ਨਵਾਂ ਜਹਾਨ/ਪੰਛੀ-ਉਡਾਰੀ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਪੰਛੀ-ਉਡਾਰੀ.

ਪੰਛੀ! ਜ਼ਰਾ ਭਰ ਕੇ ਮਾਰ ਉਡਾਰੀ।

੧.ਪਿੰਜਰੇ ਦਾ ਮੋਹ ਤੋੜ ਚੁਕਾ ਹੈਂ,
ਨੀਵੀਂ ਧਰਤੀ ਛੋੜ ਚੁਕਾ ਹੈਂ,
ਉਡਦਾ ਉਡਦਾ ਅਰਸ਼ੇ ਚੜ੍ਹ ਜਾ,
(ਜਿਥੋਂ) ਦਿਸ ਪਏ ਦੁਨੀਆਂ ਸਾਰੀ।
ਪੰਛੀ! ਜ਼ਰਾ ਭਰ ਕੇ ਮਾਰ ਉਡਾਰੀ।
੨.ਫੁਲਦੀ ਜਾਵੇ ਛਾਤੀ ਤੇਰੀ,
ਨਿਗਹ ਬਣਾ ਲੈ ਹੋਰ ਚੁੜੇਰੀ,
ਜਿਸ ਸੂਰਤ ਵਿਚ ਝਾਤੀ ਪਾਵੇਂ,
ਜਿੰਦੋਂ ਲਗੇ ਪਿਆਰੀ।
ਪੰਛੀ! ਜ਼ਰਾ ਭਰ ਕੇ ਮਾਰ ਉਡਾਰੀ।
੩.ਮੇਰ ਤੇਰ ਦੀਆਂ ਕੰਧਾਂ ਢਾ ਦੇ,
ਸਭ ਥਾਂ ਪਿਆਰ-ਪਨੀਰੀ ਲਾ ਦੇ,
ਹਸਮੁਖ, ਨਿਰਮਲ, ਸੀਤਲ ਜਿੰਦੜੀ,
ਦੁਖੀਆਂ ਦੀ ਦਿਲਦਾਰੀ।
ਪੰਛੀ! ਜ਼ਰਾ ਭਰ ਕੇ ਮਾਰ ਉਡਾਰੀ।
੪.ਖੰਭ ਖੁਲ੍ਹੇ, ਅਖੀਆਂ ਵਿਚ ਲਾਲੀ,
ਵੰਡਦਾ ਚੱਲ ਖੁਸ਼ੀ, ਖੁਸ਼ਹਾਲੀ,
ਸੁਣ ਸੁਣ ਤੇਰੇ ਗੀਤ ਰਸੀਲੇ,
ਛਿੜ ਪਏ ਪ੍ਰੇਮ-ਉਸਾਰੀ।
ਪੰਛੀ! ਜ਼ਰਾ ਭਰ ਕੇ ਮਾਰ ਉਡਾਰੀ।