫੇਰ ਨਾ ਅਉਨ ਮੁੜਕੇ ਮੈਨੂੰ ਏਤਨੀ ਬਾਤ ਪਸੰਦ ਵਾਰੀ॥੪੭॥ ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ ਆਪੇ ਖਾ ਗੁਸਾ ਤੈਥੀਂ ਆਵਨੀਗੇ॥ ਸੋਈ ਲੜਨਗੇ ਹੋਣ ਬੇਖ਼ਬਰ ਜੇਹੜੇ ਮੱਥਾ ਕਦੀ ਸਰਦਾਰਨਾ ਡਾਹੁਨੀਗੇ॥ ਏਸੇ ਵਾਸਤੇ ਫੌਜ ਮੈਂ ਪਾ ਛੱਡੀ ਕਈ ਭਾਂਜ ਅਚਾਨਕ ਪਾਵਣੀਗੇ॥ ਸ਼ਾਹ ਮੁਹੰਮਦਾ ਲਾਟ ਜੀ ਕਟਕ ਤੇਰੇ ਮੇਰੇ ਗਲੋਂ ਤਗਾਦੜਾ ਲਾਹੁਣੀਗੇ॥੪੮॥ ਨੰਦਨ ਕੰਪਨੀ ਸਾਹਿਬ ਕਿਤਾਬ ਡਿਠੀ ਇਨਾਂ ਲਾਟਾਂ ਵਿੱਚੋਂ ਕੌਣ ਲੜੇ ਗਾ ਜੀ॥ ਜੱਜਲਾਟ ਨੇ ਚੁਕਿਆ ਆਨ ਬੀੜਾ ਅਬੀ ਸਿੱਖ ਸਿਉਂ ਜਾਇਕੇ ਲੜੇਗਾ ਜੀ॥ ਘੰਟੇ ਤੀਨ ਮੈ ਜਾ ਲਾਹੌਰ ਮਾਰੂੰ ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ॥ ਸ਼ਾਹਮੁ ਹੰਮਦਾ ਫੱਗਣੋਂ ਤੇਰ੍ਹਵੀਂ ਨੂੰ ਸਾਹਿਬ ਸ਼ਹਿਰ ਲਹੌਰ ਵਿਚ ਵੜੇਗਾ ਜੀ।॥੪੯॥ਵਜੀਤੁਰਮ ਤੰਬੂਰ ਕਰਨੈਲ ਸ਼ੁਤਰੀ ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ॥ ਕੋਤਲ ਬੱਘੀਆਂ ਪਾਲਕੀ ਤੋਪਖਾਨੇ ਦੂਰਬੀਨ ਚੰਗੀ ਸਾਇਬਾਨ ਮੀਆਂ॥ ਚੜਿਆ ਨੰਦਨੋਂ ਲਾਟ ਉਠਾਇ ਬੀੜਾ ਡੇਰਾ ਪਾਂਵਦਾ ਵਿੱਚ ਮੈਦਾਨ ਮੀਆਂ॥ ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ ਮੁਲਖ ਪਾਰਦਾ ਮੱਲਿਆ ਆਨ ਮੀਆਂ॥੫੦॥ ਫ਼ਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਯਾ ਤੁਸੀਂ ਜਾਓ ਖਾਂ ਤਰਫ ਕਸ਼ਮੀਰ ਨੂੰ ਜੀ॥ ਉਨਾ ਰੱਬ ਦਾ ਵਾਸਤਾ ਪਾਇਆ ਈ ਮਾਈ ਫੜੀਂ ਨਾ ਕੁਝ ਤਕਸੀਰ ਨੂੰ ਜੀ॥ ਪਾਰੋਂ ਮੁਲਕ ਫ਼ਰੰਗੀਆਂ ਮਲ ਲਿਆ ਅਸੀਂ ਮਾਰਾਂਗੇ ਓਸਦੇ ਪੀਰ ਨੂੰ ਜੀ॥ ਸ਼ਾਹ ਮੁਹੰਮਦਾ ਲੜਾਂਗੇ ਹੋਰ ਪਰਿਓਂ ਅਸਾਂ ਡੱਕਣਾਂ ਓਸ ਵਹੀਰ ਨੂੰ ਜੀ॥੫੧॥ ਮਾਈ ਆਖਿਆ ਸੱਭ ਚੜ ਜਾਨ ਫੌਜਾਂ ਬੂਹੇ ਸ਼ਹਿਰ ਦੇ ਰਹਿਨ ਨਾ ਸੱਖਣੇ ਜੀ॥ ਮੁਸਲਮਾਨੀਆਂ ਪੜ ਤਲਾਂ ਰਹਿਨ ਏਥੇ ਘੋੜ ਚੜੇ ਨਹੀਂ ਪਾਸ ਰੱਖਨੇ ਜੀ॥ ਕਲਗੀ ਵਾਲੜੇ ਮੋਹਰੇ ਹੋਨ ਅੱਗੇ ਅੱਗੇ ਹੋਰ ਗ਼ਰੀਬ ਨਾ ਧੱਕ ਨੇ ਜੀ॥ ਸ਼ਾਹ ਮੁਹੰਮਦਾ ਜਿਨਾਂ ਦੀ ਤਲਬਤੇਰਾਂ ਮਜ਼ੇ ਤਿਨਾਂ ਲੜਾਈਦੇ ਚੱਖਣੇ ਜੀ॥੫੨॥ ਸਾਰੇ ਪੰਥ ਨੂੰ ਸੱਦ ਕੇ ਕਹਿਨ ਲੱਗੀ ਮੈਥੋਂ ਗਏ ਖ਼ਜਾਨੇ ਨਿਖੁਟ ਵਾਰੀ॥ ਜਮਨਾ ਤੀਕਰ ਪਿਆਹੈ ਦੇਸ ਸੁੰਞਾ ਖਾਓ ਦੇਸ ਫ਼ਰੰਗੀ ਦਾ ਲੁੱਟਵਾਰੀ॥ ਮਾਰੋ ਸ਼ਹਿਰ ਫਿਰੋਜਪੁਰ ਲੁਦਿਹਾਣਾ ਸੁਟੋ ਛਾਵਨੀ ਓਸਦੀ ਪੁੱਟ ਵਾਰੀ॥ ਸ਼ਾਹ ਮੁਹੰਮਦਾ ਲਵੋ ਇਨਾਮ ਮੈਥੋਂ ਕੜੇ ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ॥੫੩॥ ਸਿੰਘਾਂ ਆਖਿਆ ਲੜਾਂਗੇ ਹੋ ਟੋਟੇ ਸਾਨੂੰ ਖਬਰ ਘੱਲੀਂ ਦਿਨੇ ਰਾਤ ਮਾਈ॥ ਤੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ॥ ਸਿੰਘਾਂ ਬੋਲੀਓ ਮੂਲ ਨਾ ਸਹੀ ਕੀਤਾ ਕੇ ਕੁਛ ਕਰਨ ਲਗੀ ਸਾਡਾ ਘਾਤ ਮਾਈ॥ ਸ਼ਾਹ ਮੁਹੰਮਦਾ ਅਜੇ ਨਾ ਜਾਣਿਓ ਨੇ ਖ਼ਾਲੀ ਪਈ ਨਾਂ ਚੌਪੜੀ ਪ੍ਰਾਤ ਮਾਈ॥੫੪॥ ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ॥ ਸੱਚੇ ਸਾਹਿਬ ਦੇ ਹੱਥ ਨੀ ਸੱਭ ਗੱਲਾਂ ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ॥ ਇਕ ਲੱਖ ਬੇਟਾ ਸਵਾ ਲੱਖ ਪੋਤਾ ਰਾਵਣ ਮਾਰਿਆ ਘਰ ਦੇ ਭੇਤ ਮੀਆਂ॥ ਸ਼ਾਹ ਮੁਹੰਮਦਾ ਜਾਨਦਾ ਜੱਗ ਸਾਰਾ ਕੇਈ ਸੂਰਮੇਂ ਅਉਂਨਗੇ ਖੇਤ ਮੀਆਂ॥੫੫॥ ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ ਚਲੋ ਜਾਇ ਫਰੰਗੀ ਨੂੰ ਮਾਰੀਏ ਜੀ॥ ਇੱਕ ਵਾਰੀ ਜੇ ਸਾਹਮਣੇ ਹੋਇ ਸਾਡੇ ਇੱਕ ਘੜੀ ਵਿਚ ਮਾਰ ਉਤਾਰੀਏ ਜੀ॥ ਭਾਈ ਵੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ ਅਸੀਂ ਕਦੀ ਨਾ ਓਸਥੋਂ ਹਾਰੀਏ ਜੀ॥ ਸ਼ਾਹ ਮੁਹੰਮਦਾ ਮਾਰਕੇ ਲੁਦੇਹਾਣਾ ਫੌਜਾਂ ਦਿਲੀ ਦੇ ਵਿੱਚ ਉਤਾਰੀਏ ਜੀ॥੫੬॥ ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ ਓਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ॥ ਪਿੱਛੋਂ ਵੜਾਂਗੇ ਓਹਨਾਂ ਦੇ ਸਤਰਖਾਨੇ ਬੰਨ ਲਿਆਵਾਂਗੇ ਓਹਨਾਂ ਦੀਆਂ ਗੋਰੀਆਂ ਨੀ॥ ਕਾਬਲ ਵਿੱਚ ਪਠਾਣ ਜਿਉਂ ਅਲੀ ਅਕਬਰ ਮਾਰ ਵਢਕੇ ਕੀਤੀਆਂ ਪੋਰੀਆਂ ਨੀ॥ ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ॥੫੭॥ ਝੰਡੇ ਨਿੱਕਲੇ ਕੂਚ ਦਾ ਹੁਕਮ ਹੋਯਾ ਚੜੇ ਸੂਰਮੇਂ ਸਿੰਘ ਦਲੇਰ ਮੀਆਂ॥ ਚੜੇ ਪੁੱਤ੍ਰ ਸਰਦਾਰਾਂ ਦੇ ਛੈਲ ਬਾਂਕੇ ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ॥ ਚੜ੍ਹੇ ਸੱਭ ਮਝੈਲ ਦ੍ਵਾਬੀਏ ਜੀ ਜਿਨਾਂ ਕਿਲੇ ਨਿਵਾਏ ਹੈਂ ਢੇਰ ਮੀਆਂ॥ ਸ਼ਾਹ ਮੁਹੰਮਦਾ ਚੜ੍ਹੇ ਜਮੂਰ ਖਾਨੇ ਹੋਯਾ ਹੁਕਮ ਨਾ ਲਾਂਵਦੇ ਦੇਰ ਮੀਆਂ॥੫੮॥ ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ ਜੱਲੇਵਾਲੀਏ ਬਣ ਤਬਨਾਂਵਦੇ ਨੀ॥ ਆਏ ਹੋਰ ਪਹਾੜ ਦੇ ਸੱਭ ਰਾਜੇ ਜੇੜੇ ਤੇਗ ਦੇ ਧਨੀ ਕਹਾਂਵਦੇ ਨੀ॥ ਆਏ ਸੱਭ ਮਝੈਲ ਦੁਆਬੀਏ ਜੀ ਸੰਧਾਵਾਲੀਏ ਕਾਠੀਆਂ ਪਾਂਵਦੇ ਨੀ॥ ਸ਼ਾਹ ਮੁਹੰਮਦਾ ਚੜੀ ਅਕਾਲ ਰਜਮਟ ਖੰਡੇ ਸਾਰਦੇ ਸ਼ਿਕਲ ਕਰਾਂਵਦੇ ਨੀ॥੫੯॥ ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ॥ ਬੇੜਾ ਚੜ੍ਹਿਆ ਸੁਲਤਾਨ ਮਹਮੂਦ ਵਾਲਾ ਤੋਪਾਂ ਹੋਰ ਅਮਾਮ ਸ਼ਾਹ ਵਾਲੀਆਂ ਨੀ॥ ਇਲਾਹੀ ਬਖ਼ਸ਼ ਪਟੋਲੀ ਨੇ ਮਾਂਜਕੇ ਜੀ ਧੂਪ ਦੇਇਕੇ ਤਖਤ ਬਹਾਲੀਆਂ ਨੀ॥ ਸ਼ਾਹ ਮੁਹੰਮਦਾ ਐਸੀਆਂ ਲੈਸ਼ ਹੋਈਆਂ ਬਿਜਲੀ ਵਾਂਗ ਜਿਉਂ ਦੇਨ ਦਿਖਾਲੀਆਂ ਨੀ॥੬੦॥ ਸੁਨਕੇ ਖ਼ਬਰ ਫ਼ਰੰਗੀ ਦੀ ਚੜੇ ਸੱਭੇ ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ॥ ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ ਇਕ ਦੂਸਰੇ ਦੇ ਅੱਗੇ ਲਗ ਟੁਰੀਆਂ॥ ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ॥ ਸ਼ਾਹ ਮੁਹੰਮਦਾ ਵਰਜਦੇ ਜਾਂਦਿਆਂ ਨੂੰ ਫੌਜਾਂ ਹੋ ਮੋਹਾਨੀਆਂ ਕਦੋਂ ਮੁੜੀਆਂ॥੬੧॥ ਚੜੇ ਸ਼ਹਿਰ ਲਾਹੌਰ ਥੀਂ ਮਾਰ ਧਉਂਸੇ ਸੱਭੋ ਗਰਬ ਹੰਕਾਰਦੇ ਨਾਲ ਤੁਰਦੇ॥ ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ ਪੱਤਣ ਲੰਘੇ ਨੀ ਜਾ ਫੀਰੋਜ਼ਪੁਰ ਦੇ॥ ਅੱਗੇ ਛੇੜਿਆ ਨਹੀਂ ਫਰੰਗੀਆਂ ਨੇ ਦੁਹਾਂ ਧਿਰਾਂ ਦੇ ਰੁਲਨਗੇ ਬਹੁਤ ਮੁਰਦੇ॥ ਸ਼ਾਹ ਮੁਹੰਮਦਾ ਭੱਜਨਾਂ ਰਣੋਂ ਭਾਰੀ ਜੁਟੇ ਸੂਰਮੇਂ ਆਖ ਤੂੰ ਕਦੋਂ ਮੁੜਦੇ॥ ੬੨॥ ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ ਦਿੱਲੀ ਆਗਰੇ ਹਾਂਸੀ ਹਸਾਰ ਮੀਆਂ॥ ਬੀਕਾਨੇਰ ਲਖਨੌਰ ਭਟਨੇਰ ਜੈਪੁਰ ਪਈਆਂ ਭਾਜੜਾਂ ਜਮਨਾਂ ਤੋਂ ਪਾਰ ਮੀਆਂ॥ ਚੱਲੀ ਸੱਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ॥ ਸ਼ਾਹ ਮੁਹੰਮਦਾ ਕਿਸੇ ਨ ਅਟਕਣਾ ਈ ਸਿੰਘ ਲੈਨਗੇ ਦਿੱਲੀ ਨੂੰ ਮਾਰ ਮੀਆਂ॥੬੩॥ ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ ਤੁਸੀ ਕਾਸਨੂੰ ਜੰਗ ਮਚਾਂਵਦੇ ਹੋ॥ ਮਹਾਰਾਜ ਦੇ ਨਾਲ ਸੀ ਨੇਮ ਸਾਡਾ ਤੁਸੀਂ ਸੁਤੀਆਂ ਕਲਾਂ ਜਗਾਂਵਦੇ ਹੋ॥ ਕਈ ਲਾਖ ਰੁਪਈਆ ਲੈ ਜਾਹੋ ਸਾਥੋਂ ਦਿਆਂ ਹੋਰ ਜੋ ਤੁਸੀ ਫਰਮਾਂਵਦੇ ਹੋ॥ ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾਂ ਤੁਸੀ ਏਤਨਾ ਜ਼ੋਰ ਕਿਉਂ ਲਾਂਵਦੇ ਹੋ॥੬੪॥ ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ ਤੈਨੂੰ ਮਾਰਾਂਗੇ ਅਸੀਂ ਵੰਗਾਰਕੇ ਜੀ॥ ਸਾਨੂੰ ਨਹੀਂ ਰੂਪਯਾ ਦੀ ਲੋੜ ਕਾਈ ਭਾਵੇਂ ਦੇ ਤੂੰ ਢੇਰ ਉਸਾਰਕੇ ਜੀ॥ ਓਹ ਪੰਥ ਤੇਰੇ ਉਤੇ ਆਨ ਚੜਿਆ ਜੇੜਾ ਆਯਾ ਸੀ ਜੰਮੂੰ ਨੂੰ ਮਾਰਕੇ ਜੀ॥ ਸ਼ਾਹ ਮੁਹੰਮਦਾ ਸਾਮ ਨੇ ਡਾਹ ਤੋਂ ਪਾਂਸੂਰੇ ਕੱਢ ਮੈਦਾਨ ਨਿਤਾਰਕੇ ਜੀ॥੬੫॥ ਪੈਂਚ ਲਿਖਦੇ ਸਾਰੀਆਂ ਪ ਤਲਾਂ ਦੇ ਸਾਡੀ ਅੱਜ ਹੈ ਵਡੀ ਚਲੰਤ ਮੀਆਂ॥ ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ ਨਹੀਂ ਛਡਿਆ ਸਾਧਤੇ ਸੰਤ ਮੀਆਂ॥ ਅਸਾਂ ਮਾਰੇ ਚੌਫੇਰੇ ਦੇ ਕਿਲੇ ਭਾਰੇ ਅਸਾਂ ਮਾਰਿਆ ਕੁਲੁ ਭਟੰਤ ਮੀਆਂ॥ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜੇਹੜੀ ਕਰੇਗਾ ਖਾਲਸਾ ਪੰਥ ਮੀਆਂ॥੬੬॥ ਦੂਰਬੀਨ ਅੰਗ੍ਰੇਜ਼ ਨੇ ਹਥ ਲੈਕੇ ਕੀਤਾ ਫੌਜ ਦਾ ਸੱਭ ਸ਼ੁਮਾਰ ਮੀਆਂ॥ ਜਿਨੀ ਥਾਈਂ ਸੀ ਜਮਾ ਜਮੂਰ ਖਾਨੇ ਕੀਤੇ ਸਾਹਬ ਮਾਲੂਮ ਹਜ਼ਾਰ ਮੀਆਂ॥ ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ॥ ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ ਹੋਏ ਜੰਗ ਨੂੰ ਤੁਰਤ ਤਿਆਰ ਮੀਆਂ॥੬੭॥ ਇਕ ਪਿੰਡ ਦਾ ਨਾਮ ਜੋ ਮੁਦਕੀ ਸੀ ਓਥੇ ਭਰੀ ਸੀ ਪਾਨੀ ਦੀ ਖੱਡ ਮੀਆਂ॥ ਘੋੜ ਚੜੇ ਅਕਾਲੀਏ ਨਵੇਂ ਸਾਰੇ ਝੰਡੇ ਦਿਤੇ ਨੀ ਜਾਇਕੇ ਗੱਡ ਮੀਆਂ॥ ਤੋਪਾਂ ਚੱਲੀਆਂ ਕਟਕ ਫ਼ਰੰਗੀਆਂ ਦੇ ਗੋਲੇ ਤੋੜ ਦੇ ਮਾਸ ਤੇ ਹੱਡ ਮੀਆਂ॥ ਸ਼ਾਹ ਮੁਹੰਮਦਾ ਪਿਛਾਂ ਨੂੰ ਉੱਠ ਨੱਠੇ ਤੋਪਾਂ ਸੱਭ ਆਏ ਓਥੇ ਛੱਡ ਮੀਆਂ॥੬੮॥ ਡੇਰੇ ਆਨਕੇ ਬੈਠ ਸਲਾਹ ਕਰਦੇ ਐਤਵਾਰ ਅਸੀਂ ਖੰਡਾ ਫੜਾਂਗੇ ਜੀ॥ ਤੇਜਾ ਸਿੰਘ ਦੀ ਵਡੀ ਉਡੀਕ ਸਾਨੂੰ ਉਸਦੇ ਆਏ ਬਗ਼ੈਰ ਨਾ ਲੜਾਂਗੇ ਜੀ॥ ਸਰਫਾ ਜਾਨਦਾ ਨਹੀਂ ਜੇਤਦੋ ਕਰਨਾ ਜਦੋਂ ਵਿੱਚ ਮੈਦਾਨ ਦੇ ਵੜਾਂਗੇ ਜੀ॥ ਸ਼ਾਹ ਮੁਹੰਮਦਾ ਇੱਕ ਦੂੰ ਇੱਕ ਹੋਵੇ ਡੇਰੇ ਚੱਲ ਫ਼ਰੰਗੀ ਦੇ ਵੜਾਂਗੇ ਜੀ॥੬੯॥ ਤੇਜਾ ਸਿੰਘ ਭੀ ਲਸ਼ਕਰੀਂ ਆਨ ਵੜਿਆ ਹੁਦੇਦਾਰ ਸੱਭੇ ਓਥੇ ਆਂਵਦੇ ਨੀ॥ ਕਰੋ ਹੁਕਮ ਤੇ ਤੇਗ਼ ਉਠਾਈਏ ਜੀ ਪਏ ਸਿੰਘ ਕਚੀਚੀਆਂ ਖਾਂਵਦੇ ਨੀ॥ ਕੂੰਜਾਂ ਨਜ਼ਰ ਆਈਆਂ ਬਾਜਾਂ ਭੁਖਿਆਂ ਨੂੰ ਅੱਖੀਂ ਵੇਖਿਆਂ ਚੋਟ ਚਲਾਂਵਦੇ ਨੀ॥ ਸ਼ਾਹ ਮੁਹੰਮਦਾ ਓਸਥੋਂ ਹੁਕਮ ਲੈਕੇ ਹੱਲਾ ਕਰਨ ਦੀ ਡੌਲ ਬਨਾਂਵਦੇ ਨੀ॥੭੦॥ ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ ਤੋਪਾਂ ਚੱਲੀਆਂ ਨੀ ਵਾਂਗ ਤੌਰਿਆਂ ਦੇ॥ ਸਿੰਘ ਸੂਰਮੇਂ ਆਨ ਮੈਦਾਨ ਲੱਥੇ ਗੰਜ ਲਾਹ ਸੁੱਟੇ ਓਨਾਂ ਗੋਰਿਆਂ ਦੇ॥ ਟੁੰਡੇਲਾਟ ਨੇ ਅੰਤਨੂੰ ਖਾਇ ਗੁੱਸਾ ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ॥ ਸ਼ਾਹ ਮੁਹੰਮਦਾ ਰੰਡ ਬੈਠਾਇ ਨੰਦਨ ਸਿੰਘ ਜਾਨ ਨਾਹੀਂ ਨਾਲ ਜੋਰਿਆਂ ਦੇ॥੭੧॥ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਤੁਸੀਂ ਲਾਜ ਅੰਗ੍ਰੇਜ਼ ਦੀ ਰਖਣੀ ਜੀ॥ ਸਿੰਘਾਂ ਮਾਰਕੇ ਕਟਕ ਮੁਕਾਇ ਦਿੱਤੇ ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ॥ ਨੰਦਨ ਟਾਪੂਆਂ ਵਿੱਚ ਕੁਰਲਾਟ ਪਿਆ ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ॥ ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ॥੭੨॥ ਹੋਯਾ ਹੁਕਮ ਅੰਗ੍ਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਇ ਪੱਲੇ॥ ਫੂਕ ਸੱਟੀਆਂ ਸਾਰੀਆਂ ਮੇਖਜੀਨਾਂ ਸਿੰਘ ਉੱਡਕੇ ਪੱਤਰਾ ਹੋਇ ਚੱਲੇ॥ ਛੋਲਦਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਲਈ ਨਹੀ ਮੂਲ ਪੱਲੇ॥੭੩॥ ਓੜਕ ਲਿਆ ਮੈਦਾਨ ਫ਼ਰੰਗੀਆਂ ਨੇ ਸ਼ਾਹ ਮੁਹੰਮਦਾ ਰਣੋ ਨਹੀਂ ਮੂਲ ਹੱਲੇ॥੧੩॥ ਉਧਰ ਆਪ ਫਰੰਗੀ ਨੂੰ ਭਾਂਜ ਆਈ ਦੌੜੇ ਜਾਨ ਗੋਰੇ ਦਿੱਤੀ ਕੰਡ ਮੀਆਂ॥ ਚਲੇ ਤੋਪਖਾਨੇ ਸਾਰੇ ਗੋਰਿਆਂ ਦੇ ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ॥੭੪॥ ਕਿਨੇ ਜਾਕੇ ਲਿਆਇਕੇ ਖ਼ਬਰ ਦਿਤੀ ਨੰਦਨ ਹੋਇ ਬੈਠ ਤੇਰੀ ਰੰਡ ਮੀਆਂ॥ ਸ਼ਾਹ ਮੁਹੰਮਦਾ ਦੇਖ ਮੈਦਾਨ ਜਾਕੇ ਰੁੱਲਦੀ ਗੋਰਿਆਂ ਦੀ ਪਈ ਝੰਡ ਮੀਆਂ॥੭੪॥ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ ਓਸਦੀ ਗੈਰ ਸਾਲੀ॥ ਓਹਤਾਂ ਭੱਜਕੇ ਲਾਟ ਨੂੰ ਜਾਇ ਮਿਲਿਆ ਗੱਲ ਜਾਇ ਦੱਸੀ ਸਾਰੀ ਭੇਤ ਵਾਲੀ॥ ਏਥੋਂ ਹਰਨ ਹੋਗਿਆ ਹੈ ਖ਼ਾਲਸਾ ਜੀ ਚੌਧਾਂ ਹੱਥਾਂ ਦੀ ਮਾਰਕੇ ਜਾਨ ਛਾਲੀ॥ ਸ਼ਾਹ ਮੁਹੰਮਦਾ ਸਾਥ ਲੈ ਸਿਲੇਖਾ ਨੇ ਛੱਡ ਗਏ ਨੀ ਸਿੰਘ ਮੈਦਾਨ ਖ਼ਾਲੀ॥੭੫॥ ਮੁੜ ਕੇ ਫੇਰ ਫਰੰਗੀਆਂ ਜ਼ੋਰ ਦਿੱਤਾ ਲਾਟਾਂ ਦਾਰ ਗੋਲੇ ਜਦੋਂ ਆਨ ਛੁੱਟੇ॥ ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨੀ ਕੈਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ॥ ਜਦੋਂ ਡਿੱਠੇ ਨੀਂ ਹੱਥ ਫ਼ਰੰਗੀਆਂ ਦੇ ਓਥੇ ਕੇਈਆਂ ਦੇ ਆਂਨ ਪਰਾਨ ਟੁੱਟੇ॥ ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ ਤੇਸ਼ੇਖ਼ਾਨੇ ਫਰੰਗੀਆਂ ਆਨ ਲੁੱਟੇ॥੭੬॥ ਜਦੋਂ ਪਿਆ ਹਰਾਸ ਤੇ ਕਰਨ ਗੱਲਾਂ ਮੁੰਡੇ ਘੋੜ ਚੜੇ ਨਵੇਂ ਛੋਕਰੇ ਜੀ॥ ਅਧੀ ਰਾਤ ਨੂੰ ਉਠਕੇ ਖਿਸਕ ਤੁਰੀਯੇ ਕਿਥੋਂ ਪਏ ਗੋਰੇ ਸਾਨੂੰ ਓਪਰੇ ਜੀ॥ ਵਾਹੀ ਕਰਦੇ ਤੇ ਰੋਟੀਆਂ ਖ਼ੂਬ ਖਾਂਦੇ ਅਸੀਂ ਕਿਨਾਂ ਦੇ ਹਾਂ ਪੁੱਤ੍ਰ ਪੋਤਰੇ ਜੀ ਸ਼ਾਹ ਮੁਹੰਮਦਾ ਖੂਹ ਤੇ ਮਿਲਖ਼ ਵਾਲੇ ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ॥੭੭॥ ਜੇਹੜੇ ਜੀਂਵਦੇ ਰਹੇ ਸੋ ਪਏ ਸੋਚੀਂ ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ॥ ਬੁਰੇ ਜਿੰਨ ਹੋਕੇ ਸਾਨੂੰ ਪਏ ਗੋਰੇ ਅਸੀ ਜਾਨ ਦੇ ਸਾਂ ਕੋਈ ਕੀਰ ਮੀਆਂ॥ ਅਸਾਂ ਸ਼ਹਿਤ ਦੇ ਵਾਸਤੇ ਹੱਥ ਪਾਯਾ ਅੱਗੋਂ ਡੂਮਨਾ ਛਿੜੇ ਮਖੀਰ ਮੀਆਂ॥ ਸ਼ਾਹ ਮੁਹੰਮਦਾ ਰਾਹ ਨਾ ਕੋਈ ਲਭੇ ਜਿਥੇ ਚੱਲੀਏ ਘੱਤ ਵਹੀਰ ਮੀਆਂ॥੨੮॥ ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਤੇ ਸੱਬ ਖੁਹਾਇ ਆਏ॥ ਛੇੜ ਆਫਤਾਂ ਨੂੰ ਮਗਰ ਲਾਇਓਂ ਨੇ ਸਗੋਂ ਆਪਨਾ ਆਪ ਗਵਾਇ ਆਏ॥ ਖ਼ੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ ਸਗੋਂ ਕੁੰਜੀਆਂ ਹੱਥ ਫੜਾਇ ਆਏ॥ ਸ਼ਾਹ ਮੁਹੰਮਦਾ ਕਹਿੰਦੇ ਨੀ ਲੋਗ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਇ ਆਏ॥੭੯॥ ਘਰੀਂ ਜਾਇਕੇ ਕਿਸੇ ਆਰਾਮ ਕੀਤਾ ਕਿਸੇ ਰਾਤ ਕਿਸੇ ਦੋਇ ਰਾਤ ਮੀਆਂ॥ ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ॥ ਕਿੱਥੇ ਲੁਕੋਗੇ ਜਾਇਕੇ ਖਾਲਸਾ ਜੀ ਦੱਸੋ ਖੋਲ੍ਹਕੇ ਅਸਲ ਦੀ ਬਾਤ ਮੀਆਂ॥ ਸ਼ਾਹ ਮੁਹੰਮਦਾ ਫੇਰ ਇਕੱਠ ਕਰੋ ਲੱਗੀ ਚਾਨਨੀ ਹੋਰ ਕਨਾਤ ਮੀਆਂ॥੮੦॥ ਕੰਢੇ ਪਾਰਦੇ ਜਮਾਂ ਜਾ ਹੋਏ ਡੇਰੇ ਇਹ ਤਾਂ ਨੌਕਰੀ ਘਰੀਂ ਨ ਮਿਲਨ ਜਾਣੇ॥ ਡੇਰੀਂ ਆਨ ਕੇ ਕਰਨ ਵਿਰਲਾਪ ਪਿਆ ਬੰਨਨ ਭਰਤੀਆਂ ਤੇ ਓਥੇ ਵਿਕਨ ਦਾਣੇ॥ ਛਹੀ ਕੱਢਕੇ ਮੋਰਚੀਂ ਆਇ ਬਹਿੰਦੇ ਡੇਰੀਂ ਆਇ ਕੇ ਫੇਰ ਪ੍ਰਸਾਦਿ ਖਾਣੇ॥ ਸ਼ਾਹ ਮੁਹੰਮਦਾ ਸੱਭ ਮਲੂਮ ਕੀਤੀ ਕੀ ਕੂੰ ਹੋਈ ਸੀ ਦੱਸ ਖਾਂ ਲੁੱਦੇਹਾਣੇ॥੮੧॥ ਸਰਦਾਰ ਰਣਜੋਧ ਸਿੰਘ ਫ਼ੌਜ ਲੈਕੇ ਮੱਦਤ ਲਾਡੂਏ ਵਾਲੇ ਦੀ ਚੱਲਿਆ ਈ॥ ਓਥੇ ਸੱਭ ਕਬੀਲੇ ਸੇ ਕੈਦ ਹੋਏ ਕੋਈ ਲਾਟ ਫਰੰਗੀ ਨੇ ਘੱਲਿਆ ਈ॥ ਓਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ ਉਸਦਾ ਜ਼ੋਰ ਨਾ ਕਿਸੇ ਨੇ ਝੱਲਿਆ ਈ॥ ਸ਼ਾਹ ਮੁਹੰਮਦਾ ਛਾਵਨੀ ਫੂਕ ਦਿੱਤੀ ਵਿੱਚੋਂ ਜੀਉ ਫ਼ਰੰਗੀ ਨਾ ਹੱਲਿਆ ਈ॥੮੨॥ ਚਾਰ ਪੜਤਲਾਂ ਲੈ ਮਈਆ ਸਿੰਘ ਆਯਾ ਸਿੰਘ ਆਪ ਏਹੋ ਹਥਿਆਰ ਲੈਂਦੇ॥ ਇਨਾਂ ਬਹੁਤ ਫ਼ਰੰਗੀ ਦੀ ਫ਼ੌਜ ਮਾਰੀ ਲੁਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ॥ ਤੋਪਾਂ ਊਠ ਹਾਥੀ ਮਾਲ ਲਾਖ ਘੋੜੇ ਡੇਰੇ ਆਪਨੇ ਸਿੰਘ ਉਤਾਰ ਲੈਂਦੇ॥ ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ ਭਾਂਵੇ ਲੁਦੇਹਾਣਾ ਤਦੋਂ ਮਾਰ ਲੈਂਦੇ॥੮੩॥ ਮਉਜਦੀਨ ਸਰਦਾਰ ਨੂੰ ਲਿਖੀ ਅਰਜ਼ੀ ਤੁਸਾਂ ਤਰਫ਼ ਲੁਟੇ ਚੰਗੇ ਸ਼ਾਨ ਦੇ ਜੀ॥ ਦੇਹ ਭੇਜ ਉਰਾਰ ਸੱਭ ਕਾਰਖਾਨੇ ਪਇਓ ਗੱਜਿਓ ਵਿੱਚ ਮੈਦਾਨ ਦੇ ਜੀ॥ ਤੈਨੂੰ ਅੱਜ ਹਜ਼ੂਰ ਥੀਂ ਫ਼ਤੇ ਆਈ ਖ਼ਬਰਾਂ ਆਵਨ ਵਿੱਚ ਜਹਾਨ ਦੇ ਜੀ॥ ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ ਸਦਾ ਰੱਖੀਏ ਵਿੱਚ ਧਿਆਨ ਦੇ ਜੀ॥੮੪॥ ਸੱਠਾਂ ਕੋਹਾਂ ਦੀ ਪੰਧ ਸੀ ਲੁਦੇਹਾਣਾ ਰਾਤੋ ਰਾਤ ਕੀਤੀ ਕੁੰਡੇ ਦੌੜ ਮੀਆਂ॥ ਓਹ ਭੀ ਲੁਟਿਆ ਲਾਟ ਨੇ ਆਮ ਡੇਰਾ ਸੱਭ ਖੋਹਕੇ ਕੀਤੀਆਂ ਚੌੜ ਮੀਆਂ॥ ਅਲੀ ਅਬੂ ਤਬੇਲੇ ਦੀ ਓਟਭਾਰੀ ਅੱਧ ਘੜੀ ਲੜਾਈ ਦੀ ਸੌੜ ਮੀਆਂ॥ ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰੇ ਕਰ ਆਏ ਨੀ ਤ੍ਰੱਟੀਆਂ ਚੌੜ ਮੀਆਂ॥੮੫॥ ਪਹਿਲੇ ਹੱਲਿਓਂ ਸਿੰਘ ਜੋ ਨਿਕਲਣ ਲੱਗੇ ਪਏ ਔਝੜੇ ਔਝੜੇ ਜਾਂਵਦੇ ਨੀ॥ ਲੁੱਟੇ ਗਏ ਸਾਰੇ ਰਹੀ ਇੱਕ ਕੁੜਤੀ ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ॥ ਅੱਗੋਂ ਲੋਕ ਲੜਾਈ ਦੀ ਗੱਲ ਪੁੱਛਨ ਜੀਭ ਹੋਠਾਂ ਦੀ ਖੋਲ ਦਿਖਾਂਵਦੇ ਨੀ॥ ਸ਼ਾਹ ਮੁਹੰਮਦਾ ਆਨਕੇ ਘਰਦਿਆਂ ਥੋਂ ਨਵੇਂ ਕੱਪੜੇ ਹੋਰ ਸਿਵਾਂਵਦੇ ਨੀ॥੮੬॥ ਕਹਿੰਦੇ ਜੀਉਂਦੇ ਫੇਰ ਨਾਂ ਕਦੀ ਜਾਣਾਂ ਮੂੰਹ ਨਾ ਲਗਨਾ ਉਸ ਚੰਡਾਲ ਦੇ ਜੀ॥ ਕਿਤੇ ਜਾਇਕੇ ਚਾਰ ਦਿਨ ਕੱਟ ਆਈਏ ਢੂੰਡਨ ਆਉਣਗੇ ਸਾਡੇ ਭੀ ਨਾਲਦੇ ਜੀ॥ ਤੁਸਾਂ ਆਖਿਆ ਮਰਗਿਆ ਲੁਦਿਹਾਨਾ ਅਸੀਂ ਮਰਦੇ ਹਾਂ ਢੂੰਡ ਦੇ ਭਾਲਦੇ ਜੀ॥ ਸ਼ਾਹ ਮੁਹੰਮਦਾ ਰਹੇ ਹਥਿਆਰ ਉਥੇ ਲੀੜੇ ਨਹੀਂ ਆਏ ਸਾਡੇ ਨਾਲਦੇ ਜੀ॥੮੭॥ ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ ਕੋਈ ਅਕਲ ਦਾ ਕਰੋ ਇਲਾਜ ਯਾਰੋ॥ ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ ਪੱਗ ਦਾੜ੍ਹੀਆਂ ਦੀ ਰਖੋ ਲਾਜ ਯਾਰੋ॥ ਮੁਠ ਮੀਟੀ ਸੀ ਏਸ ਪੰਜਾਬ ਦੀ ਜੀ ਇਨਾਂ ਖੋਲ੍ਹ ਦਿਤਾ ਅਜ ਪਾਜ ਯਾਰੋ॥ ਸ਼ਾਹ ਮੁਹੰਮਦਾ ਮਾਰਕੇ ਮਰੋ ਏਥੇ ਕਦੀ ਰਾਜ ਨਾ ਹੋਇ ਮੁਹਤਾਜ ਯਾਰੋ॥੮੮॥ ਤੀਜੀ ਵਾਰ ਲਲਕਾਰ ਕੇ ਪਏ ਗੋਰੇ ਵੇਲੇ ਗਜ਼ਲ ਦੇ ਹੋਏ ਨੀ ਸੂਰ ਮੀਆਂ॥ ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ ਕਾਇਮ ਜੰਗ ਹੋਏ ਜ਼ਰੂਰ ਮੀਆਂ॥ ਪਹਿਲਾਂ ਬਾਂਵਿਓਂ ਆਨਕੇ ਜ਼ੋਰ ਦਿਤਾ ਪਿਆ ਦਲਾਂ ਦੇ ਵਿੱਚ ਫ਼ਤੂਰ ਮੀਆਂ॥ਸ਼ਾਹ ਮੁਹੰਮਦਾ ਨੱਸਕੇ ਜਾਨ ਕਿਥੇ ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ॥੯॥ ਆਈਆਂ ਪਲਟਨਾਂ ਬੀੜਕੇ ਤੋਪਖ਼ਾਨੇ ਅੱਗੋਂ ਸਿੰਘਾਂ ਨੇ ਪਾਸਣੇ ਮੋੜ ਸੁੱਟੇ॥ ਮੇਵਾ ਸਿੰਘ ਤੇ ਮਾਖੇ ਖ਼ਾਂ ਹੋਏ ਸਿੱਧੇ ਹਲੇ ਤਿੰਨ ਫ਼ਰੰਗੀ ਦੇ ਤੋੜ ਸੁੱਟੇ॥ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ॥ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ॥੯੦॥ ਪਏ ਬਾਂਵਿਓਂ ਹੋ ਇਕੇ ਫੇਰ ਧਾਵਾ ਫ਼ਰਾਂਸੀਸ ਤੇ ਜਿੱਥੇ ਸੀ ਚਾਰ ਯਾਰੀ॥ ਕੁੰਡਲ ਪੱਤਿਆ ਵਾਂਗ ਕਮਾਨ ਗੋਸ਼ੇ ਬਨੀ ਆਂਨ ਸਰਦਾਰਾਂ ਨੂੰ ਬਹੁਤ ਖ਼ੁਆਰੀ॥ ਤੇਜਾ ਸਿੰਘ ਸਰਦਾਰ ਪੁਲ ਵੱਢ ਦਿੱਤਾ ਘਰੀਂ ਨੱਸ ਨਾ ਜਾਇ ਏਹ ਫ਼ੌਜ ਸਾਰੀ॥ ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋਕੇ ਅਤੇ ਜਾਨ ਨਾ ਕਰਨਗੇ ਫੇਰ ਪਿਆਰੀ॥੯੧॥ ਜੰਗ ਹਿੰਦ ਪੰਜਾਬ ਦਾ ਹੋਨ ਲੱਗਾ ਦੋਵੇਂ ਪਾਦਸ਼ਾਹੀ ਫੌਜਾਂ ਭਾਰੀਆਂ ਨੀ॥ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੇੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ॥ ਸਣੇ ਆਦਮੀ ਗੋਲੀਆਂ ਨਾਲ ਉੱਡਨ ਹਾਥੀ ਢਾਂਉਦੇ ਸਣੇ ਅੰਬਾਰੀਆਂ ਨੀ॥ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੀ॥੯੨॥ ਕਈ ਸੂਰਮੇਂ ਮਾਰਕੇ ਮੋਏ ਓਥੇ ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ॥ ਰਹਿੰਦੇ ਘੇਰਕੇ ਵਿੱਚ ਦਰਿਆਉ ਡੋਬੇ ਸ਼ੱਰ੍ਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ॥ ਕਹਿੰਦੇ ਨੌਕਰੀ ਕਾਸਨੂੰ ਅਸਾਂ ਕੀਤੀ ਆਖੇ ਲੱਗਕੇ ਸਾਥੀਆਂ ਸੰਗੀਆਂ ਦੇ॥ ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ ਜੁੱਧ ਵਿੱਚ ਜੇ ਨਾਲ ਫ਼ਰੰਗੀਆਂ ਦੇ॥੯੩॥ ਕੇਈ ਮਾਵਾਂ ਦੇ ਪੁੱਤ੍ਰ ਨੀ ਮੋਏ ਓਥੇ ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ॥ ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮਰਕੇ ਪਈਆਂ ਰੋਂਦੀਆਂ ਫਿਰਨ ਬਿਚਾਰੀਆਂ ਨੀ॥ ਚੰਗੇ ਜਿਨਾ ਦੇ ਸਿਰਾਂ ਦੇ ਮੋਏ ਵਾਲੀ ਖੁਲੇ ਵਾਲ ਤੇ ਫਿਰਨ ਵਿਚਾਰੀਆਂ ਨੀ॥ ਸ਼ਾਹ ਮੁਹੰਮਦਾ ਬਹੁਤ ਸ੍ਰਦਾਰ ਮਾਰੇ ਪਈਆਂ ਰਾਜ ਦੇ ਵਿੱਚ ਗੁਬਾਰੀਆਂ ਨੀ॥੯੪॥ ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ॥ ਰਹਿੰਦੀ ਫ਼ੌਜ ਦਾ ਕਰੋ ਇਲਾਜ ਕੋਈ ਕਾਬੂ ਤੁਸਾਂ ਬਗ਼ੈਰ ਨਾ ਆਵਣੀ ਜੀ। ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ ਪਾਓ ਵਿੱਚ ਲਾਹੌਰ ਦੇ ਛਾਵਣੀ ਜੀ॥ ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ॥੯੫॥ ਪੂਲ ਬੱਧਾ ਫ਼ਰੰਗੀਨੇ ਖ਼ਬਰ ਸੁਣਕੇ ਲਾਂਘੇ ਪਾਏਨੀ ਵਿੱਚ ਪਲਕਾਰਿਆਂ ਦੇ॥ ਆਏ ਸ਼ਹਿਰ ਲਾਹੌਰ ਨੂੰ ਖ਼ੁਸ਼ੀ ਕਰਦੇ ਵਾਜੇ ਵੱਜਦੇ ਨਾਲ ਨਗਾਰਿਆਂ ਦੇ॥ ਅੱਗੋਂ ਸੱਭ ਪਠਾਣ ਲੈ ਮਿਲੇ ਨਜ਼ਰਾਂ ਪਿਛੋਂ ਪੈਂਚ ਰਹਿੰਦੇ ਮੁਲਖਾਂ ਸਾਰਿਆਂ ਦੇ॥ ਸ਼ਾਹ ਮੁਹੰਮਦਾ ਆਨ ਲੁਹਾਨ ਲਥੇ ਹੱਛੇ ਦੇਸ ਤੇ ਥਾਂਉ ਟਿਕਾਣਿਆਂ ਦੇ॥੯੬॥ ਰਾਜਾ ਗਿਆ ਗੁਲਾਬ ਸਿੰਘ ਆਪ ਚੜਕੇ ਬਾਹੋਂ ਪਕੜ ਲਾਹੌਰ ਲਿਆਂਵਦਾ ਈ॥ ਸਾਹਿਬ ਲੋਕ ਜੀ ਅਸਾਂ ਪਰ ਦਯਾ ਕਰਨੀ ਓਹਨਾਂ ਆਪਣਾ ਕੰਮ ਝਨਾਂਵਦਾ ਈ। ਦਿੱਤੇ ਕੱਢ ਮਲਵਈ ਦ੍ਵਾਬੀਏ ਜੀ ਵਿੱਚੋਂ ਸਿੰਘਾਂ ਦੀ ਫ਼ੌਜ ਖਿਸਕਾਂਵਦਾ ਈ॥ ਸ਼ਾਹ ਮੁਹੰਮਦਾ ਤਰਫ ਪਹਾੜ ਲੈਕੇ ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ॥੯੭॥ ਬਣੇ ਮਾਈਦੇ ਆਨ ਅੰਗ੍ਰੇਜ਼ ਰਾਖੇ ਪਾਈ ਛਾਉਨੀ ਵਿੱਚ ਲਾਹੌਰ ਦੇ ਜੀ॥ ਰੋਹੀ ਮਾਲਵਾ ਪਾਰ ਦਾ ਮੁਲਖ ਸਾਰਾ ਠਾਣਾ ਘੱਤਿਆ ਵਿਚ ਫਲੌਰ ਦੇ ਜੀ॥ ਲਿਆ ਸ਼ਹਿਰ ਲਾਹੌਰ ਫ਼ੀਰੋਜ਼ਪੁਰਾ ਜੇੜ੍ਹੇ ਟਕੇ ਆਵਣ ਜਿੰਦ ਕੌਰ ਦੇ ਜੀ॥ ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠੀ ਓਹਦੇ ਕੰਮ ਗਏ ਸੱਭੇ ਸੌਰਦੇ ਜੀ॥੯੮॥ ਰਹਿੰਦ ਮੁਲਕ ਫ਼ਰੰਗੀ ਦੇ ਪਿਆ ਪੇਟੇ ਕੀਤਾ ਹੁਕਮ ਫਰੰਗੀਆਂ ਸਾਰਿਆਂ ਨੇ॥ ਮਾਈ ਫ਼ੌਜ ਨੂੰ ਚਾਇ ਜਬਾਬ ਦਿੱਤਾ ਦਿੱਤੀ ਨੌਕਰੀ ਛੱਡ ਵਿਚਾਰਿਆ ਨੇ॥ ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ ਬਖ਼ਤਾਵਰਾਂ ਤੇ ਨੇਕ ਸਤਾਰਿਆਂ ਨੇ॥ ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ ਤੋੜ ਸੁਟਿਆ ਮੁਲਕ ਉਜਾਰਿਆਂ ਨੇ॥੯੯॥ ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਹੀ॥ ਗੁੱਝੀ ਰਮਜ਼ ਕਰਕੇ ਰਹੀ ਆਪ ਸੱਚੀ ਬਦਲਾ ਤੁਰਤ ਭਿਰਾਉ ਦਾ ਮੋੜਿਆ ਹੀ॥ ਲਏ ਤੁਰਤ ਮੁਸਾਹਿਬ ਲਪੇਟ ਰਾਣੀ ਲਸ਼ਕਰ ਵਿੱਚ ਦਰਿਆਉ ਦੇ ਰੋੜਿਆ ਹੀ॥ ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ ਓਨ੍ਹਾਂ ਕੁਫ਼ਰ ਮੁਦਈ ਦਾ ਤੋੜਿਆ ਹੀ॥੧੦੦॥ ਪਿੱਛੋਂ ਬੈਠਕੇ ਸਿੰਘਾ ਨੂੰ ਅਕਲ ਆਈ ਕੇਹੀ ਚੜੀ ਹੈਂ ਜ਼ਹਿਰ ਤੂੰ ਸਾਣ ਮਾਈ॥ ਕਿਨਾਂ ਖੁੰਦਰਾਂ ਵਿੱਚ ਫਸਾਇਕੇ ਜੀ ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈਂ॥ ਹੱਥ ਧੋਇਕੇ ਮਗਰ ਕਿਉਂ ਪਈ ਸਾਡੇ ਘਰੀਂ ਅਜੇ ਨਾ ਦੇਨੀ ਹੈਂ ਜਾਨ ਮਾਈ॥ ਸ਼ਾਹ ਮੁਹੰਮਦਾ ਖੋਹ ਹਥਿਆਰ ਬੈਠੇ ਨਾਲ ਕੁੜਤੀਆਂ ਲਏ ਪਛਾਨ ਮਾਈ॥੧੦੧॥ ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ ਲੰਕਾ ਵਿੱਚ ਤਾਂ ਰਾਂਵਣ ਕਹਾਇ ਦਿੱਤਾ॥ ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ॥ ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ॥ ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ ਸਾਰੇ ਦੇਸ ਦਾ ਫ਼ਰਸ਼ ਉਠਾਇ ਦਿੱਤਾ॥੧੦੨॥ ਰੱਬ ਚਾਹੇ ਤਾਂ ਕਰੇਗਾ ਮੇਹਰਬਾਨੀ ਹੋਇਆ ਸਿੰਘਾਂ ਦਾ ਕੰਮ ਆਰਾਸਤਾ ਈ॥ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ ਉਨਾਂ ਨਾਲ ਨਾ ਕਿਸੇ ਦਾ ਵਾਸਤਾ ਈ॥ ਓਹਦੇ ਨਾਲ ਨਾ ਬੈਠਕੇ ਗੱਲ ਕਰਨੀ ਖੁਦੀ ਆਪਨੀ ਨਾਲ ਮਹਾਸਤਾ ਈ॥ ਸ਼ਾਹ ਮੁਹੰਮਦਾ ਦੌਲਤਾਂ ਜ਼ਮਾਂ ਕਰਦੀ ਸ਼ਾਹੂਕਾਰਾਂ ਦਾ ਪੱਤ੍ਰ ਗੁਮਾਸ਼ਤਾ ਈ॥੧੦੩॥ ਜੇਹੜੀ ਹੋਈ ਸੋ ਲਈ ਹੈ ਵੇਖ ਅੱਖੀਂ ਅੱਗੇ ਹੋਰ ਕੀ ਬਣਤ ਬਨਾਂਵਣੀ ਜੀ॥ ਇੱਕ ਘੜੀ ਦੀ ਕੁਝ ਉਮੈਦ ਨਾਹੀ ਕਿਸੇ ਲਈ ਹਾੜੀ ਕਿਸੇ ਸਾਵਣੀ ਜੀ॥ ਨਿੱਕੇ ਪੋਚ ਹੁਣ ਬੈਠਕੇ ਕਰਨ ਗੱਲਾਂ ਅਸਾਂ ਡਿੱਠੀ ਫਰੰਗੀ ਦੀ ਛਾਵਨੀ ਜੀ॥ ਸ਼ਾਹ ਮੁਹੰਮਦਾ ਨਹੀ ਮਾਲੂਮ ਸਾਨੂੰ ਅਗੇ ਹੋਰ ਕੀ ਖੇਡ ਬਣਾਵਣੀ ਜੀ॥੧੦੪॥ ਸੰਮਤ ਉੱਨੀ ਸੈ ਦੂਸਰਾ ਵਰਤਿਆ ਸੀ ਜਦੋਂ ਹੋਯਾ ਫਰੰਗੀ ਦਾ ਜੰਗ ਮੀਆਂ॥ ਐਸੀ ਖੂਨ ਦੀ ਓਹ ਜ਼ਮੀਨ ਪਿਆਸੀ ਹੋਯਾ ਸੁਰਖ ਸ਼ਹਾਬ ਦੇ ਰੰਗ ਮੀਆਂ॥ ਧਰਤੀ ਵੱਢਕੇ ਧੜ ਦੇ ਬਨੇ ਬੱਦਲ ਜੈਸੇ ਚੜੇ ਆਕਾਸ਼ ਪਤੰਗ ਮੀਆਂ॥ ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ॥੧੦੫॥

ਕੀਮਤ ਦੋ ਆਨੇ

ਅੰਮ੍ਰਿਤਸਰ ਦਰਬਾਰ ਸਾਹਿਬ ਕੀ ਤਸਵੀਰ ਰੰਗੋਂ ਮੇਂ ਛਪੀ ਹੂਈ ਬਰਾਏ ਫਰੋਖਤ ਤਯਾਰ ਹੈ ਜਿਨ ਸਾਹਿਬਾਂਨ ਕੋ ਅਪਨਾ ਘਰ ਸਜਾਨੇ ਕੀ ਜਰੂਰਤ ਹੋ ਕੀਮਤਨ ਮੰਗਵਾ ਲੇਂ

ਵਿਗ੍ਯਾਪਕ

ਰਾਇ ਸਾਹਿਬ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼

ਮਾਲਕਾਨ ਮੁਫ਼ੀਦ ਆਮ ਪ੍ਰੈਸ ਲਾਹੌਰ॥