ਪੰਨਾ:ਅਰਸ਼ੀ ਝਲਕਾਂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਗੀਧਰ, ਦਸ਼ਮੇਸ਼ ਦੀ ਓਟ ਲੈਕੇ,
ਜਿੰਦ ਮੌਤ ਦੇ ਹਥਾਂ ਵਿਚ ਝੋਕਨੀ ਏਂ ।
ਲੰਗਰ ਕਰੋ ਤਿਆਰ ਪ੍ਰੇਮ ਸੇਤੀ,
ਗੱਡੀ ਅਸਾਂ ਜ਼ਰੂਰ ਹੀ ਰੋਕਨੀ ਏਂ ।

ਵਕਤ ਹੋ ਗਿਆ, ਵੇਖਿਆ ਦੂਰ ਇੰਜਨ,
ਚੀਕਾਂ ਮਾਰਦਾ ਮਾਰਦਾ ਆ ਰਿਹਾ ਸੀ ।
ਕਾਲੀ ਹਵਾ ਤੋਂ ਚਾਲ ਸੀ ਤੁਰੀ ਆਉਂਦਾ,
ਕਾਲਾ ਕਾਲ ਦਾ ਰੂਪ ਦਰਸਾ ਰਿਹਾ ਸੀ।

ਜਥੇਦਾਰ ਤਦ ਪੈ ਰਿਆ ਵਿਚ ਪਟਰੀ,
ਸਚੇ ਸਾਹਿਬ ਦੀ ਓਟ ਤਕਾ ਲੀਤੀ ।
ਕਰਨਾ ਸ਼ੁਰੂ ਕੀਤਾ ਪਾਠ ਸੁਖਮਨੀ ਦਾ,
ਬਿਰਤੀ ਗੁਰੂ ਦੇ ਚਰਨ ਲਗਾ ਲੀਤੀ।
ਸਿੰਘਾਂ ਤਾਈਂ ਪ੍ਰਸ਼ਾਦਿ ਛਕਾਉਣ ਖਾਤਰ,
ਜਾਣ ਹੀਲਕੇ ਗੱਡੀ ਅਟਕਾ ਲੀਤੀ ।
ਗਿਆ ਮਿਧਿਆ ਜ਼ੁਲਮ ਦੇ ਭਾਰ ਥਲੇ,
ਐਪਰ ਪੰਥ ਦੀ ਸ਼ਾਨ ਚਮਕਾ ਦਿਤੀ ।

ਕਿਉਂ ਨਾ ਪੰਥ ਜਾਵੇ ਚੜ੍ਹਦੀ ਕਲਾ ਜੇਕਰ,
ਕਰਮ ਸਿੰਘ ਵਰਗਾ ਜਥੇਦਾਰ ਹੋਵੇ ।
‘ਚਮਕ’ ਧਰਮ ਕੁਰਬਾਨੀ ਦੀ ਮੰਗ ਵੇਲੇ,
ਹਰ ਇਕ ਸਿਖ ਤਿਆਰਬਰ ਤਿਆਰ ਹੋਵੇ ।

੧੨੭.