ਸਮੱਗਰੀ 'ਤੇ ਜਾਓ

ਪਰਦੇਸੀ ਢੋਲਾ/ਕਲਾਮ ਵਲੈਤੀ ਮੁੰਡੇ ਦਾ ਅਪਣੇ ਬਾਪ ਨਾਲ਼

ਵਿਕੀਸਰੋਤ ਤੋਂ
ਪਰਦੇਸੀ ਢੋਲਾ
 ਅਮਰਜੀਤ ਚੰਦਨ
ਕਲਾਮ ਵਲੈਤੀ ਮੁੰਡੇ ਦਾ ਅਪਣੇ ਬਾਪ ਨਾਲ਼
70252ਪਰਦੇਸੀ ਢੋਲਾ — ਕਲਾਮ ਵਲੈਤੀ ਮੁੰਡੇ ਦਾ ਅਪਣੇ ਬਾਪ ਨਾਲ਼ਅਮਰਜੀਤ ਚੰਦਨ

ਕਲਾਮ ਵਲੈਤੀ ਮੁੰਡੇ ਦਾ ਅਪਣੇ ਬਾਪ ਨਾਲ਼

1

ਮਨ ਦੇ ਓ ਪਰਦੇਸੀਓ
ਸਭ ਦੇਸ ਪਰਾਏ।
ਨਦੀ ਪਹਾੜੋਂ ਉਤਰੇ
ਨਾ ਮੁੜ ਕੇ ਜਾਏ।
ਉਹ ਤਾਂ ਛਾਲ਼ਾਂ ਮਾਰਦੀ
ਵਲ ਸਾਗਰ ਧਾਏ।

ਤੁਸੀਂ ਕੀ ਅਣਹੋਣੀ ਕਰਦੇ
ਨਦੀਆ ਬੰਨ੍ਹ ਕੇ
ਦਿਲ ਦੇ ਖੂਹ ਨੂੰ ਭਰਦੇ।

ਲੋਕ ਹੁੰਦੇ ਸਨ ਆਖਦੇ
ਕਿ ਮੁੜ ਕੇ ਕਦੇ ਨਾ ਆਂਵਦੇ
ਪੰਛੀ ਤੇ ਪਰਦੇਸੀ
ਕਿਹੋ ਜਹੇ ਤੁਸੀਂ ਪੰਛੀ
ਕਿਹੋ ਜਹੇ ਪਰਦੇਸੀ
ਉਡ ਉਡ ਕੇ ਨੇ ਜਾਂਵਦੇ
ਜੋ ਅਪਣੇ ਦੇਸੀਂ।
ਦੇਸ ਤਾਂ ਯਾਰੋ ਐਸਾ ਬਣ ਹੈ
ਨਾ ਕੋਈ ਰੁੱਖ ਤੇ ਨਾ ਕੋਈ ਪੰਛੀ
ਨਾ ਕੋਈ ਅੱਖ ਸੱਜਣ ਹੈ।

2
ਕੋਈ ਤਾਂ ਹੈ ਯਾਦਾਂ ਦਾ ਮੋਢਾ
ਜਿਸ ਉੱਤੇ ਸਿਰ ਰੱਖ ਕੇ
ਤੁਸੀਂ ਰੋ ਸਕਦੇ ਹੋ।
ਕੋਈ ਤਾਂ ਹੈ ਯਾਦਾਂ ਦਾ ਰਸਤਾ
ਜਿਸ ਉੱਤੇ ਚਲ ਕੇ
ਤੁਸੀਂ ਹੋ ਸਕਦੇ ਹੋ।
ਪਰ ਕੀ ਕਰੀਏ
ਹੁਣ ਕਿਸ ਨੂੰ ਕਹੀਏ?
ਨਾ ਕੋਈ ਰਸਤਾ ਨਾ ਕੋਈ ਮੋਢਾ
ਰੋਣਾ ਤਾਂ ਕੀ ਅਸੀਂ ਹੋ ਨਹੀਂ ਸਕਦੇ।

ਕਦੇ ਕਦਾਈਂ ਇੰਡੀਆ ਜਾਵਾਂ
ਕੋਈ ਨ ਜਾਣੇ ਕਿਸਦਾ ਜਾਇਆ।
ਉਹ ਤਾਂ ਆਖਣ ਹੋਈ ਕੀ 'ਗਰਬਰ'
ਕੌਣ ਅੰਗਰੇਜ਼ ਫ਼ਰੰਗੀ ਗੋਰਾ
ਗਿਟਮਿਟ ਕਰਦਾ
ਸਾਹਬ ਵਲੈਤੀ ਬਾਹਰੋਂ ਆਇਆ।

ਮੈਂ ਸਾਹਬ ਵਲੈਤੀ
ਉਸ ਪਿਉ ਦਾ ਜਾਇਆ
ਜੋ ਕੋਠੀ ਬੰਗਲ਼ਿਆਂ ਸੋਨੇ ਖ਼ਾਤਿਰ
ਬੇਵਤਨਾ ਬੇਗ਼ੈਰਤ ਹੋ ਕੇ
ਦੇਸ ਬੇਗਾਨੇ ਨੱਠਾ ਆਇਆ।

ਮੇਰੀ ਬੋਲੀ ਦਾ ਹੈਂ ਕਾਤਿਲ ਤੂੰ
ਮੇਰੇ ਸੁਪਨੇ ਦਾ ਹੈਂ ਕਾਤਿਲ ਤੂੰ
ਮੇਰੇ ਹਾਸੇ ਯਾਦਾਂ ਰੀਝਾਂ ਦਾ
ਮੇਰੀ ਖੁਸ਼ਬੂ ਦਾ ਹੈਂ ਕਾਤਿਲ ਤੂੰ।

ਮੈਂ ਵੀ ਤੇਰਾ ਸੁਪਨੇ ਜਾਇਆ
ਸਵੇਰ ਪਹਿਰ ਦਾ ਸੁਪਨਾ
ਮੈਂ ਵੀ ਚਾਹਵਾਂ ਪੂਰਾ ਕਰ ਲਾਂ
ਰੂਪ ਕਹਿਰ ਦਾ ਸੁਪਨਾ।

ਮੇਰੇ ਇਸ ਸੁਪਨੇ ਦੀ ਬੋਲੀ
ਤੈਨੂੰ ਸਮਝ ਨਾ ਆਏ
ਕਿੰਜ ਤੈਨੂੰ ਸਮਝਾਵਾਂ ਆਖ਼ਿਰ
ਮੈਨੂੰ ਸਮਝ ਨਾ ਆਏ।

ਛੋਕਰਵਾਧਾ ਗ੍ਹਾਲ਼ਾਂ ਕਢਦਾ:
ਪਾਕੀ, ਕਾਲ਼ਾ, ਕੰਜਰ
ਨ ਕਦੇ ਦਿਖਾਏ ਤੈਨੂੰ
ਮੈਂ ਸੀਨੇ ਵੱਜਦੇ ਖ਼ੰਜਰ।

ਪਾਕੀ ਤੋਂ ਫਿਰ ਪੰਕੀ ਬਣ ਕੇ
ਬਦਲੇ ਅਪਣੇ ਨੈਮ
ਗੁਰਪਾਲ ਤੋਂ ਗੈਰੀ ਬਣਗੇ
ਸਰਬਜੀਤ ਤੋਂ ਸੈਮ।

3
ਦੇਸੋਂ ਚਲ ਕੇ ਲੰਦਨ ਉਤਰੇ
ਜੇਬੀਂ ਸਨ ਤਿੰਨ ਖ਼ਾਬ-
ਪਹਿਲਾ ਖ਼ਾਬ ਸੀ ਘਰ ਦਾ ਮਿੱਠਾ
ਦੂਜਾ ਉੱਚੀ ਜਾਬ
ਤੀਜਾ ਖ਼ਾਬ ਸੀ ਪੁਤ ਧੀਆਂ ਦਾ
ਫਸਿਆ ਵਿਚ ਅਜ਼ਾਬ।

ਸ਼ੀਸ਼ੇ ਵਾਂਙੂੰ ਤਿਤਕੇ ਸੁਪਨੇ
ਖਿਲਰੇ ਬਣ ਕੇ ਕੰਡੇ
ਪਲਕਾਂ ਨਾ' ਇਹ ਚੁਗ ਨਹੀਂ ਹੋਣੇ
ਅੰਗ ਹੋਣਗੇ ਠੰਢੇ।

ਅੱਧੀ ਉਮਰ ਤਾਂ ਸ਼ਿਫ਼ਟਾਂ ਖਾ ਲਈ
ਬਾਕੀ ਖਾ ਲਈ ਕਿਸ਼ਤਾਂ
ਨਾ ਕੋਈ ਤੇਰੇ ਦਿਲ ਦਾ ਜਾਨੀ
ਰੋਵੇਂ ਜਾ ਕੇ ਕਿਸ ਥਾਂ।

ਨਾ ਹੁਣ ਮੋਰ ਕਲਹਿਰੀ ਬੋਲੇ
ਨਾ ਚੰਨ ਚਾਨਣੀ ਖਿੜਦੀ
ਨ ਹੁਣ ਬੂਰ ਅੰਬਾਂ 'ਤੇ ਪੈਂਦਾ
ਹੁਣ ਨ੍ਹੀਂ ਜਵਾਨੀ ਭਿੜਦੀ।

ਹਰ ਪਾਸੇ ਜਦ ਕੋਈ ਨਾ ਦਿਸਦਾ
ਲੈ ਬੈਠੇਂ ਫੇਰ ਗਲਾਸੀ
ਆਪੇ ਕੈਦ ਸਹੇੜੀ ਕੋਲ਼ੋਂ
ਹੋਣੀ ਨ੍ਹੀਂ ਖ਼ਲਾਸੀ॥