ਪੰਨਾ:ਅਰਸ਼ੀ ਝਲਕਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਟਾ ਚੜੇ ਤਾਂ ਹਿਰਦਾ ਡੋਲੇ, ਦਿਲ ਧੜਕੇ ਜੇ ਬਲਬੁਲ ਬੋਲੇ।
ਸੁਘੜ ਮਾਂਦਰੀ ਬਾਝ ਵਿਚਾਰੀ, ਗੁੱਤ ਨਾਗਨੀ ਵਿਸ਼ਾਂ ਘੋਲੇ।
ਵਟ ਸ਼ੇਜ ਦੇ ਛਵੀਆਂ ਜਾਪਨ, ਫੁਲ ਗੁਲਾਬੀ ਖਰਵੇ ਝਾਵੇਂ।
ਰੋੜ੍ਹੇ ਪੈ ਗਈ ਧਾਰ ਕੱਜਲ ਦੀ, ਨਿਜ ਆਉਂਦੇ ਏਹੋ ਜਹੇ ਸਾਵੇਂ।

ਦੁਨੀਆ ਰਾਜ਼ੀ ਤੇ ਮੈਂ ਰੋਗਨ, ਜਗ ਨੂੰ ਖੁਸ਼ੀਆਂ ਤੇ ਮੈਂ ਸੋਗਨ।
ਗਜਰੇ ਵਿਚ ਮੜ੍ਹੀਆਂ ਮੁਟਿਆਰਾਂ, ਖੁਲ੍ਹੇ ਵਾਲ ਗਲੇ ਮੈਂ ਜੋਗਨ।
ਛਾਵਾਂ ਦੇ ਵਿਚ ਘੂਕਨ ਤਿੰਞਨ, ਮੇਰਾ ਬਹਿਣ ਦੁਖਾਂ ਦੀ ਛਵੇਂ।
ਪੀ ਦੀ ਪਾਤੀ ਲਾ ਲਾ ਛਾਤੀ, ਤੱਤੀ ਪਈ ਮਨਾਵਾਂ ਸਾਵੇਂ।

ਰੌਲਾਂ ਤੋਂ ਪਈ ਪੁਛ ਪੁਛਾਵਾਂ, ਔਸੀਆਂ ਤਾਈਂ ਸਹੁੰਵਾਂ ਚੁਕਾਵਾਂ।
ਕਦੇ ਬਨੇਰੇ ਚੜ ਕੇ ਕੂਕਾਂ, ਉਡ ਵੇ ਕਾਵਾਂ ਚੂਰੀ ਪਾਵਾਂ।
ਦਿਲ ਨੂੰ ਕਦੇ ਦਿਲਾਸੇ ਦੇਵਾਂ, ਧੀਰਜ ਕਰ ਕਿਉਂ ਡੁਬਦਾ ਜਾਵੇਂ।
'ਚਮਕ' ਪੀਆ ਪ੍ਰਦੇਸ ਸਿਧਾਰੇ, ਸਾਡੇ ਭਾ ਦੇ ਕਾਹਦੇ ਸਾਵੇਂ।

੨੨.