ਪੰਨਾ:ਅਨੋਖੀ ਭੁੱਖ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਨਿਆਂ ਦੇ ਫੁਲ ਲੈ ਕੇ ਦੋ ਰੁਪਈਏ ਦੇ ਦੇਂਦੀ ਹੈ। ਇਸ ਦਾ ਕਾਰਨ ਇਹੀ ਹੋਣਾ ਹੈ ਕਿ ਉਹ ਮੇਰੇ ਤੇ ਤਰਸ ਕਰਦੀ ਹੈ। ਮਾਲਾ ਲੈ ਕੇ ਪਹਿਲਾਂ ਤਾਂ ਉਹ ਗਾਲ੍ਹੀਆਂ ਕਢਦੀ ਕਿ ਮਾਲਾ ਨਿਕੰਮੀ ਹੈ ਪਰ ਪੈਸੇ ਦੇਣ ਵੇਲੇ ਖ਼ਬਰੇ ਅਧਿਆਨੀ ਦੇ ਭੁਲੇਖੇ ਰੁਪਿਆ ਦੇ ਦੇਂਦੀ ਤੇ ਮੋੜਨ ਤੇ ਵੀ ਵਾਪਸ ਨਾ ਲੈਂਦੀ ਤੇ ਸਗੋਂ ਹੋਰ ਗਾਹਲਾਂ ਕਢਦੀ। ਮੂੰਹ ਦੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੌੜੀ ਹੋਵੇ, ਪਰ ਦਾਨ ਕਰਨ ਦੇ ਹੱਕ ਵਿਚ ਸਦੀਵ ਹੀ ਤੱਤਪਰ ਰਹਿੰਦੀ ਹੈ। ਸੱਚ ਪੁਛੋ ਤਾਂ ਜੇ ਬਾਬੂ ਤ੍ਰਿਲੋਕ ਚੰਦ ਜੀ ਦਾ ਘਰ ਨਾ ਹੁੰਦਾ ਤਾਂ ਸਾਡੀ ਗੁਜ਼ਰਾਨ ਹੀ ਕਠਨ ਸੀ।

ਇਕ ਦਿਨ ਮਾਂ ਨੂੰ ਬੁਖਾਰ ਹੋ ਗਿਆ, ਪਿਤਾ ਬਾਬੂ ਤ੍ਰਿਲੋਕ ਚੰਦ ਦੇ ਘਰ ਵਿਚ ਜਾਂ ਨਹੀਂ ਸਨ ਸਕਦੇ, ਏਸ ਲਈ ਮੈਂ ਹੀ ਫੁਲ ਲੈ ਕੇ ਤੁਰ ਪਈ। ਭਾਵੇਂ ਮੈਂ ਅੰਨ੍ਹੀ ਸਾਂ ਪਰ ਸ਼ਹਿਰ ਦੀ ਹਰੇਕ ਗਲੀ ਬਜ਼ਾਰ ਵਿਚ ਫਿਰ ਆਉਂਦੀ ਸੀ ਤੇ ਮਜਾਲ ਨਹੀਂ ਜੁ ਕਿਤੇ ਗੱਡੀ ਘੋੜੇ ਦੇ ਹੇਠਾਂ ਆ ਜਾਵਾਂ। ਹਾਂ ਕਦੀ ਕਦੀ ਮੈਨੂੰ ਕਿਸੇ ਨਾ ਕਿਸੇ ਰਾਹੀ ਦਾ ਧੱਕਾ ਜ਼ਰੂਰ ਲੱਗ ਜਾਂਦਾ ਸੀ। ਜਿਸ ਦਾ ਕਾਰਨ ਇਹ ਸੀ, ਕਿ ਮੈਨੂੰ ਅੰਨ੍ਹੀ ਵੇਖ ਕੇ ਉਹ ਅੱਗੋਂ ਨਹੀਂ ਸੀ ਹਟਦਾ ਤੇ ਸਗੋਂ ਧੱਕਾ ਲੱਗਣ ਤੇ ਕਹਿੰਦਾ, 'ਵੇਖਦੀ ਨਹੀਂ ਅੰਨ੍ਹੀ ਏਂ!' ਮੈਂ ਸਮਝਦੀ ਸਾਂ ਕਿ ਅਸੀਂ ਦੋਵੇਂ ਹੀ ਅੰਨ੍ਹੇ ਹਾਂ।

ਮੈਂ ਫੁਲ ਲੈ ਕੇ ਕੁਸਮਲਤਾ ਪਾਸ ਗਈ, ਉਹ ਮੈਨੂੰ ਵੇਖਦਿਆਂ ਹੀ ਕਹਿਣ ਲੱਗੀ:-

'ਅੰਨ੍ਹੀਏਂ! ਅੱਜ ਫੇਰ ਫੁਲ ਲੈ ਕੇ ਮਰਨ ਆਈ ਹੈਂ।'

ਅੰਨ੍ਹੀ ਦਾ ਸ਼ਬਦ ਸੁਣ ਕੇ ਮੈਨੂੰ ਤਾਂ ਅੱਗ ਲਗ ਗਈ ਤੇ ਮੈਂ ਅਜਿਹਾ ਨਿਰਾਦਰ ਨਾ ਸਹਾਰ ਸਕੀ। ਤਿਆਰ ਸਾਂ ਕਿ ਉਹਨੂੰ ਕੋਈ ਸੋਹਿਲਾ ਸੁਣਾ ਦਿਆਂ ਪਰ ਪੌੜੀਆਂ ਵਿਚ ਪੈਰਾਂ ਦਾ ਖੜਾਕ ਹੋਇਆਂ ਤੇ ਆਉਣ ਵਾਲੇ ਨੇ ਕਿਹਾ-'ਇਹ ਕੌਣ ਹੈ ਭਰਜਾਈ ਜੀ!'

'ਭਰਜਾਈ' ਦਾ ਸ਼ਬਦ ਸੁਣ ਕੇ ਮੈਂ ਸਮਝ ਗਈ ਕਿ ਆਉਣ ਵਾਲਾ ਬਾਬੂ ਤ੍ਰਿਲੋਕ ਚੰਦ ਦਾ ਭਰਾ ਤੇ ਕੁਸਮਲਤਾ ਦਾ ਦਿਉਰ ਕਿਸ਼ੋਰ

੮.