ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਅੱਜ ਦੀ ਪੰਜਾਬੀ ਕਹਾਣੀ ਵਿਚ ਸੈਕਸ, ਸਿਆਸਤ ਅਤੇ ਸੁਪਨਾ

ਵਿਕੀਸਰੋਤ ਤੋਂ

ਅੱਜ ਦੀ ਪੰਜਾਬੀ ਕਹਾਣੀ ਵਿਚ

ਸੈਕਸ, ਸਿਆਸਤ ਅਤੇ ਸੁਪਨਾ

ਪੰਜਾਬੀ ਵਿਚ ਨਿੱਕੀ ਕਹਾਣੀ ਏਨੀ ਜ਼ਿਆਦਾ ਲਿਖੀ ਜਾ ਰਹੀ ਹੈ ਕਿ ਕੁਝ ਮਹੀਨਿਆਂ ਉਪਰ ਫੈਲੀ ਹੋਈ ਸਮੁੱਚੀ ਕਹਾਣੀ-ਰਚਨਾ ਬਾਰੇ ਵੀ ਸਰਬੰਗੀ ਢੰਗ ਨਾਲ ਲਿਖ ਸਕਣਾ ਬੇਹੱਦ ਮੁਸ਼ਕਲ ਹੈ, ਜੇ ਅਸੰਭਵ ਨਹੀਂ ਤਾਂ। ਵੈਸੇ ਵੀ, ਕਿਸੇ ਸਾਹਿਤ-ਰੂਪ ਵਿਚ ਹਰ ਸਮੇਂ ਸਾਰਾ ਕੁਝ ਹੀ ਇੱਕੋ ਜਿਹਾ ਧਿਆਨ ਮੰਗਣ ਵਾਲਾ ਨਹੀਂ ਹੁੰਦਾ, ਭਾਵੇਂ ਇਸ ਦਾ ਭਾਵ ਇਹ ਵੀ ਨਹੀਂ ਹੁੰਦਾ ਕਿ ਜਿਸ ਚੀਜ਼ ਵਲ ਧਿਆਨ ਦਿੱਤਾ ਜਾਂਦਾ ਹੈ ਉਸ ਤੋਂ ਛੁੱਟ ਬਾਕੀ ਸਾਰਾ ਕੁਝ ਫੋਕਟ ਹੈ।

ਇਹ ਸੰਖੇਪ ਪੇਪਰ ਲਿਖਣ ਲੱਗਿਆਂ ਮੇਰੇ ਧਿਆਨ ਵਿਚ ਮੁੱਖ ਤੌਰ ਉਤੇ ਪਿਛਲੇ ਡੇਢ ਦੋ ਸਾਲ ਵਿਚ ਪੰਜਾਬੀ ਦੇ ਕੁਝ ਕੁ ਮੁੱਖ ਰਸਾਲਿਆਂ ਵਿਚ ਛਪੀਆਂ ਕਹਾਣੀਆਂ ਅਤੇ ਇਸੇ ਹੀ ਸਮੇਂ ਵਿਚ ਛਪੀਆਂ ਕੁਝ ਕਿਤਾਬਾਂ ਹਨ। ਇਹਨਾਂ ਦਾ ਵੀ ਸਰਬ-ਪੱਖੀ ਵਿਸ਼ਲੇਸ਼ਣ ਕਰਨ ਦਾ ਨਾ ਮੇਰਾ ਦਾਅਵਾ ਹੈ, ਨਾ ਯਤਨ। ਸਗੋਂ ਇਹਨਾਂ ਕਹਾਣੀਆਂ ਵਿਚੋਂ ਉਭਰਦੇ ਪ੍ਰਧਾਨ ਵਿਚਾਰ-ਬਿੰਬਾਂ ਨੂੰ ਮੈਂ ਤਿੰਨ ਥੀਮਜ਼ ਵਿਚ ਵੰਡ ਕੇ ਵਿਚਾਰਨ ਦਾ ਇਰਾਦਾ ਰੱਖਦਾ ਹਾਂ। ਮੇਰੇ ਖ਼ਿਆਲ ਵਿਚ ਨਿੱਕੀ ਕਹਾਣੀ ਦੀ ਪ੍ਰੰਪਰਾ ਦੇ ਸੰਬੰਧ ਵਿਚ ਵੀ ਅਤੇ ਅੱਜ ਦੀ ਨਿੱਕੀ ਕਹਾਣੀ ਵੀ ਵਿਲੱਖਣਤਾ ਦੇ ਪੱਖ ਵੀ ਇਹ ਤਿੰਨ ਥੀਮਜ਼ ਵਧੇਰੇ ਮਹੱਤਵਪੂਰਨ ਹਨ, ਅਤੇ ਵਿਚਾਰਿਆ ਜਾਣਾ ਮੰਗਦੀਆਂ ਹਨ।

ਜੇ ਅੱਜ ਦੀ ਕਹਾਣੀ ਬਾਰੇ ਇਹ ਪੁੱਛਿਆ ਜਾਏ ਕਿ ਕਿਹੜਾ ਇਕ ਵਿਸ਼ਾ ਹੈ, ਜਿਸ ਬਾਰੇ ਗਿਣਤੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਮਿਲਦੀਆਂ ਹਨ, ਤਾਂ ਨਿਰਸੰਦੇਹ ਇਹ ਵਿਸ਼ਾ ਹੈ - ਲਿੰਗ-ਸੰਬੰਧ। ਇਹ ਐਸੇ ਸੰਬੰਧ ਹਨ, ਜਿਨ੍ਹਾਂ ਬਾਰੇ ਅੱਜ ਦਾ ਲੱਗਭਗ ਹਰ ਕਹਾਣੀ ਲੇਖਕ ਆਪਣੀ ਪੁਜ਼ੀਸ਼ਨ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਦੀ ਨਿੱਕੀ ਕਹਾਣੀ ਦੇ ਅਰਥ-ਸੰਚਾਰ ਦੀ ਪ੍ਰਣਾਲੀ ਵਿਚ ਲਿੰਗ ਅਤੇ ਲਿੰਗ-ਸੰਬੰਧਾਂ ਨੇ ਉਚੇਚੇ ਚਿੰਨ੍ਹ ਹੋਣ ਦੀ ਮਹੱਤਤਾ ਧਾਰਨ ਕਰ ਲਈ ਹੈ।

ਜੇ ਅਸੀਂ ਪਿਛਲੇ ਕੁਝ ਸਮੇਂ ਵਿਚ ਹੀ ਇਸ ਸੰਬੰਧ ਵਿਚ ਛਪੀਆਂ ਕਹਾਣੀਆਂ ਉਤੇ ਨਜ਼ਰ ਮਾਰੀਏ ਤਾਂ ਇਸ ਵਿਸ਼ੇ ਉਤੇ ਬਹੁਤੀਆਂ ਕਹਾਣੀਆਂ ਜਿਨਸੀ ਭ੍ਰਿਸ਼ਟਾਚਾਰ ਨੂੰ ਪੇਸ਼ ਕਰਦੀਆਂ ਹਨ_ਅਕਸਰ ਬਿਨਾਂ ਕਿਸੇ ਸਦਾਚਾਰਕ ਲੱਗ-ਲਗਾਵ ਜਾਂ ਅਰਥਾਂ ਦੇ। ਅਤੇ ਜੇ ਕੋਈ ਸਦਾਚਾਰਕ ਅਰਥ ਹੋਵੇਗਾ ਵੀ ਤਾਂ ਓਪਰਾ ਓਪਰਾ, ਪਲੇਥਣ ਵਾਂਗ। ਇਹ ਐਸਾ ਵਿਸ਼ਾ ਹੈ ਜਿਸ ਉਤੇ ਆ ਕੇ ਸਾਡੇ ਐਸੇ ਕਹਾਣੀ ਲੇਖਕ ਵੀ ਤਿਲਕ ਜਾਂਦੇ ਹਨ, ਜਿਹੜੇ ਵੈਸੇ ਬੇਹੱਦ ਕਲਾ-ਕੌਸ਼ਲਤਾ ਰੱਖਦੇ ਅਤੇ ਦੂਜੀਆਂ ਕਹਾਣੀਆਂ ਵਿਚ ਤੀਖਣ ਸਮਾਜਕ ਸੂਝ ਦਾ ਪ੍ਰਗਟਾਵਾ ਕਰਦੇ ਹਨ।

ਵਿਚਾਰ ਅਧੀਨੇ ਸਮੇਂ ਵਿੱਚ, ਕਿਰਪਾਲ ਕਜ਼ਾਕ ਦੀ ਕਹਾਣੀ "ਪਾਣੀ ਦੀ ਕੰਧ" ਔਰਤ ਦੀ ਮਰਦ ਦੇ ਮੁਕਾਬਲੇ ਉਤੇ ਨਾਬਰਾਬਰੀ ਦੇ ਵਿਸ਼ੇ ਨੂੰ ਲੈ ਕੇ ਲਿਖੀ ਲੱਗਦੀ ਹੈ, ਪਰ ਇਸ ਵਿਸ਼ੇ ਨੂੰ ਨਿਰੋਲ ਜਿਨਸੀ ਪੱਧਰ ਉਤੇ ਸੀਮਿਤ ਕਰ ਕੇ ਰਹਿ ਗਈ ਹੈ। ਦਰਸ਼ਨ ਮਿਤਵਾ ਦੀ ਕਹਾਣੀ "ਹੁਣ ਕਰਣ ਕੰਨ ਵਿਚੋਂ ਨਹੀਂ ਜੰਮੇਗਾ" ਵਿਚ ਇਕ ਸੱਸ ਆਪਣੀ ਨੂੰਹ ਨੂੰ ਆਸੇ ਕਰਾਉਣ ਲਈ ਗਲੀ ਦਾ ਕੋਈ ਮੁੰਡਾ ਲੱਭ ਲਿਆਉਂਦੀ ਹੈ। ਬਚਿੰਤ ਕੌਰ ਦੀ ਮੇਮਣਾ ਕਹਾਣੀ ਵਿਚ ਇਕ ਔਰਤ ਆਪਣੇ ਘਰ ਵਾਲੇ ਤੋਂ ਇਕ ਹੋਰ ਔਰਤ ਦਾ ਬਲਾਤਕਾਰ ਕਰਾਉਂਦੀ ਹੈ, ਅਤੇ ਇਸ ਨੂੰ ਇਸਤ੍ਰੀ-ਵਿਦਰੋਹ ਦਾ ਪ੍ਰਗਟਾਵਾ ਦੱਸਿਆ ਗਿਆ ਹੈ। ਪ੍ਰੀਤਮ ਦੀ ਕਹਾਣੀ "ਇਕ ਮਿੱਤਰ ਦਾ ਬਿਆਨ" (ਲੋਅ, ਜੂਨ 83) ਵਿਚ ਇਕ ਔਰਤ ਆਪਣੇ ਘਰ ਵਾਲੇ ਦੀ ਸ਼ਰਾਬ ਦਾ ਖ਼ਰਚਾ ਚਲਾਉਣ ਦੀ ਖ਼ਾਤਰ ਉਸ ਦੇ ਲਿਆਂਦੇ ਸ਼ਰਾਬੀ ਦੋਸਤਾਂ ਦੀ ਲਿੰਗ-ਭੁੱਖ ਪੂਰੀ ਕਰਦੀ ਹੈ। ਗੁਰਪਾਲ ਲਿਟ ਦੀ ਕਹਾਣੀ "ਇਹ ਵੀ ਤਾਂ..." (ਲੋਅ, ਜੁਲਾਈ 83) ਦੀ ਕੇਂਦਰੀ ਘਟਨਾ ਗਵਾਂਢੀਆਂ ਦੇ ਘਰ, ਪਰਦੇ ਪਿੱਛੇ ਦਿਓਰ-ਭਰਜਾਈ ਦੀ ਕਾਮ-ਕ੍ਰੀੜਾ ਦੇਖ ਕੇ ਉਤੇਜਿਤ ਹੋਈ ਇਸਤ੍ਰੀ ਦਾ ਜਿਨਸੀ ਵਿਹਾਰ ਹੈ। ਇਸ ਨੂੰ ਇਕ ਵੇਸਵਾ ਦੇ ਸੁਧਾਰ ਨਾਲ ਜੋੜਿਆ ਗਿਆ ਹੈ, ਜਿਹੜੀ ਹੁਣ ਸਿਰਫ਼ ਆਪਣੀ ਮਰਜ਼ੀ ਦੇ ਦੇ ਤਿੰਨ ਬੰਦਿਆਂ ਨਾਲ (!) ਰਹਿਣਾ ਚਾਹੁੰਦੀ ਹੈ, ਪਰ ਸਮਾਜ ਉਸ ਨੂੰ ਸੁਧਰਣ ਨਹੀਂ ਦੇਂਦਾ। ਬਲਜੀਤ ਸਿੰਘ ਰੈਨਾ ਦੀ "ਜਾਇਜ਼ ਨਜਾਇਜ਼" (ਅਕਸ਼, ਅਪ੍ਰੈਲ 83) ਵਿਚ ਮਾਮੇ ਦਾ ਪੁੱਤ ਭੂਆ ਦੀ ਧੀ (ਉਮਰ 10-12 ਸਾਲ) ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਕਿ ਅਸੀਂ ਮੁਸਲਮਾਨ ਹੁੰਦੇ!" ਸਾਡੀਆਂ ਹਾਲਤਾਂ ਵਿਚ ਜਿਸ ਦਾ ਅਗਲਾ ਪੜਾਅ ਹੁਣ ਇਹ ਹੋ ਸਕਦਾ ਹੈ ਕਿ ਇਕ ਭਰਾ ਆਪਣੀ ਭੈਣ ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਅਸੀਂ ਇੱਕੋ ਮਾਂ ਪਿਓ ਦੇ ਨਾ ਹੁੰਦੇ!"

ਇਸ ਸੂਚੀ ਵਿਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ।

ਜਿਨਸੀ ਸੰਬੰਧਾਂ ਨੂੰ ਮਿਸ਼ਨਰੀ ਉਤਸ਼ਾਹ ਨਾਲ ਕਿਸੇ ਨਾ ਕਿਸੇ ਸਿਧਾਂਤ ਦੁਆਲੇ ਵੇ ਘੁਮਾਇਆ ਜਾਂਦਾ ਹੈ। ਇਹ ਸਿਧਾਂਤ ਮੁਖ ਤੌਰ ਉਤੇ ਤਿੰਨ ਹਨ - (1) ਕਿ ਇਸ ਤਰ੍ਹਾਂ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ; (2) ਕਿ ਇਹ ਔਰਤ ਦੇ ਆਜ਼ਾਦੀ ਦੇ ਪ੍ਰਤੀਕ ਹਨ, ਅਤੇ (3) ਕਿ ਇਸ ਤਰ੍ਹਾਂ ਪਿਆਰ ਉਪਰ ਲੱਗੀਆਂ ਬੰਦਸ਼ਾਂ ਨੂੰ ਤੋੜਿਆ ਜਾ ਰਿਹਾ ਹੈ। ਜੇ ਜ਼ਰਾ ਗਹੁ ਨਾਲ ਵਿਚਾਰਿਆ ਜਾਏ ਤਾਂ ਇਹ ਤਿੰਨੇ ਹੀ ਸਿਧਾਂਤ ਪੈਰ ਨਹੀਂ ਰੱਖਦੇ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਗੁਰਬਖ਼ਸ਼ ਸਿੰਘ 'ਪ੍ਰੀਤ ਲੜੀ' ਨੇ, ਅਤੇ ਫਿਰ ਉਸ ਤੋਂ ਮਗਰੋਂ ਸੇਖੋਂ ਅਤੇ ਦੁੱਗਲ ਨੇ ਔਰਤ-ਮਰਦ ਸੰਬੰਧਾਂ ਦੇ ਬਿਆਨ ਵਿਚ ਖੁੱਲ੍ਹ ਲਈ ਤਾਂ ਇਹ ਗੱਲ ਸਮਝ ਆ ਸਕਦੀ ਸੀ ਕਿ ਉਹ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇ ਰਹੇ ਹਨ, ਕਿਉਂਕਿ ਉਦੋਂ ਸਥਾਪਤ ਕਦਰਾਂ-ਕੀਮਤਾਂ ਸਾਮੰਤੀ ਖ਼ਾਸਾ ਰੱਖਦੀਆਂ ਸਨ, ਜਿਹੜੀਆਂ ਪਿਆਰ, ਲਿੰਗ-ਸੰਬੰਧਾਂ ਅਤੇ ਔਰਤ ਦੀ ਆਜ਼ਾਦੀ ਉਤੇ ਬੰਦਸ਼ਾਂ ਲਾਉਣੇ ਉਤੇ ਟਿਕੀਆਂ ਹੋਈਆਂ ਸਨ। ਪਰ ਅੱਜ ਦੀਆਂ ਪ੍ਰਧਾਨ ਕੀਮਤਾਂ ਬੁਰਜੂਆ ਹਨ। ਅੱਜ ਦੇ ਸਵਾਮੀਆਂ ਦੇ ਸੰਸਾਰ ਵਿਚ ਪ੍ਰਵਾਰਕ ਵਲਗਣਾਂ ਵਿਚ ਰਹਿੰਦੇ ਹੋਏ ਵੀ ਇਸਤਰੀਆਂ ਮਰਦੇ ਇਕ ਦੂਜੇ ਦੀ ਥਾਂ ਬਦਲਦੇ ਰਹਿੰਦੇ ਹਨ, ਅਤੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਧਮਾਕਾ ਸਿਰਫ਼ ਉਦੋਂ ਪੈਂਦਾ ਹੈ, ਜਦੋਂ ਕੋਈ ਇਹਨਾਂ ਸੰਬੰਧਾਂ ਵਿਚ ਫਿਟ ਨਾ ਬੈਠ ਰਿਹਾ ਵਿਅਕਤੀ ਸਾੜੇ ਦਾ ਮਾਰਿਆ ਹੋਇਆ, ਜਾਂ ਕਿਸੇ ਵਡੇਰੇ ਸਕੈਂਡਲ ਤੋਂ ਬਚਣ ਦੀ ਖ਼ਾਤਰ ਆਪ ਮਰ ਜਾਂਦਾ ਹੈ ਜਾਂ ਦੂਜੇ ਨੂੰ ਮਾਰ ਕੇ ਉਸ ਕੋਰਮ ਨੂੰ ਆਤਮਘਾਤ ਦੱਸ ਦੇਂਦਾ ਹੈ। ਓਦੋਂ ਹੀ ਫਿਰ ਸਾਡੇ ਆਮ ਲੋਕਾਂ ਨੂੰ ਇਹਨਾਂ ਆਦਰਸ਼ ਸਵਾਮੀਆਂ ਦੇ ਅਸਲੀ ਜੀਵਨ ਦਾ ਪਤਾ ਲੱਗਦਾ ਹੈ। ਇਹ ਸਵਾਮੀ ਕੁਦਰਤੀ ਤੌਰ ਉਤੇ ਚਾਹੁਣਗੇ ਕਿ ਉਹਨਾਂ ਵਰਗੇ ਹੀ ਸੰਬੰਧ ਬਾਕੀ ਸਮਾਜ ਵਿਚ ਵੀ ਪ੍ਰਚਲਤ ਹੋ ਜਾਣ, ਤਾਂ ਕਿ ਜਿਸ ਤਰ੍ਹਾਂ ਇਹ ਆਰਥਕ ਖੇਤਰ ਵਿਚ ਆਜ਼ਾਦੀ ਦਾ ਨਾਹਰਾ ਲਾ ਕੇ ਧਨ ਨੂੰ ਆਪਣੇ ਹੱਥਾਂ ਵਿਚ ਇਕੱਤਰ ਕਰ ਸਕੇ ਹਨ ਅਤੇ ਘੱਟ ਧਨ ਵਾਲਿਆਂ ਜਾਂ ਨਿਰਧਨਾਂ ਦਾ ਸ਼ੋਸ਼ਣ ਕਰ ਸਕਦੇ ਹਨ, ਇਸੇ ਤਰਾਂ ਲਿੰਗ-ਖੇਤਰ ਵਿਚ ਆਜ਼ਾਦੀ ਦਾ ਨਾਅਰਾ ਲਾ ਕੇ ਉਹ ਸਮਾਜ ਵਿਚਲੇ ਸਾਰੇ ਜੀਆਂ ਨੂੰ ਆਪਣੇ ਹਵਸ-ਖੇਤਰ ਦੇ ਪਾਤਰ ਬਣਾ ਸਕਣ; ਅੱਜ ਜਿਨਸੀ ਖੁੱਲ ਦਾ ਨਾਅਰਾ ਜਾਂ ਇਸ ਦਾ ਬਿਨਾਂ ਕਿਸੇ ਠੋਸ ਸਮਾਜਕ ਆਧਾਰ ਅਤੇ ਸਦਾਚਾਰਕ ਜ਼ਿੰਮੇਵਾਰੀ ਦੇ ਕੀਤਾ ਗਿਆ ਵਰਨਣ ਸਥਾਪਤ ਕਦਰਾਂ-ਕੀਮਤਾਂ (ਜਿਸ ਦਾ ਮਤਲਬ ਹੁੰਦਾ ਹੈ, ਸਮਾਜ ਦੇ ਸਵਾਮੀਆਂ ਦੀਆਂ ਕਦਰਾਂ-ਕੀਮਤਾਂ) ਨੂੰ ਚੁਣੌਤੀ ਨਹੀਂ, ਸਗੋਂ ਉਹਨਾਂ ਦੇ ਹੱਕ ਵਿਚ ਖੇਡਣਾ ਹੈ।

ਖੁੱਲ੍ਹ ਜਿਨਸੀ ਸੰਬੰਧਾਂ ਨੂੰ ਔਰਤ ਦੀ ਆਜ਼ਾਦੀ ਨਾਲ ਜੋੜਨ ਦਾ ਖ਼ਿਆਲ ਪੱਛਮ ਤਾਂ ਆਇਆ ਹੈ। ਇਸ ਦਾ ਅਰਥ ਔਰਤ ਦੀ ਗੁਲਾਮੀ ਦੇ ਕਾਰਨਾਂ ਨੂੰ ਸਮਝਣ ਅਤੇ ਦਰ ਕਰਨ ਤੋਂ ਬਿਨਾਂ ਉਸ ਨੂੰ ਵਕਤੀ ਤੌਰ ਉਤੇ ਆਜ਼ਾਦੀ ਦਾ ਅਹਿਸਾਸ ਦੇਣਾ ਹੈ। ਪਰ ਮਸਲਾ ਜਿਨਸੀ ਖੇਡ ਵਿਚ ਔਰਤ ਦੀ ਬਰਾਬਰੀ ਦਾ ਨਹੀਂ, ਸਗੋਂ ਜ਼ਿੰਦਗੀ ਦੀ ਖੇਤ ਵਿਚ ਔਰਤ ਦੀ ਬਰਾਬਰੀ ਦਾ ਹੈ, ਜਿਹੜਾ ਕਿ ਕਿਤੇ ਵਡੇਰਾ ਮਸਲਾ ਹੈ ਅਤੇ ਗੰਭੀਰ ਪਹੁੰਚ, ਸੂਝ ਅਤੇ ਯਤਨਾਂ ਦੀ ਮੰਗ ਕਰਦਾ ਹੈ। ਚੰਗੀ ਗੱਲ ਇਹ ਹੈ ਕਿ ਇਸ ਮਸਲੇ ਉਤੇ ਕਹਾਣੀਕਾਰਾਂ ਵਿਚ ਅਣ-ਐਲਾਨਿਆਂ ਸੰਬਾਦ ਚਲ ਰਿਹਾ ਹੈ, ਜਿਸ ਵਿਚ ਤੇ ਤਜਰਬਾਰੇ ਕਹਾਣੀਕਾਰ ਇਕ ਪਾਸੇ ਹਨ ਅਤੇ ਨਵੇਂ ਨਵੇਂ ਸਥਾਪਤ ਹੋਏ ਜਾਂ ਸੱਜਰੇ ਉਤਸ਼ਾਹੀ ਕਹਾਣੀਕਾਰ ਦੂਜੇ ਪਾਸੇ ਹਨ। ਦੁੱਗਲ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ “ਤਰਕਾਲਾਂ ਵੇਲੇ” ਵਿਚਲੀ "ਵੋਮੈਨਜ਼ ਲਿਬ" ਕਹਾਣੀ ਵਿਚ ਇਸੇ ਵਿਚਾਰ ਦੇ ਥੱਲੇਪਣ ਨੂੰ ਪੇਸ਼ ਕੀਤਾ ਹੈ। ਪਿਛੇ ਜਿਹੇ ਹੀ (ਆਰਸੀ, ਅਗਸਤ 83) ਵਿਚ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਛਪੀ ਹੈ, ਗਊ। ਇਸ ਵਿਚ ਵਿਰਕ ਆਪਣੇ ਵਿਲੱਖਣ ਸਹਿਜ-ਅੰਦਾਜ਼ ਵਿਚ ਇਹ ਦੱਸਦਾ ਹੈ ਕਿ ਉਪਰੋਕਤ ਕਿਸਮ ਦੀ ਜਿਨਸੀ ਖੁੱਲ ਔਰਤ ਨੂੰ ਇਨਸਾਨ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਹ ਗਊ ਦੀ ਗਊ ਹੀ ਰਹਿੰਦੀ ਹੈ, ਸਿਰਫ਼ ਸੋਟੇ ਉਸ ਨੂੰ ਝੂੰਗੇ ਵਿਚ ਖਾਣੇ ਪੈਂਦੇ ਹਨ। ਜੇ ਔਰਤ ਦੀ ਆਜ਼ਾਦੀ ਉਸ ਨੂੰ ਪ੍ਰਫੁਲਿਤ ਸਮਾਜਕ ਹਸਤੀ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਸ ਨੂੰ ਜਿਨਸੀ ਹੱਦ ਤਕ ਸਮੇਟ ਕੇ ਰੱਖ ਦੇਂਦੀ ਹੈ, ਤਾਂ ਇਹ ਆਜ਼ਾਦੀ ਨਹੀਂ ਝਾਵਲਾ ਹੈ। ਗੁਰਦਿਆਲ ਸਿੰਘ ਵੀ ਆਪਣੀ ਕਹਾਣੀ "ਮਾੜੀ ਹਵਾ" (ਆਰਸੀ, ਮਾਰਚ 83) ਵਿਚ ਦੱਸਦਾ ਹੈ ਕਿ ਸਾਡੇ ਪਿੰਡਾਂ ਵਿਚ ਵੀ ਪ੍ਰਵਾਰਕ ਸੰਬੰਧਾਂ ਨੂੰ ਕਿਵੇਂ ਜਿਨਸੀ ਘਣ ਲਗਦਾ ਜਾ ਰਿਹਾ ਹੈ। ਇਹ 'ਮਾੜੀ ਹਵਾ' ਹੈ, ਜਿਸ ਅੱਗੇ ਕਿਸੇ ਦੀ ਕੋਈ ਪੀਰੀ ਨਹੀਂ ਚੱਲ ਰਹੀ।

ਜਿਨਸੀ ਸੰਬੰਧਾਂ ਵਿਚਲੀ ਖੁੱਲ੍ਹ ਨੂੰ ਪਿਆਰ ਕਰਨ ਦੀ ਖੁੱਲ੍ਹ ਨਾਲ ਜੋੜਨਾ ਵੀ ਇਸੇ ਤਰ੍ਹਾਂ ਦਾ ਭੁਲੇਖਾ ਹੈ, ਜਿਹੜਾ ਪੱਛਮ ਵਿਚ ਪਿਛਲੀਆਂ ਦੇ ਤਿੰਨ ਸਦੀਆਂ ਤੋਂ ਪਰਚਾਰਿਆ ਜਾ ਰਿਹਾ ਹੈ, ਪਰ ਸਾਨੂੰ ਅਜੇ ਵੀ ਇਹ ਨਵਾਂ ਅਤੇ ਇਨਕਲਾਬੀ ਲੱਗਦਾ ਹੈ। ਪਿਛੇ ਜਿਹੇ ਹੀ ਇਕ ਸੈਮੀਨਾਰ ਵਿਚ ਜਦੋਂ ਇਕ ਨਵੇਂ ਨਵੇਂ ਸਥਾਪਤ ਹੋ ਰਹੇ ਕਹਾਣੀਕਾਰ ਦੀ ਆਲੋਚਨਾ ਕੀਤੀ ਗਈ ਕਿ ਉਸ ਦੀਆਂ ਕਹਾਣੀਆਂ ਜਿਨਸੀ ਸੰਬੰਧਾਂ ਨੂੰ ਹੀ ਪੇਸ਼ ਕਰਦੀਆਂ ਹਨ, ਤਾਂ ਉਸ ਨੇ ਜਵਾਬ ਦਿਤਾ ਕਿ "ਮੈਂ ਤਾਂ 'ਲਵ' ਸਟੋਰੀਜ਼ ਲਿਖਦਾ ਹਾਂ!" ਸਾਡੀ ਭਾਵਕ ਕੰਗਾਲੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋ ਸਕਦਾ ਕਿ ਅਸੀਂ ਪਿਆਰ ਨੂੰ ਕੇਵਲ ਜਿਨਸੀ ਸੰਬੰਧਾਂ ਤਕ ਸੀਮਤ ਕਰ ਕੇ ਰੱਖ ਦਿਤਾ ਹੈ। ਜਿਨਸੀ ਸੰਬੰਧਾਂ ਉਤੇ ਜ਼ੋਰ ਦੇਂਦਾ ਸਾਹਿਤ ਨਾ ਸਿਰਫ਼ ਜਜ਼ਬਿਆਂ ਦੀ ਕੰਗਾਲੀ ਦਾ ਸ਼ਿਕਾਰ ਹੀ ਹੁੰਦਾ ਹੈ, ਸਗੋਂ ਇਸ ਕੰਗਾਲੀ ਨੂੰ ਪੈਦਾ ਵੀ ਕਰਦਾ ਅਤੇ ਅੱਗੇ ਤੋਰਦਾ ਹੈ।

ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਿਛਲੇ ਕੁਝ ਅਰਸੇ ਵਿਚ ਕੇਵਲ ਇਕ ਕਹਾਣੀ - ਬਲਵੰਤ ਚੌਹਾਨ ਦੀ "ਉਸ ਦਾ ਰਬ" (ਅਕਸ, ਜਨਵਰੀ 83) - ਮੇਰੀ ਨਜ਼ਰੇ ਐਸੀ ਪਈ ਹੈ ਜਿਸ ਵਿਚ ਸਾਂਝੇ ਘੋਲ ਵਿਚ ਜੁੱਟੇ ਦੰਪਤੀ ਜੀਵਨ ਦੀ ਕਵਿਤਾ ਅਤੇ ਮਾਨਵਤਾ ਨੂੰ ਪੇਸ਼ ਕੀਤਾ ਗਿਆ ਹੈ। ਇੱਕਾ-ਦੁੱਕਾ ਕਹਾਣੀਆਂ ਹੋਰ ਵੀ ਹੋ ਸਕਦੀਆਂ ਹਨ, ਪਰ ਮੇਰਾ ਮਕਸਦ ਐਸੀਆਂ ਰਚਨਾਵਾਂ ਦੀ ਅਲਪ-ਸੰਖਿਆ ਵਲ ਧਿਆਨ ਦੁਆਉਣਾ ਜਿਹੜੀਆਂ ਬਹੁ-ਪਸਾਰੀ ਮਨੁੱਖੀ ਰਿਸ਼ਤਿਆਂ ਨੂੰ ਮਾਨਵੀ ਅਤੇ ਹਾਂ-ਪੱਖੀ ਢੰਗ ਨਾਲ ਪੇਸ਼ ਕਰਦੀਆਂ ਹੋਣ। ਸਾਡੀਆਂ ਰਚਨਾਵਾਂ ਵਿਚ ਤਾਂ ਉਸ ਮਾਨਸਿਕ ਦਵੰਦ, ਤਣਾਅ ਅਤੇ ਸੰਤਾਪ ਵੀ ਅਣਹੋਂਦ ਹੁੰਦੀ ਜਾ ਰਹੀ ਹੈ, ਜਿਹੜਾ ਜਿਨਸੀ ਪੱਧਰ ਉਤੇ ਆਪਣੇ ਆਪ ਨੂੰ ਨੀਵਾਂ ਲਿਆਉਣ ਅਤੇ ਵੇਚਣ ਤੋਂ ਪੈਦਾ ਹੁੰਦਾ ਹੈ। ×××

ਮੇਰੀਆਂ ਦੂਜੀਆਂ ਦੋ ਥੀਮਾਂ ਦਾ ਸੰਬੰਧ ਉਹੋ ਜਿਹੀਆਂ ਪੁਸਤਕਾਂ ਅਤੇ ਕਹਾਣੀਆਂ ਨਾਲ ਹੈ ਜੇ ਮਨੁੱਖਤਾ ਦੀ ਬਿਹਤਰੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਮਨੁੱਖਾਂ ਦੇ ਨਾਂ' (ਗੁਰਮੇਲ ਮਡਾਹੜ, ਜੰਗ ਜਾਰੀ ਹੈ); “ਉਹਨਾਂ ਲੋਕਾਂ ਨੂੰ, ਜੋ ਮਾਨਵੀ ਸ਼ੰਤਾਪ ਨੂੰ ਦੂਰ ਕਰਨ ਲਈ ਜੂਝ ਰਹੇ ਹਨ" (ਜਰਨੈਲ ਸਿੰਘ ਨਿਰਾਲਾ, ਸੰਤਾਪ); "ਅਮਨ ਅਤੇ ਏਕਤਾ ਲਈ ਜੂਝਦੇ ਲੋਕਾਂ ਦੇ ਨਾਂ।" (ਜਰਨੈਲ ਪੁਰ, ਘੁੱਗੀਆਂ ਵਾਲੇ) ਸਮਰਪਿਤ ਹੁੰਦੀਆਂ ਹਨ। ਜਾਂ ਜੇ ਪਰਤੱਖ ਤੌਰ ਉਤੇ ਸਮਰਪਿਤ ਨਾ ਵੀ ਹੋਣ ਤਾਂ ਇਹਨਾਂ ਦੇ ਵਿਸ਼ੇ ਇਸ ਤਰ੍ਹਾਂ ਦੀਆਂ ਪੁਸਤਕਾਂ ਨਾਲ ਸਾਂਝੇ ਹੁੰਦੇ ਹਨ। ਇਹਨਾਂ ਵਿਚ ਅਸੀਂ ਵਿਚਾਰ-ਗੋਚਰੇ ਸਮੇਂ ਵਿਚ ਛਪੇ ਜਸਵੰਤ ਸਿੰਘ ਵਿਰਦੀ, ਵਰਿਆਮ ਸੰਧੂ, ਬਲਦੇਵ ਸਿੰਘ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਆਦਿ ਦੇ ਕਹਾਣੀ ਸੰਗ੍ਰਹਿ ਜਾਂ ਇਸ ਆਸ਼ੇ ਦੀਆਂ ਵਿੱਕਲਤਰੀਆਂ ਕਹਾਣੀਆਂ ਰਖ ਸਕਦੇ ਹਾਂ।

ਇਸ ਤਰ੍ਹਾਂ ਦਾ ਸਾਹਿਤ ਰਚਣ ਵਾਲੇ ਬਹੁਤੇ ਲਿਖਾਰੀ ਨਿੱਜੀ ਕਸ਼ਟ ਅਤੇ ਇਕ ਖ਼ਾਸ ਤਰ੍ਹਾਂ ਦੇ ਰਾਜਸੀ ਅਨੁਭਵ ਵਿਚੋਂ ਲੰਘੇ ਹੋਏ ਹਨ, ਅਤੇ ਇਸੇ ਨਿੱਜੀ ਅਨਭਵ ਵਿਚੋਂ ਉਹ ਅੱਜ ਦੀ ਹਕੀਕਤ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਦੇ ਸਾਹਿਤ ਨੂੰ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਪ੍ਰੰਪਰਾਂ ਵਿਚ ਹੀ ਰਖਿਆ ਜਾ ਸਕਦਾ ਹੈ, ਅਤੇ ਇਹਨਾਂ ਵਿਚੋਂ ਬਹੁਤਿਆਂ ਦੀਆਂ ਲਿਖਤਾਂ ਜਿਥੇ ਉਪਰੋਕਤ ਪ੍ਰੰਪਰਾ ਦੀਆਂ ਖੂਬੀਆਂ ਖ਼ਾਮੀਆਂ ਨੂੰ ਆਪਣੇ ਵਿਚ ਸਮੇਟੀ ਬੈਠੀਆਂ ਹਨ, ਉਥੇ ਇਸ ਪ੍ਰੰਪਰਾ ਦੇ ਅਜੋਕੇ ਪੜਾਅ ਦੀਆਂ ਵਿਲੱਖਣਤਾਈਆਂ ਨੂੰ ਵੀ ਪੇਸ਼ ਕਰਦੀਆਂ ਹਨ।

ਸਿਆਸਤ ਅਤੇ ਸੁਪਨੇ ਨੂੰ ਮੇਲਣ ਦੀ ਜਾਚ ਸਾਨੂੰ ਪ੍ਰਗਤੀਵਾਦੀ ਧਾਰਾ ਨੇ ਹਾਂ ਸਿਖਾਈ ਸੀ, ਅਤੇ ਇਸ ਸੁਮੇਲ ਦੀ ਸਭ ਤੋਂ ਚੰਗੀ ਮਿਸਾਲ ਅਜੇ ਵੀ ਮੈਨੂੰ ਨਵਤੇਜ ਸਿੰਘ ਹੀ ਲੱਗਦਾ ਹੈ। ਪਰ ਪ੍ਰਗਤੀਵਾਦੀ ਸਾਹਿਤ ਦਾ ਇਕ ਲੱਛਣ ਰੂਪ ਅਤੇ ਵਸਤ ਦੋਹਾਂ ਦੇ ਪੱਖੋਂ ਹੀ ਇਸ ਦੀ ਸੀਮਾ-ਨਿਰਧਾਰਿਤ ਕਰਦਾ ਸੀ। ਅਤੇ ਉਹ ਲੱਛਣ ਸੀ ਕਿ ਇਹ ਹਮ-ਖ਼ਿਆਲੀ ਦਾ ਸਾਹਿਤ ਸੀ। ਇਹ ਦੁਸ਼ਮਣ ਦੇ ਗੜ੍ਹ ਦੇ ਅੰਦਰ ਜਾ ਕੇ ਉਸ ਦੀਆਂ ਫੌਜਾਂ ਵਿਚ ਬਗਾਵਤ ਕਰਾਉਣ ਅਤੇ ਉਹਨਾਂ ਨੂੰ ਨਾਲ ਖਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸਗੋਂ ਇਸ ਗੜ੍ਹ ਦੇ ਬਾਹਰ ਖੜਾ, ਇਸ ਨੂੰ ਢਾਹ-ਢੇਰੀ ਕਰਨ ਦੀਆਂ ਸਹੁੰਆਂ ਖਾਂਦਾ ਅਤੇ ਇਸ ਵਿਚ ਆਪਣੇ ਹਮ-ਖ਼ਿਆਲਾਂ ਨੂੰ ਆਪਣੀ ਹਮ-ਖ਼ਿਆਲੀ ਦਾ ਯਕੀਨ ਦੇ ਆਉਂਦਾ ਹੋਇਆ ਚੜਦੀ ਕਲਾ ਵਿਚ ਰਖਦਾ ਅਤੇ ਰਹਿੰਦਾ ਸੀ। ਇਸ ਕਰਕੇ ਸੂਖਮ ਢੰਗ ਅਪਣਾਉਣੇ, ਲਿਫ਼ਵੇ ਦਾਅ-ਪਚ ਘੜਣੇ, ਵਿਰੋਧੀ ਧਿਰ ਨਾਲ ਮਨੁੱਖੀ ਅਤੇ ਭਾਵਕ ਪੱਧਰ ਉਤੇ ਸੰਬਾਦ ਵਚ ਪੈਣਾ ਇਸ ਸਾਹਿਤ ਦੀ ਮਜਬੂਰੀ ਨਹੀਂ ਸੀ। ਜੂਝਾਰਵਾਦੀ ਸਾਹਿਤ ਨੇ ਪ੍ਰਗਤੀਵਾਦੀ ਸਾਹਿਤ ਦੀਆਂ ਹੀ ਖ਼ੂਬੀਆਂ ਖ਼ਾਮੀਆਂ ਨੂੰ ਅੱਗੇ ਤੋਰਿਆ।

ਜਰਨੈਲ ਪੂਰੀ ਦੀ ਪੁਸਤਕ ਘੁੱਗੀਆਂ ਵਾਲੇ ਪੰਜਾਬੀ ਪ੍ਰਗਤੀਵਾਦੀ ਸਾਹਿਤ ਦੇ ਕਲਾਸੀਕਲ ਮਾਡਲ ਨੂੰ ਪੇਸ਼ ਕਰਦੀ ਹੈ। ਅੱਜ ਦੀਆਂ ਹਾਲਤਾਂ ਵਿਚ ਜੇ ਇਸ ਨੂੰ ਪ੍ਰਗਤੀਵਾਦੀ ਨਾਲੋਂ ਪਾਰਟੀ ਸਾਹਿਤ ਵਿਚ ਰਖਿਆ ਜਾਏ ਤਾਂ ਵਧੇਰੇ ਠੀਕ ਹੋਵੇਗਾ। ਪਾਰਟੀ ਸਾਹਿਤ ਵਜੋਂ ਇਸ ਦਾ ਉੱਚਾ ਮੁਲਾਂਕਣ ਕੀਤਾ ਜਾ ਸਕਦਾ ਹੈ। ਪਾਰਟੀ ਵਲ ਰੁਜੂਅ ਰਖਦੇ ਨਵੇਂ ਸਾਥੀਆਂ ਨੂੰ ਇਹ ਕੁਝ ਨਵਾਂ ਦਸ ਵੀ ਸਕਦੀ ਹੈ, ਅਤੇ ਉਹਨਾਂ ਦੇ ਵਿਸ਼ਵਾਸ ਨੂੰ ਹੋਰ ਪਕੇਰਾ ਵੀ ਕਰ ਸਕਦੀ ਹੈ। ਪਰ ਪਾਰਟੀ ਹਲਕੇ ਤੋਂ ਬਾਹਰ ਕਿਸੇ ਨਾਲ ਸੰਬਾਦ ਰਚਾ ਸਕਣਾ ਇਸ ਦੀ ਸਮਰੱਥਾ ਤੋਂ ਬਾਹਰ ਹੈ। ਇਹ ਗੱਲ ਕਲਾਤਮਕ ਕਿਰਤ ਵਜੋਂ ਇਸ ਤਰਾਂ ਦੇ ਸਾਹਿਤ ਨੂੰ ਸੀਮਿਤ ਰੱਖਦੀ ਹੈ।

ਅੱਜ ਇਹ ਗੱਲ ਕਲਾ ਦੀ ਸਾਧਾਰਣ ਸੂਝ ਵਿਚ ਵੀ ਸ਼ਾਮਲ ਹੋ ਗਈ ਹੈ ਕਿ ਸਿੱਧਾ ਨਾਅਰਾ ਕਲਾ ਨਾਲ ਮੇਲ ਨਹੀਂ ਖਾਂਦਾ। ਇਸ ਲਈ ਸਿੱਧਾ ਨਾਅਰਾ ਲੱਗਾ ਅੱਜ ਸਾਨੂੰ ਬਹੁਤ ਘੱਟ ਮਿਲਦਾ ਹੈ ਅਤੇ ਜਿਥੇ ਕਿਤੇ ਹੈ ਵੀ,(ਉਦਾਹਰਣ ਵਜੋਂ, ਬਲਦੇਵ ਸਿੰਘ ਦੀ ਹਵੇਲੀ ਛਾਵੇਂ ਖੜਾ ਰੱਬ ਵਿਚ "ਇਕ ਪਿੰਡ ਦੀ ਕਥਾ" ਜਾਂ ਗੁਰਮੇਲ ਮਡਾਹੜ ਦੀ ਜੰਗ ਜਾਰੀ ਹੈ ਵਿਚ "ਪੌੜੀਆਂ") ਉਥੇ ਇਹ ਨਾਅਰਾ ਕਿਸੇ ਪ੍ਰਤੀਕਾਤਮਕ ਕਹਾਣੀ ਦੀ ਆੜ ਵਿਚ ਲੱਗਦਾ ਹੈ। ਬਲਦੇਵ ਸਿੰਘ ਨੇ ਤਾਂ ਆਪਣੀ ਕਹਾਣੀ ਨੂੰ ਕਿਹਾ ਹੀ ਕਥਾ ਹੈ। ਫੈਂਟੇਸੀ ਦੇ ਅੰਦਾਜ਼ ਵਿਚ ਲਿਖੀਆਂ ਗਈਆਂ ਕਹਾਣੀਆਂ ਲੇਖਕ ਦੀ ਇਸੇ ਮਜਬੂਰੀ ਨੂੰ ਹਲ ਕਰਦੀਆਂ ਹਨ। ਜਸਵੰਤ ਵਿਰਦੀ ਇਸ ਤਕਨੀਕ ਦੀਆਂ ਕਹਾਣੀਆਂ ਲਿਖਣ ਵਿਚ ਸਭ ਤੋਂ ਅੱਗੇ ਹੈ। ਸੜਕਾਂ ਦਾ ਦਰਦ ਅਤੇ ਖੂਨ ਦੇ ਹਸਤਾਖਰ ਉਸ ਦੇ ਨਵੇਂ ਕਹਾਣੀ ਸੰਗ੍ਰਹਿ ਇਸ ਤਕਨੀਕ ਨੂੰ ਅਪਣਾਉਂਦੇ ਹਨ। ਵਿਰਦੀ ਵੀ ਸੁਪਨੇ ਅਤੇ ਸਿਆਸਤ ਨੂੰ ਮਿਲਾ ਕੇ ਚਲਦਾ ਹੈ। ਪਰ ਇਹਨਾਂ ਦੇ ਨਾਲ ਹੀ ਸੰਦੇਹ ਉਸ ਦੇ ਬੱਧ ਦਾ ਲਾਜ਼ਮੀ ਤੱਤ ਹੈ, ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿਚਲੀ ਕਾਵਿਕਤਾ ਵਿਅੰਗ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਕਰਕੇ ਉਸ ਦੀਆਂ ਕਹਾਣੀਆਂ ਦਾ ਕੇਂਦਰੀ ਨੁੱਕਤਾ ਸਪਨਾ ਬਨਣ ਨਾਲੋਂ ਸਪਨਾ ਟੁੱਟਣ ਦਾ ਅਹਿਸਾਸ ਵਧੇਰੇ ਹੈ।

ਪ੍ਰਤੀਕਾਤਮਕ ਅਤੇ ਫੈਂਟੇਸੀ ਕਿਸਮ ਦੀ ਕਹਾਣੀ ਦੀਆਂ ਆਪਣੀਆਂ ਸੀਮਾਂ ਹਨ। ਇਹ ਕਾਫ਼ੀ ਹੱਦ ਤਕ ਸਾਡੀ ਸੁਹਜ-ਸੰਤੁਸ਼ਟੀ ਵਿਚ ਸਹਾਈ ਹੁੰਦੀ ਹੈ। ਪਰ ਇਹ ਸੁਹਜਸੰਤੁਸ਼ਟੀ ਕਿਸੇ ਬੁਝਾਰਤ ਦੇ ਬੁੱਝ ਲੈਣ ਵਾਂਗ ਨਿਰੋਲ ਬੰਧਕ ਘਾਲਣਾ ਦਾ ਸਿੱਟਾ ਹੁੰਦੀ ਹੈ। ਇਸ ਨਾਲ ਇਸ ਪ੍ਰਕਾਰ ਦੀ ਕਹਾਣੀ ਵਿਚ ਵੀ ਪ੍ਰਗਤੀਵਾਦੀ ਕਹਾਣੀ ਵਾਲਾ ਇਹ ਲੱਛਣ ਆ ਜਾਂਦਾ ਹੈ ਕਿ ਇਹ ਉਹਨਾਂ ਪਾਠਕਾਂ ਨੂੰ ਹੀ ਕੁਝ ਦੱਸਦੀ ਹੈ, ਜਿਹੜੇ ਪਹਿਲਾਂ ਹੀ ਸਭ ਕੁਝ ਜਾਣਦੇ ਹੁੰਦੇ ਹਨ। ਇਸ ਲਈ ਕਲਾ ਦੇ ਪੱਖੋਂ ਇਸ ਤਕਨੀਕ ਨੂੰ ਕੋਈ ਬਹੁਤੀ ਉੱਚੀ ਥਾਂ ਨਹੀਂ ਦਿੱਤੀ ਜਾ ਸਕਦੀ।

ਜ਼ਿੰਦਗੀ ਦੀ ਤਲਖ਼ ਹਕੀਕਤ, ਸਮਾਜਕ ਆਲੋਚਨਾ ਅਤੇ ਭਵਿੱਖ ਦੇ ਕਿਸੇ ਸੁਪਨੇ ਨੂੰ ਸੁਮੋਲਣ ਦਾ ਇਕ ਯਤਨ ਗੁਰਦਿਆਲ ਸਿੰਘ ਨੇ ਆਪਣੇ ਕਹਾਣੀ ਸੰਗ੍ਰਹਿ ਰੱਖੇ ਮਿੱਸੇ ਬੰਦੇ ਵਿਚ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਤਰ ਸਮਾਜ ਦੀਆਂ ਹੇਠਲੀਆਂ ਪਰਤਾਂ ਵਿਚ ਵਿਚਰਣ ਵਾਲੇ ਲੋਕ ਹਨ। ਉਹ ਆਪਣੇ ਰੁੱਖੇ ਮੱਸੇ ਹਾਸ-ਵਿਅੰਗ ਦੀ ਡੰਗੋਰੀ ਫੜੀ, ਆਪਣੀ ਜ਼ਿੰਦਗੀ ਦੇ ਝੋਰਿਆਂ ਨੂੰ ਹੰਡਾਉਂਦੇ ਹੋਏ ਆਪਣੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸ ਕੋਸ਼ਿਸ਼ ਵਿਚ ਸਮਾਜ, ਸਰਕਾਰ ਆਦਿ ਉਤੇ ਟਿੱਪਣੀ ਕਰੀ ਜਾਂਦੇ ਹਨ। ਪਰ ਸਭ ਤੋਂ ਵੱਡੀ ਗੱਲ ਕਿ ਘੋਰ ਮੁਸੀਬਤ ਵਿਚ ਵੀ ਉਹ ਆਸ ਦਾ ਪੱਲਾ ਨਹੀਂ ਛੱਡਦੇ। ਇਹ ਆਸ ਵੀ ਕੋਈ ਉਹਨਾਂ ਉਤੇ ਨਸੀ ਨਹੀਂ ਗਈ, ਸਗੋਂ ਉਹਨਾਂ ਦੇ ਜਿਉਣ ਦੇ ਉਮਾਹ ਦੇ ਵਿਚੋਂ ਹੀ ਨਿਕਲਦੀ ਹੈ, ਕਿਉਂਕਿ ਇਹ ਕੋਈ ਤਾਰੇ ਤੋੜਨ ਦੇ ਸੁਪਨੇ ਨਹੀਂ ਲੈਂਦੀ, ਜ਼ਿੰਦਗੀ ਨੂੰ ਜਿਉਣ ਯੋਗੀ ਬਣਾ ਸਕਣ ਦੇ ਸੁਪਨੇ ਲੈਂਦੀ ਹੈ। ਗੁਰਦਿਆਲ ਸਿੰਘ ਦਾ ਇਹ ਢੰਗ ਉਸ ਦੀ ਵਿਲੱਖਣਤਾ ਬਣ ਗਿਆ ਹੈ।

ਏਨੀ ਹੀ, ਜਾਂ ਇਸ ਤੋਂ ਵੀ ਕੁਝ ਵਧੇਰੇ ਸੰਤੁਸ਼ਟਤਾ ਦੇਂਦੀਆਂ ਅਤੇ ਭਰਪੂਰ ਤਜਰਬਾ ਬਣਦੀਆਂ ਉਹ ਕਹਾਣੀਆਂ ਹਨ, ਜਿਨ੍ਹਾਂ ਵਿਚ ਉਪਰੋਕਤ ਸਾਰੇ ਹੀ ਤੱਤ ਹਨ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਗਿਆਨ, ਉਹਨਾਂ ਦੇ ਖ਼ਿਲਾਫ਼ ਵਿਦਰੋਹ, ਕਿਸ ਭਵਿੱਖ-ਮੁਖੀ ਸੁਪਨੇ ਦੀ ਚੇਤਨਤਾ ਅਤੇ ਉਸ ਲਈ ਯਤਨ; ਪਰ ਨਾਲ ਹੀ ਇਸ ਯਤਨ ਹੀ ਤਾਂ ਇਸ ਤੋਂ ਪੈਦਾ ਹੁੰਦਾ ਦੁਖਾਂਤਕ ਤੱਤ, ਅਤੇ ਇਸ ਅਸਫਲਤਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਵੀ ਸ਼ਾਮਲ ਹੈ। ਇਸ ਤਰ੍ਹਾਂ ਦੀਆਂ ਰਚਨਾਵਾਂ ਸਾਨੂੰ ਭਾਵਕ ਤੌਰ ਉੱਤੇ ਝੰਜੋੜ ਦੇਂਦੀਆਂ ਹਨ। ਇਹਨਾਂ ਦਾ ਦੁਖਾਂਤਕ ਤੱਤ ਸਾਨੂੰ ਸਮਾਜ ਦੀ ਗਤੀ ਤੋਂ ਵੀ ਜਾਣੂ ਕਰ ਜਾਂਦਾ ਹੈ ਅਤੇ ਇਸ ਗਤੀ ਨੂੰ ਜਕੜੀ ਬੈਠੇ ਕਾਰਨਾਂ ਦਾ ਵੀ ਅਹਿਸਾਸ ਕਰਾ ਜਾਂਦਾ ਹੈ। ਪਿਛਲੇ ਸਮੇਂ ਵਿਚ ਵਰਿਆਮ ਸੰਧੂ, ਬਲਦੇਵ ਸਿੰਘ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਜੋਗਿੰਦਰ ਸਿੰਘ ਨਿਰਾਲਾ ਦੀਆਂ ਛਪੀਆਂ ਕਹਾਣੀਆਂ ਜਾਂ ਕਹਾਣੀ ਸੰਹ ਇਸ ਰੁਝਾਣ ਦੀ ਪ੍ਰਤਿਨਿਧਤਾ ਕਰਦੇ ਹਨ।

ਇਹਨਾਂ ਲੇਖਕਾਂ ਨੇ ਮੁੱਖ ਤੌਰ ਉਤੇ ਬਹੁ-ਗਿਣਤੀ, ਹੇਠਲੇ ਵਰਗ, ਦੇ ਜੀਵਨ ਨੂੰ ਆਪਣਾ ਵਿਸ਼ਾ ਬਣਾਇਆ ਹੈ। ਆਪਣੇ ਕਸ਼ਟ ਭਰੇ ਜੀਵਨ ਤੋਂ ਮੁਕਤੀ ਪਾਉਣ ਦੇ ਯਤਨ ਵਿਚ, ਇਹਨਾਂ ਦੇ ਪਾਤਰ ਆਪਣੇ ਜੀਵਨ ਨੂੰ ਜਕੜੀ ਬੈਠੀਆਂ ਹਾਲਤਾਂ ਦੇ ਖ਼ਿਲਾਫ਼ ਰੋਹ-ਭਰੀ ਬਗਾਵਤ ਕਰਦੇ ਹਨ। ਪਰ ਇਹ ਹਾਲਤਾਂ ਅਜੇ ਉਹਨਾਂ ਲਈ ਇਕੱਲੇ ਇਕੱਲੇ ਵਾਸਤੇ ਅਜਿੱਤ ਹਨ। ਜਿਸ ਕਰਕੇ ਉਹ ਇਕੋ ਵਾਰੀ ਮੁੜ ਉਹਨਾਂ ਦੇ ਭਾਰ ਹੇਠ ਹੋਰ ਦੱਬ ਕੇ ਰਹਿ ਜਾਂਦੇ ਹਨ। ਕਿਰਪਾਲ ਕਜ਼ਾਕ ਦੇ ਨਵੇਂਂ ਕਹਾਣੀ ਸੰਗ੍ਰਹਿ ਅੱਧਾ ਪਲ ਵਿਚ ਕੁਝ ਕਹਾਣੀਆਂ (ਜਿਵੇਂ “ਜਿਥੋਂ ਸੂਰਜ ਉੱਗਦਾ ਹੈ") ਵਿਚ ਕਿਤੇ ਕਿਤੇ ਕੋਈ ਲੋਕ ਨਾਲ ਤੁਰਦੇ ਵੀ ਹਨ। ਪਰ ਪ੍ਰਧਾਨ ਰੂਪ ਵਿਚ ਅਜੇ ਵੀ ਵਿਰੋਧੀ ਅਤੇ ਦਬਾ ਰਹੀਆਂ ਤਾਕਤਾਂ ਵਧੇਰੇ ਤਾਕਤਵਰ ਅਤੇ ਚਤੁਰ ਸਾਬਤ ਹੁੰਦੀਆਂ ਹਨ। ਖੱਬੀ ਅਤੇ ਕਮਿਊਨਿਸਟ ਲਹਰੇ ਦੀ ਫੁੱਟ ਦਾ ਅਹਿਸਾਸ ਇਹਨਾਂ ਵਿਚ ਤੀਖਣ ਹੈ। ਸਗੋਂ ਕਿਤੇ ਕਿਤੇ ਸਿੱਧਾ ਕਮਉਨਿਸਟ ਲਹਿਰ ਜਾਂ ਵਿਅਕਤੀਆਂ ਦੀ ਆਲੋਚਨਾ ਵੀ ਮਿਲਦੀ ਹੈ। (ਜਿਵੇਂ ਜੋਗਿੰਦਰ ਸਿੰਘ ਨਿਰਾਲਾ ਦੀ ਪੁਸਤਕ ਸੰਤਾਪ, ਜਾਂ ਉਸ ਦੀਆਂ ਮਗਰੋਂ ਛਪੀਆਂ ਕਹਾਣੀਆਂ "ਰੱਜੇ ਪੁੱਜੇ ਲੋਕ", "ਜ਼ਿੰਦਗੀ, ਜ਼ਿੰਦਗੀ", ਜਾਂ ਫਿਰ ਵਰਿਆਮ ਸੰਧੂ ਦੀ ਕਹਾਣੀ "ਦਲਦਲ" ਆਦਿ)। ਪਰ ਤਾਂ ਵੀ ਇਹਨਾਂ ਲੋਕਾਂ ਦਾ ਖੱਬੇ ਆਦਰਸ਼ ਤੋਂ ਈਮਾਨ ਨਹੀਂ ਡੋਲਿਆ ਅਤੇ ਇਹ ਇਸੇ ਉਤੇ ਆਸ ਲਾਈ ਬੈਠੇ ਹਨ। ਰਾਮ ਸਰੂਪ ਅਣਖੀ ਦੀ ਕਹਾਣੀ ਛਪੜੀ ਵਿਹੜਾ ਗ਼ਰੀਬੀ ਹਟਾਓ ਦੇ ਦਮਗਜਿਆਂ ਨੂੰ ਬੜੇ ਸਹਿਜ ਢੰਗ ਨਾਲ ਬੇਨਕਾਬ ਕਰਦੀ ਹੋਈ, ਇਹ ਦੱਸਦੀ ਹੈ ਕਿ ਕਿਵੇਂ ਅਜੇ ਵੀ ਹੇਠਲਾ ਵਰਗ ਅਪਣੇ ਜੀਵਨ ਨੂੰ ਚੰਗੇਰਿਆਂ ਬਣਾਉਣ ਦੇ ਸਭ ਯਤਨ ਨਿਹਫਲਤਾ ਵਿਚ ਮੁੱਕਦੇ ਦੇਖ ਰਿਹਾ ਹੈ। ਸਾਧਾਰਣ ਅਤੇ ਪੜਾਈ ਪ੍ਰਗਤੀਵਾਦੀ ਸੂਝ ਉਪਰੋਕਤ ਤਰ੍ਹਾਂ ਦੀਆਂ ਕਹਾਣੀਆਂ ਨੂੰ ਪਿਛਾਂਹ-ਖਿੱਚੂ, ਨਿਰਾਸ਼ਾਵਾਦੀ ਜਾਂ ਭਗੌੜੇਪਨ ਦੀਆਂ ਕਹਾਣੀਆਂ ਕਹੇਗੀ। ਪਰ ਇਹਨਾਂ ਲੇਖਕਾਂ ਦੀ ਮਹੱਤਤਾ ਇਸੇ ਵਿਚ ਹੈ ਕਿ ਇਹਨਾਂ ਨੇ ਸਾਹਿਤ ਨੂੰ ਸਾਧਾਰਨ ਅਤੇ ਹੇਠਲੇ ਵਰਗ ਦੀਆਂ ਕਾਮਨਾਵਾਂ ਅਤੇ ਘਾਲਣਾਵਾਂ ਨਾਲ ਜੋੜਿਆ ਹੈ, ਉਹਨਾਂ ਦੀ ਹੀ ਪੱਧਰ ਉਤੇ, ਉਹਨਾਂ ਦੀ ਭਾਸ਼ਾ ਵਿਚ ਯਥਾਰਥ ਦਾ ਵਰਨਣ ਕੀਤਾ ਹੈ, ਜਿਸ ਤੋਂ ਸਾਨੂੰ ਅੱਜ ਦੀ ਬਹੁਗਿਣਤੀ ਦੇ ਜੀਵਨ ਬਾਰੇ ਸੱਚ ਦਾ ਭਰਵਾਂ ਗਿਆਨ ਹੁੰਦਾ ਹੈ।

ਕੇਵਲ ਇੱਕ ਰੁਝਾਣੇ ਕੁਝ ਤੌਖਲਾ ਪੈਦਾ ਕਰਨ ਵਾਲਾ ਹੈ। ਅੱਜ ਕਾਫ਼ੀ ਕਹਾਣੀਆਂ ਵਿੱਚ ਮੌਤ, ਕਤਲ, ਜਾਂ ਕੋਈ ਹੋਰ ਧਮਾਕਾਖੇਜ਼ ਘਟਨਾਵਾਂ ਲਿਆਉਣ ਦਾ ਯਤਨ ਹੁੰਦਾ ਹੈ। ਬਲਦੇਵ ਸਿੰਘ ਦੀ ਹੀ ਪਿੱਛੇ ਜਿਹੇ ਇਕ ਕਹਾਣੀ ਛਪੀ ਹੈ - ਭਵਿਖ ਦੇ ਵਾਰਸ, ਜਿਸ ਦੀ ਥੀਮ ਤਾਂ ਨਵਤੇਜ ਸਿੰਘ ਦੀ ਕਹਾਣੀ "ਮਨੁੱਖ ਦੇ ਪਿਓ" ਵਾਲੀ ਹੀ ਹੈ, ਪਰ ਇਸ ਵਿਚ ਹੁਣ 'ਸ਼ਾਕ ਟਰੀਟਮੈਂਟ' ਦੇਣ ਦਾ ਯਤਨ ਹੈ - ਬੱਚਿਆਂ ਨੂੰ ਮਾਣਸਖੋਰੇ ਣੇ ਦੀ ਹੱਦ ਤਕ ਨਿਘਰਦੇ ਦੱਸਿਆ ਗਿਆ ਹੈ। ਜੇ ਇਹ ਘਟਨਾ ਕਿਤੇ ਵਾਪਰੀ ਵੀ ਵ ਤਾਂ ਇਸ ਦਾ ਸਾਹਿਤ ਦਾ ਅੰਗ ਬਣਨ ਲਈ ਕੋਈ ਉਚੇਚਾ ਵਿਸਥਾਰ ਪੂਰਵਕ ਪਿਛੋਕੜ ਅਤੇ ਕਾਰਨ ਹੋਣਾ ਚਾਹੀਦਾ ਹੈ। ਬਾਕੀ ਕਹਾਣੀਆਂ ਵੀ, ਜਿਨ੍ਹਾਂ ਵਿਚ ਮੌਤ, ਤਲ, ਆਤਮਘਾਤ, ਦਹਿਸ਼ਤ, ਨੰਗੀ ਔਰਤ ਦੀ ਪ੍ਰਦਰਸ਼ਨੀ ਨੂੰ ਲਿਆਂਦਾ ਜਾਂਦਾ ਹੈ, ਕੋਈ 'ਥਰਿੱਲਰ' ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਇਹ 'ਸ਼ਾਕ ਟਰੀਟਮੈਂਟ' ਦੇਣ ਦਾ ਹੀ ਯਤਨ ਹੈ, ਜੋ ਕਿ ਆਪਣੇ ਆਪ ਵਿਚ ਅਟੱਲ ਨਿਰਾਸ਼ਾ ਵਲ ਵਧਣ ਦਾ ਸੂਚਕ ਅਤੇ ਖ਼ਬਰਦਾਰ ਹੋਣ ਦਾ ਸੰਕੇਤ ਹੈ।

ਅੱਜ ਦੀ ਨਿੱਕੀ ਕਹਾਣੀ ਲਈ ਪੁਰਾਣਾ ਰੂਪ ਵੀ ਕੁਝ ਜਕੜ ਬਣਦਾ ਜਾ ਰਿਹਾ ਹੈ, ਜਿਸ ਕਰਕੇ ਅੱਜ ਫਿਰ ਲੰਮੀ ਕਹਾਣੀ ਵਧੇਰੇ ਪ੍ਰਚਲਤ ਹੋ ਰਹੀ ਹੈ। ਅੱਜ ਯਥਾਰਥ ਦੇ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਰੂਪ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਨਾਵਲ ਵਿਕਸਤ ਹੁੰਦਾ, ਤਾਂ ਸ਼ਾਇਦ ਨਿੱਕੀ ਕਹਾਣੀ ਇਸ ਪਾਸੇ ਵੱਲ ਕਦਮ ਨਾ ਪੁੱਟਦੀ। ਪਰ ਹੁਣ ਇਹ ਨਿੱਕੀ ਕਹਾਣੀ ਦੀ ਆਵਸ਼ਕਤਾ ਬਣ ਗਿਆ ਹੈ, ਕਿਉਂਕਿ ਨਿੱਕੀ ਕਹਾਣੀ ਫਿਰ ਵੀ ਸਾਡਾ ਸਭ ਤੋਂ ਵਧ ਪ੍ਰਫੁਲਤ ਅਤੇ ਗੰਭੀਰ ਸਾਹਿਤ-ਰੂਪ ਹੈ।

(ਕੇਂਦਰੀ ਪੰਜਾਬੀ ਲੇਖਕ ਸਭਾ ਦੀ
25,26,27 ਨਵੰਬਰ, 1983 ਨੂੰ,
ਚੰਡੀਗੜ੍ਹ ਵਿਚ ਹੋਈ ਦਸਵੀਂ
ਸਰਬ ਹਿੰਦ ਪੰਜਾਬੀ ਲੇਖਕ ਕਾਨਫ਼ਰੰਸ
ਵਿਚ ਪੜ੍ਹਿਆ ਗਿਆ।)