ਸਮੱਗਰੀ 'ਤੇ ਜਾਓ

ਪੰਜਾਬੀ ਕਵਿਤਾ/ਰੋਮਾਂਟਿਕ ਲਹਿਰ

ਵਿਕੀਸਰੋਤ ਤੋਂ
66439ਪੰਜਾਬੀ ਕਵਿਤਾ — ਰੋਮਾਂਟਿਕ ਲਹਿਰਪਾਲ ਸਿੰਘ, ਸੁਜਾਨ ਸਿੰਘ


੪. ਰੋਮਾਂਟਿਕ ਲਹਿਰ

'ਰੋਮਾਂਟਿਕ' ਅੰਗ੍ਰੇਜ਼ੀ ਦਾ ਅਜਿਹਾ ਸ਼ਬਦ ਹੈ ਜਿਸ ਦੇ ਅਰਥ ਜਿੰਨੇ ਜ਼ਿਆਦਾ ਕਰੀਏ ਉਨੀਆਂ ਹੀ ਜ਼ਿਆਦਾ ਗੁੰਝਲਾਂ ਪੈਂਦੀਆਂ ਜਾਂਦੀਆਂ ਹਨ। ਅਸਲ ਵਿਚ ਇਹ ਕਵਿਤਾ ਵਾਂਗ ਬਹੁਤੇ ਤਤਾਂ ਦਾ ਬਣਿਆ ਹੋਇਆ ਹੈ। ਮੋਟੇ ਸ਼ਬਦਾਂ ਵਿਚ ਰੋਮਾਂਟਿਕ ਕਵੀ ਉਹ ਹੁੰਦਾ ਹੈ ਜਿਸ ਵਿਚ ਦਲੀਲ ਤੇ ਸਚਾਈ ਨਾਲੋਂ ਵਲਵਲੇ ਦਾ ਜੁਜ਼ ਬਹੁਤ ਜ਼ਿਆਦਾ ਹੋਵੇ; ਅਤੇ ਜਿਸ ਵਿਚ ਬਾਕੀ ਜੁਜ਼ਾਂ ਨਾਲੋਂ ਦਲੀਲ ਵਧੇਰੇ ਹੋਵੇ ਉਹ ਰਵਾਇਤੀ ਕਵੀ ਹੁੰਦਾ ਹੈ। ਰੋਮਾਂਟਿਕ ਕਵੀ ਵਿਚ ਹੇਠ ਲਿਖੇ ਗੁਣ ਹੁੰਦੇ ਹਨ:-

(੧) ਵਲਵਲਾ-

ਰੋਮਾਂਟਿਕ ਕਵੀ ਵਲਵਲੇ ਦਾ ਕਵੀ ਹੁੰਦਾ ਹੈ, ਉਹ ਦਲੀਲ ਦਾ ਕਵੀ ਨਹੀਂ ਹੁੰਦਾ। ਵਲਵਲੇ ਦੀ ਬਹੁਲਤਾ ਵਿਚ ਉਹ ਦਲੀਲ ਦੀ ਪਰਵਾਹ ਨਹੀਂ ਕਰਦਾ। ਇਸ ਦਾ ਇਹ ਮਤਲਬ ਨਹੀਂ ਕਿ ਉਹ ਬੇਤੁਕੀਆਂ ਜੋੜੀ ਜਾਂਦਾ ਹੈ; ਨਹੀਂ, ਉਹ ਗੱਲਾਂ ਸਭ ਪਤੇ ਦੀਆਂ ਕਰਦਾ ਹੈ। ਵਲਵਲਾ ਦਿਲ ਦੀ ਚੀਜ਼ ਹੈ, ਤੇ ਦਲੀਲ ਦਿਮਾਗ ਦੀ। ਵਲਵਲਾ ਦਿਮਾਗ਼ ਨਾਲੋਂ ਵੀ ਉਚੇਰੇ ਮੰਡਲਾਂ ਵਿਚ ਪੁਜ ਸਕਦਾ ਹੈ। ਵਲਵਲੇ ਦੇ ਨਾਲ ਰਾਗ ਆਪ-ਮੁਹਾਰਾ ਦੌੜੀ ਆਉਂਦਾ ਹੈ।

(੨) ਆਪਾ-

ਆਪੇ ਦਾ ਸੰਬੰਧ ਦਿਲ ਨਾਲ ਹੈ। ਰੋਮਾਂਟਿਕ ਕਵੀ ਦਿਲ ਦਾ ਕਵੀ ਹੁੰਦਾ ਹੈ। ਇਸ ਲਈ ਉਹ ਜੋ ਵੀ ਕਹੇਗਾ, ਉਹ ਦਿਲ ਵਿਚੋਂ ਨਿਕਲੀ ਹੋਈ ਚੀਜ਼ ਹੋਵਗੀ। ਦਿਲ ਆਪਣੀ ਅਸਲੀਅਤ ਦਸਦਾ ਹੈ, ਦਿਮਾਗ਼ ਆਪਣੇ ਮੂੰਹੋਂ ਦੂਜਿਆਂ ਦੇ ਫ਼ਲਸਫ਼ੇ ਛਾਂਟਦਾ ਹੈ। ਰੋਮਾਂਟਿਕ ਕਵੀ ਆਪਣੇ ਦਿਲ ਦੀ ਕਿਤਾਬ ਨੂੰ ਪੜ੍ਹਦਾ ਹੈ, ਤੇ ਆਪਣੇ ਤਜਰਬੇ ਕਵਿਤਾ ਅੰਦਰ ਰਖ ਦਿੰਦਾ ਹੈ। ਇਸ ਦੇ ਉਲਟ ਰਵਾਇਤੀ ਕਵੀ ਦੂਜਿਆਂ ਦੀਆਂ ਚੀਜ਼ਾਂ ਲੈ,ਉਨ੍ਹਾਂ ਨੂੰ ਲਿਸ਼ਕਾ ਕੇ ਦੁਨੀਆ ਸਾਹਮਣੇ ਰਖਦਾ ਹੈ। ਰੋਮਾਂਟਿਕ ਕਵੀ ਆਪਣੀ ਕਵਿਤਾ ਵਿਚ ਆਪ ਬੋਲਦਾ ਹੈ।

(੩) ਮਨ ਦੀ ਇਕਾਗਰਤਾ-

ਰੋਮਾਂਟਿਕ ਕਵੀ ਦਿਲ ਦਾ ਕਵੀ ਹੋਣ ਕਰਕੇ ਬਾਹਰ ਝਾਤੀਆਂ ਮਾਰਨ ਦੀ ਬਜਾਏ ਆਪਣੇ ਅੰਦਰਲੇ ਨੂੰ ਖੋਜਦਾ ਹੈ। ਰੂਹ ਦੇ ਅੰਦਰ ਗਿਆਨ ਦੇ ਭੰਡਾਰੇ ਭਰੇ ਪਏ ਹਨ, ਉਨ੍ਹਾਂ ਵਿਚੋਂ ਉਹ ਮਨ ਮਰਜ਼ੀ ਦੀਆਂ ਚੀਜ਼ਾਂ ਕਢ ਲਿਆਉਂਦਾ ਹੈ ਤੇ ਦੁਨੀਆ ਸਾਹਮਣੇ ਪੇਸ਼ ਕਰਦਾ ਹੈ। ਉਹ ਰੂਹਾਨੀ ਖ਼ੁਰਾਕ ਦਾ ਚਾਹਵਾਨ ਹੁੰਦਾ ਹੈ, ਬਾਹਰਲੀਆਂ ਉਰਲੀਆਂ ਪਰਲੀਆਂ ਚੀਜ਼ਾਂ ਨਾਲ ਉਸ ਦਾ ਮਨ ਨਹੀਂ ਪਤੀਜਦਾ। ਇਸੇ ਲਈ ਰੋਮਾਂਟਿਕ ਕਵੀ ਵਿਚ ਰੂਹਾਨੀਅਤ ਦਾ ਜੁਜ਼ ਆਮ ਕਵੀਆਂ ਨਾਲੋਂ ਵਧੇਰੇ ਹੁੰਦਾ ਹੈ।

(੪) ਵਿਸਮਾਦ-

ਰੋਮਾਂਟਿਕ ਕਵੀ ਫਕੀਰੀ ਰੰਗਣ ਵਾਲਾ ਦਿਲ ਰਖਦਾ ਹੈ। ਉਹ ਕਿਸੇ ਵੇਲੇ ਆਪਣੀ ਮਸਤੀ ਵਿਚ ਅਜਿਹਾ ਆਉਂਦਾ ਹੈ ਕਿ ਵਿਸਮਾਦ ਅਵਸਥਾ ਉਸ ਦੇ ਆਲੇ ਦੁਆਲੇ ਛਾ ਜਾਂਦੀ ਹੈ ਤੇ ਉਸ ਵੇਲੇ ਉਚੀਆਂ ਰਮਜ਼ ਭਰੀਆਂ ਗਲਾਂ ਕਹਿ ਜਾਂਦਾ ਹੈ। ਉਸ ਵੇਲੇ ਉਹ ਦਿਮਾਗ਼ ਤੋਂ ਉਚੇਰਾ ਹੋ ਕੇ ਵਲਵਲੇ ਦੇ ਦੇਸ ਵਿਚ ਤਾਰੀਆਂ ਲਾ ਰਿਹਾ ਹੁੰਦਾ ਹੈ।

(੫) ਛਾਇਆਵਾਦ-

ਰੋਮਾਂਟਿਕ ਕਵੀ ਵਿਚ ਕਈ ਵਾਰੀ ਵਲਵਲੇ ਦਾ ਐਨਾ ਹੜ੍ਹ ਆਉਂਦਾ ਹੈ ਕਿ ਉਸ ਦੇ ਵਿਚਾਰਾਂ ਨੂੰ ਬੋਲੀ ਫੜ ਹੀ ਨਹੀਂ ਸਕਦੀ ਅਤੇ ਉਸ ਦੇ ਵਿਚਾਰ ਇਤਨੇ ਸੂਖਸ਼ਮ ਹੋ ਜਾਂਦੇ ਹਨ ਕਿ ਉਸ ਦੇ ਚਿਤਰ ਬਹੁਤ ਧੁੰਧਲੇ ਹੋਣ ਦੀ ਸੂਰਤ ਵਿਚ, ਆਮ ਮਨੁਖ ਦੀ ਨਜ਼ਰ ਉਨ੍ਹਾਂ ਨੂੰ ਦੇਖ ਹੀ ਨਹੀਂ ਸਕਦੀ।

(੬) ਆਦਰਸ਼ਕਤਾ-

ਰੋਮਾਂਟਿਕ ਕਵੀ ਸਦਾ ਆਦਰਸ਼ਕ ਸੁਭਾ ਦਾ ਹੁੰਦਾ ਹੈ। ਦੁਨੀਆ ਦੀਆਂ ਆਮ ਚੀਜ਼ਾਂ ਨਾਲ ਉਸ ਦਾ ਮਨ ਤ੍ਰਿਪਤ ਨਹੀਂ ਹੁੰਦਾ। ਵਿਚ ਵਿਚੋਲਾ ਜੀਵਨ ਉਸ ਨੂੰ ਨਹੀਂ ਭਾਉਂਦਾ, ਉਹ ਜਾਂ ਅਕਾਸ਼ ਤੇ ਹੁੰਦਾ ਹੈ ਤੇ ਜਾਂ ਪਤਾਲ ਤੇ। ਉਹ ਹਮੇਸ਼ਾ ਦੂਰ ਭਵਿਖਤ ਵਲ ਦੌੜਦਾ ਹੈ ਜਾਂ ਫਿਰ ਦੂਰ ਭੂਤ ਵਲ। ਰੋਮਾਂਟਿਕ ਕਵੀ ਸੁਪਨੇ-ਸਾਜ਼ ਹੁੰਦਾ ਹੈ।

(੭) ਮੌਲਿਕਤਾ-

ਰੋਮਾਂਟਿਕ ਕਵੀ ਕਿਸੇ ਦੀ ਨਕਲ ਨਹੀਂ ਕਰਦਾ। ਉਹ ਆਪਣਾ ਰਸਤਾ ਸਦਾ ਨਵਾਂ ਹੀ ਚੁਣਦਾ ਹੈ। ਪੁਰਾਣੀ ਚੀਜ਼ ਨੂੰ ਵੀ ਨਵੇਂ ਹੀ ਢੰਗ ਨਾਲ ਪੇਸ਼ ਕਰਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ 'ਪੂਰਨ' ਦੇ ਪੁਰਾਣੇ ਕਿੱਸੇ ਨੂੰ ਨਵੇਂ ਹੀ ਢੰਗ ਨਾਲ ਲਿਖਿਆ ਹੈ।

(੮) ਬੋਲੀ-

ਰੋਮਾਂਟਿਕ ਕਵੀ ਬੜੀ ਸਾਦੀ ਤੇ ਸਰਲ ਬੋਲੀ ਵਰਤਦਾ ਹੈ, ਪਰ ਭਾਵ-ਪੂਰਤ।

ਪੰਜਾਬ ਰੋਮਾਂਟਿਕ ਦੇਸ ਹੈ। ਇਸ ਦੀ ਹਰ ਇਕ ਚੀਜ਼ ਵਿਚ ਰੋਮਾਂਸ ਭਰਿਆਂ ਪਿਆ ਹੈ। ਇਥੋਂ ਦੇ ਦਰਿਆ ਤੇ ਪਹਾੜ ਰੋਮਾਂਟਿਕ ਹਨ, ਇਥੋਂ ਦੇ ਬੰਦੇ ਰੋਮਾਂਟਿਕ ਹਨ ਤੇ ਇਥੋਂ ਦੇ ਕਵੀ ਰੋਮਾਂਟਿਕ ਹਨ। ਇਸੇ ਲਈ ਪ੍ਰੋਫ਼ੈਸਰ ਪੂਰਨ ਸਿੰਘ ਜੀ 'ਜਵਾਨ ਪੰਜਾਬ ਦੇ' ਨਾਮੀ ਕਵਿਤਾ ਵਿਚ ਲਿਖਦੇ ਹਨ:-

ਇਥੇ ਜਾਨ ਆਈ, ਰੂਹ ਆਇਆ, ਰੱਬ ਆਇਆ,
ਗੀਤ ਅਸਮਾਨੀ ਆਇਆ, ਦਿਲ ਆਇਆ ਬਖ਼ਸ਼ ਦਾ,
ਇੱਥੇ ਚਾ ਦੇ ਅਸਮਾਨ ਟੁਟੇ,
ਇਥੇ ਹੁਸਨ ਖੁਦਾਈ ਦਾ ਅਵਤਾਰ ਆਇਆ,

ਪੰਜਾਬੀ ਕਵਿਤਾ ਵਿਚ ਰਵਾਇਤੀ ਸਮਾਂ ਸੱਚ ਪੁਛੋ ਤਾਂ ਕਦੀ ਆਇਆ ਹੀ ਨਹੀਂ, ਸਾਰੀ ਪੰਜਾਬੀ ਕਵਿਤਾ ਰੋਮਾਂਸ ਨਾਲ ਭਰੀ ਪਈ ਹੈ। ਪੁਰਾਣੀ ਕਵਿਤਾ ਵਿਚ ਗੀਤ ਸੁਧੇ ਰੋਮਾਂਸ