ਸਮੱਗਰੀ 'ਤੇ ਜਾਓ

ਪੰਜਾਬ ਦੇ ਲੋਕ ਨਾਇਕ

ਵਿਕੀਸਰੋਤ ਤੋਂ
ਪੰਜਾਬ ਦੇ ਲੋਕ ਨਾਇਕ  (2005) 
ਸੁਖਦੇਵ ਮਾਦਪੁਰੀ


ਪੰਜਾਬ ਦੇ ਲੋਕ ਨਾਇਕ

ਸੁਖਦੇਵ ਮਾਦਪੁਰੀ ਰਚਿਤ ਪੁਸਤਕਾਂ

ਲੋਕ ਗੀਤ
ਗਾਉਂਦਾ ਪੰਜਾਬ (1959)
ਫੁੱਲਾਂ ਭਰੀ ਚੰਗੇਰ (1979)
ਖੰਡ ਮਿਸ਼ਰੀ ਦੀਆਂ ਡਲ਼ੀਆਂ (2003)
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003)
ਨੈਣੀਂ ਨੀਂਦ ਨਾ ਆਵੇ (2004)
ਲੋਕ ਕਹਾਣੀਆਂ
ਜ਼ਰੀ ਦਾ ਟੋਟਾ (1957)
ਨੈਣਾਂ ਦੇ ਵਣਜਾਰੇ (1962)
ਭਾਰਤੀ ਲੋਕ ਕਹਾਣੀਆਂ (1991)
ਬਾਤਾਂ ਦੇਸ ਪੰਜਾਬ ਦੀਆਂ (2003)
ਲੋਕ ਬੁਝਾਰਤਾਂ
ਲੋਕ ਬੁਝਾਰਤਾਂ (1956)
ਪੰਜਾਬੀ ਬੁਝਾਰਤਾਂ (1979)
ਪੰਜਾਬੀ ਸਭਿਆਚਾਰ
ਪੰਜਾਬ ਦੀਆਂ ਲੋਕ ਖੇਡਾਂ (1976)
ਪੰਜਾਬ ਦੇ ਮੇਲੇ ਅਤੇ ਤਿਓਹਾਰ (1995)
ਆਓ ਨੱਚੀਏ (1995)
ਮਹਿਕ ਪੰਜਾਬ ਦੀ (2004)
ਪੰਜਾਬ ਦੇ ਲੋਕ ਨਾਇਕ (2005)
ਨਾਟਕ
ਪ੍ਰਾਇਆ ਧੰਨ (1962)
ਜੀਵਨੀ
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
ਬਾਲ ਸਾਹਿਤ
ਜਾਦੂ ਦਾ ਸ਼ੀਸ਼ਾ (1962)
ਕੇਸੂ ਦੇ ਫੁੱਲ (1962)
ਸੋਨੇ ਦਾ ਬੱਕਰਾ (1962)
ਬਾਲ ਕਹਾਣੀਆਂ (1992)
ਆਓ ਗਾਈਏ (1992)
ਮਹਾਂਬਲੀ ਰਣਜੀਤ ਸਿੰਘ (1995)
ਨੇਕੀ ਦਾ ਫ਼ਲ (1995)
ਅਨੁਵਾਦ
ਵਰਖਾ ਦੀ ਉਡੀਕ (1993)
ਟੋਡਾ ਤੇ ਟਾਹਰ (1994)
ਤਿਤਲੀ ਤੇ ਸੂਰਜਮੁਖੀਆਂ (1994)

ਪੰਨਾ

ਪੰਜਾਬ ਦੇ ਲੋਕ ਨਾਇਕ

(ਲੋਕਧਾਰਾਈ ਅਧਿਐਨ)

ਸੁਖਦੇਵ ਮਾਦਪੁਰੀ

ESTD. 1940

ਲਾਹੌਰ ਬੁੱਕ ਸ਼ਾਪ

2-ਲਾਜਪਤ ਰਾਏ ਮਾਰਕਿਟ, ਲੁਧਿਆਣਾ

ਪੰਨਾ

PUNJAB DE LOK NAYAK
(Folk Legends and Folk Heroes of Punjab)
by
Sukhdev Madpuri
Smadhi Road, Khanna-141401
Ph.: 01628-224704


ISBN 81-7647-167-4


ਪਹਿਲੀ ਵਾਰ: 2005


ਮੁੱਲ: 120/-ਰੁਪਏ
ਪ੍ਰਕਾਸ਼ਕ: ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ,
2-ਲਾਜਪਤ ਰਾਏ ਮਾਰਕਿਟ, ਨੇੜੇ ਸੁਸਾਇਟੀ ਸਿਨੇਮਾ,
ਲੁਧਿਆਣਾ। ਫ਼ੋਨ-740738
E-Mail:-lahorebookshop40@Rediffmail.com
ਲੇਜ਼ਰ ਸੈਟਿੰਗ: ਲਿਟਲ ਗ੍ਰਾਫ਼ਿਕਸ ਕੋਟ ਕਿਸ਼ਨ ਚੰਦ, ਜਲੰਧਰ।
Printed in India
ਛਾਪਕ: ਸਰਤਾਜ ਪ੍ਰਿੰਟਿੰਗ ਪ੍ਰੈਸ, ਜਲੰਧਰ।

ਪੰਨਾ

ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲ਼ੀ ਹੋਈ ਹੈ। ਇਸ ਦੀ ਧਰਤੀ ਤੇ ਪ੍ਰਵਾਨ ਚੜ੍ਹੀਆਂ ਮੂੰਹ ਜ਼ੋਰ ਮੁਹੱਬਤਾਂ ਨੂੰ ਪੰਜਾਬੀਆਂ ਨੇ ਆਪਣੀ ਦਿਲ ਤਖ਼ਤੀ 'ਤੇ ਬਿਠਾਇਆ ਹੋਇਆ ਹੈ। ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਤੇ ਹਰ ਕਿਸੇ ਨਾਲ ਘੁਲ਼-ਮਿਲ਼ ਜਾਣ ਦਾ ਸੁਭਾਅ ਪਰਾਇਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ। ਜਦੋਂ ਦੋ ਦਿਲਾਂ ਦਾ ਮੇਲ ਹੁੰਦਾ ਹੈ ਨਾ ਕੋਈ ਦੇਸ਼, ਨਾ ਜਾਤ ਬਰਾਦਰੀ, ਨਾ ਧਰਮ ਤੇ ਨਾ ਹੀ ਭਾਸ਼ਾ ਕਿਸੇ ਪ੍ਰਕਾਰ ਦੀ ਅਟਕਾਰ ਪਾਉਂਦੀ ਹੈ। ਇਸ਼ਕ ਓਪਰਿਆਂ ਨੂੰ ਵੀ ਆਪਣਾ ਬਣਾ ਲੈਂਦਾ ਹੈ: ਬਲਖ ਬੁਖਾਰੇ ਤੋਂ ਵਿਓਪਾਰ ਕਰਨ ਆਇਆ ਅਮੀਰਜ਼ਾਦਾ ਇੱਜ਼ਤ ਬੇਗ ਗੁਜਰਾਤ ਦੇ ਘੁਮਾਰ ਤੁਲੇ ਦੀ ਧੀ ਸੋਹਣੀ ਨੂੰ ਦੇਖ ਉਸ 'ਤੇ ਫਿਦਾ ਹੋ ਜਾਂਦਾ ਹੈ ਤੇ ਸੋਹਣੀ ਉਸ ਨੂੰ ਮਹੀਂਵਾਲ ਦੇ ਰੂਪ ਵਿੱਚ ਅਪਣਾ ਲੈਂਦੀ ਹੈ। ਦੋਨੋਂ ਦੇਸ ਦਸਾਂਤਰਾਂ ਦੀਆਂ ਹੱਦਾਂ ਮਿਟਾ ਕੇ ਇਕ-ਦੂਜੇ ਤੋਂ ਜਿੰਦੜੀ ਘੋਲ ਘੁਮਾਉਂਦੇ ਹਨ। ਇੰਜ ਹੀ ਬਲੋਚਸਤਾਨ ਦੇ ਇਲਾਕੇ ਮਿਕਰਾਨ ਦਾ ਸ਼ਾਹਜ਼ਾਦਾ ਪੁੰਨੂੰ ਸਿੰਧ ਦੇ ਸ਼ਹਿਰ ਭੰਬੀਰ 'ਚ ਧੋਬੀਆਂ ਦੇ ਘਰ ਪਲੀ ਸੱਸੀ ਦੇ ਹੁਸਨ ਦੀ ਤਾਬ ਨਾ ਝਲਦਾ ਹੋਇਆ ਆਪਣਾ ਆਪ ਸੱਸੀ 'ਤੇ ਨਿਛਾਵਰ ਕਰ ਦਿੰਦਾ ਹੈ ਤੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਬਲੋਚ ਨੂੰ ਬੇਹੋਸ਼ ਕਰਕੇ ਆਪਣੇ ਨਾਲ ਲੈ ਤੁਰਦੇ ਹਨ ਤਾਂ ਉਹ ਉਹਦੇ ਵਿਯੋਗ ਵਿੱਚ ਥਲਾਂ ਵਿੱਚ ਭੁਜਦੀ ਹੋਈ ਆਪਣੀ ਜਾਨ ਕੁਰਬਾਨ ਕਰ ਦਿੰਦੀ ਹੈ। ਬਲੋਚ ਪੁੰਨੂ ਅਤੇ ਸੋਹਣੀ ਦਾ ਇਜ਼ਤ ਬੇਗ ਮਹੀਂਵਾਲ ਦੇ ਰੂਪ ਵਿੱਚ ਪੰਜਾਬੀ ਲੋਕ ਮਨਾਂ ਦੇ ਚੇਤਿਆਂ 'ਚ ਵਸੇ ਹੋਏ ਹਨ। ਪੰਜਾਬ ਦੇ ਕਣ-ਕਣ ਵਿੱਚ ਰਮੀਆਂ ਮੁਹੱਬਤੀ ਰੂਹਾਂ ਸੱਸੀ-ਪੁੰਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਤੇ ਕੀਮਾ ਮਲਕੀ ਆਦਿ ਅਜਿਹੀਆਂ ਹਰਮਨ ਪਿਆਰੀਆਂ ਪ੍ਰੀਤ ਕਹਾਣੀਆਂ ਹਨ ਜਿਨ੍ਹਾਂ ਦੀ ਛਾਪ ਪੰਜਾਬੀਆਂ ਦੇ ਮਨਾਂ ਉੱਤੇ ਉੱਕਰੀ ਹੋਈ ਹੈ। ਜਿਨ੍ਹਾਂ ਬਾਰੇ ਪੰਜਾਬ ਦੀ ਗੋਰੀ ਨੇ ਸੈਆਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸੱਜਰੀਆਂ ਹਨ।

ਇਹ ਸਾਰੀਆਂ ਕਹਾਣੀਆਂ ਮੱਧ ਕਾਲ ਵਿੱਚ ਵਾਪਰਦੀਆਂ ਹਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ 'ਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਇਨ੍ਹਾਂ ਨੂੰ ਸੁਣ ਕੇ ਮੱਧ-ਕਾਲ ਦੇ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਆਪਣੇ ਕਿੱਸਿਆਂ ਵਿੱਚ ਰੂਪਮਾਨ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਇਹ ਕਿੱਸੇ ਉਪਲਬਧ ਹਨ। ਵਾਰਿਸ ਦੀ ਹੀਰ, ਪੀਲੂ ਦਾ ਮਿਰਜ਼ਾ, ਫ਼ਜ਼ਲ ਸ਼ਾਹ ਦੀ ਸੋਹਣੀ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸੱਭਿਆਚਾਰ ਇਨ੍ਹਾਂ ਵਿੱਚ ਵਿਦਮਾਨ ਹੈ।

ਇਨ੍ਹਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ, ਸੋਹਣਾ ਜ਼ੈਲ਼ੀ, ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬ ਦੇ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤਾਂ ਹਨ, ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਆਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧ-ਕਾਲੀਨ ਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ-ਨਾ ਕੋਈ ਧਰਮ, ਨਾ ਜਾਤ, ਨਾ ਗੋਤ ਉਨ੍ਹਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਸਮਾਜੀ ਬੰਦਿਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿੱਚ ਉਨ੍ਹਾਂ ਨੇ ਆਪਣੇ ਤੌਰ 'ਤੇ ਸਖ਼ਸ਼ੀ ਆਜ਼ਾਦੀ ਦੀ ਲੜਾਈ ਲੜ ਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਅਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ਼ ਯਾਦ ਕਰਦੇ ਹਨ।

ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਮੁਖਦੁਆਰ ਰਿਹਾ ਹੈ, ਜਿਸ ਕਰਕੇ ਆਏ ਦਿਨ ਪੰਜਾਬੀਆਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਿਹਾ ਜਾਂਦਾ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਤਾਈ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹ‌‍‌ਦੀ ਕਲਾ ਵਿੱਚ ਰਹਿਣ ਵਾਲ਼ੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉੱਥੇ ਉਹ ਉਹਨਾਂ ਯੋਧਿਆਂ ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ਼ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲ਼ੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜੀਆਂ ਲਟਕਾਂ ਨਾਲ਼ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫਲਾਂ ਦਾ ਸ਼ਿੰਗਾਰ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਮਿਰਜ਼ਾ, ਜੀਊਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ, ਸੁੰਦਰ ਸਿੰਘ ਧਾੜਵੀ ਅਤੇ ਹਰਫੂਲ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।

ਮੱਧਕਾਲੀਨ ਸਮੇਂ ਵਿੱਚ ਕਿੱਸਾ ਸਾਹਿਤ ਪੰਜਾਬੀ ਜਨ ਸਾਧਾਰਨ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਕਵੀਸ਼ਰ ਅਤੇ ਢੱਡ ਸਾਰੰਗੀ ਵਾਲ਼ੇ ਗੁਮੰਤਰੀ ਅਖਾੜੇ ਲਾ ਕੇ ਪੰਜਾਬੀ ਲੋਕ ਨਾਇਕਾਂ ਦੇ ਜੀਵਨ ਵੇਰਵਿਆਂ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਆਮ ਲੋਕਾਂ ਵਿੱਚ ਪੇਸ਼ ਕਰਕੇ ਉਹਨਾਂ ਲਈ ਮਨੋਰੰਜਨ ਹੀ ਪ੍ਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਵਿੱਚ ਭਾਈਚਾਰਕ ਅਤੇ ਸਦਾਚਾਰਕ ਕੀਮਤਾਂ ਦਾ ਸੰਚਾਰ ਵੀ ਕਰਦੇ ਸਨ। ਮੇਲੇ ਮਸ੍ਹਾਵਿਆਂ ਤੇ ਇਹ ਅਖਾੜੇ ਆਮ ਲੱਗਦੇ ਸਨ। ਲੋਕੀ ਹੁੰਮ ਹੁਮਾ ਕੇ ਇਹਨਾਂ ਕਵੀਸ਼ਰਾਂ ਅਤੇ ਗੁਮੰਤਰੀਆਂ ਦੇ ਗਾਉਣ ਸੁਣਨ ਜਾਂਦੇ ਸਨ ਪਰੰਤੂ ਅੱਜ ਕੱਲ੍ਹ ਇਹ ਅਖਾੜੇ ਲਾਉਣ ਦੀ ਪਰੰਪਰਾ ਸਮਾਪਤ ਹੋ ਗਈ ਹੈ। ਕਿੱਸੇ ਪੜ੍ਹਨ ਦਾ ਰਿਵਾਜ਼ ਵੀ ਖ਼ਤਮ ਹੋ ਗਿਆ ਹੈ। ਕਿੱਸਾ ਸਾਹਿਤ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਦੀ ਨਵੀਂ ਪੀੜ੍ਹੀ ਆਪਣੀ ਮੁਲਵਾਨ ਵਰਾਸਤ ਤੋਂ ਅਵੇਸਲੀ ਹੋ ਰਹੀ ਹੈ, ਸਮੇਂ ਦੀ ਲੋੜ ਹੈ ਕਿ ਉਹਨਾਂ ਨੂੰ ਆਪਣੀ ਵਰਾਸਤ ਨਾਲ ਜੋੜਿਆ ਜਾਵੇ। ਪੰਜਾਬ ਦੇ ਲੋਕ ਨਾਇਕ ਪੰਜਾਬ ਦੇ ਲੋਕ ਵਿਰਸੇ ਦੇ ਅਣਵਿਧ ਮੋਤੀ ਹਨ। ਇਹਨਾਂ ਦਾ ਸਮਾਜ ਵਿਗਿਆਨ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਅਤਿਅੰਤ ਜ਼ਰੂਰੀ ਹੈ।

ਪਾਠਕਾਂ ਦੀ ਜਾਣਕਾਰੀ ਲਈ ਪੁਸਤਕ ਦੀ ਅੰਤਿਕਾ ਵਿੱਚ ਇਹਨਾਂ ਕਥਾਵਾਂ ਨਾਲ ਸੰਬੰਧਿਤ ਲੋਕ ਗੀਤ, ਕਿੱਸਾਕਾਰਾਂ ਦੀ ਸੂਚੀ ਅਤੇ ਪੁਸਤਕਾਂ ਦੀ ਸੂਚੀ ਵੀ ਦਿੱਤੀ ਜਾ ਰਹੀ ਹੈ।

ਮੈਂ ਤੇਜਿੰਦਰ ਬੀਰ ਸਿੰਘ ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਉਤਸ਼ਾਹ ਸਦਕਾ ਇਹ ਪੁਸਤਕ ਪਾਠਕਾਂ ਦੇ ਰੂ-ਬਰੂ ਕਰ ਸਕਿਆਂ ਹਾਂ।

ਸੁਖਦੇਵ ਮਾਦਪੁਰੀ

ਜਨਵਰੀ 31, 2005

ਸਮਾਧੀ ਰੋਡ, ਖੰਨਾ

ਜ਼ਿਲ੍ਹਾ ਲੁਧਿਆਣਾ-141401

ਫ਼ੋਨ: 01628-224704

ਪੰਨਾ