ਦਿਲ ਤਰੰਗ

ਵਿਕੀਸਰੋਤ ਤੋਂ
ਦਿਲ ਤਰੰਗ
ਭਾਈ ਵੀਰ ਸਿੰਘ

1. ਕਿੱਕਰ

ਕਿੱਕਰ ਦਾ ਅਟੰਕ ਰਹਿਣੇ ਵਾਲਾ
ਬ੍ਰਿੱਛ ਆਪਣੇ ਦਿਲ ਤਰੰਗ ਮਾਨੋਂ
ਇਉਂ ਕਹਿੰਦਾ ਹੈ :-

ਕੱਢ ਸਿਰੀ ਉੱਪਰ ਨੂੰ ਟੁਰਿਆ
ਵਲ ਅਕਾਸ਼ਾਂ ਜਾਵਾਂ ।
ਉੱਪਰ ਨੂੰ ਤੱਕਾਂ ਰੱਬ ਵੰਨੇ
ਝਾਤਿ ਨ ਹੋਰਥਿ ਪਾਵਾਂ ।

ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ
ਕੁੱਲੀ ਢੋਕ ਨ ਭਾਲਾਂ,
ਮੀਂਹ ਹਨੇਰੀ ਗੜੇ ਧੁੱਪ ਵਿੱਚ
ਨੰਗੇ ਸਿਰ ਦਿਨ ਘਾਲਾਂ ।

ਲੋ ਅਰਸ਼ਾਂ ਦੇ ਵਾਲੀ ਵੰਨੇ,
ਹੋਰ ਲਾਲਸਾ ਨਾਹੀਂ ।
ਗਿੱਠ ਥਾਉਂ ਧਰਤੀ ਤੋਂ ਲੀਤੀ,
ਵਧਾਂ, ਟਿਕਾਂ ਇਸ ਮਾਹੀਂ ।

ਫੁੱਲਾਂ, ਫਲਾਂ, ਖਿੜਾਂ, ਰਸ ਚੋਵਾਂ,
ਰਹਿ ਅਛੋਤ ਟੁਰ ਜਾਵਾਂ ।
ਕੁੱਲੀ, ਗੁੱਲੀ, ਜੁੱਲੀ ਦੁਨੀਆਂ !
ਬਿਨ ਮੰਗੇ ਮਰ ਜਾਵਾਂ ।

ਮੀਂਹ ਦਾ ਪੀਵਾਂ ਪਾਣੀ ਦੁਨੀਆਂ !
ਪੌਣ ਭੱਖ ਕੇ ਜੀਵਾਂ ।
ਸਦੀਆਂ ਤੋਂ ਇਸਥਿਤ ਮੈਂ ਜੋਗੀ
ਸਦੀਆਂ ਇਵੇਂ ਟਿਕੀਵਾਂ ।

ਛੇੜਾਂ, ਛੇੜ ਕਰਾਵਾਂ ਨਾਹੀਂ,
ਹਾਂ ਵਿਰਕਤ, ਨਿਰਗੁਨੀਆਂ ।
ਮੇਰੇ ਜੋਗਾ ਬੀ ਤੈਂ ਪੱਲੇ,
ਹਾਇ, ਕੁਹਾੜਾ ਦੁਨੀਆਂ !
2. ਕੋਇਲ ਦੇ ਬੱਚੇ ਕਾਂਵਾਂ ਦੇ ਆਲ੍ਹਣੇ

ਕੋਇਲ ਕੁਕੇਂਦੀ ਆ ਗਈ,
ਬੋਲੀ ਪਿਆਰੀ ਪਾ ਗਈ,
ਜੀ ਵੜਦਿਆਂ ਜੀ ਭਾ ਗਈ,
ਉੱਚੜ-ਓ-ਚਿੱਤੀ ਲਾ ਗਈ,
ਹੁਣ ਜੀ ਨ ਲਗਦਾ ਆਲ੍ਹਣੇ
ਰੋਂਦੇ ਨੀ ਮਾਪੇ ਪਾਲਣੇ ।੧।

ਬੱਚੇ ਉਡਾਰੀ ਮਾਰਦੇ,
ਖਾ ਖਾ ਤਣੁੱਕੇ ਪਯਾਰ ਦੇ,
ਮਗਰੇ ਅਵਾਜ਼ ਸਿਧਾਰਦੇ,
ਪਰ ਕਾਉਂ ਫੜ ਫੜ ਮਾਰਦੇ,
ਬੰਨ੍ਹ ਬੰਨ੍ਹ ਕੇ ਰਖਦੇ ਆਲ੍ਹਣੇ,
ਕਰਦੇ ਅਨੇਕਾਂ ਟਾਲਣੇ ।੨।

ਖਿੱਚ ਆ ਅਗੰਮੋਂ ਪੈ ਗਈ,
ਜੋ ਜੀ ਚੁਰਾ ਕੇ ਲੈ ਗਈ,
ਉੱਡਣ ਹੀ ਉੱਡਣ ਦੈ ਗਈ,
ਘਰ-ਵੱਸਣਾਂ ਕਰ ਛੈ ਗਈ,
ਵਾਹ ਲਾਣ ਚੋਗ ਖੁਆਲਣੇ,
ਬੱਚੇ ਨ ਠਹਿਰਨ ਆਲ੍ਹਣੇ ।੩।

ਕਾਂ ਸੋਚਦੇ ਬਹਿ ਰੁੱਖ ਤੇ,
ਬੱਚੇ ਅਸਾਡੀ ਕੁੱਖ ਦੇ,
ਸਾਂਝੀ ਜੁ ਸੇ ਦੁੱਖ ਸੁੱਖ ਦੇ,
ਨੇੜੇ ਨਹੀਂ ਹੁਣ ਢੁੱਕਦੇ,
ਕੰਡੇ ਕੀ ਉਗ ਪਏ ਆਲ੍ਹਣੇ ?
ਨਿਹੁੰ ਮਾਪਿਆਂ ਜਿਨ ਘਾਲਣੇ ।੪।

ਕੋਇਲ ਹੈ ਵਣ ਵਣ ਕੂਕਦੀ,
ਜਾਦੂ ਕਟਕ ਦੇ ਫੂਕਦੀ,
ਹੈ ਨੈਂ ਇਸ਼ਕ ਦੀ ਸ਼ੂਕਦੀ,
ਚਾਬਕ ਬਿਰਹੁੰ ਦੀ ਘੂਕਦੀ,
ਸੁੰਞੇਂ ਕਰੂ ਏ ਆਲ੍ਹਣੇ,
ਰੋ ਰੋ ਕੇ ਜਿਗਰੇ ਗਾਲਣੇ ।੫।

ਕਾਂਵਾਂ ਬੀ ਸੱਦ ਪਛਾਣਿਆਂ,
ਕੋਇਲ ਨੂੰ ਕਾਰਨ ਜਾਣਿਆਂ,
ਮਾਰਨ ਇਨ੍ਹ ਜੀ ਠਾਣਿਆਂ,
ਲਗ ਪਏ ਦਾਉ ਤਕਾਣਿਆਂ,
ਫਟਕਣ ਨ ਦਿਣ(ਦੇਣ) ਲਾਗ ਆਲ੍ਹਣੇ,
ਲੜਦੇ ਨੀ ਮਾਪੇ ਪਾਲਣੇ ।੬।

ਦੂਰੋਂ ਓ ਲੁਕ ਲੁਕ ਬੋਲਦੀ,
ਦਫਤਰ ਇਸ਼ਕ ਦੇ ਖੋਲ੍ਹਦੀ,
ਕਿੱਸੇ ਪੁਰਾਣੇ ਫੋਲਦੀ,
ਬੱਚਿਆਂ ਦੇ ਜੀ ਝੰਝੋਲਦੀ,
ਓ ਤੜਫਦੇ ਵਿਚ ਆਲ੍ਹਣੇ,
ਆ ਪਏ ਜੱਫਰ ਜਾਲਣੇ ।੭।

ਕਾਂ ਰਹੇ ਵਾਹਾਂ ਲਾਂਵਦੇ,
ਓੜਕ ਉਹ ਉੱਠ ਸਿਧਾਂਵਦੇ,
ਮਾਪੇ ਵਤਨ ਭੁਲਾਂਵਦੇ,
ਖਿੱਚੀ ਦੇ ਮਗਰੇ ਧਾਂਵਦੇ,
ਰਹਿ ਗਏ ਸੁੰਞੇਂ ਆਲ੍ਹਣੇ,
ਰੋਂਦੇ ਨੀ ਮਾਪੇ ਪਾਲਣੇ ।੮।
3. ਫੁੱਲ
ਗਲੇ ਤੋਂ ਉਤਾਰੇ ਜਾਣ ਲੱਗਿਆਂ
ਸਾਈਂ ਲੋਕਾਂ ਨੂੰ

ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ
ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨ
ਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :-

ਸਾਨੂੰ ਨਾ ਉਤਾਰ ਗਲੋਂ,
ਸਾਨੂੰ ਨਾ ਵਿਸਾਰ ਦਿਲੋਂ,
ਸੱਟ ਨਾ ਉਤਾਰ ਸਾਨੂੰ,
ਤੇਰੇ ਬਿਨਾਂ ਸਾਡਾ ਕੌਣ ?
ਮਾਪਿਆਂ ਤੋਂ ਨਿਖੜ ਆਏ,
ਆਪਣਿਆਂ ਤੋਂ ਵਿਛੁੜ ਆਏ,
ਛੱਡ ਦੇਸ਼ ਵਤਨ ਆਏ,
ਨੀਵੀਂ ਕਰ ਆਏ ਧੌਣ ।
ਜਿੰਦ ਨੇਹੁੰ ਤੋੜ ਆਏ,
ਮੌਤ ਪ੍ਰੇਮ ਜੋੜ ਆਏ,
ਸੂਲੀ ਉੱਤੇ ਪੈਰ ਰੱਖ,
ਪੈਰ ਧਰੇ ਤੁਸਾਂ ਭੌਣ ।
ਕਿੰਨੇ ਹਨ ਸਵਾਸ ਬਾਕੀ ?
ਪਲਕ ਝਲਕ ਝਾਕੀ,
ਹੁਣ ਨ ਵਿਛੋੜ ਸਾਨੂੰ
ਫੇਰ ਨਹੀਂ ਸਾਡਾ ਔਣ ।੧।

ਵਿੱਚ ਸਾਡੇ ਅਕਲ ਨਾ,
ਤੁਰਨ ਹਾਰੀ ਸ਼ਕਲ ਨਾ,
ਅਸੀਂ ਨੀਵੀਂ ਜਿੰਦੜੀ ਹਾਂ
ਲੈਕ ਤੁਸਾਂ ਜੀ ਦੇ ਨਹੀਂ ।
ਗੁਣਾਂ ਵਾਲੇ ਲੱਖ ਏਥੇ,
ਪਯਾਰ ਵਾਲੇ ਘਣੇਂ ਸੁਹਣੇ,
ਚੜ੍ਹਦਿਆਂ ਤੋਂ ਚੜ੍ਹਦਿਆਂ ਦੇ
ਜੱਥੇ ਗਿਣੇ ਜਾਂਦੇ ਨਹੀਂ ।
ਹੈਨ ਪਰ ਡਾਲ ਲੱਗੇ,
ਜੁੜੇ ਜਿੰਦ ਨਾਲ ਬੈਠੇ,
ਪਿੱਛੇ ਨਾਲੋਂ ਨਹੀਂ ਟੁੱਟੇ,
ਆਸ਼੍ਰਯੋਂ ਗਏ ਵਾਂਜੇ ਨਹੀਂ ।
ਵਿੱਛੁੜ ਜਾਂ ਜਾਣ ਤੁਹਾਥੋਂ,
ਰਹਿਣ ਜਯੋਂਦੇ ਜਾਗਦੇ ਓ,
ਲੈਂਦੇ ਦੀਦਾਰ ਫਿਰ ਫਿਰ,
ਡਾਲੀਓਂ ਓ ਟੁੱਟੇ ਨਹੀਂ ।੨।

ਡਾਲੀਆਂ ਤੋਂ ਟੁੱਟਿਆਂ ਦੀ,
ਲਾਜ ਪਾਲ ਸੱਜਣਾਂ ਓ,
ਪਿੱਛੇ ਨਾਲੋਂ ਨੇਹੁੰ ਸਾਡਾ
ਸਾਰਾ ਈ ਹੈ ਟੁੱਟ ਗਿਆ ।
ਜ਼ਿੰਦਗੀ ਦੇ ਤਾਗੇ ਨਾਲੋਂ
ਨੇਹੁੰ ਅਸਾਂ ਤੋੜ ਲੀਤਾ,
ਅੱਗਾ ਸਾਡਾ ਸੱਜਣਾਂ ਓ
ਸਾਰਾ ਹੀ ਨਿਖੁੱਟ ਗਿਆ ।
ਅੱਗੋਂ ਪਿੱਛੋਂ ਵਾਂਜਿਆਂ, ਇਕ
ਤੇਰੇ ਜੋਗੇ ਹੋ ਰਿਹਾਂ ਦਾ,
ਤੇਰੇ ਪਯਾਰ ਬਾਝੋਂ ਪਯਾਰ
ਜੱਗ ਦਾ ਹੈ ਹੁੱਟ ਗਿਆ ।
ਵਾਸਤਾ ਈ ਸੱਜਣਾਂ ਓ !
ਅੰਗ ਲਾਈ ਰੱਖ ਸਾਨੂੰ,
ਸਾਡਾ ਆਪਾ ਤੇਰੇ ਉੱਤੋਂ
ਘੋਲ ਘੁੰਮਿਆ ਲੁੱਟ ਗਿਆ ।੩।

4. ਕਰਨੇ ਦੀ ਖੁਸ਼ਬੋ ਤੇ ਕਰਨੇ ਦੀ
ਅਨਖੁਲ੍ਹੀ ਕਲੀ ਦੀ ਬਾਤ ਚੀਤ

ਕਰਨੇ ਦੀ ਖੁਸ਼ਬੂ ਕਰਨੇ ਦੇ ਅਧਖਿੜੇ
ਫੁੱਲ ਨੂੰ ਜੋ ਅਜੇ ਬੰਦ ਕਲੀ ਦੀ ਸ਼ਕਲ
ਵਿਚ ਹੈ ਮਾਨੋਂ ਅੰਦਰੋਂ ਹੀ ਆਖਦੀ ਹੈ :-

ਖੁਸ਼ਬੋ :-

ਜੱਫੀ ਛੇਤੀ ਖੋਲ੍ਹ ਮਾਏ !
ਬੰਨ੍ਹ ਨਾ ਬਹਾਲ ਸਾਨੂੰ,
ਗੋਦੀ ਤੇਰੀ ਹੋਰ ਸਾਥੋਂ
ਬੈਠਾ ਨਹੀਂ ਜਾਂਵਦਾ ।
ਪਾਲਿਆ ਤੇ ਪੋਸਿਆ
ਸਿਆਣਿਆਂ ਤੂੰ ਕੀਤਾ ਠੀਕ,
ਜੁੱਸਾ ਸਾਡਾ ਤੇਰੀਆਂ
ਕਲਾਈਆਂ ਨਹੀਂ ਮਾਂਵਦਾ ।
ਤੜਪ ਇਕ ਜਾਗੀ ਮੈਂ
ਅੰਦਰੇ ਉਛਾਲੇ ਵਾਲੀ,
ਬੈਠਣ ਨਹੀਂਓਂ ਦੇਂਦੀ
ਹੁਣ ਜੀ ਘਬਰਾਂਵਦਾ ।
ਮੋਕਲੇ ਤੇ ਵੱਡੇ ਵੱਡੇ
ਖੁੱਲ੍ਹੇ ਖੁੱਲ੍ਹੇ ਮੰਡਲਾਂ ਦਾ,
ਸੁਹਣਾ ਸੁਹਣਾ ਸੁਪਨਾ, ਹਾਇ !
ਸਾਨੂੰ ਪਿਆ ਆਂਵਦਾ ।੧।

ਕਲੀ ਦਾ ਆਪਣੇ ਅੰਦਰ ਪੈਦਾ
ਹੋਈ ਖੁਸ਼ਬੋ ਨੂੰ ਜੁਵਾਬ :-

ਕਾਹਲੀਏ ਤੇ ਬਾਹਲੀਏ
ਮੁਟਿਆਰ ਹੋਈਏ ਬੱਚੀਏ ਨੀ !
ਬੈਠ ਨੀ ਅਰਾਮ ਨਾਲ
ਗੋਦੀ-ਸੁਖ ਮਾਣ ਲੈ ।
ਮੇਰੀਆਂ ਕਲਾਈਆਂ ਵਿਚ
ਤੇਰੀ ਹੈ ਸਲਾਮਤੀ ਨੀ,
ਗੋਦੀ ਬੈਠ, ਗੋਦੀ ਬੈਠ,
ਗੋਦੀ-ਸੁਖ ਸਯਾਣ ਲੈ ।
ਗੋਦੋਂ ਗਈ, ਗਈ ਗਈ,
ਖਿੰਡ ਖਿੰਡ, ਖਿਲ੍ਰ ਖਿਲ੍ਰ,
ਖਿਲ੍ਰ ਖਿਲ੍ਰ, ਖਿੰਡ ਖਿੰਡ,
ਗੁਆਚ ਜਾਸੇਂ, ਜਾਣ ਲੈ ।
ਖੁੱਲ੍ਹੇ ਖੁੱਲ੍ਹੇ ਮੰਡਲਾਂ ਦੇ
ਸੁਪਨੇ ਜੋ ਆਣ ਤੈਨੂੰ
ਸੁਪਨਾਂ ਕਰ ਲੈਣਗੇ ਓ
ਸਾਚੀ ਏ ਪਛਾਣ ਲੈ ।੨।

ਖੁਸ਼ਬੋ ਦਾ ਕਰਨੇ ਦੀ ਕਲੀ ਨੂੰ
ਅੰਦਰੋਂ ਜੁਵਾਬ :-

ਵਰਜ ਕੇ ਬਹਾਲ ਨਾ
ਤੇ ਮੱਤੀਂ ਦੇ ਦੇ ਹੋੜ ਨਾ,
ਛੱਡ ਸਾਡਾ ਪੱਲਾ, ਨਹੀਂ,
ਨੱਸ ਹੁਣ ਜਾਵਾਂਗੇ ।
ਸੁਪਨੇ ਵਿਚ ਸੁਪਨਾ ਇਕ
ਆਵੇ ਸਾਨੂੰ ਹੋਰ, ਮਾਏ !
ਦਰਸ਼ਨ ਇਕ ਹੁੰਦੇ
ਓਸ ਦਰਸ਼ਨ ਸਮਾਵਾਂਗੇ ।
ਉੱਚਾ ਉੱਚਾ ਖੜਾ ਖੁੱਲ੍ਹਾ
ਆਖਦੇ 'ਦਿਮਾਗ' ਉਹਨੂੰ,
ਖੁੱਲ੍ਹ ਵਾਲੇ ਮੰਡਲੀਂ
ਦੀਦਾਰ ਉਹਦਾ ਪਾਵਾਂਗੇ ।
ਸਾਡੀ ਓ ਉਡੀਕ ਕਰੇ
ਖੜਾ ਦਿੱਸੇ ਮਾਏ ! ਸਾਨੂੰ,
ਪਹੁੰਚ ਉਹਦੇ ਦੇਸ਼
ਉਹਦੇ ਅੰਕ ਵਿਚ ਮਾਵਾਂਗੇ ।੩।

ਆਖਦੀ ਏ ਉੱਚੀ ਉੱਚੀ ,
ਜ਼ੋਰ ਇਕ ਲਾਇ ਪਯਾਰੀ,
ਵੀਣੀ ਮੋੜ ਮਾਉਂ ਵਾਲੀ
ਬਾਹਰ ਉੱਠ ਧਾਈ ਹੈ ।
ਕੂਕ ਕੋਈ ਸੁਣੀ ਨਾਹੀਂ,
ਮਾਉਂ ਗਲ ਗਉਲੀ ਨਾਹੀਂ,
ਵਾਇ ਮੰਡਲ ਖੇਡਦੀ, ਹੁਣ
ਖੁੱਲ੍ਹੇ ਦੇਸ਼ੀਂ ਆਈ ਹੈ ।
ਨੱਚਦੀ ਤੇ ਟੱਪਦੀ ਤੇ,
ਪੁੱਛਦੀ ਹਰ ਕਿਸੇ, ਮਾਨੋਂ,
'ਪ੍ਰੀਤਮ ਦਿਮਾਗ਼' ਵਾਲੀ,
ਦੱਸ ਕਿਸੇ ਪਾਈ ਹੈ ।
ਲਪਟੀ ਦਿਮਾਗ਼ ਤਾਈਂ,
ਲਪਟ ਏ ਸੁਗੰਧਿ ਵਾਲੀ,
ਲਪਟ ਸਮਾਈ, ਫੇਰ,
ਮੁੜਕੇ ਨਾ ਆਈ ਹੈ ।੪।

(ਕਰਨਾ ਨਿੰਬੂ ਜਾਤੀ ਦੇ ਫੁੱਲਾਂ
ਨੂੰ ਕਹਿੰਦੇ ਹਨ)
5. ਕੇਲੋਂ ਦੇ ਗਲ ਲਗੀ ਵੇਲ

ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ
ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ ।
ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ
ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ
ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ,
ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ
ਪੁਕਾਰ ਇਹ ਹੈ :-

ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।
6. ਬਿਨਫਸ਼ਾਂ ਦਾ ਫੁੱਲ

ਬਿਨਫਸ਼ਾਂ ਦੇ ਡਾਢੇ ਖੁਸ਼ਬੂਦਾਰ ਫੁੱਲ ਪਹਾੜਾਂ ਵਿਚ
ਅਸੈ (ਖੁਦਰੌ) ਤੇ ਮੈਦਾਨੀ ਪੰਜਾਬ ਵਿਖੇ ਬਾਗ਼ਾਂ ਵਿਚ
ਲਗਾਏ ਹੋਏ ਸਿਆਲੇ ਵਿਚ ਖਿਲਦੇ ਹਨ, ਪਹਾੜਾਂ ਵਿਚ
ਏਹ ਨਜ਼ਰ ਨ ਖਿਚਣ ਵਾਲੇ ਢੰਗ ਉੱਗਦੇ ਵੱਧਦੇ ਹਨ, ਫਿਰ
ਵੀ ਲੋਕੀਂ ਜਾ ਤੋੜਦੇ ਹਨ, ਇਸਦੇ ਟੁੱਟਣ ਸਮੇਂ ਦੇ ਦਿਲ
ਤਰੰਗ ਇਨ੍ਹਾਂ ਸਤਰਾਂ ਵਿਚ ਅੰਕਿਤ ਹਨ :-

ਮਿਰੀ ਛਿਪੀ ਰਹੇ ਗੁਲਜ਼ਾਰ,
ਮੈਂ ਨੀਵਾਂ ਉੱਗਿਆ;
ਕੁਈ ਲਗੇ ਨ ਨਜ਼ਰ ਟਪਾਰ,
ਮੈਂ ਪਰਬਤ ਲੁੱਕਿਆ,
ਮੈਂ ਲਿਆ ਅਕਾਸ਼ੋਂ ਰੰਗ
ਜੁ ਸ਼ੋਖ਼ ਨ ਵੰਨ ਦਾ;
ਹਾਂ, ਧੁਰੋਂ ਗ਼ਰੀਬੀ ਮੰਗ,
ਮੈਂ ਆਯਾ ਜਗਤ ਤੇ ।
ਮੈਂ ਪੀਆਂ ਅਰਸ਼ ਦੀ ਤ੍ਰੇਲ,
ਪਲਾਂ ਮੈਂ ਕਿਰਨ ਖਾ;
ਮੇਰੀ ਨਾਲ ਚਾਂਦਨੀ ਖੇਲ,
ਰਾਤਿ ਰਲ ਖੇਲੀਏ ।
ਮੈਂ ਮਸਤ ਆਪਣੇ ਹਾਲ,
ਮਗਨ ਗੰਧਿ ਆਪਣੀ;
ਹਾਂ, ਦਿਨ ਨੂੰ ਭੌਰੇ ਨਾਲ
ਬਿ ਮਿਲਨੋਂ ਸੰਗਦਾ ।
ਆ ਸ਼ੋਖ਼ੀ ਕਰਕੇ ਪੌਣ
ਜਦੋਂ ਗਲ ਲੱਗਦੀ,
ਮੈਂ ਨਾਹਿੰ ਹਿਲਾਵਾਂ ਧਉਣ
ਵਾਜ ਨ ਕੱਢਦਾ ।
ਹੋ, ਫਿਰ ਬੀ ਟੁੱਟਾਂ, ਹਾਇ !
ਵਿਛੋੜਨ ਵਾਲਿਓ ।
ਮੇਰੀ ਭਿੰਨੀ ਇਹ ਖ਼ੁਸ਼ਬੋਇ
ਕਿਵੇਂ ਨ ਛਿੱਪਦੀ ।
ਮਿਰੀ ਛਿਪੇ ਰਹਿਣ ਦੀ ਚਾਹਿ,
ਤਿ ਛਿਪ ਟੁਰ ਜਾਣ ਦੀ;
ਹਾ, ਪੂਰੀ ਹੁੰਦੀ ਨਾਂਹਿੰ,
ਮੈਂ ਤਰਲੇ ਲੈ ਰਿਹਾ ।