ਪੰਜਾਬੀ ਕਵਿਤਾ/ਕਵਿਤਾ ਦੀ ਮਹੱਤਤਾ
੪. ਕਵਿਤਾ ਦੀ ਮਹੱਤਤਾ
ਦਸਿਆ ਜਾ ਚੁੱਕਾ ਹੈ ਕਿ ਕੋਮਲ ਹੁਨਰਾਂ ਵਿਚੋਂ ਕਵਿਤਾ ਸਭ ਤੋਂ ਉੱਚੀ ਹੈ। ਇਸ ਦੀ ਮਹਾਨਤਾ ਹੋਰ ਪਹਿਲੂਆਂ ਤੋਂ ਵੀ ਵੇਖਣ-ਯੋਗ ਹੈ।
ਕਵਿਤਾ ਦਾ ਸੰਬੰਧ ਵੱਲਵਲੇ ਨਾਲ ਬਹੁਤ ਹੈ। ਜਿਹੜੇ ਕੰਮ ਦਲੀਲ ਨਹੀਂ ਕਰ ਸਕਦੀ ਉਹ ਕਵਿਤਾ ਕਰ ਦਿਖਾਉਂਦੀ ਹੈ। ਅਸਲ ਵਿਚ ਵਾਰਤਕ ਦਲੀਲ ਜਾਂ ਫਲਸਫ਼ੇ ਦੀ ਬੋਲੀ ਹੈ। ਉਹ ਸਮਝਾ ਸਕਦੀ ਹੈ, ਉਭਾਰ ਨਹੀਂ ਸਕਦੀ। ਫ਼ਲਸਫ਼ਾ, ਇਤਿਹਾਸ, ਤੇ ਸਾਇੰਸ ਸਾਰਿਆਂ ਲਈ ਵਾਰਤਕ ਵਰਤੀ ਜਾਂਦੀ ਹੈ। ਇਹ ਸਾਰੇ ਮਜ਼ਮੂਨ ਦੇ ਮਸਾਲੇ ਤੇ ਬਹੁਤਾ ਜ਼ੋਰ ਦਿੰਦੇ ਹਨ ਇਸ ਦੀ ਸ਼ਕਲ ਤੇ ਨਹੀਂ। ਜਿਵੇਂ ਤਪੱਸਵੀ ਆਪਣੀ ਰੂਹ ਦਾ ਬਹੁਤਾ ਖਿਆਲ ਰਖਦੇ ਹਨ ਤੇ ਸ਼ਰੀਰ ਦੀ ਕੋਈ ਪਰਵਾਹ ਨਹੀਂ ਕਰਦੇ, ਤਿਵੇਂ ਹੀ ਫ਼ਲਸਫ਼ਾ, ਇਤਿਹਾਸ, ਤੇ ਸਾਇੰਸਾਂ ਬੋਲੀ ਦੀ ਬਾਹਰਲੀ ਸੁੰਦਰਤਾ ਵੱਲ ਖਿਆਲ ਨਹੀਂ ਰੱਖਦੇ। ਉਨ੍ਹਾਂ ਦਾ ਮੰਤਵ ਗਿਆਨ ਨੂੰ ਹੂ-ਬਹੂ ਦੱਸਣਾ ਹੁੰਦਾ ਹੈ। ਦਲੀਲ ਵਿਚ ਵਲਵਲੇ ਨੂੰ ਉਕੇ ਹੀ ਥਾਂ ਨਹੀਂ ਹੁੰਦੀ। ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਵਿਚ ਕੋਈ ਖਾਸ ਖਿੱਚ ਅਤੇ ਮਨ ਨੂੰ ਮੋਹਣ ਤੇ ਉਭਾਰਨ ਵਾਲੀ ਸ਼ਕਤੀ ਨਹੀਂ ਹੁੰਦੀ। ਇਸੇ ਕਰਕੇ ਕਵਿਤਾ ਨੂੰ ਸ਼ਕਤੀ ਸਾਹਿੱਤ ਤੇ ਫਲਸਫੇ ਆਦ ਨੂੰ ਗਿਆਨ-ਸਾਹਿੱਤ ਕਹਿੰਦੇ ਹਨ। ਕਵਿਤਾ ਵਲਵਲਿਆਂ ਰਾਹੀਂ ਸੱਚ ਪ੍ਰਤੀਤ ਕਰਾਉਂਦੀ ਹੈ; ਫ਼ਲਸਫ਼ਾ ਆਦ ਸਮਝਾਉਂਦੇ ਹਨ। ਕਵਿਤਾ ਚੱਪੂ ਹੈ ਤੇ ਫ਼ਲਸਫ਼ਾ ਆਦਿ ਪਤਵਾਰ, ਕਵਿਤਾ ਉਡਦੀ ਹੈ; ਫ਼ਲਸਫ਼ਾ ਆਦਿ ਤੁਰਦੇ ਹਨ।
ਕਵਿਤਾ ਦਾ ਸਮਾਜ ਤੇ ਬੜਾ ਅਸਰ ਹੁੰਦਾ ਹੈ। ਕਵਿਤਾ ਦਾ ਮੰਤਵ ਭਾਵੇਂ ਇਹ ਨਹੀਂ ਹੁੰਦਾ ਪਰ ਫਿਰ ਵੀ ਇਹ ਨਿੱਘਰੀ ਹੋਈ ਸਮਾਜਕ ਅਵਸਥਾ ਨੂੰ ਉਚਾ ਕਰ ਦਿੰਦੀ ਹੈ। ਕਵੀਆਂ ਦਿਆਂ ਗੀਤਾਂ ਤੇ ਕਵਿਤਾਵਾਂ ਨੇ ਫ਼ਰਾਂਸ ਵਿਚ ਜੁਗ-ਗਰਦੀ ਲੈ ਆਂਦੀ ਸੀ। ਅੰਗ੍ਰੇਜ਼ ਕਵੀ ਬਾਇਰਨ ਦੀ ਕਵਿਤਾ "ਯੁਨਾਨ ਤੇ ਜਜ਼ੀਰੇ" (Isles of Greece) ਨੇ ਯੂਨਾਨੀਆਂ ਨੂੰ ਤੁਰਕਾਂ ਕੋਲੋਂ ਸਵਤੰਤ੍ਰਤਾ ਦਿਵਾਈ। ਅਰਬ ਵਿਚ ਕਵੀ ਆਪਣੀ ਕਵਿਤਾ ਦੇ ਜ਼ੋਰ ਲੋਕਾਂ ਨੂੰ ਸਤਿਕਾਰ ਦਾ ਪਾਤਰ ਬਣਾ ਦਿੰਦੇ ਸਨ। ਇਥੋਂ ਤਕ ਕਿ ਜਿਸ ਕੁੜੀ ਦਾ ਜ਼ਿਕਰ ਕਿਸੇ ਕਵੀ ਦੀ ਕਵਿਤਾ ਵਿੱਚ ਹੁੰਦਾ ਸੀ ਉਸ ਦਾ ਵਿਆਹ ਚੰਗੇ ਘਰਾਣੇ ਵਿਚ ਹੋ ਜਾਂਦਾ ਸੀ। ਪੰਜਾਬ ਵਿਚ ਭੀ ਢਾਡੀ ਵਾਰਾਂ ਨਾਲ ਬਹਾਦਰਾਂ ਨੂੰ ਆਪਣੇ ਫਰਜ਼ ਪੂਰੇ ਕਰਨ ਤੇ ਸੂਰਬੀਰਤਾ ਦਿਖਾਉਣ ਲਈ ਪ੍ਰੇਰਦੇ ਸਨ।
ਕਵਿਤਾ ਨਵੇਂ ਪਿਆਰ ਉਪਜਾਉਂਦੀ ਤੇ ਵਿਛਛੜਿਆਂ ਨੂੰ ਮੇਲਦੀ ਹੈ। ਕਵਿਤਾ ਵਿਸਮਾਦੀ ਤੇ ਆਤਮਕ ਜੀਵਨ ਦਾ ਰਾਹ ਖੋਲ੍ਹ ਦਿੰਦੀ ਹੈ। ਉਨ੍ਹਾਂ ਮੰਡਲਾਂ ਦੀ ਸੈਰ ਕਰਾਉਂਦੀ ਹੈ, ਜਿਥੇ ਆਮ ਆਦਮੀ ਦੀ ਪਹੁੰਚ ਨਾ ਹੋਵੇ। ਕਵਿਤਾ ਕੁਦਰਤ ਦੇ ਝਲਕਾਰੇ ਵਿਚ ਰੱਬ ਦੇ ਦਰਸ਼ਨ ਕਰਾਉਂਦੀ ਹੈ।