ਪੰਨਾ:ਅਨੋਖੀ ਭੁੱਖ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਹੱਲੇ ਵਿਚ ਰਹਿੰਦੇ ਸਾਂ, ਤੇ ਘਰ ਦੀ ਇਕ ਨੁਕਰੇ ਮੈਂ ਆਪਣੇ ਫੁਲ ਖਿਲਾਰ ਕੇ, ਉਨ੍ਹਾਂ ਦੀ ਢੇਰੀ ਬਣਾ ਕੇ ਹਾਰ ਪਰੋਇਆ ਕਰਦੀ ਸਾਂ। ਪਿਤਾ ਜੀ ਦੇ ਬਾਹਰ ਜਾਣ ਉਤੇ ਮੈਂ ਨਾਲ ਨਾਲ ਗੀਤ ਵੀ ਗਾਉਂਦੀ ਹੁੰਦੀ ਸਾਂ।

ਹੇ ਭਗਵਾਨ! ਮੈਂ ਅਜੇ ਤਕ ਨਹੀਂ ਸਮਝ ਸੱਕੀ ਜੁ ਮੈਂ ਇਸਤ੍ਰੀ ਹਾਂ ਯਾ ਪੁਰਖ ! ਅਜ ਤਕ ਵੀ ਜਿਸ ਨੇ ਨਹੀਂ ਸਮਝਿਆ ਕਿ ਮੈਂ ਕੌਣ ਹਾਂ, ਉਹ ਵੀ ਮੇਰੇ ਵਰਗੇ ਹੀ ਹੋਣਗੇ ਪਰ ਅੱਖਾਂ ਵਲੋਂ ਨਹੀਂ, ਸਗੋਂ ਅਕਲ ਵਲੋਂ ਇਸਤ੍ਰੀ ਹੋਵੇ ਯਾ ਪੁਰਸ਼, ਸਚ ਮੁਚ ਹੀ ਅੰਨ੍ਹੇ ਦੇ ਵਿਆਹ ਵਿਚ ਬੜਾ ਬਖੇੜਾ ਹੈ। ਇਸੇ ਕਾਰਨ ਕਰ ਕੇ ਮੇਰਾ ਅਜੇ ਤਕ ਵਿਆਹ ਨਹੀਂ ਸੀ ਹੋਇਆ। ਇਸ ਨੂੰ ਮੇਰੇ ਚੰਗੇ ਕਰਮਾਂ ਦਾ ਫਲ ਸਮਝੋ ਯਾ ਮੇਰਾ ਦੁਰਭਾਗ੍ਯ, ਪਰ ਅਸਲੀ ਗੱਲ ਨੂੰ ਓਹੀ ਸਮਝ ਸਕਦਾ ਹੈ ਜੇਹੜਾ ਮੇਰੇ ਵਰਗਾ ਅੰਨ੍ਹਾ ਹੀ ਹੋਵੇ।

ਤੁਸੀਂ ਸਮਝਦੇ ਹੋਵੋਗੇ ਕਿ ਮੇਰਾ ਵਿਆਹ ਹੋਇਆ ਹੀ ਨਹੀਂ? ਇਹ ਤੁਹਾਡੀ ਸਮਝ ਵਿਚ ਫ਼ਰਕ ਹੈ, ਮੈਂ ਤੁਹਾਨੂੰ ਸੁਣਾਵਾਂ? ਸੁਣੋ !

'ਸਾਡੇ ਘਰੋਂ ਚਾਰ ਪੰਜ ਮਕਾਨ ਛੱਡ ਕੇ ਸ੍ਰੀ ਮੁਰਲੀਧਰ ਦਾ ਮਕਾਨ ਹੈ। ਉਸ ਦਾ ਇਕ ਚਹੁੰ ਵਰ੍ਹਿਆਂ ਦਾ ਪੁਤਰ ਹੈ, ਜਿਸ ਦਾ ਨਾਉਂ ਕਾਹਨਚੰਦ ਹੈ। ਜਾਤ ਬਰਾਦਰੀ ਦੇ ਹੋਣ ਕਰ ਕੇ ਮੁੰਡੇ ਦਾ ਸਾਡੇ ਘਰ ਆਉਣ ਜਾਣ ਹੈ। ਇਕ ਦਿਨ ਅਸਾਡੇ ਘਰ ਅਗੋਂ ਇਕ ਜੰਞ ਲੰਘ ਰਹੀ ਸੀ ਤੇ ਸਬੱਬ ਨਾਲ ਕਾਹਨ ਚੰਦ ਵੀ ਮੇਰੇ ਪਾਸ ਹੀ ਬੈਠਾ ਸੀ, ਜੰਞ ਨੂੰ ਵੇਖ ਕੇ ਉਸ ਨੇ ਪੁਛਿਆ, 'ਇਹ ਕੀ ਏ?'

ਮੈਂ ਆਖਿਆ, 'ਇਹ ਜੰਞ ਹੈ, ਲਾੜਾ ਵਿਆਹ ਕਰਾਣ ਜਾ ਰਿਹਾ ਹੈ।'

ਕਾਹਨ ਰੋਣ ਲਗ ਪਿਆ, 'ਊਂ ਊਂ ਮੈਂ ਵੀ ਲਾੜਾ ਬਨਣਾ ਏਂਂ।' ਜਦ ਮੈਂ ਉਸ ਨੂੰ ਵਧੇਰਾ ਖਹਿੜੇ ਪਏ ਵੇਖਿਆ ਤਾਂ ਚੁਪ ਕਰਾਉਣ ਲਈ ਮਠਿਆਈ ਖਾਣ ਨੂੰ ਦਿਤੀ ਤੇ ਕਿਹਾ, 'ਤੂੰ ਮੇਰਾ ਲਾੜਾ ਹੈਂ, ਤੇ ਜੇ ਤੂੰ ਮੇਰਾ ਲਾੜਾ ਬਣਨਾ ਏਂ ਤਾਂ ਮਠਿਆਈ ਖਾ ਲੈ।'