ਨਵਾਂ ਜਹਾਨ/ਜਮਦੂਤ ਨੂੰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਜਮਦੂਤ ਨੂੰ.

ਜਮਦੂਤ! ਮੇਰੇ ਤੇ ਹਾਲੀ ਰੋਅਬ ਜਮਾ ਨਾ,

ਵਾਰੰਟ ਮੌਤ ਦੇ ਘੜੀ ਮੁੜੀ ਦਿਖਲਾ ਨਾ।


ਰਬ ਦਾ ਸਵਾਲ ਤਾਂ ਬੜਾ ਦੁਰੇਡਾ ਜਾਪੇ,

ਡੁਬਦਾ ਤਰਦਾ, ਲਗ ਜਾਂ ਗਾ ਕੰਢੇ ਆਪੇ।


ਪਰ ਹਾਲੀ ਤੇ ਏਸੇ ਜਹਾਨ ਵਿਚ ਮੇਰਾ,

ਸੁਰਖੁਰੂ ਹੋਣ ਦਾ ਕੰਮ ਪਿਆ ਬਹੁਤੇਰਾ।


ਖਾਬਾਂ ਦੀ ਦੁਨੀਆਂ ਵਸ ਨਹੀਂ ਸੱਕੀ ਹਾਲੀ,

ਕਈ ਨੁਕਰਾਂ ਅੰਦਰੋਂ ਜਾਪਣ ਖਾਲੀ ਖਾਲੀ।


ਬੱਦਲ ਜਿਹੇ ਵਾਂਗ, ਖੜੀ ਵਿਚਕਾਰ ਨਿਰਾਸ਼ਾ,

ਦਿਸਦਾ ਨਹੀਂ ਮੈਨੂੰ ਸਾਫ਼ ਪਾਰਲਾ ਪਾਸਾ।


ਮੈਂ ਸਚਮੁਚ ਦਾ ਇਨਸਾਨ ਕਹਾ ਨਹੀਂ ਸਕਿਆ,

ਖਿਲਰੇ ਹੋਏ ਤੀਲੇ ਜੋੜ ਬਣਾ ਨਹੀਂ ਸਕਿਆ।


ਉਚਿਆਂ ਚੜ੍ਹ ਕੇ, ਕੋਈ ਪਯਾਰ ਝਾਤ ਨਹੀਂ ਪਾਈ,

ਨਾ ਭਾਰਤ ਮਾਤਾ ਦੀ ਕੁਝ ਬਣਤ ਬਣਾਈ।


ਅੰਧੇਰੇ ਵਿਚ ਨਹੀਂ ਕੀਤਾ ਕੋਈ ਉਜਾਲਾ,
ਸੀਤਲ ਨਹੀਂ ਕੀਤਾ ਅਪਣਾ ਆਲ ਦੁਆਲਾ।

ਨਾ ਅਪਣੀ ਜੂਨ ਸੁਆਰੀ, ਤੇ ਨ ਕਿਸੇ ਦੀ,

ਬਹਿ ਕੇ ਟੋਹੀ ਨਹੀਂ ਨਾੜ ਕਿਸੇ ਹਿਰਦੇ ਦੀ।


ਅੰਦਰ ਮੇਰੇ ਤੰਦੂਰ ਜਿਹਾ ਤਪਦਾ ਹੈ,

ਪਰ ਬੇਬਸ ਪਾਸੋਂ ਹੋ ਕੁਝ ਨਹੀਂ ਸਕਦਾ ਹੈ।


ਜਿਉਂ ਜਿਉਂ ਹੁੰਦੀ ਹੈ ਦੇਰ, ਗਰਕਦਾ ਜਾਵਾਂ,

ਮੈਂ ਸ਼ਰਮ ਮਾਰਿਆ ਧੌਣ ਨ ਉਤਾਂਹ ਉਠਾਵਾਂ।


ਪਰ ਆਸ਼ਾ ਮੇਰੀ ਤਾਰ ਵਧਾਈ ਜਾਵੇ,

ਝਾੜੇ ਝੰਬੇ ਹੋਏ ਖੰਭ ਉਗਾਈ ਜਾਵੇ।


ਹਰ ਘੜੀ ਨਵਾਂ ਇਤਿਹਾਸ ਬਣਾ ਸਕਦੀ ਹੈ,

ਹਰ ਹੋਣੀ ਸਜਰਾ ਦੌਰ ਲਿਆ ਸਕਦੀ ਹੈ।


ਮੈਂ ਮੁਠ ਵਿਚ ਮੌਤ ਹਯਾਤ ਸਾਂਭ ਕੇ ਰਖੀਆਂ,
ਆਜ਼ਾਦੀ ਦਾ ਦਿਨ ਦੇਖ ਲੈਣ ਏਹ ਅਖੀਆਂ।

————————