ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਥਾਨੇਦਾਰ ਨੇ ਝਿੜਕ ਕੇ ਆਖਿਆ, 'ਸਾਨੂੰ ਕੁਝ ਪਰਵਾਹ ਨਹੀਂ, ਜੇਹੜਾ ਵਾਰਸ ਹੋਵੇਗਾ, ਉਹ ਆਪੇ ਅਦਾਲਤ ਵਿਚ ਹਾਜ਼ਰ ਹੋ ਜਾਵੇਗਾ।' ਪਾਸੋਂ ਹੀ ਕਿਸੇ ਵੈਰੀ ਨੇ ਕਹਿ ਦਿਤਾ ਜੋ ਪ੍ਰੇਮ ਚੰਦ ਪਾਸੇ ਸੋਨੇ ਦੇ ਗਹਿਣੇ ਵੀ ਸਨ ਜੋ ਉਸ ਨੇ ਮੈਨੂੰ ਦਿਤੇ ਸਨ। ਮੈਂ ਤਲਬ ਕੀਤਾ ਗਿਆ। ਪਹਿਲੇ ਤਾਂ ਨਾ ਮੰਨਿਆ ਪਰ ਜਦ ਚਾਲਾਨ ਹੋਣ ਦਾ ਭੈ ਦਿਤਾ ਗਿਆ ਤੇ ਥੋੜੀ ਜੇਹੀ ਸੇਵਾ ਵੀ ਹੋਈ ਤਾਂ ਬਕ ਹੀ ਪਿਆ ਤੇ ਗਹਿਣੇ ਜਿਉਂ ਦੇ ਤਿਉਂ ਪੁਲਸ ਦੇ ਹਵਾਲੇ ਕੀਤੇ ਅਤੇ ੫੦) ਨਕਦ ਹੋਰ ਦਛਣਾ ਦੇ ਕੇ ਛੁਟਕਾਰਾ ਕਰਾਇਆ। ਇਹ ਕਹਿਣ ਦੀ ਲੋੜ ਪ੍ਰਤੀਤ ਨਹੀਂ ਹੁੰਦੀ ਜੁ ਥਾਣੇਦਾਰ ਨੇ ਉਹ ਗਹਿਣੇ ਆਪਣੀ ਧੀ ਦੇ ਘਰ ਭੇਜ ਦਿਤੇ ਤੇ ਸ੍ਰਕਾਰੀ ਕਾਗਜ਼ਾਂ ਵਿਚ ਲਿਖ ਦਿਤਾ ਜੁ ਪ੍ਰੇਮ ਚੰਦ ਲਾਵਾਰਸ ਮੋਇਆ ਹੈ, ਤੇ ਉਸ ਦੀ ਜਾਇਦਾਦ ਇਕ ਲੋਟਾ ਤੇ ਦੋ ਟੁਟੀਆਂ ਥਾਲੀਆਂ ਹਨ, ਸੋ ਸਰਕਾਰ ਵਿਚ ਜਮ੍ਹਾਂ ਕੀਤੀਆਂ ਜਾਂਦੀਆਂ ਹਨ।

ਮੈਂ ਪ੍ਰੇਮ ਚੰਦ ਦਾ ਨਾਉਂ ਅੱਗੇ ਵੀ ਸੁਣਿਆ ਹੋਇਆ ਹੈ। 'ਏਸੇ ਪ੍ਰੇਮ ਚੰਦ ਦੇ ਇਕ ਭਰਾ ਦਾ ਨਾਉਂ ਖੇਮ ਚੰਦ ਵੀ ਹੈ?'
ਗੋਬਿੰਦ ਪੰਡਤ ਨੇ ਕਿਹਾ, 'ਹਾਂ, ਤੁਸਾਂ ਕਿਸ ਤਰ੍ਹਾਂ ਜਾਣਿਆ?' ਮੈਂ ਹੋਰ ਕੁਝ ਨਾ ਕਿਹਾ। ਕੇਵਲ ਇਹੋ ਪੁਛਿਆ, 'ਪ੍ਰੇਮ ਚੰਦ ਦੇ ਸਾਂਢੂ ਦਾ ਕੀ ਨਾਮ ਹੈ?'
'ਕਾਂਸ਼ੀ ਰਾਮ।'
ਮੈਂ-'ਤੇ ਉਨ੍ਹਾਂ ਦਾ ਘਰ ਕਿਥੇ ਹੈ?'
ਗੋਬਿੰਦ ਰਾਮ-'ਲਾਹੌਰ ਵਿਚ। ਮੈਨੂੰ ਇਹ ਯਾਦ ਨਹੀਂ ਜੁ ਕਿਸ ਮਹੱਲੇ ਵਿਚ ਹੈ।'
ਮੈਂ- 'ਕੀ ਤੁਸੀਂ ਉਸ ਕੰਨਿਆ ਦਾ ਨਾਉਂ ਜਾਣਦੇ ਹੋ?'
ਗੋਬਿੰਦ ਰਾਮ-'ਪ੍ਰੇਮ ਚੰਦ ਨੇ ਉਸ ਦਾ ਨਾਮ 'ਸ਼ੁਕਲਾ' ਰਖਿਆ ਸੀ।'
ਕੁਝ ਦਿਨ ਉਪਰੰਤ ਮੈਂ ਸਿਆਲ ਕੋਟ ਛੱਡ ਕੇ ਹੋਰ ਕਿਸੇ ਪਾਸੇ ਨੂੰ ਚਲਾ ਗਿਆ।