ਚਿਤ ਵਿਆਹ ਕਰਨ ਨੂੰ ਚਾਹੁੰਦਾ ਤਾਂ ਹੈ ਪਰ ਸ਼ੁਕਲਾ ਨਾਲ ਨਹੀਂ। ਹੋਰ ਕੋਈ ਚੰਗੀ ਪਤਨੀ ਮਿਲ ਜਾਵੇ ਤਾਂ ਮੇਰੇ ਵਲੋਂ ਕੋਈ ਢਿੱਲ ਨਹੀਂ।
ਮੈਂ ਜਿਸ ਨਾਲ ਵਿਆਹ ਕਰਾਵਾਂਗਾ ਉਹ ਸ਼ੁਕਲਾ ਵਰਗੀ ਸੁੰਦਰ ਪਰ ਨੇਤ੍ਰ ਵਾਲੀ ਹੋਵੇਗੀ। ਭਾਵੇਂ ਰਾਜੇ ਯਾ ਵਜ਼ੀਰ ਦੀ ਕੰਨ੍ਯਾ ਹੋਵੇ ਤੇ ਗੁਣਾਂ ਵਿਚ ਸਰਸ੍ਵਤੀ ਦੇ ਸਮਾਨ ਹੋਵੇ। ਪਤਿਭਗਤੀ ਵਿਚ ਸਾਵਿਤ੍ਰੀ, ਚਰਿਤ੍ਰ ਵਿਚ ਲਛਮੀ, ਆਦਰ ਵਿਚ ਸਤਭਾਮਾ ਅਰ ਸਹਣਿ ਸੀਲਤਾ ਵਿਚ ਦ੍ਰੋਪਤੀ ਹੋਵੇ। ਸਵੇਰੇ ਉਠਣ ਵੇਲੇ ਪਹਿਲਾਂ ਮੈਨੂੰ ਮੱਥਾ ਟੇਕੇ, ਇਸ਼ਨਾਨ ਵੇਲੇ ਵੇਖ ਲਵੇ ਭਈ ਮੇਰਾ ਸਰੀਰ ਠੀਕ ਸਾਫ ਹੋਇਆ ਹੈ ਯਾ ਨਹੀਂ। ਉਹ ਹਮੇਸ਼ਾ ਧਿਆਨ ਰੱਖੇ ਕਿ ਰੋਟੀ ਖਾਣ ਵੇਲੇ ਮੂੰਹ ਦੀ ਥਾਂ ਕਿਤੇ ਨੱਕ ਵਿਚ ਹੀ ਨਾ ਗਰਾਹੀ ਪਾ ਲਵਾਂ ਅਥਵਾ ਚਾਹ ਪੀਣ ਵੇਲੇ ਚਾਹ ਦੇ ਪਿਆਲੇ ਵਿਚ ਚਮਚਾ ਪਾਉਣ ਦੀ ਥਾਂ ਦਵਾਤ ਵਿਚ ਹੀ ਨਾ ਪਾ ਦਿਆਂ ਅਤੇ ਲਿਖਣ ਵੇਲੇ ਕਲਮ ਨੂੰ ਦਵਾਤ ਦੇ ਭੁਲੇਖੇ ਪਾਣੀ ਦੇ ਗਲਾਸ ਵਿਚ ਨ ਡੋਬ ਦਿਆਂ! ਆਪਣੇ ਕਿਸੇ ਮਿਤ੍ਰ ਨੂੰ ਖ਼ਤ ਲਿਖਕੇ ਜੇ ਉਤੇ ਆਪਨਾ ਪਤਾ ਲਿਖ ਦੇਵਾਂ- ਤਾਂ ਉਹਨੂੰ ਠੀਕ ਕਰਨ ਵਾਸਤੇ ਵੀ ਤਿਆਰ ਰਵੇ। ਪੈਸੇ ਦੀ ਥਾਂ ਰੁਪਿਆ ਤਾਂ ਨਹੀਂ ਦੇ ਰਿਹਾ, ਇਸ ਦਾ ਵੀ ਧਿਆਨ ਰਖਣਾ ਪਵੇਗਾ। ਦੁਕਾਨਦਾਰ ਦੇ ਨਾਮ ਰੁਕਾ ਲਿਖਣ ਦੀ ਥਾਂ ਕਿਤੇ ਨੋਟ ਦੀ ਪਿੱਠ ਤੇ ਤਾਂ ਨਹੀਂ ਲਿਖ ਦਿਤਾ, ਇਹ ਵੇਖਣਾ ਵੀ ਉਸੇ ਦਾ ਹੀ ਫਰਜ਼ ਹੋਵੇਗਾ। ਮੈਂ ਦਵਾਈ ਦੀ ਥਾਂ ਤੇਲ ਨਾ ਪੀ ਜਾਵਾਂ ਅਥਵਾ ਦਵਾਈ ਨੂੰ ਸਿਰ ਤੇ ਨ ਮਲ ਲਵਾਂ- ਜੇ ਅਜੇਹੀ ਕੰਨ੍ਯਾ ਮਿਲ ਜਾਵੇ ਤਾਂ ਮੈਂ ਵਿਆਹ ਕਰਨ ਨੂੰ ਤਿਆਰ ਹਾਂ। ਪਾਠਕ ਜੀ ਹੁਣ ਤੁਸੀਂ ਵੀ ਕਿਸੇ ਅਜੇਹੀ ਕੰਨ੍ਯਾ ਦਾ ਪਤਾ ਰਖਣਾ ਤੇ ਮੇਰੇ ਵਲੋਂ ਕੋਈ ਢਿੱਲ ਨਹੀਂ ਹੋਵੇਗੀ।