ਨਵਾਂ ਜਹਾਨ/ਲਾ ਮਕਾਨ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਲਾ ਮਕਾਨ.

ਸਾਰਾ ਤੇਰਾ ਕਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਐਨਾ ਖਿਲਰ ਖਿਲਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਸੂਰਜ, ਚੰਦ, ਸਤਾਰੇ, ਧਰਤੀ,
ਸਭ ਨੂੰ ਕੋਈ ਸਹਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪਰਬਤ, ਨਦੀਆਂ, ਸਬਜ਼ਾ, ਮਹਿਕਾਂ,
ਸੁਹਜਾਂ ਦਾ ਭੰਡਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਮਹਿਫਲ, ਸਾਕੀ, ਮੈ ਤੇ ਮਸਤੀ,
ਰੌਣਕ ਬੋਲ ਬੁਲਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪੰਧ, ਮੁਸਾਫਿਰ, ਨਦੀ, ਕਿਨਾਰਾ,
ਪਾਰ ਲਗਣ ਦਾ ਚਾਰਾ ਤੇ ਹੈ,
ਤੂੰ ਨਹੀਂ ਦਿਸਦਾ।
ਪਿਆਰ, ਉਡੀਕ, ਕਸ਼ਸ਼ ਤੇ ਲਾਰਾ,
ਲੁਕਵਾਂ ਜਿਹਾ ਇਸ਼ਾਰਾ ਤੇ ਹੈ,
ਤੂੰ ਨਹੀਂ ਦਿਸਦਾ।