ਪੰਨਾ:ਅਰਸ਼ੀ ਝਲਕਾਂ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਟਾ ਚੜੇ ਤਾਂ ਹਿਰਦਾ ਡੋਲੇ,ਦਿਲ ਧੜਕੇ ਜੇ ਬੁਲਬੁਲ ਬੋਲੇ।
ਸੁਘੜ ਮਾਂਦਰੀ ਬਾਝ ਵਿਚਾਰੀ,ਗੁੱਤ ਨਾਗਨੀ ਵਿਸਾਂ ਘੋਲੇ।
ਵਟ ਸ਼ੇਜ ਦੇ ਛਵੀਆਂ ਜਾਪਨ,ਫਲ ਗੁਲਾਬੀ ਖਰਵੇ ਝਾਵੇਂ।
ਰੋੜੇ ਪੈ ਗਈ ਧਾਰ ਕੱਜਲ ਦੀ,ਨਿਜ ਆਉਂਦੇ ਏਹੋ ਜਹੇ ਸਾਵੇਂ।

ਦੁਨੀਆ ਰਾਜ਼ੀ ਤੇ ਮੈਂ ਰੋਗਨ,ਜਗ ਨੂੰ ਖੁਸ਼ੀਆਂ ਤੇ ਮੈਂ ਸੋਗਨ।
ਗਜਰੇ ਵਿਚ ਮੜੀਆਂ ਮੁਟਿਆਰਾਂ,ਖੁਲ੍ਹ੍ਹੇ ਵਾਲ ਗਲੇ ਮੈਂ ਜੋਗਨ।
ਛਾਵਾਂ ਦੇ ਵਿਚ ਘੂਕਨ ਤਿੰੰਞਨ,ਮੇਰਾ ਬਹਿਣ ਦੁਖਾਂ ਦੀ ਛਾਵੇਂ।
ਪੀ ਦੀ ਪਾਤੀ ਲਾ ਲਾ ਛਾਤੀ,ਤੱਤੀ ਪਈ ਮਨਾਵਾਂ ਸਾਵੇਂ।

ਰੌਲਾਂ ਤੋਂ ਪਈ ਪੁਛ ਪੁਛਾਵਾਂ,ਔਸੀਆਂ ਤਾਈਂ ਸਹੁੰਵਾਂ ਚੁਕਾਵਾਂ।
ਕਦੇ ਬਨੇਰੇ ਚੜ ਕੇ ਕੂਕਾਂ,ਉਡ ਵੇ ਕਾਵਾਂ ਚੂਰੀ ਪਾਵਾਂ।
ਦਿਲ ਨੂੰ ਕਦੇ ਦਿਲਾਸੇ ਦੇਵਾਂ,ਧੀਰਜ ਕਰ ਕਿਉਂ ਡੁਬਦਾ ਜਾਵੇਂ।
‘ਚਮਕ’ ਪੀਆ ਪ੍ਰਦੇਸ ਸਿਧਾਰੇ, ਸਾਡੇ ਭਾ ਦੇ ਕਾਹਦੇ ਸਾਵੇ।

੨੨