ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਕਾਫ਼ਲਿਆਂ ਦਾ ਸਾਥ ਭਲਾ ਕੀ ਰਾਹ ਵਿਚ ਉੱਗੀਆਂ ਛਾਵਾਂ ਨਾਲ

ਵਿਕੀਸਰੋਤ ਤੋਂ


———1———

ਕਾਫ਼ਲਿਆਂ ਦਾ ਸਾਥ ਭਲਾ ਕੀ ਰਾਹ ਵਿਚ ਉੱਗੀਆਂ ਛਾਵਾਂ ਨਾਲ।
ਕਦਮ ਮਿਲਾ ਕੇ ਜਿੰਨ੍ਹਾਂ ਤੁਰਨਾ ਭਰ ਵਗਦੇ ਦਰਿਆਵਾਂ ਨਾਲ।

ਅੱਜ ਤੇਰੇ ਮੂੰਹ ਜੀਭ ਨਹੀਂ ਹੈ ਚਿਹਰਾ ਵੀ ਉਪਰਾਮ ਹੈ ਕਿਉਂ?
ਤੇਰੀ ਤਾਂ ਸੀ ਬਹਿਣੀ ਉੱਠਣੀ ਅੱਗ ਵਰ੍ਹੌਂਦੀਆਂ 'ਵਾਵਾਂ ਨਾਲ।

ਧਰਤ, ਸਮੁੰਦਰ, ਦਰਿਆ, ਸਹਿਰਾ, ਹੰਝੂਆਂ ਦਾ ਵੀ ਮੀਂਹ ਵਰ੍ਹਦੈ,
ਪੋਟਾ ਪੋਟਾ ਵਿੰਨ੍ਹਿਆ ਦਿਲ ਹੈ ਹਉਕੇ ਬਲਦੀਆਂ ਆਹਵਾਂ ਨਾਲ।

ਸ਼ੀਸ਼ੇ ਸਨਮੁਖ ਰੋਜ਼ ਖਲੋ ਕੇ ਮੇਰਾ ਬੁੱਤ ਘਬਰਾਉਂਦਾ ਹੈ,
ਆਪਣਾ ਆਪ ਪਕੜਨਾ ਚਾਹਵੇ ਥੱਕੀਆਂ ਥੱਕੀਆਂ ਬਾਹਵਾਂ ਨਾਲ।

ਦਿੱਲੀ ਦੱਖਣ ਗਾਹੁਣ ਦੇ ਮਗਰੋਂ ਘਰ ਵਿਚ ਆਣ ਖਲੋ ਜਾਈਏ,
ਛਾਵਾਂ ਖ਼ਾਤਰ ਜੁੜ ਜਾਂਦੇ ਹਾਂ ਨਿੱਕੀਆਂ ਨਿੱਕੀਆਂ ਥਾਵਾਂ ਨਾਲ।

ਮੰਜ਼ਿਲ ਤਾਂ ਸੀ ਟੇਢੀ ਮੇਢੀ ਉਂਜ ਵੀ ਸੀ ਵੀਰਾਨ ਜਹੀ,
ਐਵੇਂ ਯਾਰੋ ਪਰਚ ਗਏ ਆਂ ਸਿੱਧ-ਮ-ਸਿੱਧੀਆਂ ਰਾਹਵਾਂ ਨਾਲ।

ਰਾਤ, ਹਨ੍ਹੇਰੀ, ਗੜੇਮਾਰ ਤੇ ਬੱਦਲ, ਕਣੀਆਂ, ਤੇਜ਼ ਹਵਾ,
ਪੱਕੀਆਂ ਫ਼ਸਲਾਂ ਕੌਣ ਉਡੀਕੇ ਏਨੇ ਦੁਸ਼ਮਣ ਚਾਵਾਂ ਨਾਲ।

ਧਰੜੀ ਮਾਂ ਹੈ ਸੋਨ ਚਿੜੀ ਹੈ ਹੋਰ ਪਤਾ ਨਹੀਂ ਇਹ ਕੀ ਹੈ?
ਬੇਘਰ ਵਿਧਵਾ ਜਾਣੀ ਜਾਵੇ ਰੰਗ ਬਰੰਗੇ ਨਾਵਾਂ ਨਾਲ।