ਸਮੱਗਰੀ 'ਤੇ ਜਾਓ

ਪਾਦਰੀ ਸੇਰਗਈ/9

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

9

"ਸੋ ਤੁਹਾਡਾ ਕਹਿਣਾ ਇਹ ਹੈ ਕਿ ਆਦਮੀ ਆਪਣੇ ਆਪ ਨਹੀਂ ਸਮਝ ਸਕਦਾ ਕਿ ਕੀ ਚੰਗਾ ਹੈ, ਕੀ ਮਾੜਾ; ਕਿ ਸਾਰੀ ਗੱਲ ਮਾਹੌਲ ਦੀ ਹੈ, ਕਿ ਮਾਹੌਲ ਹੀ ਬੰਦੇ ਨੂੰ ਚੰਗਾ ਜਾਂ ਮਾੜਾ ਬਣਾਉਂਦਾ ਹੈ। ਪਰ ਮੈਂ ਖਿਆਲ ਕਰਦਾ ਹਾਂ ਕਿ ਸਾਰੀ ਗੱਲ ਸਬੱਬ ਦੀ ਹੈ। ਤੇ ਮੈਂ ਤੁਹਾਨੂੰ ਆਪਣੇ ਬਾਰੇ ਇਹ ਦੱਸ ਸਕਦਾ ਹਾਂ।"

ਸਾਡੇ ਸਤਿਕਾਰਯੋਗ ਈਵਾਨ ਵਾਸੀਲੀਏਵਿਚ ਨੇ ਗੱਲਬਾਤ ਦੇ ਅਖੀਰ ਵਿਚ ਜਿਹੜੀ ਸਾਡੇ ਵਿਚਕਾਰ ਚਲ ਰਹੀ ਸੀ ਕਿ ਕਿਹਾ ਨਿੱਜੀ ਸੰਪੂਰਨਤਾ ਲਈ ਸਭ ਤੋਂ ਪਹਿਲਾਂ ਉਸ ਮਾਹੌਲ ਨੂੰ ਬਦਲਣ ਦੀ ਲੋੜ ਹੁੰਦੀ ਹੈ, ਜਿਸ ਵਿਚ ਲੋਕ ਰਹਿ ਰਹੇ ਹੁੰਦੇ ਹਨ। ਅਸਲ ਵਿਚ ਇਹ ਗੱਲ ਕਿਸੇ ਨੂੰ ਨਹੀਂ ਸੀ ਕਹੀ ਕਿ ਬੰਦਾ ਆਪੇ ਨਹੀਂ ਸਮਝ ਸਕਦਾ ਕਿ ਕੀ ਚੰਗਾ ਹੈ ਤੇ ਕੀ ਮਾੜਾ, ਪਰ ਈਵਾਨ ਵਾਸੀਲੀਏਵਿਚ ਦਾ ਢੰਗ ਹੀ ਐਸਾ ਸੀ ਕਿ ਉਹ ਬਹਿਸ ਨਾਲ ਉਸਦੇ ਮਨ ਵਿਚ ਪੈਦਾ ਹੋਏ ਖਿਆਲਾਂ ਦਾ ਜਵਾਬ ਦੇਣ ਲਗ ਪੈਂਦਾ ਸੀ ਤੇ ਇਹਨਾਂ ਖਿਆਲਾਂ ਦੇ ਸੰਬੰਧ ਵਿਚ ਆਪਣੇ ਜੀਵਨ ਵਿਚੋਂ ਘਟਨਾਵਾਂ ਦਸਣੀਆਂ ਸ਼ੁਰੂ ਕਰ ਦਿੰਦਾ ਸੀ। ਅਕਸਰ ਉਹ ਕਹਾਣੀ ਵਿਚ ਏਨਾਂ ਖੁਭ ਜਾਂਦਾ ਹੈ ਕਿ ਉਹ ਕਹਾਣੀ ਸੁਨਾਉਣ ਦੇ ਕਾਰਨ ਨੂੰ ਭੁੱਲ ਜਾਂਦਾ, ਖਾਸ ਕਰਕੇ ਇਸਲਈ ਕਿ ਉਹ ਹਮੇਸ਼ਾਂ ਹੀ ਏਨੇ ਜੋਸ਼ ਤੇ ਸੁਹਿਰਦਤਾ ਨਾਲ ਕਹਾਣੀ ਸੁਣਾਉਂਦਾ।

ਐਤਕੀਂ ਵੀ ਉਸਨੇ ਇਸੇ ਤਰ੍ਹਾਂ ਹੀ ਕੀਤਾ।

"ਆਪਣੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ। ਮੇਰੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਾਲ ਢਲੀ ਏ, ਨਾ ਕਿ ਹੋਰ ਕਿਸੇ ਤਰ੍ਹਾਂ ਨਾਲ-ਮਾਹੌਲ ਕਾਰਨ ਨਹੀਂ ਸਗੋਂ ਬਿਲਕੁਲ ਕਿਸੇ ਹੋਰ ਕਾਰਨ।"

"ਕਿਸ ਚੀਜ਼ ਦੇ ਕਾਰਨ?" ਅਸੀਂ ਪੁੱਛਿਆ। "ਇਹ ਇਕ ਲੰਮੀ ਕਹਾਣੀ ਏ। ਇਹਨੂੰ ਸਮਝਾਉਣ ਲਈ ਕਾਫੀ ਲੰਮੀ ਕਹਾਣੀ ਸੁਨਾਉਣੀ ਪਵੇਗੀ।"

"ਤਾਂ ਠੀਕ ਏ, ਸੁਣਾਓ ਫਿਰ।"

ਈਵਾਨ ਵਾਸੀਲੀਏਵਿਚ ਨੇ ਘੜੀ ਕੁ ਲਈ ਸੋਚਿਆ ਤੇ ਸਿਰ ਹਿਲਾਇਆ।

"ਮੇਰੀ ਸਾਰੀ ਜ਼ਿੰਦਗੀ ਨੂੰ ਇਕ ਰਾਤ ਨੇ ਬਦਲ ਕੇ ਰੱਖ ਦਿਤਾ ਸੀ," ਉਹ ਬੋਲਿਆ, "ਸਗੋਂ, ਇਕ ਸਵੇਰ ਨੇ।"

"ਕਿਉਂ, ਕੀ ਗੱਲ ਵਾਪਰੀ ਸੀ?"

"ਗੱਲ ਇਹ ਵਾਪਰੀ ਸੀ ਕਿ ਮੈਂ ਬਹੁਤ ਬੁਰੀ ਤਰ੍ਹਾਂ ਪਿਆਰ ਵਿਚ ਡੁੱਬਾ ਹੋਇਆ ਸਾਂ। ਇਸ਼ਕ ਮੈਂ ਬਥੇਰੀ ਵਾਰੀ ਕੀਤੇ, ਪਰ ਇਸ ਵਾਰ ਇਹ ਸਭ ਤੋਂ ਜ਼ੋਰਾਵਾਰ ਸੀ। ਗੱਲ ਇਹ ਬੜੀ ਪੁਰਾਣੀ ਏ: ਉਸਦੀਆਂ ਧੀਆਂ ਵੀ ਵਿਆਹੀਆਂ ਵਰ੍ਹੀਆਂ ਜਾ ਚੁੱਕੀਐ। ਉਹਦਾ ਨਾਂ ਬ ਸੀ—ਹਾਂ, ਵਾਰੇਨਕਾ ਬ..." ਈਵਾਨ ਵਾਸੀਲੀਏਵਿਚ ਨੇ ਉਸਦਾ ਪ੍ਰਵਾਰਕ ਨਾਂ ਲਿਆ। "ਉਹ ਤਾਂ ਪੰਜਾਹ ਸਾਲਾਂ ਦੀ ਵੀ ਅਸਾਧਾਰਨ ਤੌਰ ਉਤੇ ਖੂਬਸੂਰਤ ਸੀ। ਪਰ ਜਦੋਂ ਉਹ ਅਠਾਰਾਂ ਸਾਲਾਂ ਦੀ ਮੁਟਿਆਰ ਸੀ ਤਾਂ ਉਹ ਨਿਰਾ ਸੁਪਨਾ ਸੀ: ਉੱਚੀ-ਲੰਮੀ, ਪਤਲੀ, ਛਬ-ਭਰੀ, ਠਾਠਦਾਰ,—ਹਾਂ, ਠਾਠਦਾਰ। ਉਹ ਹਮੇਸ਼ਾ ਆਪਣੇ ਆਪ ਨੂੰ ਇੰਝ ਸਿੱਧੀ ਰਖਦੀ ਸੀ ਜਿਵੇਂ ਕਿ ਉਹ ਝੁਕ ਹੀ ਨਾ ਸਕਦੀ ਹੋਵੇ; ਉਸਦਾ ਸਿਰ ਜ਼ਰਾ ਕੁ ਪਿੱਛੇ ਨੂੰ ਝੁਕਿਆ ਰਹਿੰਦਾ ਸੀ; ਇਹ ਚੀਜ਼, ਉਸਦੀ ਸੁੰਦਰਤਾ ਤੇ ਉੱਚੇ ਕੱਦ ਨਾਲ ਮਿਲ ਕੇ, ਭਾਵੇਂ ਕਿ ਉਹ ਏਨੀ ਪਤਲੀ ਸੀ ਕਿ ਨਿਰਾ ਪਿੰਜਰ ਲਗਦੀ ਸੀ, ਉਸਨੂੰ ਮਹਾਰਾਣੀਆਂ ਵਾਲੀ ਦਿੱਖ ਦੇ ਦਿੰਦੀ ਸੀ, ਜਿਹੜੀ ਬੰਦੇ ਵਿਚ ਸਹਿਮ ਪੈਦਾ ਕਰ ਸਕਦੀ ਸੀ। ਜੇ ਨਾਲ ਹੀ ਉਹਦੇ ਖੁਸ਼ਦਿਲ, ਮੋਹ ਲੈਣ ਵਾਲੀ ਮੁਸਕ੍ਰਾਹਟ ਨਾ ਹੁੰਦੀ ਤੇ ਉਹ ਚਿਹਰਾ, ਤੇ ਉਹ ਜਾਦੂ ਭਰੀਆਂ ਚਮਕਦੀਆਂ ਅੱਖਾਂ, ਤੇ ਉਹ ਸਾਰਾ ਮਨਮੋਹਣਾ, ਜੋਬਨ ਭਰਿਆ ਵਜੂਦ ਨਾ ਹੁੰਦਾ।

"ਈਵਾਨ ਵਾਸੀਲੀਏਵਿਚ ਤਾਂ ਕਿਆ ਤਸਵੀਰ ਖਿੱਚ ਕੇ ਰਖ ਦੇਂਦੈ!"

"ਮੈਂ ਕਿੰਨੀ ਵੀ ਤਸਵੀਰ ਕਿਉਂ ਨਾ ਖਿੱਚਾਂ, ਤਾਂ ਵੀ ਐਸੀ ਤਸਵੀਰ ਨਹੀਂ ਖਿੱਚ ਸਕਦਾ, ਜਿਸਤੋਂ ਤੁਸੀਂ ਸਮਝ ਸਕੋ ਕਿ ਉਹ ਕੀ ਸੀ। ਪਰ ਗੱਲ ਇਹ ਨਹੀਂ। ਮੈਂ ਜਿਹੜੀਆਂ ਘਟਨਾਵਾਂ ਦਸਣ ਲੱਗਾ ਹਾਂ ਇਹ ਚਾਲ੍ਹੀਵਿਆਂ ਵਿਚ ਵਾਪਰੀਆਂ ਸਨ।

"ਮੈਂ ਉਦੋਂ ਸੂਬਾਈ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਸਾਂ। ਮੈਨੂੰ ਨਹੀਂ ਪਤਾ ਇਹ ਚੰਗੀ ਗੱਲ ਸੀ ਜਾਂ ਮਾੜੀ, ਪਰ ਉਹਨਾਂ ਦਿਨਾਂ ਵਿਚ ਸਾਡੀ ਯੂਨੀਵਰਸਿਟੀ ਵਿਚ ਕੋਈ ਸਟੱਡੀ ਸਰਕਲ ਕੋਈ ਸਿਧਾਂਤ ਨਹੀਂ ਸੀ ਹੁੰਦਾ, ਅਸੀਂ ਬੱਸ ਨੌਜਵਾਨ ਹੁੰਦੇ ਸਾਂ ਤੇ ਨੌਜਵਾਨਾਂ ਵਾਂਗ ਰਹਿੰਦੇ ਸਾਂ-ਪੜ੍ਹਨਾ ਤੇ ਮੌਜ-ਮੇਲਾ ਕਰਨਾ। ਮੈਂ ਬੜਾ ਖੁਸ਼ਦਿਲ ਤੇ ਚੁਸਤ-ਫੁਰਤ ਮੁੰਡਾ ਹੁੰਦਾ ਸਾਂ, ਤੇ ਨਾਲ ਅਮੀਰ ਵੀ। ਮੇਰੇ ਕੋਲ ਬੜੇ ਤੇਜ਼-ਤਰਾਰ ਘੋੜੇ ਹੁੰਦੇ ਸਨ ਤੇ ਮੈਂ ਕੁੜੀਆਂ ਨੂੰ ਸਲੈਂਜ ਵਿਚ ਪਹਾੜੀ ਤੋਂ ਹੇਠਾਂ ਲਿਜਾਇਆ ਕਰਦਾ ਸਾਂ। (ਸਕੇਟਿੰਗ ਦਾ ਅੱਜੇ ਫੈਸ਼ਨ ਨਹੀਂ ਸੀ ਚੱਲਿਆ); ਆਪਣੇ ਸਾਥੀਆਂ ਨਾਲ ਰਲ ਕੇ ਖੂਬ ਸ਼ਰਾਬ ਪੀਣੀ (ਉਹਨਾਂ ਦਿਨਾਂ ਵਿਚ ਅਸੀਂ ਸਿਰਫ ਸ਼ੈਮਪੇਨ ਪੀਂਦੇ ਹੁੰਦੇ ਸਾਂ; ਜੇ ਸਾਡੇ ਕੋਲ ਪੈਸੇ ਨਾ ਹੁੰਦੇ, ਤਾਂ ਅਸੀਂ ਕੁਝ ਨਾ ਪੀਂਦੇ, ਕਿਉਂਕਿ ਅਸੀਂ ਕਦੀ ਵੋਦਕਾ ਨਹੀਂ ਸਾਂ ਪੀਂਦੇ, ਜਿਸ ਤਰ੍ਹਾਂ ਹੁਣ ਪੀਂਦੇ ਨੇ); ਪਰ ਸਭ ਤੋਂ ਵਧ ਖੁਸ਼ੀ ਮੈਨੂੰ ਸ਼ਾਮ ਦੀਆਂ ਪਾਰਟੀਆਂ ਤੇ ਨਾਚ ਪਾਰਟੀਆਂ ਵਿਚ ਜਾ ਕੇ ਹੁੰਦੀ। ਨੱਚ ਮੈਂ ਚੰਗਾ ਲੈਂਦਾ ਸਾਂ, ਤੇ ਬਦਸ਼ਕਲ ਵੀ ਨਹੀਂ ਸਾਂ।"

"ਛੱਡੋ, ਬਹੁਤੀ ਨਿਮਰਤਾ ਨਾ ਦਿਖਾਓ," ਸੁਨਣ ਵਾਲਿਆਂ ਵਿਚੋਂ ਇਕ ਬੋਲਿਆ। "ਅਸੀਂ ਤੁਹਾਡੀ ਇਕ ਪੁਰਾਣੀ ਲੱਥੀ ਤਸਵੀਰ ਦੇਖੀ ਹੋਈ ਏ। ਤੁਸੀਂ ਬਦਸ਼ਕਲ ਦੀ ਗੱਲ ਕਰਦੇ ਹੋ! ਤੁਸੀਂ ਤਾਂ ਸਚਮੁਚ ਖੂਬਸੂਰਤ ਹੁੰਦੇ ਸੋ।"

"ਖੂਬਸੂਰਤ ਸਾਂ ਜਾਂ ਨਹੀਂ, ਗੱਲ ਇਹ ਨਹੀਂ ਸੀ ਜਿਹੜੀ ਮੈਂ ਕਹਿਣੀ ਚਾਹੁੰਦਾ ਸਾਂ। ਗੱਲ ਇਹ ਸੀ ਕਿ ਇਸ ਸਭ ਤੋਂ ਜ਼ੋਰਾਵਰ ਇਸ਼ਕ ਦੇ ਦੌਰਾਨ ਮੈਂ ਗੁਬੇਰਨੀਆ ਦੇ ਮੁਖੀ ਰਾਠ ਵਲੋਂ ਸ਼ਰਵਟਾਈਡ ਦੇ ਆਖਰੀ ਦਿਨ ਦਿਤੀ ਗਈ ਨਾਚ-ਪਾਰਟੀ ਵਿਚ ਸ਼ਾਮਲ ਹੋਇਆ, ਇਹ ਮੁਖੀ ਰਾਠ ਇਕ ਚੰਗੇ ਸੁਭਾਅ ਵਾਲਾ ਬਜ਼ੁਰਗ ਸੀ, ਅਮੀਰ ਸੀ, ਚੰਗੀ ਆਓ-ਭਗਤ ਕਰਦਾ ਸੀ ਤੇ ਦਰਬਾਰੀ ਆਦਮੀ ਸੀ। ਉਸਦੀ ਪਤਨੀ, ਉਸੇ ਵਰਗੀ ਹੀ ਮਿਲਣਸਾਰ, ਸਾਡੇ ਸੁਆਗਤ ਲਈ ਉਸਦੇ ਨਾਲ ਖੜੀ ਸੀ। ਉਸਨੇ ਭੂਰੀ ਮਖਮਲ ਦਾ ਗਾਊਨ ਪਾਇਆ ਹੋਇਆ ਸੀ ਤੇ ਆਪਣੇ ਵਾਲਾਂ ਵਿਚ ਇਕ ਹੀਰੇ ਦੀ ਜੜਾਊ ਟੋਪੀ ਲਾ ਰਖੀ ਸੀ, ਤੇ ਉਸਦੀ ਬੁੱਢੀ ਹੋ ਰਹੀ ਧੌਣ ਤੇ ਮੋਢੇ, ਗੁਦਗੁਦੇ ਤੇ ਗੋਰੇ, ਨੰਗੇ ਸਨ ਜਿਸ ਤਰ੍ਹਾਂ ਯੇਲਿਜ਼ਾਵੇਤਾ ਪਿਤਰੋਵਨਾ ਦੀ ਪੋਰਟਰੇਟ ਹੁੰਦੀ ਹੈ। ਨਾਚ-ਪਾਰਟੀ ਬੇਹੱਦ ਸ਼ਾਨਦਾਰ ਸੀ। ਨਾਚ ਵਾਲਾ-ਕਮਰਾ ਬੜਾ ਸੁੰਦਰ ਸੀ, ਇਕ ਖਾਸ ਭੂਮੀਪਤੀ ਦੇ, ਜਿਹੜੇ ਆਪ ਸੰਗੀਤ ਦਾ ਸ਼ੌਕ ਰਖਦਾ ਸੀ, ਪ੍ਰਸਿੱਧ ਭੂਮੀ-ਗੁਲਾਮ ਗਵਈਏ ਤੇ ਸਾਜ਼ਿੰਦੇ ਆਏ ਹੋਏ ਸਨ, ਖਾਣ ਨੂੰ ਬੜਾ ਕੁਝ ਸੀ, ਸ਼ੈਮਪੇਨ ਦੀਆਂ ਨਦੀਆਂ ਵਗ ਰਹੀਆਂ ਸਨ। ਭਾਵੇਂ ਮੈਨੂੰ ਸ਼ੈਮਪੇਨ ਬੜੀ ਚੰਗੀ ਲਗਦੀ ਸੀ, ਪਰ ਮੈਂ ਪੀਤੀ ਨਾ-ਮੈਨੂੰ ਪਿਆਰ ਦਾ ਨਸ਼ਾ ਚੜ੍ਹਿਆ ਹੋਇਆ ਸੀ। ਪਰ ਮੈਂ ਉਦੋਂ ਤੱਕ ਨੱਚਦਾ ਰਿਹਾ ਜਦੋਂ ਤੱਕ ਮੇਰੇ ਵਿਚ ਹਿੰਮਤ ਸੀ—ਮੈਂ ਕਾਦਰੀਲ ਨਾਚ ਕੀਤਾ, ਤੇ ਵਾਲਟਜ਼, ਤੇ ਪੋਲਕਾ, ਤੇ ਬੇਸ਼ਕ, ਜਿੰਨਾ ਵਧ ਤੋਂ ਵਧ ਹੋ ਸਕਦਾ ਸੀ, ਵਾਰੇਨਕਾ ਨਾਲ ਨੱਚਿਆ। ਉਸਨੇ ਚਿੱਟੇ ਕਪੜੇ ਪਾਏ ਹੋਏ ਸਨ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਚਿੱਟੇ ਨਰਮ ਚਮੜੇ ਦੇ ਦਸਤਾਨੇ ਪਾਏ ਹੋਏ ਸਨ ਜਿਹੜੇ ਉਸਦੀਆਂ ਪਤਲੀਆਂ, ਨੋਕੀਲੀਆਂ ਅਰਕਾਂ ਤੱਕ ਨਹੀਂ ਸਨ ਪਹੁੰਚਦੇ, ਤੇ ਚਿੱਟੇ ਅਤਲਸ ਦੇ ਸਲੀਪਰ ਪਾਏ ਹੋਏ ਸਨ। ਇਕ ਅਨੀਸੀਮੋਵ ਨਾਂ ਦਾ ਇੰਨਜੀਨੀਅਰ ਮਾਜ਼ੂਰਕਾ ਨੱਚਣ ਵੇਲੇ ਉਸਨੂੰ ਮੇਰੇ ਕੋਲੋਂ ਲੈ ਗਿਆ। ਮੈਂ ਉਸਨੂੰ ਅੱਜ ਤੱਕ ਨਹੀਂ ਮੁਆਫ਼ ਕਰ ਸਕਿਆ। ਉਹ ਜਿਉਂ ਹੀ ਨਾਚ ਵਾਲੇ ਕਮਰੇ ਵਿਚ ਪੁੱਜੀ, ਇੰਜੀਨੀਅਰ ਨੇ ਉਸਨੂੰ ਸੱਦਾ ਦਿੱਤਾ, ਜਦ ਕਿ ਮੈਂ ਹੇਅਰ-ਡਰੈਸਰ ਵੱਲ, ਦਸਤਾਨਿਆਂ ਲਈ, ਚਲਾ ਗਿਆ ਸਾਂ, ਜਿਸ ਕਰਕੇ ਮੈਨੂੰ ਜ਼ਰਾ ਕੁ ਦੇਰ ਹੋ ਗਈ ਸੀ। ਤੇ ਇਸ ਤਰ੍ਹਾਂ ਮਾਜ਼ੂਰਕਾ ਉਸ ਨਾਲ ਨੱਚਣ ਦੀ ਥਾਂ ਮੈਂ ਇਕ ਜਰਮਨ ਕੁੜੀ ਨਾਲ ਨੱਚਿਆ, ਜਿਸ ਨਾਲ ਮੇਰੇ ਕਦੀ ਸੰਬੰਧ ਰਹੇ ਸਨ। ਪਰ ਮੈਨੂੰ ਡਰ ਏ ਕਿ ਮੈਂ ਉਸ ਸ਼ਾਮ ਉਸ ਵਲੋਂ ਬਹੁਤ ਬੇਧਿਆਨਾ ਰਿਹਾ। ਮੈਂ ਉਸ ਨਾਲ ਗੱਲਬਾਤ ਨਾ ਕੀਤੀ, ਨਾ ਹੀ ਉਸ ਵੱਲ ਦੇਖਿਆ, ਕਿਉਂਕਿ ਮੇਰੀਆਂ ਅੱਖਾਂ ਤਾਂ ਹੋਰ ਕਿਸੇ ਨੂੰ ਨਹੀਂ ਸਨ ਦੇਖ ਰਹੀਆਂ ਸਿਵਾਏ ਉਸ ਉੱਚੀ ਲੰਮੀ, ਪਤਲੀ ਕੁੜੀ ਦੇ, ਜਿਸਨੇ ਚਿੱਟੇ ਕਪੜੇ ਪਾਏ ਹੋਏ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਜਿਸ ਕੁੜੀ ਦਾ ਉੱਜਲਾ, ਭਖਦਾ ਚਿਹਰਾ ਸੀ ਤੇ ਗਲ੍ਹਾਂ ਵਿਚ ਟੋਏ ਪੈਂਦੇ ਸਨ ਤੇ ਜਿਸਦੀਆਂ ਅੱਖਾਂ ਪਿਆਰੀਆਂ ਤੇ ਦਿਲ ਮੋਹ ਲੈਣ ਵਾਲੀਆਂ ਸਨ। ਇਕੱਲਾ ਮੈਂ ਹੀ ਨਹੀਂ, ਸਾਰੇ ਹੀ ਉਸ ਵੱਲ ਦੇਖ ਰਹੇ ਤੇ ਉਸਦੀ ਪ੍ਰਸੰਸਾ ਕਰ ਰਹੇ ਸਨ, ਇਥੋਂ ਤਕ ਕਿ ਔਰਤਾਂ ਵੀ, ਕਿਉਂਕਿ ਉਹ ਸਭ ਨੂੰ ਮਾਤ ਪਾ ਰਹੀ ਸੀ। ਉਸਦੀ ਪ੍ਰਸੰਸਾ ਨਾ ਕਰਨਾ ਅਸੰਭਵ ਸੀ।

"ਨਿਯਮ ਅਨੁਸਾਰ, ਜੇ ਕਿਹਾ ਜਾ ਸਕੇ ਤਾਂ, ਮੈਂ ਮਾਜ਼ੂਰਕਾ ਵੇਲੇ ਉਸਦਾ ਸਾਥੀ ਨਹੀਂ ਸਾਂ, ਪਰ ਅਸਲ ਵਿਚ ਮੈਂ ਲਗਭਗ ਸਾਰਾ ਸਮਾਂ ਉਸੇ ਨਾਲ ਹੀ ਨੱਚਦਾ ਰਿਹਾ। ਜ਼ਰਾ ਵੀ ਘਬਰਾਹਟ ਤੋਂ ਬਿਨਾਂ ਉਹ ਨੱਚਦੀ ਹੋਈ ਸਾਰਾ ਨਾਚ-ਕਮਰਾ ਚੱਲ ਕੇ ਸਿੱਧੀ ਮੇਰੇ ਤੱਕ ਆਈ, ਤੇ ਜਦੋਂ ਮੈਂ, ਬਿਨਾਂ ਸੱਦੇ ਦੀ ਉਡੀਕ ਕੀਤਿਆਂ, ਛਾਲ ਮਾਰ ਕੇ ਉਸ ਤੱਕ ਪੁੱਜ ਗਿਆ ਤਾਂ ਉਹ ਧੰਨਵਾਦ ਵਜੋਂ ਮੁਸਕ੍ਰਾਈ ਕਿ ਮੈਂ ਉਸਦੀ ਇੱਛਾ ਦਾ ਠੀਕ ਅੰਦਾਜ਼ਾ ਲਾਇਆ ਸੀ। ਜਦੋਂ ਅਸੀਂ ਉਸ ਤੱਕ ਪੁੱਜਦੇ, ਤੇ ਉਹ ਮੇਰੇ ਬਾਰੇ ਠੀਕ ਤਰ੍ਹਾਂ ਅੰਦਾਜ਼ਾ ਨਾ ਲਾ ਸਕਦੀ, ਤਾਂ ਉਹ ਕਿਸੇ ਹੋਰ ਵੱਲ ਹੱਥ ਵਧਾਉਂਦੀ ਹੋਈ ਆਪਣੇ ਪਤਲੇ ਜਿਹੇ ਮੋਢੇ ਜ਼ਰਾ ਕੁ ਸੁੰਗੇੜਦੀ ਤੇ ਮੇਰੇ ਵੱਲ ਅਫ਼ਸੋਸ ਤੇ ਤਸੱਲੀ ਦੀ ਮਾੜੀ ਜਿਹੀ ਮੁਸਕਾਣ ਸੁੱਟਦੀ।

ਤੇ ਜਦੋਂ ਮਾਜ਼ੂਰਕਾ ਦੇ ਕਦਮ ਵਾਲਟਜ਼ ਵਿਚ ਬਦਲ ਗਏ, ਤਾਂ ਮੈਂ ਬਹੁਤ ਦੇਰ ਤੱਕ ਉਸ ਨਾਲ ਵਾਲਟਜ਼ ਨੱਚਦਾ ਰਿਹਾ, ਤੇ ਉਹ ਸਾਹੋਸਾਹੀ ਹੋਈ ਮੁਸਕ੍ਰਾਉਂਦੀ ਰਹੀ ਤੇ ਮੈਂ ਉਸ ਨਾਲ ਵਾਲਟਜ਼ ਨੱਚੀ ਗਿਆ। ਇਸ ਤਰ੍ਹਾਂ ਕਿ ਆਪਣੇ ਸਰੀਰ ਨੂੰ ਬਿਲਕੁਲ ਮਹਿਸੂਸ ਤੱਕ ਨਹੀਂ ਸਾਂ ਕਰ ਰਿਹਾ।"

"ਲੈ, ਇਹ ਕਿੱਦਾਂ ਹੋ ਸਕਦੈ ਕਿ ਮਹਿਸੂਸ ਨਹੀਂ ਸਾਂ ਕਰ ਰਿਹਾ, ਮੇਰਾ ਖਿਆਲ ਹੈ ਕਿ ਤੁਸੀਂ ਬਹੁਤ ਮਹਿਸੂਸ ਕਰ ਰਹੇ ਸੋ, ਜਦੋਂ ਤੁਹਾਡੀ ਬਾਂਹ ਉਸਦੀ ਕਮਰ ਦੁਆਲੇ ਸੀ-ਮਹਿਸੂਸ ਕਰ ਰਹੇ ਸੋ, ਨਾ ਸਿਰਫ ਆਪਣਾ ਸ਼ਰੀਰ ਸਗੋਂ ਉਸਦਾ ਵੀ," ਪਰਾਹੁਣਿਆਂ ਵਿਚੋਂ ਇਕ ਬੋਲਿਆ।

ਈਵਾਨ ਵਾਈਲੀਏਵਿਚ ਇਕਦਮ ਲਾਲ ਸੂਹਾ ਹੋ ਗਿਆ ਤੇ ਨਾਰਾਜ਼ ਹੁੰਦਾ ਹੋਇਆ ਲਗਭਗ ਚਿੱਲਾਇਆ:

"ਇਹ ਗੱਲ ਤੁਹਾਡੇ ਬਾਰੇ ਠੀਕ ਏ, ਅੱਜ ਦੇ ਨੌਜਵਾਨਾਂ ਬਾਰੇ। ਸਰੀਰ ਤੋਂ ਛੁੱਟ ਤੁਹਾਨੂੰ ਹੋਰ ਕੁਝ ਦਿਸਦਾ ਹੀ ਨਹੀਂ। ਸਾਡੇ ਵੇਲੇ ਇੰਝ ਨਹੀਂ ਸੀ ਹੁੰਦਾ। ਮੇਰਾ ਖਿਆਲ ਜਿੰਨਾ ਜ਼ਿਆਦਾ ਜ਼ੋਰ ਫੜਦਾ ਜਾਂਦਾ ਸੀ, ਉਹ ਮੇਰੇ ਲਈ ਓਨੀ ਹੀ ਜ਼ਿਆਦਾ ਨਿਰ-ਸਰੀਰ ਹੁੰਦੀ ਜਾਂਦੀ। ਤੁਸੀਂ ਹੁਣ ਉਹਨਾਂ ਦੀਆਂ ਲੱਤਾਂ ਦੇਖਦੇ ਹੋ, ਗਿੱਟੇ ਦੇਖਦੇ ਹੋ, ਤੇ ਹੋਰ ਤੇ ਹੋਰ, ਉਹਨਾਂ ਔਰਤਾਂ ਨੂੰ ਕੱਪੜਿਆਂ ਤੋਂ ਹੇਠਾਂ ਵੀ ਦੇਖਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੁੰਦੇ ਹੋ, ਪਰ ਮੇਰੇ ਲਈ, ਜਿਵੇਂ ਕਿ ਫ੍ਰਾਂਸੀਸੀ ਲੇਖਕ ਅਲਫਾਂਸ਼ ਕਾਰ ਨੇ ਕਿਹਾ ਹੈ—ਚੰਗਾ ਲੇਖਕ ਸੀ ਉਹ—ਮੇਰੇ ਇਸ਼ਕ ਦੀ ਮੂਰਤੀ ਦੇ ਹਮੇਸ਼ਾ ਕਾਂਸ਼ੀ ਦੇ ਕਪੜੇ ਪਾਏ ਹੁੰਦੇ ਹਨ। ਅਸੀਂ ਬੇਪਰਦ ਕਰਨ ਵਾਲਿਆਂ ਵਿਚੋਂ ਨਹੀਂ ਸਾਂ ਹੁੰਦੇ ਸਗੋਂ ਉਹਨਾਂ ਵਿਚੋਂ ਸਾਂ ਜਿਹੜੇ ਨਗਨਤਾ ਨੂੰ ਕੱਜਦੇ ਸਨ, ਨੌਹ ਦੇ ਚੰਗੇ ਸਪੂਤ ਵਾਂਗ। ਪਰ ਇਹ ਗੱਲਾਂ ਤੁਸੀਂ ਨਹੀਂ ਸਮਝ ਸਕਦੇ..."

"ਇਹਦੇ ਵੱਲ ਕੰਨ ਨਾ ਧਰੋ। ਇਹ ਦੱਸੋ ਅੱਗੋਂ ਕੀ ਹੋਇਆ?" ਸਾਡੇ ਵਿਚੋਂ ਇਕ ਬੋਲਿਆ।

"ਖੈਰ, ਮੈਂ ਬਹੁਤਾ ਉਸੇ ਨਾਲ ਹੀ ਨਾਚ ਕੀਤਾ, ਤੇ ਮੈਨੂੰ ਖਿਆਲ ਤੱਕ ਨਾ ਆਇਆ ਕਿ ਸਮਾਂ ਕਿਵੇਂ ਉੱਡਦਾ ਜਾਂਦਾ ਹੈ। ਸਾਜ਼ਿੰਦੇ ਏਨੇ ਥੱਕ ਗਏ ਸਨ—ਤੁਹਾਨੂੰ ਪਤਾ ਹੀ ਏ ਨਾਚ-ਪਾਰਟੀ ਦੇ ਅਖੀਰ ਵਿਚ ਕਿਸ ਤਰ੍ਹਾਂ ਹੁੰਦੈ—ਕਿ ਉਹ ਮਾਜ਼ੂਰਕਾ ਦੀ ਧੁਨ ਵਜਾਈ ਜਾ ਰਹੇ ਸਨ; ਸ਼ਾਮ ਦੇ ਖਾਣੇ ਦੀ ਉਡੀਕ ਵਿਚ ਮਾਵਾਂ ਤੇ ਪਿਓ ਬੈਠਕ ਵਿਚੋਂ ਤਾਸ਼ ਦੇ ਮੇਜ਼ਾਂ ਤੋਂ ਉੱਠਦੇ ਜਾ ਰਹੇ ਸਨ; ਨੌਕਰ ਦੌੜ ਦੌੜ ਕੇ ਚੀਜ਼ਾਂ ਲਿਆ ਰਹੇ ਸਨ। ਸਵੇਰ ਦੇ ਤਿੰਨ ਵੱਜਣ ਵਾਲੇ ਸਨ। ਇਹਨਾਂ ਆਖਰੀ ਘੜੀਆਂ ਤੋਂ ਲਾਭ ਉਠਾਉਣਾ ਜ਼ਰੂਰੀ ਸੀ। ਮੈਂ ਇਕ ਵਾਰੀ ਫਿਰ ਉਸਨੂੰ ਸੱਦਾ ਦਿਤਾ, ਤੇ ਸੌਵੀਂ ਵਾਰੀ ਅਸੀਂ ਸਾਰੇ ਹਾਲ-ਕਮਰੇ ਵਿਚ ਨੱਚਣ ਲਗੇ।

"ਖਾਣੇ ਤੋਂ ਮਗਰੋਂ ਕਾਦਰਿਲ ਮੇਰੇ ਨਾਲ ਨੱਚੋਗੇ ਨਾ? ਮੈਂ ਉਸਨੂੰ ਵਾਪਸ ਉਸਦੀ ਥਾਂ ਪੁਚਾਉਂਦਿਆਂ ਪੁੱਛਿਆ।

"ਬੇਸ਼ਕ, ਜੇ ਉਹ ਮੈਨੂੰ ਘਰ ਨਾ ਲੈ ਗਏ," ਉਸਨੇ ਮੁਸਕ੍ਰਾਉਂਦੀ ਨੇ ਜਵਾਬ ਦਿਤਾ।

"ਮੈਂ ਨਹੀਂ ਲਿਜਾਣ ਦੇਵਾਂਗਾ," ਮੈਂ ਕਿਹਾ।

"ਮੇਰਾ ਪੱਖਾ ਮੈਨੂੰ ਦੇ ਦਿਓ," ਉਹ ਬੋਲੀ।

"ਇਹ ਵਾਪਸ ਕਰਕੇ ਮੈਨੂੰ ਬੜਾ ਅਫਸੋਸ ਹੋ ਰਿਹੈ," ਉਸਦਾ ਛੋਟਾ ਜਿਹਾ ਚਿੱਟਾ ਸਸਤਾ ਪੱਖਾ ਉਸਨੂੰ ਵਾਪਸ ਕਰਦਿਆਂ ਮੈਂ ਕਿਹਾ।

ਤਾਂ ਫਿਰ ਆਹ ਲਵੋ, ਤੁਹਾਡਾ ਅਫਸੋਸ ਦੂਰ ਹੋ ਜਾਏ" ਉਸਨੇ ਪੱਖੇ ਵਿਚੋਂ ਇਕ ਖੰਭ ਤੋੜ ਕੇ ਮੈਨੂੰ ਦਿੰਦਿਆਂ ਕਿਹਾ।

"ਮੈਂ ਖੰਭ ਫੜ ਲਿਆ ਤੇ ਆਪਣੀ ਸਾਰੀ ਬੇਖੁਦੀ ਤੇ ਧੰਨਵਾਦ ਨੂੰ ਸਿਰਫ ਨਜ਼ਰਾਂ ਨਾਲ ਹੀ ਪ੍ਰਗਟ ਕਰ ਸਕਿਆ। ਮੈਂ ਸਿਰਫ ਖੁਸ਼ ਤੇ ਸੰਤੁਸ਼ਟ ਹੀ ਨਹੀਂ ਸਾਂ—ਮੈਂ... ਖੁਸ਼ਕਿਸਮਤ ਸਾਂ, ਮੈਂ ਆਨੰਦ ਵਿਚ ਸਾਂ, ਮੈਂ ਨੇਕ ਆਦਮੀ ਸਾਂ, ਮੈਂ ਨਹੀਂ ਸਾਂ ਰਿਹਾ, ਸਗੋਂ ਐਸਾ ਜੀਵ ਬਣ ਗਿਆ ਸਾਂ ਜਿਹੜਾ ਇਸ ਧਰਤੀ ਨਾਲ ਸੰਬੰਧਤ ਨਹੀਂ ਸੀ, ਜਿਹੜਾ ਕੋਈ ਬੁਰਾਈ ਨਹੀਂ ਸੀ ਕਰਨਾ ਜਾਣਦਾ, ਜਿਹੜਾ ਸਿਰਫ ‘ਭਲਾਈ ਹੀ ਕਰ ਸਕਦਾ ਸੀ।

"ਮੈਂ ਖੰਭ ਨੂੰ ਆਪਣੇ ਦਸਤਾਨੇ ਵਿਚ ਦੇ ਲਿਆ ਤੇ ਉਥੇ ਗੱਡਿਆ ਖੜਾ ਰਿਹਾ, ਜਿਵੇਂ ਉਸ ਕੋਲੋਂ ਜਾਣ ਦੀ ਮੇਰੇ ਵਿਚ ਸਮਰਥਾ ਨਹੀਂ ਸੀ। "ਦੇਖੋ, ਉਹ ਪਾਪਾ ਨੂੰ ਨਾਚ ਕਰਨ ਲਈ ਕਹਿ ਰਹੇ ਨੇ," ਉਸਨੇ ਇਕ ਉੱਚੇ-ਲੰਮੇ, ਸ਼ਾਹੀ ਠਾਠ ਵਾਲੇ ਆਦਮੀ ਵੱਲ ਇਸ਼ਾਰਾ ਕਰਦੀ ਨੇ ਕਿਹਾ, ਜਿਹੜਾ ਕਿ ਉਸਦਾ ਪਿਤਾ ਸੀ—ਇਕ ਕਰਨੈਲ, ਜਿਸਨੇ ਮੋਢਿਆਂ ਉਤੇ ਆਪਣੀ ਚਾਂਦੀ ਦੇ ਪਦਚਿੰਨ, ਲਾਏ ਹੋਏ ਸਨ, ਉਹ ਦਰਵਾਜ਼ੇ ਵਿਚ ਖੜਾ ਸੀ ਤੇ ਘਰ ਦੀ ਮਾਲਕਣ ਤੇ ਦੂਜੀਆਂ ਸੁਆਣੀਆਂ ਨੇ ਉਸਨੂੰ ਘੇਰ ਰਖਿਆ ਸੀ।

"ਵਾਰੇਨਕਾ, ਇਧਰ ਆਓ," ਸਾਨੂੰ ਘਰ ਦੀ ਮਾਲਕਣ ਦੀ ਉੱਚੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਹੀਰਿਆਂ-ਜੜੀ ਟੋਪੀ ਪਾਈ ਹੋਈ ਸੀ ਤੇ ਜਿਸਦੇ ਮੋਢੇ ਯੇਲੀਜ਼ਵੇਤਾ ਵਰਗੇ ਸਨ।

"ਵਾਰੇਨਕਾ ਦਰਵਾਜ਼ੇ ਵੱਲ ਗਈ, ਤੇ ਮੈਂ ਉਸਦੇ ਮਗਰ ਮਗਰ ਗਿਆ।

"ਆਪਣੇ ਪਿਤਾ ਨੂੰ ਮਨਾਓ ਮੇਰੀ ਪਿਆਰੀ, ਕਿ ਉਹ ਤੁਹਾਡੇ ਨਾਲ ਨਾਚ ਕਰਨ। ਕਿਰਪਾ ਕਰਕੇ, ਪਿਓਤਰ ਵਲਾਦੀਸਲਾਵਿਚ," ਮਾਲਕਣ ਕਰਨੈਲ ਨੂੰ ਕਹਿਣ ਲਗੀ।

"ਵਾਰੇਨਕਾ ਦਾ ਪਿਤਾ ਬਹੁਤ ਸੁੰਦਰ, ਸ਼ਾਹੀ ਠਾਠ ਵਾਲਾ, ਉੱਚਾ-ਲੰਮਾ ਤੇ ਨੌ-ਬਰ-ਨੌ ਲਗਦਾ ਬਜ਼ੁਰਗ ਸੀ। ਉਸਦਾ ਲਾਲ ਭਖਦਾ ਚਿਹਰਾ ਸੀ, ਜਿਸ ਉਤੇ ਨਿਕੋਲਸ ਪਹਿਲੇ ਦੇ ਅੰਦਾਜ਼ ਵਿਚ ਮਰੋੜੀਆਂ ਗਈਆਂ ਚਿੱਟੀਆਂ ਮੁੱਛਾਂ ਸਨ, ਚਿੱਟੀਆਂ ਹੀ ਕਲਮਾਂ ਸਨ ਜਿਹੜੀਆਂ ਮੁੱਛਾਂ ਨਾਲ ਆ ਮਿਲਦੀਆਂ ਸਨ, ਵਾਲ ਅੱਗੇ ਨੂੰ ਕਰਕੇ ਵਾਹੇ ਪੁੜਪੁੜੀਆਂ ਢੱਕ ਰਹੇ ਸਨ, ਤੇ ਬਿਲਕੁਲ ਉਸੇ ਤਰ੍ਹਾਂ ਦੀ ਮੁਸਕਰਾਹਟ ਉਸਦੀਆਂ ਅੱਖਾਂ ਤੇ ਬੁਲ੍ਹਾਂ ਨੂੰ ਉਜਲਾ ਕਰ ਰਹੀ ਸੀ, ਜਿਸ ਤਰ੍ਹਾਂ ਦੀ ਉਸਦੀ ਧੀ ਦੀ ਸੀ। ਉਹ ਚੰਗੇ ਗਠੇ ਸਰੀਰ ਵਾਲਾ ਸੀ, ਚੌੜੀ ਛਾਤੀ, ਫੌਜੀ ਢੰਗ ਨਾਲ ਅੱਗੇ ਨੂੰ ਤਣੀ ਹੋਈ, ਤੇ ਇਸ ਉਤੇ ਤਮਗੇ ਸਨਿਮਰ ਢੰਗ ਨਾਲ ਸਜੇ ਹੋਏ ਸਨ, ਮਜ਼ਬੂਤ ਮੋਢੇ ਤੇ ਲੰਮੀਆਂ, ਸੋਹਣੀਆਂ ਲੱਤਾਂ ਸਨ। ਉਹ ਪੁਰਾਣੀ ਕਿਸਮ ਦਾ ਅਫਸਰ ਸੀ, ਜਿਸਦੀ ਫੌਜੀ ਦਿੱਖ ਨਿਕੋਲਸ ਸਕੂਲ ਵਾਲੀ ਸੀ।

"ਜਦੋਂ ਅਸੀਂ ਦਰਵਾਜ਼ੇ ਕੋਲ ਪੁੱਜੇ ਤਾਂ ਕਰਨੈਲ ਨਾਂਹ-ਨੁੱਕਰ ਕਰ ਰਿਹਾ ਸੀ, ਇਹ ਕਹਿੰਦਾ ਹੋਇਆ ਕਿ ਹੁਣ ਮੈਨੂੰ ਨੱਚਣਾ ਭੁੱਲ ਚੁਕਾ ਹੈ, ਪਰ ਤਾਂ ਵੀ ਮੁਸਕਰਾਉਂਦਿਆਂ, ਉਸਨੇ ਆਪਣਾ ਹੱਥ ਤਲਵਾਰ ਤੱਕ ਲਿਆਂਦਾ, ਇਸ ਨੂੰ ਪੇਟੀ ਵਿਚੋਂ ਕਢਿਆ, ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਤਤਪਰ ਖੜੇ ਨੌਜਵਾਨ ਨੂੰ ਫੜਾਈ ਤੇ ਆਪਣੇ ਸੱਜੇ ਹੱਥ ਉਤੇ ਸੁਈਡ ਦਾ ਦਸਤਾਨਾ ਚੜ੍ਹਾਉਂਦਿਆਂ ("ਸਭ ਕੁਝ ਨਿਯਮ ਅਨੁਸਾਰ," ਉਹ ਮੁਸਕਰਾਉਂਦਾ ਹੋਇਆ ਕਹਿਣ ਲੱਗਾ) ਉਸਨੇ ਆਪਣੀ ਧੀ ਦਾ ਹੱਥ ਫੜਿਆ, ਜ਼ਰਾ ਕੁ ਟੇਢਾ ਹੋ ਕੇ ਖੜੋ ਗਿਆ, ਤੇ ਸੰਗੀਤ ਸ਼ੁਰੂ ਹੋਣ ਦੀ ਉਡੀਕ ਕਰਨ ਲੱਗਾ।

"ਜਿਉਂ ਹੀ ਮਾਜ਼ੂਰਕਾ ਲਈ ਧੁਨ ਸ਼ੁਰੂ ਹੋਈ, ਉਸਨੇ ਇਕ ਪੈਰ ਜ਼ੋਰ ਨਾਲ ਹੇਠਾਂ ਮਾਰਿਆ, ਦੂਜੇ ਪੈਰ ਨੂੰ ਘੁਮਾਇਆ, ਤੇ ਫਿਰ ਉਸਦਾ ਉੱਚਾ-ਲੰਮਾ, ਭਰਵਾਂ ਸ਼ਰੀਰ ਨਾਚ-ਕਮਰੇ ਵਿਚ ਤਰਨ ਲਗੀ। ਉਹ ਇਕ ਪੈਰ ਦੂਜੇ ਨਾਲ ਮਾਰਦਾ, ਕਦੀ ਆਹਿਸਤਾ ਜਿਹੇ ਤੋਂ ਮਟਕ ਨਾਲ ਕਦੀ ਤੇਜ਼ ਤੇ ਜ਼ੋਰ ਨਾਲ। ਵਾਰੇਨਕਾ ਦਾ ਛਬਭਰਿਆ ਸਰੀਰ ਵੀ ਉਸਦੇ ਨਾਲ ਹੀ ਤਰ ਰਿਹਾ ਸੀ। ਬਿਨਾਂ ਮਹਿਸੂਸ ਹੋਣ ਦੇਣ ਦੇ ਤੇ ਹਮੇਸ਼ਾ ਹੀ ਐਨ ਵਕਤ ਸਿਰ, ਉਹ ਆਪਣੇ ਨਿੱਕੇ ਨਿੱਕੇ ਅਤਲਸੀ ਪੈਰਾਂ ਦੇ ਕਦਮ ਨੂੰ ਉਸਦੇ ਕਦਮ ਨਾਲ ਮੇਲਣ ਲਈ ਵੱਡਾ ਜਾਂ ਛੋਟਾ ਕਰਦੀ ਜਾ ਰਹੀ ਸੀ। ਸਾਰੇ ਜਣੇ ਜੋੜੇ ਦੀ ਹਰ ਹਰਕਤ ਨੂੰ ਗਹੁ ਨਾਲ ਦੇਖ ਰਹੇ ਸਨ। ਮੈਂ ਸਿਰਫ਼ ਪ੍ਰਸੰਸਾ ਹੀ ਨਹੀਂ ਸਗੋਂ ਇਕ ਤਰ੍ਹਾਂ ਦੀ ਡੂੰਘੀ ਮੁਗਧਤਾ ਮਹਿਸੂਸ ਕਰ ਰਿਹਾ ਸਾਂ। ਕਰਨੈਲ ਦੇ ਬੂਟਾਂ ਦੀ ਝਲਕ ਨੇ ਮੈਨੂੰ ਖਾਸ ਕਰਕੇ ਟੁੰਬਿਆ। ਇਹ ਚੰਗੇ ਬਛੜੇ ਦੇ ਚਮੜੇ ਦੇ ਬੂਟ ਸਨ, ਪਰ ਇਹ ਅੱਡੀ ਤੋਂ ਬਿਨਾਂ ਸਨ, ਤੇ ਫੈਸ਼ਨੇਬਲ ਤਿੱਖੇ ਪੱਬਾਂ ਦੀ ਥਾਂ ਚੌੜੇ ਪੱਬਾਂ ਵਾਲੇ ਸਨ। ਪ੍ਰਤੱਖ ਤੌਰ ਉਤੇ, ਇਹਨਾਂ ਨੂੰ ਬਟਾਲੀਅਨ ਦੇ ਮੋਚੀ ਨੇ ਬਣਾਇਆ ਸੀ। ਇਹ ਫੈਸ਼ਨੇਬਲ ਬੂਟਾਂ ਦੀ ਥਾਂ ਸਾਧਾਰਨ ਬੂਟ ਇਸ ਲਈ ਪਾਉਂਦਾ ਹੈ ਤਾਂ ਕਿ ਆਪਣੀ ਪਿਆਰੀ ਧੀ ਨੂੰ ਚੰਗੇ ਕਪੜੇ ਪੁਆ ਸਕੇ ਤੇ ਸੁਸਾਇਟੀ ਵਿਚ ਲਿਆ ਸਕੇ, ਮੈਂ ਆਪਣੇ ਆਪ ਵਿਚ ਸੋਚਿਆ ਤੇ ਇਹੀ ਕਾਰਨ ਸੀ ਕਿ ਮੈਂ ਉਸਦੇ ਚੌੜੇ ਪੱਬਾਂ ਵਾਲੇ ਬੂਟਾਂ ਤੋਂ ਟੁੰਬਿਆ ਗਿਆ ਸਾਂ। ਹਰ ਕੋਈ ਦੇਖ ਸਕਦਾ ਸੀ ਕਿ ਕਦੀ ਉਹ ਬੜੀ ਸੋਹਣੀ ਤਰ੍ਹਾਂ ਨੱਚਦਾ ਰਿਹਾ ਸੀ, ਪਰ ਹੁਣ ਉਸਦਾ ਸਰੀਰ ਭਾਰਾ ਹੋ ਚੁੱਕਾ ਸੀ ਤੇ ਲੱਤਾਂ ਏਨੀਆਂ ਲੱਚਕਦਾਰ ਨਹੀਂ ਸਨ ਰਹੀਆਂ ਕਿ ਉਹ ਸਾਰੀਆਂ ਤੇਜ਼ ਤੇ ਸੁੰਦਰ ਹਰਕਤਾਂ ਕਰ ਸਕੇ, ਜਿਹੜੀਆਂ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ ਸੀ। ਪਰ ਉਸਨੇ ਕਮਰੇ ਦੇ ਦੋ ਚੱਕਰ ਬੜੀ ਚੰਗੀ ਤਰ੍ਹਾਂ ਲਾਏ, ਤੇ ਹਰ ਕੋਈ ਤਾਲੀਆਂ ਵਜਾਉਂਦਾ ਜਦੋਂ ਉਹ ਤੇਜ਼ੀ ਨਾਲ ਆਪਣੇ ਪੈਰ ਫੈਲਾਉਂਦਾ, ਫਿਰ ਉਹ ਮੁੜ ਕੇ ਹੁੱਝਕੇ ਨਾਲ ਇਕੱਠਿਆਂ ਕਰਦਾ ਤੇ, ਜ਼ਰਾ ਬੋਝਲ ਜਿਹੇ ਢੰਗ ਨਾਲ, ਇਕ ਗੋਡੇ ਉਤੇ ਝੁਕ ਜਾਂਦਾ। ਤੇ ਉਹ ਮੁਸਕਰਾਉਂਦੀ ਹੋਈ ਆਪਣੇ ਅੜੇ ਸਕਰਟ ਨੂੰ ਛੁਡਾਉਂਦੀ ਹੋਈ ਉਸਦੇ ਦੁਆਲੇ ਬੜੀ ਸ਼ਾਨ ਨਾਲ ਤੁਰਦੀ ਰਹੀ। ਜਦੋਂ ਫਿਰ ਉਹ ਕੋਸ਼ਿਸ਼ ਕਰਕੇ ਖੜਾ ਹੋ ਜਾਂਦਾ, ਤਾਂ ਉਹ ਬੜੇ ਪਿਆਰ ਨਾਲ ਆਪਣੇ ਹੱਥ ਆਪਣੀ ਧੀ ਦੇ ਕੰਨਾਂ ਉਤੇ ਰਖਦਾ ਤੇ ਉਸਦਾ ਮੱਥਾ ਚੁੰਮਦਾ, ਫਿਰ ਉਹ ਉਸਨੂੰ ਮੇਰੇ ਤੱਕ ਲੈ ਆਇਆ। ਉਸਦਾ ਖਿਆਲ ਸੀ ਕਿ ਮੈਂ ਉਸਦਾ ਨਾਚ ਦਾ ਸਾਥੀ ਹਾਂ। ਮੈਂ ਉਸਨੂੰ ਦਸਿਆ ਕਿ ਮੈਂ ਉਸਦਾ ਨਾਚ ਦਾ ਸਾਥੀ ਨਹੀਂ।

"ਕੋਈ ਗੱਲ ਨਹੀਂ; ਤੂੰ ਇਹਦੇ ਨਾਲ ਨੱਚ," ਉਹ ਨਿੱਘੀ ਤਰ੍ਹਾਂ ਮੁਸਕਰਾਉਂਦਾ ਹੋਇਆ ਤੇ ਆਪਣੀ ਤਲਵਾਰ ਨੂੰ ਵਾਪਸ ਆਪਣੀ ਮਿਆਨ ਵਿਚ ਪਾਉਂਦਾ ਹੋਇਆ ਬੋਲਿਆ।  "ਬਿਲਕੁਲ ਜਿਸ ਤਰ੍ਹਾਂ ਬੋਤਲ ਵਿਚੋਂ ਨਿਕਲਿਆ ਪਹਿਲਾ ਤੁਪਕਾ ਪੂਰੀ ਛੱਲ ਆਪਣੇ ਨਾਲ ਲੈ ਕੇ ਆਉਂਦਾ ਹੈ, ਇਸੇ ਤਰ੍ਹਾਂ ਵਾਰੇਨਕਾ ਲਈ ਮੇਰੇ ਪਿਆਰ ਨੇ ਮੇਰੀ ਆਤਮਾ ਵਿਚ ਲੁਕੇ ਸਾਰੇ ਪਿਆਰ ਦਾ ਕੜ ਪਾੜ ਦਿਤਾ। ਮੈਂ ਸਾਰੀ ਦੁਨੀਆਂ ਨੂੰ ਪਿਆਰ ਨਾਲ ਆਪਣੀ ਗਲਵਕੜੀ ਵਿਚ ਲੈ ਲਿਆ। ਮੈਂ ਹੀਰਿਆਂ ਜੜੀ ਟੋਪੀ ਵਾਲੀ ਘਰ ਦੀ ਮਾਲਕਣ ਨੂੰ, ਉਸਦੇ ਪਤੀ ਨੂੰ, ਤੇ ਉਸਦੇ ਪਰਾਹੁਣਿਆਂ ਨੂੰ, ਤੇ ਉਸਦੇ ਨੌਕਰਾਂ-ਚਾਕਰਾਂ ਨੂੰ, ਤੇ ਇਥੋਂ ਤੱਕ ਕਿ ਇੰਜੀਨੀਅਰ ਅਨੀਸੀਮੋਵ ਨੂੰ ਵੀ, ਜਿਹੜਾ ਸਪਸ਼ਟ ਹੀ ਮੇਰੇ ਨਾਲ ਨਾਰਾਜ਼ ਸੀ, ਪਿਆਰ ਕਰਨ ਲੱਗਾ। ਜਿਥੋਂ ਤੱਕ ਚੌੜੇ ਪੱਬਾਂ ਵਾਲੇ ਬੂਟਾਂ ਵਾਲੇ ਤੇ ਆਪਣੀ ਧੀ ਦੀ ਮੁਸਕਰਾਹਟ ਨਾਲ ਏਨੀ ਮਿਲਦੀ ਮੁਸਕਰਾਹਟ ਵਾਲੇ ਉਸਦੇ ਪਿਤਾ ਦਾ ਸਵਾਲ ਸੀ—ਮੈਂ ਉਸ ਲਈ ਵਿਸਮਾਦੀ ਪਿਆਰ ਮਹਿਸੂਸ ਕਰ ਰਿਹਾ ਹਾਂ।

"ਮਾਜ਼ੂਰਕਾ ਸਮਾਪਤ ਹੋਇਆ ਤੇ ਮੀਜ਼ਬਾਨਾਂ ਨੇ ਸਾਨੂੰ ਖਾਣੇ ਦੇ ਮੇਜ਼ ਉਤੇ ਆਉਣ ਦਾ ਸੱਦਾ ਦਿੱਤਾ। ਪਰ ਕਰਨੈਲ ਬ-ਨੇ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਕਿ ਉਸਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ। ਮੈਨੂੰ ਡਰ ਸੀ ਕਿ ਉਹ ਵਾਰੇਨਕਾ ਨੂੰ ਕਿਤੇ ਆਪਣੇ ਨਾਲ ਨਾ ਲੈ ਜਾਏ, ਪਰ ਉਹ ਮਗਰ ਆਪਣੀ ਮਾਂ ਕੋਲ ਰਹਿ ਗਈ।

"ਖਾਣੇ ਤੋਂ ਮਗਰੋਂ ਮੈਂ ਉਸ ਨਾਲ ਕਾਦਰਿਲ ਨੱਚਿਆ, ਜਿਸਦਾ ਉਸਨੇ ਵਾਅਦਾ ਕੀਤਾ ਸੀ। ਤੇ ਭਾਵੇਂ ਮੈਨੂੰ ਲਗਦਾ ਸੀ ਕਿ ਮੈਂ ਖੁਸ਼ੀ ਦੀ ਸਿਖਰ ਉਤੇ ਪੁੱਜ ਚੁਕਾ ਹਾਂ, ਪਰ ਤਾਂ ਵੀ ਇਹ ਵਧਦੀ ਹੀ ਗਈ। ਅਸੀਂ ਪਿਆਰ ਦੀ ਕੋਈ ਗੱਲ ਨਾ ਕੀਤੀ; ਮੈਂ ਉਸਨੂੰ, ਸਗੋਂ ਆਪਣੇ ਆਪ ਨੂੰ ਵੀ, ਨਾ ਪੁੱਛਿਆ ਕਿ ਉਹ ਮੈਨੂੰ ਪਿਆਰ ਕਰਦੀ ਹੈ ਜਾਂ ਨਹੀਂ। ਮੇਰੇ ਲਈ ਇਹੀ ਕਾਫੀ ਸੀ ਕਿ ਮੈਂ ਉਸਨੂੰ ਪਿਆਰ ਕਰਦਾ ਸਾਂ। ਮੈਨੂੰ ਡਰ ਸੀ ਤਾਂ ਸਿਰਫ ਇਹ ਕਿ ਕੋਈ ਚੀਜ ਐਸੀ ਨਾ ਵਾਪਰ ਜਾਏ ਜਿਹੜੀ ਮੇਰੀ ਖੁਸ਼ੀ ਨੂੰ ਨਾਸ ਕਰ ਦੇਵੇ।

"ਜਦੋਂ ਮੈਂ ਘਰ ਪੁੱਜਾ, ਕੱਪੜੇ ਉਤਾਰੇ ਤੇ ਸੌਣ ਬਾਰੇ ਸੋਚਣ ਲੱਗਾ, ਤਾਂ ਮੈਂ ਮਹਿਸੂਸ ਕੀਤਾ ਕਿ ਨੀਂਦ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਉਸਦੇ ਪੱਖੇ ਦੇ ਖੰਭ ਨੂੰ ਤੇ ਉਸਦੇ ਇਕ ਦਸਤਾਨੇ ਨੂੰ ਆਪਣੇ ਹੱਥ ਵਿਚ ਫੜਿਆ ਹੋਇਆ ਸੀ, ਜਿਹੜਾ ਉਸਨੇ ਮੈਨੂੰ ਉਦੋਂ ਦਿਤਾ ਸੀ, ਜਦੋਂ ਮੈਂ ਉਸਦੀ ਮਾਂ ਨੂੰ ਤੇ ਫੇਰ ਉਸਨੂੰ ਉਹਨਾਂ ਦੀ ਗੱਡੀ ਵਿਚ ਚੜ੍ਹਾਇਆ ਸੀ। ਮੈਂ ਜਦੋਂ ਇਹਨਾਂ ਚੀਜ਼ਾਂ ਵੱਲ ਦੇਖਿਆ, ਤਾਂ ਉਹ, ਬਿਨਾਂ ਅੱਖਾਂ ਬੰਦ ਕੀਤਿਆਂ ਹੀ, ਮੇਰੀਆਂ ਅੱਖਾਂ ਸਾਹਮਣੇ ਆ ਗਈ, ਉਸ ਤਰ੍ਹਾਂ ਜਿਸ ਤਰ੍ਹਾਂ ਉਸਨੇ, ਦੋ ਨਾਚ ਕਰਨ ਵਾਲਿਆਂ ਵਿਚੋਂ ਚੋਣ ਕਰਦਿਆਂ, ਠੀਕ ਅੰਦਾਜ਼ਾ ਲਾਉਂਦਿਆਂ ਮੈਨੂੰ ਚੁਣ ਲਿਆ ਸੀ, ਤੇ ਮਿੱਠੀ ਆਵਾਜ਼ ਵਿਚ ਬੋਲੀ ਸੀ: "ਬਹੁਤ ਮਾਣ ਏ? ਹੈ ਨਾ?" ਤੇ ਖੁਸ਼ੀ ਖੁਸ਼ੀ ਆਪਣਾ ਹੱਥ ਮੇਰੇ ਹੱਥ ਵਿਚ ਦੇ ਦਿੱਤਾ ਸੀ, ਜਾਂ ਜਦੋਂ ਖਾਣੇ ਦੇ ਮੇਜ਼ ਉਤੇ ਬੈਠਿਆਂ, ਸ਼ੈਮਪੇਨ ਦੀਆਂ ਨਿੱਕੀਆਂ ਨਿੱਕੀਆਂ ਘੁੱਟਾਂ ਭਰਦੀ ਉਹ ਪਿਆਰ ਭਰੀਆਂ ਨਜ਼ਰਾਂ ਨਾਲ ਆਪਣੇ ਗਲਾਸ ਦੇ ਉਪਰੋਂ ਦੀ ਮੇਰੇ ਵੱਲ ਦੇਖਦੀ ਰਹੀ ਸੀ। ਪਰ ਸਭ ਤੋਂ ਵਧ ਉਸਦਾ ਉਹ ਰੂਪ ਮੇਰੀਆਂ ਨਜ਼ਰਾਂ ਸਾਹਮਣੇ ਆ ਰਿਹਾ ਸੀ, ਜਦੋਂ ਉਹ ਆਪਣੇ ਪਿਤਾ ਨਾਲ ਨੱਚ ਰਹੀ ਸੀ, ਉਸਦੇ ਨਾਲ ਬੜੀ ਮਟਕ ਨਾਲ ਜਿਵੇਂ ਤਰ ਰਹੀ ਹੋਵੇ, ਉਸਦੀ ਖਾਤਰ ਤੇ ਖੁਦ ਆਪਣੀ ਖਾਤਰ ਵੀ ਬੜੀ ਖੁਸ਼ੀ ਤੇ ਮਾਣ ਨਾਲ ਪ੍ਰਸੰਸਾ ਕਰ ਰਹੇ ਦਰਸ਼ਕਾਂ ਵੱਲ ਦੇਖ ਰਹੀ ਸੀ ਤੇ ਅਚੇਤ ਤੌਰ ਉਤੇ ਹੀ ਉਹ ਦੋਵੇਂ ਮੇਰੇ ਦਿਮਾਗ ਵਿਚ ਘੁਲਮਿਲ ਗਏ ਤੇ ਇਕ ਡੂੰਘੀ ਤੇ ਸਨੇਹ ਭਰੀ ਭਾਵਨਾ ਵਿਚ ਲਪੇਟੇ ਗਏ।

"ਉਦੋਂ ਮੈਂ ਤੇ ਮੇਰਾ ਸਵਰਗੀ ਭਰਾ ਇਕੱਠੇ ਰਹਿੰਦੇ ਹੁੰਦੇ ਸਾਂ। ਮੇਰੇ ਭਰਾ ਨੂੰ ਸੁਸਾਇਟੀ ਵਿਚ ਆਉਣਾ ਜਾਣਾ ਪਸੰਦ ਨਹੀਂ ਸੀ ਤੇ ਉਹ ਕਦੀ ਨਾਚ-ਪਾਰਟੀਆਂ ਵਿਚ ਨਹੀਂ ਸੀ ਗਿਆ। ਉਹ ਕੈਡੀਡੇਟ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਤੇ ਬਿਲਕੁਲ ਮਿਸਾਲੀਆਂ ਜੀਵਨ ਜਿਉ ਰਿਹਾ ਸੀ। ਉਹ ਸੁੱਤਾ ਪਿਆ ਸੀ। ਮੈਂ ਉਸਦੇ ਸਿਰਹਾਣੇ ਵਿਚ ਦੱਬੇ ਤੇ ਫਲਾਲੈਣ ਦੇ ਕੰਬਲ ਵਿਚ ਅੱਧੇ ਢੱਕੇ ਸਿਰ ਵੱਲ ਨਜ਼ਰ ਮਾਰੀ, ਤੇ ਮੈਨੂੰ ਉਸ ਉਤੇ ਸਚਮੁਚ ਅਫਸੋਸ ਹੋਇਆ, ਅਫ਼ਸੋਸ ਇਸ ਲਈ ਕਿ ਉਹ ਉਸ ਖੁਸ਼ੀ ਤੋਂ ਵਾਕਫ਼ ਨਹੀਂ ਸੀ ਤੇ ਮੇਰੇ ਨਾਲ ਉਸਨੂੰ ਨਹੀਂ ਸੀ ਵੰਡਾ ਰਿਹਾ, ਜਿਹੜੀ ਖੁਸ਼ੀ ਉਸ ਵੇਲੇ ਮੈਂ ਮਹਿਸੂਸ ਕਰ ਰਿਹਾ ਸਾਂ। ਸਾਡਾ ਭੂਮੀ-ਗੁਲਾਮ ਨੌਕਰ ਪਿਤਰੂਸ਼ਾ ਮੈਨੂੰ ਮੋਮਬੱਤੀ ਲੈ ਕੇ ਅੱਗੋਂ ਦੀ ਮਿਲਿਆ, ਤੇ ਹੋ ਸਕਦਾ ਸੀ ਕਪੜੇ ਲਾਹੁਣ ਵਿਚ ਮੇਰੀ ਸਹਾਇਤਾ ਕਰਦਾ, ਪਰ ਮੈਂ ਉਸਨੂੰ ਛੁੱਟੀ ਕਰ ਦਿਤੀ। ਉਸਦੇ ਉਨੀਂਦਰੇ ਚਿਹਰੇ ਤੇ ਬਿਖਰੇ ਵਾਲਾਂ ਉਤੇ ਮੈਨੂੰ ਤਰਸ ਆ ਗਿਆ। ਖੜਾਕ ਨਾ ਕਰਨ ਦੀ ਕੋਸ਼ਿਸ਼ ਕਰਦਿਆਂ, ਮੈਂ ਪੱਬਾਂ ਭਾਰ ਆਪਣੇ ਕਮਰੇ ਤੱਕ ਗਿਆ ਤੇ ਆਪਣੇ ਬਿਸਤਰੇ ਉਤੇ ਜਾ ਬੈਠਾ। ਪਰ ਨਹੀਂ, ਮੈਂ ਬਹੁਤ ਖੁਸ਼ੀ ਵਿਚ ਸਾਂ, ਮੈਂ ਸੌਂ ਹੀ ਨਹੀਂ ਸਾਂ ਸਕਦਾ। ਨਾਲੇ ਕਮਰੇ ਵਿਚ ਮੈਨੂੰ ਹੁੰਮਸ ਮਹਿਸੂਸ ਹੋ ਰਿਹਾ ਸੀ, ਸੋ ਮੈਂ ਬਿਨਾਂ ਕਪੜੇ ਬਦਲਿਆਂ, ਮਲਕੜੇ ਜਿਹੇ ਬਾਹਰਲੇ ਕਮਰੇ ਵਿਚ ਗਿਆ, ਆਪਣਾ ਓਵਰਕੋਟ ਪਾਇਆ, ਦਰਵਾਜ਼ਾ ਖੋਹਲਿਆ ਤੇ ਬਾਹਰ ਚਲਾ ਗਿਆ।

ਪੰਜ ਵੱਜੇ ਸੀ ਜਦੋਂ ਮੈਂ ਨਾਚ-ਪਾਰਟੀ ਤੋਂ ਆਇਆ ਸਾਂ; ਘਰ ਪਹੁੰਚਦਿਆਂ, ਘਰ ਜਾ ਕੇ ਬੈਠਿਆਂ ਦੋ ਘੰਟੇ ਹੋਰ ਬੀਤੇ ਗਏ, ਇਸ ਲਈ ਜਦੋਂ ਮੈਂ ਬਾਹਰ ਨਿਕਲਿਆ ਤਾਂ ਲੋਅ ਲੱਗ ਚੁੱਕੀ ਸੀ। ਬਿਲਕੁਲ ਸ਼ਰਵਟਾਈਡ ਵਾਲਾ ਮੌਸਮ ਸੀ—ਧੁੰਦ ਧੁੰਦ, ਸੜਕਾਂ ਉਤੇ ਪਿਘਲ ਰਹੀ ਗਿੱਲੀ ਬਰਫ ਤੇ ਛੱਤਾਂ ਤੋਂ ਡਿੱਗ ਰਹੇ ਪਾਣੀ ਦੇ ਤੁਪਕੇ। ਉਸ ਸਮੇਂ ਬ. ਪਰਿਵਾਰ ਸ਼ਹਿਰ ਦੇ ਬਾਹਰਵਾਰ ਇਕ ਖੁਲ੍ਹੇ ਮੈਦਾਨ ਦੇ ਕਿਨਾਰੇ ਰਹਿੰਦਾ ਸੀ, ਉਹਨਾਂ ਦੇ ਇਕ ਪਾਸੇ ਕੁੜੀਆਂ ਦਾ ਸਕੂਲ ਸੀ ਤੇ ਦੂਜੇ ਪਾਸੇ ਖੁਲ੍ਹੀ ਥਾਂ ਜਿਹੜੀ ਸੈਰਗਾਹ ਵਜੋਂ ਵਰਤੀ ਜਾਂਦੀ ਸੀ। ਮੈਂ ਆਪਣੀ ਸ਼ਾਂਤ ਛੋਟੀ ਜਿਹੀ ਗਲੀ ਪਾਰ ਕੀਤੀ ਤੇ ਮੁੱਖ ਬਾਜ਼ਾਰ ਵਿਚ ਆ ਗਿਆ, ਜਿਥੇ ਰਾਹ ਜਾਂਦੇ ਲੋਕ ਤੇ ਠੇਲ੍ਹਿਆਂ ਵਾਲੇ ਮੇਰੀ ਨਜ਼ਰੀਂ ਪਏ, ਜਿਨ੍ਹਾਂ ਨੇ ਸਲੈਂਜਾਂ ਉਤੇ ਲੱਕੜਾਂ ਲੱਦੀਆਂ ਹੋਈਆਂ ਸਨ, ਤੇ ਸਲੈਂਜਾਂ ਦੀਆਂ ਹੇਠਲੀਆਂ ਪੱਤਰੀਆਂ ਬਰਫ ਵਿਚ ਪਹੇ ਤੱਕ ਧਸਦੀਆਂ ਜਾ ਰਹੀਆਂ ਸਨ। ਤੇ ਆਪਣੇ ਚਮਕਦੇ ਹੋਏ ਜੂਲਿਆਂ ਵਿਚ ਆਪਣੇ ਸਿਰਾਂ ਨੂੰ ਤਾਲ ਵਿਚ ਹਿਲਾ ਰਹੇ ਘੋੜੇ, ਆਪਣੇ ਮੋਢਿਆਂ ਉਤੇ ਦਰਖਤ ਦੀ ਛਿੱਲ ਦੀਆਂ ਚਟਾਈਆਂ ਪਾਈ ਤੇ ਆਪਣੇ ਵੱਡੇ ਵੱਡੇ ਬੂਟਾਂ ਨਾਲ ਅੱਧ-ਪਿਘਲੀ ਬਰਫ ਵਿਚੋਂ ਲੰਘਦੇ ਹੋਏ ਆਪਣੀਆਂ ਸਲੈਂਜਾਂ ਦੇ ਨਾਲ ਨਾਲ ਜਾ ਰਹੇ ਠੇਲ੍ਹਿਆਂ ਵਾਲੇ ਤੇ ਧੁੰਦ ਵਿਚ ਲਪੇਟੇ ਹੋਏ ਸੜਕ ਦੇ ਦੋਵੇਂ ਪਾਸੇ ਉੱਚੇ ਘਰ—ਸਭ ਕੁਝ ਮੈਨੂੰ ਖਾਸ ਕਰਕੇ ਪਿਆਰਾ ਤੇ ਮਹਤੱਵਪੂਰਨ ਲਗ ਰਿਹਾ ਸੀ।

ਜਦੋਂ ਮੈਂ ਉਸ ਮੈਦਾਨ ਕੋਲ ਪੁੱਜਾ ਜਿਥੇ ਉਹਨਾਂ ਦਾ ਘਰ ਸੀ, ਤਾਂ ਸੈਰਗਾਹ ਵਾਲੇ ਪਾਸੇ ਮੈਨੂੰ ਕੁਝ ਬਹੁਤ ਵੱਡਾ ਤੇ ਕਾਲਾ ਦਿਖਾਈ ਦਿੱਤਾ, ਤੇ ਮੈਨੂੰ ਇਕ ਬੀਨ ਤੇ ਢੋਲ ਦੀ ਆਵਾਜ਼ ਸੁਣਾਈ ਦਿੱਤੀ। ਮੇਰਾ ਦਿਲ ਇਹ ਸਾਰਾ ਸਮਾਂ ਗਾਉਂਦਾ ਰਿਹਾ ਸੀ, ਤੇ ਕਦੀ ਕਦੀ ਮਾਜ਼ੂਰਕਾ ਦੀਆਂ ਧੁਨਾਂ ਮੇਰੇ ਦਿਮਾਗ ਵਿਚ ਆ ਜਾਂਦੀਆਂ ਸਨ। ਪਰ ਇਹ ਸੰਗੀਤ ਤਾਂ ਵਖਰੀ ਤਰ੍ਹਾਂ ਦਾ ਸੀ—ਕੁਰੱਖਤ ਤੇ ਅਣਭਾਉਂਦਾ।

"ਇਹ ਕੀ ਹੋ ਸਕਦਾ ਹੈ?" ਮੈਂ ਸੋਚਣ ਲੱਗਾ, ਤੇ ਮੈਦਾਨ ਦੇ ਵਿਚੋਂ ਦੀ ਲੰਘਦੇ ਗੱਡਿਆਂ ਲਈ ਬਣੇ ਤਿਲ੍ਹਕਵੇਂ ਜਿਹੇ ਪਹੇ ਰਾਹੀਂ ਉਧਰ ਨੂੰ ਤੁਰ ਪਿਆ, ਜਿਧਰੋਂ ਆਵਾਜ਼ਾਂ ਆ ਰਹੀਆਂ ਸਨ। ਸੌ ਕੁ ਕਦਮ ਜਾਣ ਪਿਛੋਂ, ਮੇਰੇ ਸਾਹਮਣੇ ਧੁੰਦ ਵਿਚੋਂ ਬਹੁਤ ਸਾਰੇ ਲੋਕਾਂ ਦੇ ਕਾਲੇ ਕਾਲੇ ਆਕਾਰ ਉਘੜਣ ਲੱਗੇ। ਉਹ ਪ੍ਰਤੱਖ ਤੌਰ ਉਤੇ ਸਿਪਾਹੀ ਸਨ। 'ਡਰਿਲ ਕਰ ਰਹੇ ਹੋਣਗੇ,' ਮੈਂ ਸੋਚਿਆ, ਤੇ ਆਪਣੇ ਰਾਹ ਤੁਰਨਾ ਜਾਰੀ ਰਖਿਆ। ਮੇਰੇ ਨਾਲ ਨਾਲ ਇਕ ਲੁਹਾਰ ਜਾ ਰਿਹਾ ਸੀ ਜਿਸਨੇ ਥਿੰਦੇ ਦਾਗਾਂ ਵਾਲਾ ਏਪਰਨ ਤੇ ਜੈਕਟ ਪਾਈ ਹੋਈ ਸੀ ਤੇ ਹੱਥਾਂ ਵਿਚ ਇਕ ਵੱਡਾ ਸਾਰਾ ਬੰਡਲ ਫੜਿਆ ਹੋਇਆ ਸੀ। ਸਿਪਾਹੀ ਇਕ ਦੂਜੇ ਵੱਲ ਮੂੰਹ ਕਰਕੇ ਦੂਹਰੀ ਕਤਾਰ ਬਣਾਈ ਬੇਹਰਕਤ ਖੜੇ ਸਨ; ਬੰਦੂਕਾਂ ਉਹਨਾਂ ਨੇ ਵੱਖੀਆਂ ਨਾਲ ਲਾਈਆਂ ਹੋਈਆਂ ਸਨ। ਉਹਨਾਂ ਦੇ ਪਿਛੇ ਇਕ ਢੋਲ ਵਜਾਉਣ ਵਾਲਾ ਤੇ ਇਕ ਬੀਨ ਵਜਾਉਣ ਵਾਲਾ ਖੜੇ ਸਨ, ਤੇ ਉਹ ਆਪਣੀ ਕੁਰਖਤ ਧੁਨ ਦੁਹਰਾਈ ਵਜਾਈ ਜਾ ਰਹੇ ਸਨ।

"ਇਹ ਕੀ ਕਰ ਰਹੇ ਨੇ?" ਮੈਂ ਆਪਣੇ ਕੋਲ ਖੜੋਤੇ ਲੁਹਾਰ ਨੂੰ ਪੁੱਛਿਆ।

"ਤਾਤਾਰ ਦੀ ਕੁਟਾਈ ਹੋ ਰਹੀ ਏ, ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਸੀ," ਲੋਹਾਰ ਗੁੱਸੇ ਨਾਲ ਬੋਲਿਆ ਤੇ ਕਤਾਰਾਂ ਦੇ ਦੂਜੇ ਸਿਰੇ ਵੱਲ ਦੇਖਣ ਲੱਗਾ।

"ਮੈਂ ਵੀ ਉਸੇ ਪਾਸੇ ਵੱਲ ਦੇਖਣ ਲੱਗਾ, ਤੇ ਕਤਾਰਾਂ ਦੇ ਵਿਚੋਂ ਦੀ ਕੋਈ ਭਿਆਨਕ ਚੀਜ਼ ਮੈਨੂੰ ਆਪਣੇ ਵੱਲ ਆਉਂਦੀ ਦਿਸੀ। ਇਹ ਇਕ ਆਦਮੀ ਸੀ, ਲੱਕ ਤੱਕ ਨੰਗਾ ਕੀਤਾ ਹੋਇਆ ਤੇ ਉਸਨੂੰ ਦੋ ਸਿਪਾਹੀ ਲਿਆ ਰਹੇ ਸਨ, ਜਿਨ੍ਹਾਂ ਦੀਆਂ ਬੰਦੂਕਾਂ ਨਾਲ ਆਡੇ ਰੁਕ ਕਰਕੇ ਉਸਦੇ ਹੱਥ ਬੱਝੇ ਹੋਏ ਸਨ। ਉਸਦੇ ਨਾਲ ਇਕ ਉੱਚਾ ਲੰਮਾ ਅਫਸਰ ਚੱਲ ਰਿਹਾ ਸੀ—ਤੇ ਪੀ-ਕੈਪ ਪਾਈ, ਜਿਸਦੀ ਸ਼ਕਲ ਕੁਝ ਜਾਣੀ ਪਛਾਣੀ ਲਗਦੀ ਸੀ। ਦੋਸ਼ੀ ਦਾ ਸਾਰਾ ਸਰੀਰ ਫਰਕ ਰਿਹਾ ਸੀ, ਉਸਦੇ ਪੈਰ ਪਿਘਲਦੀ ਬਰਫ ਵਿਚ ਖੁਭਦੇ ਜਾ ਰਹੇ ਸਨ; ਉਹ ਮੇਰੇ ਵਲ ਨੂੰ ਵਧ ਰਿਹਾ ਸੀ ਜਦ ਕਿ ਦੋਵੇਂ ਪਾਸਿਆਂ ਤੋਂ ਉਸਨੂੰ ਹੰਟਰ ਪੈ ਰਹੇ ਸਨ, ਕਦੀ ਉਹ ਪਿੱਛੇ ਨੂੰ ਡਿੱਗਣ ਲਗਦਾ, ਤਾਂ ਬੰਦੂਕਾਂ ਤੋਂ ਫੜ ਕੇ ਰਖ ਰਹੇ ਸਿਪਾਹੀ ਉਸਨੂੰ ਖਿੱਚ ਕੇ ਅੱਗੇ ਨੂੰ ਕਰਦੇ, ਕਦੀ ਉਹ ਅੱਗੇ ਨੂੰ ਢਹਿਣ ਲਗਦਾ ਤਾਂ ਸਿਪਾਹੀ ਹਝੋਕੇ ਨਾਲ ਡਿੱਗਣ ਤੋਂ ਰੋਕਦੇ। ਤੇ ਉਸਦੇ ਨਾਲ ਨਾਲ ਉਹ ਉੱਚਾ ਲੰਮਾ ਅਫਸਰ ਆ ਰਿਹਾ ਸੀ—ਦ੍ਰਿੜ ਕਦਮਾਂ ਨਾਲ ਤੇ ਪਿੱਛੇ ਨਾ ਰਹਿੰਦਾ ਹੋਇਆ। ਇਹ ਉਸ ਕੁੜੀ ਦਾ ਪਿਤਾ ਸੀ, ਲਾਲ ਸੂਹੇ ਮੂੰਹ ਵਾਲਾ ਤੇ ਚਿੱਟੀਆਂ ਮੁੱਛਾਂ ਤੇ ਕਲਮਾਂ ਵਾਲਾ।

"ਤੇ ਹਰ ਵਾਰ ਉਤੇ ਦੋਸ਼ੀ, ਜਿਵੇਂ ਕਿ ਚਕ੍ਰਿਤ ਹੋਇਆ, ਦਰਦ ਨਾਲ ਮੁੜਿਆ ਹੋਇਆ ਆਪਣਾ ਮੂੰਹ ਉਸ ਪਾਸੇ ਵੱਲ ਨੂੰ ਫੇਰਦਾ ਜਿਧਰੋਂ ਵਾਰ ਹੋਇਆ ਹੁੰਦਾ ਸੀ, ਤੇ ਆਪਣੇ ਚਿੱਟੇ ਦੰਦਾਂ ਵਿਚੋਂ ਦੀ ਕੋਈ ਗੱਲ ਮੁੜ ਮੁੜ ਕੇ ਦੁਹਰਾਈ ਜਾਂਦਾ। ਮੈਨੂੰ ਉਸਦੇ ਲਫਜ਼ ਉਦੋਂ ਤੱਕ ਸਮਝ ਨਾ ਆਏ, ਜਦੋਂ ਤੱਕ ਉਹ ਨੇੜੇ ਨਾ ਆ ਗਿਆ। ਉਹ ਬੋਲਣ ਨਾਲੋਂ ਵਧੇਰੇ ਫੁਸਫਸਾ ਰਿਹਾ ਸੀ। 'ਰਹਿਮ ਕਰੋ, ਭਰਾਵੋ: ਰਹਿਮ ਕਰੋ, ਭਰਾਵੋ।' ਪਰ ਭਰਾਵਾਂ ਨੂੰ ਰਹਿਮ ਨਹੀਂ ਸੀ ਆ ਰਿਹਾ, ਤੇ ਜਦੋਂ ਉਹ ਜਲੂਸ ਬਿਲਕੁਲ ਮੇਰੇ ਸਾਹਮਣੇ ਆਇਆ ਤਾਂ ਮੈਂ ਦੇਖਿਆ ਕਿ ਇਕ ਸਿਪਾਹੀ ਦ੍ਰਿੜ੍ਹਤਾ ਨਾਲ ਇਕ ਕਦਮ ਅੱਗੇ ਹੋਇਆ ਤੇ ਏਨੀ ਜ਼ੋਰ ਦੀ ਆਪਣਾ ਚਾਬੁਕ ਤਾਤਾਰ ਦੀ ਪਿੱਠ ਉਤੇ ਵਰ੍ਹਾਇਆ ਕਿ ਇਹ ਹਵਾ ਵਿਚ ਸ਼ੂਕਦਾ ਹੋਇਆ ਲੰਘਿਆ। ਤਾਤਾਰ ਅੱਗੇ ਨੂੰ ਡਿੱਗ ਪਿਆ, ਪਰ ਸਿਪਾਹੀਆਂ ਨੂੰ ਉਸਨੂੰ ਹਝੋਕੇ ਨਾਲ ਖੜਾ ਕਰ ਦਿਤਾ, ਤੇ ਫਿਰ ਇਕ ਹੋਰ ਚਾਬੁਕ ਦੂਜੇ ਪਾਸਿਉਂ ਪਿਆ, ਫਿਰ ਇਸ ਪਾਸਿਉਂ, ਤੇ ਫਿਰ ਦੂਜੇ ਪਾਸਿਉਂ।...ਕਰਨੈਲ ਉਸਦੇ ਨਾਲ ਨਾਲ ਚੱਲ ਪਿਆ ਸੀ। ਉਹ ਕਦੀ ਆਪਣੇ ਪੈਰਾਂ ਵੱਲ ਦੇਖਣ ਲਗ ਪੈਂਦਾ, ਤੇ ਕਦੀ ਦੋਸ਼ੀ ਵੱਲ, ਜ਼ੋਰ ਦੀ ਸਾਹ ਲੈਂਦਾ, ਗਲ੍ਹਾਂ ਫੁਲਾ ਲੈਂਦਾ ਤੇ ਫਿਰ ਘੁੱਟੇ ਹੋਏ ਬੁਲ੍ਹਾਂ ਵਿਚੋਂ ਹੌਲੀ ਹੌਲੀ ਸਾਹ ਕਢਦਾ। ਜਦੋਂ ਸਾਰਾ ਜਲੂਸ ਉਸ ਥਾਂ ਪੁੱਜਾ ਜਿਥੇ ਮੈਂ ਖੜਾ ਸਾਂ, ਤਾਂ ਖੜੇ ਸਿਪਾਹੀਆਂ ਦੇ ਵਿਚਕਾਰੋਂ ਦੀ ਮੈਂ ਦੋਸ਼ੀ ਦੀ ਪਿੱਠ ਉਤੇ ਇਕ ਝਾਤੀ ਮਾਰੀ। ਇਹ ਕੋਈ ਵਰਨਣ ਤੋਂ ਬਾਹਰੀ ਚੀਜ਼ ਲਗਦੀ: ਲਾਸਾਂ ਪਈਆਂ ਹੋਈਆਂ, ਸਿਲ੍ਹੀ, ਤੇ ਗ਼ੈਰ-ਕੁਦਰਤੀ ਕੋਈ ਚੀਜ਼। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਮਨੁੱਖ ਦਾ ਸਰੀਰ ਹੈ।

"ਹੇ ਪ੍ਰਮਾਤਮਾ!" ਮੇਰੇ ਕੋਲ ਖੜੋਤਾ ਲੁਹਾਰ ਬੁੜਬੁੜਾਇਆ।"

"ਜਲੂਸ ਅੱਗੇ ਵਧਦਾ ਗਿਆ। ਮਰੋੜੇ ਖਾਂਦੇ, ਡਿਗਦੇ ਢਹਿੰਦੇ ਵਿਅਕਤੀ ਦੇ ਉਤੇ ਦੋਹਾਂ ਪਾਸਿਆਂ ਤੋਂ ਚਾਬੁਕ ਪੈਂਦੇ ਰਹੇ, ਢੋਲ ਵਜਦਾ ਰਿਹਾ, ਬੀਨ ਚੀਕਦੀ ਰਹੀ, ਤੇ ਉੱਚਾ-ਲੰਮਾ, ਸ਼ਾਹੀ ਠਾਠ ਵਾਲਾ ਕਰਨੈਲ ਦ੍ਰਿੜ ਕਦਮਾਂ ਨਾਲ ਕੈਦੀ ਦੇ ਨਾਲ ਨਾਲ ਤੁਰਦਾ ਰਿਹਾ। ਇਕਦਮ ਕਰਨੈਲ ਰੁਕਿਆ ਤੇ ਤੇਜ਼ੀ ਨਾਲ ਇਕ ਸਿਪਾਹੀ ਵੱਲ ਗਿਆ।

"'ਖੁੰਝ ਗਿਐ? ਮੈਂ ਦੱਸਦਾ ਤੈਨੂੰ,' ਮੈਂ ਉਸਨੂੰ ਕ੍ਰੋਧ ਵਿਚ ਕਹਿੰਦਿਆਂ ਸੁਣਿਆ।' "ਫੇਰ ਖੁੰਝੇਗਾ? ਖੁੰਝੇਗਾ?"

"ਤੇ ਦੇਖਿਆ ਕਿ ਕਿਵੇਂ ਉਹ ਆਪਣੇ ਦਸਤਾਨੇ ਵਾਲੇ ਮਜ਼ਬੂਤ ਹੱਥ ਨਾਲ ਛੋਟੇ ਕੱਦ ਵਾਲੇ, ਕਮਜ਼ੋਰ ਜਿਹੇ ਸਿਪਾਹੀ ਦੇ ਮੂੰਹ ਉਤੇ ਇਸ ਕਰਕੇ ਘਸੁੰਨ ਜੜਨ ਲਗ ਪਿਆ ਕਿ ਉਸਦਾ ਚਾਬੁਕ ਤਾਤਾਰ ਦੀ ਲਹੂ-ਲੁਹਾਣ ਪਿੱਠ ਉਤੇ ਕਾਫੀ ਜ਼ੋਰ ਦੀ ਨਹੀਂ ਸੀ ਪਿਆ।

"ਨਵੇਂ ਚਾਬੁਕ ਲਿਆਓ!" ਕਰਨੈਲ ਨੇ ਉੱਚੀ ਸਾਰੀ ਕਿਹਾ। ਬੋਲਦਾ ਹੋਇਆ ਉਹ ਮੁੜਿਆ ਤੇ ਉਸਦੀ ਨਜ਼ਰ ਮੇਰੇ ਉਤੇ ਪੈ ਗਈ। ਇਹ ਬਹਾਨਾ ਕਰਦਿਆਂ, ਕਿ ਉਹ ਮੈਨੂੰ ਨਹੀਂ ਜਾਣਦਾ, ਉਸਨੇ ਗੁੱਸੇ ਵਿਚ ਤਿਊੜੀ ਪਾ ਲਈ ਤੇ ਫਿਰ ਜਲਦੀ ਨਾਲ ਦੂਜੇ ਪਾਸੇ ਮੂੰਹ ਫੇਰ ਲਿਆ। ਮੈਂ ਏਨਾ ਸ਼ਰਮਿੰਦਾ ਮਹਿਸੂਸ ਕਰਨ ਲੱਗਾ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੀਆਂ ਅੱਖਾਂ ਕਿਧਰ ਫੇਰਾਂ, ਜਿਵੇਂ ਕਿ ਮੈਂ ਕੋਈ ਸ਼ਰਮਨਾਕ ਗੱਲ ਕਰਦਾ ਫੜਿਆ ਗਿਆ ਹੋਵਾਂ। ਸਿਰ ਸੁੱਟ ਕੇ ਮੈਂ ਜਲਦੀ ਜਲਦੀ ਘਰ ਮੁੜ ਆਇਆ। ਸਾਰਾ ਰਸਤਾ ਮੈਨੂੰ ਢੋਲ ਵਜਦਾ, ਬੀਨ ਚੀਕਦੀ ਸੁਣਾਈ ਦਿੰਦੀ ਰਹੀ ਤੇ ਨਾਲੇ ਇਹ ਲਫਜ਼, 'ਰਹਿਮ ਕਰੋ' ਤੇ ਕਰਨੈਲ ਦੀ ਕ੍ਰੋਧ ਨਾਲ ਭਰੀ ਹੋਈ ਸਵੈ-ਵਿਸ਼ਵਾਸ ਵਾਲੀ ਆਵਾਜ਼— 'ਫੇਰ ਖੁੰਝੇਗਾ? ਖੁੰਝੇਗਾ?' ਤੇ ਮੇਰੇ ਦਿਲ ਦਾ ਦਰਦ ਏਨਾਂ ਅਸਹਿ ਸੀ, ਕਿ ਮੈਨੂੰ ਕੈਅ ਆਉਣ ਕਰਦੀ ਸੀ, ਜਿਸ ਕਰਕੇ ਮੈਂ ਕਈ ਵਾਰੀ ਰੁਕਿਆ ਵੀ। ਮੈਨੂੰ ਲੱਗਾ ਕਿ ਮੈਨੂੰ ਉਹ ਸਾਰੀ ਭਿਅੰਕਰਤਾ ਕੱਢ ਮਾਰਨੀ ਚਾਹੀਦੀ ਹੈ, ਜਿਹੜੀ ਇਹ ਦ੍ਰਿਸ਼ ਨੇ ਮੇਰੇ ਵਿਚ ਭਰ ਦਿੱਤੀ ਹੈ। ਮੈਨੂੰ ਨਹੀਂ ਯਾਦ ਕਿ ਮੈਂ ਘਰ ਕਿਵੇਂ ਪੁੱਜਾ ਤੇ ਮੰਜੇ ਉਤੇ ਜਾ ਪਿਆ, ਪਰ ਜਿਉਂ ਹੀ ਮੈਂ ਉੱਘਲਾਉਣ ਲਗਦਾ, ਤਾਂ ਸਾਰਾ ਕੁਝ ਮੁੜ ਕੇ ਮੈਨੂੰ ਸੁਣਾਈ ਦੇਣ ਲਗ ਪੈਂਦਾ ਤੇ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ, ਤੇ ਮੈਂ ਤ੍ਰਭਕ ਕੇ ਉੱਠ ਪੈਂਦਾ।

'ਜ਼ਰੂਰ ਕੋਈ ਐਸੀ ਗੱਲ ਹੋਵੇਗੀ, ਜਿਸਨੂੰ ਉਹ ਤਾਂ ਜਾਣਦਾ ਹੈ ਪਰ ਮੈਂ ਨਹੀਂ ਜਾਣਦਾ,' ਮੈਂ ਕਰਨੈਲ ਬਾਰੇ ਸੋਚਦਿਆਂ ਆਪਣੇ ਮਨ ਵਿਚ ਕਿਹਾ। 'ਜੇ ਮੈਂ ਜਾਣਦਾ ਹੁੰਦਾ, ਜੋ ਕੁਝ ਉਹ ਜਾਣਦਾ ਹੈ, ਤਾਂ ਮੈਨੂੰ ਸਮਝ ਆ ਜਾਂਦੀ, ਤੇ ਜੋ ਕੁਝ ਮੈਂ ਦੇਖਿਆ ਹੈ, ਉਹ ਮੈਨੂੰ ਏਨਾਂ ਦੁਖੀ ਨਾ ਕਰਦਾ। ਤੇ ਬਥੇਰਾ ਦਮਾਗ ਲੜਾਇਆ, ਪਰ ਮੇਰੀ ਸਮਝ ਵਿਚ ਨਾ ਆਇਆ ਕਿ ਉਹ ਕਿਹੜੀ ਗੱਲ ਹੈ ਜਿਸਦਾ ਕਰਨੈਲ ਨੂੰ ਪਤਾ ਹੈ, ਤੇ ਸ਼ਾਮ ਤੱਕ ਮੈਨੂੰ ਨੀਂਦ ਨਾ ਆ ਸਕੀ, ਤੇ ਸ਼ਾਮ ਨੂੰ ਵੀ ਨਾ ਆਈ ਜਦੋਂ ਮੈਂ ਇਕ ਦੋਸਤ ਕੋਲ ਜਾ ਕੇ ਉਸ ਨਾਲ ਏਨੀ ਸ਼ਰਾਬ ਨਾ ਪੀ ਲਈ ਕਿ ਬੇਸੁੱਧ ਹੋ ਗਿਆ।

"ਤੇ ਤੁਹਾਡਾ ਕੀ ਖਿਆਲ ਹੈ ਕਿ ਮੈਂ ਇਸ ਤੋਂ ਸਿੱਟਾ ਇਹ ਕੱਢਿਆ ਕਿ ਜੋ ਕੁਝ ਮੈਂ ਦੇਖਿਆ ਸੀ, ਉਹ ਮਾੜਾ ਸੀ? ਬਿਲਕੁਲ ਐਸੀ ਕੋਈ ਗੱਲ ਨਹੀਂ। ਜੋ ਕੁਝ ਮੈਂ ਦੇਖਿਐ, ਜੇ ਉਹ ਕੁਝ ਏਨੇ ਹੀ ਵਿਸ਼ਵਾਸ ਨਾਲ ਕੀਤਾ ਗਿਐ, ਤੇ ਸਾਰੇ ਉਸਨੂੰ ਜ਼ਰੂਰੀ ਸਮਝਦੇ ਨੇ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਕੋਈ ਐਸੀ ਗੱਲ ਜਾਣਦੇ ਨੇ ਜਿਹੜੀ ਮੈਂ ਨਹੀਂ ਜਾਣਦਾ। ਇਹ ਸੀ ਸਿੱਟਾ ਜਿਹੜਾ ਮੈਂ ਕੱਢਿਆ, ਤੇ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਹੜੀ ਗੱਲ ਹੈ। ਪਰ ਮੈਨੂੰ ਕਦੀ ਨਾ ਪਤਾ ਲੱਗਾ। ਤੇ ਕਿਉਂਕਿ ਮੈਨੂੰ ਇਸਦਾ ਪਤਾ ਨਾ ਲੱਗਾ, ਇਸ ਲਈ ਮੈਂ ਫੌਜ ਵਿਚ ਭਰਤੀ ਨਾ ਹੋ ਸਕਿਆ, ਜਿਵੇਂ ਕਿ ਪਹਿਲਾਂ ਮੇਰਾ ਇਰਾਦਾ ਸੀ ਤੇ ਨਾ ਸਿਰਫ ਫੌਜ ਵਿਚ ਹੀ ਸਗੋਂ ਕਿਤੇ ਵੀ ਕੰਮ ਨਾ ਕਰ ਸਕਿਆ, ਜਿਸ ਲਈ ਮੈਂ ਜਿਵੇਂ ਕਿ ਤੁਸੀਂ ਦੇਖਦੇ ਹੋ, ਬਿਲਕੁਲ ਨਿਕੰਮਾਂ ਸਿਧ ਹੋਇਆ।"

"ਇਹ ਤਾਂ, ਖੈਰ, ਸਾਨੂੰ ਪਤੈ ਕਿ ਤੁਸੀਂ ਕਿੰਨੇ ਕੁ ਨਿਕੰਮੇ ਸਿੱਧ ਹੋਏ," ਸਾਡੇ ਵਿਚੋਂ ਇਕ ਬੋਲਿਆ। "ਜ਼ਿਆਦਾ ਠੀਕ ਗੱਲ ਇਹ ਹੋਵੇਗੀ ਕਿ ਸਾਨੂੰ ਇਹ ਦੱਸੋ ਕਿ ਜੇ ਤੁਸੀਂ ਨਾ ਹੁੰਦੇ ਤਾਂ ਕਿੰਨੇ ਜ਼ਿਆਦਾ ਲੋਕ ਨਿਕੰਮੇ ਬਣ ਜਾਂਦੇ।"

"ਖੈਰ, ਇਹ ਤਾਂ ਐਵੇਂ ਮੂਰਖਾਂ ਵਾਲੀ ਗੱਲ ਏ," ਸਚਮੁਚ ਖਿਝਦਿਆਂ ਹੋਇਆ ਈਵਾਨ ਵਾਸੀਲੀਏਵਿਚ ਬੋਲਿਆ।

"ਤੇ ਤੁਹਾਡੇ ਪਿਆਰ ਦਾ ਕੀ ਬਣਿਆ?" ਅਸੀਂ ਪੁੱਛਿਆ।

ਮੇਰਾ ਪਿਆਰ? ਇਸ ਦਿਨ ਤੋਂ ਲੈ ਕੇ ਮੇਰਾ ਪਿਆਰ ਮਰਨਾ ਸ਼ੁਰੂ ਹੋ ਗਿਆ। ਜਦੋਂ ਵੀ ਉਹ ਕਦੀ, ਜਿਵੇਂ ਕਿ ਅਕਸਰ ਉਸ ਨਾਲ ਹੁੰਦਾ ਸੀ, ਚਿਹਰੇ ਉਤੇ ਮੁਸਕਰਾਹਟ ਲਿਆਉਂਦੀ ਸੋਚਾਂ ਵਿਚ ਪੈ ਜਾਂਦੀ, ਤਾਂ ਮੇਰੀਆਂ ਅੱਖਾਂ ਸਾਹਮਣੇ ਇਕਦਮ ਮੈਦਾਨ ਵਿਚ ਖੜਾ ਕਰਨੈਲ ਆ ਜਾਂਦਾ, ਜਿਸ ਨਾਲ ਮੈਂ ਬੇਚੈਨ ਹੋ ਜਾਂਦਾ, ਤੇ ਮੇਰੀ ਖੁਸ਼ੀ ਜਾਂਦੀ ਰਹਿੰਦੀ, ਤੇ ਮੈਂ ਉਸਨੂੰ ਮਿਲਣਾ ਘੱਟ ਕਰ ਦਿਤਾ ਤੇ ਫਿਰ ਖਤਮ ਕਰ ਦਿਤਾ। ਤੇ ਇਸ ਤਰ੍ਹਾਂ ਮੇਰਾ ਪਿਆਰ ਖਤਮ ਹੋ ਗਿਆ। ਸੋ ਇੰਝ ਵਾਪਰਦਾ ਹੈ ਕਦੀ ਕਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਜਿਹੜੀਆਂ ਆਦਮੀ ਦੇ ਸਾਰੇ ਜੀਵਨ ਨੂੰ ਬਦਲ ਕੇ ਰਖ ਦਿੰਦੀਆਂ ਤੇ ਉਸਨੂੰ ਸੇਧ ਦਿੰਦੀਆਂ ਹਨ। ਤੇ ਤੁਸੀਂ ਕਹਿੰਦੇ ਹੋ..." ਉਸਨੇ ਗੱਲ ਮੁਕਾਈ