ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ: ਸੁਭਾਅ ਤੇ ਲੱਛਣ

ਵਿਕੀਸਰੋਤ ਤੋਂ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ: ਸੁਭਾਅ ਅਤੇ ਲੱਛਣ


( ਪੁਸਤਕ ‘ਤੂੜੀ ਦੀ ਪੰਡ’ ਦੇ ਆਧਾਰ 'ਤੇ)

ਵਿਸ਼ੇ ਅਤੇ ਵਸਤੂ ਦੇ ਪੱਖੋਂ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਪ੍ਰਧਾਨ ਗਣ ਉਹਨਾਂ ਦੀ ਸਰਲਤਾ, ਇਕ ਤਰ੍ਹਾਂ ਦਾ ਇਕਹਿਰਾਪਣ ਹੈ। ਇਸ ਇਕਹਿਰੇਪਣ ਦਾ ਮੁੱਖ ਕਾਰਨ ਯਥਾਰਥ ਵਲ ਉਸ ਦੀ ਪਹੁੰਚ ਹੈ, ਯਥਾਰਥ ਨੂੰ ਦੇਖਣ ਵਾਲੀ ਉਸ ਦੀ ਦ੍ਰਿਸ਼ਟੀ ਹੈ। ਉਸ ਦੀ ਨਜ਼ਰ ਉਸ ਸਭ ਕੁਝ ਨੂੰ ਝੱਟ ਦੇਖ ਲੈਦੀ ਹੈ, ਜੋ ਜ਼ਿੰਦਗੀ ਵਿਚ ਨਵਾਂ ਵਾਪਰਦਾ ਹੈ। ਨਵੇਂ ਲੋਕਾਂ ਤਕ ਪਹੁੰਚਦਿਆਂ ਉਸ ਨੇ ਆਪਣੀ ਇਸ ਦ੍ਰਿਸ਼ਟੀ ਨੂੰ ਆਪ ਵੀ ਪ੍ਰੀਭਾਸ਼ਿਤ ਕਰ ਲਿਆ ਸੀ। ਤੂੜੀ ਦੀ ਪੰਡ ਵਿਚਲੀਆਂ ਬਹੁਤੀਆਂ ਕਹਾਣੀਆਂ ਵੀ ਕਹਾਣੀ ਦਾ ਰੂਪ ਧਾਰ ਕੇ ਓਦੋਂ ਹੀ ਸਾਡੇ ਸਾਹਮਣੇ ਪ੍ਰਤੱਖ ਹੁੰਦੀਆਂ ਹਨ, ਜਦੋਂ ਅਸੀਂ ਇਸ ਗੱਲ ਨੂੰ ਧਿਆਨ ਵਿਚ ਰੱਖੀਏ ਕਿ ਵਿਰਕ ਦਾ ਮੁੱਖ ਜ਼ੋਰ ਉਸ ਚੀਜ਼ ਨੂੰ ਪਛਾਣਨ ਉੱਤੇ ਹੈ, ਜਿਹੜੀ ਜ਼ਿੰਦਗੀ ਵਿਚ ਨਵੀਂ ਹੈ। ਨਹੀਂ ਤਾਂ ਇਹ ਕਹਾਣੀਆਂ ਕੁਝ ਵਿੱਕੋਲਿਤਰੀਆਂ ਘਟਨਾਵਾਂ ਦਾ ਸੰਗਹ ਬਣ ਕੇ ਰਹਿ ਜਾਣਗੀਆਂ।

ਇਸ ਸਮੁੱਚੇ ਸੰਗ੍ਰਹਿ ਵਿਚ ਸਿਰਫ਼ "ਘੋੜੀ" ਅਤੇ "ਕੁੜੀ ਦਾ ਦਾਜ" ਐਸੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਨਵੇਂ ਦਾ ਅੰਸ਼ ਸਾਨੂੰ ਨਹੀਂ ਦਿਸਦਾ ਜਾਂ ਘੱਟ ਦਿਸਦਾ ਹੈ। ਦੋਹਾਂ ਵਿਚ ਹੀ ਰੂੜ੍ਹੀਆਂ ਨਾਲ ਬੱਝੀ ਮਾਨਸਿਕਤਾ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। “ਕੁੜੀ ਦਾ ਦਾਜ” ਵਿਚਲੀ ਬੇਬੇ ਦੇ ਸਕਣ ਉਤੇ ਮੁਸਕੜੀ ਆ ਸਕਦੀ ਹੈ, ਤੇ ਬੱਸ। ਰੂੜ੍ਹੀਆਂ ਨਾਲ ਲਾਈ ਰੱਖਣਾ ਉਸ ਦੀ ਜ਼ਿੰਦਗੀ ਹੈ। ਜ਼ਿੰਦਗੀ ਲਈ ਬਣਿਆਂ ਖ਼ਤਰਾ ਉਹਨਾਂ ਰੂੜ੍ਹੀਆਂ ਸਾਹਮਣੇ ਉਸ ਲਈ ਕੋਈ ਮੁੱਲ ਨਹੀਂ ਰੱਖਦਾ। "ਘੋੜੀ' ਵਿਚ ਪੇਸ਼ ਹੋਈ ਮਾਨਸਿਕਤਾ ਵਧੇਰੇ ਡੂੰਘੀ ਹੈ, ਕਿਉਂਕਿ ਇਹ ਵਿਅਕਤੀਗਤ ਨਾ ਰਹਿੰਦੀ ਹੋਈ ਉਸ ,ਸਮੁੱਚੀ ਮਾਨਸਿਕਤਾ ਦੀ ਪ੍ਰਤਿਨਿਧਤਾ ਕਰਦੀ ਹੈ, ਜਿਹੜੀ ਧੀਆਂ ਪੁੱਤਰਾਂ ਲਈ ਦੁੱਖ ਨੂੰ ਸਹਿਣ ਨੂੰ ਆਪਣੀ ਅਮਰਤਾ ਦਾ ਰਾਜ਼ ਸਮਝਦੀ ਸੀ, ਜਾਂ ਜਿਸ ਲਈ ਵੱਡੇ ਹੋਏ ਧੀਆਂ ਪੁੱਤਰਾਂ ਤੋਂ ਮਿਲਣ ਵਾਲੇ ਕਿਆਸੀ ਸੁਖ ਵਰਤਮਾਨ ਦੇ ਦੁਖ ਨੂੰ ਸਹਿਯੋਗ ਬਣਾ ਦੇਂਦੇ ਸਨ। ਇਹ ਮਾਨਸਿਕਤਾ ਸਾਡੇ ਵਿੱਚ ਅਜੇ ਤਕ ਜਿਉਂਦੀ ਹੈ, ਇਸ ਦੇ ਬਣਤਰੀ ਅੰਸ਼ਾਂ ਵਿਚ ਭਾਵੇਂ ਕੁਝ ਫ਼ਰਕ ਆ ਗਿਆ ਹੈ। ਜੋ ਕੁਝ ਨਵਾਂ ਹੈ, ਉਹ ਵਧੇਰੇ ਕਰਕੇ ਲੰਗ-ਸੰਬੰਧਾਂ ਜਾਂ ਇਹਨਾਂ ਦੁਆਲੇ ਜੁੜੇ ਸੰਸਕਾਰਾਂ ਦੇ ਖੇਤਰ ਵਿਚ ਹੈ। ਇਸ ਕਰਕੇ ਨਹੀਂ ਕਿ ਦੂਜੇ ਖੇਤਰਾਂ ਵਿਚ ਕੁਝ ਨਵਾਂ ਵਾਪਰ ਨਹੀਂ ਰਿਹਾ, ਸਗੋਂ ਇਸ ਲਈ ਕਿ ਇਸ ਖੇਤਰ ਵਿਚਲੀਆਂ ਨਵੀਆਂ ਚੀਜ਼ਾਂ ਸਾਡੀ ਨਜ਼ਰ ਨੂੰ ਜਲਦੀ ਆਪਣੇ ਵੱਲ ਖਿੱਚਦੀਆਂ ਅਤੇ ਸਾਡੇ ਵਿਚ ਤੀਖਣ ਪ੍ਰਤਿਕਰਮਾਂ ਨੂੰ ਜਨਮ ਦੇਂਦੀਆਂ ਹਨ। ਅਕਸਰ ਲਿੰਗ-ਸੰਬੰਧਾਂ ਦੁਆਲੇ ਡੂੰਘਾ ਇਖ਼ਲਾਕੀ ਸੰਬਾਦ ਰਚਾਇਆ ਜਾ ਸਕਦਾ ਹੈ, ਅਤੇ ਰਚਾਇਆ ਜਾਂਦਾ ਵੀ ਹੈ, ਅਤੇ ਸਾਡੇ ਸਮਾਜਕ ਢਾਂਚੇ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਤੋਂ ਪਰਦਾ ਲਾਹੁਣ ਲਈ ਇਹਨਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ।

ਪਰ ਵਿਰਕ ਦੀ ਦਿਲਚਸਪੀ ਇਥੇ ਵੀ ਨਵੇਂ ਵਲ ਸੰਕੇਤ ਕਰਨ ਤਕ ਸੀਮਿਤ ਲੱਗਦੀ ਹੈ, ਨਾ ਕਿ ਇਖਲਾਕੀ ਕਦਰਾਂ-ਕੀਮਤਾਂ ਦੁਆਲੇ ਕੋਈ ਡੂੰਘਾ ਜਾਂ ਗੰਭੀਰ ਸੰਬਾਦ ਰਚਾਉਣ ਵਿਚ। ਇਸੇ ਕਰਕੇ ਵਿਰਕ ਦੀਆਂ ਇਸ ਵਿਸ਼ੇ ਵਾਲੀਆਂ ਕਹਾਣੀਆਂ ਵਿਚ ਕਈ ਵਾਰੀ ਕਈ ਤੰਦਾਂ ਢਿੱਲੀਆਂ ਰਹਿ ਜਾਂਦੀਆਂ ਹਨ।

ਤੂੜੀ ਦੀ ਪੰਡ ਦੀਆਂ 16 ਕਹਾਣੀਆਂ ਵਿਚ ਲਗਭਗ ਅੱਧੀਆਂ ਕਹਾਣੀਆਂ ਐਸੀਆਂ ਹਨ ਜਿਹੜੀਆਂ ਲਿੰਗ-ਸੰਬੰਧਾਂ ਜਾਂ ਇਹਨਾਂ ਨਾਲ ਜੁੜੇ ਸੰਸਕਾਰਾਂ ਦੁਆਲੇ ਘੁੰਮਦੀਆਂ ਹਨ। “ਦੋ ਝਾਕੀਆਂ" ਵਿਚ, ਪੁਰਾਣੇ ਦੇ ਪਿਛੋਕੜ ਵਿਚ ਦੂਜੀ ਝਾਕੀ) ਨਵੇਂ ਨੂੰ (ਪਹਿਲੀ ਝਾਕੀ) ਰਖ ਕੇ ਪੇਸ਼ ਕੀਤਾ ਗਿਆ ਹੈ। ਪਹਿਲੀ ਨਵੀਨਤਾ) ਅਤੇ ਦੂਜੀ (ਰਾਤਨਤਾ) ਦੇ ਬਣਤਰੀ ਅੰਗਾਂ ਨੂੰ ਕਾਫ਼ੀ ਹੱਦ ਤੱਕ ਉਘਾੜਿਆ ਗਿਆ ਹੈ, ਅਤੇ ਭਾਵੇਂ ਦੂਜੀ ਝਾਕੀ ਬਾਰੇ ਲੇਖਕ ਇਹ ਟਿੱਪਣੀ ਕਰਦਾ ਹੈ:

'ਰਜਾਈ ਵਿਚ ਪਈ ਹੱਡੀਆਂ ਦੀ ਮੁੱਠ, ਜਿਸ ਦੇ ਤੀਸਰੇ ਸਾਹ ਦਾ ਕੋਈ ਹਿੱਸਾ ਨਹੀਂ ਸੀ, ਦੀਆਂ ਇੰਨੀਆਂ ਸਿਫ਼ਤਾਂ ਮੈਨੂੰ ਕੁਝ ਓਪਰੀਆਂ ਜਿਹੀਆਂ ਲਗ ਰਹੀਆਂ ਸਨ। ਉੱਠਣ ਲਗੇ ਮੈਂ ਹਸਦੇ ਹੋਏ ਕਿਹਾ, "ਆਪਣੀ ਉਮਰ ਵਿੱਚ ਤੇ ਖੱਚੇ ਵਾਹਵਾ ਬੰਦਾ ਹੋਵੇ ਪਰ ਤੈਨੂੰ ਤੇ ਹੁਣ ਹੱਡੀਆਂ ਦੀ ਮੁੱਠ ਧੂਣੀ ਪਈ ਹੋਈ ਏ ਨਾ। ਪਰ ਔਰਤ ਦਾ ਜਵਾਬ ਪੁਰਾਣੇ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਪੱਖ ਉੱਚਾ ਚੁੱਕ ਦੇਂਦਾ ਹੈ: “ਇਸ ਤਰਾਂ ਨਾ ਆਖੋ ਜੀ, ਇਨ੍ਹਾਂ ਤੋਂ ਬਿਨਾਂ ਮੇਰਾ ਇਸ ਦੁਨੀਆਂ ਵਿਚ ਕੌਣ ਏ!“ ਕਿਉਂਕਿ ਔਰਤ ਕਿਸੇ ਜ਼ਾਹਰਾ ਮਜਬੂਰੀ ਦੇ ਵੱਸ ਜਾਂ ਜ਼ਾਹਰਦਾਰੀ ਵਜੋਂ ਇਹ ਲਫ਼ਜ਼ ਨਹੀਂ ਕਹਿ ਰਹੀ, ਸਗੋਂ ਇਹ ਉਸ ਦੀ ਸਾਰੀ ਹੁੰਦੇ ਬੋਲ ਰਹੀ ਹੈ। ਕਹਾਣੀ ਦੀਆਂ ਦੋਹਾਂ ਝਾਕੀਆਂ ਵਿਚ ਵਖਰੇਵੇਂ ਵਾਲੇ ਅੰਸ਼ ਬੜੇ ਉਘੜਵੇਂ ਹਨ: ਨਵੇਂ ਵਿਚ ਲਿੰਗ-ਖੁਲ੍ਹ ਹੈ, ਇਸ ਖੁਲ੍ਹ ਵਿਚੋਂ ਨਿਕਲਦੀ ਪ੍ਰਾਪਤੀ ਵਿਚ ਸ਼ਖ਼ਸੀਅਤ ਦੀ ਪੂਰਨਤਾ ਦਾ, ਜ਼ਿੰਦਗੀ ਦੇ ਹੁਲਾਸ ਦਾ ਅਹਿਸਾਸ ਹੈ, ਪਰ ਇਸ ਤੋਂ ਨਿਕਲਦੀ ਸਮਾਜਕ ਜ਼ਿੰਮੇਵਾਰੀ ਨੂੰ ਸਿਰ ਲੈਣ ਦੀ ਦਲੇਰੀ ਨਹੀਂ; ਅਤੇ ਇਹ ਚੀਜ਼ ਇਸ ਖੁੱਲ ਦੀਆਂ ਪ੍ਰਾਪਤੀਆਂ ਨੂੰ ਨਫ਼ੀ ਕਰ ਦੇਂਦੀ ਹੈ। ਪੁਰਾਣੇ ਵਿਚ ਲੰਗ-ਖੁੱਲ੍ਹ ਨਹੀਂ, ਵਫ਼ਾਦਾਰੀ ਹੈ; ਪਿਆਰ ਨਹੀਂ; ਲਗਨ ਹੈ, ਅਤੇ ਇਸੇ ਵਫ਼ਾਦਾਰੀ ਅਤੇ ਲਗਨ ਰਾਹੀਂ ਦੰਪਤੀ, ਖ਼ਾਸ ਕਰਕੇ ਔਰਤ ਪੂਰਨਤਾ ਨੂੰ ਪੁੱਜਦੀ ਹੈ। ਇਸ ਅਹਿਸਾਸ ਵਿਚ ਭਟਕਣ ਨਹੀਂ, ਜਿਹੜੀ ਲਿੰਗ-ਖੁੱਲ੍ਹ ਦੇ ਸਿੱਟਿਆਂ ਤੋਂ ਨਿਕਲਦੀ ਜ਼ਿੰਮੇਵਾਰੀ ਤੋਂ ਕਤਰਾਉਣ ਕਰਕੇ ਨਵੇਂ ਦਾ ਅਟੁੱਟ ਹਿੱਸਾ ਹੈ।

“ਪਤੀ" ਕਹਾਣੀ ਦੀ ਮਿੱਨੀ ਉਪਰੋਕਤ ਕਹਾਣੀਆਂ ਦੀਆਂ ਦੋਹਾਂ ਔਰਤਾਂ ਦਾ ਜੀਵਨ ਇਕੱਲੀ ਬਤੀਤ ਕਰ ਰਹੀ ਹੈ। ਪਰ ਏਥੇ ਨਵੇਂ ਦੇ ਅੰਸ਼ ਬਹੁਤ ਉਘੜਵੇਂ ਹਨ ਅਤੇ ਇਸੇ ਲਈ ਸ਼ਾਇਦ ਵਿਸਥਾਰ ਨਾਲ ਬਿਆਨ ਕੀਤੇ ਗਏ ਹਨ, ਜਦ ਕਿ ਪੁਰਾਣੇ ਦੇ ਅੰਸ਼ ਵਫ਼ਾਦਾਰੀ ਅਤੇ ਜ਼ਿੰਮੇਵਾਰੀ ਦੇ ਚੇਤਨ ਅਹਿਸਾਸ ਵਿਚੋਂ ਨਿਕਲੇ ਨਹੀਂ ਲੱਗਦੇ, ਸਗੋਂ ਵਧੇਰੇ ਸੰਸਕਾਰਾਂ ਦਾ ਸਿੱਟਾ ਲਗਦੇ ਹਨ। ਦੂਜੇ ਸ਼ਬਦਾਂ ਵਿਚ, ਮਿੱਨੀ ਨਵੀਂ ਮਿਲੀ ਖੁੱਲ੍ਹ ਨੂੰ ਮਾਨਣ ਵਿਚ ਵਧੇਰੇ ਸਾਬਤ-ਕਦਮ ਹੈ, ਜਦ ਕਿ ਇਸ ਖੁੱਲ੍ਹ ਨੂੰ ਜ਼ਿੰਮੇਵਾਰੀ ਨਾਲ ਮਿਲਾਉਣ ਵਿਚ ਸਾਬਤ-ਕਦਮ ਨਹੀਂ। ਇਸੇ ਲਈ ਉਹ ਇਹ ਪ੍ਰਭਾਵ ਦੇ ਦੀ ਲੱਗਦੀ ਹੈ ਕਿ “ਆਖ਼ਰ ਸੰਸਕਾਰਾਂ ਤੋਂ ਪਿੱਛਾ ਛੁਡਾਉਣਾ ਬੜਾ ਮੁਸ਼ਕਲ ਹੁੰਦਾ ਹੈ।" ਅਤੇ ਇਹ ਆਪਣੇ ਆਪ ਵਿਚ ਮਿੱਨੀ ਦੇ ਆਚਰਣ ਉਤੇ ਨਫ਼ੀ ਟਿੱਪਣੀ ਹੈ।

"ਤਿੰਨ ਰੰਗ" ਦੀ ਏਕਤਾ ਫਿਰ ਲਿੰਗ-ਸੰਬੰਧਾਂ ਵਿਚ ਵਾਪਰ ਰਹੀਆਂ ਨਵੀਆਂ ਗੱਲਾਂ ਕਰਕੇ ਹੈ। ਖ਼ਾਸ ਕਰਕੇ ਤੀਜੀ ਘਟਨਾ, ਜਿਸ ਵਿਚ ਅਖ਼ਬਾਰਾਂ ਦਾ ਪਿੰਡ ਵਿਚ ਜਾਣਾ ਸ਼ਾਇਦ ਏਨੀ ਨਵੀਂ ਗੱਲ ਨਾ ਹੋਵੇ, ਪਰ ਉਹਨਾਂ ਵਿਚ ਉਧਾਲਿਆਂ ਦੀਆਂ ਖ਼ਬਰਾਂ ਦੀ ਭਰਮਾਰ ਹੋਣਾ ਅਤੇ ਪੇਂਡੂ ਚੌਗਿਰਦੇ ਵਿੱਚ ਉਹਨਾਂ ਨੂੰ ਉੱਚੀ ਉੱਚੀ ਸੁਣਾ ਸਕਣਾ ਅਤੇ ਹੋਰ ਕੁਝ ਨਾ ਬਨਣ ਦੀ ਹਾਲਤ ਵਿਚ ਆਪਣਾ ਝੱਸ ਪੂਰਾ ਕਰ ਸਕਣਾ, ਇਕ ਨਵਾਂ ਅੰਸ਼ ਹੈ।

"ਉਸ ਕਰਕੇ" ਕਹਾਣੀ ਕਥਿਤ ਤੌਰ ਉਤੇ ਲਿੰਗ-ਸੰਬੰਧਾਂ ਦੇ ਉਤਕ੍ਰਿਸ਼ਟ ਰੂਪ, ਪਿਆਰ ਨੂੰ ਪੇਸ਼ ਕਰਦੀ ਹੈ, ਜਿਸ ਦਾ "ਹੁਲਾਰ ਆਦਮੀ ਨੂੰ ਧਰਤੀ ਤੋਂ ਉਤਾਂਹ ਚੁੱਕ ਲੈਂਦਾ ਹੈ।" ਪਰ ਇਹ ਕਹਾਣੀ ਹੋਰ ਕਿਸੇ ਵੀ ਕਹਾਣੀ ਨਾਲੋਂ ਵਧੇਰੇ ਸਕੀਮੈਟਿਕ ਲੱਗਦੀ ਹੈ, ਜਿਸ ਵਿਚ ਵਾਪਰਦੀ 'ਨਵੀਂ ਗੱਲ, ਰਮਿੰਦਰ ਨਾਂ ਦੀ 'ਇਕ ਨਵੀਂ ਚੀਜ਼' ਜਿਹੜੀ ਹਰਵੰਤ ਦੇ ਜੀਵਨ ਵਿੱਚ ਆਉਂਦੀ ਹੈ, ਮਨੁੱਖੀ ਸੁਭਾਅ ਵਿਚਲੀ ਕਿਸੇ ਥਿਉਰਮ ਨੂੰ ਸਿੱਧ ਕਰਨ ਲਈ ਫ਼ਰਜ਼ ਕੀਤਾ ਗਿਆ ਅੰਸ਼ ਹੈ। ਰਮਿੰਦਰ ਦਾ ਵਜੂਦ ਠੋਸ ਨਹੀਂ ਬਣ ਸਕਿਆ, ਜਦ ਕਿ ਉਸ ਤੋਂ ਪੈਦਾ ਹੋ ਰਹੇ ਪ੍ਰਤਿਕਰਮ ਲੜੀਵਾਰ ਵਾਪਰਦੇ ਜਾ ਰਹੇ ਹਨ। ਇਸ ਦੇ ਉਲਟ "ਮਿਹਰ ਗੁੱਲ" ਵਿਚ ਵਾਪਰ ਰਹੀਆਂ ਤਬਦੀਲਆਂ ਵਧੇਰੇ ਯਥਾਰਥਕ, ਠੋਸ ਅਤੇ ਮਣਾਵੀਆਂ ਹਨ, ਇਸੇ ਕਰਕੇ ਵਧੇਰੇ ਪ੍ਰਭਾਵ ਪਾਉਂਦੀਆਂ ਹਨ। ਉਸ ਦੇ ਲਫ਼ਜ਼ਾਂ ਨੂੰ ਲੈ ਕੇ ਆਲੇ-ਦੁਆਲੇ ਉਤੇ ਕੀਤੀ ਗਈ ਟਿੱਪਣੀ ਵੀ ਇਕ ਤਰ੍ਹਾਂ ਨਾਲ ਉਹਨਾਂ ਹਾਲਤਾਂ ਉਤੇ ਹੀ ਚਾਨਣ ਪਾਉਂਦੀ ਹੈ, ਜਿਹੜੀਆਂ ਨਵੀਆਂ ਹਨ; ਉਸ ਦੇ ਜੀਵਨ ਉਤੇ ਪ੍ਰਭਾਵ ਪਾ ਰਹੀਆਂ ਹਾਲਤਾਂ ਦਾ ਹੀ ਪਸਾਰ ਹਨ।

"ਬੁਹਤ ਨੇੜੇ - ਬਹੁਤ ਦੂਰ" ਅਤੇ "ਅਲੀ ਬਾਬਾ ਤੇ ਕਾਸਿਮ" ਦੋਵੇਂ ਕਹਾਣੀਆਂ ਨਵੇਂ' ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਦੀ ਅਸਮਰਥਾ ਦੇ ਅਹਿਸਾਸ ਵਿਚੋਂ ਪੈਦਾ ਹੋਈਆਂ ਹੋਈਆਂ ਹਨ। ਪਹਿਲੀ ਕਹਾਣੀ ਨੂੰ ਕਹਾਣੀ ਦਾ ਰੂਪ ਦੇਣ ਲਈ ਅਤੇ ਸਾਰੀਆਂ ਤੰਦਾਂ ਸਮੇਟਣ ਲਈ, ਲੇਖਕ ਨੂੰ ਖ਼ੁਦ ਅਖ਼ੀਰ ਉਤੇ ਟਿੱਪਣੀ ਕਰਨੀ ਪੈਂਦੀ ਹੈ_"ਨਾ ਤਾਰੇ ਨੂੰ ਪਤਾ ਸੀ ਕਿ ਚੀਕਾਂ ਉਸੇ ਨੇ ਕਢਾਈਆਂ ਸਨ।" ਇਹ ਬਾਹਰੋਂ ਟਿੱਪਣੀ ਹਮੇਸ਼ਾਂ ਹੀ ਕਹਾਣੀ ਦੀ ਬਣਤਰ ਵਿਚ ਕਮਜ਼ੋਰ ਕੁੜੀ ਹੁੰਦੀ ਹੈ। ਕਰਨੀ ਅਤੇ ਕਥਨੀ ਵਿਚਲੇ ਪਾੜੇ ਨੂੰ ਪਿਛੋਕੜ ਬਨਾਉਣਾ ਦੂਜੀ ਕਹਾਣੀ ਨੂੰ ਕੁਝ ਵਿਸ਼ਾਲ ਅਰਥ ਦੇ ਦੇਂਦਾ ਹੈ। ਦੋਹਾਂ ਕਹਾਣੀਆਂ ਵਿਚੋਂ ਉਘੜਦਾ ਵਿਅੰਗ ਜ਼ੋਰਦਾਰ ਰੂਪ ਧਾਰਨ ਕਰ ਸਕਦਾ ਹੈ, ਜੇ ਅਸੀਂ ਵਸਤ ਵਿਚਲੇ ਇਕ ਪੱਖ ਨੂੰ ਅੱਖੋਂ ਓਹਲੇ ਕਰ ਦੇਈਏ ਤਾਂ। ਉਹ ਪੱਖ ਇਹ ਹੈ ਕਿ ਦੋਹਾਂ ਕਹਾਣੀਆਂ ਵਿਚਲੀਆਂ ਕੁੜੀਆਂ ਸਮਾਜਕ ਅਤੇ ਆਰਥਿਕ ਪੱਖੋਂ ਵਧੇਰੇ ਸਮਰੱਥ ਹਨ, ਜਦ ਕਿ ਦੋਹਾਂ ਦੇ ਹੀ ਮੁੰਡੇ ਨੀਵੇਂ ਘਰਾਣਿਆਂ ਵਿਚੋਂ ਹਨ। ਇਸ ਲਈ ਲਿੰਗ ਨਿਪੁੰਸਕਤਾ ਦਾ ਕਾਰਨ ਸਰੀਰਕ ਨਹੀਂ, ਸਗੋਂ ਉਹ ਮਨ-ਗੁੰਝਲ ਹੈ ਜਿਹੜੇ ਉਮਰਾਂ ਦੀ ਆਰਥਕ ਅਤੇ ਸਮਾਜਕ ਨਾਬਰਾਬਰੀ ਦੇ ਅਹਿਸਾਸ ਵਿਚੋਂ ਉਪਜਦੀ ਹੈ ਅਤੇ ਜਿਸ ਨੂੰ ਦਮਗਜੇ ਮਾਰਨ ਨਾਲ ਨਹੀਂ ਖੋਲਿਆ ਜਾ ਸਕਦਾ। ਜੇ ਇਸ ਪੱਖੇ ਦੇਖੀਏ ਤਾਂ ਇਹ ਦੋਵੇਂ ਕਹਾਣੀਆਂ ਅਵਸਥਾ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ, ਵਿਅੰਗ ਨੂੰ ਨਹੀਂ। ਵੈਸੇ ਇਹ ਦੋਵੇਂ ਕਹਾਣੀਆਂ, ਆਪਣੇ ਵਸਤੂ ਦੇ ਬਣਤਰੀ ਅੰਸ਼ਾਂ ਕੇ ਰੁਕੇ ਦੁੱਗਲ ਦੀ ਕਹਾਣੀ "ਗੁਲਾਮ" ਦੀਆਂ ਸਾਕ ਹੋ ਨਿਬੜਦੀਆਂ ਹਨ।

ਇਸੇ ਤਰ੍ਹਾਂ ਇਸ ਸੰਗ੍ਰਹਿ ਵਿਚ ਕੁਝ ਹੋਰ ਕਹਾਣੀਆਂ ਹਨ, ਜਿਹੜੀਆਂ ਲਿੰਗਸੰਬੰਧਾਂ ਨੂੰ ਆਪਣਾ ਵਿਸ਼ਾ ਨਹੀਂ ਬਣਾਉਂਦੀਆਂ, ਪਰ ਪੁਰਾਣੇ ਵਲੋਂ ਨਵੇਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਦੀ ਅਸਮਰਥਾ ਨੂੰ ਪੇਸ਼ ਕਰਦੀਆਂ ਹਨ। ਇਹ ਕਹਾਣੀਆਂ ਉਪਰੋਕਤ ਕਹਾਣੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਨ। ਇਹਨਾਂ ਵਿਚ ਅਸੀਂ "ਬੈਰਿਸਟਰ ਸਾਹਿਬ", “ਦੋ ਆਨੇ ਦਾ ਘਾਹ" ਅਤੇ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ "ਤੂੜੀ ਦੀ ਪੰਡ" ਨੂੰ ਰੱਖ ਸਕਦੇ ਹਾਂ। "ਬੈਰਿਸਟਰ ਸਾਹਿਬ" ਵਿਚ ਇੱਛਤ ਰੁਤਬੇ ਦੀ ਪ੍ਰਾਪਤੀ ਨੇ ਪੰਡ" ਨਾਲ ਹੀ ਰਿਸ਼ਤੇਦਾਰੀਆਂ ਵਿਚ ਐਸੀ ਦੁਜੇਗੀ ਪੈਦਾ ਕਰ ਦਿੱਤੀ ਹੈ ਕਿ ਸਭ ਪਾਸਿਆਂ ਤੋਂ ਸੁਹਿਰਦ ਯਤਨਾਂ ਦੇ ਬਾਵਜੂਦ ਮੁੜ ਪਹਿਲਾਂ ਵਾਲੀ ਪ੍ਰੇਮ-ਭਾਵਨਾ ਅਤੇ ਨੇੜਤਾ ਸਥਾਪਤ ਨਹੀਂ ਹੋ ਸਕਦੀ। ਮਾਂ-ਪੁੱਤ ਦਾ ਰਿਸ਼ਤਾ ਵੀ ਇਸ ਬੇਗਾਨਗੀ ਦੀ ਲਪੇਟ ਵਿਚ ਆਉਣ ਤੋਂ ਨਹੀਂ ਬੱਚ ਸਕਿਆ। ਸਮੁੱਚੀ ਅਵਸਥਾ ਕਾਫ਼ੀ ਤਰਸਯੋਗ ਹੈ। ਇਸ ਦੇ ਮੁਕਾਬਲੇ ਉਤੇ "ਦੋ ਆਨੇ ਦਾ ਘਾਹ" ਇਕ ਕਰੜਾ ਵਿਅੰਗ ਹੈ। ਮੱਝਾਂ ਚਾਰਨ ਵਾਲੇ ਬੂਟਾ ਸਿੰਘ ਤੋਂ ਵੱਡੇ ਵੱਡੇ ਅਫ਼ਸਰਾਂ ਅਤੇ ਨੀਤੀਵਾਨਾਂ ਨੂੰ ਚਾਰ ਆਉਣ ਦਾ ਸਫ਼ਰ ਤੈਅ ਕਰ ਚੁੱਕਾ ਸਰਦਾਰ ਬੂਟਾ ਸਿੰਘ ਆਪਣੀਆਂ ਮੂਲ-ਬਿਰਤੀਆਂ ਵਿਚ ਫਿਰ ਵੀ ਪਸ਼ੂ ਦਾ ਪਸ਼ੂ ਰਹਿੰਦਾ ਹੈ, ਜਿਸ ਦੇ ਪ੍ਰਤਿਕਰਮ ਬੱਝੇ ਹੋਏ ਹਨ। ਉਚੇਰੇ ਮਰਾਤਬੇ ਦੀ ਪ੍ਰਾਪਤੀ ਉਸ ਨੂੰ ਵਿਹਾਰ ਦੀ ਉਚੇਰੀ ਪੱਧਰ ਉਤੇ ਨਹੀਂ ਲਿਜਾਂਦੀ। "ਤੂੜੀ ਦੀ ਪੰਡ" ਨਿਰਸੰਦੇਹ ਇਸ ਸੰਗ੍ਰਹਿ ਦੀ ਸਭ ਤੋਂ ਵਧੀਆ ਅਤੇ ਵਿਰਕ ਦੀਆਂ ਕੁਝ ਕੁ ਵਧੀਆ ਕਹਾਣੀਆਂ ਵਿਚੋਂ ਹੈ। ਕੱਖ, ਤੂੜੀ ਦੀ ਪੰਡ, ਵਗਦਾ ਦਰਿਆ, ਦਰਿਆ ਦਾ ਰੋੜ੍ਹ ਆਦਿ ਭਰਪੂਰ ਬਿੰਬ ਹਨ ਜਿਹੜੇ ਵਿਅਕਤੀ, ਸਮਾਜ, ਸਮਾਜ ਦੀ ਇਤਿਹਾਸਕ ਗਤੀ, ਇਸ ਗਤੀ ਦੀ ਅਟੱਲਤਾ ਅਤੇ ਇਸ ਨੂੰ ਠੱਲਣ ਦੇ ਕਿਸੇ ਵੀ ਯਤਨ ਦੀ ਨਿਰਾਰਥਕਤਾ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦੇ ਹਨ। ਤੂੜੀ ਦੀ ਪੰਡ ਤੇ ਵਗਦਾ ਦਰਿਆ ਵਿਅਕਤੀ, ਸਮਾਜ ਅਤੇ ਇਤਿਹਾਸ ਦੇ ਸੰਬਾਦਕ ਰਿਸ਼ਤੇ ਨੂੰ ਸਰਬਪੱਖੀ ਤਰਾਂ ਨਾਲ ਪੇਸ਼ ਕਰਦੇ ਹਨ। ਸਰਦਾਰ ਬਹਾਦਰ ਸਿੰਘ ਇਕ ਦੇਵ-ਕਦੇ ਹੋਸਤੀ ਵਾਂਗ ਸਾਹਮਣੇ ਆਉਂਦਾ ਹੈ ਜਿਹੜਾ ਸਮੇਂ ਦੇ ਵਹਿਣ ਨੂੰ ਠਲ੍ਹਣ ਅਤੇ ਮੌੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਹਾਰ ਅਟੱਲ ਹੈ ਅਤੇ ਇਸ ਉਤੇ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਤਾਂ ਵੀ ਬਹਾਦਰ ਸਿੰਘ ਸਾਡੀ ਹਮਦਰਦੀ ਦਾ ਪਾਤਰ ਬਣਿਆ ਰਹਿੰਦਾ ਹੈ, ਕਿਉਂਕਿ ਉਸ ਦੀ ਸਾਰੀ ਲੜਾਈ ਜ਼ਾਤ ਦੀ ਪੱਧਰ ਉਤੇ ਨਹੀਂ, ਕੀਮਤਾਂ ਦੀ ਪੱਧਰ ਉਤੇ ਹੈ; ਦੂਜਿਆਂ ਦੀ ਖ਼ਾਤਰ ਅਤੇ ਆਪਣੇ ਵਿਸ਼ਵਾਸਾਂ ਲਈ ਆਪਾ ਵਾਰਨ ਦਾ ਉਸ ਦਾ ਬੁਨਿਆਦੀ ਗੁਣ ਮਨੁੱਖੀ ਕਦਰਾਂ-ਕੀਮਤਾਂ ਦੇ ਪੈਮਾਨੇ ਉਤੇ ਫਿਰ ਵੀ ਉਚੇਰੀ ਥਾਂ ਰੱਖਦਾ ਹੈ। ਇਹ ਇਕ ਵੱਖਰੀ ਗੱਲ ਹੈ ਕਿ ਉਸ ਦੇ ਵਿਸ਼ਵਾਸ ਹੋਣੇ ਸਮੇਂ ਨੇ ਸਾਰਥਕ ਨਹੀਂ ਰਹਿਣ ਦਿੱਤੇ, ਅਤੇ ਇਸ ਗੱਲ ਦਾ ਅਹਿਸਾਸ ਉਸ ਨੂੰ ਉਦੇ ਹੁੰਦਾ ਹੈ ਜਦੋਂ ਉਹ ਆਪਣੀਆਂ ਸਾਰੀਆਂ ਤਾਕਤਾਂ ਇਹਨਾਂ ਦੀ ਰਾਖੀ ਲਈ ਦਾਅ ਉਤੇ ਲਾ ਚੁੱਕਦਾ ਅਤੇ ਹਾਰ ਜਾਂਦਾ ਹੈ।

"ਪੌਣਾ ਆਦਮੀ" ਇਕ ਹੋਰ ਐਸੀ ਕਹਾਣੀ ਹੈ ਜਿਹੜੇ ਵਿਅਕਤੀ, ਸਮਾਜ ਅਤੇ ਸਮੇਂ ਨੂੰ ਆਪਣੀ ਲਪੇਟ ਵਿਚ ਲੈਣ ਕਰਕੇ "ਤੁੜੀ ਦੀ ਪੰਡ" ਜਿੰਨੀ ਹੀ ਬਲਵਾਨ ਹੈ। ਵਿਰਕ ਇੱਕ ਸਚਾਈ ਨੂੰ ਬੜੇ ਸਰਲ ਅਤੇ ਸੁਭਾਵਕ ਜਿਹੇ ਤਰੀਕੇ ਨਾਲ ਪੇਸ਼ ਕਰ ਗਿਆ ਹੈ, ਜਿਸ ਨੂੰ ਸਮਝਾਉਣ ਲਈ ਬੁਧੀਮਾਨ ਸਿਆਸਤਦਾਨ ਦਲੀਲਾਂ ਦੇ ਢੇਰ ਲਾ ਛੱਡਦੇ ਹਨ। ਆਜ਼ਾਦੀ ਮਿਲਣ ਤੋਂ ਪਹਿਲਾਂ ਦੇਸ਼ ਦੇ ਅਮੀਰ ਵੀ ਅਤੇ ਗ਼ਰੀਬ ਵੀ ਪੂਰੇ ਆਦਮੀ ਨਹੀਂ ਸਨ, ਕਿਉਂਕਿ ਸਾਰੇ ਪਰਾਧੀਨ ਸਨ, ਉਹਨਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਸਭ ਕੁਝ ਹਾਕਮਾਂ ਦੇ ਰਹਿਮ ਉਤੇ ਸੀ। ਆਜ਼ਾਦੀ ਮਿਲਣ ਪਿਛੋਂ ਜਿਨ੍ਹਾਂ ਕੋਲ ਆਪਣਾ ਕੁਝ ਸੀ, ਉਹ ਤਾਂ ਉਸ ਦੇ ਪੂਰੇ ਮਾਲਕ ਹੋ ਗਏ ਅਤੇ ਪੂਰੇ ਮਨੁੱਖ ਬਣ ਗਏ। ਪਰ ਜਿਨ੍ਹਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਉਹ ਫਿਰ ਵੀ ਪਰਾਧੀਨ, ਪੂਰੇ ਬਣੇ ਮਨੁੱਖਾਂ ਦੇ ਰਹਿਮ ਉਤੇ, ਪੌਣੇ ਦੇ ਪੌਣੇ ਆਦਮੀ ਬਣੇ ਰਹੇ। ਅਸਿੱਧਾ ਸੁਝਾਅ ਇਹ ਹੈ ਕਿ ਕੀ ਉਹਨਾਂ ਨੂੰ ਵੀ ਪੂਰੇ ਆਦਮੀ ਬਣਾਉਣਾ ਹੈ ਜਾਂ ਕਿ ਪੌਣੇ ਆਦਮੀਆਂ ਦੀ ਕੌਮ ਨਾਲ ਹੀ ਗੁਜ਼ਾਰਾ ਚਲਾਈ ਜਾਣਾ ਹੈ? ਕਹਾਣੀ ਵਿਚ ਹੀ ਇਹ ਸੁਝਾਅ ਲੁਕਿਆ ਪਿਆ ਹੈ ਕਿ ਇਹ ਗੁਜ਼ਾਰਾ ਚਲਣਾ ਮੁਸ਼ਕਲ ਹੈ, ਕਿਉਂਕਿ ਪੰਣਾ ਆਦਮੀ ਆਪਣੇ ਅਧੂਰੇਪਣ ਤੋਂ ਚੇਤਨ ਹੋ ਚੁੱਕਾ ਹੈ ਅਤੇ ਇਸ ਕਸਰ ਨੂੰ ਪੂਰਿਆਂ ਕਰਨ ਲਈ ਯਤਨਸ਼ੀਲ ਹੈ।

ਵਿਸ਼ੇ-ਵਸਤੂ ਦੇ ਪੱਖੋਂ, ਵਿਰਕ ਦਾ ਇਕ ਪ੍ਰਧਾਨ ਗੁਣ ਉਸ ਦਾ ਮਾਨਵਵਾਦ ਹੈ। ਜਿਹੜਾ ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਮਿਲਦਾ ਹੈ, ਭਾਵੇਂ ਉਹ ਜੀਵਨ ਦੇ ਕਿਸੇ ਖੇਤਰ ਨਾਲ ਵੀ ਸੰਬੰਧਤ ਕਿਉਂ ਨਾ ਹੋਣ। ਮਾਨਵਵਾਦ ਤੋਂ ਭਾਵ ਉਹਨਾਂ ਸਾਰੀਆਂ ਹਾਲਤਾਂ ਵਲ ਧਿਆਨ ਦੁਆਉਣਾ ਹੈ, ਸਗੋਂ ਅਕਸਰ ਉਹਨਾਂ ਉਤੇ ਵਿਅੰਗ ਕੱਸਣਾ ਹੈ, ਜਿਹੜੀਆਂ ਹਾਲਤਾਂ ਮਨੁੱਖ ਨੂੰ ਦੁਖੀ ਕਰ ਰਹੀਆਂ ਹਨ, ਜਾਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਂਦੀਆਂ। ਇਸ ਵਿਚ ਖ਼ਾਸ ਕਰਕੇ ਇਹਨਾਂ ਹਾਲਤਾਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਉਸ ਦੀ ਹਮਦਰਦੀ ਹੁੰਦੀ ਹੈ। ਇਸ ਪੱਖੋਂ ਉਚੇਚੇ ਤੌਰ ਉਤੇ ਅਸੀਂ ਮੈਨੂੰ ਜਾਣਨੇ ?" ਕਹਾਣੀ ਦਾ ਜ਼ਿਕਰ ਕਰ ਸਕਦੇ ਹਾਂ। ਮਨੁੱਖ, ਮਨੁੱਖ ਇਸ ਕਰਕੇ ਹੈ ਕਿ ਉਹ ਇਕ ਸਮਾਜ ਵਿਚ ਰਹਿੰਦਾ ਹੈ, ਉਹ ਸਮਾਜ ਜਿਹੜਾ ਉਸ ਨੂੰ ਅਪਣਾਉਂਦਾ ਹੈ ਅਤੇ ਜਿਸ ਨੂੰ ਉਹ ਮਨੁੱਖ ਅਪਣਾਉਂਦਾ ਹੈ। ਇਹ ਇਕ ਦੁਵੱਲੀ ਪਛਾਣ ਹੈ, ਜਿਹੜੀ ਜੇ ਖ਼ਤਮ ਹੋ ਜਾਏ ਤਾਂ ਮਨੁੱਖ ਨੂੰ ਆਪਣੀ ਹਸਤੀ ਨਿਰਾਰਥ ਲੱਗਦੀ ਹੈ। ਇਸ ਪਛਾਣ ਦਾ ਝਾਵਲਾ ਪੈਣਾ ਹੀ ਹਸਤੀ ਵਿਚ ਅਰਥ ਭਰ ਦੇਂਦਾ ਹੈ, ਮਿੱਟੀ ਵਿਚ ਜਾਨ ਪੈਣ ਲੱਗਦੀ ਹੈ, ਸਪਨੇ ਜਾਗਣ ਲੱਗ ਪੈਂਦੇ ਹਨ। ਇਹ ਕਹਾਣੀ ਮਨੁੱਖ ਦੇ ਨਿਰੇ ਮਨੋ-ਵਿਗਿਆਨ ਨੂੰ ਨਹੀਂ, ਉਸ ਦੀ ਸਮੁੱਚੀ ਹਸਤੀ ਦੀ ਸੰਬਾਦਕਤਾ ਨੂੰ ਪੇਸ਼ ਕਰਦੀ ਹੈ। ਮਨੁੱਖਾ ਹਸਤੀ ਦਾ ਆਧਾਰ ਇਹ ਹੱਡ-ਮਾਸ ਦਾ ਸਰੀਰ ਨਹੀਂ, ਸਗੋਂ ਮਨੁੱਖੀ ਰਿਸ਼ਤਿਆਂ ਦਾ ਉਹ ਤਾਣਾ-ਪੇਟਾ ਹੈ, ਜਿਹੜਾ ਉਸ ਹਸਤੀ ਦੇ ਦੁਆਲੇ ਵਲਿਆ ਜਾਂਦਾ ਹੈ।

ਇਥੇ ਹੀ ਇਸ ਗੱਲ ਵੱਲ ਧਿਆਨ ਦੁਆਉਣਾ ਵੀ ਕੁਥਾਵੇਂ ਨਹੀਂ ਹੋਵੇਗਾ ਕਿ ਵਿਰਕ ਵਿਚ ਇਹ ਮਾਨਵਵਾਦ ਇਕ ਸਹਿਜ ਕਿਸਮ ਦਾ ਹੁੰਦਾ ਹੈ। ਉਸ ਵਿਚ ਤੀਖਣਤਾ ਜਾਂ ਤੇਜ਼ੀ ਨਹੀਂ। ਇਹ ਗੱਲ ਉਹਨਾਂ ਕਹਾਣੀਆਂ ਬਾਰੇ ਵੀ ਠੀਕ ਹੈ, ਜਿਨਾਂ ਦੇ ਵਿਸ਼ੇ ਵਸਤੁ ਦਾ ਸੰਬੰਧ ਜਿਨਸੀ ਵਤੀਰੇ ਨਾਲ ਹੈ। ਉਹ ਘਟਨਾ ਦੇ ਬਿਆਨ ਉਤੇ ਭਾਵਾਂ ਦੀ ਚਸ਼ਨੀ ਚੜਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਇਸ ਨੂੰ ਸਿੱਧੀ, ਸਪਸ਼ਟ, ਨਿਰਲੇਪ ਜਹੀ ਬੋਲੀ ਵਿਚ ਬਿਆਨ ਕਰ ਦੇਂਦਾ ਹੈ। 'ਅੰਦਰੋਂ ਕੁੰਡੀ ਮਾਰ ਮਾਸਟਰ ਜੀ 'ਤੇ ਹਿੰਦੀ ਇਕ ਮੰਜੀ 'ਤੇ ਲੇਟੇ ਹੋਏ ਸਨ ਪਰ ਅਮਲ ਅਮਲ ਦੀ ਰਟ ਲਾਉਣ ਵਾਲੇ ਮਾਸਟਰ ਜੀ ਤੋਂ ਅਮਲ ਇੰਨੀ ਦੂਰ ਸੀ ਜਿੰਨਾ ਮੱਸਿਆ ਦੀ ਰਾਤ ਤੋਂ ਚੰਨ। ਅਸਲ ਵਿਚ ਹਿੰਦੀ ਦੇ ਸਰੀਰ ਦਾ ਜੋਬਨ ਮਾਸਟਰ ਜੀ ਤੋਂ ਝੱਲਿਆ ਨਹੀਂ ਜਾਂਦਾ ਸੀ। ਗਾਰ ਦੀ ਅਥਾਹ ਦੌਲਤ ਨੇ ਗਰੀਬ ਕਾਸਿਮ ਦੇ ਮਨ ਨੂੰ ਫੇਹ ਸੁਟਿਆ ਸੀ ।’ (‘ਅਲੀ ਬਾਬਾ ਤੇ ਕਾਸਿਮ) । ਬਿਨਾਂ ਕਿਸੇ ਵਿਸਥਾਰ ਅਤੇ ਬਿਨਾਂ ਕਿਸੇ ਭਾਵਾਂ-ਲੱਦੇ ਬਿਆਨੀਆ ਸ਼ਬਦਾਵਲੀ ਦੇ, ਲੇਖਕ 'ਅਮਲ' ਦੀ ਪ੍ਰਕਿਰਤੀ ਨੂੰ, 'ਜੋਬਨ' ਨੂੰ ਅਤੇ 'ਜੋਬਨ' ਦੇ ਪ੍ਰਭਾਵ ਨੂੰ ਬਿਆਨ ਕਰ ਗਿਆ ਹੈ। ਧੀਮੀ ਸੁਰ ਵਿਚ ਯਥਾਰਥ ਦਾ ਬੋਧ ਕਰਾਉਣਾ ਚੰਗੇ ਵਾਰਤਕਕਾਰ ਦਾ ਹੀ ਗੁਣ ਹੁੰਦਾ ਹੈ। ਵਿਸ਼ੇ-ਵਸਤੂ ਦੇ ਉਪਰੋਕਤ ਸਾਰੇ ਵਿਸ਼ਲੇਸ਼ਣ ਤੋਂ ਇਹ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਵਿਰਕ ਨਿਗੁਣੇ ਤੱਥ ਤੋਂ ਲੈ ਕੇ ਵਿਸ਼ਾਲ ਇਤਿਹਾਸਕ ਵਰਤਾਰਿਆਂ ਨੂੰ ਆਪਣੀ ਕਹਾਣੀ ਵਿਚ ਸਮਾਉਣ ਦੀ ਸਮਰੱਥਾ ਰੱਖਦਾ ਹੈ। ਤਾਂ ਵੀ ਅਸੀਂ ਆਪਣੀ ਪਹਿਲਾਂ ਕਹੀ ਗੱਲ ਉਤੇ ਮੁੜ ਜ਼ੋਰ ਦੇਣਾ ਚਾਹਾਂਗੇ ਕਿ ਵਿਸ਼ੇ-ਵਸਤੂ ਦੇ ਪੱਖ ਵਿਰਕ ਵਿਚ ਇਕ ਇਕਹਿਰਾਪਣ ਹੈ, ਇਸ ਵਿਚ ਨਾ ਬਹੁਤੀਆਂ ਪਰਤਾਂ ਹਨ, ਨਾਂ ਬਹੁਤੀਆਂ ਦਿਸ਼ਾਵਾਂ। ਇਸੇ ਕਰਕੇ ਵਿਰਕ ਦੀ ਕਹਾਣੀ ਦਾ ਇਕ ਪਾਠ ਹੀ ਸਾਡੇ ਸਾਹਮਣੇ ਆਪਣਾ ਸਾਰਾ ਸੱਚ ਉਜਾਗਰ ਕਰ ਦੇਂਦਾ ਹੈ। ਮੁੜ ਮੁੜ ਕੇ ਪੜ੍ਹਨਾ ਸ਼ਾਇਦ ਸਵਾਦ ਤਾਂ ਦੇਵੇਗਾ, ਪਰ ਕਿਸੇ ਨਵੀਂ ਪਰਤ ਨੂੰ ਨਹੀਂ ਖੋਲ੍ਹੇਗਾ, ਕੋਈ ਨਵੀਂ ਦਿਸ਼ਾ ਸਾਹਮਣੇ ਨਹੀਂ ਲਿਆਇਗਾ।

ਇਹੀ ਗੱਲ ਵਿਰਕ ਦੀ ਕਹਾਣੀ ਦੇ ਬਣਤਰੀ-ਗੁਣਾਂ ਤੋਂ ਵੀ ਸਿੱਧ ਹੁੰਦੀ ਹੈ, ਜਿਹੜੇ ਨਿੱਕੀ ਕਹਾਣੀ ਦੇ ਟਕਸਾਲੀ ਗੁਣਾਂ ਨਾਲੋਂ ਵੱਖਰੇ ਹਨ। ਵਿਰਕ ਦੀ ਕੋਈ ਵੀ ਕਹਾਣੀ ਸ਼ਾਇਦ ਐਸੀ ਨਹੀਂ ਜਿਸ ਨੂੰ ਆਦਿ-ਮੱਧ-ਅੰਤ ਦੇ ਪੜਾਵਾਂ ਵਿਚ ਵੰਡਿਆ ਜਾ ਸਕੇ। ਜਿਸ ਵਿਚ ਕੋਈ ਗੁੰਝਲ ਪਵੇ, ਕੋਈ ਸਮੱਸਿਆ ਖੜੀ ਹੋਵੇ, ਜਿਸ ਨਾਲ ਉਤਸੁਕਤਾ ਪੈਦਾ ਹੋਵੇ ਅਤੇ ਤੀਖਣ ਹੁੰਦੀ ਜਾਏ ਅਤੇ ਜਿਸ ਦੇ ਅਖੀਰ ਉਤੇ ਗੁੰਝਲ ਖੁੱਲੇ, ਸਮੱਸਿਆ ਦਾ ਸਮਾਧਾਨ ਹੋ ਜਾਏ, ਉਤਸੁਕਤਾ ਸਿਖਰ ਨੂੰ ਛੂਹ ਕੇ ਸੰਤੁਸ਼ਟਤਾ ਦੀ ਮੰਜ਼ਿਲ ਉਤੇ ਪੁੱਜੇ। ਵਿਰਕ ਦੀਆਂ ਕਹਾਣੀਆਂ ਵਿਚ ਇਹਨਾਂ ਸਾਰੀਆਂ ਗੱਲਾਂ ਵਿਚੋਂ ਕੋਈ ਵੀ ਨਹੀਂ ਮਿਲੇਗੀ।

ਵਿਰਕ ਦੀ ਕਹਾਣੀ ਸਮੱਸਿਆ ਨਹੀਂ, ਤੱਥ ਪੇਸ਼ ਕਰਦੀ ਹੈ। ਇਸ ਵਿਚ ਉਤਸਕਤਾ ਪੈਦਾ ਕਰ ਕੇ ਆਪਣੇ ਆਪ ਨੂੰ ਖੋਲ੍ਹਣ ਦਾ ਸੁਭਾਅ ਨਹੀਂ, ਸਗੋਂ ਪੇਸ਼ ਕੀਤੇ ਕੰਬ ਦੇ ਵੱਖੋ ਵੱਖਰੇ ਪ੍ਰਗਟਾਵਿਆਂ ਨੂੰ ਪੇਸ਼ ਕਰ ਕੇ ਇਹ ਤੱਥ ਸਾਡੇ ਮਨਾਂ ਵਿਚ ਬਿਠਾਉਣ ਦਾ ਸੁਭਾਅ ਹੈ। ਅਕਸਰ ਜਿਸ ਤੱਥ ਵਲ ਵਿਰਕ ਸਾਡਾ ਧਿਆਨ ਦੁਆਉਣਾ ਚਾਹੁੰਦਾ ਹੈ, ਉਹ ਤੱਥ ਸ਼ੁਰੂ ਵਿਚ ਹੀ ਜਾਂ ਬਹੁਤੀਆਂ ਸੂਰਤਾਂ ਵਿਚ ਕਹਾਣੀ ਦੇ ਅੱਧ ਤੋਂ ਪਹਿਲਾਂ ਪਹਿਲਾਂ ਪੇਸ਼ ਕਰ ਦੇਂਦਾ ਹੈ। ਬਾਕੀ ਕਹਾਣੀ ਉਸ ਤੱਥ ਦੀ ਵਿਆਖਿਆ, ਵਿਸਥਾਰ ਜਾਂ ਉਸ ਦੇ ਵੱਖੋ ਵੱਖਰੇ ਪ੍ਰਗਟਾਵਾਂ ਦਾ ਵਰਨਣ ਹੁੰਦੀ ਹੈ। ਕਿਉਂਕਿ ਕੋਈ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਇਸ ਲਈ ਉਸ ਨੂੰ ਹਲ ਕਰਨ ਲਈ ਕਿਸੇ ਚਾਨਣ ਦੇ ਝਲਕਾਰੇ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਜ਼ਿੰਦਗੀ ਦੇ ਕਿਸੇ ਤੱਥ ਨੂੰ ਅਤੇ ਆਮ ਤੌਰ ਉਤੇ ਇਸ ਵਿਚ ਆਏ ਨਵੇਂ ਤੱਥ ਨੂੰ ਸਰਲਤਾ ਨਾਲ ਅਤੇ ਸਹਿਜ-ਸੁਭਾਅ ਪੇਸ਼ ਕਰ ਜਾਣਾ ਵਿਰਕ ਦੀ ਕਹਾਣੀ-ਕਲਾ ਦੀ ਪੂਰਤੀ ਹੈ।

ਪਰ ਇਸ ਸਹਿਜ ਸੁਭਾਅ ਪੇਸ਼ਕਾਰੀ ਦਾ ਖ਼ਾਸਾ ਇੰਨਾ ਅਚੇਤ, ਜਾਂ ਆਪੇ ਵਾਪਰਿਆ ਨਹੀਂ ਜਿੰਨਾ ਵਿਰਕੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਇਸ ਕਹਾਣੀ ਸੰਗਹਿ ਦੇ ਮੁੱਖਬੰਧ ਵਿਚ ਲਿਖਦਾ ਹੈ : 'ਇਕ ਚੁੱਭੀਮਾਰ ਆਪਣੇ ਮਾਲਕ ਲਈ ਸਮੁੰਦਰ ਵਿਚ ਚੁੱਭੀ ਮਾਰਦਾ ਹੈ ਤੇ ਜੋ ਕੁਝ ਉਹਦੇ ਹੱਥਾਂ ਪੈਰਾਂ ਨੂੰ ਰੜਕੇ ਤੇ ਜਿਸ ਦੇ ਕੁਝ ਕੰਮ ਦਾ ਹੋਣ ਦਾ ਖ਼ਿਆਲ ਹੋਵੇ, ਉਹ ਉਨ੍ਹਾਂ ਨੂੰ ਚੁੱਕ ਲਿਆਉਂਦਾ ਹੈ। ਉਨ੍ਹਾਂ ਦੇ ਮੁੱਲ ਦਾ ਅਜੇ ਉਸ ਨੂੰ ਕੋਈ ਬਹੁਤਾ ਗਿਆਨ ਨਹੀਂ। ਇਹ ਉਸ ਦੀ ਮੂਰਖਤਾ ਹੋਵੇਗੀ ਕਿ ਜੋ ਚੀਜ਼ ਉਸ ਦੇ ਮਾਲਕ ਨੂੰ ਵਧੀਆ ਲੱਗੇ ਉਸ ਬਾਰੇ ਉਹ ਕਹੇ ਕਿ ਇਹ ਉਸ ਨੇ ਸਮਝ ਸੋਚ ਕੇ ਖ਼ਾਸ ਮਿਹਨਤ ਨਾਲ ਕੱਢ ਕੇ ਲਿਆਂਦੀ ਹੈ। ਤੇ ਇਹ ਉਸ ਤੋਂ ਵੀ ਵੱਡੀ ਮੂਰਖਤਾ ਹੋਵੇਗੀ ਕਿ ਉਹ ਹੋਰ ਚੁੱਭੀਮਾਰਾਂ ਵਿਚ ਤੇ ਆਮ ਲੋਕਾਂ ਵਿਚ ਇਹ ਪਰਚਾਰ ਕਰਨਾ ਆਰੰਭ ਦੇਵੇ ਕਿ ਵਧੀਆ ਚੀਜ਼ਾਂ ਕੱਢਣ ਦਾ ਫ਼ਲਾਣਾ ਤਰੀਕਾ ਹੈ। ਇਸ ਸਾਰੇ ਕੁਝ ਵਿਚੋਂ ਲੇਖਕ ਦੀ ਨਿਮਰਤਾ ਦਾ ਹੀ ਝਲਕਾਰਾ ਮਿਲਦਾ ਹੈ, ਰਚਨਾ-ਪ੍ਰਕਿਰਿਆ ਦੇ ਆਪ-ਮੁਹਾਰੀ ਜਾਂ ਅਚੇਤ ਹੋਣ ਦਾ ਨਹੀਂ। ਇਸ ਤਰਾਂ ਕਰ ਕੇ ਵਿਰਕ ਨੇ ਪਰਖਣ ਦੀ ਗੇਂਦ ਆਲੋਚਕ ਵੇਲ ਸੁੱਟ ਦਿੱਤੀ ਹੈ । | ਪਰ ਲੇਖਕੇ ਸਿਰਫ਼ ਚੁੱਭੀਮਾਰ ਹੀ ਨਹੀਂ ਹੁੰਦਾ, ਸਗੋਂ ਉਹ ਆਪਣੇ ਲੱਭੇ ਮੋਤੀਆਂ ਤੇ ਕੀਮਤੀ ਪੱਥਰਾਂ ਨੂੰ ਲਿਸ਼ਕਾ ਕੇ, ਬਣਾ ਸੰਵਾਰ ਕੇ ਪੇਸ਼ ਕਰਨ ਵਾਲਾ ਜੌਹਰੀ ਹੁੰਦਾ ਹੈ। ਸਹਿਜ-ਸੁਭਾਵਕਤਾ ਅਸਲ ਵਿਚ ਕਲਾਹੀਣਤਾ ਦਾ ਨਾਂ ਨਹੀਂ, ਸਗੋਂ ਅਭਿਆਸ ਅਤੇ ਪ੍ਰੌਢਤਾ ਵਿਚੋਂ ਨਿਕਲਿਆ ਗੁਣ ਹੁੰਦਾ ਹੈ। ਲੇਖਕ ਵਲੋਂ ਸਾਧਾਰਣ ਵਿਅਕਤੀ ਨਾਲ ਸਾਂਝ ਪਾਉਣ ਦੇ ਚੇਤਨ ਯਤਨ ਦਾ ਸਿੱਟਾ ਹੁੰਦਾ ਹੈ। ਇਸ ਚੇਤਨ ਯਤਨ ਦਾ ਪਤਾ ਉਥੇ ਲੱਗਦਾ ਹੈ, ਜਿਥੇ ਇਹ ਕਲਾਤਮਕਤਾ ਦੀਆਂ ਸੀਮਾਂ ਤੋੜ ਦੇਂਦਾ ਹੈ। ਵਿਰਕ ਵੀ ਇਸ ਚੇਤਨ ਯਤਨ ਤੋਂ ਖ਼ਾਲੀ ਨਹੀਂ, ਉਹ ਵੀ ਫ਼ਿਕਰਮੰਦ ਹੁੰਦਾ ਹੈ ਕਿ ਉਸ ਦੀ ਕਹਾਣੀ ਦੇ ਵਿਸ਼ੇ-ਵਸਤੂ ਨੂੰ ਠੀਕ ਚਾਨਣ ਵਿਚ ਲਿਆ ਜਾਏ। ਪਰ ਇਸ ਯਤਨ ਦਾ ਪਤਾ ਉਥੇ ਹੀ ਲੱਗਦਾ ਹੈ, ਜਿਥੇ ਉਹ ਕਹਾਣੀ ਦੇ ਬਾਹਰੋਂ ਹੋ ਕੇ ਬੋਲਣ ਲੱਗ ਪੈਂਦਾ ਹੈ। "ਮਿੱਨੀ ਦੀ ਸਲੇਟ" ਵਰਗੀ ਵਧੀਆ ਕਹਾਣੀ ਲੇਖਕ ਵਲੋਂ ਟਿੱਪਣੀ ਕਰਨ ਦੀ ਉਤਸੁਕਤਾ ਨੇ ਵਧੀਆ ਨਹੀਂ ਰਹਿਣ ਦਿੱਤੀ । ਕਹਾਣੀ ਦਾ ਆਖ਼ਰੀ ਫ਼ਿਕਰਾ - ਹੋ ਸਕਦਾ ਹੈ ਕਿ ਮਿੰਨੀ ਦਾ ਵੀ ਚੁਪ-ਚੁਪੀਤੇ ਉਨ੍ਹਾਂ ਦੀ ਪਰਧਾਨਗੀ ਬਾਰੇ ਇਹੀ ਖ਼ਿਆਲ ਹੋਵੇ'-ਪ੍ਰਤੱਖ ਤੌਰ ਉਤੇ ਲੇਖਕ ਵਲੋਂ ਕਿਹਾ ਗਿਆ ਹੈ, ਜਿਹੜਾ ਮਿੰਨੀ ਦੇ ਪਾਤਰ ਦੀ ਮਾਸੂਮੀਅਤ ਨੂੰ ਭੰਗ ਕਰਦਾ ਹੈ। ਇਸ ਤੋਂ ਪਹਿਲਾ ਫ਼ਿਕਰਾ - ਬੱਚੀ ਦੀ ਇਹ ਗੱਲ ਸੁਣ ਕੇ ਗਿੱਲ ਸਾਹਿਬ ਹੱਸ ਪਏ। ਉਨ੍ਹਾਂ ਦਾ ਖ਼ਿਆਲ ਸੀ ਕਿ ਇੱਕ ਪੁਰਾਣੀ ਸਲੇਟ ਮਿਲਣ 'ਤੇ ਕਿਸੇ ਦਾ ਖ਼ੁਸ਼ ਹੋਣਾ ਇਕ ਬੜੀ ਹਾਸੇ ਵਾਲੀ ਗਲ ਸੀ' - ਵੀ ਲੇਖਕ ਵਲੋਂ ਕੀਤੀ ਗਈ ਟਿੱਪਣੀ ਹੈ ਪਰ ਇਹ ‘ਗਿੱਲ ਸਾਹਿਬ' ਦੇ ਖ਼ਿਆਲ ਨੂੰ ਪੇਸ਼ ਕਰਦੀ ਹੈ, ਉਨਾਂ ਦੇ ਸੁਭਾਅ ਦੇ ਅਨੁਕੂਲ ਹੈ, ਇਸ ਲਈ ਇਹ ਕਹਾਣੀ ਦੇ ਅੰਦਰ ਹੋ ਕੇ ਕੀਤੀ ਗਈ ਟਿੱਪਣੀ ਹੈ ਜਿਹੜੀ ਲੇਖਕ ਵਲੋਂ ਲਿਖੇ ਗਏ ਆਖ਼ਰੀ ਵਾਕ ਦੇ ਅਰਥਾਂ ਨੂੰ ਵੀ ਸਮਾਈ ਬੈਠੀ ਹੈ। ਕਹਾਣੀ ਅਸਲ ਵਿਚ ਇਥੇ ਹੀ 117 ਖ਼ਤਮ ਹੋ ਜਾਂਦੀ ਹੈ।

ਸਮੁੱਚੇ ਤੌਰ ਉਤੇ ਵਿਸ਼ੇ-ਵਸਤੂ ਦੇ ਪੱਖੋਂ ਵੀ ਅਤੇ ਇਸ ਦੇ ਨਿਭਾਹ ਦੇ ਪੱਖੋਂ ਵੀ ਇਸ ਸੰਗ੍ਰਹਿ ਵਿਚ ਕਈ ਕਹਾਣੀਆਂ ਹਨ, ਜਿਨ੍ਹਾਂ ਨਾਲ ਵਿਰਕ ਨੇ ਆਪਣੇ ਲਈ ਵੀ ਅਤੇ ਪੰਜਾਬੀ ਨਿੱਕੀ ਕਹਾਣੀ ਲਈ ਵੀ ਮਾਪ ਕਾਇਮ ਕਰ ਦਿੱਤਾ ਹੈ। ਇਸ ਪੱਖੋਂ ਖ਼ਾਸ ਕਰਕੇ "ਤੂੜੀ ਦੀ ਪੰਡ", "ਪੌਣਾ ਆਦਮੀ", "ਦੋ ਆਨੇ ਦਾ ਘਾਹ" ਆਦਿ ਦਾ ਨਾਂ ਲਿਆ ਜਾ ਸਕਦਾ ਹੈ।

(1981)