ਦੈਂਤ ਬੁਧੀ ਮਨੁੱਖਾਂ ਦੇ ਕਬਜ਼ੇ ਵਿਚ ਆਈ। ਪੁਰਾਣੀ ਰਵਾਇਤ ਹੈ ਕਿ ਮਾਖੋ ਤੇ ਮਾਟੋ ਦੋ ਦੈਂਤ-ਭੁਰਾ ਸਨ। ਮਾਖੋ ਨੇ ਮਾਖੋਵਾਲ ਵਸਾਇਆ ਅਤੇ ਮਾਟੋ ਨੇ ਮਟੌਰ। ਮਾਖੋਵਾਲ ਅਨੰਦਪੁਰ ਸਾਹਿਬ ਨਾਲ ਲਗਦਾ ਇਕ ਛੋਟਾ ਜਿਹਾ ਪਿੰਡ ਹੈ। ਇਹਨਾਂ ਦੈਂਤ-ਬਧੀ ਭਰਾਵਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਆਪਣੇ ਜ਼ੁਲਮ ਤੇ ਜਬਰ ਨਾਲ ਬਹੁਤ ਦੁਖੀ ਕੀਤਾ ਅਤੇ ਲੋਕੀਂ ਅਜ ਤਕ ਉਹਨਾਂ ਨੂੰ ਰਾਕਸ਼ ਅਥਵਾ ਦੈਂਤ ਨਾਵਾਂ ਨਾਲ ਯਾਦ ਕਰਦੇ ਹਨ। ਕੁਦਰਤ ਨੇ ਇਸ ਇਲਾਕੇ ਨੂੰ ਆਪਣੀਆਂ ਬਖਸ਼ਸ਼ਾਂ ਨਾਲ ਬੜੇ ਭਾਗ ਲਾਏ ਹੋਏ ਹਨ, ਪਰ ਸ਼ੋਕ! ਇਹਨਾਂ ਦੈਂਤਾਂ ਨੇ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਇਸ ਇਲਾਕੇ ਦੀ ਸੋਭਾ ਨੂੰ ਬਹੁਤ ਚਿਰ ਗ੍ਰਹਿਣ ਲਾਈ ਰਖਿਆ।
ਫੇਰ ਇਸ ਧਰਤੀ ਦੇ ਭਾਗ ਜਾਗੇ। ਨਿਰੰਕਾਰੀ ਜੋਤ ਦੀ ਮਿਹਰ ਦੀ ਨਸ਼ਰ ਹੋਈ। ਬੁੱਢਣ ਸ਼ਾਹ ਦੇ ਪ੍ਰੇਮ ਨੇ ਖਿੱਚ ਪਾਈ। ਇਕ 'ਕੋਲੀ' ਸਰਧਾਲੂ ਦੀ ਸਿਕਦੀ ਰੂਹ ਨੇ ਕਸ਼ਿਸ਼ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਤਰਾ-ਖੰਡ ਵਾਲੀ ਉਦਾਸੀ ਵਿਚ ਮਨੀ ਕਰਨ-(ਜੋ ਪਾਰਬਤੀ ਨਦੀ ਦੇ ਕਿਨਾਰੇ ਕੁਲੂ ਦੀ ਵਾਦੀ ਵਿਚ ਇਕ ਸੁੰਦਰ ਅਸਥਾਨ ਹੈ ਅਤੇ ਗਰਮ ਪਾਣੀ ਦੇ ਚਸ਼ਮਿਆਂ ਕਰਕੇ ਉਘਾ ਹੈ) ਵਲੋਂ ਪਹਾੜਾਂ ਤੋਂ ਹੇਠਾਂ ਉਤਰਦੇ ਹੋਏ ਕੀਰਤਪੁਰ ਸਾਹਿਬ ਵਾਲੇ ਅਸਥਾਨ ਤੇ ਪੁਜਕੇ ਬੁੱਢਣ ਸ਼ਾਹ ਤੇ 'ਕੋਲੀ' ਪਿਆਰੇ ਨੂੰ ਦਰਸ਼ਨ ਦੇਕੇ 'ਨਦਰੀ ਨਦਰ ਨਿਹਾਲ' ਕੀਤਾ। ਕੋਲੀ ਸਿਖ ਦੇ ਘਰ ਵਾਲੀ ਥਾਂ ਤੇ ਹੁਣ ਗੁਰਦੁਆਰਾ 'ਚਰਨ ਕੰਵਲ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੋਭਾ ਦੇ ਰਿਹਾ ਹੈ ਅਤੇ ਅਜ ਕਲ ਇਥੇ ਨਾਲ ਹੀ ਲੋਕਲ ਗੁਰਦੁਆਰਾ ਕਮੇਟੀ ਅਨੰਦਪੁਰ ਕੀਰਤਪੁਰ ਦਾ ਦਫ਼ਤਰ ਹੈ।
[੬]