ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਫ਼ੀਮ ਅਤੇ ਇਸ ਵਰਗੇ ਦੂਸਰੇ ਨਸ਼ੇ

——————————————————————————————————————————————————

ਅਫ਼ੀਮ ਮੁਢ-ਕਦੀਮਾਂ ਤੋਂ ਇਸਤੇਮਾਲ ਹੋਣ ਵਾਲੇ ਨਸ਼ਿਆਂ 'ਚੋਂ ਇੱਕ ਹੈ। ਇਸਦਾ ਇਸਤੇਮਾਲ ਨਸ਼ੇ ਤੋਂ ਇਲਾਵਾ ਦਰਦ ਨਿਵਾਰਕ ਦੇ ਤੌਰ 'ਤੇ ਅਤੇ ਹੋਰ ਬਹੁਤ ਸਾਰੇ ਰੋਗਾ ਵਿੱਚ ਵੀ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਅਫ਼ੀਮ ਗੂੜ੍ਹੇ ਭੂਰੇ ਜਾ ਕਾਲੇ-ਭੂਰੇ ਰੰਗ ਦਾ ਅਰਧ-ਠੋਸ ਪਦਾਰਥ ਹੈ ਜੋ ਇੱਕ ਆਸਾਨ ਜਿਹੀ ਵਿਧੀ ਦੁਆਰਾ ਪੋਸਤ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ। ਪੋਸਤ ਦੇ ਅਧ ਪੱਕੇ ਡੋਡਿਆ ਨੂੰ ਤਿੱਖੇ ਬਲੇਡ ਨਾਲ ਚੀਰੇ ਦੇ ਦਿੱਤੇ ਜਾਂਦੇ ਹਨ ਅਤੇ ਦੂਸਰੇ ਦਿਨ ਉਨ੍ਹਾਂ ਵਿੱਚੋਂ ਸਿੰਮਣ ਵਾਲੇ ਦੂਧੀਆ ਪਦਾਰਥ (ਪੋਸਤ ਦਾ ਦੁੱਧ) ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਇਸੇ ਪਦਾਰਥ ਨੂੰ ਸੁਕਾ ਕੇ ਅਤੇ ਕੁਝ ਸਾਧਾਰਨ ਰਸਾਇਣਿਕ ਪ੍ਰਕਿਆਵਾਂ ਵਿੱਚੋਂ ਗੁਜ਼ਾਰ ਕੇ ਅਫ਼ੀਮ ਤਿਆਰ ਕੀਤੀ ਜਾਂਦੀ ਹੈ। ਅਫੀਮ ਵਿਚਲੇ ਅਸਰ ਵਾਲੇ ਤੱਤ ਮੌਰਫ਼ੀਨ, ਕੋਡੀਨ ਅਤੇ ਪੌਪਾਵੋਰੀਨ ਹੁੰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਦਰਦ ਨਿਵਾਰਕ ਅਤੇ ਨਸ਼ੇ ਵਾਲਾ ਤੱਤ ਮੌਰਫ਼ੀਨ ਹੁੰਦਾ ਹੈ ਜਿਸਨੂੰ ਵੱਖ ਕਰ ਕੇ ਟੀਕਿਆਂ ਅਤੇ ਗੋਲੀਆਂ/ਕੈਪਸੂਲਾਂ ਦੀ ਸ਼ਕਲ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਦੋਨੋਂ ਤੱਤ ਵੀ ਅਫ਼ੀਮ 'ਚੋਂ ਵੱਖ ਕੀਤੇ ਜਾ ਸਕਦੇ ਹਨ। ਦੁੱਧ ਇਕੱਤਰ ਕਰਨ ਤੋਂ ਬਾਅਦ ਬਾਕੀ ਬਚੇ ਡੋਡਿਆਂ ਨੂੰ ਪੀਹ ਕੇ ਪੋਸਤ ਦਾ ਚੂਰਾ ਤਿਆਰ ਹੁੰਦਾ ਹੈ ਜਿਸਨੂੰ ਭੁੱਕੀ ਵੀ ਕਿਹਾ ਜਾਂਦਾ ਹੈ। ਪੋਸਤ ਦੇ ਬੀਜਾਂ ਨੂੰ ਖਸ ਖਸ ਆਖਿਆ ਜਾਂਦਾ ਹੈ। ਅਫ਼ੀਮ, ਭੁੱਕੀ ਅਤੇ ਖੁਸ ਖਸ ਵਿੱਚ ਮੋਰਫ਼ੀਨ ਦੀ ਮਾਤਰਾ ਕ੍ਰਮਵਾਰ 10 ਪ੍ਰਤੀਸ਼ਤ, 1 ਪ੍ਰਤੀਸ਼ਤ ਅਤੇ 0.1 ਪ੍ਰਤੀਸ਼ਤ ਹੁੰਦੀ ਹੈ।