ਪੰਨਾ:ਅਰਸ਼ੀ ਝਲਕਾਂ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲਗੀਧਰ, ਦਸ਼ਮੇਸ਼ ਦੀ ਓਟ ਲੈਕੇ,
ਜਿੰਦ ਮੌਤ ਦੇ ਹਥਾਂ ਵਿਚ ਝੋਕਨੀ ਏਂ।
ਲੰਗਰ ਕਰੋ ਤਿਆਰ ਪ੍ਰੇਮ ਸੇਤੀ,
ਗੱਡੀ ਅਸਾਂ ਜ਼ਰੂਰ ਹੀ ਰੋਕਨੀ ਏਂ।

ਵਕਤ ਹੋ ਗਿਆ, ਵੇਖਿਆ ਦੂਰ ਇੰਜਨ,
ਚੀਕਾਂ ਮਾਰਦਾ ਮਾਰਦਾ ਆ ਰਿਹਾ ਸੀ।
ਕਾਲ੍ਹੀ ਹਵਾ ਤੋਂ ਚਾਲ ਸੀ ਤੁਰੀ ਆਉਂਦਾ,
ਕਾਲਾ ਕਾਲ ਦਾ ਰੂਪ ਦਰਸਾ ਰਿਹਾ ਸੀ।

ਜਥੇਦਾਰ ਤਦ ਪੈ ਰਿਆ ਵਿਚ ਪਟਰੀ,
ਸਚੇ ਸਾਹਿਬ ਦੀ ਓਟ ਤਕਾ ਲੀਤੀ।
ਕਰਨਾ ਸ਼ੁਰੂ ਕੀਤਾ ਪਾਠ ਸੁਖਮਨੀ ਦਾ,
ਬਿਰਤੀ ਗੁਰੂ ਦੇ ਚਰਨ ਲਗਾ ਲੀਤੀ।
ਸਿੰਘਾਂ ਤਾਈਂ ਪ੍ਰਸ਼ਾਦਿ ਛਕਾਉਣ ਖਾਤਰ,
ਜਾਣ ਹੀਲਕੇ ਗੱਡੀ ਅਟਕਾ ਲੀਤੀ।
ਗਿਆ ਮਿਧਿਆ ਜ਼ੁਲਮ ਦੇ ਭਾਰ ਥਲੇ,
ਐਪਰ ਪੰਥ ਦੀ ਸ਼ਾਨ ਚਮਕਾ ਦਿਤੀ।

ਕਿਉਂ ਨਾ ਪੰਥ ਜਾਵੇ ਚੜ੍ਹਦੀ ਕਲਾ ਜੇਕਰ,
ਕਰਮ ਸਿੰਘ ਵਰਗਾ ਜਥੇਦਾਰ ਹੋਵੇ।
'ਚਮਕ' ਧਰਮ ਕੁਰਬਾਨੀ ਦੀ ਮੰਗ ਵੇਲੇ,
ਹਰ ਇਕ ਸਿਖ ਤਿਆਰਬਰ ਤਿਆਰ ਹੋਵੇ

੧੨੭.