ਪੰਨਾ:ਅਨੋਖੀ ਭੁੱਖ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਜਾ ਕੇ ਫੇਰ ਪ੍ਰਸ਼ਨ ਕੀਤਾ ਗਿਆ ਹੈ।

'ਤੁਹਾਡੇ ਭਰਾ ਨੇ ਤੁਹਾਨੂੰ ਅਥਵਾ ਤੁਹਾਡੀ ਇਸਤ੍ਰੀ ਨੂੰ ਅੱਗੇ ਵੀ ਕਦੀ ਕੋਈ ਗਹਿਣਾ ਦਿਤਾ ਹੈ?'

ਉੱਤਰ-ਨਹੀਂ।

ਪ੍ਰਸ਼ਨ-ਕੀ ਉਹ ਤੁਹਾਡੇ ਘਰ ਦਾ ਖਰਚ ਦੇਂਦਾ ਹੈ?

ਉੱਤਰ-ਨਹੀਂ।

ਪ੍ਰਸ਼ਨ-ਫੇਰ ਤੁਹਾਡੀ ਲੜਕੀ ਨੂੰ ਉਸ ਨੇ ਸੋਨੇ ਦੇ ਗਹਿਣੇ ਕਿਉਂ ਦਿਤੇ?

ਉੱਤਰ-'ਮੇਰੀ ਲੜਕੀ ਜਮਾਂਦਰੂ ਅੰਨ੍ਹੀ ਹੈ ਤੇ ਮੇਰੀ ਇਸਤ੍ਰੀ ਕੰਨਿਆਂ ਦੇ ਭਾਗਾਂ ਨੂੰ ਵਿਚਾਰ ਕੇ ਰੋਂਦੀ ਰਹਿੰਦੀ ਸੀ। ਇਹ ਵੇਖ ਕੇ ਉਹਦਾ ਦਿਲ ਪਰਚਾਉਣ ਲਈ ਖੇਮ ਚੰਦ ਨੇ ਆਪਣੀ ਭਤੀਜੀ ਨੂੰ ਸੋਨੇ ਦੇ ਕੜੇ ਬਣਾ ਦਿੱਤੇ ਸਨ। ਇਸਦਾ ਹੋਰ ਕਾਰਨ ਤਾਂ ਮੈਨੂੰ ਕੋਈ ਨਹੀਂ ਸੁਝਦਾ।'

ਜਮਾਂਦਰੂ ਅੰਨ੍ਹੀ, ਪੜ੍ਹ ਕੇ ਮੈਨੂੰ ਕੋਈ ਸੰਦੇਹ ਨ ਰਿਹਾ ਅਤੇ ਮੈਂ ਪੱਕੀ ਤਰਾਂ ਸਮਝ ਲਿਆ ਜੁ ਉਹ ਲੜਕੀ ਸ਼ੁਕਲਾ ਹੀ ਹੈ।

ਫੇਰ ਵੀ ਮੈਨੂੰ ਸੰਤੁਸ਼ਟ ਕਰਾਉਣ ਲਈ ਸੁੰਦਰ ਦਾਸ ਨੇ ਇਕ ਹੋਰ ਗਵਾਹੀ ਦੀ ਨਕਲ ਮੇਰੇ ਹਥ ਫੜਾ ਦਿਤੀ। ਇਹ ਨਕਲ ਕਾਂਸ਼ੀ ਰਾਮ ਦੀ ਗਵਾਹੀ ਦੀ ਸੀ। ਕੜੇ ਦੀ ਚੋਰੀ ਵੇਲੇ ਇਹ ਵੀ ਆਪਣੀ ਪਤਨੀ ਸਣੇ ਆਪਣੇ ਸਾਂਢੂ ਦੇ ਘਰ ਹੀ ਸੀ। ਇਸ ਕਾਰਨ ਅਦਾਲਤ ਵਿਚ ਵੀ ਇਹਦੀ ਦੀ ਗਵਾਹੀ ਹੋਈ ਸੀ।

ਸੁੰਦਰ ਦਾਸ ਨੇ ਕਿਹਾ-'ਇਹ ਕਾਂਸ਼ੀ ਰਾਮ ਉਹੀ ਕਾਂਸ਼ੀ ਰਾਮ ਹੈ। ਸ਼ੰਕਾ ਹੋਵੇ ਤਾਂ ਬੁਲਾਕੇ ਪੁਛ ਲਵੋ।'

ਮੈਂ ਕਿਹਾ-'ਮੈਨੂੰ ਐਵੇਂ ਹੀ ਵਿਸ਼ਵਾਸ਼ ਹੈ' ਸੁੰਦਰ ਦਾਸ ਨੇ ਹੋਰ ਵੀ ਬਹੁਤੇਰੀਆਂ ਦਲੀਲਾਂ ਦਿਤੀਆਂ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਸੀ ਕਿ ਸ਼ੁਕਲਾ ਹੀ ਸਾਰੀ ਜਾਏਦਾਦ ਦੀ ਅਧਿਕਾਰਨ ਹੈ! ਮੇਰਾ ਸਾਰਾ ਸੰਦੇਹ ਦੂਰ ਹੋ ਗਿਆ।

੪੯.