ਪੰਨਾ:ਅਨੋਖੀ ਭੁੱਖ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਥਾਂ ਦੀ, ਵਿਆਹ ਨਹੀਂ ਕਰਾਂਦੀ?'

'ਮੇਰੀ ਮਰਜ਼ੀ।'

ਮਾਲੂਮ ਹੁੰਦਾ ਹੈ ਕਿ ਕੁਸਮਲਤਾ ਨੇ ਮੈਨੂੰ ਇਸ ਗੱਲ ਤੋਂ ਦੁਰਾਚਾਰੀ ਸਮਝ ਲਿਆ। ਉਹ ਬਹੁਤ ਗੁੱਸੇ ਹੋ ਕੇ ਬੋਲੀ, 'ਦੂਰ ਹੋ ਇਥੋਂ, ਨਹੀਂ ਤਾਂ ਝਾੜੂ ਮਾਰ ਕੇ ਦਫਾ ਕਰ ਦਿਆਂਗੀ।'

ਮੈਂ ਉੱਠ ਖਲੋਤੀ-ਦੋਹਾਂ ਅੰਨ੍ਹੀਆ ਅੱਖਾਂ ਵਿਚੋਂ ਜਲ ਧਾਰਾ ਵਗਣ ਲਗ ਪਈ, ਪਰ ਉਸ ਨੂੰ ਨਾ ਦਿਸਣ ਦਿਤਾ ਤੇ ਮੈਂ ਆਪਣਾ ਮੂੰਹ ਉਧਰੋਂ ਫੇਰ ਲਿਆ ਤੇ ਘਰ ਨੂੰ ਮੁੜ ਪਈ। ਆਪਣੇ ਮਨ ਨਾਲ ਆਪਣੀ ਨਿਰਾਦਰੀ ਹੋਣ ਦੇ ਕਾਰਨ ਸੋਚ ਹੀ ਰਹੀ ਸੀ ਕਿ ਪੌੜੀਆਂ ਵਿਚ ਕਿਸੇ ਦਾ ਖੜਾਕ ਹੋਇਆ। ਮੈਂ ਵੀ ਅਜੇ ਹੇਠਾਂ ਨਹੀਂ ਪਹੁੰਚੀ ਸਾਂ, ਇਸ ਲਈ ਪੌੜੀਆਂ ਵਿਚ ਹੀ ਬੈਠ ਗਈ।

ਅੰਨ੍ਹੇ ਪੁਰਸ਼ ਦੀ ਸ੍ਰਵਨ ਸ਼ਕਤੀ ਬੜੀ ਹੀ ਤੇਜ਼ ਹੁੰਦੀ ਹੈ, ਮੇਰੇ ਵਿਚ ਵੀ ਇਹ ਗੁਣ ਸੀ ਜੁ ਮੈਂ ਪੈਰਾਂ ਦੀ ਅਵਾਜ਼ ਤੋਂ ਹੀ ਪਛਾਣ ਲੈਂਦੀ ਸੀ ਕਿ ਕੌਣ ਆਉਂਦਾ ਹੈ। ਮੈਂ ਉਸ ਅਵਾਜ਼ ਨੂੰ ਸੁਣ ਕੇ ਤ੍ਰਬਕੀ ਤੇ ਮਨ ਨੇ ਸਾਫ਼ ਕਹਿ ਦਿਤਾ ਕਿ ਛੋਟੇ ਬਾਬੂ-ਕਿਸ਼ੋਰ ਜੀ ਆ ਰਹੇ ਹਨ। ਉਹ ਮੇਰੇ ਕੋਲ ਆ ਕੇ ਖਲੋ ਗਏ ਤੇ ਮੈਨੂੰ ਰੋਂਦੀ ਨੂੰ ਵੇਖ ਕੇ ਬੋਲੇ, 'ਕੌਣ? ਸ਼ੁਕਲਾ!'

ਉਹਨਾਂ ਦੇ ਮਨੋਹਰ ਬਚਨ ਸੁਣ ਕੇ ਮੈਂ ਆਪਣਾ ਸਾਰਾ ਦੁਖ ਭੁਲ ਗਈ। ਪਿਆਰੇ ੨ ਸ਼ਬਦ ਕੰਨਾਂ ਵਿਚ ਗੂੰਜਣ ਲਗ ਪਏ, 'ਕੌਣ! ਸ਼ੁਕਲਾ?' ਮੈਂ ਉੱਤਰ ਨਹੀਂ ਦਿਤਾ, ਅਤੇ ਇਛਾ ਹੋਈ ਕਿ ਦੋ ਤਿੰਨ ਵਾਰੀ ਹੋਰ ਬੁਲਾਵਣ ਤੇ ਮੈਂ ਉਹਨਾਂ ਦਾ ਸ਼ਬਦ ਸੁਣ ਕੇ ਮਨ ਪ੍ਰਸੰਨ ਕਰਾਂ।

ਉਹਨਾਂ ਫੇਰ ਪੁਛਿਆ,'ਸ਼ੁਕਲਾ! ਰੋਂਦੀ ਕਿਉਂ ਹੈਂ?' ਮੇਰਾ ਮਨ ਗਦ ਗਦ ਹੋ ਗਿਆ ਤੇ ਅੱਖਾਂ ਵਿਚੋਂ ਅੱਥਰੂ ਨਿਕਲ ਆਏ, ਮਨ ਵਿਚ ਆਇਆ ਜੁ ਇਕ ਵਾਰੀ ਫੇਰ ਪੁਛਣ। ਹੇ ਵਿਧਾਤਾ! ਮੈਂ ਤੇਰਾ ਕੋਟਨ ਕੋਟ ਧੰਨਵਾਦ ਕਰਦੀ ਹਾਂ, ਜੁ ਤੂੰ ਮੈਨੂੰ ਅੰਨ੍ਹੀ

੧੫.