ਸਮੱਗਰੀ 'ਤੇ ਜਾਓ

ਪੰਨਾ:ਅਨੰਦਪੁਰੀ ਦੀ ਕਹਾਣੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕਤਾਰਾਂ ਦੀਆਂ ਕਤਾਰਾਂ ਵਿਚ ਆਉਂਦੀਆਂ ਜਾਂਦੀਆਂ ਨਜ਼ਰ ਪੈਂਦੀਆਂ ਰਹਿੰਦੀਆਂ ਹਨ। ਪਰ ਮੇਲੇ ਦੇ ਤਿੰਨ ਦਿਨ ਇਥੇ ਬੜੇ ਧਾਰਮਕ, ਸੋਸ਼ਲ (ਸਮਾਜਕ) ਤੇ ਰਾਜਸੀ ਦੀਵਾਨ ਤੇ ਕਾਨਫਰੰਸਾਂ ਹੁੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦੁਆਬਾ ਦੀਵਾਨ ਦੇ ਸਮਾਗਮਾਂ ਤੋਂ ਇਲਾਵਾ ਚੀਫ ਖਾਲਸਾ ਦੀਵਾਨ, ਮੈਣ ਦੁਆਬ ਦੀਵਾਨ, ਮਾਲਵਾ ਦੀਵਾਨ ਆਦਿਕ ਜਥਿਆਂ ਵਲੋਂ ਭੀ ਦੀਵਾਨ ਸਜਦੇ ਹਨ। ਗੁਰਦੁਆਰਾ ਸ਼ਹੀਦੀ ਬਾਗ ਅਨੰਦ ਗੜ੍ਹ ਸਾਹਿਬ ਤੋਂ ਲੈਕੇ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਪਉੜੀਆਂ ਤਕ ਤੇ ਉਥੋਂ ਸੀਸ ਗੰਜ ਸਾਹਿਬ ਤਕ ਬਜ਼ਾਰ ਲਗ ਜਾਂਦਾ ਹੈ ਅਤੇ ਮੇਲਾ ਦੇਖਣ ਵਾਲਿਆਂ ਦੀ ਬੜੀ ਰੌਣਕ ਹੁੰਦੀ ਹੈ, ਕੇਸਗੜ੍ਹ ਸਾਹਿਬ ਮੇਲੇ ਦਾ ਸੈਂਟਰ (ਕੇਂਦਰ) ਹੁੰਦਾ ਹੈ ਅਤੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ।

ਪਹਲਾਂ ਵਾਂਗੂ ਹੁਣ ਨ ਕੋਈ ਗੰਦੇ ਗੀਤ ਗਾ ਸਕਦਾ ਹੈ, ਨ ਖਰੂਦ ਕਰ ਸਕਦਾ ਹੈ। ਇਹ ਸਭ ਅਕਾਲੀ ਪ੍ਰਬੰਧ ਦਾ ਚੰਗਾ ਨਤੀਜਾ ਹੈ ਇਸ ਤੋਂ ਪਹਿਲਾਂ ਇਥੇ ਬਹੁਤ ਗੰਦ ਮੰਦ ਬਕਿਆ ਜਾਂਦਾ ਸੀ।

ਮਹੱਲੇ ਵਾਲੇ ਦਿਨ (ਪੂਰਨਮਾਸ਼ੀ ਤੋਂ ਅਗਲੇ ਰੋਜ਼ ਚੇਤ ਵਦੀ ਪਹਿਲੀ ਵਾਲੇ ਦਿਨ) ਖਾਲਸਾ ਹਾਈ ਸਕੂਲ ਅਨੰਦਪੁਰ ਸਾਹਿਬ ਦੇ ਖੁਲ੍ਹੇ ਤੇ ਘਾਹ ਵਾਲੇ ਮੈਦਾਨ ਵਿਚ ਸਵੇਰ ਵੇਲੇ ਹੀ ਹੋਲਾ ਟੂਰਨਾਮੈਂਟ ਦੇ ਫਾਈਨਲ ਮੈਚ ਹੁੰਦੇ ਹਨ ਅਤੇ ਗਤਕਾ ਅਤੇ ਤਲਵਾਰ ਦੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿਆਰਾਂ ਬਜੇ ਦੇ ਕਰੀਬ ਸੰਗਤਾਂ ਅਤੇ ਮੇਲਾ ਵੇਖਣ ਵਾਲੇ ‘ਚਰਨ ਗੰਗਾ' ਦੇ ਰੇਤਲੇ ਬੈੱਡ ਦੇ ਦੋਹੀਂ ਪਾਸੀਂ ਉਚੀਆਂ ਥਾਵਾਂ ਤੇ ਬੈਠਣਾ ਸ਼ੁਰੂ ਕਰ ਦਿੰਦੇ ਹਨ। ਚਾਰ ਵਜੇ ਦੇ ਕਰੀਬ ਪਹਿਲਾਂ ਮਿਠਾ ਸਰ ਵਾਲੇ ਨਿਹੰਗ ਸਿੰਘ ਆਪਣਾ ਨਿਸ਼ਾਨ ਸਾਹਿਬ ਤੇ ਨਗਾਰਾ ਲਿਆਉਂਦੇ ਹਨ ਅਤੇ ਇਕ ਨੀਯਤ ਥਾਂ ਤੇ ਜੋ ਖਾਲਸਾ ਹਾਈ ਸਕੂਲ ਦੇ ਪੂਰਬ ਵਲ ਇਕ ਹੋਰ ਖੱਡ ਦੇ ਕਿਨਾਰੇ ਤੇ ਹੈ ਇਕ ਪੂਲਾ ਰਖਕੇ ਉਸ ਨੂੰ ਅੱਗ ਲਾ ਦਿੰਦੇ ਹਨ। ਇਸ ਦੇ ਮਗਰੋਂ ਸ਼੍ਰੋਮਣੀ ਕਮੇਟੀ ਵਲੋਂ ਇਕ ਜਲੂਸ ਆਉਂਦਾ ਹੈ, ਇਹ ਜਲੂਸ ਗੁਰਦੁਆਰਾ ਅਨੰਦਗੜ੍ਹ, ਕੇਸਗੜ੍ਹ ਦਮਦਮਾ ਸਾਹਿਬ ਤੋਂ ਹੁੰਦ ਹੋਇਆ

[ ੩੯ ]