ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/'ਮੌਤ ਅਲੀ ਬਾਬੇ ਦੀ' ਅਤੇ ਸਮਕਾਲੀ ਯਥਾਰਥ (ਸੰਖੇਪ ਟਿੱਪਣੀ)
'ਮੌਤ ਅਲੀ ਬਾਬੇ ਦੀ' ਅਤੇ ਸਮਕਾਲੀ ਯਥਾਰਬ
(ਸੰਖੇਪ ਟਿੱਪਣੀ)
ਅਜੀਤ ਕੌਰ ਦੀਆਂ ਕਹਾਣੀਆਂ ਦੀ ਪੁਸਤਕ ""ਮੌਤ ਅਲੀ ਬਾਬੇ ਦੀ"" ਦਾ ਰੀਵਿਊ ਉਸ ਘਸੇ-ਪਿਟੇ ਫ਼ਿਕਰੇ ਨਾਲ ਸ਼ੁਰੂ ਕਰਨ ਦੀ ਮਜਬੂਰੀ ਹੈ, ਜਿਹੜਾ ਹਰ ਨਵਾਂ ਬਣਿਆਂ ਆਲੋਚਕ (ਅਤੇ ਅਕਸਰ ਪੁਰਾਣਾ ਵੀ!) ਹਰ ਨਵੀਂ ਪੁਸਤਕ ਦਾ ਰੀਵੀਊ ਕਰਨ ਲਗਿਆਂ ਵਰਤਣਾ ਆਪਣਾ ਪਵਿੱਤਰ ਫ਼ਰਜ਼ ਸਮਝਦਾ ਹੈ - ਕਿ "ਇਹ ਪੁਸਤਕ ਆਪਣੇ ਸਾਹਿਤਰੂਪ ਵਿਚ ਇਕ ਮੀਲ-ਪੱਥਰ ਹੈ", ਜਾਂ "ਇਹ ਆਪਣੇ ਸਾਹਿਤ-ਰੂਪ ਨੂੰ ਇਕ ਛਲਾਂਗ ਨਾਲ ਅੱਗੇ ਲੈ ਗਈ ਹੈ। ਆਮ ਕਰਕੇ ਇਸ ਤਰ੍ਹਾਂ ਨਿਵਾਜਵੇਂ ਢੰਗ ਨਾਲ ਸਾਹਿਤਕਾਰ ਦੀ ਹੌਸਲਾ-ਅਫ਼ਜ਼ਾਈ ਲਈ ਲਿਖਿਆ ਜਾਂਦਾ ਹੈ। ਪਰ ਅਜੀਤ ਕੌਰ ਨੂੰ ਤਾਂ ਹੁਣ ਇਸ ਤਰ੍ਹਾਂ ਦੀ ਹੌਸਲਾ-ਅਫ਼ਜ਼ਾਈ ਦੀ ਲੋੜ ਨਹੀਂ। ਇਸ ਲਈ, ਉਸ ਦੀ ਇਸ ਪੁਸਤਕ ਬਾਰੇ ਟਿੱਪਣੀ ਕਰਦਿਆਂ ਇੰਝ ਕਹਿਣਾ ਇਹ ਸਿਰਫ਼ ਮੇਰੀ ਮਜਬੂਰੀ ਹੈ, ਕਿਉਂਕਿ ਇਹ ਪੁਸਤਕ ਸਚਮੁਚ ਹੀ ਨਿੱਕੀ ਕਹਾਣੀ ਵਿਚ ਇਕ ਮੀਲ-ਪੱਥਰ ਬਣਨ ਦੀ ਅਤੇ ਇਸ ਨੂੰ ਇਕ ਛਲਾਂਗ ਨਾਲ ਅੱਗੇ ਲਿਜਾਣ ਦੀ ਸਮਰੱਥਾ ਰੱਖਦੀ ਹੈ - ਘਟੋ ਘਟ ਆਪਣੀਆਂ ਤੇਰ੍ਹਾਂ ਵਿਚੋਂ ਅੱਧੀਆਂ ਤੋਂ ਵਧ ਕਹਾਣੀਆਂ ਕਰਕੇ।
ਆਧੁਨਿਕ ਪੰਜਾਬੀ ਸਾਹਿਤ ਵਿਚ ਕਲਾਤਮਕਤਾ ਦੇ ਪੱਖੋਂ ਵਧੇਰੇ ਘੋਲ ਨਿੱਕੀ ਕਹਾਣੀ ਦੇ ਖੇਤਰ ਵਿਚ ਹੀ ਘੁਲਿਆ ਗਿਆ ਹੈ। ਇਸ ਕਲਾਤਮਕਤਾ ਵਿਚ ਯਥਾਰਥ ਦੀ ਪਛਾਣ ਪਾਠਕ ਨੂੰ ਇਸ ਦਾ ਬੋਧ ਕਰਾਉਣ ਦੇ ਢੰਗ-ਤਰੀਕੇ ਲੱਭਣਾ, ਇਸ ਯਥਾਰਥ ਵਲ ਠੀਕ ਰਵੱਈਆ ਧਾਰਨ ਕਰਨਾ ਅਤੇ ਪਾਠਕ ਵਿਚ ਵੀ ਇਹ ਰਵੱਈਆ ਪੈਦਾ ਕਰਨ ਦੇ ਕਲਾਤਮਿਕ ਸਾਧਨ ਅਪਣਾਉਣਾ - ਇਹ ਸਾਰਾ ਕੁਝ ਸ਼ਾਮਲ ਹੈ।
ਅੱਜ ਦੇ ਯਥਾਰਥ ਦੀ ਪਛਾਣ ਇਸ ਦਾ ਦੁਖਾਂਤਕ ਹੋਣਾ ਹੈ। ਪਰ ਇਹ ਦੁਖਾਂਤ ਕਿਸ ਤਰ੍ਹਾਂ ਦਾ ਹੈ, ਅਤੇ ਕਿਵੇਂ ਪੇਸ਼ ਕੀਤਾ ਜਾਣਾ ਮੰਗਦਾ ਹੈ? ਪਰਤੱਖ ਤੌਰ ਉਤੇ ਇਹ ਦੁਖਾਂਤ ਕਲਾਸਕੀ ਕਿਸਮ ਦਾ ਦੁਖਾਂਤ ਨਹੀਂ, ਕਿਉਂਕਿ ਇਸ ਵਿਚ ਜਿਸ ਵਿਅਕਤੀ ਨਾਲ ਦੁਖਾਂਤ ਵਾਪਰ ਰਿਹਾ ਹੈ, ਉਹ ਸਮੇਂ ਦੇ ਯਥਾਰਥ ਦਾ ਨਾਇਕ ਨਹੀਂ ਅਤੇ ਜਿਹੜਾ ਨਾਇਕ ਹੈ, ਉਸ ਨਾਲ ਪ੍ਰਤੱਖ ਤੌਰ ਉਤੇ ਦੁਖਾਂਤ ਨਹੀਂ ਵਾਪਰ ਰਿਹਾ। ਇਸ ਲਈ ਕਲਾਸਕੀ ਕਿਸਮ ਦਾ ਦੁਖਾਂਤ ਸਿਰਜਣ ਦੇ ਯਤਨ ਹਾਸੋਹੀਣੇ ਉਪਭਾਵਕ ਵਿਰਲਾਪ ਵਿਚ ਜਾ ਮੁੱਕਣਗੇ। ਅੱਜ ਦੇ ਦੁਖਾਂਤ ਦੀ ਨੀਂਹ ਵਿਅਕਤੀ ਦੇ ਆਚਰਨ ਵਿਚ ਨਹੀਂ, ਉਸ ਦੀਆਂ ਪਰਸਥਿਤੀਆਂ ਵਿਚ ਹੈ। ਅੱਜ ਦਾ ਦੁਖਾਂਤਕ ਵਿਅਕਤੀ ਇਹਨਾਂ ਪ੍ਰਸਥਿਤੀਆਂ ਨੂੰ ਵੱਖੋ ਵੱਖਰੇ ਝਾਵਲਿਆਂ ਜਾਂ ਮਜਬੂਰੀਆਂ ਹੇਠ ਸਵੀਕਾਰ ਕਰਦਾ ਹੈ, ਅਤੇ ਇਸ ਤਰ੍ਹਾਂ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਇਹਨਾਂ ਪਰਸਥਿਤੀਆਂ ਨੂੰ ਵੰਗਾਰਣ ਅਤੇ ਲੜ ਕੇ ਬਦਲਣਾ ਨਹੀਂ ਲੋਚਦਾ। ਕਿਤੇ ਕਿਤੇ ਇਸ ਤਬਦੀਲੀ ਦੀ ਲੋਚਦਾ ਹੈ ਪਰ ਇਸ ਦੇ ਅਨੁਕੂਲ ਉਚਿਤ ਯਤਨ ਅਤੇ ਚੇਤਨਤਾ ਦੀ ਅਣਹੋਂਦ ਹੈ। ਇਹ ਸਾਰੀਆਂ ਹਾਲਤਾਂ ਅੱਜ ਦੇ ਦੁਖਾਂਤ ਨੂੰ ਪਰਿਭਾਸ਼ਿਤ ਕਰਦੀਆਂ ਅਤੇ ਇਸ ਨੂੰ ਕਲਾਸਕੀ ਦੁਖਾਂਤ ਨਾਲੋਂ ਨਿਖੇੜਦੀਆਂ ਹਨ।
ਪਰ ਤਾਂ ਵੀ ਇਹ ਦੁਖਾਂਤ ਤਾਂ ਹੈ ਹੀ। ਫਿਰ, ਇਸ ਨੂੰ ਪੇਸ਼ ਕਰਨ ਦਾ ਉਚਿਤ ਤਰੀਕਾ ਕੀ ਹੋ ਸਕਦਾ ਹੈ? ਭਾਵਕਤਾ ਜਾਂ ਉਪਭਾਵਕਤਾ ਕੰਮ ਨਹੀਂ ਕਰੇਗੀ। ਲੋੜ ਠੇਸ, ਤਾਰਕਿਕ ਵਿਅੰਗ ਦੀ ਹੈ, ਜਿਹੜਾ ਨਸ਼ਤਰ ਵਾਂਗ ਕੰਮ ਕਰਦਾ ਹੋਇਆ ਯਥਾਰਥ ਦੀ ਪੰਚਾ-ਪਾਚੀ ਹੇਠ ਲੁਕੇ ਕੋਹੜ ਨੂੰ ਸਾਡੇ ਸਾਹਮਣੇ ਲੈ ਆਏ। ਯਥਾਰਥ ਨਾਲ ਇਸ ਪਰਕਾਰ ਦੇ ਰਿਸ਼ਤੇ ਕਰਕੇ ਹੀ ਵਿਅੰਗ ਠੋਸ ਅਤੇ ਤਾਰਕਿਕ ਵੀ ਹੋਵੇਗਾ, ਨਹੀਂ ਤਾਂ ਇਹ ਹਵਾਈ, ਖੋਖਲਾ ਅਤੇ ਛਿਨ-ਭੰਗਰ ਹੋਵੇਗਾ। ਅੱਜ ਦੀਆਂ ਹਾਲਤਾਂ ਵਿਚ ਕਿਸੇ ਵੀ ਸਾਹਿਤ-ਰਚਨਾ ਦਾ ਮੁੱਲ ਉਸ ਵਿਚ ਲੁਕੇ ਵਿਅੰਗ ਦੇ ਸੁਭਾਅ ਅਤੇ ਸ਼ਿੱਦਤ ਨਾਲ ਸਿੱਧੀ ਤਨਾਸਬ ਰੱਖੇਗਾ।
ਨਿੱਕੀ ਕਹਾਣੀ ਦੇ ਸੰਬੰਧ ਵਿਚ ਅੱਜ ਇਕ ਹੋਰ ਸਮੱਸਿਆ ਇਹ ਹੈ ਕਿ ਇਸ ਸਾਹਿਤ-ਰੂਪ ਦੀਆਂ ਸੀਮਾਵਾਂ ਨੂੰ ਤੋੜੇ ਤੋਂ ਬਿਨਾਂ ਯਥਾਰਥ ਨੂੰ ਕਿਵੇਂ ਸਰਬੰਗੀ ਢੰਗ ਨਾਲ ਪੇਸ਼ ਕੀਤਾ ਜਾਏ, ਭਾਵੇਂ ਪੇਸ਼ ਕੀਤੇ ਗਏ ਯਥਾਰਥ ਦਾ ਟੋਟਾ ਸਮੇਂ, ਸਥਾਨ, ਕਾਰਜ ਅਤੇ ਪਾਤਰਾਂ ਦੇ ਪੱਖੋਂ ਕਿੰਨਾ ਵੀ ਸੀਮਿਤ ਕਿਉਂ ਨਾ ਹੋਵੇ। ਇਸ ਸਮੱਸਿਆ ਦਾ ਸਮਾਧਾਨ ਸਾਡੇ ਕਹਾਣੀਕਾਰਾਂ ਨੂੰ ਲੰਮੀਆਂ ਕਹਾਣੀਆਂ ਲਿਖਣ ਵਲ ਲੈ ਗਿਆ ਹੈ (ਹਥਲੀ ਪੁਸਤਕ ਵਿਚ ਵੀ ਇਕ ਲੰਮੀ ਕਹਾਣੀ ਹੈ -- ਕਾਲੀ ਚਿੜੀ ਅਤੇ ਮਹਾਭਾਰਤ') ਪਰ ਨਿੱਕੀ ਕਹਾਣੀ ਦੇ ਸੰਦਰਭ ਵਿਚ ਇਹ ਸਮੱਸਿਆ ਕਿਵੇਂ ਸੁਲਝਾਈ ਜਾਏ?
ਇਸ ਸੰਗ੍ਰਹਿ ਵਿਚਲੀਆਂ ਅੱਧੀਆਂ ਤੋਂ ਵਧ ਕਹਾਣੀਆਂ ਵਿਚ ਅਜੀਤ ਕੌਰ ਇਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੁੰਦੀ ਹੈ, ਅਤੇ ਇਹਨਾਂ ਦਾ ਠੀਕ ਸਮਾਧਾਨ ਵੀ ਕਰਦੀ ਹੈ। ਅਤੇ ਇਹੀ ਕਹਾਣੀਆਂ ਹਨ, ਜਿਹੜੀਆਂ ਅੱਜ ਦੀ ਪੰਜਾਬੀ ਨਿੱਕੀ ਕਹਾਣੀ ਵਿਚ ਤਾਜ਼ੀ ਹਵਾ ਲੈ ਕੇ ਆਉਂਦੀਆਂ ਹਨ।
ਪੁਸਤਕ ਦੀ ਟਾਈਟਲ ਕਹਾਣੀ ਸੱਚਮੁਚ ਹੀ ਇਸ ਥਾਂ ਦੀ ਹੱਕਦਾਰ ਹੈ। ਇਹ ਇਕ ਕਲਰਕ ਦੀ ਕਹਾਣੀ ਹੈ, ਜਿਹੜਾ ਭੋਲੇ-ਭਾ, ਸ਼ਰੀਫ਼ ਅਤੇ ਈਮਾਨਦਾਰ ਹੈ, ਪਰ ਆਪਣੀ ਸ਼ਰਾਫ਼ਤ ਅਤੇ ਈਮਾਨਦਾਰੀ ਦਾ ਬੋਝ ਚੁੱਕਣ ਦੀ ਸਮਰੱਥਾ ਨਹੀਂ ਰੱਖਦਾ। ਇਸ ਲਈ ਉਹ ਆਤਮਘਾਤ ਕਰ ਲੈਂਦਾ ਹੈ, ਜਦੋਂ ਉਸ ਨੂੰ ਗਿਆਨ ਹੁੰਦਾ ਹੈ ਕਿ ਆਲੇ-ਦੁਆਲੇ ਫੈਲੋ ਦੁਰਾਚਾਰ ਵਿਚ ਉਹ ਵੀ ਅਚੇਤ ਇਕ ਸਾਧਨ ਬਣਿਆ ਹੈ। ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਇਹੋ ਜਿਹਾ ਕਲਰਕ ਅਜੀਤ ਕੌਰ ਨੂੰ ਕਿੱਥੇ ਮਿਲਿਆ? ਇਸ ਕਲਰਕ ਦਾ ਬਿੰਬ ਅੱਜ ਦੇ ਕਲਰਕ ਦੇ ਸਥਾਪਤ ਬਿੰਬ ਦੀ ਪ੍ਰਤਿਨਿਧਤਾ ਨਹੀਂ ਕਰਦਾ। ਹੋ ਸਕਦਾ ਹੈ ਕਿ ਇਹ ਲੇਖਕਾ ਦੀ ਨਿਰੋਲ ਕਲਪਣਾ ਦੀ ਕਾਢ ਹੋਵੇ। ਪਰ ਕਲਾ ਵਿਚ ਕਲਪਣਾ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਚਲ ਸਕਦਾ। ਵੱਡੀ ਗੱਲ ਇਹ ਹੈ ਕਿ ਇਹ ਕਲਪਣਾ ਸੰਭਾਵਨਾ ਦੀ ਸੀਮਾ ਦੇ ਅੰਦਰ ਹੈ, ਜਿਸ ਕਰਕੇ ਇਹ ਸਾਨੂੰ ਚੁੱਭਦੀ ਨਹੀਂ ਸਗੋਂ ਸੁਆਦ ਦੇਂਦੀ ਹੈ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਲਰਕ ਦੇ ਦੁਖਾਂਤ ਨੂੰ ਪੇਸ਼ ਕਰਨਾ ਕਹਾਣੀ ਦਾ ਮੰਤਵ ਨਹੀਂ। ਕਹਾਣੀ ਦਾ ਮੰਤਵ ਪਰਿਸਤਿਥੀਆਂ ਦੀ ਹਕੀਕਤ ਨੂੰ ਪੇਸ਼ ਕਰਨਾ ਹੈ। ਅਤੇ ਕਲਰਕ ਦੇ ਆਚਰਨ ਵਿਚ ਚੰਗੇ ਪਾਸੇ ਨੂੰ ਲਿਆਂਦਾ ਗਿਆ ਜ਼ਰਾ ਕੁ ਟੇਡ ਪਰਿਸਥਿਤੀਆਂ ਦੀ ਕਰੂਰਤਾ ਨੂੰ ਹੋਰ ਵੀ ਜ਼ੋਰਦਾਰ ਢੰਗ ਨਾਲ ਉਜਾਗਰ ਕਰਨ ਵਿਚ ਸਹਾਈ ਹੁੰਦਾ ਹੈ। ਫੋਕਸ ਵਿਚ ਕਲਰਕ ਦਾ ਆਚਰਨ ਨਹੀਂ, ਸਗੋਂ ਪਰਿਸਥਿਤੀਆਂ ਦੀ ਕਰੂਰਤਾ ਹੈ। ਕਲਰਕ ਉਤੇ ਸਿਰਫ਼ ਇਹਨਾਂ ਪਰਿਸਥਿਤੀਆਂ ਉਪਰ ਫ਼ੋਕਸ ਕਰਨ ਨਾਲ ਪਰਤ ਕੇ ਆਈ ਲੌ ਹੀ ਪੈਂਦੀ ਹੈ।
ਇਸ ਜੁਗਤ ਨਾਲ ਅਜੀਤ ਕੌਰ ਨਿੱਕੀ ਕਹਾਣੀ ਦੀ ਦੂਜੀ ਵੱਡੀ ਸਮੱਸਿਆ ਨੂੰ ਹਲ ਕਰਦੀ ਹੈ - ਯਥਾਰਥ ਦੀਆਂ ਵਧ ਤੋਂ ਵਧ ਸੰਭਵ ਤੰਦਾਂ ਨੂੰ ਕਹਾਣੀ ਵਿਚ ਸਮੇਟ ਸਕਣਾ। ਕਹਾਣੀ ਦਾ ਫ਼ੋਕਸ ਹਰਕਤ ਕਰਦਾ ਹੈ ਅਤੇ ਇਕ ਇਕ ਕਰਕੇ ਕਈ ਹਕੀਕਤਾਂ ਤੋਂ ਪਰਦਾ ਲਾਹੀ ਜਾਂਦਾ ਹੈ। ਸਭ ਤੋਂ ਵੱਡੀ ਹਕੀਕਤ ਅਫ਼ਸਰਸ਼ਾਹੀ ਅਤੇ 'ਮਾਸ-ਮੀਡੀਆ' (ਲੇਖਿਕਾ ਦੇ ਸ਼ਬਦਾਂ ਵਿਚ 'ਅਖ਼ਬਾਰ-ਸੰਸਕ੍ਰਿਤੀ') ਹੈ। ਜਿਹੜੇ ਸਟੀਮ-ਰੋਲਰ ਵਾਂਗ ਵਿਅਕਤੀ ਨੂੰ ਦਰੜਦੇ ਚਲੇ ਜਾਂ ਰਹੇ ਹਨ। ਸਾਰੀ ਕਹਾਣੀ ਇਹਨਾਂ ਦੇ ਕੰਮ ਕਰਨ ਦੇ ਢੰਗਾਂ ਤਰੀਕਿਆਂ ਨੂੰ ਉਜਾਗਰ ਕਰਦੀ ਹੈ। ਰਿਸ਼ਵਤ ਸਭ ਨੂੰ ਚਲਾਉਣ ਵਾਲੀ ਸ਼ਕਤੀ ਹੈ। ਇਸ ਸਾਰੇ ਕੁਝ ਦਾ ਸਿਰ-ਸਦਕਾ ਮਨੁੱਖੀ ਆਚਰਨ ਵਿਚ ਵਿਸ਼ਵਾਸ ਇਸ ਹੱਦ ਤਕ ਖ਼ਤਮ ਹੋ ਗਿਆ ਹੈ ਕਿ ਰਾਮ ਲਾਲ ਕਲਰਕ ਦੀ ਪਤਨੀ ਵੀ ਆਪਣੇ ਮੋਏ ਪਤੀ ਦੇ ਆਚਰਨ ਉਤੇ ਸ਼ੱਕ ਕਰਨ ਲੱਗ ਪੈਂਦੀ ਹੈ।
ਕਹਾਣੀ ਦਾ ਇਕ ਇਕ ਵਾਕ ਯਥਾਰਥ ਦੇ ਵੱਖ ਵੱਖ ਪੱਖਾਂ ਨੂੰ ਬੇਨਕਾਬ ਕਰਦਾ ਹੈ। ਹਰ ਵਾਕ ਦਾ ਵਿਅੰਗ ਆਪਣੇ ਆਪ ਵਿਚ ਓਨਾ ਹੀ ਬੇਰਹਿਮ ਹੈ, ਜਿੰਨਾ ਯਥਾਰਥ ਦਾ ਡੰਗ।
'ਨਿਊ ਯੀਅਰ' ਕਹਾਣੀ ਉੱਪਰਲੀ ਕਹਾਣੀ ਦੀ ਹੀ ਛੋਟੀ ਭੈਣ ਹੈ। ਯਥਾਰਥ ਵਾਦ ਦੇ ਪੱਖ ਜ਼ਰਾ ਕੁ ਵੱਧ, ਪ੍ਰਭਾਵ ਦੇ ਪੱਖ ਜ਼ਰਾ ਕੁ ਘੱਟ, ਵਰਨਣ ਦੇ ਪੱਖ ਓਨੀ ਸਮਰੱਥ। 'ਜੂਠ' ਵਿਚ ਅਮੀਰ ਉਤੇ ਜਾ ਕੇ ਪੜਹਾਸ ਵਿਅੰਗ ਉਤੇ ਭਾਰੂ ਹੋ ਜਾਂਦਾ ਹੈ। 'ਨਹੀਂ, ਸਾਨੂੰ ਕੋਈ ਤਕਲੀਫ਼ ਨਹੀਂ', 'ਇਕ ਇਹ ਵੀ ਇਤਿਹਾਸ ਹੈ' ਕਹਾਣੀਆਂ ਵਿਚ ਲੇਖਕੀ ਟਿੱਪਣੀਆਂ ਦੀ ਅਣਹੋਂਦ ਹੈ। ਪਰਿਸਥਿਤੀਆਂ ਖ਼ੁਦ ਆਪਣੇ ਮੂੰਹੋਂ ਬੋਲਦੀਆਂ ਹਨ। ਇਹਨਾਂ ਕਹਾਣੀਆ ਵਿਚਲਾ ਉੱਤਮ-ਪੁਰਖ ਵੀ ਇਕ ਪਰਸਥਿਤੀ ਵਜੋਂ ਹੀ ਭਾਗ ਲੈ ਰਿਹਾ ਹੈ, ਬਾਹਰ ਰਹਿ ਕੇ ਟਿੱਪਣੀ ਨਹੀਂ ਕਰ ਰਿਹਾ।
'ਤੋਤਾ ਚਸ਼ਮ', 'ਦਾਦ ਦੇਣ ਵਾਲੇ' ਅਤੇ 'ਕਾਲੀ ਚਿੜੀ ਤੇ ਮਹਾਭਾਰਤ' ਕਹਾਣੀਆਂ ਨੂੰ ਬੇਗਾਨਗੀ ਦੇ ਦ੍ਰਿਸ਼ਟੀਕੌਨ ਤੋਂ ਵਧੇਰੇ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ। ਖ਼ਾਸ ਕਰਕੇ ਜੇ ਅਸੀਂ ਇਹ ਯਾਦ ਰਖੀਏ ਕਿ ਪੈਸੇ ਦੀ ਸਰਦਾਰੀ ਵਾਲੇ ਸਮਾਜ ਵਿਚ ਬੇਗਾਨਗੀ ਦਾ ਡੰਗ ਹਰ ਇਕ ਨੂੰ ਵੱਜਦਾ ਹੈ, ਸਿਰਫ਼ ਇਸ ਦਾ ਅਸਰ ਵੱਖ ਵੱਖ ਹਾਲਤਾਂ ਵਿਚ ਵੱਖ ਵੱਖ ਹੁੰਦਾ ਹੈ। ਇਹੋ ਜਿਹੇ ਸਮਾਜ ਵਿਚਲਾ ਮਨੁੱਖ ਜਦੋ ਆਤਮਾ ਦੀ ਸ਼ਾਂਤੀ ਦੀ ਢੂੰਡ ਵਿਚ ਨਿਕਲਦਾ ਹੈ, ਤਾਂ ਉਹ ਇਸ ਗੱਲ ਤੋਂ ਚੇਤੰਨ ਨਹੀਂ ਹੁੰਦਾ ਕਿ ਇਸ ਸਰਦਾਰੀ ਨੇ ਉਸ ਦੀ ਆਤਮਾ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੁੰਦਾ ਹੈ, ਅਤੇ ਉਸ ਦੀ ਥਾਂ ਝਾਵਲਾ ਰੱਖ ਦਿੱਤਾ ਹੁੰਦਾ ਹੈ। ਇਸੇ ਤਰ੍ਹਾਂ ਕਲਾ ਦੀ ਪ੍ਰਸੰਸਾ ਕਰਨ ਦਾ ਦਾਅਵਾ ਅਸਲ ਵਿਚ ਕਲਾ ਨੂੰ ਜਾਇਦਾਦ ਵਜੋਂ ਅਪਣਾਉਣ ਅਤੇ ਛੱਡਣ ਦੇ ਹੱਕ ਦਾ ਦਾਅਵਾ ਹੁੰਦਾ ਹੈ। ਸਮਾਜਕ ਹਾਲਤਾਂ ਤੋਂ ਨਿਰੋਲ ਬੁਧੀਜੀਵੀ ਬਗ਼ਾਵਤ ਅਸਲ ਵਿਚ ਉਹਨਾਂ ਹਾਲਤਾਂ ਤੋਂ ਤੋਤਾ-ਚਸ਼ਮੀ ਹੁੰਦੀ ਹੈ। ਹਰ ਸਥਿਤੀ ਵਿਚ ਠੱਗਿਆ ਜਾਣਾ ਇਹੋ ਜਿਹੇ ਮਨੁੱਖ ਦੀ ਹੋਣੀ ਹੁੰਦੀ ਹੈ। ਸਿਰਫ਼ ਇਸ ਸਥਿਤੀ ਨੂੰ ਭੁਗਤਦਾ ਹੋਇਆ ਵੀ ਉਹ ਆਪ ਇਸ ਨੂੰ ਨਹੀਂ ਸਮਝ ਰਿਹਾ ਹੁੰਦਾ।
'ਆਖ਼ਰੀ ਦਿਨ', 'ਪਹਿਲੀ ਉਦਾਸੀ', 'ਕਾਲੇ ਖੂਹ' ਤੇ ਜੰਗਲੀ ਘੋੜੇ' ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਹਨ। 'ਕਾਲੇ ਖੂਹ' ਇਕ 'ਅਲੈਗਰੀ' ਹੈ - ਕਾਲੀ-ਬੋਲੀ ਰਾਤ ਵਿਚ ਅੱਖਾਂ ਤੋਂ ਬਿਨਾਂ ਰਥ ਨੂੰ ਚਲਾ ਰਹੇ ਰਥਵਾਨ ਦੀ। 'ਆਖ਼ਰੀ ਦਿਨ' ਮਨੁੱਖੀ ਅਹਿਸਾਸ ਦੇ ਇਕ ਪਲ ਨੂੰ ਫੜਨ ਅਤੇ ਸਮਝਣ ਦਾ ਯਤਨ ਹੈ। ‘ਜੰਗਲੀ ਘੋੜੇ' ਦੇ ਕੁੜੀਆਂ ਦੀ ਕਲਪਣਾ ਦੀ ਥਾਹ ਲੈਣ ਦਾ ਯਤਨ ਹੈ। ਪਹਿਲੀ ਉਦਾਸੀਂ ਇਕ ਉਪਭਾਵਕ ਜਿਹਾ ਪਰਾਕਥਨ ਹੈ।
ਜਿਥੋਂ ਤਕ ਇਕ ਹੋਰ ਫਾਲਤੂ ਔਰਤ' ਦਾ ਸਵਾਲ ਹੈ, ਮੇਰਾ ਯਕੀਨ ਹੈ ਕਿ ਅਜੀਤ ਕੌਰ ਨੂੰ ਫ਼ਾਲਤੂ ਔਰਤਾਂ ਦੀ ਅਲਮ-ਬਰਦਾਰੀ ਛੱਡ ਦੇਣੀ ਚਾਹੀਦੀ ਹੈ। ਜਾਂ ਇਸ ਸਮੱਸਿਆ ਨੂੰ ਵੀ ਭਰਪੂਰ ਯਥਾਰਥ ਦੇ ਪਿਛੋਕੜ ਵਿਚ ਰਖ ਕੇ ਦੇਖਣਾ ਚਾਹੀਦਾ ਹੈ, ਨਾ ਕਿ ਫ਼ਾਲਤੂ ਕਿਸਮ ਦੇ ਆਦਮੀਆਂ ਦੇ ਖ਼ਿਲਾਫ਼ ਉਪਭਾਵਕ, ਛਾਲਤ ਅਤੇ ਨਿਪੁੰਸਕ ਜਿਨ੍ਹਾਂ ਰੋਹ ਪੈਦਾ ਕਰਨ ਲਈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
( ਸਮਦਰਸ਼ੀ - ਨਵੰਬਰ 1985