ਪਾਦਰੀ ਸੇਰਗਈ/6

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

6

ਪਾਦਰੀ ਸੇਰਗਈ ਨੇ ਤਪੱਸਿਆ ਵਿਚ ਸੱਤ ਸਾਲ ਹੋਰ ਗੁਜ਼ਾਰ ਦਿਤੇ। ਸ਼ੁਰੂ ਵਿਚ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ-ਚਾਹ, ਚੀਨੀ, ਚਿੱਟੀ ਡਬਲ-ਰੋਟੀ, ਦੁੱਧ, ਕਪੜੇ ਤੇ ਲਕੜੀਆਂ ਆਦਿ, ਜੋ ਉਸ ਲਈ ਲਿਆਂਦੀਆਂ ਜਾਂਦੀਆਂ ਸਨ, ਲੈ ਲੈਂਦਾ ਸੀ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਉਹ ਆਪਣੇ ਜੀਵਨ ਨੂੰ ਜ਼ਿਆਦਾ ਕਰੜਾ ਬਣਾਉਂਦਾ ਗਿਆ, ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਦਾ ਗਿਆ ਤੇ ਅਖ਼ੀਰ ਹਫਤੇ ਵਿਚ ਇਕ ਵਾਰੀ ਕਾਲੀ ਰੋਟੀ ਖਾਣ ਦੇ ਇਲਾਵਾ ਸਭ ਚੀਜ਼ਾਂ ਦਾ ਉਸਨੇ ਤਿਆਗ ਕਰ ਦਿਤਾ। ਬਾਕੀ ਸਾਰੀਆਂ ਚੀਜ਼ਾਂ ਉਹ ਆਪਣੇ ਪਾਸ ਆਉਣ ਵਾਲੇ ਗਰੀਬਾਂ ਵਿਚ ਵੰਡ ਦੇਂਦਾ।

ਪਾਦਰੀ ਸੇਰਗਈ ਆਪਣਾ ਸਾਰਾ ਸਮਾਂ ਕੋਠੜੀ ਵਿਚ ਪ੍ਰਾਰਥਨਾ ਜਾਂ ਦਰਸ਼ਕਾਂ ਨਾਲ ਗੱਲਬਾਤ ਕਰਨ ਵਿਚ ਬਿਤਾਉਂਦਾ। ਦਰਸ਼ਨਾਂ ਲਈ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ। ਪਾਦਰੀ ਸੇਰਗਈ ਸਾਲ ਵਿਚ ਤਿੰਨ ਕੁ ਵਾਰ ਗਿਰਜਾਘਰ ਜਾਣ ਲਈ ਜਾਂ ਫਿਰ ਜ਼ਰੂਰਤ ਹੋਣ ਉਤੇ ਲਕੜੀ-ਪਾਣੀ ਲਿਆਉਣ ਦੀ ਖ਼ਾਤਰ ਬਾਹਰ ਨਿਕਲਦਾ।

ਐਸੇ ਜੀਵਨ ਦੇ ਪੰਜ ਸਾਲਾਂ ਪਿਛੋਂ ਮਾਕੋਵਕਿਨਾ ਵਾਲੀ ਘਟਨਾ ਵਾਪਰੀ, ਜਿਸਦੀ ਜਲਦੀ ਹੀ ਸਾਰੇ ਪਾਸੇ ਖਬਰ ਫੈਲ ਗਈ। ਲੋਕਾਂ ਨੂੰ ਪਤਾ ਲਗ ਗਿਆ ਕਿ ਕਿਵੇਂ ਉਹ ਰਾਤ ਵੇਲੇ ਆਈ ਸੀ, ਇਸਦੇ ਪਿਛੋਂ ਉਸ ਵਿਚ ਕੀ ਤਬਦੀਲੀ ਹੋਈ ਤੇ ਉਹ ਮਨ ਵਿਚ ਚਲੀ ਗਈ। ਇਸ ਘਟਨਾ ਤੋਂ ਪਿਛੋਂ ਪਾਦਰੀ ਸੇਰਗਈ ਦਾ ਜੱਸ ਹੋਰ ਵੀ ਵਧਣ ਲੱਗਾ। ਦਰਸ਼ਨ ਅਭਿਲਾਸ਼ੀਆਂ ਦੀ ਗਿਣਤੀ ਵਧਦੀ ਗਈ, ਉਸਦੀ ਕੋਠੜੀ ਦੇ ਆਸ-ਪਾਸ ਸਾਧੂ ਰਹਿਣ ਲਗੇ, ਲਾਗੇ ਹੀ ਗਿਰਜਾਘਰ ਅਤੇ ਹੋਸਟਲ ਬਣ ਗਿਆ। ਜਿਸ ਤਰ੍ਹਾਂ ਕਿ ਹਮੇਸ਼ਾ ਹੁੰਦਾ ਹੈ, ਉਸਦੀ ਮਸ਼ਹੂਰੀ, ਵਧਾ ਚੜ੍ਹਾ ਕੇ ਬਿਆਨ ਕੀਤੀ ਜਾਂਦੀ, ਜਿਵੇਂ ਕਿ ਹਮੇਸ਼ਾ ਹੁੰਦਾ ਹੀ ਹੈ -ਦਿਨੋਂ ਦਿਨ ਦੂਰ ਦੂਰ ਤਕ ਫੈਲਦੀ ਗਈ; ਬਹੁਤ ਦੂਰ ਦੂਰ ਤੋਂ ਲੋਕੀਂ ਉਸ ਕੋਲ ਆਉਣ ਲੱਗੇ ਬਿਮਾਰਾਂ ਨੂੰ ਲਿਆਉਣ ਲਗੇ, ਕਿਉਂਕਿ ਇਹ ਮੰਨਿਆ ਜਾਣ ਲਗਾ ਕਿ ਉਹ ਉਹਨਾਂ ਨੂੰ ਰਾਜ਼ੀ ਕਰਨ ਦੀ ਸ਼ਕਤੀ ਰਖਦਾ ਹੈ।

ਤਪੱਸਿਆ ਦੇ ਅੱਠਵੇਂ ਸਾਲ ਉਸਨੇ ਪਹਿਲੇ ਰੋਗੀ ਨੂੰ ਰਾਜ਼ੀ ਕੀਤਾ ਸੀ। ਉਹ ਚੌਦਾਂ ਸਾਲ ਦਾ ਲੜਕਾ ਸੀ। ਜਿਸ ਨੂੰ ਉਸਦੀ ਮਾਂ ਪਾਦਰੀ ਸੇਰਗਈ, ਕੋਲ ਲਿਆਈ ਤੇ ਪ੍ਰਾਰਥਨਾ ਕੀਤੀ ਕਿ ਉਹ ਲੜਕੇ ਦੇ ਸਿਰ ਉਤੇ ਆਪਣਾ ਹੱਥ ਰਖੇ। ਪਾਦਰੀ ਸੇਰਗਈ ਨੇ ਤਾਂ ਕਦੀ ਐਸਾ ਸੋਚਿਆ ਵੀ ਨਹੀਂ ਸੀ ਕਿ ਉਹ ਰੋਗੀਆਂ ਨੂੰ ਠੀਕ ਕਰ ਸਕਦੈ। ਐਸੇ ਵਿਚਾਰ ਨੂੰ ਉਹ ਘੁੰਮਡ ਦੇ ਰੂਪ ਵਿਚ ਮਹਾਂ ਪਾਪ ਮੰਨਦਾ ਸੀ। ਪਰ ਲੜਕੇ ਦੀ ਮਾਂ ਲਗਾਤਾਰ ਬੇਨਤੀਆਂ ਕਰਦੀ ਰਹੀ, ਉਸਦੇ ਪੈਰੀਂ ਪੈਂਦੀ ਤੇ ਇਹ ਕਹਿੰਦੀ ਰਹੀ ਕਿ ਉਹ ਦੂਸਰਿਆਂ ਦੇ ਦੁੱਖ ਦੂਰ ਕਰਦਾ ਹੈ ਤਾਂ ਉਸਦੇ ਲੜਕੇ ਦੀ ਮਦਦ ਕਿਉਂ ਨਹੀਂ ਕਰਦਾ? ਉਸਨੇ ਈਸਾ ਮਸੀਹ ਦੇ ਨਾਂ ਉਤੇ ਤਰਲਾ ਮਾਰਿਆ। ਪਾਦਰੀ ਸੇਰਗਈ ਨੇ ਕਿਹਾ ਕਿ ਸਿਰਫ ਪ੍ਰਮਾਤਮਾ ਹੀ ਉਸਦੇ ਬੇਟੇ ਨੂੰ ਰਾਜ਼ੀ ਕਰ ਸਕਦਾ ਹੈ। ਉਸ ਦੇ ਜਵਾਬ ਵਿਚ ਉਸਨੇ ਕਿਹਾ ਕਿ ਉਹ ਤਾਂ ਸਿਰਫ਼ ਉਸਦੇ ਲੜਕੇ ਦੇ ਸਿਰ ਉਤੇ ਹੱਥ ਰਖਕੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੀ ਹੈ। ਪਾਦਰੀ ਸੇਰਗੇਈ ਨੇ ਇਨਕਾਰ ਕਰ ਦਿਤਾ ਅਤੇ ਆਪਣੀ ਕੋਠੜੀ ਵਿਚ ਚਲਾ ਗਿਆ। ਪਰ ਅਗਲੇ ਦਿਨ (ਪੱਤਝੜ ਦਾ ਮੌਸਮ ਸੀ ਅਤੇ ਰਾਤਾਂ ਠੰਢੀਆਂ ਹੋ ਚੁਕੀਆਂ ਸਨ) ਜਦੋਂ ਉਹ ਪਾਣੀ ਲਿਆਉਣ ਲਈ ਆਪਣੀ ਕੋਠੜੀ ਤੋਂ ਬਾਹਰ ਨਿਕਲਿਆ, ਤਾਂ ਪੀਲੇ ਚਿਹਰੇ ਵਾਲੇ ਚੌਦਾਂ ਸਾਲ ਦੇ ਰੋਗੀ ਬੇਟੇ ਨਾਲ ਉਸੇ ਮਾਂ ਨੂੰ ਉਥੇ ਖੜੋਤੇ ਵੇਖਿਆ: ਤੇ ਉਹ ਫਿਰ ਹੱਥ-ਪੈਰ ਜੋੜਨ ਲਗੀ। ਪਾਦਰੀ ਸੇਰਗਈ ਨੂੰ ਅਨਿਆਈਂ ਜੱਜ ਦੀ ਕਥਾ ਯਾਦ ਆ ਗਈ ਤੇ ਜੇ ਉਸਨੂੰ ਪਹਿਲਾਂ ਇਸ ਗੱਲ ਦਾ ਜ਼ਰਾ ਵੀ ਸੰਦੇਹ ਨਹੀਂ ਸੀ ਕਿ ਉਸਨੂੰ ਇਨਕਾਰ ਕਰ ਦੇਣਾ ਚਾਹੀਦੈ, ਤਾਂ ਹੁਣ ਉਹ ਸੰਦੇਹ ਵਿਚ ਪੈ ਗਿਆ। ਸੰਦੇਹ ਪੈਦਾ ਹੁੰਦਿਆਂ ਹੀ ਉਹ ਪ੍ਰਾਰਥਨਾ ਕਰਨ ਲਗ ਪਿਆ ਤੇ ਉਦੋਂ ਤਕ ਪ੍ਰਾਰਥਨਾ ਕਰਦਾ ਰਿਹਾ, ਜਦੋਂ ਤਕ ਕਿ ਉਹ ਆਪਣੀ ਆਤਮਾ ਵਿਚ ਕਿਸੇ ਨਤੀਜੇ ਤੱਕ ਨਾ ਪੁੱਜ ਗਿਆ। ਉਸਦਾ ਨਤੀਜਾ ਇਹ ਸੀ ਕਿ ਉਸਨੂੰ ਉਸ ਔਰਤ ਦੀ ਪ੍ਰਾਰਥਨਾ ਪੂਰੀ ਕਰਨੀ ਚਾਹੀਦੀ ਹੈ, ਸੰਭਵ ਹੈ ਕਿ ਉਸਦਾ ਵਿਸ਼ਵਾਸ ਉਸਦੇ ਬੇਟੇ ਦੀ ਜਾਨ ਬਚਾ ਦੇਵੇ ਤੇ ਉਸ ਹਾਲਤ ਵਿਚ ਉਹ ਪ੍ਰਮਾਤਮਾ ਦੀ ਇੱਛਾ ਦਾ ਇਕ ਤੁੱਛ ਜਿਹਾ ਸਾਧਨ ਹੀ ਹੋਵੇਗਾ।

ਪਾਦਰੀ ਸੇਰਗਈ ਬਾਹਰ ਨਿਕਲਿਆ, ਮਾਂ ਦੀ ਇੱਛਾ ਅਨੁਸਾਰ ਬਿਮਾਰ ਲੜਕੇ ਦੇ ਸਿਰ ਉਤੇ ਹੱਥ ਧਰਕੇ ਪ੍ਰਾਰਥਨਾ ਕਰਨ ਲਗਾ।

ਮਾਂ ਆਪਣੇ ਬੇਟੇ ਨੂੰ ਲੈ ਕੇ ਚਲੀ ਗਈ ਤੇ ਇਕ ਮਹੀਨੇ ਪਿਛੋਂ ਲੜਕਾ ਰਾਜ਼ੀ ਹੋ ਗਿਆ। ਗੁਰੂ ਸੇਰਗਈ,(ਜਿਵੇਂ ਕਿ ਹੁਣ ਲੋਕ ਉਸਨੂੰ ਕਹਿੰਦੇ ਸਨ) ਦੀ ਚਮਤਕਾਰੀ ਰਾਜ਼ੀ ਕਰਨ ਦੀ ਸ਼ਕਤੀ ਦੀ ਚਰਚਾ ਦੂਰ ਦੂਰ ਤਕ ਫੈਲ ਗਈ। ਇਸ ਦੇ ਪਿਛੋਂ ਤਾਂ ਇਕ ਹਫਤਾ ਵੀ ਐਸਾ ਨਾ ਲੰਘਦਾ ਜਦੋਂ ਬਿਮਾਰਾਂ ਨੂੰ ਲੈ ਕੇ ਲੋਕ ਉਸ ਕੋਲ ਨਾ ਆਉਂਦੇ। ਜੇ ਉਹ ਇਕ ਵਾਰੀ ਐਸਾ ਕਰਨ ਲਈ ਮੰਨ ਗਿਆ ਸੀ, ਤਾਂ ਹੁਣ ਦੂਸਰਿਆਂ ਨੂੰ ਵੀ ਇਨਕਾਰ ਨਹੀਂ ਕਰ ਸਕਦਾ ਸੀ। ਇਸ ਲਈ ਉਹ ਉਹਨਾਂ ਉਤੇ ਹੱਥ ਰਖਕੇ ਪ੍ਰਾਰਥਨਾ ਕਰਦਾ, ਬਹੁਤ ਸਾਰੇ ਲੋਕੀਂਂ ਰਾਜ਼ੀ ਵੀ ਹੋ ਜਾਂਦੇ ਤੇ ਇਸ ਤਰ੍ਹਾਂ ਪਾਦਰੀ ਸੇਰਗਈ ਦੀ ਪ੍ਰਸਿੱਧਤਾ ਹੋਰ ਵੀ ਅੱਗੇ ਤੋਂ ਅੱਗੇ ਵਧਦੀ ਗਈ।

ਇਸ ਤਰ੍ਹਾਂ ਸੱਤ ਸਾਲ ਮਠਾਂ ਵਿਚ ਤੇ ਤੇਰ੍ਹਾਂ ਇਕਾਂਤਵਾਸ ਵਿਚ ਬੀਤ ਗਏ। ਪਾਦਰੀ ਸੇਰਗਈ ਹੁਣ ਬਜ਼ੁਰਗ ਲਗਦਾ ਸੀ, ਉਸਦੀ ਦਾੜ੍ਹੀ ਲੰਮੀ ਤੇ ਚਿੱਟੀ ਸੀ, ਪਰ ਵਾਲ, ਜੋ ਵਿਰਲੇ ਰਹਿ ਗਏ ਸਨ, ਅਜੇ ਵੀ ਕਾਲੇ ਤੇ ਘੁੰਘਰਾਲੇ ਸਨ।