ਪੰਨਾ:ਅਨੋਖੀ ਭੁੱਖ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਹੈ । ਮੈਂ ਤੈਨੂੰ ਹੀ ਪਥਰ ਦੀ ਮੂਰਤ ਸਮਝਦਾ ਸਾਂ ਤੇਰੀਆਂ ਅਖਾਂ ਨਹੀਂ ਹਨ ਅਤੇ ਇਨ੍ਹਾਂ ਵਿਚੋਂ ਅਗਨ-ਬਾਨ ਨਹੀਂ ਨਿਕਲ ਸਕਦੇ, ਇਸ ਕਾਰਨ ਤੂੰ ਸੀਤਲ ਹੈਂ ਪਰ ਫੇਰ ਵੀ ਤੂੰ ਕਿਸੇ ਨੂੰ ਜਲਾ ਰਹੀ ਹੈਂ। ਮੈਨੂੰ ਕੀ ਪਤਾ ਸੀ ਕਿ ਤੂੰ ਪਾਣੀ ਦੇ ਸਮਾਨ ਸੀਤਲ ਹੁੰਦੀ ਹੋਈ ਵੀ ਮੇਰੇ ਮਨ ਨੂੰ ਉਬਾਲਾ ਦੇਵੇਂਗੀ । ਸੰਸਾਰ ਦੇ ਲੋਕੋ ! ਕਦੀ ਠੰਡੇ ਪਾਣੀ ਵਿਚ ਵੀ ਉਬਾਲੇ ਆਏ ਹਨ ? ਪਰ ਪ੍ਰਤੱਖ ਨੂੰ ਪ੍ਰਮਾਣ ਕੀ, ਆਓ ਅਰ ਵੇਖੋ ਕਿ ਮੇਰਾ ਮਨ ਉਬਲ ਰਿਹਾ ਹੈ ਅਰ ਇਹੋ ਚਾਹੁੰਦਾ ਜੁ ਹਰ ਵੇਲੇ ਸ਼ੁਕਲਾ ਦੀ ਮੂਰਤਿ ਹੀ ਅਖੀਆਂ ਅਗੇ ਰਹੇ, ਪਰ ਇਸ ਤਰਾਂ ਕੀ ਬਣਦਾ ਹੈ ਜਿੰਨਾ ਵੇਖਦਾ ਹਾਂ ਓਨੀ ਹੀ ਵੇਖਣ ਦੀ ਇੱਛਾ ਪ੍ਰਬਲ ਹੁੰਦੀ ਹੈ ਤੇ ਅੱਖੀਆਂ ਨੂੰ ਤ੍ਰਿਪਤ ਨਹੀਂ ਆਉਂਦੀ।

ਮੈਨੂੰ ਕਿਸੇ ਦੀ ਗੱਲ ਵੀ ਚੰਗੀ ਨਹੀਂ ਲਗਦੀ ਸੀ, ਅਰ ਨਾ ਹੀ ਮੈਂ ਕਿਸੇ ਅਗੇ ਆਪਣੀ ਪੀੜਾ ਨੂੰ ਪ੍ਰਗਟ ਕਰਦਾ ਸਾਂ ਪਰ ਰਾਤ ਨੂੰ ਤਾਂ ਸੁਤਾ ਸੁਤਾ ਬੜਾਅ ਉਠਦਾ ਸਾਂ ਤੇ ਅਵਸ਼੍ਯ ਹੀ ਸ਼ੁਕਲਾ ਦਾ ਪਵਿਤ੍ਰ ਨਾਮ ਮੂੰਹੋਂ ਨਿਕਲ ਜਾਂਦਾ ਸੀ ।

ਮੈਂ ਵਿਛੌਣੇ ਤੋਂ ਉਠ ਨਹੀਂ ਸਕਦਾ ਸਾਂ, ਤੇ ਸਦਾ ਲੰਮਾ ਹੀ ਪਿਆ ਰਹਿੰਦਾ ਸਾਂ । ਸੁਤੇ ਸੁਤੇ ਪਤਾ ਨਹੀਂ ਕੀ ਕੁਝ ਵੇਖਦਾ ਰਹਿੰਦਾ ਸਾਂ । ਕਦੀ ਤਾਂ ਵੇਖਦਾ ਕਿ ਬਨ ਵਿਚ ਅਗ ਲਗ ਰਹੀ ਹੈ ਅਰ ਸ਼ੁਕਲਾ ਉਸਨੂੰ ਅੰਮ੍ਰਿਤ-ਜਲ ਛਿੜਕਕੇ ਬੁਝਾ ਰਹੀ ਹੈ। ਕਦੀ ਵੇਖਦਾ ਸ੍ਵਰਗ ਵਿਚ ਇਕ ਮਨੋਹਰ ਬ੍ਰਿਛ ਹੈ । ਉਸਦੇ ਪੱਤੇ ਪੱਤੇ ਨਾਲ ਹੀਰੇ ਮੋਤੀ ਆਦਿਕ ਲਟਕ ਰਹੇ ਹਨ ਤੇ ਹਰ ਮੋਤੀ ਵਿਚ ਸ਼ੁਕਲਾ ਦਾ ਲਸ਼ਕਾਰਾ ਹੀ ਪੈ ਰਿਹਾ ਹੈ । ਗਲ ਕੀ ਜਿਥੇ ਵੀ ਵੇਖਿਆ ਉੱਥੇ ਹੀ ਸ਼ੁਕਲਾ ਹੀ ਸ਼ੁਕਲਾ ਨਜ਼ਰ ਆਈ।

ਸ਼ੁਕਲਾ ! ਆਪਣੀਆਂ ਅੰਨ੍ਹੀਆਂ ਅਖਾਂ ਖੋਹਲ ! ਤੂੰ ਮੈਨੂੰ ਵੇਖ, ਅਰ ਮੈਂ ਤੈਨੂੰ ਵੇਖਾਂ। ਆਪਣਿਆਂ ਨੈਣਾਂ ਦੇ ਸੰਪਟ ਵਿਚ ਤੈਨੂੰ ਲੁਕਾ ਲਵਾਂ ਤੇ ਪਲਕਾਂ ਦਾ ਦਰਵਾਜ਼ਾ ਬੰਦ ਕਰਕੇ ਮੈਂ ਕਿਸੇ ਹੋਰ ਨੂੰ ਨਾ ਵੇਖਾਂ ਅਰ ਨਾ ਹੀ ਤੈਨੂੰ ਵੇਖਣ ਦਿਆਂ।

੮੦.