ਪੰਨਾ:ਅਰਸ਼ੀ ਝਲਕਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਦ੍ਹੀ ਨਜ਼ਰ ਕੈਰੀ ਤਕ ਕੇ ਡਰ ਸੇਤੀ,
ਵਡੇ ਵਡੇ ਸਨ ਸ਼ਾਹ ਸੁਲਤਾਨ ਸਹਿਮੇਂ।
ਖੜਕੇ ਨਾਲ ਕਾਬਲ ਤੇ ਕੰਧਾਰ ਧੜਕੇ,
ਗੁਸਾ ਵੇਖ ਜੀਦ੍ਹਾ ਖੱਨੀ ਖ਼ਾਨ ਸਹਿਮੇਂ।
ਜੀਦ੍ਹੇ ਧੌਂਸੇ ਦੇ ਨਾਲ ਅਸਮਾਨ ਕੰਬੇ,
ਧੌਂਸ ਨਾਲ ਫਰੰਗੀ ਜਵਾਨ ਸਹਿਮੇਂ।
ਫ਼ਰਕਨ ਬੁਲ ਤੇ ਲਸ਼ਕਰੀਂ ਪਵੇ ਹਲ ਚਲ,
ਵੇਖ ਕਬਜ਼ੇ ਤੇ ਹੱਥ ਜਹਾਨ ਸਹਿਮੇਂ।

ਬਾਰਾਂ ਸੇਰ ਭਾਰਾ ਖੰਡਾ ਵਾਹੁਣ ਵਾਲੇ,
ਫੂਲਾ ਸਿੰਘ ਨਲੂਏ ਜੇਹੇ ਸਰਦਾਰ ਜਿਸਦੇ।
ਤੋਪਾਂ ਦਗਦੀਆਂ ਵਿਚ ਸਿਰ ਦੇਨ ਵਾਲੇ,
ਸਨ ਸਿਰਲੱਥ ਜੋਧੇ ਜਾਂ ਨਿਸ਼ਾਰ ਜਿਸਦੇ।

ਜੁੜਿਆ ਆਲ-ਦਵਾਲ ਪਰਵਾਰ ਛੱਡਕੇ,
ਵਾਗਾਂ ਵਲ ਸੁਵਰਗ ਦੇ ਮੋੜ ਚਲਿਆ।
ਖਬਰੇ ਜਿੰਦ ਨਿਮਾਣੀ ਦਾ ਕੀਹ ਬਣਨਾ,
ਜੀਵਨ ਪੰਧ ਵਿਚ ਜਿਹਨੂੰ ਵਿਛੋੜ ਚਲਿਆ।
ਸਿਰ ਤੋਂ ਹਥ ਦਲੀਪ ਦੇ ਚੁੱਕ ਲਿਆ,
ਨੌਨਿਹਾਲ ਦਾ ਹੌਸਲਾ ਤੋੜ ਚਲਿਆ।
ਗੁੰਚੇ ਓਦਰੇ ਮਾਲੀ ਨੇ ਕੰਡ ਦਿਤੀ,
ਸਿੰਘ ਰਾਜ ਦੀ ਘੰਡੀ ਮਰੋੜ ਚਲਿਆ।

ਮਜਲਿਸ ਵਿਚ ਹੁਣ ਛਿੜੇਗੀ ਵਾਰ ਮਾਰੂ,
ਹੁੰਦੇ ਨਹੀਂ ਮਲਹਾਰ ਦੇ ਰਾਗ ਰਹਿਣੇ।

੧੩.