ਦਿਲ ਹੀ ਤਾਂ ਸੀ/ਤੱਕ ਧਿਨਾਂ ਧਿਨ!ਮੇਰਾ ਵਿਆਹ

ਵਿਕੀਸਰੋਤ ਤੋਂ







ਤੱਕ ਧਿਨਾਂ ਧਿਨ!ਮੇਰਾ ਵਿਆਹ








“ਚੰਨ ਚਾਂਦੀ ਦੇ ਕਟੋਰੇ ਵਾਂਗ, ਜਿਸਦੀ ਚਾਨਣੀ ਪਿਘਲੀ ਹੋਈ ਚਾਂਦੀ ਵਾਂਗ ਵੱਗ ਟੁਰਦੀ ਹੈ, ਓਹਨਾਂ ਪਿਆਰ ਮੱਤੀਆਂ ਲਹਿਰਾਂ ਵੱਲੋਂ ਜੋ ਸਾਗਰ ਦੇ ਥਲਾਂ ਵਰਗੇ ਰੇਤਲੇ ਕੰਢਿਆਂ ਤੇ ਵਿਆਕੁਲ ਹੋ ਨਸਦੀਆਂ ਹਨ, ਕਿੰਨੀਆਂ ਸੁਹਣੀਆਂ ਹਨ ਉਹ ਮਿਲਨੀਆਂ, ਕਿੰਨੀਆਂ ਪਿਆਰੀਆਂ ਹਨ ਉਹ ਮੁਹੱਬਤਾਂ ਜੋ ਪੈਂਡੇ ਪੈਂਦੀਆਂ ਨੇ, ਜੋ ਸਫਰ ਵਿੱਚ ਮਿਲਦੀਆਂ ਨੇ। ਕਿੰਨਾਂ ਉੱਚਾ ਹੈ ਉਹ ਪਿਆਰ! ਜੇਕਰ ਚਾਨਣੀ ਨਾ ਹੋਵੇ ਤਾਂ ਲਹਿਰਾਂ ਵਿਆਕੁਲ ਹੋ ਨਹੀਂ ਨ੍ਹਸਦੀਆਂ ਅਤੇ ਜੇ ਲਹਿਰਾਂ ਨਹੀਂ ਨ੍ਹਸਦੀਆਂ ਤਾਂ ਚਾਨਣੀ ਨਹੀਂ ਹੁੰਦੀ, ਉਹ ਚਾਂਦੀ ਦਾ ਕਟੋਰਾਂ ਚੰਨ ਨਹੀਂ ਹੁੰਦਾ। ਰਜਨੀ, ਮੈਨੂੰ ਵੀ ਪੈਂਡੇ ਪਈਆਂ ਮੁਹੱਬਤਾਂ ਨਾਲ, ਸਫਰ ਦੀਆਂ ਮਿਲਨੀਆਂ ਨਾਲ ਸੁਨੇਹ ਹੈ। ਜਿੱਥੇ ਕੋਈ ਕਿਸੇ ਦੇ ਟਿਕਾਣੇ ਨਹੀਂ ਜਾਂਦਾ, ਕੋਈ ਕਿਸੇ ਨੂੰ ਸਦਦਾ ਨਹੀਂ।" “ਫੇਰ ਕਰ ਦਿੱਤੀਆਂ ਨੇ ਰਾਈਟਰਾਂ ਵਾਲੀਆਂ ਗੱਲਾਂ ਸ਼ੁਰੂ" ਏਹ ਕਹਿਣ ਪਿਛੋਂ ਰਜਨੀ ਦੇ ਜਿਵੇਂ ਗੂੰਦ ਨਾਲ ਬੁਲ੍ਹ ਜੁੜ ਗਏ ਹੋਣ। ਲਾਗੇ ਮੇਜ਼ ਤੇ ਪਏ ਪਾਣੀ ਦੇ ਗਲਾਸ ਨੂੰ ਚੁਕ ਕੇ ਆਪਣੇ ਮੂੰਹ ਨਾਲ ਲਾਇਆ ਅਤੇ ਕਿੰਨਾਂ ਚਿਰ ਬਿਨਾਂ ਪਾਣੀ ਦਾ ਕੋਈ ਘੁਟ ਭਰਿਆਂ ਗਲਾਸ ਮੂੰਹ ਨਾਲ ਲਾਈ ਰੱਖਿਆ, ਜਿਵੇਂ ਉਸ ਗੂੰਦ ਨੂੰ ਬੁਲ੍ਹਾਂ ਨਾਲੋਂ ਲਾਹ ਰਹੀ ਹੋਵੇ ਫੇਰ ਅੱਖਾਂ ਮੀਟ ਕੇ ਕਹਿਣ ਲਗੀ,“ਸੁਤੀਸ਼ ਮੈਂ ਵੀ ਤੱਕਿਆ ਹੈ ਉਸ ਚਾਂਦੀ ਦੇ ਕਟੋਰੇ ਚੰਨ ਨੂੰ, ਉਸ ਵਿਚੋਂ ਚਾਂਦੀ ਬਣ ਵੱਗ ਟੁਰਦੀ ਚਾਨਣੀ ਨੂੰ। ਯਾਦ ਹਨ ਮੈਨੂੰ ਵੀ ਉਹ ਰੇਤਲੇ ਕੰਢਿਆਂ ਤੇ ਵਿਆਕੁਲ ਹੋ ਨ੍ਹਸਦੀਆਂ ਲਹਿਰਾਂ ਤੇ ਉਨ੍ਹਾਂ ਦਾ ਰੱਸਤੇ ਵਿਚਲਾ ਮੇਲ ਵੀ, ਮੈਨੂੰ ਵੀ ਪੈਂਡੇ ਪਈਆਂ ਮੁਹੱਬਤਾਂ ਪਿਆਰੀਆਂ ਨੇ ਪਰ ਮੈਂ ਕੁੜੀ ਹਾਂ ਸੁਤੀਸ਼, ਮੈਂ ਕੁੜੀ ਹਾਂ" ਇਨ੍ਹਾਂ ਆਖ਼ਰੀ ਲਫ਼ਜ਼ਾਂ ਨੂੰ ਦੁਹਰਾਂਦਿਆਂ ਹੋਇਆਂ ਉਸ ਆਪਣੀਆਂ ਅਖਾਂ ਖੋਲ੍ਹ ਲਈਆਂ ਅਤੇ ਇੱਕ ਵੇਰ ਫੇਰ ਸੁਤੀਸ਼ ਵੱਲਾਂ ਝੁੱਕ ਕੇ, ਘਰੋੜਕੇ ਬੋਲੀ, “ਮੈਂ ਕੁੜੀ ਹਾਂ ਸੁਤੀਸ਼" ਜਿਵੇਂ ਸੁਤੀਸ਼ ਕੁੜੀ ਸ਼ਬਦ ਤੋਂ ਅਣਜਾਣੂ ਹੋਵੇ ਅਤੇ ਜਿਵੇਂ ਰੱਜਨੀ ਸੁਤੀਸ਼ ਨੂੰ ਕੁੜੀ ਸ਼ਬਦ ਦੇ ਮਹਿਨੇ ਸਮਝਾ ਰਹੀ ਹੋਵੇ। ਉਹ ਮਹਿਨੇ ਜੋ ਉਹ ਆਪ ਸਮਝਦੀ ਹੈ। ਬੱਸ ਏਹੋ ਈ ਕਿ ਕੁੜੀ ਯਾਨੀ ਕੈਦਣੀ, ਜਾਂ ਗੁਲਾਮ, ਇੱਕ ਜ਼ਰ ਖਰੀਦ ਗੁਲਾਮ, ਨਹੀਂ, ਇੱਕ ਜੱਦੀ ਪੁਸ਼ਤੀ ਗੁਲਾਮ, ਜਿਸਨੂੰ ਉਸਦਾ ਬਾਪ ਵੇਚ ਸੱਕਦਾ ਹੈ, ਦਾਨ ਵਿੱਚ ਦੇ ਸੱਕਦਾ ਹੈ, ਆਪਣੇ ਤੇ ਹੋਏ ਕਿਸੇ ਦੇ ਅਹਿਸਾਨਾ ਦਾ ਬਦਲਾ ਚੁਕਾ ਸੱਕਦਾ ਹੈ। ਜਿਵੇਂ ਅੱਜ ਤੋਂ ਕੁਝ ਸਾਲ ਪਹਿਲੋਂ ਇੱਕ ਤੂੜੀ ਦੀ ਪੰਡ ਉਧਾਰੀ ਲਈ ਸੀ, ਉਹ ਮੋੜ ਦਿੱਤੀ। ਕੁੜੀ ਜੋ ਇੱਕ ਤੂੜੀ ਦੀ ਪੰਡ ਹੈ, ਬਰਾਬਰ ਹੈ ਇੱਕ ਕਪਾਹ ਦੀ ਫੁੱਟੀ ਦੇ, ਇਕ ਕਪਾਹ ਦੇ ਖੇਤ ਦੇ, ਬਰਾਬਰ ਹੈ ਇੱਕ ਗੁੜ ਦੀ ਰੋੜੀ ਦੇ ਇੱਕ ਗੰਨੇ ਦੀ ਮਿੱਲ ਦੇ, ਬਰਾਬਰ ਹੈ ਇੱਕ ਘੁੱਟ ਪਾਣੀ ਦੇ, ਇੱਕ ਪਾਣੀ ਦੇ ਠੰਡੇ ਚਸ਼ਮੇ ਦੇ, ਬਰਾਬਰ ਹੈ ਇਕ ਮਿੱਟੀ ਦੀ ਮੁਠ ਦੇ, ਇੱਕ ਘੁਮਾਂ ਜ਼ਮੀਨ ਦੇ। ਕੁੜੀ ਜੋ ਮਿੱਟੀ ਦੀ ਮੁੱਠ ਹੈ ਜੋ ਪਾਣੀ ਦਾ ਘੁਟ ਹੈ, ਜੋ ਗੰਨੇ ਦੀ ਪੋਰੀ ਹੈ, ਜੋ ਕਪਾਹ ਦੀ ਫੁੱਟੀ ਹੈ, ਜੋ ਤੂੜੀ ਦੀ ਪੰਡ ਹੈ ਅਤੇ ਜੋ ਗੁਲਾਮ ਹੈ। ਪਰ ਜੇ ਕੁੜੀ ਗੁਲਾਮ ਹੈ ਤੇ ਕੁੜੀ ਮਾਂ ਕਿਉਂ ਹੈ? ਜੇ ਮਾਂ ਗੁਲਾਮ ਹੈ ਤਾਂ ਉਹ ਅਜ਼ਾਦ ਪੁੱਤ ਨੂੰ ਕਿਉਂ ਜਨਮ ਦਿੰਦੀ ਹੈ? ਜੇ ਮਾਂ ਗੁਲਾਮ ਹੈ ਤਾਂ ਮੇਰਾ ਦੇਸ਼ ਮਾਂ ਕਿਉਂ ਹੈ? ਜੇ ਮਾਂ ਗੁਲਾਮ ਹੈ ਤੇ ਮੇਰਾ ਦੇਸ਼ ਗੁਲਾਮ ਹੈ। ਦੇਸ਼ ਗੁਲਾਮ ਹੈ ਤੇ ਕੁੜੀ ਗੁਲਾਮ ਹੈ, ਏਸੇ ਲਈ ਰੱਜਨੀ ਗੁਲਾਮ ਹੈ ਤੇ ਰਜਨੀ ਸਤੀਸ਼ ਦੇ ਚਲੇ ਜਾਣ ਪਿਛੋਂ ਵੀ ਅਜੇ ਤੱਕ ਚੁਪ ਹੈ। ਸਿਰਫ ਦੋ ਹੰਝੂ ਹਨ ਉਸਦੀਆਂ ਅਖਾਂ ਵਿਚ ਅਤੇ ਜੇਕਰ ਏਨ੍ਹਾਂ ਹੰਝੂਆਂ ਦਾ ਵੱਸ ਜਾਂਦਾ ਤਾਂ ਏਹ ਸੁਤੀਸ਼ ਨੂੰ ਅਗੋਂ ਹੋਕੇ ਮੋੜ ਲੈਂਦੇ, ਦਰਵਾਜ਼ਾ ਬੰਦ ਕਰ ਦੇਂਦੇ, ਕੁੰਡਾ ਮਾਰ ਲੈਂਦੇ ਪਰ ਸੁਤੀਸ਼ ਨੂੰ ਇੱਕ ਵਾਰ ਜ਼ਰੂਰ ਮੋੜ ਲੈਂਦੇ। ਪਰ ਏਹ ਹੰਝੂ ਨਿਮਾਣੇ ਆਪ ਡਿਗਣਾ ਜਾਣਦੇ ਨੇ ਕਿਸੇ ਡਿੱਗੇ ਨੂੰ ਚੁੱਕਣਾ ਏਨਾਂ ਦੇ ਵੱਸ ਦਾ ਰੋਗ ਨਹੀਂ।

ਸੁਤੀਸ਼ ਸੜਕ ਤੇ ਚੁਪ ਦੀ ਝੁੰਬ ਮਾਰੀ ਤੁਰਦਾ ਜਾ ਰਿਹਾ ਸੀ। ਉਹ ਸੋਚ ਰਿਹਾ ਸੀ, ਕੋਈ ਹੱਲ ਲੱਭ ਰਿਹਾ ਸੀ, ਕਿਉਂਕਿ ਮੁਹੱਬਤ ਹੱਲ ਲੱਭਦੀ ਹੈ। ਕਈ ਹੱਲ ਉਸਦੇ ਅੰਦਰ ਜਨਮ ਲੈਂਦੇ, ਜਵਾਨ ਹੁੰਦੇ, ਬੁਢੇ ਹੁੰਦੇ ਤੇ ਫੇਰ ਮਰ ਜਾਂਦੇ, ਪਰ ਏਹ ਸੱਭ ਕੁੱਝ ਏਨੀ ਛੇਤੀ ਹੋ ਜਾਂਦਾ ਜਿੰਨੀ ਛੇਤੀ ਹਉਕੇ ਦਾ ਇੱਕ ਸਾਹ ਅੰਦਰ ਜਾਂਦਾ ਤੇ ਦੂਜਾ ਬਾਹਰ ਆ ਜਾਂਦਾ। ਉਸ ਇਕ ਹਉਕਾ ਭਰਿਆ। ਹਉਕਾ, ਇੱਕ ਸਾਹ ਅੰਦਰ ਤੇ ਇੱਕ ਸਾਹ ਬਾਹਰ। ਜਿਵੇਂ ਉਹ ਪਹਿਲੇ ਸਾਹ ਨਾਲ ਸਾਰੀ ਦੁਨੀਆਂ ਦੇ ਗ਼ੰੰਮ ਸਮੇਟ ਕੇ ਅੰਦਰ ਲੈ ਗਿਆ ਹੋਵੇ ਅਤੇ ਦੂਜੇ ਨਾਲ ਉਸ ਸਾਰੀਆਂ ਖੁਸ਼ੀਆਂ ਬਾਹਰ ਫਿਜ਼ਾ ਵਿਚ ਅਜ਼ਾਦ ਕਰ ਦਿੱਤੀਆਂ ਹੋਣ। ਕਿਉਂਕਿ ਉਹ ਕਿਸੇ ਖੁਸ਼ੀ ਨੂੰ ਆਪਣੇ ਅੰਦਰ ਕੈਦ ਨਹੀਂ ਕਰਨਾ ਚਾਹੁੰਦਾ, ਗੁਲਾਮ ਨਹੀਂ ਰੱਖਣਾ ਚਾਹੁੰਦਾ। ਉਸਨੂੰ ਗੁਲਾਮੀ ਤੋਂ ਨਫਰਤ ਹੈ, ਚਿੜ ਹੈ। ਏਨੇ ਨੂੰ ਉਸ ਮਹਿਸੂਸ ਕੀਤਾ ਕਿ ਉਸਨੂੰ ਕਿਸੇ ਮੁਖ਼ਾਤਿਬ ਕੀਤਾ ਹੈ। ਕਿਸੇ ਉਸਨੂੰ ਰੁੱਖੀ ਜਿਹੀ ਅਵਾਜ਼ ਵਿਚ ਕਿਹਾ ਹੈ "ਮਿਸਟਰ ਸੁਤੀਸ਼"।

ਸਾਹਮਣੇ ਖਲੋਤੇ ਆਦਮੀ ਦਾ ਇਕ ਹੱਥ ਪੈਂਟ ਦੀ ਜੇਬ ਵਿਚ ਸੀ, ਦੂਜੇ ਹੱਥ ਵਿੱਚ ਕੋਈ ਡੇਢ ਕੁ ਫੁੱਟ ਦਾ ਜੈਂਟਰਮੈਨੀ ਡੰਡਾ ਸੀ। ਫੇਰ ਉਹ ਵਜੂਦ ਤੋਂ ਵਧੇਰੇ ਚੌੜਾ ਹੋਕੇ, ਥੋੜਾ ਜਿੰਨਾਂ ਆਪਣੀ ਟਾਈ ਨੂੰ ਠੀਕ ਕਰਕੇ, ਜ਼ਰਾ ਕੁ ਮੁੱਛਾਂ ਨੂੰ ਸਵਾਰ ਕੇ, ਜ਼ਰਾ ਕੁ ਟੋਪੀ ਨੂੰ ਝੁਕਾ ਕੇ, ਜ਼ਰਾ ਕੁ ਕੰਨ ਖੜੇ ਕਰਕੇ ਤੇ ਆਪਣੀ ਅਵਾਜ਼ ਨੂੰ ਮੋਟੀ ਕਰਕੇ ਬੋਲਿਆ, "ਮਿਸਟਰ ਸੁਤੀਸ਼"।

ਅਵਾਜ਼ ਏਨੀ ਮੋਟੀ ਅਤੇ ਮਸਨੂਹੀ ਸੀ, ਕਿ ਲੱਗਦਾ ਸੀ ਜਿਵੇਂ ਏਹ ਆਦਮੀ ਦੀ ਅਵਾਜ਼ ਹੀ ਨਾ ਹੋਵੇ। ਜੇਕਰ ਸੁਤੀਸ਼ ਇਹ ਨਾਂ ਜਾਣਦਾ ਹੁੰਦਾ ਕਿ ਉਹ ਰਜਨੀ ਦਾ ਬਾਪ ਹੈ ਤਾਂ ਖਬਰੇ ਉਸ ਨੂੰ ਵੀ ਭੁਲੇਖਾ ਪੈ ਜਾਂਦਾ।

"ਮੈਂ ਤੈਨੂੰ ਲੋੜ ਤੋਂ ਵਧੇਰੇ ਵਾਰ ਕਹਿ ਚੁੱਕਾ ਹਾਂ ਕਿ ਹੁਣ ਤੂੰ ਰੱਜਨੀ ਨੂੰ ਮਿਲਣਾ ਛੱਡ ਦੇ ਕਿਉਂਕਿ ਉਸਦੀ ਮੰਗਣੀ ਅੱਜ ਤੋਂ ਦੋ ਦਿਨ ਬਾਦ ਸੇਠ ਸੋਨਾ ਪਰਸ਼ਾਦ ਦੇ ਲੜਕੇ ਸ੍ਰੀ ਚਾਂਦੀ ਪਰਸ਼ਾਦ ਨਾਲ ਹੋ ਰਹੀ ਹੈ।" ਏਹ ਕਹਿ ਕੇ ਉਸ ਡੰਡੇ ਨਾਲ ਸੱਜੇ ਪੈਰ ਦੇ ਬੂਟ ਨੂੰ ਠੋਰਿਆ ਫੇਰ ਕਹਿਣ ਲੱਗਾ, ਪਰ ਇੱਸ ਵੇਰ ਉਸਦੀ ਅਵਾਜ਼ ਜ਼ਰਾ ਘੱਟ ਮੋਟੀ ਸੀ, ਅਤੇ ਅੱਗੇ ਨਾਲੋਂ ਜ਼ਰਾ ਬਰੀਕ ਸੀ, “ਮੈਂ ਜਾਣਦਾ ਹਾਂ ਕਿ ਤੁਹਾਡਾ ਅਪ ਵਿਚ ਭੈਣਾ ਭਰਾਵਾਂ

ਵਾਲਾ ਪਿਆਰ ਹੈ, ਪਰ ਫੇਰ ਵੀ ਤੇਰਾ ਮਿਲਨਾ ਰਜਨੀ ਦੀ ਜ਼ਿੰਦਗੀ ਤੇ ਬੁਰਾ ਅਸਰ ਪਾ ਸੱਕਦਾ ਹੈ। ਕੀ ਤੂੰ ਆਪਣੀ ਭੈਣ ਦਾ ਘਰ ਬਰਬਾਦ ਹੁੰਦਾ ਵੇਖ ਸੱਕੇਂਗਾ?" ਉਸ ਆਪਣੇ ਹੱਥ ਨਾਲ ਸੁਤੀਸ਼ ਦੇ ਮੋਢੇ ਨੂੰ ਥੋੜਾ ਜਿਨਾਂ ਝੰਜੋੜਿਆ ਤੇ ਏਹ ਕਹਿ ਕੇ ਅੱਗੇ ਚਲਾ ਗਿਆ। ਉਹ ਘਰ ਵੀ ਜਾ ਚੁੱਕਾ ਸੀ, ਪਰ ਸੁਤੀਸ਼ ਅਜੇ ਤੱਕ ਉਨ੍ਹਾਂ ਹੀ ਪੈਰਾ ਤੇ ਖਲੋਤਾ ਸੀ ਬਿਲਕੁਲ ਬੇਹਰਕਤ ਕਿਸੇ ਬੁੱੱਤ ਵਾਂਗ। ਮਹਾਤਮਾਂ ਗਾਂਧੀ ਦੇ ਬੁੱਤ ਵਾਂਗ ਨਹੀਂ, ਜਿਸ ਕੋਲ ਉਹ ਹੁਣ ਖਲੋਤਾ ਹੋਇਆ ਸੀ। ਪਰ ਨਾਕਾਮ ਮੁਹੱਬਤ ਦੇ ਬੁੱਤ ਵਾਂਗ, ਜੋ ਬੜਾ ਹੀ ਸੋਹਣਾ ਹੋਵੇ। ਕਿਸੇ ਬੇਮਿਸਾਲ ਕਾਰੀਗਰੀ ਦਾ ਨਮੂਨਾ, ਜਿੱਸਦੀ ਨਾੜ ਨਾੜ ਵਖਰੀ ਕਰ ਵਖਾਈ ਹੋਵੇ। ਨਾੜ ਨਾੜ ਵਿੱਚ ਅਥਰੂ ਅਟਕਾਈ ਖਲੋਤਾ ਬੁੱਤ, ਜਿਵੇਂ ਅਥਰੂਆਂ ਦੀਆਂ ਲੜੀਆਂ, ਲੜੀਆਂ ਜਿਵੇਂ ਉਸਦੇ ਗੱਲ ਦੀਆਂ ਗਾਨੀਆਂ ਹੋਣ।

ਪਰ ਏਹ 'ਬੁੱਤ' ਬੀ.ਏ. ਪਾਸ ਹੈ, ਟਾਈਪ ਜਾਣਦਾ ਹੈ, ਦਫਤਰ ਵਿੱਚ ਕਲਰਕ ਹੈ, ਜਿੱਸਦੀਆਂ ਉਂਗਲਾਂ ਸਾਰਾ ਦਿਨ ਟਾਈਪ ਦੀ ਮਸ਼ੀਨ ਤੇ ਨਚਦੀਆਂ ਰਹਿੰਦੀਆਂ ਹਨ, ਅੱਖਾਂ ਉਸ ਚੀਚੋ ਚੀਚ ਘਚੋਲੀਆਂ ਖੇਡੇ ਹੋਏ ਕਾਗਜ਼ ਤੇ, ਜਿਸ ਨੂੰ ਅੰਗਰੇਜ਼ੀ ਵਿੱਚ ਸ਼ਾਟ ਹੈਂਡ ਆਖਦੇ ਨੇ। ਅਤੇ ਦਿਮਾਗ (ਸਪੈਲਿੰਗ) ਹਿੱਜੇ ਕਰਦਾ ਹੈ। ਕਿਸੇ ਦੀ ਬਦਲੀ ਦੇ ਹਿੱਜੇ, ਕਿਸੇ ਦੀ ਇਨਕਰੀਮੈਂਟ (ਤਰੱਕੀ) ਬੰਦ ਦੇ ਹਿੱਸੇ, ਕਿਸੇ ਦੀਆਂ ਸਰਵਿਸਿਜ਼ ਟਰਮੀਨੇਟ ਦੇ ਹਿੱਜੇ। ਪਰ ਏਹ ਹਿੱਜੇ ਉਸ ਲਈ ਮੁਸ਼ਕਿਲ ਨਹੀਂ ਕਿਉਂਕਿ ਏਹ ਹਿੱਜੇ ਉਹ ਰੋਜ਼ ਕਰਦਾ ਹੈ। ਹਾਂ, ਮੁਸ਼ਕਲ ਹਨ ਉਸ ਲਈ ਸੇਠ ਸੋਨਾ ਪਰਸ਼ਾਦ ਦੇ ਹਿੱਸੇ, ਸ਼ਿਰੀ ਚਾਂਦੀ ਪਰਸ਼ਾਦ ਦੇ ਹਿੱਜੇ, ਨਫਰਤ ਦੇ ਹਿੱਜੇ, ਕੀਨੇ ਦੇ ਹਿੱਜੇ, ਧੋਖੇ ਦੇ ਹਿੱਜੇ, ਫਰੇਬ

ਦੋ ਹਿੱਜੇ। ਕਿਉਂਕਿ ਉਸਨੇ ਇਹ ਕਦੀ ਲਿਖੇ ਨਹੀਂ, ਕਦੀ ਸੋਚੇ ਨਹੀਂ। ਉਹ ਤੇ ਸੋਚਦਾ ਹੈ, ਲਿਖਦਾ ਹੈ ਸੁਤੀਸ਼ ਦੇ ਹਿੱਜੇ, ਰੱਜਨੀ ਦੇ ਹਿੱਜੇ, ਮੁਹੱਬਤ ਦੇ, ਪਿਆਰ ਦੇ, ਸਦਕੇ ਜਾਣ ਦੇ ਹਿੱਜੇ, ਕਿਉਂਕਿ ਉਹ ਮੁਹੱਬਤ ਕਰਦਾ ਹੈ, ਸੱਚੀ ਮੁਹੱਬਤ। ਮੁਹੱਬਤ ਤਾਂ ਹੁੰਦੀ ਹੀ ਸੱਚੀ ਹੈ। ਜੇ ਸੱਚੀ ਨਹੀਂ ਤਾਂ ਮੁਹੱਬਤ ਨਹੀਂ, ਉਹ ਵਪਾਰ ਹੈ, ਬਿਜ਼ਨਿਸ ਹੈ। ਏਸੇ ਲਈ ਰਜਨੀ ਮੁਹੱਬਤ ਹੈ, ਸੁਤੀਸ਼ ਮੁਹੱਬਤ ਹੈ, ਸੋਨਾ ਪਰਸ਼ਾਦ ਵਪਾਰ ਹੈ, ਚਾਂਦੀ ਪਰਸ਼ਾਦ ਬਿਜ਼ਨਸ ਹੈ।

ਅਗਲੇ ਦਿਨ ਸੁਤੀਸ਼ ਘਰੋਂ ਨਿਕਲ ਕੇ ਗਲੀ ਵਿੱਚ ਤੁਰਦਾ ਜਾ ਰਿਹਾ ਸੀ। ਲੋਕਾਂ ਨੇ ਵੇਖਿਆ, ਉਹ ਬੜਾ ਕਾਲਾ, ਬੜਾ ਹੀ ਬਦਸ਼ਕਲ, ਬੜਾ ਕੁੱਬਾ, ਬੜਾ ਹੀ ਬੁੱਢਾ ਹੋ ਚੁਕਾ ਸੀ।

ਅੱਜ ਰੱਜਨੀ ਦੀ ਮੰਗਣੀ ਸੀ, ਹਵੇਲੀ ਵਿੱਚ ਬੜੀਆਂ ਰੌਣਕਾਂ ਸਨ। ਅੰਦਰ ਰਜਨੀ ਦੀ ਮੰਗਣੀ ਹੋ ਰਹੀ ਸੀ। ਬਾਹਰ ਵਾਜੇ ਵਾਲੇ ਵਾਜਾ ਵਜਾ ਰਹੇ ਸਨ। ਸੁਤੀਸ਼ ਵਾਜੇ ਵਾਲਿਆਂ ਦੇ ਨਾਲ ਤਾਲ ਮਿਲਾਕੇ ਨੱਚ ਰਿਹਾ ਸੀ। ਅਤੇ ਆਪਣੇ ਨਾਹਰੇ ਲਾ ਰਿਹਾ ਸੀ। ਨੰਗੇ ਨਾਹਰੇ, ਕਿਉਂਕਿ ਉਹ ਨੰਗਾ ਸੀ, ਪੈਰਾਂ ਤੋਂ ਨੰਗਾ, ਸਿਰੋਂ ਨੰਗਾ, ਗਲੋਂ ਨੰਗਾ, ਉਹ ਅਲਫ ਨੰਗਾ ਸੀ। ਤੇ ਉਹ ਕਹਿ ਰਿਹਾ ਸੀ——

"ਤੱਕ ਧਿੰਨਾ ਧਿੰਨ!ਮੇਰਾ ਵਿਆਹ.....ਤੱਕ ਧਿੰਨਾ ਧਿੰਨ! ਮੇਰਾ ਵਿਆਹ....।"